ਕੀ ਕਿਸੇ ਨੂੰ ਦੇਖ ਕੇ ਆਇਰਨ ਦੀ ਕਮੀ ਦਾ ਪਤਾ ਲਗਾਇਆ ਜਾ ਸਕਦਾ ਹੈ, ਡਾਕਟਰ ਕੀ ਕਹਿੰਦੇ ਹਨ?

ਲੂਸੀ ਦੀਆਂ ਦੋ ਵੱਖ ਵੱਖ ਤਸਵੀਰਾਂ
    • ਲੇਖਕ, ਜ਼ਾਰਾ ਸਲਾਰੀਆ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

"ਕੀ ਤੁਹਾਡਾ ਫੈਰੀਟਿਨ ਚਿਹਰਾ ਹੈ ?"

ਇੱਕ ਮੁਟਿਆਰ ਟਿਕਟੌਕ 'ਤੇ ਅੱਖਾਂ ਦੇ ਕਾਲੇ ਘੇਰੇ, ਬੇਜਾਨ ਚਮੜੀ ਅਤੇ ਕਮਜ਼ੋਰ ਵਾਲਾਂ ਵੱਲ ਇਸ਼ਾਰਾ ਕਰਦਿਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦਿਖਾਉਂਦਿਆਂ ਪੁੱਛਦੀ ਹੈ। ਇਹ ਕੰਟੈਂਟ ਕ੍ਰੀਏਟਰ ਇਨ੍ਹਾਂ ਲੱਛਣਾਂ ਦਾ ਕਾਰਨ ਸਰੀਰ ਵਿੱਚ ਆਇਰਨ ਦੇ ਘੱਟ ਪੱਧਰ ਨੂੰ ਦੱਸਦੀ ਹੈ।

ਇਹ ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਲਗਾਤਾਰ ਵਧ ਰਹੀਆਂ ਉਨ੍ਹਾਂ ਵੀਡੀਓਜ਼ ਅਤੇ ਪੋਸਟਾਂ ਵਿੱਚੋਂ ਇੱਕ ਹੈ ਜੋ ਇਹ ਦਾਅਵਾ ਕਰਦੀਆਂ ਹਨ ਕਿ ਸਰੀਰ ਵਿੱਚ ਘੱਟ ਫੈਰੀਟਿਨ (ਸਰੀਰ ਵਿੱਚ ਆਇਰਨ ਨੂੰ ਜਮ੍ਹਾ ਰੱਖਣ ਵਾਲਾ ਪ੍ਰੋਟੀਨ) ਤੁਹਾਡੇ ਚਿਹਰੇ 'ਤੇ ਸਾਫ਼ ਦਿਸਣ ਵਾਲੇ ਨਿਸ਼ਾਨ ਛੱਡ ਸਕਦਾ ਹੈ।

ਯੂਜ਼ਰਸ ਫਿੱਕੀ ਜਾਂ ਭੂਰੀ ਸਲੇਟੀ ਦਿਸਣ ਵਾਲੀ ਚਮੜੀ ਅੱਖਾਂ ਦੇ ਕਾਲੇ ਘੇਰੇ, ਸੁੱਕੇ ਜਾਂ ਫਟੇ ਬੁੱਲ੍ਹ , ਵਾਲਾਂ ਦਾ ਝੜਨਾ ਅਤੇ ਕਮਜ਼ੋਰ ਨਹੁੰਆਂ ਜਿਹੇ ਲੱਛਣਾਂ ਦੀ ਸੂਚੀ ਸਾਂਝੀ ਕਰਦੇ ਹਨ ਜਦਕਿ ਕੁਝ ਲੋਕ ਆਪਣੀਆਂ ਤਸਵੀਰਾਂ ਸਾਂਝੀਆਂ ਕਰਕੇ ਚਿਹਰੇ 'ਤੇ ਸਾਫ਼ ਦਿਖਾਈ ਦੇਣ ਵਾਲੇ ਵੱਡੇ ਬਦਲਾਵਾਂ ਦਾ ਦਾਅਵਾ ਕਰਦੇ ਹਨ।

ਸ਼ਬਦ 'ਫੈਰੀਟਿਨ ਫੇਸ' ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਫੈਲਿਆ ਹੈ ਅਤੇ ਇਸ ਨਾਲ ਜੁੜੀਆਂ ਵੀਡੀਓਜ਼ ਨੂੰ ਲੱਖਾਂ ਵਿਊਜ਼ ਮਿਲ ਰਹੇ ਹਨ।

ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ਼ ਦਿੱਖ ਤੋਂ ਆਇਰਨ ਦੀ ਕਮੀ ਬਾਰੇ ਪਤਾ ਨਹੀਂ ਲਗਾਇਆ ਜਾ ਸਕਦਾ।

ਵੈਸਟ ਮਿਡਲੈਂਡ ਵਿੱਚ ਜਨਰਲ ਪ੍ਰੈਕਟਿਸ਼ਨਰ ਡਾ. ਅਜ਼ੀਜ਼ ਸੇਸੇ ਨੇ ਕਿਹਾ, "ਫੈਰੀਟਿਨ ਫੇਸ ਕੋਈ ਡਾਕਟਰੀ ਜਾਂਚ ਜਾਂ ਬਿਮਾਰੀ ਨਹੀਂ ਹੈ। ਹਾਲਾਂਕਿ ਇਹ ਇੱਕ ਸੰਕੇਤ ਹੋ ਸਕਦਾ ਹੈ ਜੋ ਦੱਸਦਾ ਹੈ ਕਿ ਸਰੀਰ ਵਿੱਚ ਕੋਈ ਗੜਬੜ ਚੱਲ ਰਹੀ ਹੈ।"

ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਫਿੱਕੀ ਚਮੜੀ, ਵਾਲਾਂ ਦਾ ਝੜਨਾ ਜਾਂ ਕਮਜ਼ੋਰ ਨਹੁੰ ਸਰੀਰ ਵਿੱਚ ਆਇਰਨ ਦੀ ਕਮੀ ਨਾਲ ਹੋ ਸਕਦੇ ਹਨ ਪਰ ਇਹ ਹੋਰ ਬਿਮਾਰੀਆਂ ਦੇ ਲੱਛਣ ਵੀ ਹੋ ਸਕਦੇ ਹਨ।

ਫੈਰੀਟਿਨ ਕੀ ਹੈ ?

ਫੈਰੀਟਿਨ ਫੇਸ ਬਾਰੇ ਸੋਸ਼ਲ ਮੀਡੀਆ ਪੋਸਟਾਂ ਦਾ ਕੋਲਾਜ
ਤਸਵੀਰ ਕੈਪਸ਼ਨ, ਫੈਰੀਟਿਨ ਪੱਧਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਸਰੀਰ ਵਿੱਚ ਆਇਰਨ ਦਾ ਭੰਡਾਰ ਕਿੰਨਾ ਚੰਗਾ ਹੈ

ਤੁਹਾਡਾ ਫੈਰੀਟਿਨ ਪੱਧਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਸਰੀਰ ਵਿੱਚ ਆਇਰਨ ਦਾ ਭੰਡਾਰ ਕਿੰਨਾ ਚੰਗਾ ਹੈ ਜਦੋਂ ਕਿ ਹੀਮੋਗਲੋਬਿਨ ਰੈਡ ਬਲੱਡ ਸੈਲਾਂ ਵਿੱਚ ਮੌਜੂਦ ਇੱਕ ਪ੍ਰੋਟੀਨ ਹੈ ਜੋ ਆਕਸੀਜਨ ਲੈ ਕੇ ਜਾਂਦਾ ਹੈ। ਜਦੋਂ ਹੀਮੋਗਲੋਬਿਨ ਘੱਟ ਹੁੰਦਾ ਹੈ ਤਾਂ ਖੂਨ ਓਨੀ ਆਕਸੀਜਨ ਨਹੀਂ ਲਿਜਾ ਸਕਦਾ। ਇਸ ਸਥਿਤੀ ਨੂੰ ਅਨੀਮੀਆ ਕਿਹਾ ਜਾਂਦਾ ਹੈ।

ਪਰ ਅਜਿਹਾ ਹੋਣ ਤੋਂ ਪਹਿਲਾਂ ਵੀ ਆਇਰਨ ਦਾ ਭੰਡਾਰ ਘੱਟ ਹੋ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਕੋਈ ਵਿਅਕਤੀ ਅਨੀਮੀਆ ਤੋਂ ਬਿਨ੍ਹਾਂ ਵੀ ਆਇਰਨ ਦੀ ਕਮੀ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਉਸ ਵਿੱਚ ਇਸ ਦੇ ਲੱਛਣ ਦਿਖਾਈ ਦੇ ਸਕਦੇ ਹਨ।

ਖੂਨ ਰੋਗਾਂ ਦੇ ਮਾਹਿਰ ਡਾਕਟਰ ਡ੍ਰਿਲ ਪੋਵਨ ਨੇ ਕਿਹਾ, "ਤੁਹਾਡੇ ਸਰੀਰ ਵਿੱਚ ਆਇਰਨ ਦਾ ਕੋਈ ਭੰਡਾਰ ਨਹੀਂ ਬਚਿਆ ਹੈ ਪਰ ਤੁਸੀਂ ਆਪਣਾ ਹੀਮੋਗਲੋਬਿਨ ਬਰਕਰਾਰ ਰੱਖ ਰਹੇ ਹੋ। ਇਹ ਇੱਕ ਬਹੁਤ ਵੱਡਾ ਵਿਰੋਧਾਭਾਸ ਹੈ।"

ਖੂਨ ਰੋਗਾਂ ਦੇ ਮਾਹਿਰ ਡਾਕਟਰ ਸੂ ਪੈਵੋਰਡ ਨੇ ਦੱਸਿਆ ਕਿ ਔਰਤਾਂ ਵਿੱਚ ਆਇਰਨ ਦੀ ਕਮੀ ਹੋਣਾ ਬਹੁਤ ਆਮ ਗੱਲ ਹੈ ਅਤੇ ਅਕਸਰ ਇਸ ਦੀ ਸਮੇਂ ਸਿਰ ਸਹੀ ਜਾਂਚ ਨਹੀਂ ਹੋ ਪਾਉਂਦੀ।

ਬ੍ਰਿਟਿਸ਼ ਸੁਸਾਇਟੀ ਆਫ ਗੈਸਟ੍ਰੋਐਂਟਰੌਲੌਜੀ ਦੇ ਯੂ.ਕੇ. ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਤੀ ਲੀਟਰ 15 ਮਾਈਕ੍ਰੋਗ੍ਰਾਮ ਤੋਂ ਘੱਟ ਫੈਰੀਟਿਨ ਸਰੀਰ ਵਿੱਚ ਆਇਰਨ ਭੰਡਾਰ ਖਤਮ ਹੋਣ ਨੂੰ ਦਰਸਾਉਂਦਾ ਹੈ ਜਦਕਿ ਤੀਹ ਤੋਂ ਸੱਠ ਆਮ ਤੌਰ 'ਤੇ ਆਇਰਨ ਦੇ ਘੱਟ ਭੰਡਾਰ ਦਾ ਸੰਕੇਤ ਦਿੰਦਾ ਹੈ।

ਇੰਸਟਾਗ੍ਰਾਮ ਅਤੇ ਟਿਕਟੌਕ 'ਤੇ ਵਾਲ ਝੜਨ ਬਾਰੇ ਪੋਸਟਾਂ ਪਾਉਣ ਵਾਲੀ 32 ਸਾਲਾ ਲੂਸੀ ਐਮ ਨੇ ਕਿਹਾ ਕਿ ਫੈਰੀਟਿਨ ਫੇਸ ਉਨ੍ਹਾਂ ਬਦਲਾਵਾਂ ਨੂੰ ਬਿਆਨ ਕਰਦਾ ਜਾਪਦਾ ਹੈ ਜੋ ਉਸ ਨੇ ਆਪਣੇ ਆਪ ਵਿੱਚ ਮਹਿਸੂਸ ਕੀਤੇ ਸਨ।

ਸਾਲ 2021 ਵਿੱਚ ਉਸ ਨੂੰ ਦਿਲ ਦੀ ਧੜਕਣ ਤੇਜ਼ ਹੋਣ ਨਾਲ ਬਹੁਤ ਜ਼ਿਆਦਾ ਥਕਾਵਟ ਅਤੇ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋਈ। ਪਹਿਲਾਂ ਬਲੱਡ ਟੈਸਟਾਂ ਨੂੰ ਨੌਰਮਲ ਦੱਸ ਕੇ ਉਸ ਨੂੰ ਘਬਰਾਹਟ ਦਾ ਮਰੀਜ਼ ਦੱਸਿਆ ਗਿਆ ਪਰ ਬਾਅਦ ਵਿੱਚ ਕੀਤੇ ਗਏ ਇੱਕ ਟੈਸਟ ਵਿੱਚ ਪਤਾ ਲੱਗਿਆ ਕਿ ਉਸ ਦਾ ਫੈਰੀਟਿਨ ਪੱਧਰ ਸਿਰਫ਼ 12 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਸੀ।

ਲੂਸੀ ਨੇ ਦੱਸਿਆ ਕਿ ਉਹ ਸਲੇਟੀ ਦਿਸਣ ਲੱਗ ਪਈ ਸੀ ਅਤੇ ਉਸ ਦੇ ਵਾਲ ਬੇਜਾਨ ਅਤੇ ਕਮਜ਼ੋਰ ਹੋ ਗਏ ਸਨ। ਉਸ ਨੇ ਬੀਬੀਸੀ ਨਾਲ ਉਦੋਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਉਸ ਦੀ ਦਿੱਖ ਅਤੇ ਮਹਿਸੂਸ ਕਰਨ ਦੇ ਤਰੀਕੇ ਵਿੱਚ ਦਿਨ ਰਾਤ ਦਾ ਫਰਕ ਸੀ।

ਕੀ ਘੱਟ ਆਇਰਨ ਤੁਹਾਡਾ ਚਿਹਰਾ ਬਦਲ ਸਕਦਾ ਹੈ ?

ਫੈਰੀਟਿਨ ਫੇਸ ਬਾਰੇ ਬਣੀਆਂ ਵੀਡੀਓਜ਼ ਅਕਸਰ ਦੇਖਣ ਵਾਲਿਆਂ ਨੂੰ ਸਰੀਰਕ ਲੱਛਣਾਂ ਜਿਵੇਂ ਕਿ ਅੱਖਾਂ ਦੇ ਕਾਲੇ ਘੇਰੇ, ਫਿੱਕੀ ਚਮੜੀ, ਸੁੱਕੇ ਬੁੱਲ੍ਹ, ਪਤਲੇ ਵਾਲ ਅਤੇ ਕਮਜ਼ੋਰ ਨਹੁੰਆਂ ਦੇ ਇੱਕ ਸੁਮੇਲ ਨੂੰ ਪਛਾਣਨ ਅਤੇ ਉਨ੍ਹਾਂ ਦੀ ਤੁਲਨਾ ਆਪਣੀ ਦਿੱਖ ਨਾਲ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।

ਕੈਮਰੇ ਵੱਲ ਦੇਖਦਿਆਂ ਇੱਕ ਕੰਟੈਂਟ ਕ੍ਰੀਏਟਰ ਕਹਿੰਦੀ ਹੈ, "ਤੁਸੀਂ ਬਦਸੂਰਤ ਨਹੀਂ ਹੋ, ਤੁਹਾਡਾ ਫੈਰੀਟਿਨ ਘੱਟ ਹੈ।"

ਡਾਕਟਰ ਪ੍ਰੋਵਨ ਨੇ ਕਿਹਾ ਕਿ ਕਿਸੇ ਦੇ ਚਿਹਰੇ ਨੂੰ ਦੇਖ ਕੇ ਉਸ ਦੇ ਫੈਰੀਟਿਨ ਪੱਧਰ ਦਾ ਪਤਾ ਲਗਾਉਣਾ ਅਸੰਭਵ ਹੈ।

ਉਨ੍ਹਾਂ ਨੇ ਸਮਝਾਇਆ ਕਿ ਜੋ ਲੋਕ ਗੰਭੀਰ ਅਨੀਮੀਆ ਦਾ ਸ਼ਿਕਾਰ ਹੁੰਦੇ ਹਨ ਉਹ ਫਿੱਕੇ ਦਿਸਦੇ ਹੋ ਸਕਦੇ ਹਨ ਜਦਕਿ ਥਕਾਵਟ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦਾ ਕਾਰਨ ਬਣ ਸਕਦੀ ਹੈ ਪਰ ਇਹ ਦਿਖਾਈ ਦੇਣ ਵਾਲੇ ਸੰਕੇਤ ਵਿਅਕਤੀਗਤ ਅਤੇ ਭਰੋਸੇਯੋਗ ਨਹੀਂ ਹੁੰਦੇ ਹਨ।

ਡਾਕਟਰ ਸੇਸੇ ਨੇ ਅੱਗੇ ਕਿਹਾ ਕਿ ਗਹਿਰੀ ਚਮੜੀ ਵਾਲੇ ਲੋਕਾਂ ਵਿੱਚ ਚਮੜੀ ਦੇ ਰੰਗ ਵਿੱਚ ਬਦਲਾਅ ਇੰਨੇ ਸਾਫ਼ ਦਿਖਾਈ ਨਹੀਂ ਦਿੰਦੇ ਜਿਸ ਦਾ ਮਤਲਬ ਹੈ ਜੇਕਰ ਕੋਈ ਵਿਅਕਤੀ ਖਾਸ ਤੌਰ 'ਤੇ ਇੰਟਰਨੈਟ 'ਤੇ ਦੱਸੇ ਲੱਛਣਾਂ ਨੂੰ ਲੱਭ ਰਿਹਾ ਹੈ ਤਾਂ ਉਹ ਆਇਰਨ ਦੀ ਕਮੀ ਨੂੰ ਪਛਾਣਨ ਤੋਂ ਖੁੰਝ ਸਕਦਾ ਹੈ।

ਜਾਗਰੂਕਤਾ ਜਾਂ ਗਲਤ ਜਾਣਕਾਰੀ ?

ਟਿਕਟੌਕ ਵੀਡੀਓ ਦਾ ਸਕਰੀਨ ਸ਼ੌਟ
ਤਸਵੀਰ ਕੈਪਸ਼ਨ, ਬਿਨ੍ਹਾਂ ਨਿਦਾਨ ਤੋਂ ਆਇਰਨ ਸਪਲੀਮੈਂਟ ਲੈਣਾ ਖਤਰਨਾਕ ਹੋ ਸਕਦਾ ਹੈ,

ਡਾਕਟਰਾਂ ਲਈ ਲੱਛਣ ਅਤੇ ਕੋਈ ਕਿਵੇਂ ਮਹਿਸੂਸ ਕਰ ਰਿਹਾ ਹੈ, ਉਸ ਦੀ ਦਿੱਖ ਤੋਂ ਵਧੇਰੇ ਮਹੱਤਵਪੂਰਨ ਹੁੰਦੇ ਹਨ। ਡਾਕਟਰ ਪ੍ਰੋਵਨ ਅਤੇ ਸੇਸੇ ਨੇ ਕਿਹਾ ਕਿ ਬਲੱਡ ਟੈਸਟ ਨਾ ਸਿਰਫ਼ ਆਇਰਨ ਦੀ ਕਮੀ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹਨ ਸਗੋਂ ਇਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਅਤੇ ਸਹੀ ਇਲਾਜ ਲਈ ਮਾਰਗਦਰਸ਼ਨ ਕਰਨ ਵਾਸਤੇ ਵੀ ਮਹੱਤਵਪੂਰਨ ਹਨ।

ਦੋਵਾਂ ਨੇ ਕਿਹਾ ਕਿ ਇਲਾਜ ਦੌਰਾਨ ਇਸ ਦੇ ਅਸਲ ਕਾਰਨ ਨੂੰ ਵੀ ਠੀਕ ਕਰਨਾ ਚਾਹੀਦਾ ਹੈ। ਮਾਹਵਾਰੀ ਦੌਰਾਨ ਜ਼ਿਆਦਾ ਖੂਨ ਵਗਣਾ, ਖੁਰਾਕ ਵਿੱਚ ਆਇਰਨ ਦੀ ਕਮੀ, ਪੇਟ ਵਿੱਚ ਖੂਨ ਦਾ ਰਿਸਾਅ ਅਤੇ ਆਂਦਰਾਂ ਰਾਹੀਂ ਆਇਰਨ ਸੋਖਣ ਵਿੱਚ ਸਮੱਸਿਆ ਆਉਣਾ ਇਹ ਸਾਰੇ ਕਾਰਨ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਆਇਰਨ ਦੀ ਕਮੀ ਦਾ ਇਲਾਜ ਆਮ ਤੌਰ 'ਤੇ ਖਾਣ ਵਾਲੀਆਂ ਆਇਰਨ ਦੀਆਂ ਗੋਲੀਆਂ ਨਾਲ ਕੀਤਾ ਜਾਂਦਾ ਹੈ। ਡਾਕਟਰ ਪੈਵੋਰਡ ਨੇ ਕਿਹਾ ਕਿ ਆਇਰਨ ਦੀਆਂ ਗੋਲੀਆਂ ਖਾਲੀ ਪੇਟ ਲੈਣੀਆਂ ਸਭ ਤੋਂ ਵਧੀਆ ਹੁੰਦੀਆਂ ਹਨ ਖਾਸ ਕਰਕੇ ਸਵੇਰੇ ਸਭ ਤੋਂ ਪਹਿਲਾਂ।

ਉਨ੍ਹਾਂ ਨੇ ਗੋਲੀਆਂ ਲੈਣ ਦੇ ਸਮੇਂ ਦੇ ਅੱਗੇ ਪਿੱਛੇ ਚਾਹ-ਕੌਫੀ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਕਿਉਂਕਿ ਇਹ ਸਰੀਰ ਵਿੱਚ ਆਇਰਨ ਸੋਖਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ।

ਆਇਰਨ ਕੁਝ ਭੋਜਨਾਂ ਜਿਵੇਂ ਕਿ ਮੀਟ, ਬੀਨਜ਼, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫੋਰਟੀਫਾਈਡ ਅਨਾਜ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਬਿਨ੍ਹਾਂ ਨਿਦਾਨ ਤੋਂ ਆਇਰਨ ਸਪਲੀਮੈਂਟ ਲੈਣਾ ਖਤਰਨਾਕ ਹੋ ਸਕਦਾ ਹੈ, ਆਪਣਾ ਇਲਾਜ ਖੁਦ ਕਰਨਾ ਕਿਸੇ ਲੁਕੀ ਹੋਈ ਸਮੱਸਿਆ ਦੀ ਜਾਂਚ ਵਿੱਚ ਦੇਰੀ ਕਰਵਾ ਸਕਦਾ ਹੈ।

ਲੂਸੀ ਨੇ ਕਿਹਾ ਕਿ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਨੇ ਔਰਤਾਂ ਨੂੰ ਆਪਣੇ ਲੱਛਣਾਂ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਵਿੱਚ ਮਦਦ ਕੀਤੀ ਹੈ ਅਤੇ ਕੁਝ ਔਰਤਾਂ ਨੂੰ ਗਲਤ ਮਹਿਸੂਸ ਹੋਣ 'ਤੇ ਸਵਾਲ ਪੁੱਛਣ ਦਾ ਹੌਂਸਲਾ ਦਿੱਤਾ ਹੈ।

ਉਸ ਨੇ ਕਿਹਾ, "ਬਹੁਤ ਸਾਰੀਆਂ ਔਰਤਾਂ ਇਹ ਕਹਿ ਰਹੀਆਂ ਹਨ, 'ਓ ਰੱਬਾ ਇਹ ਤਾਂ ਮੇਰੀ ਜਿਹੀ ਸਥਿਤੀ ਹੈ।' ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕੋਈ ਡਾਕਟਰ ਨਹੀਂ ਹੈ ਅਤੇ ਆਪਣਾ ਕੰਟੈਂਟ ਨਿੱਜੀ ਤਜਰਬੇ ਵਜੋਂ ਪੇਸ਼ ਕਰਦੀ ਹੈ।"

ਉਸ ਲਈ ਅਜਿਹਾ ਕਰਨਾ ਸ਼ਕਤੀਸ਼ਾਲੀ ਰਿਹਾ ਹੈ ਜਿਸ ਨਾਲ ਔਰਤਾਂ ਨੂੰ ਅਜਿਹੀ ਜਾਣਕਾਰੀ ਮਿਲਦੀ ਹੈ ਜਿਸ ਦੀ ਮਦਦ ਨਾਲ ਉਹ ਆਪਣੇ ਸਿਹਤ ਹੱਕਾਂ ਲਈ ਖੁਦ ਅਵਾਜ਼ ਉਠਾ ਸਕਦੀਆਂ ਹਨ।

ਡਾਕਟਰ ਸੇਸੇ ਨੇ ਸੋਸ਼ਲ ਮੀਡੀਆ ਨੂੰ ਇੱਕ 'ਦੋ-ਧਾਰੀ ਤਲਵਾਰ' ਕਿਹਾ ਹੈ। ਇਹ ਲੋਕਾਂ ਨੂੰ ਮਦਦ ਮੰਗਣ ਲਈ ਪ੍ਰੇਰਿਤ ਕਰ ਸਕਦਾ ਹੈ ਪਰ ਇਹ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਵੀਡੀਓ ਦੇਖ ਕੇ ਖੁਦ ਦੀ ਗਲਤ ਡਾਕਟਰੀ ਜਾਂਚ ਕਰਨ ਵੱਲ ਲਿਜਾ ਸਕਦਾ ਹੈ।

ਲੂਸੀ ਲਈ ਇਸ ਦਾ ਫਾਇਦੇਮੰਦ ਹਿੱਸਾ ਆਪਣੀ ਦਿੱਖ ਤੋਂ ਖੁਦ ਦੀ ਬਿਮਾਰੀ ਦਾ ਅੰਦਾਜ਼ਾ ਲਗਾਉਣਾ ਨਹੀਂ ਬਲਕਿ ਇਹ ਜਾਣਨਾ ਹੈ ਕਿ ਜਦੋਂ ਕੁਝ ਸਹੀ ਮਹਿਸੂਸ ਨਾ ਹੋਵੇ ਤਾਂ ਕਦੋਂ ਸਵਾਲ ਪੁੱਛਣੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)