ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।

ਮੈਨੂੰ ਮੁੱਖ ਵੈੱਬਸਾਈਟ 'ਤੇ ਲੈ ਜਾਓ

ਰੂਸ ਨੇ ਦਾਅਵਾ ਕੀਤਾ, ‘ਮਾਰਿਓਪੋਲ ਸ਼ਹਿਰ ’ਚ ਇੱਕ ਹਜ਼ਾਰ ਯੂਕਰੇਨੀ ਫੌਜੀਆਂ ਨੇ ਸਰੰਡਰ ਕੀਤਾ’

ਬੀਬੀਸੀ ਨਿਊਜ਼ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਰੂਸ-ਯੂਕਰੇਨ ਜੰਗ ਬਾਰੇ ਅਹਿਮ ਅਪਡੇਟਸ ਦੇ ਰਹੇ ਹਾਂ।

ਲਾਈਵ ਕਵਰੇਜ

  1. ਅੱਜ ਦਾ ਅਹਿਮ ਘਟਨਾਕ੍ਰਮ

    ਯੂਕਰੇਨ-ੂਰੂਸ ਜੰਗ ਤੇ ਹੋਰ ਦੇਸ-ਵਿਦੇਸ਼ ਦੀਆਂ ਅਹਿਮ ਘਟਨਾਵਾਂ ਨਾਲ ਜੁੜੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ, ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਮਾਰੀਓਪੋਲ ਦੇ ਮੇਅਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 21000 ਨਾਗਰਿਕਾਂ ਦੀ ਮੌਤ ਹੋਈ ਹੈ।
    • ਰੂਸ ਵੱਲੋਂ ਦਾਅਵਾ ਕੀਤਾ ਗਿਆ ਕਿ ਵਿਖੇ ਇੱਕ ਹਜ਼ਾਰ ਤੋਂ ਵੱਧ ਯੂਕਰੇਨੀ ਫ਼ੌਜੀਆਂ ਨੇ ਆਤਮ ਸਮਰਪਣ ਕੀਤਾ ਹੈ। ਯੂਕਰੇਨ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਗਿਆ ਹੈ।
    • ਪੋਲੈਂਡ,ਲਾਤਵੀਆ ਅਤੇ ਐਸਟੋਨੀਆ ਦੇ ਰਾਸ਼ਟਰਪਤੀ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਯੂਕੇ ਦੇ ਪ੍ਰਧਾਨਮੰਤਰੀ ਵੀ ਕੀਵ ਪਹੁੰਚੇ ਸਨ।
    • ਪੰਜਾਬ ਕੈਬਨਿਟ ਦੀ ਬੈਠਕ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ ਵੱਖ ਸ਼੍ਰੇਣੀਆਂ ਦੀਆਂ 145 ਅਸਾਮੀ ਭਰਨ ਨੂੰ ਇਜਾਜ਼ਤ ਦਿੱਤੀ ਗਈ।
    • ਅਮਰੀਕਾ ਦੇ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ ਦੋ ਸਿੱਖਾਂ ਉੱਪਰ ਹਮਲਾ ਹੋਇਆ ਹੈ ਤੇ ਦੂਤਾਵਾਸ ਮੁਤਾਬਕ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ।
  2. ਰੂਸ-ਯੂਕਰੇਨ ਜੰਗ: ਯੂਕਰੇਨ ਵੱਲੋਂ ਪੁਤਿਨ ਸਮਰਥਕ ਨੇਤਾ ਗ੍ਰਿਫ਼ਤਾਰ

    ਯੂਕਰੇਨ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਰੂਸੀ ਸਮਰਥਕ ਨੇਤਾ ਵਿਕਟਰ ਮੇਡਵਿਡਚਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਮੁਤਾਬਕ ਯੂਕਰੇਨ ਵਿੱਚ ਵਿਕਟਰ ਪੁਤਿਨ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਹਨ।

    ਯੂਕਰੇਨ ਵੱਲੋਂ ਵਿਕਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹ ਹੱਥਕੜੀਆਂ ਵਿਚ ਨਜ਼ਰ ਆਉਂਦੇ ਹਨ।

    ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਆਖਿਆ ਗਿਆ ਹੈ ਕਿ ਉਹ ਵਿਕਟਰ ਨੂੰ ਰੂਸ ਨੂੰ ਸੌਂਪ ਸਕਦੇ ਹਨ ਜੇਕਰ ਉਨ੍ਹਾਂ ਦੇ ਬਦਲੇ ਰੂਸ ਯੂਕਰੇਨੀ ਬੰਧਕਾਂ ਨੂੰ ਵਾਪਸ ਸੌਂਪੇ।

    ਰੂਸ ਵੱਲੋਂ ਆਖਿਆ ਗਿਆ ਹੈ ਕਿ ਵਿਕਟਰ ਯੂਕਰੇਨੀ ਨਾਗਰਿਕ ਹਨ ਅਤੇ ਉਨ੍ਹਾਂ ਦਾ ਰੂਸ ਨਾਲ ਕੋਈ ਸਬੰਧ ਨਹੀਂ ਹੈ।

  3. ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਰੂਸੀ ਫ਼ੌਜਾਂ- ਵੇਖੋ ਤਸਵੀਰਾਂ

    ਯੂਕਰੇਨ ਦੇ ਸ਼ਹਿਰ ਮਾਰੀਓਪੋਲ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਰੂਸੀ ਫ਼ੌਜੀ ਨਜ਼ਰ ਆ ਰਹੇ ਹਨ। ਸ਼ਹਿਰ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਚੁੱਕਿਆ ਹੈ।

    ਤਕਰੀਬਨ ਇੱਕ ਹਫ਼ਤੇ ਤੋਂ ਸ਼ਹਿਰ ਵਿੱਚ ਰੂਸੀ ਫੌਜ ਦੇ ਹਮਲੇ ਜਾਰੀ ਹਨ।

    ਸ਼ਹਿਰ ਦੇ ਮੇਅਰ ਮੁਤਾਬਕ ਫਰਵਰੀ ਤੋਂ ਲੈ ਕੇ ਹੁਣ ਤੱਕ 21000 ਨਾਗਰਿਕਾਂ ਦੀ ਮੌਤ ਹੋਈ ਹੈ।

  4. ਚੀਫ ਜਸਟਿਸ ਪਹੁੰਚੇ ਅੰਮ੍ਰਿਤਸਰ, ਮੁੱਖ ਮੰਤਰੀ ਨੇ ਕੀਤਾ ਸਵਾਗਤ

    ਭਾਰਤ ਦੇ ਚੀਫ਼ ਜਸਟਿਸ,ਜਸਟਿਸ ਐੱਨਵੀ ਰਮੰਨਾ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ।

    ਪੰਜਾਬ ਦੀ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ ਅਤੇ ਉਨ੍ਹਾਂ ਦਾ ਸੁਆਗਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ।

    ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਵੀ ਭੇਟ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਪੁਲੀਸ ਦੇ ਡੀਜੀਪੀ ਵੀ ਮੌਜੂਦ ਸਨ।

  5. ਰੂਸ ਦਾ ਦਾਅਵਾ - ਮਾਰੀਓਪੋਲ ਵਿੱਚ 1,000 ਤੋਂ ਵੱਧ ਯੂਕਰੇਨੀ ਸੈਨਿਕਾਂ ਨੇ ਕੀਤਾ ਆਤਮ ਸਮਰਪਣ

    ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ 1,026 ਸੈਨਿਕਾਂ ਨੇ ਘੇਰਾਬੰਦੀ ਵਾਲੇ ਸ਼ਹਿਰ ਮਾਰੀਓਪੁਲ ਵਿੱਚ ਆਪਣੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਹੈ।

    ਦੱਖਣੀ ਬੰਦਰਗਾਹ ਇਸ ਸ਼ਹਿਰ 'ਤੇ ਹਫ਼ਤਿਆਂ ਤੋਂ ਹਮਲਾ ਜਾਰੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਰੂਸੀ ਦੇ ਕਬਜ਼ੇ ਹੇਠ ਜਾ ਸਕਦਾ ਹੈ।

    ਕਿਹਾ ਗਿਆ ਹੈ ਕਿ 36ਵੀਂ ਮਰੀਨ ਬ੍ਰਿਗੇਡ ਦੇ ਸਮੂਹ ਨੇ ਇਲਿਚ ਆਇਰਨ ਐਂਡ ਸਟੀਲ ਵਰਕਸ ਦੇ ਨੇੜੇ ਆਤਮ ਸਮਰਪਣ ਕਰ ਦਿੱਤਾ ਹੈ।

    ਉਧਰ ਯੂਕਰੇਨ ਨੇ ਰੂਸ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਦੇ ਸਲਾਹਕਾਰ ਵੱਲੋਂ ਆਖਿਆ ਗਿਆ ਹੈ ਕਿ ਸ਼ਹਿਰ ਹਾਲੇ ਵੀ ਯੂਕਰੇਨ ਦੀਆਂ ਫੌਜਾਂ ਦੇ ਕਬਜ਼ੇ ਵਿੱਚ ਹੈ।

  6. ਫਿਰੋਜ਼ਪੁਰ ਦੇ ਜ਼ੀਰਾ ਨੇੜੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਗੋਲੀ ਮਾਰ ਕੇ ਕਤਲ

    ਫ਼ਿਰੋਜ਼ਪੁਰ ਦੇ ਜ਼ੀਰਾ ਨਜ਼ਦੀਕ ਪਿੰਡ ਮਸਤੇਵਾਲਾ 'ਚ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਹੋਇਆ ਹੈ।

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਵੱਲੋਂ ਸਾਂਝੀ ਕੀਤੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਆਮ ਆਦਮੀ ਪਾਰਟੀ ਦਾ ਸਮਰਥਕ ਸੀ।

    ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪੁਰਾਣੀ ਰੰਜ਼ਿਸ਼ ਦਾ ਮਾਮਲਾ ਹੈ।

    ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ ਅਤੇ ਨੂੰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਹਿਲਾਂ ਵੀ ਆਰੋਪੀਆਂ ਨਾਲ ਉਨ੍ਹਾਂ ਦਾ ਝਗੜਾ ਚੱਲ ਰਿਹਾ ਸੀ।

    ਜ਼ੀਰਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਆਗੂ ਵੱਲੋਂ ਆਖਿਆ ਗਿਆ ਹੈ ਕਿ ਪਾਰਟੀ ਪੀੜਿਤ ਪਰਿਵਾਰ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਰੋਧੀ ਰਾਜਨੀਤਿਕ ਦਲਾਂ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਪਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।

  7. ਹੁਣ ਤੱਕ ਦੇ ਅਹਿਮ ਅਪਡੇਟਸ 'ਤੇ ਇੱਕ ਨਜ਼ਰ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਰੂਸ ਯੂਕਰੇਨ ਜੰਗ ਸਮੇਤ ਦੇਸ਼ ਦੁਨੀਆ ਦੀਆਂ ਅਹਿਮ ਖ਼ਬਰਾਂ ਦੇ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

    • ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ 1,026 ਸੈਨਿਕਾਂ ਨੇ ਘੇਰਾਬੰਦੀ ਵਾਲੇ ਸ਼ਹਿਰ ਮਾਰੀਓਪੁਲ ਵਿੱਚ ਆਪਣੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਹੈ।
    • ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਓਲੇਕਸੈਂਡਰ ਮੋਟੂਜ਼ਿਯਾਂਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਰਿਪੋਰਟਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।
    • ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਰੂਰਲ ਡਿਵੈਲਪਮੈਂਟ ਫ਼ੰਡ 'ਚ ਕੇਂਦਰ ਮੁਤਾਬਕ ਬਦਲਾਅ ਕੀਤਾ ਗਿਆ ਹੈ। ਐਕਟ ਪਾਸ ਹੋਣ 'ਤੇ ਕਿਸਾਨਾਂ ਨੂੰ ਹੋਵੇਗਾ ਸਾਰਾ ਫਾਇਦਾ।
    • ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਅੱਜ ਫੈਸਲਾ ਲਿਆ ਗਿਆ ਕਿ ਪੇਂਡੂ ਇਲਾਕਿਆਂ 'ਚ ਪਾਣੀ ਦੀ ਬਿਹਤਰ ਸਪਲਾਈ ਲਈ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਲਈ ਭਰਤੀ ਕੀਤੀਆਂ ਜਾਣਗੀਆਂ।
    • ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੀ ਬੈਠਕ ਤੋਂ ਬਾਅਦ ਫੈਸਲਾ ਆਇਆ ਹੈ ਕਿ ਪੰਜਾਬ 'ਚ ਕਣਕ ਦੀ ਖਰੀਦ ਮੁੜ ਸ਼ੁਰੂ ਹੋਵੇਗੀ।
    • ਅਮਰੀਕਾ ਦੇ ਨਿਊਯਾਰਕ 'ਚ ਦੋ ਸਿੱਖਾਂ 'ਤੇ ਹਮਲਾ ਹੋਇਆ ਹੈ। ਭਾਰਤੀ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
    • ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਰਿਪੋਰਟ ਦਿੱਤੀ ਹੈ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂਸੀ ਹਮਲੇ 'ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾਰੇ ਗਏ ਹਨ।
    • ਯੂਕਰੇਨ ਦੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ ਨੇ ਟੈਲੀਗ੍ਰਾਮ 'ਤੇ ਕਿਹਾ ਹੈ ਕਿ ਰੂਸੀ ਹਮਲੇ ਦੌਰਾਨ ਯੂਕਰੇਨ ਵਿੱਚ ਘੱਟੋ-ਘੱਟ 186 ਬੱਚੇ ਮਾਰੇ ਗਏ ਹਨ ਅਤੇ 344 ਜ਼ਖਮੀ ਹੋਏ ਹਨ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਨਸਲਕੁਸ਼ੀ ਦੇ ਇਲਜ਼ਾਮ ਲਗਾਏ ਹਨ।
    • ਯੂਕਰੇਨ ਦੇ ਸ਼ਹਿਰ ਮਾਰੀਓਪੋਲ ਦੇ ਮੇਅਰ ਨੇ ਖ਼ਬਰ ਏਜੰਸੀ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਬਾਅਦ ਦੱਖਣੀ ਬੰਦਰਗਾਹ 'ਤੇ ਘੱਟੋ-ਘੱਟ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
  8. ਪੰਜਾਬ ਸਰਕਾਰ 145 ਅਸਾਮੀਆਂ 'ਤੇ ਕਰੇਗੀ ਭਰਤੀ

    ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਅੱਜ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੇ ਲੋਕਾਂ ਨੂੰ ਪੇਂਡੂ ਇਲਾਕਿਆਂ ਵਿੱਚ ਪਾਣੀ ਦੀ ਬਿਹਤਰ ਸਪਲਾਈ ਦੇਣ ਲਈ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

    ਇਨਾਂ ਅਸਾਮੀਆਂ ਲਈ, ਇੱਕ ਸਾਲ ਦੇ ਅੰਦਰ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਚੋਣ ਸੇਵਾਵਾਂ ਬੋਰਡ ਦੁਆਰਾ ਸਿੱਧੀ ਭਰਤੀ ਰਾਹੀਂ ਕੀਤੀ ਜਾਵੇਗੀ।

    ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਮੰਤਰੀ ਮੰਡਲ ਨੇ ਸਾਲ 2021 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਰੋਕਤ ਸ਼੍ਰੇਣੀਆਂ ਦੀਆਂ 88 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਸੀ। ਇਨਾਂ ਤੋਂ ਇਲਾਵਾ ਅੱਜ ਮੰਤਰੀ ਮੰਡਲ ਨੇ 57 ਹੋਰ ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

  9. ਪੰਜਾਬ 'ਚ ਮੁੜ ਸ਼ੁਰੂ ਹੋਵੇਗੀ ਕਣਕ ਦੀ ਖਰੀਦ

    ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੀ ਬੈਠਕ ਤੋਂ ਬਾਅਦ ਫੈਸਲਾ ਆਇਆ ਹੈ ਕਿ ਪੰਜਾਬ 'ਚ ਕਣਕ ਦੀ ਖਰੀਦ ਮੁੜ ਸ਼ੁਰੂ ਹੋਵੇਗੀ।

    ਬੈਠਕ ਤੋਂ ਬਾਅਦ, ਫ਼ੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਗਰਮੀ ਜਲਦੀ ਆਉਣ ਕਰਕੇ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ।

    ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਕੁਝ ਰਾਹਤ ਦਿੱਤੀ ਜਾਵੇ।

    ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕੇਂਦਰ ਨੇ ਸਾਡੀ ਇਸ ਭਾਵਨਾ ਨੂੰ ਸਮਝਦਿਆਂ 5 ਟੀਮਾਂ ਵੱਖ-ਵੱਖ ਜ਼ਿਲ੍ਹਿਆਂ 'ਚ ਭੇਜਣ ਦਾ ਫੈਸਲਾ ਕੀਤਾ ਹੈ।

    ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਕੁਝ ਰਾਹਤ ਦਿੱਤੀ ਜਾਵੇਗੀ ਅਤੇ 2 ਦਿਨ ਦੇ ਅੰਦਰ ਸਾਰੀ ਪ੍ਰਕਿਰਿਆ ਪੂਰੀ ਹੋਣ ਦੀ ਸੰਭਾਵਨਾ ਹੈ।

    ਉਨ੍ਹਾਂ ਕਿਹਾ ਕਿ ਕੇਂਦਰ ਦੇ ਨਾਲ-ਨਾਲ ਅਸੀਂ ਵੀ ਕੁਝ ਹੱਲ ਕਰਾਂਗੇ।

  10. ਨਿਊਯਾਰਕ 'ਚ ਦੋ ਸਿੱਖਾਂ 'ਤੇ ਹਮਲਾ, ਦੂਤਾਵਾਸ ਨੇ ਦਿੱਤੀ ਜਾਣਕਾਰੀ

    ਅਮਰੀਕਾ ਦੇ ਨਿਊਯਾਰਕ ਦੇ ਰਿਚਮੰਡ ਹਿਲਸ 'ਚ ਦੋ ਸਿੱਖਾਂ 'ਤੇ ਹਮਲਾ ਹੋਇਆ ਹੈ। ਭਾਰਤੀ ਕੌਂਸਲੇਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

    ਦੂਤਾਵਾਸ ਦੇ ਟਵੀਟ ਮੁਤਾਬਕ, ''ਨਿਊਯਾਰਕ ਦੇ ਰਿਚਮੰਡ ਹਿਲਸ 'ਚ ਦੋ ਸਿੱਖਾਂ 'ਤੇ ਹਮਲਾ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਬਾਰੇ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਗੱਲ ਕੀਤੀ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।''

    ਨਿਊਯਾਰਕ ਵਿੱਚ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫ਼ਰ ਰਾਜਕੁਮਾਰ ਨੇ ਵੀ ਹਮਲੇ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ।

    ਉਨ੍ਹਾਂ ਟਵੀਟ ਕਰਕੇ ਕਿਹਾ, "ਨਿਊਯਾਰਕ ਸਟੇਟ ਆਫਿਸ ਵਿੱਚ ਚੁਣੀ ਗਈ ਪਹਿਲੀ ਪੰਜਾਬੀ ਅਮਰੀਕੀ ਹੋਣ ਦੇ ਨਾਤੇ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਨਿਊਯਾਰਕ ਵਿੱਚ ਸਿੱਖ ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।"

    ਉਨ੍ਹਾਂ ਲਿਖਿਆ, “ਮੈਂ ਆਪਣੇ ਸਿੱਖ ਅਮਰੀਕੀ ਪਰਿਵਾਰ ਵਿਰੁੱਧ ਇਸ ਹਫ਼ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਿਊਯਾਰਕ ਪੁਲਿਸ ਨਾਲ ਗੱਲ ਕੀਤੀ ਹੈ। ਮੈਂ ਦੋਵਾਂ ਘਟਨਾਵਾਂ ਲਈ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਵਜੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇਗੀ।''

    “ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਹਮਲਿਆਂ ਵਿੱਚ 200 ਫੀਸਦੀ ਵਾਧਾ ਹੋਇਆ ਹੈ। ਮੈਂ ਇੱਕ ਇਤਿਹਾਸਕ ਮਤਾ ਪਾਸ ਕੀਤਾ ਜਿਸਦੇ ਤਹਿਤ ਨਿਊਯਾਰਕ ਨੇ ਅਪ੍ਰੈਲ ਨੂੰ ਪੰਜਾਬੀ ਮਹੀਨੇ ਵਜੋਂ ਮਾਨਤਾ ਦਿੱਤੀ।''

    “ਅਸੀਂ ਸਾਰਿਆਂ ਨੂੰ ਸਿੱਖ ਸੱਭਿਆਚਾਰ ਦੀ ਜਾਣਕਾਰੀ ਦੇਵਾਂਗੇ ਤਾਂ ਜੋ ਉਹ ਜਾਣ ਸਕਣ ਕਿ ਸਿੱਖ ਅਮਰੀਕੀ ਭਾਈਚਾਰੇ ਵਿੱਚ ਉਦਾਰਤਾ ਅਤੇ ਦਿਆਲਤਾ ਨਿਹਿਤ ਹੈ। ਕਾਂਗਰਸ ਵਿੱਚ ਮੇਰੇ ਸਹਿਯੋਗੀਆਂ ਅਤੇ ਮੇਅਰ ਦੇ ਨਾਲ, ਅਸੀਂ ਕਾਨੂੰਨੀ ਪ੍ਰਣਾਲੀ ਵਿੱਚ ਅਜਿਹੇ ਤਰੀਕੇ ਅਪਣਾਵਾਂਗੇ ਜਿਨ੍ਹਾਂ ਦੀ ਇਸ ਤਰ੍ਹਾਂ ਦੇ ਮਾਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਅਤੇ ਮੁੱਕਦਮੇ ਲਈ ਜ਼ਰੂਰਤ ਹੈ।''

  11. ਅਮਰੀਕੀ ਰਾਸ਼ਟਰਪਤੀ ਨੇ ਪਹਿਲੀ ਵਾਰ ਯੂਕਰੇਨ 'ਚ ਰੂਸੀ ਹਮਲੇ ਨੂੰ ਕਿਹਾ 'ਨਸਲਕੁਸ਼ੀ'

    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਸੂਬੇ ਆਇਓਵਾ ਵਿੱਚ ਇੱਕ ਸਮਾਗਮ ਦੌਰਾਨ ਯੂਕਰੇਨ ਵਿੱਚ ਰੂਸ ਦੇ ਹਮਲੇ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਹੈ।

    ਅਮਰੀਕਾ ਵੱਲੋਂ ਪਹਿਲੀ ਵਾਰ ਰੂਸੀ ਹਮਲੇ ਨੂੰ "ਨਸਲਕੁਸ਼ੀ" ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਅਜਿਹੇ ਭਾਰੀ ਸ਼ਬਦਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ।

    ਬਾਇਡਨ ਨੇ ਕਿਹਾ, "ਤੁਹਾਡੇ ਪਰਿਵਾਰ ਦਾ ਬਜਟ, ਤੁਹਾਡੀ ਟੈਂਕ ਭਰਨ ਦੀ ਸਮਰੱਥਾ - ਇਨ੍ਹਾਂ ਵਿੱਚੋਂ ਕੋਈ ਵੀ ਇਸ ਗੱਲ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਕੀ ਕੋਈ ਤਾਨਾਸ਼ਾਹ ਯੁੱਧ ਦਾ ਐਲਾਨ ਕਰਦਾ ਹੈ ਅਤੇ ਅੱਧੀ ਦੁਨੀਆ ਦਾ ਕਤਲੇਆਮ ਕਰਦਾ ਹੈ।"

    ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਬਾਇਡਨ ਦੇ ਨਸਲਕੁਸ਼ੀ ਵਾਲੇ ਬਿਆਨ 'ਤੇ ਉਨ੍ਹਾਂ ਦੀ ਟਿੱਪਣੀ ਜਾਰੀ ਕੀਤੀ।

    ਬਾਇਡਨ ਨੇ ਕਿਹਾ, ''ਹਾਂ, ਮੈਂ ਇਸ ਨੂੰ ਨਸਲਕੁਸ਼ੀ ਕਿਹਾ। ਇਹ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਪੁਤਿਨ ਯੂਕਰੇਨੀ ਹੋਣ ਦੇ ਵਿਚਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਹੋਰ ਸਬੂਤ ਮਿਲ ਰਹੇ ਹਨ। ਇਹ ਪਿਛਲੇ ਹਫ਼ਤੇ ਨਾਲੋਂ ਵੱਖਰਾ ਹੈ।"

    “ਰੂਸ ਨੇ ਯੂਕਰੇਨ ਵਿੱਚ ਜੋ ਵੀ ਭਿਆਨਕ ਕੰਮ ਕੀਤੇ ਹਨ ਉਸਦੇ ਹੋਰ ਸਬੂਤ ਸਾਹਮਣੇ ਆ ਰਹੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਵਕੀਲ ਤੈਅ ਕਰਨਗੇ ਕਿ ਕੀ ਇਹ (ਨਸਲਕੁਸ਼ੀ ਕਹਿਣ) ਯੋਗ ਹੈ ਜਾਂ ਨਹੀਂ, ਪਰ ਮੈਂ ਯਕੀਨਨ ਅਜਿਹਾ ਹੀ ਸੋਚਦਾ ਹਾਂ।

    ਯੂਕਰੇਨ ਦੇ ਰਾਸ਼ਟਰਪਤੀ ਨੇ ਜੋਅ ਬਾਇਡਨ ਦੇ ਬਿਆਨ ਨੂੰ "ਇੱਕ ਸੱਚੇ ਨੇਤਾ ਦੇ ਸੱਚੇ ਸ਼ਬਦ" ਕਿਹਾ ਹੈ।

  12. 'ਜੰਗ ਵਿੱਚ ਹੁਣ ਤੱਕ ਘੱਟੋ-ਘੱਟ 20 ਪੱਤਰਕਾਰ ਮਾਰੇ ਗਏ'

    ਬੀਬੀਸੀ ਮਾਨੀਟਰਿੰਗ

    ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਰਿਪੋਰਟ ਦਿੱਤੀ ਹੈ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂਸੀ ਹਮਲੇ 'ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾਰੇ ਗਏ ਹਨ।

    ਚੈਨਲ ਨੇ ਉਨ੍ਹਾਂ ਦੇ ਨਾਵਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਅਤੇ ਕਿਹਾ ਕਿ ਇਹ ਕੇਵਲ ਉਹ ਮੌਤਾਂ ਹਨ ਜਿਨ੍ਹਾਂ ਦੀ ਪੁਸ਼ਟੀ ਪ੍ਰਾਸੀਕਿਊਟਰ-ਜਨਰਲ ਦੇ ਦਫਤਰ ਦੁਆਰਾ ਕੀਤੀ ਗਈ ਹੈ।

    ਯੂਨੀਅਨ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕੁਝ ਵਿਦੇਸ਼ੀ ਵੀ ਸਨ।

  13. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ ਨੇ ਟੈਲੀਗ੍ਰਾਮ 'ਤੇ ਕਿਹਾ ਹੈ ਕਿ ਰੂਸੀ ਹਮਲੇ ਦੌਰਾਨ ਯੂਕਰੇਨ ਵਿੱਚ ਘੱਟੋ-ਘੱਟ 186 ਬੱਚੇ ਮਾਰੇ ਗਏ ਹਨ ਅਤੇ 344 ਜ਼ਖਮੀ ਹੋਏ ਹਨ।
    • ਅਮਰੀਕਾ ਅਧਾਰਿਤ ਖੋਜਾਰਥੀਆਂ ਮੁਤਾਬਕ ਯੂਕਰੇਨ ਉੱਤੇ ਰੂਸ ਦੇ ਹਮਲੇ ਮਗਰੋਂ 600 ਤੋਂ ਵੱਧ ਕੰਪਨੀਆਂ ਨੇ ਰੂਸ ਵਿੱਚ ਜਾਂ ਤਾਂ ਆਪਣਾ ਕੰਮ ਰੋਕ ਦਿੱਤਾ ਹੈ ਜਾਂ ਫ਼ਿਰ ਘਟਾਇਆ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਨਸਲਕੁਸ਼ੀ ਦੇ ਇਲਜ਼ਾਮ ਲਗਾਏ ਹਨ।
    • ਮਾਰੀਓਪੋਲ ਦੇ ਮੇਅਰ ਨੇ ਕਿਹਾ ਸੜਕਾਂ 'ਤੇ ਛਿੜੀ ਲੜਾਈ ਕਰ ਕੇ ਮਰੇ ਹੋਏ ਲੋਕਾਂ ਦੀ ਗਿਣਤੀ ਨੂੰ ਰੋਕਣਾ ਪਿਆ।
    • ਯੂਕਰੇਨ ਦੇ ਸ਼ਹਿਰ ਮਾਰੀਓਪੋਲ ਦੇ ਮੇਅਰ ਨੇ ਖ਼ਬਰ ਏਜੰਸੀ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਬਾਅਦ ਦੱਖਣੀ ਬੰਦਰਗਾਹ 'ਤੇ ਘੱਟੋ-ਘੱਟ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੇ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    12 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।