ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।

ਮੈਨੂੰ ਮੁੱਖ ਵੈੱਬਸਾਈਟ 'ਤੇ ਲੈ ਜਾਓ

ਖੇਤੀ ਬਿਲ ਖਿਲਾਫ਼ ਕਿਸਾਨ ਨੌਜਵਾਨ, ਕਲਾਕਾਰ, ਦੁਕਾਨਦਾਰ ਸੜਕਾਂ ’ਤੇ ਉਤਰੇ, ਪੂਰੇ ਸੂਬੇ ਦਾ ਹਾਲ ਜਾਣੋ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਕਿਸਾਨ ਜੱਥੇਬੰਦੀਆਂ ਦੇ ਸਮਰਥਨ ਵਿੱਚ ਸਿਆਸੀ ਆਗੂ ਤੇ ਕਈ ਕਲਾਕਾਰ ਵੀ ਸੜਕਾਂ 'ਤੇ ਉੱਤਰੇ ਹਨ।

ਲਾਈਵ ਕਵਰੇਜ

  1. ਅਸੀਂ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਦੀ ਅਪਡੇਟ ਲਈ ਬਣਾਏ ਬੀਬੀਸੀ ਪੰਜਾਬੀ ਦੇ LIVE ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ ਦੇਸ-ਵਿਦੇਸ਼ ਦੀਆਂ ਖ਼ਬਰਾਂ ਲਈ ਬੀਬੀਸੀ ਪੰਜਾਬੀ ਨਾਲ ਜੁੜੋ

  2. ਖੇਤੀ ਬਿੱਲਾਂ ਦਾ ਵਿਰੋਧ: ਸੜਕਾਂ ’ਤੇ ਉਤਰੇ ਕਿਸਾਨ, ਕਈ ਸੂਬਿਆਂ ’ਚ ਚੱਕਾ ਜਾਮ

    ਸੰਸਦ ਦੇ ਦੋਵਾਂ ਸਦਨਾਂ ’ਚ ਪਾਸ ਖੇਤੀ ਬਿੱਲਾਂ ਖ਼ਿਲਾਫ਼ ਅੱਜ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਵਿੱਚ ਚੱਕਾ ਜਾਮ ਕੀਤਾ।

    ਪੰਜਾਬ ਦੇ ਕਿਸਾਨਾਂ ਨੇ ਤਾਂ ਵੀਰਵਾਰ ਤੋਂ ਹੀ ਤਿੰਨ ਦਿਨ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ, ਪਰ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

    ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਲਾਵਾ ਕਈ ਕਲਾਕਾਰਾਂ ਅਤੇ ਖਿਡਾਰੀਆਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ।

    ਦਿੱਲੀ ਬਾਰਡਰ ’ਤੇ ਕਿਸਾਨ ਯੂਨੀਅਨ ਨੇ ਦਿੱਲੀ-ਨੋਇਡਾ ਸੀਮਾ ’ਤੇ ਧਰਨਾ ਦਿੱਤਾ ਅਤੇ ਸੜਕਾਂ ਜਾਮ ਕੀਤੀਆਂ।

    ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਫੈਜ਼ਬਾਦ, ਬਾਰਾਬੰਕੀ ’ਚ ਕਿਸਾਨਾਂ ਨੇ ਹਾਈਵੇ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਰਾਲੀ ਸਾੜ ਕੇ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਰੇਬਾਜੀ ਕਰਕੇ ਬਿੱਲਾਂ ਦਾ ਵਿਰੋਧ ਕੀਤਾ।

  3. ਸ਼ਾਇਦ ਹੁਣ ਭਾਰਤੀ ਜਨਤਾ ਪਾਰਟੀ ਨੂੰ ਗ਼ਲਤੀ ਦਾ ਅਹਿਸਾਸ ਹੋਵੇਗਾ: ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਜ਼ਾਹਰ ਕੀਤੀ ਹੈ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਮਹਾਮਾਰੀ ਅਤੇ ਗਰਮੀ ਦੇ ਦੌਰ ਵਿੱਚ ਅੰਦੋਲਨਕਾਰੀ ਕਿਸਾਨਾਂ ਦਾ ਦਰਦ ਸਰਕਾਰ ਤੱਕ ਪਹੁੰਚੇਗਾ।

    ਉਹ ਖੇਤੀਬਾੜੀ ਖੇਤਰ ਨੂੰ ਵਿਸਾਰ ਕੇ ਜਿਸ ਤਬਾਹੀ ਦੇ ਪਾਉਣ ’ਤੇ ਤੁਲੀ ਹੈ, ਉਸ ਤੋਂ ਗੁਰੇਜ਼ ਕਰੇਗੀ।

    ਮੁੱਖ ਮੰਤਰੀ ਨੇ ਕਿਸਾਨਾਂ ਦੀ ਹਾਲਤ ਦੇ ਚਿੰਤਾ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬੁਰੀ ਮਾਨਸਿਕਤਾ ਨਾਲ ਤਿਆਰ ਕੀਤੇ ਗੈਰ ਸੰਵਿਧਾਨਕ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਹੈ।

    ਇਸ ਕਾਰਨ ਉਹ ਕੋਵਿਡ-19 ਵਰਗੀ ਮਹਾਮਾਰੀ ਦੌਰਾਨ ਵੀ ਸੜਕਾਂ ਉੱਤੇ ਆ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿੱਚ ਪਾਉਣ ਉਤੇ ਮਜਬੂਰ ਹੋ ਗਏ ਹਨ।

    ਉਨ੍ਹਾਂ ਨੇ ਆਸ ਜਤਾਈ, “ਸ਼ਾਇਦ ਪੰਜਾਬ ਅਤੇ ਕਈ ਹੋਰਨਾਂ ਸੂਬਿਆਂ ਵਿੱਚ ਸੈਂਕੜੇ ਹੀ ਸਥਾਨਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮਾੜੀ ਹਾਲਤ ਵੇਖ ਕੇ ਕੇਂਦਰ ਸਰਕਾਰ ਦਾ ਦਿਲ ਪਿਘਲ ਜਾਵੇ।”

  4. ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ 'ਤੇ ਕਿੱਥੇ ਦਾਗੇ ਗਏ ਹੰਝੂ ਗੈਸ ਦੇ ਗੋਲੇ

    ਖੇਤੀ ਬਿੱਲਾਂ ਖਿਲਾਫ਼ ਹਰਿਆਣਾ ’ਚ ਵੀ ਕਿਸਾਨਾਂ ਦਾ ਤਿੱਖਾ ਪ੍ਰਦਰਸ਼ਨ ਹੋਇਆ ਹੈ। ਸਿਰਸਾ, ਕੈਥਲ, ਯਮੁਨਾਨਗਰ, ਜੀਂਦ, ਰੋਹਤਕ ਕਰਨਾਲ ਵਿੱਚ ਮੁਜ਼ਾਹਰੇ ਹੋਏ। ਚਰਖੀ ਦਾਦਰੀ ’ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਹੰਝੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੇ ਰੇਲਵੇ ਟਰੈਕ ਉੱਤੇ ਵੀ ਧਰਨੇ ਦਿੱਤੇ। (ਰਿਪੋਰਟ- ਸਤ ਸਿੰਘ, ਪ੍ਰਭੂ ਦਿਆਲ)

  5. ਖੇਤੀ ਬਿੱਲਾਂ ਖ਼ਿਲਾਫ਼ ਸੜਕਾਂ 'ਤੇ ਉਤਰੇ ਸੁਖਬੀਰ ਬਾਦਲ, ਪੀਐੱਮ ਮੋਦੀ ਨੂੰ ਲਿਆ ਨਿਸ਼ਾਨੇ 'ਤੇ

    ਕਿਸਾਨਾਂ ਦੀ ਹਮਾਇਤ ’ਚ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਲੰਬੀ ’ਚ ਟਰੈਕਟਰ ਮਾਰਚ ਕੱਢਿਆ।

    ਖੇਤੀ ਬਿੱਲ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ’ਤੇ ਨਿਸ਼ਾਨਾ ਲਗਾਇਆ।

    ਓਧਰ ਕੱਥੂਨੰਗਲ ’ਚ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਦੇ ਹੱਕ ’ਚ ਕੀਤੀ ਰੈਲੀ।

    ਰਿਪੋਰਟ- ਰਵਿੰਦਰ ਰੌਬਿਨ ਐਡਿਟ- ਰਾਜਨ ਪਪਨੇਜਾ

  6. ਹਰਭਜਨ ਮਾਨ, ਦੀਪ ਸਿੱਧੂ, ਤਰਸੇਮ ਜੱਸੜ ਕਿੱਥੇ-ਕਿੱਥੇ ਕਿਸਾਨਾਂ ਦੇ ਹੱਕ ’ਚ ਨਿੱਤਰੇ

    ਨਾਭਾ, ਬਰਨਾਲਾ ਅਤੇ ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਦੇ ਹੱਕ ਵਿੱਚ ਸੜਕਾਂ 'ਤੇ ਉਤਰੇ ਕਲਾਕਾਰ ਅਤੇ ਗਾਇਕ ਕੀ ਕਹਿੰਦੇ?

  7. ਖੇਤੀਬਾੜੀ ਬਿੱਲ: ਨਵੇਂ ਕਾਨੂੰਨ ਨਾਲ ਖੇਤੀ 'ਤੇ ਕੀ ਅਸਰ ਪਵੇਗਾ

    ਖੇਤੀਬਾੜੀ ਬਿੱਲ ਬਾਰੇ ਕਿਸਾਨਾਂ ਦੇ ਖਦਸ਼ਿਆਂ 'ਤੇ ਸਰਕਾਰ ਦੇ ਦਾਅਵਿਆਂ ਵਿਚਾਲੇ ਇਨ੍ਹਾਂ ਬਿੱਲਾਂ ਦੇ ਅਸਰ ਤੇ ਕਿਸਾਨਾਂ ਦੇ ਰੋਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਖੇਤੀ ਸਨਅਤ ਦੇ ਮਾਹਿਰ ਦਵਿੰਦਰ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  8. ਖੇਤੀ ਬਿੱਲ ਦਾ ਵਿਰੋਧ: ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ ਟਰੈਕਟਰ ਰੈਲੀ

    ਖੇਤੀ ਬਿੱਲ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਦੇ ਅੰਦੋਲਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਲੰਬੀ ਹਲਕੇ ਵਿੱਚ ਟਰੈਕਟਰ ਰੈਲੀ ਵਿੱਚ ਹਿੱਸਾ ਲਿਆ।

  9. ਹਰਿਆਣਾ ’ਚ ਕਿਸਾਨਾਂ ਤੇ ਟੀਚਰਾਂ ’ਤੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ

    ਕਿਸਾਨ ਅਤੇ ਪੀਟੀਆਈ ਅਧਿਆਪਕ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਪੀਡਬਲਿਊਡੀ ਦੇ ਰੈਸਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ, ਜਿੱਥੇ ਅੱਜ ਉੱਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਨੇ ਪਹੁੰਚਣਾ ਸੀ।

    ਬੀਬੀਸੀ ਪੰਜਾਬੀ ਲਈ ਸਤ ਸਿੰਘ ਅਨੁਸਾਰ ਪ੍ਰਦਰਸ਼ਨਕਾਰੀ ਨਾਰੇ ਲਗਾ ਰਹੇ ਸਨ ਅਤੇ ਰਸਤੇ ਨੂੰ ਰੋਕ ਕੇ ਖੜ੍ਹੇ ਸਨ ਅਤੇ ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਤਿੱਤਰ-ਬਿੱਤਰ ਕਰਨ ਲਈ ਲਾਠੀ ਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ।

  10. ਖੇਤੀ ਬਿੱਲਾਂ ਦਾ ਵਿਰੋਧ: ਕਿਤੇ ਮੱਝਾਂ ਤੇ ਚੜ੍ਹੇ ਲੋਕ ਤਾਂ ਕਿਤੇ ਹੋਈ ਹਿੰਸਕ ਝੜਪ

    ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ। ਤਿੱਖਾ ਵਿਰੋਧ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਹੋ ਰਿਹਾ ਹੈ। ਇਸ ਤੋਂ ਇਲਾਵਾ ਬਿਹਾਰ ਤੋਂ ਵੀ ਕੁਝ ਤਸਵੀਰਾਂ ਹਨ ਜਿੱਥੇ ਪ੍ਰਦਰਸ਼ਨਕਾਰੀਆਂ ਨਾਲ ਭਾਜਪਾ ਕਾਰਕੁਨਾਂ ਦੀ ਝੜਪ ਹੋਈ ਹੈ ਅਤੇ ਦਰਭੰਗਾ ਵਿੱਚ ਮੱਝਾਂ ਨਾਲ ਪ੍ਰਦਰਸ਼ਨ ਕੀਤਾ ਗਿਆ।

  11. ਖੇਤੀ ਬਿੱਲਾਂ ਦਾ ਵਿਰੋਧ: ਸਿਰਸਾ ’ਚ ਮੰਡੀ ਮਜ਼ਦੂਰਾਂ ਤੇ ਆੜ੍ਹਤੀਆਂ ਨੇ ਰੋਸ ਮੁਜ਼ਾਹਰਾ ਕੀਤਾ

    ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਖੇਤੀਬਾੜੀ ਬਿੱਲਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

    ਬੀਬੀਸੀ ਪੰਜਾਬੀ ਲਈ ਪ੍ਰਭੂ ਦਿਆਲ ਅਨੁਸਾਰ ਸਿਰਸਾ ਵਿੱਚ ਮੰਡੀ ਮਜ਼ਦੂਰਾਂ ਨੇ ਵੀ ਕਿਸਾਨਾਂ ਤੇ ਆੜ੍ਹਤੀਆਂ ਦਾ ਸਾਥ ਦਿੰਦੇ ਹੋਏ ਬੰਦ ’ਚ ਸ਼ਿਰਕਤ ਕੀਤੀ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਹਨ।

    ਸਰਵ ਕਰਮਚਾਰੀ ਸੰਘ ਨਾਲ ਜੁੜੇ ਕਰਮਚਾਰੀਆਂ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ।

  12. ਖੇਤੀਬਾੜੀ ਬਿੱਲ: ਨਵੇਂ ਕਾਨੂੰਨ ਆਉਣ ਤੋਂ ਬਾਅਦ ਖੇਤੀ 'ਤੇ ਕੀ ਅਸਰ ਪਵੇਗਾ

    ਖੇਤੀਬਾੜੀ ਬਿੱਲ ਬਾਰੇ ਕਿਸਾਨਾਂ ਦੇ ਖਦਸ਼ਿਆਂ 'ਤੇ ਸਰਕਾਰ ਦੇ ਦਾਅਵਿਆਂ ਵਿਚਾਲੇ ਇਨ੍ਹਾਂ ਬਿੱਲਾਂ ਦੇ ਅਸਰ ਤੇ ਕਿਸਾਨਾਂ ਦੇ ਰੋਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਖੇਤੀ ਸਨਅਤ ਦੇ ਮਾਹਿਰ ਦਵਿੰਦਰ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

  13. ਖੇਤੀ ਬਿੱਲ ਦੇ ਵਿਰੋਧ ‘ਚ ਤਮਿਲਨਾਡੂ ਵਿੱਚ ਕਿਸਾਨਾਂ ਦਾ ਅਨੋਖਾ ਪ੍ਰਦਰਸ਼ਨ

    ਤਮਿਲ ਨਾਡੂ ਦੇ ਟ੍ਰਿਚੀ ਇਲਾਕੇ ‘ਚ ਕਿਸਾਨਾਂ ਵੱਲੋਂ ਅਨੋਖੇ ਢੰਗ ਨਾਲ ਰੋਸ-ਪ੍ਰਦਰਸ਼ਨ ਕੀਤਾ ਗਿਆ।

    ਕਿਸਾਨ ਹੱਥ ‘ਚ ਖੋਪੜੀਆਂ ਲੈ ਕੇ, ਹੱਥਾਂ ਨੂੰ ਜੰਜੀਰਾਂ ਨਾਲ ਬਣ ਕੇ ਖ਼ੇਤੀ ਕਾਨੂੰਨ ਵਿਰੁੱਧ ਰੋਸ ਜਤਾਉਂਦੇ ਨਜ਼ਰ ਆਏ।

  14. ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ 'ਤੇ ਪਰ ਸਿਆਸਤਦਾਨ ਜ਼ਮੀਨ ਤਲਾਸ਼ ਰਹੇ

    ਪੰਜਾਬ ਦੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਸਕੇ ਹੋਣ ਦੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਿੱਜੀ ਮੁਫ਼ਾਦ ਕੀ ਹਨ।

    ਕਿਸਾਨ ਅੰਦੋਲਨ ਵਿੱਚ ਸਿਆਸੀ ਧਿਰਾਂ ਦੇ ਆਪੋ-ਆਪਣੇ ਦਾਅ ਹਨ। ਜੇ ਉਹ ਇੱਥੇ ਨਜ਼ਰ ਨਾ ਆਈਆਂ ਤਾਂ ਸ਼ਾਇਦ ਸਿਆਸੀ ਪਿੜ ਵਿੱਚੋਂ ਵੀ ਬਾਹਰ ਹੋ ਜਾਣਗੀਆਂ।

    ਰਿਪੋਰਟ -ਅਰਵਿੰਦ ਛਾਬੜਾ, ਐਡਿਟ - ਗੁਲਸ਼ਨ ਕੁਮਾਰ

  15. ਮੈਂ ਕਿਸਾਨਾਂ ਦਾ ਦਰਦ ਸਮਝਦਾ ਹਾਂ: ਹਰਭਜਨ ਸਿੰਘ

    ਭਾਰਤੀ ਕ੍ਰਿਕਟ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਪੋਸਟ ਕਰਦਿਆਂ ਲਿਖਿਆ ਹੈ, “ਮੈਂ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ। ਸਾਨੂੰ ਇੱਕ ਖੁਸ਼ਹਾਲ ਮੁਲਕ ਲਈ ਖੁਸ਼ਹਾਲ ਕਿਸਾਨ ਚਾਹੀਦਾ ਹੈ।”

  16. ਮੈਡੀਕਲ ਐਸੋਸਿਏਸ਼ਨ ਅਤੇ ਆਂਗਨਵਾੜੀ ਯੂਨੀਅਨ ਨੇ ਵੀ ਦਿੱਤਾ ਕਿਸਾਨਾਂ ਨੂੰ ਸਮਰਥਨ

    ਗੁਰਦਾਸਪੁਰ ਦੇ ਬਟਾਲਾ ’ਚ ਕਿਸਾਨਾਂ ਦੇ ਧਰਨੇ ਦਾ ਮੈਡੀਕਲ ਐਸੋਸੀਏਸ਼ਨ ਅਤੇ ਆਂਗਨਵਾੜੀ ਯੂਨੀਅਨ ਨੇ ਵੀ ਸਮਰਥਨ ਕੀਤਾ ਹੈ।

    ਇਸ ਤੋਂ ਇਲਾਵਾ ਲੇਖਕ ਅਤੇ ਨੌਜਵਾਨ ਵਿਦਿਆਰਥੀ ਵੀ ਸ਼ਾਮਲ ਹੋ ਰਹੇ ਹਨ।

  17. ਬਠਿੰਡਾ 'ਚ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਨੇ ਬਾਦਲ ਪਿੰਡ ਨੂੰ ਜਾਂਦਾ ਹਰ ਰਸਤਾ ਕੀਤਾ ਜਾਮ

    ਬਠਿੰਡਾ ‘ਚ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਨੇ ਬਾਦਲ ਪਿੰਡ ਨੂੰ ਜਾਂਦਾ ਹਰ ਰਸਤਾ ਜਾਮ ਕਰ ਦਿੱਤਾ ਹੈ।

    ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ ਤੋਂ ਦਿੱਤੇ ਗਏ ਅਸਤੀਫ਼ੇ ਦੇ ਬਾਵਜੂਦ ਲੋਕਾਂ ਦਾ ਗੁੱਸਾ ਬਾਦਲ ਪਰਿਵਾਰ ਖ਼ਿਲਾਫ਼ ਫੁੱਟ ਰਿਹਾ ਹੈ।

    ਇਨ੍ਹਾਂ ਕਿਸਾਨਾਂ ਦਾ ਸਾਥ ਦੇਣ ਲਈ ਐਕਸ-ਸਰਵਿਸ ਮੈਨ ਵੈਲਫੇਅਰ ਯੂਨੀਅਨ ਵੀ ਪਹੁੰਚੀ ਹੈ।

  18. ਆਰਜੇਡੀ ਦੇ ਆਗੂ ਤੇਜਸਵੀ ਯਾਦਵ ਕਿਸਾਨਾਂ ਲਈ ਹੋਏ ਟ੍ਰੈਕਟਰ ’ਚ ਸਵਾਰ

    ਰਾਸ਼ਟਰੀ ਜਨਤਾ ਦਲ ਦੇ ਆਗੂ ਅਤੇ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਕਿਸਾਨਾਂ ਦੇ ਹੱਕ ‘ਚ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਉਨ੍ਹਾਂ ਪਟਨਾ ਦੇ ਵਿੱਚ ਟ੍ਰੈਕਟਰ ਰੈਲੀ ਕੱਢੀ। ਇਸ ਰੈਲੀ ਵਿੱਚ ਉਹ ਖ਼ੁਦ ਟ੍ਰੈਕਟਰ ਚਲਾਉਂਦੇ ਨਜ਼ਰ ਆਏ।

  19. ਦਿੱਲੀ ਬਾਰਡਰ ਨੇੜੇ ਭਾਰਤੀ ਕਿਸਾਨ ਯੂਨੀਅਨ ਨੇ ਰਸਤਾ ਕੀਤਾ ਜਾਮ

    ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਭਾਰਤੀ ਕਿਸਾਨ ਯੂਨੀਅਨ ਨੇ ਰਸਤੇ ਰੋਕ ਦਿੱਤੇ ਅਤੇ ਦਿੱਲੀ ਬਾਰਡਰ ਨੇੜੇ ਧਰਨਾ ਲਗਾ ਦਿੱਤਾ।

    ਨੋਇਡਾ ਦੇ ਡੀਸੀਪੀ ਨੇ ਦੱਸਿਆ, “ਅਸੀਂ ਰੂਟ ਡਾਇਵਰਟ ਕੀਤੇ ਹੋਏ ਹਨ। ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।”

  20. ਨਵੇਂ ਬਣ ਰਹੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਲਾਇਆ ਜਾਮ

    ਬਰਨਾਲਾ-ਬਾਜਾਖਾਨਾ-ਮੋਗਾ ਰੋਡ ’ਤੇ ਨਵੇਂ ਬਣ ਰਹੇ ਟੋਲ ਪਲਾਜ਼ਾ ਕੋਲ ਰੋਡ ਜਾਮ ਕਰਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।