ਲੰਡਨ 'ਚ ਦੋ ਪੰਜਾਬੀਆਂ ਨੂੰ ਮਾਂ-ਧੀ ਦੀ ਮੌਤ ਦੇ ਮਾਮਲੇ 'ਚ ਸਜ਼ਾ, ਗੱਡੀਆਂ ਦੀ ਰੇਸ ਲਗਾਉਣ ਦੌਰਾਨ ਵਾਪਰਿਆ ਸੀ ਹਾਦਸਾ

ਤਸਵੀਰ ਸਰੋਤ, West Yorkshire Police
- ਲੇਖਕ, ਐਲਿਜ਼ਾਬੈਥ ਬੇਨਸ ਅਤੇ ਐਂਡਰਿਊ ਬਾਰਟਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਯੂਕੇ ਦੇ ਲੀਡਜ਼ ਸ਼ਹਿਰ ਦੇ ਵਿਚਕਾਰ ਇੱਕ ਸੜਕ 'ਤੇ ਆਪਣੀਆਂ ਤੇਜ਼ ਰਫ਼ਤਾਰ ਕਾਰਾਂ ਦੀ ਰੇਸ ਲਗਾਉਣ ਵਾਲੇ ਦੋ ਵਿਅਕਤੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੀ ਲਾਪਰਵਾਹੀ ਕਾਰਨ ਇੱਕ ਮਾਂ ਅਤੇ ਉਸ ਦੀ ਚਾਰ ਸਾਲਾ ਧੀ ਦੀ ਮੌਤ ਹੋ ਗਈ ਸੀ।
16 ਜਨਵਰੀ 2023 ਨੂੰ 27 ਸਾਲਾ ਜਸਟੀਨਾ ਹੁਲਬੋਜ ਅਤੇ ਉਸ ਦੀ ਧੀ ਲੇਨਾ ਜ਼ੇਪਜ਼ੋਰ A61 ਸਕਾਟ ਹਾਲ ਰੋਡ 'ਤੇ ਬੱਚੀ ਦੀ ਨਰਸਰੀ ਵੱਲ ਜਾ ਰਹੀਆਂ ਸਨ। ਇਸ ਦੌਰਾਨ ਇੱਕ ਔਡੀ TT RS ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਸੋਮਵਾਰ ਨੂੰ ਲੀਡਜ਼ ਕਰਾਊਨ ਕੋਰਟ ਵਿੱਚ 29 ਸਾਲਾ ਹਰਦੀਪ ਭੱਚੂ ਨੂੰ 12 ਸਾਲ ਅਤੇ 37 ਸਾਲਾ ਜਸਕਮਲ ਰਿਆਤ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਸਜ਼ਾ ਸੁਣਾਉਂਦਿਆਂ ਜੱਜ ਸਿੰਘ ਨੇ ਕਿਹਾ ਕਿ ਇਹ ਸੜਕ "ਕੋਈ ਰੇਸ ਟਰੈਕ ਨਹੀਂ ਹੈ।" ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਦੇ ਨਤੀਜੇ "ਸੋਚ ਤੋਂ ਪਰੇ" ਹਨ ਅਤੇ ਪਿੱਛੇ ਰਹਿ ਗਏ ਲੋਕਾਂ ਉੱਤੇ ਇਸ ਦਾ "ਬੇਹੱਦ ਡੂੰਘਾ" ਪ੍ਰਭਾਵ ਪਿਆ ਹੈ।
ਐਡਲ ਦੇ ਗ੍ਰਾਂਟ ਰੋ ਦਾ ਰਹਿਣ ਵਾਲਾ ਭੱਚੂ ਪਹਿਲਾਂ ਹੀ ਖਤਰਨਾਕ ਢੰਗ ਨਾਲ ਗੱਡੀ ਚਲਾ ਕੇ ਮੌਤ ਦਾ ਕਾਰਨ ਬਣਨ ਦੇ ਦੋ ਦੋਸ਼ਾਂ ਨੂੰ ਸਵੀਕਾਰ ਕਰ ਚੁੱਕਾ ਸੀ।
ਉੱਧਰ ਮੂਰਟਾਊਨ ਦੇ ਬੱਕਸਟੋਨ ਐਵੇਨਿਊ ਦੇ ਰਹਿਣ ਵਾਲੇ ਰਿਆਤ ਨੇ ਰੇਸ ਲਗਾਉਣ ਦੀ ਗੱਲ ਤੋਂ ਇਨਕਾਰ ਕੀਤਾ ਸੀ, ਪਰ ਜੂਰੀ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ।

ਤਸਵੀਰ ਸਰੋਤ, Getty Images
ਅਦਾਲਤ ਨੂੰ ਦੱਸਿਆ ਗਿਆ ਕਿ ਇਹ ਦੋਵੇਂ ਵਿਅਕਤੀ, ਜੋ ਪਹਿਲਾਂ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ, ਹਾਦਸੇ ਤੋਂ ਕੁਝ ਸਮਾਂ ਪਹਿਲਾਂ ਸਕਾਟ ਹਾਲ ਰੋਡ 'ਤੇ ਟ੍ਰੈਫਿਕ ਲਾਈਟ ਤੋਂ ਨਿਕਲਦੇ ਹੀ ਆਪਣੀਆਂ ਕਾਰਾਂ ਨੂੰ ਤੇਜ਼ ਰਫ਼ਤਾਰ ਨਾਲ ਦੌੜਾਉਣ ਲੱਗ ਪਏ ਸਨ।
ਸਰਕਾਰੀ ਵਕੀਲਾਂ ਨੇ ਦੱਸਿਆ ਕਿ 40 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਸੀਮਾ ਵਾਲੇ ਇਲਾਕੇ ਵਿੱਚ ਰਿਆਤ ਦੀ ਬੀਐੱਮਡਬਲਿਯੂ ਦੀ ਰਫ਼ਤਾਰ 89 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਇਸੇ ਦੌਰਾਨ ਭੱਚੂ ਆਪਣੀ ਔਡੀ ਗੱਡੀ ਉੱਤੇ ਕਾਬੂ ਗੁਆ ਬੈਠਾ, ਜਿਸ ਕਾਰਨ ਕਾਰ ਫੁੱਟਪਾਥ ਉੱਤੇ ਚੜ੍ਹ ਗਈ ਅਤੇ ਹੁਲਬੋਜ ਅਤੇ ਉਸ ਦੀ ਧੀ ਨੂੰ ਟੱਕਰ ਮਾਰ ਦਿੱਤੀ।
ਜੱਜ ਨੇ ਕੀ ਕਿਹਾ?
ਜੱਜ ਸਿੰਘ ਨੇ ਕਿਹਾ ਕਿ ਪੀੜਤਾਂ ਨੇ "ਕੁਝ ਵੀ ਗਲਤ ਨਹੀਂ ਕੀਤਾ ਸੀ" ਅਤੇ ਉਹ "ਸਿਰਫ਼ ਸਕੂਲ ਜਾ ਰਹੀਆਂ ਸਨ।"
ਦੋਸ਼ੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਸੜਕ ਕੋਈ ਰੇਸ ਟਰੈਕ ਨਹੀਂ ਹੈ। ਇੱਕ ਸ਼ਕਤੀਸ਼ਾਲੀ ਕਾਰ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਜਨਤਕ ਸੜਕ 'ਤੇ ਉਸ ਦੀ ਸਮਰੱਥਾ ਦੀ ਪਰਖ ਕਰੋ।
"ਬਹੁਤ ਤੇਜ਼ ਰਫ਼ਤਾਰ ਨਾਲ ਰੇਸ ਲਗਾਉਣ ਜਾਂ ਮੁਕਾਬਲੇਬਾਜ਼ੀ ਵਾਲੀ ਡਰਾਈਵਿੰਗ ਦੇ ਨਤੀਜੇ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ।"
ਉਨ੍ਹਾਂ ਅੱਗੇ ਕਿਹਾ, "ਉਸ ਸਵੇਰੇ ਜਸਟੀਨਾ ਅਤੇ ਲੇਨਾ ਨੂੰ ਸਕੂਲ ਜਾਣਾ ਸੀ। ਉਨ੍ਹਾਂ ਨੇ ਘਰ ਵਾਪਸ ਆਉਣਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਅੱਗੇ ਜੀਉਣੀ ਸੀ।
"ਪਰ ਇਸ ਦੀ ਬਜਾਏ, ਫੁੱਟਪਾਥ 'ਤੇ ਹੀ ਉਨ੍ਹਾਂ ਦੀ ਜਾਨ ਚਲੀ ਗਈ, ਕਿਉਂਕਿ ਦੋ ਡਰਾਈਵਰਾਂ ਨੇ ਇਸ ਤਰ੍ਹਾਂ ਗੱਡੀ ਚਲਾਉਣ ਦੀ ਚੋਣ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੁਰੱਖਿਆ ਤੋਂ ਵੱਧ ਤੇਜ਼ ਰਫ਼ਤਾਰ ਅਤੇ ਮੁਕਾਬਲੇਬਾਜ਼ੀ ਨੂੰ ਅਹਿਮੀਅਤ ਦਿੱਤੀ।"

ਤਸਵੀਰ ਸਰੋਤ, Family handout
'ਇੱਕ ਹੀ ਪਲ ਵਿੱਚ ਮੇਰੀ ਪੂਰੀ ਦੁਨੀਆ ਉਜੜ ਗਈ'
ਭੱਚੂ ਦੀ ਵਕੀਲ ਸੁਜ਼ਾਨਾ ਪ੍ਰੋਕਟਰ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਮੁਅੱਕਲ ਇੱਕ "ਆਮ ਇਨਸਾਨ ਹੈ, ਜਿਸ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਹੈ।"
ਉਨ੍ਹਾਂ ਕਿਹਾ ਕਿ "ਉਸ ਨੇ ਜੋ ਤਬਾਹੀ ਮਚਾਈ ਹੈ, ਉਸ ਦੇ ਅਹਿਸਾਸ ਨਾਲ ਹੀ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਗੁਜ਼ਾਰਨੀ ਪਵੇਗੀ।"
ਉਨ੍ਹਾਂ ਨੇ ਅੱਗੇ ਕਿਹਾ, "ਉਸ ਦਾ ਇਰਾਦਾ ਇਹ ਤਬਾਹੀ ਮਚਾਉਣ ਦਾ ਨਹੀਂ ਸੀ, ਪਰ ਉਸ ਦੀਆਂ ਹਰਕਤਾਂ ਕਰਕੇ ਇਹ ਤਬਾਹੀ ਵਾਪਰੀ।"
ਹੁਲਬੋਜ ਦੇ ਮੰਗੇਤਰ ਡੋਮਿਨਿਕ ਜ਼ੇਪਜ਼ੋਰ ਨੇ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਖੁਦ ਦੇਖੀ।
ਉਨ੍ਹਾਂ ਵੱਲੋਂ ਇੱਕ ਬਿਆਨ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਕਿਹਾ ਗਿਆ:
"ਇੱਕ ਹੀ ਪਲ ਵਿੱਚ ਮੇਰੀ ਪੂਰੀ ਦੁਨੀਆ ਉਜੜ ਗਈ। ਉਨ੍ਹਾਂ ਦੇ ਜਾਣ ਤੋਂ ਬਾਅਦ ਹਰ ਦਿਨ ਮੈਂ ਇੱਕ ਡੂੰਘਾ ਖਾਲੀਪਣ ਮਹਿਸੂਸ ਕਰਦਾ ਹਾਂ। ਸਾਡੇ ਬਹੁਤ ਸਾਰੇ ਸੁਪਨੇ ਅਤੇ ਉਮੀਦਾਂ ਸਨ, ਪਰ ਇੱਕ ਪਲ ਵਿੱਚ ਹੀ ਸਭ ਕੁਝ ਖਤਮ ਹੋ ਗਿਆ। ਮੇਰਾ ਸੁਪਨਾ ਇੱਕ ਖੂਬਸੂਰਤ ਪਰਿਵਾਰ ਦਾ ਸੀ ਅਤੇ ਮੈਂ ਕਹਿ ਸਕਦਾ ਹਾਂ ਕਿ ਕੁਝ ਸਮੇਂ ਲਈ ਇਹ ਸੁਪਨਾ ਸੱਚ ਵੀ ਹੋਇਆ ਸੀ, ਪਰ 16 ਜਨਵਰੀ ਨੂੰ ਇਹ ਸਭ ਕੁਝ ਮੇਰੇ ਕੋਲੋਂ ਖੋਹ ਲਿਆ ਗਿਆ। ਬਦਕਿਸਮਤੀ ਨਾਲ, ਹੁਣ ਸਿਰਫ਼ ਸੋਹਣੀਆਂ ਯਾਦਾਂ ਹੀ ਬਚੀਆਂ ਹਨ ਅਤੇ ਹਰ ਆਉਣ ਵਾਲੇ ਦਿਨ ਨਾਲ ਇੱਕ ਲਗਾਤਾਰ ਸੰਘਰਸ਼ ਹੈ, ਜੋ ਬਿਲਕੁਲ ਵੀ ਆਸਾਨ ਨਹੀਂ ਹੈ।"
ਵੈਸਟ ਯੌਰਕਸ਼ਾਇਰ ਪੁਲਿਸ ਦੀ ਮੇਜਰ ਕੋਲੀਜ਼ਨ ਇਨਕਵਾਇਰੀ ਟੀਮ ਦੇ ਡਿਟੈਕਟਿਵ ਇੰਸਪੈਕਟਰ ਪੌਲ ਕਾਨਰੌਏ ਨੇ ਕਿਹਾ, "ਇਨ੍ਹਾਂ ਲੋਕਾਂ ਦੀਆਂ ਹਰਕਤਾਂ ਕਾਰਨ ਇੱਕ ਮਹਿਲਾ ਅਤੇ ਉਸ ਦੀ ਨਿੱਕੀ ਧੀ ਦੀ ਜਾਨ ਚਲੀ ਗਈ। ਮੈਨੂੰ ਪਤਾ ਹੈ ਕਿ ਗੁਆਚੀਆਂ ਜ਼ਿੰਦਗੀਆਂ ਦੀ ਭਰਪਾਈ ਕਰਨ ਲਈ ਕੋਈ ਵੀ ਸਜ਼ਾ ਕਦੇ ਕਾਫ਼ੀ ਨਹੀਂ ਹੋ ਸਕਦੀ।"
"ਹਾਲਾਂਕਿ, ਸਜ਼ਾ ਸੁਣਾਏ ਜਾਣ ਨਾਲ ਜਸਟੀਨਾ ਅਤੇ ਲੇਨਾ ਦੇ ਪਰਿਵਾਰ ਲਈ ਲੰਬੀ ਅਪਰਾਧਿਕ ਨਿਆਂ ਪ੍ਰਕਿਰਿਆ ਦਾ ਇੱਕ ਅੰਤ ਹੋਇਆ ਹੈ। ਭੱਚੂ ਵੱਲੋਂ ਇਸ ਦੁਖਦਾਈ ਘਟਨਾ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੇ ਦੋ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਨਸਾਫ਼ ਲਈ ਇਸ ਲੰਬੇ ਇੰਤਜ਼ਾਰ ਨੇ ਪਰਿਵਾਰ ਨੂੰ ਬਹੁਤ ਪੀੜਾ ਦਿੱਤੀ ਹੈ। ਅੱਜ ਮੇਰੀ ਪੂਰੀ ਹਮਦਰਦੀ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































