ਰਾਜਸਥਾਨ ’ਚ ਕਥਿਤ ਗੈਂਗਸਟਰ ਰਾਜੂ ਠੇਠ ਦਾ ਦਿਨਦਿਹਾੜੇ ਕਤਲ,‘ਵਾਰਦਾਤ ਦੇ ਤਾਰ ਕਿਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ’

ਗੈਂਗਸਟਰ ਰਾਜੂ ਠੇਠ
ਤਸਵੀਰ ਕੈਪਸ਼ਨ, ਰਾਜੂ ਠੇਠ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ 'ਤੇ ਬਾਹਰ ਸੀ
ਪ੍ਰਕਾਸ਼ਿਤ

ਪੁਲਿਸ ਵੱਲੋਂ ਦੱਸੇ ਜਾਂਦੇ ਗੈਂਗਸਟਰ ਰਾਜੂ ਠੇਠ ਦਾ ਸ਼ਨੀਵਾਰ ਨੂੰ ਦਿਨ-ਦਿਹਾੜੇ ਰਾਜਸਥਾਨ ਦੇ ਸੀਕਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ।

ਇਹ ਹਮਲਾ ਜਿਸ ਵੇਲੇ ਰਾਜੂ 'ਤੇ ਹਮਲਾ ਹੋਇਆ, ਉਸ ਵੇਲੇ ਉਹ ਆਪਣੇ ਘਰ ਦੇ ਦਰਵਾਜ਼ੇ 'ਤੇ ਹੀ ਮੌਜੂਦ ਸੀ।

ਰਾਜੂ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ 'ਤੇ ਬਾਹਰ ਸੀ।

ਰਾਜੂ ਨੂੰ ਖ਼ਤਰਨਾਕ ਅਪਰਾਧੀ ਮੰਨੇ ਜਾਂਦੇ ਆਨੰਦਪਾਲ ਸਿੰਘ ਦਾ ਵਿਰੋਧੀ ਮੰਨਿਆ ਜਾਂਦਾ ਸੀ। ਆਨੰਦਪਾਲ ਸਿੰਘ, ਜੂਨ 2017 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਪੁਲਿਸ ਸੁਪਰੀਟੈਂਡੈਂਟ ਕੁੰਵਰ ਰਾਸਟਰਦੀਪ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰਾਜੂ ਦਾ ਘਰ ਉਦਯੋਗ ਨਗਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿਪਰਾਲੀ ਰੋਡ 'ਤੇ ਸਥਿਤ ਹੈ ਅਤੇ ਉੱਥੇ ਹੀ ਉਸ ਉੱਤੇ ਹਮਲਾ ਕੀਤਾ ਗਿਆ ਹੈ।

ਕੁੰਵਰ ਰਾਸਟਰਦੀਪ, ਪੁਲਿਸ ਸੁਪਰੀਟੈਂਡੈਂਟ ਰਾਜਸਥਾਨ
ਤਸਵੀਰ ਕੈਪਸ਼ਨ, ਕੁੰਵਰ ਰਾਸਟਰਦੀਪ, ਪੁਲਿਸ ਸੁਪਰੀਟੈਂਡੈਂਟ ਰਾਜਸਥਾਨ

ਪੁਲਿਸ ਨੇ ਹੋਰ ਕੀ ਦੱਸਿਆ

ਸੀਕਰ ਦੇ ਐੱਸਪੀ ਕੁੰਵਰ ਰਾਸਟਰਦੀਪ ਨੇ ਦੱਸਿਆ, ''ਰਾਜੂ ਠੇਠ ਨਾਮ ਦਾ ਇੱਕ ਵਿਅਕਤੀ, ਜੋ ਪਿਛਲੇ ਲੰਮੇ ਸਮੇਂ ਤੋਂ ਅਪਰਾਧ ਦੀ ਦੁਨੀਆਂ 'ਚ ਸਰਗਰਮ ਹੈ, ਨੂੰ ਗੋਲੀਆਂ ਲੱਗੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਉਸ ਦੀ ਮੌਤ ਹੋ ਗਈ ਹੈ।''

ਉਨ੍ਹਾਂ ਅੱਗੇ ਦੱਸਿਆ, ''ਸਾਡੀ ਜਾਣਕਾਰੀ ਅਤੇ ਉਪਲੱਬਧ ਸੀਸੀਟੀਵੀ ਫੁਟੇਜ ਮੁਤਾਬਕ, ਇਸ ਗੋਲੀਬਾਰੀ ਵਿੱਚ ਚਾਰ ਲੋਕ ਸ਼ਾਮਲ ਸਨ।''

''ਇੱਕ ਹੋਰ ਵਿਅਕਤੀ, ਤਾਰਾਚੰਦ ਜਾਟ, ਜਿਸ ਨੂੰ ਗੋਲੀਆਂ ਲੱਗੀਆਂ ਸਨ ਉਸ ਨੇ ਵੀ ਦਮ ਤੋੜ ਦਿੱਤਾ ਹੈ। ਉਹ ਆਪਣੀ ਧੀ ਨੂੰ ਮਿਲਣ ਲਈ ਆਇਆ ਹੋਇਆ ਸੀ ਜੋ ਕਿ ਘਟਨਾ ਵਾਲੀ ਥਾਂ ਦੇ ਕੋਲ ਹੀ ਇੱਕ ਹੌਸਟਲ ਵਿੱਚ ਰਹਿੰਦੀ ਹੈ।''

ਲੋਕ

ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਲਈ ਜ਼ਿੰਮੇਵਾਰੀ

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਇਸ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।

ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਰੋਹਿਤ ਗੋਦਾਰਾ ਨਾਮ ਦੇ ਇੱਕ ਵਿਅਕਤੀ ਨੇ ਇਸ ਕਤਲ ਦੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਲਈ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਰੋਹਿਤ ਗੋਦਾਰਾ ਦਾ ਨਾਂ ਮੁਲਜ਼ਮਾਂ ਵਿੱਚ ਸ਼ਾਮਲ ਹੈ।

ਲਾਈਨ
  • ਰਾਜਸਥਾਨ ਦੇ ਸੀਕਰ ਵਿੱਚ ਗੈਂਗਸਟਰ ਰਾਜੂ ਠੇਠ ਦਾ ਸ਼ਨੀਵਾਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ
  • ਰਾਜੂ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ 'ਤੇ ਬਾਹਰ ਸੀ
  • ਪੁਲਿਸ ਮੁਤਾਬਕ, 4 ਹਮਲਾਵਰਾਂ ਨੇ ਰਾਜੂ 'ਤੇ ਉਸ ਦੇ ਘਰ ਦੇ ਦਰਵਾਜ਼ੇ 'ਤੇ ਹੀ ਹਮਲਾ ਕਰ ਦਿੱਤਾ
  • ਇਸ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ
ਲਾਈਨ

ਇਸ ਫੇਸਬੁੱਕ ਪੋਸਟ 'ਚ ਯੂਜ਼ਰ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਕਿ ਇਹ ਕਤਲ ਗੈਂਗਸਟਰ ਆਨੰਦਪਾਲ ਅਤੇ ਬਲਬੀਰ ਬਨੂੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।

ਲਾਈਨ
ਲਾਈਨ

ਪੁਲਿਸ ਨੇ ਕੀਤੀ ਕੁਝ ਹਮਲਾਵਰਾਂ ਦੀ ਪਛਾਣ

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਵਿਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ।

ਉਮੇਸ਼ ਮਿਸ਼ਰਾ, ਡੀਜੀਪੀ ਰਾਜਸਥਾਨ ਨੇ ਦੱਸਿਆ ਕਿ ''ਸਾਡੀਆਂ ਟੀਮਾਂ ਉਨ੍ਹਾਂ ਪਿੱਛੇ ਲੱਗੀਆਂ ਹੋਈਆਂ ਹਨ ਅਤੇ ਸ਼ੱਕ ਹੈ ਕਿ ਹਮਲਾਵਰ ਹਰਿਆਣਾ ਦੇ ਬਾਰਡਰ ਵੱਲ ਭੱਜੇ ਹਨ। ਉਨ੍ਹਾਂ ਦੇ ਫੜ੍ਹੇ ਜਾਣ ਨਾਲ ਹੋਰ ਜਾਣਕਾਰੀ ਮਿਲੇਗੀ। ਇਹ ਹਮਲਾ ਗੈਂਗਵਾਰ ਦਾ ਨਤੀਜਾ ਹੈ।''

ਗੈਂਗਸਟਰ ਰਾਜੂ ਠੇਠ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
ਤਸਵੀਰ ਕੈਪਸ਼ਨ, ਗੈਂਗਸਟਰ ਰਾਜੂ ਦਾ ਸਬੰਧ ਵੀਰ ਤੇਜਾ ਸੈਨਾ ਗੈਂਗ ਨਾਲ ਦੱਸਿਆ ਜਾਂਦਾ ਹੈ

ਕਤਲ ਦੇ ਰੋਸ ਵਿੱਚ ਬੰਦ ਦਾ ਸੱਦਾ

ਪੁਲਿਸ ਇਸ ਹਮਲੇ ਨੂੰ ਗੈਂਗਵਾਰ ਦਾ ਨਤੀਜਾ ਦੱਸ ਰਹੀ ਹੈ, ਜਿਸ ਵਿੱਚ ਰਾਜੂ ਦੇ ਨਾਲ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ।

ਰਾਜੂ ਦਾ ਸਬੰਧ ਵੀਰ ਤੇਜਾ ਸੈਨਾ ਗੈਂਗ ਨਾਲ ਦੱਸਿਆ ਜਾਂਦਾ ਹੈ ਅਤੇ ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਰਾਜੂ ਦੇ ਕਤਲ ਤੋਂ ਬਾਅਦ ਵੀਰ ਤੇਜਾ ਸੈਨਾ ਨੇ ਸੀਕਰ ਵਿੱਚ ਬੰਦ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਤਾਂ ਰਾਜੂ ਦੀ ਲਾਸ਼ ਸਵੀਕਾਰ ਕੀਤੀ ਜਾਵੇਗੀ ਅਤੇ ਨਾ ਹੀ ਉਸ ਦਾ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ।

ਲਾਈਨ