'ਸੀਐੱਮ ਦਾ ਕਾਲ ਆਇਆ, ਵਿਵਾਦ ਖ਼ਤਮ ਕਰਨਾ ਚਾਹੁੰਦੇ ਹਾਂ', ਦਲੇਰ ਮਹਿੰਦੀ ਅਤੇ ਉੱਤਰਾਖੰਡ ਦੇ ਮੰਤਰੀ ਦੇ ਵਿਵਾਦ 'ਤੇ ਕੀ ਬੋਲੇ ਮੀਕਾ ਸਿੰਘ

ਮੀਕਾ ਸਿੰਘ ਅਤੇ ਦਲੇਰ ਮਹਿੰਦੀ
    • ਲੇਖਕ, ਈਸ਼ਾ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਕਈ ਹਿੱਟ ਗੀਤ ਗਾਉਣ ਵਾਲੇ ਦਲੇਰ ਮਹਿੰਦੀ ਅੱਜ ਕੱਲ੍ਹ ਵਿਵਾਦਾਂ ਵਿੱਚ ਘਿਰੇ ਹੋਏ ਹਨ। ਦਰਅਸਲ, ਉੱਤਰਾਖੰਡ ਦੇ ਇੱਕ ਜ਼ਿਲ੍ਹੇ ਵਿੱਚ ਲਾਈਵ ਸ਼ੋਅ ਦੌਰਾਨ ਮੰਤਰੀ ਸੁਬੋਧ ਉਨਿਆਲ ਉਨ੍ਹਾਂ ਉੱਤੇ ਭੜਕਦੇ ਨਜ਼ਰ ਆਏ ਸਨ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਦਲੇਰ ਮਹਿੰਦੀ ਨਸ਼ੇ ਦੀ ਹਾਲਤ ਵਿੱਚ ਗੀਤ ਗਾ ਰਹੇ ਹਨ।

ਇਨ੍ਹਾਂ ਇਲਜ਼ਾਮਾਂ ਦਾ ਖੰਡਨ ਗਾਇਕ ਦੇ ਭਰਾ ਮੀਕਾ ਸਿੰਘ ਨੇ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੈ।

ਹੁਣ ਇਸ ਮਾਮਲੇ 'ਚ ਮੀਕਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਫ਼ੋਨ ਆਇਆ ਸੀ ਅਤੇ ਹੁਣ ਉਹ ਇਸ ਵਿਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।

ਮੀਕਾ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ, "ਹੁਣ ਇਸ ਮਾਮਲੇ ਨੂੰ ਖ਼ਤਮ ਕਰਨ ਦਾ ਸਮਾਂ ਹੈ, ਖ਼ਾਸ ਕਰਕੇ ਜਦੋਂ ਮੈਨੂੰ ਉੱਤਰਾਖੰਡ ਦੇ ਸਤਿਕਾਰਯੋਗ ਮੁੱਖ ਮੰਤਰੀ ਧਾਮੀ ਸਾਬ੍ਹ ਦਾ ਖ਼ਾਸ ਫ਼ੋਨ ਆਇਆ। ਉਹ ਬਹੁਤ ਚੰਗੇ ਇਨਸਾਨ ਹਨ ਅਤੇ ਬਿਲਕੁਲ ਵੀ ਘਮੰਡ ਨਹੀਂ ਕਰਦੇ। ਉਨ੍ਹਾਂ ਨੇ ਸਾਡੇ ਨਾਲ ਬਹੁਤ ਪਿਆਰ ਅਤੇ ਚੰਗੇ ਤਰੀਕੇ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਇੱਕ ਇਨਸਾਨ ਦੇ ਗ਼ਲਤ ਹੋਣ ਦਾ ਮਤਲਬ ਇਹ ਨਹੀਂ ਕਿ ਪੂਰਾ ਉੱਤਰਾਖੰਡ ਗ਼ਲਤ ਹੈ।"

ਉਨ੍ਹਾਂ ਕਿਹਾ, "ਮੇਰੀ ਅਜੇ ਵੀ ਇੱਕ ਬੇਨਤੀ ਹੈ ਸੁਬੋਧ ਜੀ, ਜੇਕਰ ਤੁਸੀਂ ਦਲੇਰ ਜੀ ਨੂੰ ਫ਼ੋਨ ਕਰਕੇ ਮੁਆਫ਼ੀ ਮੰਗ ਲਓ, ਤਾਂ ਇਹ ਸਹੀ ਹੋਵੇਗਾ। ਤੁਸੀਂ ਉਨ੍ਹਾਂ ਦੀ ਇੱਜ਼ਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮੈਨੂੰ ਅਜੇ ਵੀ ਉਮੀਦ ਹੈ ਕਿ ਤੁਸੀਂ ਮੁਆਫ਼ੀ ਮੰਗੋਗੇ।"

ਮੀਕਾ ਨੇ ਕਿਹਾ, "ਸਾਡੇ ਮਨ ਵਿੱਚ ਕਿਸੇ ਲਈ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਅਸੀਂ ਗੁੰਡੇ ਜਾਂ ਲੜਾਈ-ਝਗੜਾ ਕਰਨ ਵਾਲੇ ਲੋਕ ਨਹੀਂ ਹਾਂ, ਜੋ ਮੁਕੱਦਮੇ ਕਰਨ ਲਈ ਘੁੰਮਦੇ ਰਹਿਣ, ਪਰ ਤੁਸੀਂ ਜੋ ਕੀਤਾ, ਉਹ ਗ਼ਲਤ ਸੀ। ਦਲੇਰ ਵੀਰ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਦੇ ਇਸ ਤਰ੍ਹਾਂ ਸ਼ਾਂਤ ਰਹਿਣ 'ਤੇ ਲੋਕਾਂ ਨੇ ਜਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ, ਉਹ ਬਹੁਤ ਸ਼ਾਨਦਾਰ ਰਹੀ।"

ਮੀਕਾ ਨੇ ਕਿਹਾ ਕਿ ਉਹ ਹਰ ਰੋਜ਼ ਦਲੇਰ ਮਹਿੰਦੀ ਨਾਲ ਗੱਲ ਕਰਦੇ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਕਾਫ਼ੀ ਬਿਹਤਰ ਹੈ।

ਹਾਲਾਂਕਿ ਮੰਤਰੀ ਸੁਬੋਧ ਉਨਿਆਲ ਵੀ ਪਹਿਲਾਂ ਇਸ ਮਾਮਲੇ ਵਿੱਚ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ, ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਗਾਇਕ ਦੀ ਸਿਹਤ ਠੀਕ ਨਹੀਂ ਸੀ ਤਾਂ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਪਰ ਕਿਸੇ ਨੂੰ ਦੱਸਿਆ ਨਹੀਂ ਗਿਆ।

ਦਲੇਰ ਮਹਿੰਦੀ ਦੇ ਹੱਕ 'ਚ ਆਏ ਬਾਲੀਵੁੱਡ ਕਲਾਕਾਰ

ਦਲੇਰ ਮਹਿੰਦੀ
ਤਸਵੀਰ ਕੈਪਸ਼ਨ, ਦਲੇਰ ਮਹਿੰਦੀ ਦਾ ਜਨਮ 1967 ਵਿੱਚ ਬਿਹਾਰ ਦੇ ਪਟਨਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ

ਇਸ ਤੋਂ ਪਹਿਲਾਂ ਮੀਕਾ ਸਿੰਘ ਨੇ ਕਿਹਾ ਸੀ ਕਿ "ਦਲੇਰ ਭਾਜੀ ਤੋਂ ਖੜ੍ਹਾ ਨਹੀਂ ਹੋਇਆ ਜਾ ਰਿਹਾ ਜਾਂ ਉਹ ਬੋਲ ਨਹੀਂ ਪਾ ਰਹੇ, ਕਿਉਂਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਵੱਡਾ ਆਪ੍ਰੇਸ਼ਨ ਹੋਇਆ ਹੈ।"

ਉਨ੍ਹਾਂ ਨੇ ਉੱਤਰਾਖੰਡ ਸਰਕਾਰ ਦੇ ਮੰਤਰੀ ਸੁਬੋਧ ਉਨਿਆਲ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਕਿਹਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ ਹਨ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਸੀ।

ਇਸ ਤੋਂ ਇਲਾਵਾ, ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਕਿਹਾ, "ਉਨ੍ਹਾਂ ਦੀ ਥੋੜ੍ਹਾ ਸਮਾਂ ਪਹਿਲਾਂ ਸਰਜਰੀ ਹੋਈ ਹੈ, ਜਿਸ ਬਾਰੇ ਲੋਕਾਂ ਨੂੰ ਨਹੀਂ ਪਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੂਜਿਆਂ ਨਾਲ ਨਰਮੀ ਨਾਲ ਬੋਲਣਾ ਚਾਹੀਦਾ ਹੈ, ਕਿਉਂਕਿ ਸਾਨੂੰ ਨਹੀਂ ਪਤਾ ਕਿ ਕੋਈ ਕਿਸ ਦਰਦ ਵਿੱਚੋਂ ਲੰਘ ਰਿਹਾ ਹੈ।"

ਸੁਬੋਧ ਉਨਿਆਲ

ਵਿਵਾਦ ਤੋਂ ਬਾਅਦ ਮੰਤਰੀ ਸੁਬੋਧ ਉਨਿਆਲ ਨੇ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ, "ਜੇਕਰ ਦਲੇਰ ਮਹਿੰਦੀ ਦੀ ਤਬੀਅਤ ਠੀਕ ਨਹੀਂ ਸੀ ਤਾਂ ਉਨ੍ਹਾਂ ਨੂੰ ਸ਼ੋਅ ਦੇ 35 ਲੱਖ ਰੁਪਏ ਵਾਪਸ ਕਰ ਦੇਣੇ ਚਾਹੀਦੇ ਸਨ ਅਤੇ ਗਾਉਣ ਲਈ ਨਹੀਂ ਆਉਣਾ ਚਾਹੀਦਾ ਸੀ।"

ਇਸ ਮਸਲੇ ਬਾਰੇ ਬੀਬੀਸੀ ਨਿਊਜ਼ ਪੰਜਾਬੀ ਨੇ ਪੰਜਾਬੀ ਗੀਤ ਅਤੇ ਫ਼ਿਲਮ ਜਗਤ ਦੇ ਸਮੀਖਿਆਕਾਰ ਤੇ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਜੇਕਰ ਦਲੇਰ ਮਹਿੰਦੀ ਦੀ ਸਿਹਤ ਖ਼ਰਾਬ ਸੀ ਤਾਂ ਉਨ੍ਹਾਂ ਨੂੰ ਸ਼ੋਅ ਨਹੀਂ ਕਰਨਾ ਚਾਹੀਦਾ ਸੀ ਅਤੇ ਪੈਸੇ ਵਾਪਸ ਕਰ ਦੇਣੇ ਚਾਹੀਦੇ ਸਨ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰੀ ਸੁਬੋਧ ਉਨਿਆਲ ਨੂੰ ਵੀ ਮਰਿਆਦਾ ਵਿੱਚ ਰਹਿ ਕੇ ਬੋਲਣਾ ਚਾਹੀਦਾ ਸੀ ਅਤੇ ਸਟੇਜ ਉੱਤੇ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ।

ਆਓ ਜਾਣਦੇ ਹਾਂ ਕਿ ਵਿਵਾਦਾਂ ਵਿੱਚ ਘਿਰੇ ਗਾਇਕ ਦਲੇਰ ਮਹਿੰਦੀ ਕਿਵੇਂ ਮਸ਼ਹੂਰ ਹੋਏ ਸਨ, ਉਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਕਿਵੇਂ ਮਿਲੀ ਅਤੇ ਇਸ ਤੋਂ ਪਹਿਲਾਂ ਕਦੋਂ-ਕਦੋਂ ਉਹ ਸਵਾਲਾਂ ਦੇ ਘੇਰੇ ਵਿੱਚ ਰਹੇ ਹਨ।

ਦਲੇਰ ਮਹਿੰਦੀ ਦਾ ਨਾਮ ਕਿਵੇਂ ਪਿਆ?

ਦਲੇਰ ਮਹਿੰਦੀ
ਤਸਵੀਰ ਕੈਪਸ਼ਨ, ਦਲੇਰ ਮਹਿੰਦੀ ਨੂੰ ਗਾਇਕੀ ਦੀ ਗੁੜ੍ਹਤੀ ਘਰੋਂ ਹੀ ਮਿਲੀ ਅਤੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਸ਼ਬਦ ਗਾਇਨ ਸਿੱਖ ਲਿਆ

ਦਲੇਰ ਮਹਿੰਦੀ ਦਾ ਜਨਮ 1967 ਵਿੱਚ ਬਿਹਾਰ ਦੇ ਪਟਨਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਪਿਤਾ ਅਜਮੇਰ ਸਿੰਘ ਚੰਦਨ ਅਤੇ ਮਾਤਾ ਬਲਵੀਰ ਕੌਰ ਨੇ ਉਨ੍ਹਾਂ ਦਾ ਨਾਮ ਡਾਕੂ ਦਲੇਰ ਸਿੰਘ ਦੇ ਕਿਰਦਾਰ ਉੱਤੇ ਰੱਖਣ ਬਾਰੇ ਸੋਚਿਆ ਸੀ।

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਲੇਰ ਮਹਿੰਦੀ ਨੇ ਦੱਸਿਆ ਸੀ, "1965 ਦੀ ਫ਼ਿਲਮ 'ਜੌਹਰ-ਮਹਿਮੂਦ ਇਨ ਗੋਆ' ਵਿੱਚ ਪ੍ਰੇਮਨਾਥ ਨੇ ਡਾਕੂ ਦਲੇਰ ਸਿੰਘ ਦਾ ਕਿਰਦਾਰ ਨਿਭਾਇਆ ਸੀ। ਉਸੇ ਤੋਂ ਉਨ੍ਹਾਂ ਦਾ ਨਾਮ ਰੱਖਿਆ ਗਿਆ।"

ਉਹ ਅੱਗੇ ਦੱਸਦੇ ਹਨ ਕਿ ਬਿਹਾਰ ਦੇ ਪਟਨਾ ਵਿੱਚ ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਚੰਦਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਦੇ ਸਨ।

ਇਸ ਕਾਰਨ ਉਹ ਸ਼ੁਰੂ ਤੋਂ ਹੀ ਗੁਰਦੁਆਰਿਆਂ ਵਿੱਚ ਰਹਿੰਦੇ ਸਨ। ਦਲੇਰ ਮਹਿੰਦੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵਾਂ ਨੇ ਸੰਗੀਤ ਦੀ ਵੱਕਾਰੀ ਡਿਗਰੀ (ਪ੍ਰਭਾਕਰ) ਹਾਸਲ ਕੀਤੀ ਸੀ।

ਸ਼ਬਦ ਕੀਰਤਨ ਤੋਂ ਹੋਈ ਸੀ ਗਾਇਕੀ ਦੀ ਸ਼ੁਰੂਆਤ

ਮੀਕਾ ਸਿੰਘ ਅਤੇ ਦਲੇਰ ਮਹਿੰਦੀ
ਤਸਵੀਰ ਕੈਪਸ਼ਨ, 1995 ਵਿੱਚ ਉਨ੍ਹਾਂ ਦੀ ਐਲਬਮ 'ਬੋਲੋ ਤਾ ਰਾ ਰਾ' ਰਿਲੀਜ਼ ਹੋਈ, ਜਿਸ ਨੇ ਉਨ੍ਹਾਂ ਨੂੰ ਵੱਡੀ ਪਛਾਣ ਦਿਵਾਈ

ਦਲੇਰ ਮਹਿੰਦੀ ਮੁਤਾਬਕ, ਸੰਗੀਤ ਦੀ ਗੁੜ੍ਹਤੀ ਉਨ੍ਹਾਂ ਨੂੰ ਘਰੋਂ ਹੀ ਮਿਲੀ। ਉਨ੍ਹਾਂ ਦੇ ਪਿਤਾ ਸ਼ਬਦ ਕੀਰਤਨ ਕਰਿਆ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਵੀ ਛੋਟੀ ਉਮਰ ਵਿੱਚ ਹੀ ਸ਼ਬਦ ਗਾਇਨ ਸਿੱਖ ਲਿਆ।

ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਗਾਇਕੀ ਦੇ ਹੋਰ ਗੁਰ ਸਿੱਖਣ ਲਈ ਉਹ ਆਪਣੇ ਘਰੋਂ ਭੱਜ ਕੇ ਗੋਰਖਪੁਰ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਉਸਤਾਦ ਰਾਹਤ ਅਲੀ ਖ਼ਾਨ ਤੋਂ ਤਾਲੀਮ ਲਈ।

ਉਨ੍ਹਾਂ ਦੱਸਿਆ, "ਮੁੰਬਈ ਵਿੱਚ ਚੂਨਾ ਭੱਟੀ ਗੁਰਦੁਆਰਾ ਸਾਹਿਬ ਵਿਖੇ ਮੈਂ ਤਬਲਾਵਾਦਕ ਰਿਹਾ, ਜਿੱਥੇ ਮੈਨੂੰ 150 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ।"

ਦਲੇਰ ਮਹਿੰਦੀ ਮੁਤਾਬਕ, ਉਨ੍ਹਾਂ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਤਬਲਾਵਾਦਕ ਸਨ। 1982 ਵਿੱਚ ਉਹ ਆਪਣੇ ਗਰੁੱਪ ਨਾਲ ਕੀਰਤਨ ਲਈ ਅਮਰੀਕਾ ਚਲੇ ਗਏ ਅਤੇ 1986 ਵਿੱਚ ਉਨ੍ਹਾਂ ਨੇ ਦਲੇਰ ਮਹਿੰਦੀ ਨੂੰ ਵੀ ਅਮਰੀਕਾ ਬੁਲਾ ਲਿਆ।

ਅਮਰੀਕਾ ਦੇ ਬਰਕਲੇ ਸ਼ਹਿਰ ਵਿੱਚ ਦਲੇਰ ਮਹਿੰਦੀ ਨੇ ਕਈ ਸਾਲ ਟੈਕਸੀ ਚਲਾਉਣ ਦਾ ਕੰਮ ਕੀਤਾ, ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਪਣਾ ਨਾਮ ਬਣਾਉਣ ਦਾ ਸ਼ੌਕ ਸੀ। ਇਹੀ ਕਾਰਨ ਸੀ ਕਿ ਉਹ 1991 ਵਿੱਚ ਅਮਰੀਕਾ ਤੋਂ ਭਾਰਤ ਵਾਪਸ ਆ ਗਏ।

ਜਦੋਂ ਖ਼ੁਦ ਅਮਿਤਾਭ ਬੱਚਨ ਨੇ ਫ਼ੋਨ ਕਰਕੇ ਮੁੰਬਈ ਬੁਲਾਇਆ

ਦਲੇਰ ਮਹਿੰਦੀ
ਤਸਵੀਰ ਕੈਪਸ਼ਨ, ਦਲੇਰ ਮਹਿੰਦੀ ਨੇ ਪੰਜਾਬੀ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਹਿੱਟ ਗੀਤ ਗਾਏ

ਦਲੇਰ ਮਹਿੰਦੀ ਮੁਤਾਬਕ, ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਦੇ ਘਰ ਸ਼ੋਅ ਕਰਨ ਦਾ ਮੌਕਾ ਮਿਲਿਆ ਸੀ ਅਤੇ ਇਸ ਲਈ ਉਨ੍ਹਾਂ ਨੂੰ 300 ਰੁਪਏ ਦੀ ਅਦਾਇਗੀ ਕੀਤੀ ਗਈ ਸੀ।

ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਆਪਣੇ ‘ਗੌਡਫਾਦਰ’ ਏਜੇ ਜਸਪਾਲ ਸਿੰਘ ਨਾਲ ਹੋਈ।

ਦਲੇਰ ਕਹਿੰਦੇ ਹਨ, "ਜਸਪਾਲ ਜੀ ਨੇ ਇੱਕ ਮਹੀਨੇ ਵਿੱਚ ਮੈਨੂੰ 15 ਸ਼ੋਅ ਦਿੱਤੇ ਅਤੇ ਹਰ ਸ਼ੋਅ ਲਈ 3 ਹਜ਼ਾਰ ਰੁਪਏ ਦਿੱਤੇ। ਇਹ ਸਾਰੇ ਸ਼ੋਅ ਸਫ਼ਲ ਰਹੇ ਅਤੇ ਸਾਰੇ ਸ਼ੋਅ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ 3 ਲੱਖ ਰੁਪਏ ਦਿੱਤੇ।"

"ਕਰੀਬ ਇੱਕ ਸਾਲ ਦੌਰਾਨ ਮੇਰੇ ਇੱਕ ਸ਼ੋਅ ਦੀ ਬੁਕਿੰਗ 150 ਰੁਪਏ ਤੋਂ ਵਧ ਕੇ 50 ਹਜ਼ਾਰ ਰੁਪਏ ਤੱਕ ਪਹੁੰਚ ਗਈ। ਕਈ ਸਾਲਾਂ ਤੱਕ ਮੇਰੀ ਬੁਕਿੰਗ ਫੁੱਲ ਰਹੀ।"

1995 ਵਿੱਚ ਮੈਗਨਾਸਾਊਂਡ ਮਿਊਜ਼ਿਕ ਕੰਪਨੀ ਨੇ ਉਨ੍ਹਾਂ ਨਾਲ ਤਿੰਨ ਐਲਬਮਾਂ ਦਾ ਇਕਰਾਰਨਾਮਾ ਕੀਤਾ। 'ਬੋਲੋ ਤਾ ਰਾ ਰਾ' ਉਸੇ ਇਕਰਾਰਨਾਮੇ ਤਹਿਤ ਉਨ੍ਹਾਂ ਦੀ ਪਹਿਲੀ ਐਲਬਮ ਸੀ।

'ਬੋਲੋ ਤਾ ਰਾ ਰਾ' ਐਲਬਮ ਕਾਫ਼ੀ ਹਿੱਟ ਹੋਈ ਅਤੇ ਇਸ ਦੀਆਂ ਦੋ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ।

ਦਲੇਰ ਮਹਿੰਦੀ ਨੇ ਇੰਟਰਵਿਊ ਦੌਰਾਨ ਕਿਹਾ, "ਕਰੀਬ ਛੇ ਮਹੀਨਿਆਂ ਬਾਅਦ ਮੈਨੂੰ ਅਮਿਤਾਭ ਬੱਚਨ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਪੁੱਛਿਆ ਕਿ ਕੀ ਮੈਂ ਉਨ੍ਹਾਂ ਨਾਲ ਕੰਮ ਕਰਾਂਗਾ।"

"ਮੈਂ ਹਾਂ ਕਹਿ ਦਿੱਤੀ ਅਤੇ ਮੁੰਬਈ ਆ ਗਿਆ। ਮੈਂ ਉਨ੍ਹਾਂ ਨਾਲ ਪਹਿਲਾ ਗੀਤ 'ਨਾ-ਨਾ ਨਾ ਰੇ' ਗਾਇਆ। ਮਹਿਬੂਬ ਸਟੂਡੀਓ ਵਿੱਚ ਕਰੀਬ ਸੱਤ ਦਿਨ ਇਸ ਗਾਣੇ ਦੀ ਸ਼ੂਟਿੰਗ ਚੱਲੀ।"

ਦਲੇਰ ਮਹਿੰਦੀ ਨੇ ਪੰਜਾਬੀ, ਹਿੰਦੀ ਅਤੇ ਇਸ ਤੋਂ ਇਲਾਵਾ ਤਾਮਿਲ ਤੇ ਤੇਲਗੂ ਵਿੱਚ ਵੀ ਕਈ ਹਿੱਟ ਗੀਤ ਗਾਏ। ਦਲੇਰ ਮਹਿੰਦੀ ਕਹਿੰਦੇ ਹਨ ਕਿ ਉਹ ਗ਼ਜ਼ਲ, ਕਵਾਲੀ, ਧਾਰਮਿਕ ਗੀਤ ਅਤੇ ਫ਼ਿਲਮੀ ਗੀਤ ਵੀ ਬੜੀ ਆਸਾਨੀ ਨਾਲ ਗਾ ਸਕਦੇ ਹਨ।

ਰਾਜਨੀਤੀ ਵਿੱਚ ਵੀ ਅਜ਼ਮਾ ਚੁੱਕੇ ਹਨ ਹੱਥ

ਦਲੇਰ ਮਹਿੰਦੀ
ਤਸਵੀਰ ਕੈਪਸ਼ਨ, 2018 ਵਿੱਚ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ

ਸਾਲ 2013 ਵਿੱਚ ਦਲੇਰ ਮਹਿੰਦੀ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ। ਹਾਲਾਂਕਿ, ਸਾਲ 2019 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਹੰਸ ਰਾਜ ਹੰਸ ਲਈ ਚੋਣ ਪ੍ਰਚਾਰ ਕੀਤਾ।

2021 ਵਿੱਚ ਬੀਬੀਸੀ ਨਾਲ ਗੱਲਬਾਤ ਦੌਰਾਨ ਦਲੇਰ ਮਹਿੰਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਸ਼ੂ-ਪਾਲਣ ਦਾ ਸ਼ੌਕ ਹੈ।

ਉਨ੍ਹਾਂ ਕੋਲ ਕਰੀਬ 70 ਬੱਕਰੀਆਂ ਅਤੇ ਦੇਸੀ ਗਾਵਾਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਕਰੀਬ 113 ਏਕੜ ਜ਼ਮੀਨ ਹੈ, ਜਿੱਥੇ ਉਹ ਜੈਵਿਕ ਖੇਤੀ ਕਰਦੇ ਹਨ।

ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ

2003 ਵਿੱਚ ਦਰਜ ਹੋਈ ਸ਼ਿਕਾਇਤ ਤੋਂ ਬਾਅਦ, ਸਾਲ 2018 ਵਿੱਚ ਕਬੂਤਰਬਾਜ਼ੀ ਦੇ ਇੱਕ ਮਾਮਲੇ ਵਿੱਚ ਪਟਿਆਲਾ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਦੋ ਸਾਲ ਦੀ ਸਜ਼ਾ ਸੁਣਾਈ ਸੀ।

ਜੁਲਾਈ 2022 ਵਿੱਚ ਪਟਿਆਲਾ ਅਦਾਲਤ ਨੇ ਉਨ੍ਹਾਂ ਦੀ ਸਜ਼ਾ ਬਰਕਰਾਰ ਰੱਖੀ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ, ਸਤੰਬਰ 2022 ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)