ਮਾਨਸਾ ਵਿੱਚ ਦਲਜੀਤ ਦੀ ਮੌਤ ਕਿਵੇਂ ਹੋਈ, ਮ੍ਰਿਤਕ ਦੇਹ ਕਿੱਥੇ ਹੈ, ਦਲਜੀਤ ਦੇ ਪਿਤਾ ਬਾਰੇ ਪੁਲਿਸ ਕੀ ਕਹਿ ਰਹੀ - ਕੇਸ ਨਾਲ ਜੁੜੇ ਅਹਿਮ ਸਵਾਲ ਜਿਹੜੇ ਖੜ੍ਹੇ ਹੋਏ

ਮ੍ਰਿਤਕ ਦਲਜੀਤ ਸਿਂਘ
ਤਸਵੀਰ ਕੈਪਸ਼ਨ, ਦਲਜੀਤ ਸਿੰਘ ਸਿੰਘ ਦੀ ਉਮਰ 35 ਸਾਲ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

35 ਸਾਲਾ ਦਲਜੀਤ ਸਿੰਘ ਦੀ ਮੰਗਲਵਾਰ ਨੂੰ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਹੈ, ਜਦਕਿ ਪਰਿਵਾਰ ਦਾ ਦਾਅਵਾ ਹੈ ਕਿ ਦਲਜੀਤ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ।

ਦਲਜੀਤ ਦੀ ਲਾਸ਼ ਦਾ ਪੋਸਟਮਾਰਟਮ ਹੋ ਚੁੱਕਾ ਹੈ, ਪਰ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਅਜੇ ਤੱਕ ਉਸ ਦੀ ਮ੍ਰਿਤਕ ਦੇਹ ਨਹੀਂ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਦਲਜੀਤ ਦੇ ਪਿਤਾ ਦੀ ਵੀ ਭਾਲ ਕਰ ਰਿਹਾ ਹੈ, ਜੋ ਅਜੇ ਤੱਕ ਘਰ ਨਹੀਂ ਪਰਤੇ।

ਮੰਗਲਵਾਰ ਨੂੰ ਪੁਲਿਸ ਨੇ ਦਲਜੀਤ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਉਸ ਸਮੇਂ ਪਰਿਵਾਰ ਅਤੇ ਪਿੰਡ ਵਾਸੀ ਲਾਸ਼ ਨੂੰ ਲੈ ਕੇ ਭੰਮੇ ਕਲਾਂ ਪਿੰਡ ਤੋਂ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ।

ਪਰ ਰਸਤੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਪਰਿਵਾਰ ਨੇ ਪੁਲਿਸ 'ਤੇ ਜ਼ਬਰਦਸਤੀ ਲਾਸ਼ ਖੋਹਣ ਦੇ ਇਲਜ਼ਾਮ ਲਾਏ। ਇਸ ਘਟਨਾਕ੍ਰਮ ਦੀਆਂ ਵੀਡੀਓਜ਼ ਕੈਮਰਿਆਂ ਵਿੱਚ ਕੈਦ ਹੋ ਗਈਆਂ, ਜੋ ਲਗਾਤਾਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਪੁਲਿਸ ਵੱਲੋਂ ਇੱਕ ਹੋਰ ਐੱਫਆਈਆਰ ਦਰਜ ਕਰਕੇ ਇਹ ਇਲਜ਼ਾਮ ਲਗਾਏ ਹਨ ਕਿ ਕੁਝ ਸ਼ਰਾਰਤ ਅਨਸਰਾਂ ਨੇ ਲਾਸ਼ ਖੋਹਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਸੀ।

ਇਸ ਦੌਰਾਨ ਪੁਲਿਸ ਨੇ ਇਨਸਾਫ਼ ਕਮੇਟੀ ਦੇ ਮੈਂਬਰ ਲੱਖਾ ਸਿਧਾਣਾ ਸਮੇਤ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਹੁਣ ਲੱਖਾ ਸਿਧਾਣਾ ਪੁਲਿਸ ਰਿਮਾਂਡ ਉੱਤੇ ਹੈ।

ਹੁਣ ਤੱਕ ਇਸ ਮਾਮਲੇ ਵਿੱਚ ਲੋਕਾਂ ਨੂੰ ਹਿਰਾਸਤ ਵਿੱਚ ਲੈਣ, ਲਾਸ਼ ਨੂੰ ਕਬਜ਼ੇ ਵਿੱਚ ਲੈਣ ਅਤੇ ਕਤਲ ਦਾ ਮੁਕੱਦਮਾ ਦਰਜ ਕਰਨ ਤੱਕ, ਉਸ ਦਿਨ ਵਾਪਰੇ ਘਟਨਾਕ੍ਰਮ ਬਾਰੇ ਕਈ ਸਵਾਲ ਖੜ੍ਹੇ ਹੋਏ ਹਨ।

ਕੀ ਇਹ ਸੱਚਮੁੱਚ ਕਤਲ ਦਾ ਮਾਮਲਾ ਹੈ?

ਮ੍ਰਿਤਕ ਦਲਜੀਤ ਸਿੰਘ ਦੀ ਭੈਣ
ਤਸਵੀਰ ਕੈਪਸ਼ਨ, ਮ੍ਰਿਤਕ ਦਲਜੀਤ ਸਿੰਘ ਦੀ ਭੈਣ ਮੁਤਾਬਕ, ਉਸ ਨੇ ਕੁਝ ਦਿਨ ਪਹਿਲਾਂ ਨਸ਼ਾ ਛੱਡ ਦਿੱਤਾ ਸੀ ਅਤੇ ਦਵਾਈ ਲੈ ਰਿਹਾ ਸੀ

ਦਲਜੀਤ ਦਾ ਪਰਿਵਾਰ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਉਸ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ, ਜਦਕਿ ਪੁਲਿਸ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੀ ਹੈ।

ਦਲਜੀਤ ਸਿੰਘ ਦੀ ਭੈਣ ਅਮਰਜੀਤ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਨਸ਼ਾ ਛੱਡ ਦਿੱਤਾ ਸੀ ਅਤੇ ਉਹ ਦਵਾਈ ਲੈ ਰਿਹਾ ਸੀ।

ਉਨ੍ਹਾਂ ਕਿਹਾ, "ਉਸ ਨੇ ਉਸ ਦਿਨ ਨਸ਼ਾ ਆਪਣੀ ਮਰਜ਼ੀ ਨਾਲ ਕੀਤਾ ਸੀ ਜਾਂ ਕਿਸੇ ਨੇ ਜ਼ਬਰਦਸਤੀ ਕਰਵਾਇਆ ਸੀ, ਸਾਨੂੰ ਇਸ ਬਾਰੇ ਪਤਾ ਨਹੀਂ। ਪੁਲਿਸ ਵੱਲੋਂ ਝਗੜੇ ਕਾਰਨ ਕਤਲ ਹੋਣ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਝੂਠ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।"

ਬਠਿੰਡਾ ਦੇ ਐੱਸਐੱਸਪੀ ਵੈਭਵ ਚੌਧਰੀ ਮੁਤਾਬਕ, ਇਲਾਕੇ ਵਿੱਚ ਇਹ ਗ਼ਲਤ ਜਾਣਕਾਰੀ ਫੈਲੀ ਹੋਈ ਸੀ ਕਿ ਦਲਜੀਤ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ।

ਉਨ੍ਹਾਂ ਕਿਹਾ, "ਜਦੋਂ ਅਸੀਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕੋਈ ਵਿਅਕਤੀ ਗੱਡੀ ਵਿੱਚ ਉਸ ਦੀ ਲਾਸ਼ ਲਿਆ ਕੇ ਸੁੱਟ ਗਿਆ ਸੀ। ਇਸ ਘਟਨਾ ਸਬੰਧੀ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।"

ਐੱਸਐੱਸਪੀ ਨੇ ਕਿਹਾ, "ਅਸੀਂ ਦਲਜੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਿਹੜੇ ਵਿਅਕਤੀ ਕਾਰ ਵਿੱਚ ਦਲਜੀਤ ਦੀ ਲਾਸ਼ ਸੁੱਟ ਕੇ ਗਏ ਸਨ, ਉਨ੍ਹਾਂ 'ਤੇ ਮ੍ਰਿਤਕ ਦੇ ਪਿਤਾ ਨੇ ਸ਼ੱਕ ਜਤਾਇਆ ਸੀ। ਅਸੀਂ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"

ਮ੍ਰਿਤਕ ਦਲਜੀਤ ਦਾ ਪਿਤਾ ਕਿੱਥੇ ਹੈ?

ਪਰਮਜੀਤ ਕੌਰ
ਤਸਵੀਰ ਕੈਪਸ਼ਨ, ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਇਸ ਵੇਲੇ ਕਿੱਥੇ ਹੈ

ਦਲਜੀਤ ਦਾ ਪਰਿਵਾਰ ਮੰਗਲਵਾਰ ਤੋਂ ਹੀ ਉਸ ਦੇ ਪਿਤਾ ਦੀ ਭਾਲ ਕਰ ਰਿਹਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਉਸ ਦੇ ਪਿਤਾ ਨੂੰ ਆਪਣੇ ਨਾਲ ਲੈ ਗਈ ਹੈ, ਜਦਕਿ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕੀਤਾ ਹੈ।

ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਕਿਹਾ, "ਸਾਨੂੰ ਦਸਤਖ਼ਤ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਮੈਂ ਦਸਤਖ਼ਤ ਨਹੀਂ ਕੀਤੇ। ਪੁਲਿਸ ਵਾਲੇ ਡੈਡੀ ਨੂੰ ਵੀ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਨੂੰ ਸਾਡੇ ਕੋਲ ਲਿਆਂਦਾ ਜਾਵੇ, ਤਾਂ ਜੋ ਸਾਰਾ ਪਰਿਵਾਰ ਇਕੱਠੇ ਬੈਠ ਕੇ ਅੱਗੇ ਬਾਰੇ ਫ਼ੈਸਲਾ ਕਰ ਸਕੇ।"

ਦੂਜੇ ਪਾਸੇ, ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ, "ਅਸੀਂ ਦਲਜੀਤ ਦੇ ਪਿਤਾ ਨੂੰ ਹਿਰਾਸਤ ਵਿੱਚ ਨਹੀਂ ਲਿਆ। ਉਹ ਪੂਰੀ ਤਰ੍ਹਾਂ ਆਜ਼ਾਦ ਹਨ। ਉਨ੍ਹਾਂ ਨੇ ਆਪਣੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਕੇਸ ਦਰਜ ਕਰਵਾਇਆ ਸੀ ਅਤੇ ਆਪਣੀ ਮਰਜ਼ੀ ਨਾਲ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ।"

ਮਾਨਸਾ ਵਿੱਚ ਮੌਜੂਦ ਬੀਬੀਸੀ ਦੇ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਵੀਰਵਾਰ ਦੇਰ ਸ਼ਾਮ ਤੱਕ ਵੀ ਪਰਿਵਾਰ ਨੂੰ ਦਲਜੀਤ ਦੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਕਤਲ ਕਿਵੇਂ ਹੋਇਆ ਅਤੇ ਇਸ ਦਾ ਇਰਾਦਾ ਕੀ ਸੀ?

ਐੱਸਐੱਸਪੀ ਵੈਭਵ ਚੌਧਰੀ
ਤਸਵੀਰ ਕੈਪਸ਼ਨ, ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਮੁਤਾਬਕ, ਇਰਾਦਤਨ ਕਤਲ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰ ਲਿਆ

ਭਾਵੇਂ ਪੁਲਿਸ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੀ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦਲਜੀਤ ਦਾ ਕਤਲ ਕਿਵੇਂ ਹੋਇਆ ਅਤੇ ਇਸ ਪਿੱਛੇ ਕੀ ਮਕਸਦ ਸੀ।

ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਮਾਨਸਾ ਦੇ ਐੱਸਐੱਸਪੀ ਨੇ ਕਿਹਾ, "ਜਾਂਚ ਅਜੇ ਮੁੱਢਲੇ ਪੜਾਅ 'ਤੇ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੋਸਟਮਾਰਟਮ ਹੋ ਚੁੱਕਾ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਜਾਂਚ ਦੌਰਾਨ ਕਤਲ ਦੇ ਉਦੇਸ਼ ਬਾਰੇ ਵੀ ਜਾਣਕਾਰੀ ਸਾਹਮਣੇ ਆ ਜਾਵੇਗੀ।"

ਕੀ ਪੁਲਿਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ?

ਮਾਨਸਾ
ਤਸਵੀਰ ਕੈਪਸ਼ਨ, ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 35 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ ਵੀ ਭਖ ਗਿਆ ਹੈ

ਦਲਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਸ ਦੀ ਮ੍ਰਿਤਕ ਦੇਹ ਨਹੀਂ ਸੌਂਪੀ ਗਈ।

ਦਲਜੀਤ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਦਲਜੀਤ ਦੀ ਮ੍ਰਿਤਕ ਦੇਹ ਇਸ ਵੇਲੇ ਕਿੱਥੇ ਹੈ।

ਪਟਿਆਲਾ ਦੇ ਵਸਨੀਕ ਸਮਾਜਿਕ ਕਾਰਕੁਨ ਅਤੇ ਵਕੀਲ ਰਾਜੀਵ ਲੋਹਟਬੱਧੀ ਕਹਿੰਦੇ ਹਨ, "ਕਤਲ ਸਟੇਟ ਦੇ ਵਿਰੁੱਧ ਅਪਰਾਧ ਹੈ। ਪੁਲਿਸ ਜਾਂਚ ਲਈ ਲਾਸ਼ ਨੂੰ ਕਬਜ਼ੇ ਵਿੱਚ ਲੈ ਸਕਦੀ ਹੈ। ਜਾਂਚ ਦੌਰਾਨ ਲਾਸ਼ ਇੱਕ ਜ਼ਰੂਰੀ ਸਬੂਤ ਹੁੰਦੀ ਹੈ।"

"ਅਪਰਾਧਿਕ ਮਾਮਲਿਆਂ ਵਿੱਚ ਲਾਸ਼ ਨੂੰ ਕਬਜ਼ੇ ਵਿੱਚ ਲੈਣ ਅਤੇ ਪੋਸਟਮਾਰਟਮ ਵਾਸਤੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਨਹੀਂ ਹੁੰਦੀ। ਪਰ ਆਮ ਤੌਰ ਉੱਤੇ ਪੁਲਿਸ ਡਾਕਟਰ ਅਤੇ ਪੁਲਿਸ ਪੋਸਟਮਾਰਟਮ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਸਹਿਮਤੀ ਲੈਂਦੀ ਹੈ।"

ਉਹ ਕਹਿੰਦੇ ਹਨ, "ਲਾਸ਼ ਨੂੰ ਕਬਜ਼ੇ ਵਿੱਚ ਲੈਣ ਦਾ ਤਰੀਕਾ ਮ੍ਰਿਤਕ ਦੇਹ ਦੇ ਸਨਮਾਨ ਦੇ ਸੰਦਰਭ ਵਿੱਚ ਸਵਾਲ ਹੋ ਸਕਦੇ ਹਨ। ਮ੍ਰਿਤਕ ਦੇਹ ਦੇ ਸਨਮਾਨ ਪਰਿਵਾਰ ਅਤੇ ਪੁਲਿਸ ਦੋਵਾਂ ਧਿਰਾਂ ਉੱਤੇ ਲਾਗੂ ਹੁੰਦਾ ਹੈ।"

ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ

ਦਲਜੀਤ ਸਿੰਘ
ਤਸਵੀਰ ਕੈਪਸ਼ਨ, ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਪੁਸ਼ਟੀ ਕੀਤੀ ਹੈ ਕਿ ਦਲਜੀਤ ਸਿੰਘ ਦੇ ਦੇਹ ਦਾ ਪੋਸਟ ਮਾਰਟਮ ਹੋ ਗਿਆ ਹੈ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਦਰਜ ਗੰਭੀਰ ਸ਼ਿਕਾਇਤ ਦਾ ਨੋਟਿਸ ਲਿਆ ਹੈ।

ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਨੋਟਿਸ ਜਾਰੀ ਕਰਦਿਆਂ ਪੂਰੇ ਮਾਮਲੇ ਦੀ ਜਾਂਚ ਕਰਨ ਅਤੇ ਦੋ ਹਫ਼ਤਿਆਂ ਦੇ ਅੰਦਰ ਵਿਸਥਾਰਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਮਿਸ਼ਨ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਦਲਜੀਤ ਸਿੰਘ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ਦੇ ਕਾਰਨਾਂ ਦੇ ਨਸ਼ਿਆਂ ਨਾਲ ਜੁੜੇ ਸੰਭਾਵੀ ਪਹਿਲੂਆਂ ਬਾਰੇ ਗੰਭੀਰ ਸ਼ੰਕੇ ਅਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ।

ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਰਾਮਦਿੱਤੇਵਾਲਾ ਚੌਕ ਨੇੜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਤਾਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਇਸ ਕਾਰਨ ਉੱਥੇ ਤਣਾਅ ਅਤੇ ਟਕਰਾਅ ਵਾਲੀ ਸਥਿਤੀ ਬਣ ਗਈ।

ਸ਼ਿਕਾਇਤ ਵਿੱਚ ਪੁਲਿਸ ਉੱਤੇ ਤਾਕਤ ਦੀ ਵਰਤੋਂ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਇਲਜ਼ਾਮ ਵੀ ਲਗਾਏ ਗਏ ਹਨ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂਨਗੋ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਸ਼ਿਕਾਇਤ ਵਿੱਚ ਸਾਹਮਣੇ ਆਏ ਤੱਥ ਪਹਿਲੀ ਨਜ਼ਰੇ ਪੀੜਤ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਵੱਲ ਇਸ਼ਾਰਾ ਕਰਦੇ ਹਨ।

ਮਨੁੱਖੀ ਅਧਿਕਾਰ ਸੁਰੱਖਿਆ ਐਕਟ, 1993 ਦੀ ਧਾਰਾ 12 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਸਾਰੇ ਇਲਜ਼ਾਮਾਂ ਦੀ ਨਿਰਪੱਖ ਅਤੇ ਗੰਭੀਰਤਾ ਨਾਲ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਕਮਿਸ਼ਨ ਨੇ ਮਾਮਲੇ ਨਾਲ ਸਬੰਧਤ ਤੱਥਾਂ ਅਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦਿਆਂ ਦੋ ਹਫ਼ਤਿਆਂ ਦੇ ਅੰਦਰ ਵਿਸਥਾਰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਇਰਾਦਾ ਕਤਲ ਦਾ ਕੇਸ

ਮਾਨਸਾ ਵਿੱਚ ਮੌਜੂਦ ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਮੰਗਲਵਾਰ ਨੂੰ ਬਣੀ ਤਣਾਅਪੂਰਨ ਸਥਿਤੀ ਦੇ ਸਬੰਧ ਵਿੱਚ ਮਾਨਸਾ ਪੁਲਿਸ ਨੇ ਇੱਕ ਇਰਾਦਤਨ ਕਤਲ ਦਾ ਕੇਸ ਵੀ ਦਰਜ ਕੀਤਾ ਹੈ।

ਪਹਿਲਾਂ ਇਹ ਕੇਸ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ ਪਰ ਮਗਰੋਂ ਪੁਲਿਸ ਨੇ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਸਮੇਤ ਹੋਰਾਂ ਨੂੰ ਨਾਮਜ਼ਦ ਕੀਤਾ ਹੈ।

ਇਸ ਐੱਫਆਈਆਰ ਵਿੱਚ ਪੁਲਿਸ ਨੇ ਲਿਖਿਆ ਕੁੱਝ ਮੁਲਜ਼ਮ ਪਿੰਡ ਭੰਮੇ ਕਲਾਂ ਵਿੱਚ ਇੱਕ ਨੌਜਵਾਨ ਨੂੰ ਮਾਰਕੇ ਸੁੱਟ ਗਏ ਸਨ ਤਾਂ ਪੁਲਿਸ ਕਾਰਵਾਈ ਕਰ ਰਹੀ ਸੀ।

ਐੱਫਆਈਆਰ ਮੁਤਾਬਕ ਕੁਝ ਸ਼ਰਾਰਤੀ ਬੰਦੇ ਲਾਸ਼ ਨੂੰ ਖੋਹ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਲਈ ਮਾਨਸਾ ਸ਼ਹਿਰ ਨੂੰ ਚੱਲ ਪਏ। ਸੀਨੀਅਰ ਅਫ਼ਸਰਾਂ ਨੇ ਇੰਨਾ ਨੂੰ ਸਮਝਾਉਣ ਚਾਹਿਆ ਤਾਂ ਕਰੀਬ 30-40 ਬੰਦੇ ਜਿਨ੍ਹਾਂ ਕੋਲ ਮਾਰੂ ਹਥਿਆਰ ਸਨ, ਪੁਲਿਸ ਉੱਤੇ ਹਮਲਾਵਰ ਹੋ ਗਏ। ਇਨ੍ਹਾਂ ਨੇ ਪੁਲਿਸ ਉੱਤੇ ਵੀ ਮਾਰ ਦੇਣ ਦੀ ਨੀਅਤ ਨਾਲ ਗੱਡੀਆਂ ਚੜਾਉਣ ਦੀ ਕੋਸ਼ਿਸ਼ ਕੀਤੀ।

ਸਿਆਸੀ ਪਾਰਟੀਆਂ ਨੇ ਕੀ ਕਿਹਾ

ਚਰਨਜੀਤ ਸਿੰਘ, ਕੇਵਲ ਸਿੰਘ ਢਿੱਲੋਂ ਅਤੇ ਸੁਖਬੀਰ ਸਿੰਘ ਬਾਦਲ
ਤਸਵੀਰ ਕੈਪਸ਼ਨ, ਚਰਨਜੀਤ ਸਿੰਘ, ਕੇਵਲ ਸਿੰਘ ਢਿੱਲੋਂ ਅਤੇ ਸੁਖਬੀਰ ਸਿੰਘ ਬਾਦਲ, ਸਿਆਸੀ ਪਾਰਟੀਆਂ ਨੇ ਵੀ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ

ਮੰਗਲਵਾਰ ਦੀ ਘਟਨਾ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕ ਰਹੇ ਹਨ। ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਲਜੀਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਸੀ।

ਉਨ੍ਹਾਂ ਕਿਹਾ, "ਆਪਣਾ ਜਵਾਨ ਪੁੱਤ ਗੁਆ ਚੁੱਕੇ ਪਰਿਵਾਰ ਨੂੰ ਇਨਸਾਫ਼ ਦੀ ਥਾਂ ਪੁਲਿਸ ਦੇ ਕਥਿਤ ਤਸ਼ੱਦਦ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? "

"ਮ੍ਰਿਤਕ ਦੇ ਪਿਤਾ ਅਤੇ ਪਿੰਡ ਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਗੰਭੀਰ ਇਲਜ਼ਾਮਾਂ ਤੋਂ ਪੁਲਿਸ ਸਿਰਫ਼ ਇਨਕਾਰ ਕਰਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੀ। ਸਰਕਾਰ ਜਵਾਬ ਦੇਵੇ ਕਿ ਇਨਸਾਫ਼ ਮੰਗਣਾ ਕਦੋਂ ਤੋਂ ਗੁਨਾਹ ਬਣ ਗਿਆ?"

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਹਨ।

ਉਨ੍ਹਾਂ ਨੇ ਕਿਹਾ, "ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੜਕਾਂ 'ਤੇ ਰੋਲਿਆ ਗਿਆ, ਸਿੰਘਾਂ ਦੀਆਂ ਪੱਗਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ, ਪ੍ਰੈੱਸ ਨਾਲ ਬਦਸਲੂਕੀ ਕੀਤੀ ਗਈ, ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਨੂੰ ਧੂਹ-ਧੂਹ ਕੇ ਘੜੀਸਿਆ ਗਿਆ ਅਤੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।ਝੂਠੇ ਬਦਲਾਅ ਦੀ ਇਸ ਸਰਕਾਰ ਨੇ ਜਬਰ ਦੀ ਹੱਦ ਮੁਕਾ ਦਿੱਤੀ ਹੈ।"

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਿਖਦੇ ਹਨ, “ਮੈਂ ਇਸ ਨਿੰਦਣਯੋਗ ਵਰਤਾਰੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਪੰਜਾਬ ਸਭ ਦੇਖ ਰਿਹਾ ਹੈ, ਅਸੀਂ ਇਹ ਕਾਲ਼ਾ ਦੌਰ ਕਦੇ ਨਹੀਂ ਭੁੱਲਾਂਗੇ। ਪੰਜਾਬੀਆਂ ਵੱਲੋਂ ਆਪ ਸਰਕਾਰ ਦੀਆਂ ਸਾਰੀਆਂ ਵਧੀਕੀਆਂ ਅਤੇ ਕੁਨੀਤੀਆਂ ਦਾ ਹਿਸਾਬ ਲਿਆ ਜਾਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)