ਕੋਹਿਨੂਰ ਨਾਲ ਕੀ ਹੈ ਪਾਣੀ ਵਿੱਚ ਡੁੱਬੇ ਇਸ ਪਿੰਡ ਦਾ ਸਬੰਧ? ਅੱਜ ਵੀ ਇੱਥੇ ਲੋਕ ਲੱਭ ਰਹੇ ਹਨ ਹੀਰੇ

- ਲੇਖਕ, ਬੱਲਾ ਸਤੀਸ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 15 ਮਿੰਟ
ਜਦੋਂ ਸੜਕਾਂ 'ਤੇ ਢੇਰਾਂ ਦੇ ਢੇਰ ਹੀਰੇ ਵਿਕਣ ਦੀਆਂ ਗੱਲਾਂ ਹੁੰਦੀਆਂ ਹਨ, ਤਾਂ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਪਹਿਲਾਂ ਵਿਜੇਨਗਰ ਸਾਮਰਾਜ ਦਾ ਨਾਂ ਆਉਂਦਾ ਹੈ।
ਦੱਖਣੀ ਭਾਰਤ ਵਿੱਚ ਅੱਜ ਵੀ ਲੋਕ ਦੱਸਦੇ ਹਨ ਕਿ ਰਾਇਆ ਸ਼ਾਸਕਾਂ ਦੇ ਦੌਰ ਵਿੱਚ ਹੰਪੀ ਦੀਆਂ ਸੜਕਾਂ 'ਤੇ ਹੀਰਿਆਂ ਦਾ ਕਿੰਨਾ ਵੱਡਾ ਕਾਰੋਬਾਰ ਹੁੰਦਾ ਸੀ। ਇਸ ਵਿਸ਼ੇ 'ਤੇ ਫ਼ਿਲਮਾਂ ਵੀ ਬਣਾਈਆਂ ਗਈਆਂ ਹਨ।
ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸੇ ਇਲਾਕੇ 'ਤੇ ਰਾਜ ਕਰਨ ਵਾਲਾ ਇੱਕ ਹੋਰ ਸਾਮਰਾਜ ਵੀ ਹੀਰਿਆਂ ਦੇ ਕਾਰੋਬਾਰ ਲਈ ਓਨਾ ਹੀ ਮਸ਼ਹੂਰ ਸੀ।
ਇਹ ਸੀ ਗੋਲਕੋਂਡਾ ਸਾਮਰਾਜ, ਜਿਸ ਦੀ ਰਾਜਧਾਨੀ ਨੂੰ ਅੱਜ ਹੈਦਰਾਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਉਹ ਥਾਂ, ਜਿੱਥੇ ਸਭ ਤੋਂ ਵੱਧ ਹੀਰੇ ਮਿਲਦੇ ਸਨ

ਤਸਵੀਰ ਸਰੋਤ, Getty Images
ਅੱਜ ਜ਼ਿਆਦਾਤਰ ਤੇਲਗੂ ਲੋਕਾਂ ਲਈ ਗੋਲਕੋਂਡਾ ਦਾ ਮਤਲਬ ਸਿਰਫ਼ ਇੱਕ ਪੁਰਾਣਾ ਕਿਲ੍ਹਾ ਹੈ। ਪਰ ਅੰਗਰੇਜ਼ੀ ਭਾਸ਼ਾ ਵਿੱਚ 'ਗੋਲਕੋਂਡਾ' ਸ਼ਬਦ ਦੀ ਵਰਤੋਂ ਕਿਸਮਤ ਅਤੇ ਖ਼ੁਸ਼ਹਾਲੀ ਦੇ ਅਰਥਾਂ ਵਿੱਚ ਵੀ ਹੋਣ ਲੱਗ ਪਈ। ਇਸ ਦਾ ਕਾਰਨ ਸਮਝਣਾ ਔਖਾ ਨਹੀਂ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਹੰਪੀ ਦੀਆਂ ਸੜਕਾਂ 'ਤੇ ਵੱਡੇ ਪੱਧਰ 'ਤੇ ਹੀਰਿਆਂ ਦਾ ਕਾਰੋਬਾਰ ਹੁੰਦਾ ਸੀ, ਉਸੇ ਤਰ੍ਹਾਂ ਦਾ ਕਾਰੋਬਾਰ ਅੱਜ ਦੇ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ ਕਾਰਵਾਂ ਇਲਾਕੇ ਦੀਆਂ ਸੜਕਾਂ 'ਤੇ ਵੀ ਹੁੰਦਾ ਸੀ।
18ਵੀਂ ਸਦੀ ਤੱਕ ਭਾਰਤ ਦੁਨੀਆ ਵਿੱਚ ਹੀਰਿਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਸਰੋਤ ਸੀ।
ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਹੀਰਿਆਂ ਦੀਆਂ ਖਾਣਾਂ 18ਵੀਂ ਸਦੀ ਤੋਂ ਬਾਅਦ ਹੀ ਮਿਲੀਆਂ ਸਨ।
ਦੱਖਣੀ ਭਾਰਤ ਵਿੱਚ ਕ੍ਰਿਸ਼ਨਾ, ਤੁੰਗਭਦਰਾ ਅਤੇ ਪੇਨਾ ਦਰਿਆਵਾਂ ਦੇ ਆਲੇ-ਦੁਆਲੇ ਦੇ ਇਲਾਕੇ ਇਨ੍ਹਾਂ ਹੀਰਿਆਂ ਦੇ ਮੁੱਖ ਸਰੋਤ ਸਨ।
ਇਹੀ ਕਾਰਨ ਸੀ ਕਿ ਵਿਜੇਨਗਰ, ਬੀਜਾਪੁਰ ਅਤੇ ਗੋਲਕੋਂਡਾ ਵਰਗੇ ਸਾਮਰਾਜਾਂ, ਭਾਵ ਪੂਰੇ ਦੱਖਣੀ ਦੱਕਨ ਖੇਤਰ ਦੀ ਪਛਾਣ ਹੀਰਿਆਂ ਦੇ ਕਾਰੋਬਾਰ ਨਾਲ ਜੁੜ ਗਈ ਸੀ।
ਕਦੇ ਗੋਲਕੋਂਡਾ ਸਾਮਰਾਜ ਦਾ ਹਿੱਸਾ ਰਿਹਾ ਕੋੱਲੂਰ ਪਿੰਡ ਅੱਜ ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਵਿੱਚ ਸਥਿਤ ਹੈ।
ਉੱਥੇ ਪਹੁੰਚਣ ਲਈ ਬੇੱਲਮਕੋਂਡਾ ਤੋਂ ਖੇਤਾਂ, ਦਰੱਖਤਾਂ ਅਤੇ ਪਹਾੜੀਆਂ ਵਿੱਚੋਂ ਲੰਘਣਾ ਪੈਂਦਾ ਹੈ।
ਅੱਗੇ ਦਾ ਰਸਤਾ ਇੰਨਾ ਤੰਗ ਹੈ ਕਿ ਟਰੈਕਟਰ ਅਤੇ ਮੋਟਰਸਾਈਕਲ ਤੋਂ ਇਲਾਵਾ ਕੋਈ ਹੋਰ ਵਾਹਨ ਉੱਥੇ ਨਹੀਂ ਜਾ ਸਕਦਾ।
ਮੋਬਾਈਲ ਨੈੱਟਵਰਕ ਅਤੇ ਬਿਜਲੀ ਦੀ ਸਹੂਲਤ ਤੋਂ ਦੂਰ ਵੱਸੇ ਇਸ ਪਿੰਡ ਵਿੱਚ ਗਿਣੇ-ਚੁਣੇ ਘਰ ਹੀ ਦਿਖਾਈ ਦਿੰਦੇ ਹਨ।
ਇਸ ਦੇ ਬਾਵਜੂਦ, ਦੂਰ-ਦੁਰਾਡੇ ਤੋਂ ਆਏ ਕੁਝ ਲੋਕ ਕਈ-ਕਈ ਹਫ਼ਤਿਆਂ ਤੱਕ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਇੱਥੇ ਜ਼ਮੀਨ ਪੁੱਟਦੇ ਅਤੇ ਰੇਤ ਛਾਣਦੇ ਰਹਿੰਦੇ ਹਨ।
ਇਤਿਹਾਸਕ ਦਸਤਾਵੇਜ਼ਾਂ ਮੁਤਾਬਕ, ਲਗਭਗ 800 ਸਾਲ ਪਹਿਲਾਂ ਕੋੱਲੂਰ ਆਪਣੀ ਵਿਸ਼ਵ ਪ੍ਰਸਿੱਧ ਹੀਰੇ ਦੀ ਖਾਣ ਲਈ ਜਾਣਿਆ ਜਾਂਦਾ ਸੀ।
ਇਸ ਥਾਂ ਬਾਰੇ ਹੋਰ ਜਾਣਨ ਲਈ ਉਨ੍ਹਾਂ ਕਿਤਾਬਾਂ ਨੂੰ ਪੜ੍ਹਨਾ ਪੈਂਦਾ ਹੈ, ਜਿਹੜੀਆਂ ਘੱਟੋ-ਘੱਟ 400 ਸਾਲ ਪਹਿਲਾਂ ਯੂਰਪ ਤੋਂ ਆਏ ਯਾਤਰੀਆਂ ਅਤੇ ਵਪਾਰੀਆਂ ਨੇ ਲਿਖੀਆਂ ਸਨ।
ਹੀਰਿਆਂ ਵਾਲਾ ਪਿੰਡ ਪਾਣੀ ਵਿੱਚ ਡੁੱਬ ਗਿਆ

ਇਹ ਗੱਲ 1618 ਤੋਂ 1622 ਦੇ ਵਿਚਾਲੇ ਦੀ ਹੈ। ਵਿਲੀਅਮ ਮੈਥੋਲਡ ਨਾਂ ਦਾ ਇੱਕ ਵਿਦੇਸ਼ੀ ਯਾਤਰੀ ਯੂਰਪ ਤੋਂ ਕੋੱਲੂਰ ਪਹੁੰਚਿਆ ਸੀ। ਉੱਥੇ ਲੋਕਾਂ ਦੀ ਭੀੜ ਦੇਖ ਕੇ ਉਹ ਹੈਰਾਨ ਰਹਿ ਗਿਆ।
ਉਨ੍ਹਾਂ ਨੇ ਲਿਖਿਆ ਕਿ ਪਿੰਡ ਦੇ ਨੇੜੇ ਸਥਿਤ ਹੀਰੇ ਦੀਆਂ ਖਾਣਾਂ ਵਿੱਚ 30 ਹਜ਼ਾਰ ਲੋਕ ਕੰਮ ਕਰਦੇ ਸਨ।
ਉਨ੍ਹਾਂ ਦੇ ਲਿਖਣ ਤੋਂ ਲਗਭਗ 50 ਸਾਲ ਬਾਅਦ, 1665 ਵਿੱਚ ਫ਼ਰਾਂਸੀਸੀ ਯਾਤਰੀ ਬੈਪਟਿਸਟ ਟੈਵਰਨੀਅਰ ਵੀ ਇਸੇ ਥਾਂ ਪਹੁੰਚਿਆ।
ਉਨ੍ਹਾਂ ਨੇ ਦਰਜ ਕੀਤਾ ਕਿ ਇਸ ਪਿੰਡ ਦੀਆਂ ਹੀਰੇ ਦੀਆਂ ਖਾਣਾਂ ਵਿੱਚ 30 ਹਜ਼ਾਰ ਨਹੀਂ, ਸਗੋਂ 60 ਹਜ਼ਾਰ ਲੋਕ ਕੰਮ ਕਰਦੇ ਸਨ।
ਇਨ੍ਹਾਂ ਦੋਵਾਂ ਤੋਂ ਇਲਾਵਾ ਮਾਰਕੋ ਪੋਲੋ, ਹੈਨਰੀ ਹੋਵਰਡ ਅਤੇ ਕੋਲਿਨ ਮੈਕੇਂਜ਼ੀ ਸਮੇਤ ਕਈ ਹੋਰ ਲੋਕਾਂ ਨੇ ਵੀ ਇਨ੍ਹਾਂ ਹੀਰੇ ਦੀਆਂ ਖਾਣਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ।
ਬਾਅਦ ਦੇ ਸਾਲਾਂ ਵਿੱਚ ਇਹ ਪਿੰਡ ਇੱਕ ਜਲ ਭੰਡਾਰ ਵਿੱਚ ਡੁੱਬ ਗਿਆ ਅਤੇ ਪੂਰੀ ਤਰ੍ਹਾਂ ਪਾਣੀ ਵਿੱਚ ਸਮਾ ਗਿਆ।
ਲਗਭਗ ਇੱਕ ਦਹਾਕਾ ਪਹਿਲਾਂ ਖਾਲ੍ਹੀ ਹੋ ਚੁੱਕੇ ਇਸ ਪਿੰਡ ਵਿੱਚ ਹੁਣ ਸਿਰਫ਼ ਚਾਰ ਪਰਿਵਾਰ ਰਹਿੰਦੇ ਹਨ। ਇਹ ਪਰਿਵਾਰ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਇੱਥੋਂ ਕਿਸ਼ਤੀ ਰਾਹੀਂ ਕ੍ਰਿਸ਼ਨਾ ਦਰਿਆ 'ਤੇ ਬਣੇ ਪੁਲੀਚਿੰਤਲਾ ਜਲ ਭੰਡਾਰ ਵਿੱਚ ਕੁਝ ਕਿਲੋਮੀਟਰ ਅੱਗੇ ਜਾਣ 'ਤੇ ਪਾਣੀ ਦੇ ਵਿਚਕਾਰ ਇੱਕ ਟਾਪੂ ਦਿਖਾਈ ਦਿੰਦਾ ਹੈ।
ਅਸਲ ਵਿੱਚ ਇਹ ਡੁੱਬ ਚੁੱਕੇ ਪਿੰਡ ਦਾ ਉੱਚਾ ਟਿੱਬਾ ਹੈ।
ਕੁਝ ਲੋਕ ਇੱਥੇ ਛੋਟੇ-ਛੋਟੇ ਤੰਬੂ ਲਾ ਕੇ ਰਹਿੰਦੇ ਹਨ ਅਤੇ ਜ਼ਮੀਨ ਪੁੱਟ ਕੇ ਹੀਰਿਆਂ ਦੀ ਭਾਲ ਕਰਦੇ ਹਨ।
ਅੱਜ ਵੀ ਇੱਥੇ ਹੀਰੇ ਮਿਲਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਇੱਥੇ ਆਉਂਦੇ ਹਨ।
ਬੀਬੀਸੀ ਦੀ ਟੀਮ ਨੇ 2018 ਵਿੱਚ ਇਸ ਥਾਂ ਦਾ ਦੌਰਾ ਕੀਤਾ ਸੀ। ਉਸ ਸਮੇਂ ਵੀ ਦਰਜਨਾਂ ਲੋਕ ਹੀਰਿਆਂ ਦੀ ਭਾਲ ਕਰ ਰਹੇ ਸਨ।
ਬੀਬੀਸੀ ਦੀ ਟੀਮ 2025 ਵਿੱਚ ਇੱਕ ਵਾਰ ਫਿਰ ਇਸ ਪਿੰਡ ਪਹੁੰਚੀ।
ਕੋੱਲੂਰ ਖਾਣ ਦਾ ਦੂਜਾ ਨਾਂ ਹੀ ਬਣ ਗਿਆ ਸੀ
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕੋੱਲੂਰ ਪਿੰਡ ਇੱਕ ਸਮੇਂ 'ਖਾਣ' ਸ਼ਬਦ ਦਾ ਦੂਜਾ ਨਾਂ ਹੀ ਬਣ ਗਿਆ ਸੀ।
ਉਸ ਦੌਰ ਵਿੱਚ ਇਹ ਪਿੰਡ ਇੰਨਾ ਮਸ਼ਹੂਰ ਸੀ ਕਿ ਖਾਣ ਦਾ ਮਤਲਬ ਹੀ ਕੋੱਲੂਰ ਸਮਝਿਆ ਜਾਣ ਲੱਗ ਪਿਆ ਸੀ।
ਭਾਰਤੀ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਦੇ ਸੇਵਾਮੁਕਤ ਵਿਗਿਆਨੀ ਐੱਸਵੀ ਸਤਿਆਨਾਰਾਇਣ ਨੇ ਬੀਬੀਸੀ ਨੂੰ ਦੱਸਿਆ, "18ਵੀਂ ਸਦੀ ਤੱਕ ਦੱਖਣੀ ਭਾਰਤ ਦਾ ਦੱਕਨ ਖੇਤਰ ਹੀਰਿਆਂ ਦਾ ਇੱਕ ਵੱਡਾ ਸਰੋਤ ਸੀ।"
"ਸਿਰਫ਼ ਕੋਹਿਨੂਰ ਹੀ ਨਹੀਂ, ਗ੍ਰੇਟ ਮੋਗਲ, ਰੀਜੈਂਟ, ਓਰਲੋਫ਼, ਨਿਜ਼ਾਮ ਅਤੇ ਹੋਪ ਵਰਗੇ ਹੀਰੇ ਵੀ ਇੱਥੇ ਹੀ ਮਿਲੇ ਸਨ।"
"ਖ਼ਾਸ ਤੌਰ 'ਤੇ 13ਵੀਂ ਤੋਂ 17ਵੀਂ ਸਦੀ ਦੇ ਵਿਚਕਾਰ ਹੀਰਿਆਂ ਦਾ ਕਾਰੋਬਾਰ ਕਾਫ਼ੀ ਵਧਿਆ-ਫੁੱਲਿਆ ਸੀ।"
ਸਤਿਆਨਾਰਾਇਣ ਨੇ ਦੱਸਿਆ, "ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਕ੍ਰਿਸ਼ਨਾ ਅਤੇ ਪੇਨਾ ਦਰਿਆਵਾਂ ਦੀਆਂ ਘਾਟੀਆਂ ਵਿੱਚ ਵੱਡੀ ਗਿਣਤੀ ਵਿੱਚ ਹੀਰੇ ਮਿਲਦੇ ਸਨ।"
"ਇੱਥੇ-ਉੱਥੇ ਮੌਜੂਦ ਛੋਟੀਆਂ ਖਾਣਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਇਲਾਕਾ ਦੁਨੀਆ ਵਿੱਚ ਹੀਰਿਆਂ ਦਾ ਸਭ ਤੋਂ ਵੱਡਾ ਸਰੋਤ ਸੀ। ਸਾਲ 1725 ਵਿੱਚ ਬ੍ਰਾਜ਼ੀਲ ਵਿੱਚ ਹੀਰਿਆਂ ਦੀਆਂ ਖਾਣਾਂ ਮਿਲਣ ਤੱਕ ਇਹ ਸਥਿਤੀ ਬਣੀ ਰਹੀ।"
"ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਹੀਰਿਆਂ ਦੀ ਅਹਿਮ ਭੂਮਿਕਾ ਸੀ। ਵਿਜੇਨਗਰ, ਬੀਜਾਪੁਰ ਅਤੇ ਗੋਲਕੋਂਡਾ ਸਾਮਰਾਜਾਂ ਦੇ ਦੌਰ ਵਿੱਚ ਇਹ ਹੀਰੇ ਬਹੁਤ ਮਸ਼ਹੂਰ ਹੋਏ।"
ਇਤਿਹਾਸ ਦੇ ਖੋਜਕਾਰ ਅਤੇ ਪੱਤਰਕਾਰ ਨਾਨੀਸੇੱਟੀ ਸ਼ੇਰੀਸ਼ ਨੇ ਬੀਬੀਸੀ ਨੂੰ ਦੱਸਿਆ, "ਜ਼ਿਆਦਾਤਰ ਹੀਰੇ ਤੁੰਗਭਦਰਾ ਅਤੇ ਕ੍ਰਿਸ਼ਨਾ ਦਰਿਆਵਾਂ ਦੇ ਆਲੇ-ਦੁਆਲੇ ਮਿਲਦੇ ਸਨ। ਇਨ੍ਹਾਂ ਵਿੱਚੋਂ ਕੋੱਲੂਰ ਸਭ ਤੋਂ ਵੱਧ ਮਸ਼ਹੂਰ ਸੀ।"
"ਰਾਵੁਲਕੋਂਡਾ ਵਰਗੀਆਂ ਹੋਰ ਖਾਣਾਂ ਵੀ ਸਨ। ਗੰਡੀਕੋਟਾ ਵਰਗੇ ਵਪਾਰਕ ਕੇਂਦਰ ਵੀ ਮੌਜੂਦ ਸਨ। ਵਿਜੇਨਗਰ ਸਾਮਰਾਜ ਹੀਰਿਆਂ ਲਈ ਬਹੁਤ ਮਸ਼ਹੂਰ ਸੀ। ਬਾਅਦ ਦੇ ਸਾਲਾਂ ਵਿੱਚ ਬੀਜਾਪੁਰ ਅਤੇ ਗੋਲਕੋਂਡਾ ਸਾਮਰਾਜਾਂ ਦਾ ਪ੍ਰਭਾਵ ਵਧਿਆ।"
"ਹੀਰਿਆਂ ਨਾਲ ਕਈ ਦਿਲਚਸਪ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ। ਕੁਝ ਹੀਰਿਆਂ ਨੂੰ ਸਰਾਪਿਆ ਹੋਇਆ ਵੀ ਦੱਸਿਆ ਜਾਂਦਾ ਹੈ। ਆਮ ਤੌਰ 'ਤੇ ਗਰਮੀਆਂ ਵਿੱਚ ਜਦੋਂ ਦਰਿਆਵਾਂ ਦਾ ਪਾਣੀ ਸੁੱਕ ਜਾਂਦਾ ਹੈ ਅਤੇ ਜ਼ਮੀਨ ਬਾਹਰ ਦਿਖਾਈ ਦੇਣ ਲੱਗਦੀ ਹੈ, ਤਾਂ ਲੋਕ ਉਸ ਜ਼ਮੀਨ ਵਿੱਚ ਹੀਰਿਆਂ ਦੀ ਭਾਲ ਕਰਦੇ ਹਨ।"
ਕਾਰਵਾਂ: ਹੀਰਿਆਂ ਨੂੰ ਤਰਾਸ਼ਣ ਲਈ ਮਸ਼ਹੂਰ ਇਲਾਕਾ

1518 ਤੋਂ 1687 ਦੇ ਵਿਚਕਾਰ ਕੁਤਬਸ਼ਾਹੀ ਸ਼ਾਸਕਾਂ ਨੇ ਹੈਦਰਾਬਾਦ ਤੋਂ ਗੋਲਕੋਂਡਾ ਸਾਮਰਾਜ 'ਤੇ ਰਾਜ ਕੀਤਾ ਸੀ।
ਇਹ ਸਾਮਰਾਜ ਪੱਛਮ ਵਿੱਚ ਗੁਜਰਾਤ ਦੇ ਸੂਰਤ ਤੋਂ ਲੈ ਕੇ ਪੂਰਬ ਵਿੱਚ ਆਂਧਰਾ ਪ੍ਰਦੇਸ਼ ਦੇ ਮਛਲੀਪਟਨਮ ਤੱਕ ਫੈਲਿਆ ਹੋਇਆ ਸੀ।
ਪੁਰਾਣੇ ਸਮੇਂ ਤੋਂ ਹੀ ਇਹ ਦੋਵੇਂ ਸ਼ਹਿਰ ਕੌਮਾਂਤਰੀ ਵਪਾਰ ਦੇ ਅਹਿਮ ਕੇਂਦਰ ਸਨ।
ਇਨ੍ਹਾਂ ਦੋਵਾਂ ਦੇ ਵਿਚਕਾਰ ਸਥਿਤ ਹੈਦਰਾਬਾਦ, ਗੋਲਕੋਂਡਾ ਸਾਮਰਾਜ ਦਾ ਇੱਕ ਮਹੱਤਵਪੂਰਨ ਕੇਂਦਰ ਸੀ।
ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਸਥਿਤ ਕਾਰਵਾਂ ਇਲਾਕਾ ਕਦੇ ਹੀਰਿਆਂ ਨੂੰ ਘਿਸਾਉਣ, ਤਰਾਸ਼ਣ ਅਤੇ ਵੇਚਣ ਲਈ ਮਸ਼ਹੂਰ ਸੀ।
ਗੁਜਰਾਤੀ, ਮਾਰਵਾੜੀ ਅਤੇ ਹੋਰ ਭਾਰਤੀ ਵਪਾਰੀ ਇੱਥੇ ਆ ਕੇ ਵੱਸ ਗਏ ਸਨ। ਵਿਦੇਸ਼ੀ ਲੋਕਾਂ ਦਾ ਵੀ ਇੱਥੇ ਲਗਾਤਾਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ।
ਨਾਨੀਸੇੱਟੀ ਸ਼ੇਰੀਸ਼ ਮੁਤਾਬਕ, "ਫ਼ਰਾਂਸੀਸੀ ਯਾਤਰੀ ਥੇਵੇਨੋ ਨੇ ਲਿਖਿਆ ਸੀ ਕਿ ਗੋਲਕੋਂਡਾ ਦਾ ਰਾਜ ਹੀਰਿਆਂ ਦੀ ਧਰਤੀ ਸੀ।"
"17ਵੀਂ ਸਦੀ ਤੱਕ ਗੋਲਕੋਂਡਾ ਦੇ ਸ਼ਾਸਨ ਅਧੀਨ ਹੀਰਿਆਂ ਦੀਆਂ 23 ਖਾਣਾਂ ਸਨ, ਜਦਕਿ ਬੀਜਾਪੁਰ ਦੇ ਸ਼ਾਸਨ ਅਧੀਨ 15 ਖਾਣਾਂ ਸਨ। ਇਨ੍ਹਾਂ ਖਾਣਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ।"
"ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਗੋਲਕੋਂਡਾ 'ਤੇ ਹਮਲਾ ਕੀਤਾ ਸੀ, ਤਾਂ ਇਸ ਦੇ ਪਿੱਛੇ ਇੱਕ ਕਾਰਨ ਉੱਥੇ ਵੱਡੀ ਮਾਤਰਾ ਵਿੱਚ ਹੀਰਿਆਂ ਦਾ ਮੌਜੂਦ ਹੋਣਾ ਵੀ ਸੀ।"
ਸ਼ੇਰੀਸ਼ ਨੇ ਬੀਬੀਸੀ ਨੂੰ ਦੱਸਿਆ, "ਪੁਰਾਣੇ ਸਮੇਂ ਵਿੱਚ ਰਾਜੇ ਹੀਰਿਆਂ ਦੀ ਭਾਲ ਕਰਨ ਵਾਲਿਆਂ ਨੂੰ ਇੱਕ ਨਿਸ਼ਚਿਤ ਰਕਮ ਦਿੰਦੇ ਸਨ। ਜੇ ਕਿਸੇ ਨੂੰ ਇੱਕ ਕੈਰਟ ਜਾਂ ਇਸ ਤੋਂ ਘੱਟ ਵਜ਼ਨ ਦਾ ਹੀਰਾ ਮਿਲਦਾ ਸੀ, ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।"
"ਪਰ ਜੇ ਹੀਰੇ ਦਾ ਵਜ਼ਨ ਇਸ ਤੋਂ ਵੱਧ ਹੁੰਦਾ ਸੀ, ਤਾਂ ਉਸ ਨੂੰ ਰਾਜੇ ਦੇ ਹਵਾਲੇ ਕਰਨਾ ਪੈਂਦਾ ਸੀ। ਇਸੇ ਕਾਰਨ ਵੱਡੀਆਂ ਖਾਣਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਜਦੋਂ ਸ਼ਾਮ ਨੂੰ ਘਰ ਪਰਤਣਾ ਹੁੰਦਾ ਸੀ, ਤਾਂ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲਈ ਜਾਂਦੀ ਸੀ।"
"ਇਹ ਦੇਖਿਆ ਜਾਂਦਾ ਸੀ ਕਿ ਕਿਤੇ ਉਹ ਕੋਈ ਹੀਰਾ ਲੁਕਾ ਕੇ ਤਾਂ ਨਹੀਂ ਲੈ ਕੇ ਜਾ ਰਿਹਾ। ਖਾਣ ਵਿੱਚ ਜਿੰਨੇ ਮਜ਼ਦੂਰ ਹੁੰਦੇ ਸਨ, ਲਗਭਗ ਓਨੇ ਹੀ ਪਹਿਰੇਦਾਰ ਵੀ ਤੈਨਾਤ ਕੀਤੇ ਜਾਂਦੇ ਸਨ।"
ਸ਼ੇਰੀਸ਼ ਮੁਤਾਬਕ, "ਵਿਜੇਨਗਰ ਸਾਮਰਾਜ ਦੇ ਪਤਨ ਤੋਂ ਬਾਅਦ ਗੋਲਕੋਂਡਾ ਰਾਜ ਹੀਰਿਆਂ ਦੇ ਵਪਾਰੀਆਂ ਦੇ ਇੱਕ ਵੱਡੇ ਕੇਂਦਰ ਵਜੋਂ ਉੱਭਰਿਆ।"
ਕੀ ਕੋਹਿਨੂਰ ਵੀ ਇੱਥੇ ਹੀ ਮਿਲਿਆ ਸੀ?

ਕੋਹਿਨੂਰ ਹੀਰਾ ਅਸਲ ਵਿੱਚ ਕਿੱਥੇ ਮਿਲਿਆ ਸੀ, ਇਸ ਦਾ ਕੋਈ ਸਪੱਸ਼ਟ ਸਬੂਤ ਨਹੀਂ ਹੈ।
ਹਾਲਾਂਕਿ, ਜ਼ਿਆਦਾਤਰ ਇਤਿਹਾਸਕਾਰਾਂ ਅਤੇ ਭੂ-ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਕੋੱਲੂਰ ਦੀ ਖਾਣ ਵਿੱਚੋਂ ਮਿਲਿਆ ਸੀ।
ਸ਼ਾਹਜਹਾਂ ਕੋਲ ਪਹੁੰਚਣ ਤੋਂ ਬਾਅਦ ਕੋਹਿਨੂਰ ਦੇ ਇਤਿਹਾਸ ਦਾ ਵੇਰਵਾ ਸਪੱਸ਼ਟ ਤੌਰ 'ਤੇ ਦਰਜ ਹੈ।
ਇਤਿਹਾਸ ਵਿੱਚ ਦੱਸਿਆ ਗਿਆ ਹੈ ਕਿ ਇਹ ਹੀਰਾ ਕਿਵੇਂ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਪਹੁੰਚਿਆ ਅਤੇ ਆਖ਼ਰਕਾਰ ਬ੍ਰਿਟੇਨ ਦੇ ਸ਼ਾਹੀ ਤਾਜ ਦਾ ਹਿੱਸਾ ਬਣ ਗਿਆ।
ਪਰ ਇਹ ਸ਼ਾਹਜਹਾਂ ਕੋਲ ਕਿਵੇਂ ਪਹੁੰਚਿਆ, ਇਸ ਬਾਰੇ ਕੋਈ ਠੋਸ ਸਬੂਤ ਨਹੀਂ ਹੈ।
ਸ਼ੇਰੀਸ਼ ਕਹਿੰਦੇ ਹਨ, "ਕੋਹਿਨੂਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ।"
"ਮੇਰੀ ਖੋਜ ਮੁਤਾਬਕ, ਇਹ ਹੀਰਾ ਕੋੱਲੂਰ ਦੀ ਖਾਣ ਵਿੱਚੋਂ ਸਿੱਧਾ ਗੰਡੀਕੋਟਾ ਦੇ ਸ਼ਾਸਕ ਮੀਰ ਜੁਮਲਾ ਕੋਲ ਪਹੁੰਚਿਆ ਸੀ। ਮੀਰ ਜੁਮਲਾ ਨੇ ਆਪਣੀ ਵਫ਼ਾਦਾਰੀ ਦਿਖਾਉਣ ਲਈ ਇਹ ਹੀਰਾ ਸ਼ਾਹਜਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।"
ਉਹ ਕਹਿੰਦੇ ਹਨ, "ਮੁਗ਼ਲ ਦਸਤਾਵੇਜ਼ਾਂ ਵਿੱਚ ਹੀਰੇ ਦੇ ਰੰਗ, ਆਕਾਰ, ਪਾਣੀ ਵਰਗੀ ਸਾਫ਼ ਚਮਕ, ਪਾਰਦਰਸ਼ਤਾ ਅਤੇ ਲਾਲ ਮਖਮਲੀ ਕੱਪੜੇ ਵਿੱਚ ਲਪੇਟੇ ਇਸ ਦੇ ਡੱਬੇ ਬਾਰੇ ਜੋ ਵੇਰਵਾ ਮਿਲਦਾ ਹੈ, ਉਹ ਕੋਹਿਨੂਰ ਨਾਲ ਮੇਲ ਖਾਂਦਾ ਹੈ।"
"ਉਸ ਸਮੇਂ ਇੰਨੇ ਵੱਡੇ ਹੀਰੇ ਮਿਲਣ ਵਾਲੀ ਇਕਲੌਤੀ ਖਾਣ ਕੋੱਲੂਰ ਸੀ। ਮੀਰ ਜੁਮਲਾ ਕੋਲ ਪਹੁੰਚਣ ਤੱਕ ਇਸ ਹੀਰੇ ਦਾ ਕੋਈ ਨਾਂ ਨਹੀਂ ਸੀ। ਸ਼ਾਹਜਹਾਂ ਨੇ ਇਸ ਨੂੰ 'ਕੋਹਿਨੂਰ' ਨਾਂ ਦਿੱਤਾ ਸੀ। ਫ਼ਾਰਸੀ ਭਾਸ਼ਾ ਵਿੱਚ ਇਸ ਦਾ ਅਰਥ 'ਰੌਸ਼ਨੀ ਦਾ ਪਹਾੜ' ਹੁੰਦਾ ਹੈ।"
ਫ਼ਰਾਂਸੀਸੀ ਯਾਤਰੀ ਬੈਪਟਿਸਟ ਟੈਵਰਨੀਅਰ ਨੇ ਮੀਰ ਜੁਮਲਾ ਕੋਲ ਮੌਜੂਦ ਹੀਰਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
ਟੈਵਰਨੀਅਰ ਨੇ ਲਿਖਿਆ ਸੀ ਕਿ ਮੀਰ ਜੁਮਲਾ ਕੋਲ ਹੀਰਿਆਂ ਦੇ ਢੇਰ ਲੱਗੇ ਹੋਏ ਸਨ।
ਭਾਰਤੀ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਦੇ ਸੇਵਾਮੁਕਤ ਵਿਗਿਆਨੀ ਐੱਸਵੀ ਸਤਿਆਨਾਰਾਇਣ ਦੀ ਵੀ ਇਹੋ ਰਾਇ ਹੈ।
ਉਨ੍ਹਾਂ ਨੇ ਦੱਸਿਆ, "ਕੋਹਿਨੂਰ ਸ਼ਾਇਦ 1656 ਵਿੱਚ ਜਾਂ ਫਿਰ 1304 ਵਿੱਚ ਕੋੱਲੂਰ ਤੋਂ ਮਿਲਿਆ ਸੀ।"
ਸ਼ੇਰੀਸ਼ ਕਹਿੰਦੇ ਹਨ, "ਕੋਹਿਨੂਰ ਕਦੋਂ ਮਿਲਿਆ ਸੀ ਅਤੇ ਉਸ ਸਮੇਂ ਉਸ ਦਾ ਵਜ਼ਨ ਕਿੰਨਾ ਸੀ, ਇਸ ਬਾਰੇ ਸ਼ੱਕ ਹੋ ਸਕਦਾ ਹੈ। ਪਰ ਇਹ ਕ੍ਰਿਸ਼ਨਾ ਦਰਿਆ ਦੀ ਘਾਟੀ ਵਿੱਚੋਂ ਮਿਲਿਆ ਸੀ, ਇਸ ਬਾਰੇ ਕੋਈ ਸ਼ੱਕ ਨਹੀਂ ਹੈ।"
ਐੱਸਵੀ ਸਤਿਆਨਾਰਾਇਣ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਕੋਹਿਨੂਰ ਤੋਂ ਇਲਾਵਾ ਹੋਰ ਮਸ਼ਹੂਰ ਹੀਰੇ ਕਿੱਥੋਂ ਮਿਲੇ ਸਨ, ਇਸ ਦਾ ਵੇਰਵਾ ਇਸ ਤਰ੍ਹਾਂ ਹੈ।
ਅੱਜ ਕਿੱਥੇ ਹਨ ਹੀਰਿਆਂ ਦੀਆਂ ਉਹ ਖਾਣਾਂ?

ਅੱਜ ਦੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ, ਕੁਰਨੂਲ, ਕ੍ਰਿਸ਼ਨਾ ਅਤੇ ਗੁੰਟੂਰ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਹੀਰੇ ਮਿਲਦੇ ਸਨ।
ਇਸ ਤੋਂ ਇਲਾਵਾ, ਅੱਜ ਦੇ ਤੇਲੰਗਾਨਾ ਦੇ ਮਹਬੂਬਨਗਰ ਜ਼ਿਲ੍ਹੇ, ਕਰਨਾਟਕ ਦੇ ਰਾਇਚੂਰ, ਮਹਾਰਾਸ਼ਟਰ ਦੇ ਵੈਰਾਗੜ੍ਹ ਅਤੇ ਆਂਧਰਾ ਪ੍ਰਦੇਸ਼ ਦੇ ਮੌਜੂਦਾ ਪ੍ਰਕਾਸ਼ਮ ਤੇ ਕਡੱਪਾ ਜ਼ਿਲ੍ਹਿਆਂ ਵਿੱਚ ਵੀ ਕੁਝ ਹੀਰੇ ਮਿਲਦੇ ਸਨ।
ਜੀਐੱਸਆਈ ਦੇ ਸੇਵਾਮੁਕਤ ਵਿਗਿਆਨੀ ਐੱਸ.ਵੀ. ਸਤਿਆਨਾਰਾਇਣ ਨੇ ਬੀਬੀਸੀ ਨੂੰ ਦੱਸਿਆ ਕਿ ਹੈਨਰੀ ਹੋਵਰਡ ਨੇ 1677 ਵਿੱਚ ਇੱਕ ਦਸਤਾਵੇਜ਼ ਤਿਆਰ ਕੀਤਾ ਸੀ।
ਇਸੇ ਦਸਤਾਵੇਜ਼ ਦੇ ਆਧਾਰ 'ਤੇ ਇਨ੍ਹਾਂ ਥਾਵਾਂ ਦੀ ਪਛਾਣ ਹੀਰਿਆਂ ਦੀਆਂ ਪੁਰਾਣੀਆਂ ਖਾਣਾਂ ਵਜੋਂ ਕੀਤੀ ਜਾਂਦੀ ਹੈ।
ਇਸੇ ਇਲਾਕੇ ਵਿੱਚ ਹੀ ਹੀਰੇ ਕਿਉਂ ਮਿਲਦੇ ਸਨ?
ਹੀਰੇ ਮੁੱਖ ਤੌਰ 'ਤੇ ਕਿੰਬਰਲਾਈਟ, ਲੈਂਪਰੋਇਟ, ਕੌਂਗਲੋਮਰੇਟ ਭਾਵ ਵੱਖ-ਵੱਖ ਚੱਟਾਨਾਂ ਦੇ ਟੁਕੜਿਆਂ ਤੋਂ ਬਣੀਆਂ ਚੱਟਾਨਾਂ ਅਤੇ ਗ੍ਰੈਵਲ ਭਾਵ ਕੰਕਰਾਂ ਦੀਆਂ ਪਰਤਾਂ ਨਾਲ ਜੁੜੇ ਹੁੰਦੇ ਹਨ।
ਜੀਐੱਸਆਈ ਦੇ ਸੇਵਾਮੁਕਤ ਵਿਗਿਆਨੀ ਐੱਸਵੀ ਸਤਿਆਨਾਰਾਇਣ ਨੇ ਦੱਸਿਆ, "ਇਹ ਸਾਰੀਆਂ ਪੁਰਾਣੀਆਂ ਖਾਣਾਂ ਜ਼ਿਆਦਾਤਰ ਦਰਿਆਵਾਂ ਵੱਲੋਂ ਲਿਆਂਦੀ ਮਿੱਟੀ ਅਤੇ ਚੱਟਾਨਾਂ ਵਾਲੇ ਇਲਾਕਿਆਂ, ਕਿੰਬਰਲਾਈਟ, ਲੈਂਪਰੋਇਟ ਅਤੇ ਮਿੱਟੀ ਦੀ ਉੱਪਰਲੀ ਪਰਤ ਵਾਲੇ ਖੇਤਰਾਂ ਵਿੱਚ ਸਥਿਤ ਸਨ।"
"ਕ੍ਰਿਸ਼ਨਾ ਅਤੇ ਤੁੰਗਭਦਰਾ ਦਰਿਆਵਾਂ ਦੇ ਸੰਗਮ ਤੋਂ ਲੈ ਕੇ ਵਿਜੇਵਾੜਾ ਤੱਕ ਲਗਭਗ 300 ਕਿਲੋਮੀਟਰ ਦੇ ਇਲਾਕੇ ਵਿੱਚ ਇਹ ਖਾਣਾਂ ਫੈਲੀਆਂ ਹੋਈਆਂ ਸਨ।"
"ਇਸ ਇਲਾਕੇ ਵਿੱਚ ਅੱਜ ਦੇ ਕ੍ਰਿਸ਼ਨਾ, ਗੁੰਟੂਰ, ਮਹਬੂਬਨਗਰ, ਕੁਰਨੂਲ, ਪ੍ਰਕਾਸ਼ਮ, ਕਡੱਪਾ ਅਤੇ ਅਨੰਤਪੁਰ ਜ਼ਿਲ੍ਹੇ ਆਉਂਦੇ ਹਨ। ਸਭ ਤੋਂ ਵੱਧ ਖਣਨ ਕੋੱਲੂਰ-ਪਰਿਤਾਲਾ ਪੱਟੀ ਵਿੱਚ ਹੋਇਆ ਸੀ।"
"ਕੋਹਿਨੂਰ, ਗ੍ਰੇਟ ਮੋਗਲ, ਪਿੱਟ ਜਾਂ ਰੀਜੈਂਟ, ਓਰਲੋਫ਼, ਨਿਜ਼ਾਮ ਅਤੇ ਹੋਪ ਵਰਗੇ ਹੀਰੇ ਇਸੇ ਇਲਾਕੇ ਵਿੱਚੋਂ ਮਿਲੇ ਸਨ। ਤੁੰਗਭਦਰਾ ਅਤੇ ਕ੍ਰਿਸ਼ਨਾ ਦਰਿਆਵਾਂ ਦੇ ਸੰਗਮ ਤੋਂ ਲੈ ਕੇ ਕੋੱਲੂਰ-ਪਰਿਤਾਲਾ ਦੇ ਨਾਂ ਨਾਲ ਜਾਣੇ ਜਾਂਦੇ ਇਸ ਪੂਰੇ ਇਲਾਕੇ ਵਿੱਚ ਹੀਰੇ ਮਿਲਦੇ ਸਨ।"
ਸਤਿਆਨਾਰਾਇਣ ਮੁਤਾਬਕ, ਕੁਰਨੂਲ ਜ਼ਿਲ੍ਹੇ ਦੇ ਰਾਮੱਲਕੋਟ, ਬਨਗਾਨਪੱਲੇ, ਵਜਰਗਿਰੀ ਅਤੇ ਮੁਨੀਮਡੁਗੂ, ਗੁੰਟੂਰ ਜ਼ਿਲ੍ਹੇ ਦੇ ਕੋੱਲੂਰ ਅਤੇ ਕ੍ਰਿਸ਼ਨਾ ਜ਼ਿਲ੍ਹੇ ਦੇ ਮੱਲਾਵੇੱਲੀ ਇਲਾਕਿਆਂ ਵਿੱਚ ਕੌਂਗਲੋਮਰੇਟ ਕਿਸਮ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ।
ਅਨੰਤਪੁਰ ਅਤੇ ਕੁਰਨੂਲ ਜ਼ਿਲ੍ਹਿਆਂ ਦੇ ਵਜਰਕਰੂਰ ਅਤੇ ਜੋਨਾਗਿਰੀ ਇਲਾਕਿਆਂ ਵਿੱਚ ਵੀ ਹੀਰਿਆਂ ਦੀ ਖੁਦਾਈ ਕੀਤੀ ਜਾਂਦੀ ਸੀ।
ਅਨੰਤਪੁਰ ਜ਼ਿਲ੍ਹੇ ਦੀਆਂ ਵਜਰਕਰੂਰ ਦੀਆਂ ਕਿੰਬਰਲਾਈਟ ਚੱਟਾਨਾਂ ਅਤੇ ਕੁਰਨੂਲ ਦੇ ਚੇਲੀਮਾ ਇਲਾਕੇ ਦੀਆਂ ਲੈਂਪਰੋਇਟ ਚੱਟਾਨਾਂ ਵੀ ਇਸ ਸਿਲਸਿਲੇ ਵਿੱਚ ਜਾਣੀਆਂ ਜਾਂਦੀਆਂ ਹਨ।
ਇਨ੍ਹਾਂ ਇਲਾਕਿਆਂ ਦੀ ਜ਼ਮੀਨ ਵਿੱਚੋਂ ਹੀਰੇ ਮਿਲਦੇ ਸਨ।
ਸਤਿਆਨਾਰਾਇਣ ਨੇ ਦੱਸਿਆ, "ਕ੍ਰਿਸ਼ਨਾ ਜ਼ਿਲ੍ਹੇ ਦੀਆਂ ਗ੍ਰੈਵਲ ਖਾਣਾਂ ਅਤੇ ਵਿਜੇਨਗਰ ਸਾਮਰਾਜ ਦੇ ਵਜਰਕਰੂਰ ਇਲਾਕੇ ਵਿੱਚ ਖੁਦਾਈ ਵਾਲੀਆਂ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਹੀਰੇ ਮਿਲੇ ਸਨ।"
"ਹੋਵਰਡ ਨੇ 1677 ਵਿੱਚ ਲਿਖਿਆ ਸੀ ਕਿ 1610 ਦੇ ਲਗਭਗ ਪੁਰਤਗਾਲ ਦੇ ਇੱਕ ਯਾਤਰੀ ਨੂੰ ਵਜਰਕਰੂਰ ਵਿੱਚ 400 ਕੈਰਟ ਤੋਂ ਵੱਧ ਵਜ਼ਨ ਦਾ ਹੀਰਾ ਮਿਲਿਆ ਸੀ।"
"ਗਾਰਸੀਆ ਦਾ ਓਰਤਾ ਦੇ ਦਸਤਾਵੇਜ਼ਾਂ ਮੁਤਾਬਕ, 1534 ਵਿੱਚ ਵਿਜੇਨਗਰ ਵਿੱਚ ਮੁਰਗੀ ਦੇ ਛੋਟੇ ਆਂਡੇ ਜਿੰਨਾ ਵੱਡਾ ਇੱਕ ਹੀਰਾ ਮਿਲਿਆ ਸੀ। ਇਸ ਦੇ ਨਾਲ ਲਗਭਗ 150, 175 ਅਤੇ 312 ਕੈਰਟ ਵਜ਼ਨ ਦੇ ਤਿੰਨ ਹੋਰ ਹੀਰੇ ਵੀ ਮਿਲੇ ਸਨ।
"ਉਨ੍ਹਾਂ ਨੇ ਇਹ ਜਾਣਕਾਰੀ ਵੀ ਦਰਜ ਕੀਤੀ ਸੀ ਕਿ ਕਿਹੜਾ ਹੀਰਾ ਕਿਸ ਸਾਲ ਕਿਸ ਰਾਜੇ ਦੇ ਹੱਥ ਲੱਗਿਆ ਸੀ।"
ਹੁਣ ਉੱਥੇ ਖੁਦਾਈ ਕਿਉਂ ਨਹੀਂ ਹੁੰਦੀ?

ਤਸਵੀਰ ਸਰੋਤ, Tim Graham Photo Library via Getty Images
ਇਤਿਹਾਸ ਮੁਤਾਬਕ, ਕੋੱਲੂਰ ਵਰਗੀਆਂ ਥਾਵਾਂ 'ਤੇ 13ਵੀਂ ਤੋਂ 18ਵੀਂ ਸਦੀ ਤੱਕ, ਭਾਵ ਲਗਭਗ 600 ਸਾਲਾਂ ਤੱਕ ਵੱਡੇ ਪੱਧਰ 'ਤੇ ਹੀਰਿਆਂ ਦੀ ਖੁਦਾਈ ਹੁੰਦੀ ਰਹੀ ਸੀ।
ਇਸ ਤੋਂ ਇਲਾਵਾ, ਕਈ ਹੋਰ ਖਾਣਾਂ ਵਿੱਚੋਂ ਵੀ ਸੈਂਕੜੇ ਸਾਲਾਂ ਤੱਕ ਹੀਰੇ ਮਿਲਦੇ ਰਹੇ ਸਨ।
ਸ਼ੇਰੀਸ਼ ਕਹਿੰਦੇ ਹਨ, "ਕਿਸੇ ਵੀ ਹੀਰੇ ਦੀ ਖਾਣ ਵਿੱਚੋਂ ਵੱਡੀ ਗਿਣਤੀ ਵਿੱਚ ਹੀਰੇ ਮਿਲਣ ਤਾਂ ਹੀ ਉੱਥੇ ਖੁਦਾਈ ਕਰਨਾ ਫ਼ਾਇਦੇਮੰਦ ਹੁੰਦਾ ਹੈ। ਜੇ ਅਜਿਹਾ ਨਾ ਹੋਵੇ, ਤਾਂ ਉਦਯੋਗਿਕ ਪੱਧਰ 'ਤੇ ਖੁਦਾਈ ਕਰਨਾ ਸੰਭਵ ਨਹੀਂ ਹੁੰਦਾ।"
ਇਨ੍ਹਾਂ ਖਾਣਾਂ ਨਾਲ ਵੀ ਇਹੋ ਸਮੱਸਿਆ ਆਈ।
ਉਸ ਸਮੇਂ ਦੇ ਰਾਜਿਆਂ ਦੇ ਸ਼ਾਸਨ ਦੌਰਾਨ ਇਨ੍ਹਾਂ ਸਾਰੀਆਂ ਖਾਣਾਂ ਵਿੱਚੋਂ ਵੱਡੀ ਮਾਤਰਾ ਵਿੱਚ ਹੀਰੇ ਕੱਢੇ ਜਾ ਚੁੱਕੇ ਸਨ। ਹੁਣ ਉੱਥੇ ਕੁਝ ਵੀ ਬਾਕੀ ਨਹੀਂ ਬਚਿਆ।
ਇਸ ਦਾ ਇਹ ਮਤਲਬ ਨਹੀਂ ਹੈ ਕਿ ਉੱਥੇ ਹੀਰੇ ਬਿਲਕੁਲ ਨਹੀਂ ਮਿਲਦੇ। ਸਮੇਂ-ਸਮੇਂ 'ਤੇ ਇੱਥੇ-ਉੱਥੇ ਕੋਈ ਹੀਰਾ ਮਿਲ ਜਾਂਦਾ ਹੈ। ਪਰ ਇੰਨੀ ਵੱਡੀ ਗਿਣਤੀ ਵਿੱਚ ਹੀਰੇ ਨਹੀਂ ਮਿਲਦੇ ਕਿ ਉਦਯੋਗਿਕ ਪੱਧਰ 'ਤੇ ਖੁਦਾਈ ਕੀਤੀ ਜਾ ਸਕੇ।
ਐੱਸਵੀ ਸਤਿਆਨਾਰਾਇਣ ਕਹਿੰਦੇ ਹਨ, "1725 ਤੋਂ ਬਾਅਦ ਬ੍ਰਾਜ਼ੀਲ ਵਿੱਚ ਹੀਰਿਆਂ ਦੀਆਂ ਨਵੀਆਂ ਖਾਣਾਂ ਦਾ ਮਿਲਣਾ, ਸਾਮਰਾਜਾਂ ਦਾ ਪਤਨ ਅਤੇ ਸਭ ਤੋਂ ਮਹੱਤਵਪੂਰਨ ਗੱਲ, ਹੀਰਿਆਂ ਦੇ ਕਾਰੋਬਾਰ ਵਿੱਚ ਆਈ ਮੰਦੀ ਅਜਿਹੇ ਕਾਰਨ ਸਨ, ਜਿਨ੍ਹਾਂ ਕਰਕੇ ਇੱਥੋਂ ਦੀਆਂ ਖਾਣਾਂ ਬੰਦ ਹੋਣ ਲੱਗੀਆਂ।"
"ਹਾਲਾਂਕਿ, ਇਨ੍ਹਾਂ ਇਲਾਕਿਆਂ ਵਿੱਚ ਅੱਜ ਵੀ ਥਾਂ-ਥਾਂ ਹੀਰਿਆਂ ਦੀ ਭਾਲ ਕੀਤੀ ਜਾਂਦੀ ਹੈ। 1890 ਤੋਂ 1894 ਦੇ ਵਿਚਕਾਰ ਹੈਦਰਾਬਾਦ ਡੈਕਨ ਕੰਪਨੀ ਨੇ ਮੌਜੂਦਾ ਪਰਿਤਾਲਾ ਦੇ ਨੇੜੇ ਮੁੜ ਹੀਰਿਆਂ ਦੀ ਭਾਲ ਸ਼ੁਰੂ ਕੀਤੀ ਸੀ।"
"ਪਰ ਇਹ ਕੰਮ ਫ਼ਾਇਦੇਮੰਦ ਸਾਬਤ ਨਹੀਂ ਹੋਇਆ ਅਤੇ ਇਸ ਨੂੰ ਬੰਦ ਕਰ ਦਿੱਤਾ ਗਿਆ। 1825 ਵਿੱਚ ਵੋਇਸੀ ਨੇ ਲਿਖਿਆ ਸੀ ਕਿ ਕ੍ਰਿਸ਼ਨਾ ਅਤੇ ਪੇਨਾ ਦਰਿਆਵਾਂ ਦੀਆਂ ਘਾਟੀਆਂ ਵਿੱਚ ਮੌਜੂਦ ਖਾਣਾਂ ਲਗਭਗ ਖਾਲ੍ਹੀ ਹੋ ਚੁੱਕੀਆਂ ਸਨ।"
"ਉੱਥੇ ਵੱਡੇ ਪੱਧਰ 'ਤੇ ਹੀਰਿਆਂ ਦਾ ਉਤਪਾਦਨ ਨਹੀਂ ਹੋ ਰਿਹਾ ਸੀ ਅਤੇ ਕੁਝ ਛੋਟੀਆਂ ਖਾਣਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।"
ਸਤਿਆਨਾਰਾਇਣ ਨੇ ਦੱਸਿਆ, "1950 ਤੋਂ ਬਾਅਦ ਭਾਰਤ ਸਰਕਾਰ ਨੇ ਭਾਰਤੀ ਭੂ-ਵਿਗਿਆਨਕ ਸਰਵੇਖਣ ਦੀ ਅਗਵਾਈ ਹੇਠ ਇਨ੍ਹਾਂ ਇਲਾਕਿਆਂ ਵਿੱਚ ਹੀਰਿਆਂ ਦੀ ਖੁਦਾਈ ਕਰਨ ਦੀ ਕੋਸ਼ਿਸ਼ ਕੀਤੀ ਸੀ।"
"ਗੁੰਟੂਰ ਅਤੇ ਕ੍ਰਿਸ਼ਨਾ ਜ਼ਿਲ੍ਹਿਆਂ ਦੇ ਕੋੱਲੂਰ, ਚੰਦਰਲਪਾਡੂ ਅਤੇ ਪਰਿਤਾਲਾ ਇਲਾਕਿਆਂ ਵਿੱਚ ਖੁਦਾਈ ਕੀਤੀ ਗਈ ਸੀ। ਕਿੰਬਰਲਾਈਟ ਅਤੇ ਲੈਂਪਰੋਇਟ ਚੱਟਾਨਾਂ ਦੀ ਵੀ ਭਾਲ ਕੀਤੀ ਗਈ। ਪਰ ਇਸ ਦੇ ਕੋਈ ਖ਼ਾਸ ਨਤੀਜੇ ਨਹੀਂ ਨਿਕਲੇ।"
"ਉੱਥੇ ਬਹੁਤ ਛੋਟੇ ਹੀਰੇ ਮਿਲਦੇ ਸਨ। ਉਦਯੋਗਿਕ ਪੱਧਰ 'ਤੇ ਖੁਦਾਈ ਫ਼ਾਇਦੇਮੰਦ ਨਾ ਹੋਣ ਕਾਰਨ ਇਨ੍ਹਾਂ ਕੋਸ਼ਿਸ਼ਾਂ ਨੂੰ ਛੱਡ ਦਿੱਤਾ ਗਿਆ।"
ਹੁਣ ਇੱਥੇ ਹੀਰਿਆਂ ਦੀ ਭਾਲ ਕੌਣ ਕਰਦਾ ਹੈ?

ਅੱਜ ਆਮ ਲੋਕ, ਗ਼ਰੀਬ ਪਰਿਵਾਰ ਅਤੇ ਹੇਠਲੇ ਮੱਧਵਰਗੀ ਤਬਕੇ ਦੇ ਕਈ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਇਨ੍ਹਾਂ ਇਲਾਕਿਆਂ ਵਿੱਚ ਹੀਰਿਆਂ ਦੀ ਭਾਲ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਹੀਰੇ ਮਿਲਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਕੁਰਨੂਲ ਜ਼ਿਲ੍ਹੇ ਦੇ ਜੋਨਾਗਿਰੀ, ਅਨੰਤਪੁਰ ਜ਼ਿਲ੍ਹੇ ਦੇ ਵਜਰਕਰੂਰ, ਕ੍ਰਿਸ਼ਨਾ ਜ਼ਿਲ੍ਹੇ ਦੇ ਪਰਿਤਾਲਾ ਅਤੇ ਗੁੰਟੂਰ ਜ਼ਿਲ੍ਹੇ ਦੇ ਕੋੱਲੂਰ ਵਿੱਚ ਮਈ ਦੇ ਆਖ਼ਰੀ ਦਿਨਾਂ ਤੋਂ ਜੁਲਾਈ ਦੇ ਅੰਤ ਤੱਕ, ਦੋਵਾਂ ਤੇਲਗੂ ਸੂਬਿਆਂ ਤੋਂ ਲੋਕ ਹੀਰਿਆਂ ਦੀ ਭਾਲ ਵਿੱਚ ਆਉਂਦੇ ਹਨ।
ਕੁਝ ਲੋਕ ਆਪਣੇ ਨਾਲ ਚੌਲ, ਨਮਕ, ਤੇਲ ਅਤੇ ਮਿਰਚ ਵਰਗੀਆਂ ਜ਼ਰੂਰੀ ਚੀਜ਼ਾਂ ਲੈ ਕੇ ਆਉਂਦੇ ਹਨ।
ਉਹ ਇੱਥੇ ਮੱਛੀਆਂ ਫੜਦੇ ਹਨ ਜਾਂ ਹਫ਼ਤੇ ਦੇ ਅਖ਼ੀਰ ਵਿੱਚ ਲੱਗਣ ਵਾਲੀ ਮੰਡੀ ਤੋਂ ਸਬਜ਼ੀਆਂ ਖ਼ਰੀਦਦੇ ਹਨ।
ਇਸ ਤੋਂ ਬਾਅਦ ਉਹ ਇੱਥੇ ਹੀ ਰੁਕ ਕੇ ਹੀਰਿਆਂ ਦੀ ਭਾਲ ਕਰਦੇ ਰਹਿੰਦੇ ਹਨ।
ਕੁਝ ਲੋਕ ਆਪਣੇ ਪਰਿਵਾਰਾਂ ਨਾਲ ਆਉਂਦੇ ਹਨ, ਜਦਕਿ ਕੁਝ ਆਪਣੇ ਪਰਿਵਾਰਾਂ ਨੂੰ ਘਰ ਛੱਡ ਕੇ ਇਕੱਲੇ ਹੀ ਇੱਥੇ ਪਹੁੰਚਦੇ ਹਨ।
ਕੁਝ ਲੋਕ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸਮੂਹਾਂ ਵਿੱਚ ਆਉਂਦੇ ਹਨ।
ਉੱਥੇ ਹੀ, ਕੁਝ ਲੋਕ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਕੰਮ ਕਰਦੇ ਹਨ ਅਤੇ ਛੁੱਟੀ ਵਾਲੇ ਦਿਨ ਹੀਰਿਆਂ ਦੀ ਭਾਲ ਕਰਨ ਲਈ ਇੱਥੇ ਆਉਂਦੇ ਹਨ।
ਬੀਬੀਸੀ ਨੇ ਇੱਥੇ ਹੀਰਿਆਂ ਦੀ ਭਾਲ ਕਰ ਰਹੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਕੋਈ ਹੀਰਾ ਮਿਲਿਆ ਹੈ।
ਹਾਲਾਂਕਿ, ਉਹ ਅਕਸਰ ਅਜਿਹੀਆਂ ਕਹਾਣੀਆਂ ਜ਼ਰੂਰ ਸੁਣਾਉਂਦੇ ਹਨ ਕਿ ਕਿਸੇ ਵਿਅਕਤੀ ਨੂੰ ਇੱਕ ਖ਼ਾਸ ਥਾਂ 'ਤੇ ਹੀਰਾ ਮਿਲਿਆ ਸੀ, ਉਹ ਬੇਹੱਦ ਕੀਮਤੀ ਸੀ ਅਤੇ ਉਸ ਨੇ ਉਹ ਹੀਰਾ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ।
ਅਜਿਹੀਆਂ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਕਿੰਨੀਆਂ ਸੱਚੀਆਂ ਹਨ ਅਤੇ ਕਿੰਨੀਆਂ ਮਨਘੜਤ, ਇਹ ਤੈਅ ਕਰਨਾ ਔਖਾ ਹੈ।
ਪਿਡੁਗੁਰਾਲਾ ਦੀ ਰਹਿਣ ਵਾਲੀ ਵਿਜਯੰਮਾ ਨੂੰ ਮਿਰਚਾਂ ਅਤੇ ਕਪਾਹ ਦੀ ਖੇਤੀ ਵਿੱਚ ਨੁਕਸਾਨ ਹੋਇਆ ਸੀ। ਕਰਜ਼ਾ ਚੁਕਾਉਣ ਲਈ ਹੀਰਾ ਮਿਲਣ ਦੀ ਉਮੀਦ ਵਿੱਚ ਉਨ੍ਹਾਂ ਨੇ ਇੱਕ ਮਹੀਨੇ ਤੱਕ ਕੋੱਲੂਰ ਵਿੱਚ ਭਾਲ ਕੀਤੀ।
ਵਿਜਯੰਮਾ ਨੇ ਕਿਹਾ, "ਜਿਸ ਨੂੰ ਹੀਰਾ ਮਿਲਣਾ ਹੋਵੇਗਾ, ਉਸ ਨੂੰ ਮਿਲ ਹੀ ਜਾਵੇਗਾ। ਕੋਈ ਵੀ ਇਸ ਬਾਰੇ ਕਿਸੇ ਨੂੰ ਨਹੀਂ ਦੱਸਦਾ। ਮੈਨੂੰ ਡਰ ਲੱਗਦਾ ਹੈ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ, ਤਾਂ ਉਹ ਹੀਰਾ ਲੱਭਣ ਵਾਲੇ ਵਿਅਕਤੀ ਨਾਲ ਕੀ ਕਰੇਗਾ। ਅਸੀਂ ਤਾਂ ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ।"
ਏਰਾਗੋਂਡਾਪਾਲੇਮ ਇਲਾਕੇ ਦੀ ਨਰਸੰਮਾ ਵੀ ਸੱਤ ਮਹੀਨਿਆਂ ਤੱਕ ਕੋੱਲੂਰ ਵਿੱਚ ਰਹੀ ਸੀ।
ਉਹ ਹਰ ਮਹੀਨੇ ਆਪਣੀ ਪੈਨਸ਼ਨ ਲੈਣ ਲਈ ਆਪਣੇ ਪਿੰਡ ਜਾਂਦੀ ਸੀ ਅਤੇ ਬਾਕੀ ਸਮਾਂ ਆਪਣੇ ਪਤੀ ਨਾਲ ਹੀਰਿਆਂ ਦੀ ਭਾਲ ਕਰਦੀ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਇਹ ਮਿਹਨਤ ਆਪਣਾ ਕਰਜ਼ਾ ਚੁਕਾਉਣ ਲਈ ਕਰ ਰਹੇ ਹਾਂ।"
ਇੱਥੋਂ ਦੇ ਕਈ ਸਥਾਨਕ ਲੋਕ ਹੁਣ ਹੀਰਿਆਂ ਦੇ ਦਲਾਲ ਬਣ ਗਏ ਹਨ। ਉਨ੍ਹਾਂ ਕੋਲ ਹੀਰਿਆਂ ਦੀ ਗੁਣਵੱਤਾ ਜਾਂਚਣ ਵਾਲੀਆਂ ਮਸ਼ੀਨਾਂ ਵੀ ਹਨ।
ਜੇ ਕਿਸੇ ਵਿਅਕਤੀ ਨੂੰ ਕੋਈ ਅਜਿਹਾ ਪੱਥਰ ਮਿਲਦਾ ਹੈ, ਜਿਸ ਦੇ ਹੀਰਾ ਹੋਣ ਦਾ ਸ਼ੱਕ ਹੋਵੇ, ਤਾਂ ਉਹ ਉਸ ਨੂੰ ਦਲਾਲ ਕੋਲ ਲੈ ਜਾਂਦਾ ਹੈ।
ਦਲਾਲ ਉਸ ਦੀ ਗੁਣਵੱਤਾ ਦੀ ਜਾਂਚ ਕਰਦਾ ਹੈ, ਹੀਰਿਆਂ ਦੇ ਵਪਾਰੀਆਂ ਨਾਲ ਉਸ ਦੀ ਕੀਮਤ ਬਾਰੇ ਗੱਲਬਾਤ ਕਰਦਾ ਹੈ ਅਤੇ ਫਿਰ ਉਸ ਨੂੰ ਵਿਕਵਾਉਂਦਾ ਹੈ।
ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਾਰੀਆਂ ਸਰਗਰਮੀਆਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਹੁੰਦੀਆਂ ਹਨ।
ਹੀਰਿਆਂ ਬਾਰੇ ਕੀ ਲਿਖਿਆ ਗਿਆ ਹੈ?

ਪ੍ਰਾਚੀਨ ਭਾਰਤੀ ਸਾਹਿਤ ਵਿੱਚ ਮਹਾਂਭਾਰਤ ਤੋਂ ਲੈ ਕੇ ਕੌਟਿਲਯ ਦੇ ਅਰਥਸ਼ਾਸਤਰ ਤੱਕ ਕਈ ਗ੍ਰੰਥਾਂ ਵਿੱਚ ਹੀਰਿਆਂ ਦਾ ਜ਼ਿਕਰ ਮਿਲਦਾ ਹੈ।
ਹਾਲਾਂਕਿ, ਜਿਨ੍ਹਾਂ ਖਾਣਾਂ ਵਿੱਚੋਂ ਹੀਰੇ ਕੱਢੇ ਜਾਂਦੇ ਸਨ, ਉਨ੍ਹਾਂ ਇਲਾਕਿਆਂ ਦਾ ਵਿਸਥਾਰ ਨਾਲ ਵੇਰਵਾ ਬਹੁਤ ਘੱਟ ਮਿਲਦਾ ਹੈ।
ਇਨ੍ਹਾਂ ਖਾਣਾਂ ਬਾਰੇ ਜ਼ਿਆਦਾਤਰ ਜਾਣਕਾਰੀ ਵਿਦੇਸ਼ੀ ਯਾਤਰੀਆਂ, ਵਪਾਰੀਆਂ ਅਤੇ ਯੂਰਪ ਦੇ ਬਸਤੀਵਾਦੀ ਪ੍ਰਸ਼ਾਸਕਾਂ ਦੀਆਂ ਲਿਖਤਾਂ ਤੋਂ ਮਿਲਦੀ ਹੈ।
13ਵੀਂ ਸਦੀ ਵਿੱਚ ਅੱਜ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਸਥਿਤ ਮੋਟੂਪੱਲੀ ਬੰਦਰਗਾਹ ਵਾਲੇ ਇਲਾਕੇ ਦਾ ਦੌਰਾ ਕਰਨ ਵਾਲੇ ਮਾਰਕੋ ਪੋਲੋ ਨੇ ਇਨ੍ਹਾਂ ਹੀਰਿਆਂ ਦੀਆਂ ਖਾਣਾਂ ਬਾਰੇ ਲਿਖਿਆ ਸੀ।
ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕ੍ਰਿਸ਼ਨਾ ਦਰਿਆ ਦੀ ਘਾਟੀ ਵਿੱਚ ਸਥਿਤ ਹੀਰਿਆਂ ਦੀਆਂ ਖਾਣਾਂ ਦਾ ਦੌਰਾ ਵੀ ਕੀਤਾ ਸੀ।
ਕਈ ਖੋਜਕਾਰਾਂ ਦਾ ਮੰਨਣਾ ਹੈ ਕਿ ਮੋਟੂਪੱਲੀ ਦੇ ਨੇੜੇ ਕ੍ਰਿਸ਼ਨਾ ਘਾਟੀ ਵਿੱਚ ਸਥਿਤ ਉਹ ਥਾਂ ਕੋੱਲੂਰ ਹੋ ਸਕਦੀ ਹੈ।
ਮਾਰਕੋ ਪੋਲੋ ਨੇ ਲਿਖਿਆ ਸੀ, "ਇਸ ਰਾਜ ਤੋਂ ਇਲਾਵਾ ਦੁਨੀਆ ਵਿੱਚ ਹੋਰ ਕਿਤੇ ਹੀਰੇ ਨਹੀਂ ਮਿਲਦੇ। ਇੱਥੇ ਤੁਹਾਨੂੰ ਬਹੁਤ ਸਾਰੇ ਵਧੀਆ ਹੀਰੇ ਮਿਲਣਗੇ।"
ਇਨ੍ਹਾਂ ਸਾਰੇ ਯਾਤਰੀਆਂ ਵਿੱਚੋਂ ਫ਼ਰਾਂਸੀਸੀ ਯਾਤਰੀ ਜੀਨ ਬੈਪਟਿਸਟ ਟੈਵਰਨੀਅਰ ਨੇ ਸਭ ਤੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ।
ਉਹ ਖ਼ੁਦ ਹੀਰਿਆਂ ਦੇ ਵਪਾਰੀ ਸਨ। ਇਸ ਲਈ ਉਨ੍ਹਾਂ ਨੇ ਹੀਰਿਆਂ ਦੀਆਂ ਖਾਣਾਂ, ਉਤਪਾਦਨ, ਉਦਯੋਗ, ਕਾਰੋਬਾਰ, ਹੀਰਿਆਂ ਨੂੰ ਤਰਾਸ਼ਣ ਦੀ ਪ੍ਰਕਿਰਿਆ, ਉਨ੍ਹਾਂ ਦੇ ਵਜ਼ਨ ਅਤੇ ਗੁਣਵੱਤਾ ਬਾਰੇ ਲਿਖਿਆ ਸੀ।
ਯੂਰਪੀ ਲੇਖਕਾਂ ਨੇ ਇੱਥੇ ਮੌਜੂਦ ਖਾਣਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਵਿੱਚੋਂ ਮਿਲਣ ਵਾਲੇ ਹੀਰਿਆਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਸੀ।
ਇਨ੍ਹਾਂ ਵਿੱਚੋਂ ਕੋੱਲੂਰ ਦੀ ਖਾਣ ਦਾ ਸਭ ਤੋਂ ਵੱਧ ਦੌਰਾ ਕੀਤਾ ਗਿਆ ਅਤੇ ਇਸ ਬਾਰੇ ਸਭ ਤੋਂ ਵੱਧ ਵਿਸਥਾਰ ਨਾਲ ਲਿਖਿਆ ਗਿਆ।
ਉਨ੍ਹਾਂ ਨੇ ਇਹ ਵੀ ਲਿਖਿਆ ਸੀ ਕਿ ਮੱਲਵਰਮ, ਕੋਡਵਤੀਕਾਲ ਅਤੇ ਪਰਿਤਾਲਾ ਵੀ ਵੱਡੀਆਂ ਖਾਣਾਂ ਸਨ।
1814 ਵਿੱਚ ਹੀਨੀ ਨਾਂ ਦੇ ਇੱਕ ਲੇਖਕ ਨੇ ਲਿਖਿਆ ਸੀ ਕਿ ਕੋਡਵਤੀਕਾਲ ਵਿੱਚ ਇੰਨੇ ਹੀਰੇ ਮਿਲੇ ਸਨ ਕਿ ਉਨ੍ਹਾਂ ਨੂੰ ਬੈਲਗੱਡੀਆਂ ਵਿੱਚ ਭਰ ਕੇ ਲਿਜਾਇਆ ਜਾ ਸਕਦਾ ਸੀ।
ਉਨ੍ਹਾਂ ਨੇ ਪੇਨਾ, ਕੁੰਡੇਰੂ ਅਤੇ ਹਿੰਦਰੀ ਦਰਿਆਵਾਂ ਦੇ ਕੰਢਿਆਂ 'ਤੇ ਸਥਿਤ ਥਾਵਾਂ ਸਮੇਤ ਰਾਇਲਸੀਮਾ ਦੇ ਕਈ ਇਲਾਕਿਆਂ ਬਾਰੇ ਵੀ ਲਿਖਿਆ ਸੀ।
ਅੱਜ ਭਾਵੇਂ ਕੋੱਲੂਰ ਇਤਿਹਾਸ ਦੇ ਪੰਨਿਆਂ ਤੱਕ ਸਿਮਟ ਕੇ ਰਹਿ ਗਿਆ ਹੈ ਅਤੇ ਸਮੇਂ ਦੇ ਨਾਲ ਭੌਤਿਕ ਤੌਰ 'ਤੇ ਵੀ ਪਾਣੀ ਵਿੱਚ ਗੁਆਚ ਚੁੱਕਾ ਹੈ, ਪਰ ਬਹੁਤ ਸਾਰੇ ਲੋਕਾਂ ਲਈ ਇਹ ਅੱਜ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਉਮੀਦ ਵਾਲੀ ਥਾਂ ਹੈ।
ਉਨ੍ਹਾਂ ਨੂੰ ਲੱਗਦਾ ਹੈ ਕਿ ਇੱਥੋਂ ਮਿਲਣ ਵਾਲਾ ਇੱਕ ਹੀਰਾ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਲਿਖਿਆ ਸੀ ਕਿ ਮੱਲਵਰਮ, ਕੋਡਵਤੀਕਾਲ ਅਤੇ ਪਰਿਤਾਲਾ ਵੀ ਵੱਡੀਆਂ ਖਾਣਾਂ ਸਨ।
1814 ਵਿੱਚ ਹੀਨੀ ਨਾਂ ਦੇ ਇੱਕ ਲੇਖਕ ਨੇ ਲਿਖਿਆ ਸੀ ਕਿ ਕੋਡਵਤੀਕਾਲ ਵਿੱਚ ਇੰਨੇ ਹੀਰੇ ਮਿਲੇ ਸਨ ਕਿ ਉਨ੍ਹਾਂ ਨੂੰ ਬੈਲਗੱਡੀਆਂ ਵਿੱਚ ਭਰ ਕੇ ਲੈ ਕੇ ਜਾ ਸਕਦੇ ਸਨ
ਉਨ੍ਹਾਂ ਨੇ ਪੇਨਾ, ਕੁੰਡੇਰੂ ਅਤੇ ਹਿੰਦਰੀ ਦਰਿਆਵਾਂ ਦੇ ਕੰਢਿਆਂ 'ਤੇ ਸਥਿਤ ਥਾਵਾਂ ਸਮੇਤ ਰਾਇਲਸੀਮਾ ਦੇ ਕਈ ਇਲਾਕਿਆਂ ਬਾਰੇ ਵੀ ਲਿਖਿਆ ਸੀ।
ਅੱਜ ਭਾਵੇਂ ਕੋੱਲੂਰ ਇਤਿਹਾਸ ਦੇ ਪੰਨਿਆਂ ਤੱਕ ਸਿਮਟ ਕੇ ਰਹਿ ਗਿਆ ਹੈ ਅਤੇ ਸਮੇਂ ਦੇ ਨਾਲ ਭੌਤਿਕ ਤੌਰ 'ਤੇ ਵੀ ਪਾਣੀ ਵਿੱਚ ਗੁਆਚ ਚੁੱਕਾ ਹੈ, ਪਰ ਬਹੁਤ ਸਾਰੇ ਲੋਕਾਂ ਲਈ ਇਹ ਅੱਜ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਉਮੀਦ ਵਾਲੀ ਥਾਂ ਹੈ।
ਉਨ੍ਹਾਂ ਨੂੰ ਲੱਗਦਾ ਹੈ ਕਿ ਇੱਥੋਂ ਮਿਲਣ ਵਾਲਾ ਇੱਕ ਹੀਰਾ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































