ਜਦੋਂ ਇੱਕ ਅਧਿਕਾਰੀ 'ਸਟੇਟ ਸੀਕ੍ਰੇਟ' ਨੂੰ ਟਰੇਨ ਵਿੱਚ ਹੀ ਭੁੱਲ ਗਿਆ, ਕਿਵੇਂ ਉਸ ਦੀ ਜ਼ਿੰਦਗੀ ਬਦਲ ਗਈ, ਗਲਤੀ ਦੇ ਬੋਝ ਤੋਂ ਉਹ ਕਿਵੇਂ ਉਭਰਿਆ

    • ਲੇਖਕ, ਜੈਨੀਫਰ ਮੇਅਰਹੈਂਸ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਚੇਤਾਵਨੀ: ਇਹ ਕਹਾਣੀ ਵਿੱਚ ਖ਼ੁਦਕੁਸ਼ੀ ਦਾ ਹਵਾਲਾ ਹੈ।

ਰਿਚਰਡ ਜੈਕਸਨ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇੱਕ ਮੰਗਲਵਾਰ ਨੂੰ ਕੀਤੀ ਸੀ ਜਦੋਂ ਉਹ ਕੰਮ 'ਤੇ ਜਾਣ ਲਈ ਟਰੇਨ ਵਿੱਚ ਸਫ਼ਰ ਕਰ ਰਿਹਾ ਸੀ।

ਉਹ ਬ੍ਰਿਟਿਸ਼ ਅਧਿਕਾਰੀ ਟਰੇਨ ਵਿੱਚ ਬਹੁਤ ਹੀ ਗੁਪਤ ਦਸਤਾਵੇਜ਼ ਭੁੱਲ ਗਿਆ। ਜਦੋਂ ਉਸ ਨੂੰ ਅਹਿਸਾਸ ਹੋਇਆ ਅਤੇ ਘਬਰਾ ਗਿਆ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੈ।

ਸਕਿੰਟ ਦੇ ਇੱਕ ਹਿੱਸੇ ਵਿੱਚ ਹੋਈ ਇਹ ਗਲਤੀ ਯੂ.ਕੇ. ਦੀਆਂ ਰਾਸ਼ਟਰੀ ਖ਼ਬਰਾਂ ਵਿੱਚ ਆ ਗਈ ਅਤੇ ਜੈਕਸਨ ਦੀ ਜ਼ਿੰਦਗੀ ਬੁਰੇ ਦੌਰ ਵਿੱਚ ਚਲੀ ਗਈ।

ਉਹ ਸ਼ਰਮ ਅਤੇ ਅਪਮਾਨ ਮਹਿਸੂਸ ਕਰ ਰਿਹਾ ਸੀ।

ਲਗਭਗ ਵੀਹ ਸਾਲਾਂ ਬਾਅਦ ਉਹ ਬੀਬੀਸੀ ਰੇਡੀਓ 4 ਦੇ ਲਾਈਫ ਚੇਂਜਿੰਗ ਪੌਡਕਾਸਟ ਵਿੱਚ ਡਾ.ਸਿਆਨ ਵਿਲੀਅਮਜ਼ ਨਾਲ ਇੱਕ ਇੰਟਰਵਿਊ ਦੌਰਾਨ ਉਸ ਮਹੱਤਵਪੂਰਨ ਦਿਨ ਅਤੇ ਉਸ ਦੇ ਨਤੀਜਿਆਂ ਨੂੰ ਯਾਦ ਕਰਦਾ ਹੈ।

ਜੈਕਸਨ ਦਾ ਦਾਅਵਾ ਹੈ ਕਿ ਉਹ ਇਸ ਗੱਲ ਦਾ ਸਬੂਤ ਹੈ ਕਿ ਸਭ ਤੋਂ ਮਾੜੀ ਗਲਤੀ ਕਰਨ ਤੋਂ ਬਾਅਦ ਵੀ ਜ਼ਿੰਦਗੀ ਮੁੜ ਪਟੜੀ 'ਤੇ ਲਿਆਉਣਾ ਸੰਭਵ ਹੈ।

ਉਹ ਘਟਨਾ ਹੋਣ ਤੋਂ ਪਹਿਲਾਂ ਜੈਕਸਨ 37 ਸਾਲਾਂ ਦਾ ਸੀ ਅਤੇ ਦੱਖਣੀ ਯੂ.ਕੇ. ਦੇ ਯੇਟਲੀ ਵਿੱਚ ਆਪਣੀ ਪਤਨੀ ਮੈਂਡੀ ਅਤੇ ਪੰਦਰਾਂ ਸਾਲਾ ਮਤਰੇਈ ਧੀ ਸ਼ਾਰਲੋਟ ਨਾਲ ਰਹਿੰਦਾ ਸੀ।

ਉਸ ਦੀ ਇੱਕ ਹੋਰ ਮਤਰੇਈ ਧੀ ਬੈਕੀ ਵੀਹ ਸਾਲ ਦੀ ਸੀ ਅਤੇ ਉਸ ਵੇਲੇ ਕਾਲਜ ਵਿੱਚ ਸੀ।

ਉਹ ਯਾਦ ਕਰਦਾ ਹੈ, "ਅਸੀਂ ਬਹੁਤ ਖੁਸ਼ ਸੀ। ਪਰ ਮੇਰਾ ਪੂਰਾ ਧਿਆਨ ਆਪਣੇ ਕਰੀਅਰ 'ਤੇ ਸੀ।"

ਉਹ ਕਹਿੰਦੇ ਹਨ, " ਮੇਰੀ ਹਿੰਮਤ ਅਤੇ ਮੇਰੀ ਕੀਮਤ ਉਸੇ ਕਰੀਅਰ, ਉਸੇ ਅਹੁਦੇ ਅਤੇ ਉਸੇ ਜ਼ਿੰਮੇਵਾਰੀ ਤੋਂ ਆਉਂਦੀ ਸੀ। ਕੁਝ ਸਮੇਂ ਲਈ ਮੈਂ ਹਫਤੇ ਵਿੱਚ ਸੌ ਘੰਟੇ ਕੰਮ ਕਰਦਾ ਸੀ। ਮੈਂ ਕੰਮ ਤੋਂ ਬਿਲਕੁਲ ਵੀ ਬਰੇਕ ਨਹੀਂ ਲੈਂਦਾ ਸੀ।"

ਜੈਕਸਨ ਦੀ ਬ੍ਰਿਟਿਸ਼ ਰੱਖਿਆ ਮੰਤਰਾਲੇ ਵੱਲੋਂ ਕੈਬਨਿਟ ਦਫ਼ਤਰ ਵਿੱਚ ਗਲੋਬਲ ਅੱਤਵਾਦ ਨਾਲ ਸਬੰਧਤ ਇੱਕ ਅਹੁਦੇ 'ਤੇ ਬਦਲੀ ਕੀਤੀ ਗਈ ਸੀ, ਜਿੱਥੇ ਉਹ ਜੀਸੀਐੱਚਕਿਉ, ਐਮਆਈ5 ਤੇ ਐਮਆਈ6 ਯਾਨੀ ਬ੍ਰਿਟਿਸ਼ ਖੁਫੀਆ ਏਜੰਸੀਆਂ ਤੋਂ ਫ਼ਰਸਟ ਹੈੱਡ ਇਨਫੋਰਮੇਸ਼ਨ ਨੂੰ ਸੰਭਾਲਦਾ ਸੀ।

ਜਦੋਂ ਇੱਕ ਸੋਮਵਾਰ ਦੁਪਹਿਰ ਨੂੰ ਉਹ ਵਾਈਟਹਾਲ ਵਿੱਚ ਆਪਣੇ ਦਫ਼ਤਰ ਤੋਂ ਨਿਕਲਿਆ ਤਾਂ ਉਸ ਨੇ ਕੁਝ ਫ਼ਾਰਮਾਂ ਦਾ ਇੱਕ ਢੇਰ ਇਕੱਠਾ ਕੀਤਾ ਜੇ ਉਸ ਨੂੰ ਆਪਣੀ ਸਰਵਿਸ ਕਮਿਸ਼ਨ ਦੀ ਪ੍ਰਕਿਰਿਆ ਲਈ ਭਰਨੇ ਪੈਣੇ ਸਨ।

ਘਰ ਆ ਕੇ ਉਸ ਨੂੰ ਅਹਿਸਾਸ ਸਇਆ ਕਿ ਉਸ ਪੈਕੇਜ ਦੇ ਨਾਲ 'ਦੋ ਵੱਖ ਵੱਖ ਕਲਾਸੀਫਾਈਡ ਵਿਸ਼ਿਆਂ 'ਤੇ ਦੋ ਦਸਤਾਵੇਜ਼ ਸਨ ਜੋ ਕਿ ਟੌਪ ਸੀਕ੍ਰੇਟ ਸਨ।'

ਨੋਟ: ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

"ਕਿਸੇ ਨੂੰ ਪਤਾ ਨਹੀਂ ਲੱਗੇਗਾ"

ਬੀਤੇ ਸਮੇਂ ਵੱਲ ਝਾਤ ਮਾਰਦਿਆਂ ਜੈਕਸਨ ਕਹਿੰਦਾ ਹੈ ਕਿ ਉਸ ਨੂੰ ਕੈਬਨਿਟ ਦਫ਼ਤਰ ਵਿਚ ਫੋਨ ਕਰਨਾ ਚਾਹੀਦਾ ਸੀ ਅਤੇ ਕਿਸੇ ਨੂੰ ਉਨ੍ਹਾਂ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਲੈ ਜਾਣ ਲਈ ਕਹਿਣਾ ਚਾਹੀਦਾ ਸੀ।

ਪਰ ਉਸ ਨੇ ਬਾਅਦ ਵਿੱਚ ਜੋ ਕੀਤਾ ਉਸ ਨੂੰ ਉਹਨੇ ਇੱਕ ਸਰਵਾਈਵਲ ਇੰਸਟਿੰਕਟ ਦੇ ਸਿਰ ਬੰਨ੍ਹਿਆ।

"ਜੇ ਮੈਂ ਇਨ੍ਹਾਂ ਨੂੰ ਵਾਪਸ ਕਰ ਦੇਵਾਂ, ਤਾਂ ਕਿਸੇ ਨੂੰ ਕਦੇ ਪਤਾ ਹੀ ਨਹੀਂ ਲੱਗੇਗਾ।"

"ਜੈਕਸਨ ਨੇ ਉਨ੍ਹਾਂ ਟੌਪ ਸੀਕਰੇਟ ਦਸਤਾਵੇਜ਼ਾਂ ਨੂੰ ਇੱਕ ਚਮਤਕਾਰ ਸੰਤਰੀ ਗੱਤੇ ਦੇ ਫੋਲਡਰ ਵਿੱਚ ਰੱਖਿਆ ਸੀ ਅਤੇ ਅਗਲੀ ਸਵੇਰ ਉਹ ਟਰੇਨ ਵਿੱਚ ਬੈਠਾ ਵਾਰ-ਵਾਰ ਇਹੀ ਸੋਚ ਰਿਹਾ ਸੀ, 'ਇਸ ਨੂੰ ਭੁੱਲਣਾ ਨਹੀਂ'"

ਉਹ ਟਰੇਨ ਤੋਂ ਉਤਰਿਆ ਅਤੇ ਤੇਜ਼ ਕਦਮਾਂ ਨਾਲ ਵਾਈਟਹਾਲ ਵੱਲ ਤੁਰ ਪਿਆ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਕੋਲ ਉਹ ਫੋਲਡਰ ਨਹੀਂ ਸੀ।

ਉਸ ਨੇ ਕਿਹਾ, "ਇੱਕ ਪਲ ਲਈ ਮੈਨੂੰ ਇੰਝ ਲੱਗਿਆ ਜਿਵੇਂ ਪੂਰੀ ਦੁਨੀਆਂ ਹੀ ਰੁਕ ਗਈ ਹੋਵੇ।"

ਜੈਕਸਨ ਉਨ੍ਹਾਂ ਸਾਰੇ ਸਟੇਸ਼ਨਾਂ 'ਤੇ ਗਿਆ ਜਿੱਥੇ ਉਹ ਟਰੇਨ ਰੁਕੀ ਅਤੇ ਪੁੱਛਿਆ ਕਿ ਕੀ ਕਿਸੇ ਨੇ ਕੋਈ ਫੋਲਡਰ ਜਮ੍ਹਾ ਕਰਵਾਇਆ ਹੈ। ਪਰ ਕੁਝ ਹੱਥ ਨਾ ਲੱਗਿਆ।

ਉਸ ਨੇ ਦੱਸਿਆ, "ਮੈਂ ਬਹੁਤ ਨਿਰਾਸ਼ ਸੀ। ਸਭ ਕੁਝ, ਹਰ ਇੱਕ ਹਰਕਤ, ਬਹੁਤ ਅਚਾਨਕ ਅਤੇ ਬੇਤਰਤੀਬੀ ਲੱਗ ਰਹੀ ਸੀ। ਮੈਂ ਬਹੁਤ ਬੁਰਾ ਮਹਿਸੂਸ ਕਰ ਰਿਹਾ ਸੀ।"

ਉਹ ਉਦੋਂ ਤੱਕ ਨਹੀਂ ਟੁੱਟਿਆ ਜਦੋਂ ਤੱਕ ਉਸ ਨੇ ਆਪਣੀ ਪਤਨੀ ਮੈਂਡੀ ਨੂੰ ਨਹੀਂ ਦੇਖ ਲਿਆ।

ਜੈਕਸਨ ਨੇ ਕਿਹਾ, "ਮੈਂ ਉਸ ਨੂੰ ਦੱਸਿਆ ਕਿ ਮੈਂ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸ ਨੇ ਬੱਸ ਮੈਨੂੰ ਗਲੇ ਲਗਾ ਲਿਆ। ਉਸ ਨੇ ਮੈਨੂੰ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਅਸੀਂ ਇਸ ਮੁਸ਼ਕਿਲ ਵਿੱਚੋਂ ਬਾਹਰ ਨਿਕਲ ਆਵਾਂਗੇ।"

ਜਦੋਂ ਦਸਤਾਵੇਜ਼ ਬੀਬੀਸੀ ਦੇ ਹੱਥ ਲੱਗੇ

ਅਗਲੇ ਦਿਨ ਕੰਮ 'ਤੇ ਜਾ ਕੇ ਜੈਕਸਨ ਨੂੰ ਪਤਾ ਲੱਗਿਆ ਕਿ ਉਹ ਦਸਤਾਵੇਜ਼ ਮਿਲ ਗਏ ਸਨ ਅਤੇ ਬੀਬੀਸੀ ਨੂੰ ਸੌਂਪ ਦਿੱਤੇ ਗਏ ਸਨ।"

ਜੈਕਸਨ ਨੇ ਕਿਹਾ ਕਿ ਉਸ ਤੋਂ ਪਹਿਲਾਂ ਉਸ ਨੇ ਇਹ ਜਾਣ ਕੇ ਰਾਹਤ ਮਹਿਸੂਸ ਕੀਤੀ ਕਿ ਦਸਤਾਵੇਜ਼ ਇੱਕ ਸੁਰੱਖਿਅਤ ਥਾਂ ਵਾਪਸ ਆ ਗਏ ਹਨ ਪਰ ਇਸ ਤੋਂ ਤੁਰੰਤ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਹ ਜਨਤਕ ਹੋਣ ਵਾਲੇ ਸਨ।

ਜੈਕਸਨ ਨੇ ਦੱਸਿਆ, "ਮੈਂ ਸ਼ਾਮ ਛੇ ਵਜੇ ਦੀਆਂ ਖਬਰਾਂ ਵਿੱਚ ਮੁੱਖ ਖਬਰ ਸੀ। ਅਤੇ ਉਨ੍ਹਾਂ ਨੇ ਜਾਂਚ ਪੂਰੀ ਹੋਣ ਤੱਕ ਮੈਨੂੰ ਸਸਪੈਂਡ ਕਰ ਦਿੱਤਾ।"

ਜੈਕਸਨ ਘਰ ਵਿੱਚ ਹੀ ਲੁਕਿਆ ਰਿਹਾ। ਇੱਕ ਦੁਪਹਿਰ ਮੈਂਡੀ ਨੇ ਉਸ ਨੂੰ ਸੋਫ਼ੇ 'ਤੇ ਚੌਂਕੜੀ ਮਾਰ ਕੇ ਬੈਠਿਆਂ ਫੁੱਟ ਫੁੱਟ ਕੇ ਰੋਂਦਿਆਂ ਦੇਖਿਆ।

ਉਹ ਕਹਿੰਦੇ ਹਨ, " ਮੈਂ ਪੂਰੀ ਸਵੇਰ ਬਿਨ੍ਹਾਂ ਦਰਦ ਤੋਂ ਮਰਨ ਵਾਲਾ ਤਰੀਕਾ ਲੱਭਦਿਆਂ ਬਿਤਾਈ। ਮੈਂ ਅਕਸਰ ਸੋਚਿਆ ਕਿ ਕੀ ਹੁੰਦਾ ਜੇ ਮੈਂ ਉਸ ਦੁਪਹਿਰ ਘਰ ਨਾ ਆਉਂਦਾ, ਪਰ ਮੈਨੂੰ ਲਗਦਾ ਹੈ ਕਿ ਮੈਨੂੰ ਇਹ ਕਦੇ ਪਤਾ ਨਹੀਂ ਲੱਗੇਗਾ।"

ਉਹ ਅੱਗੇ ਕਹਿੰਦਾ ਹੈ, " ਅਸੀਂ ਉਹ ਦੁਪਹਿਰ ਗੱਲਾਂ ਕਰਦਿਆਂ ਬਿਤਾਈ। ਮੈਨੂੰ ਲਗਦਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਮੈਂ ਸੋਚਿਆ ਕਿ ਜੇ ਮੈਂ ਇਸ ਮੁਸ਼ਕਿਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ ਤਾਂ ਮੈਂ ਇਹ ਇਕੱਲਾ ਨਹੀਂ ਕਰ ਸਕਦਾ।"

ਕੈਬਨਿਟ ਦਫ਼ਤਰ ਨੇ ਇਸ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਅਤੇ ਇਸ ਦੀ ਗੰਭੀਰਤਾ ਦਾ ਦਰਜਾ ਤਿੰਨ ਡਿਗਰੀ ਘਟਾ ਦਿੱਤਾ। ਉਸ 'ਤੇ ਸਰਕਾਰੀ ਭੇਦ ਐਕਟ ਤਹਿਤ ਦੋਸ਼ ਲਗਾਇਆ ਸੀ। ਉਹ ਜੇਲ੍ਹ ਜਾਣ ਤੋਂ ਬਚ ਗਿਆ ਅਤੇ ਉਸ ਨੂੰ 2500 ਪੌਂਡ ਸਟਰਲਿੰਗ ਦਾ ਜੁਰਮਾਨਾ ਕੀਤਾ ਗਿਆ।

ਦੇਖਿਆ ਜਾਵੇ ਤਾਂ ਸਭ ਖਤਮ ਹੋ ਚੁੱਕਾ ਸੀ। ਪਰ ਜੈਕਸਨ ਸ਼ਰਮ, ਪਛਤਾਵੇ ਅਤੇ ਅਪਮਾਨ ਦੀ ਭਾਵਨਾ ਤੋਂ ਛੁਟਕਾਰਾ ਨਹੀਂ ਪਾ ਸਕਿਆ ਸੀ।

ਉਹ ਉਨ੍ਹਾਂ ਬਹੁਤ ਸਾਰੇ ਲੋਕਾਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸ ਦੀ ਪਰਵਾਹ ਕੀਤੀ ਅਤੇ ਉਸ ਦੀ ਜ਼ਿੰਦਗੀ ਦੁਬਾਰਾ ਪਟੜੀ 'ਤੇ ਲਿਆਉਣ ਵਿੱਚ ਉਸ ਦੀ ਮਦਦ ਕੀਤੀ।

ਉਸ ਨੇ ਕਿਹਾ, " ਮੈਂ ਖੁਦ ਬਹੁਤ ਘੱਟ ਠੀਕ ਕੀਤਾ। ਬਹੁਤ ਸਾਰੇ ਲੋਕਾਂ ਨੇ ਚੀਜ਼ਾਂ ਨੂੰ ਠੀਕ ਕਰਨ ਵਿੱਚ ਮੇਰੀ ਮਦਦ ਕੀਤੀ।"

ਮਨੁੱਖੀ ਸ੍ਰੋਤ ਦੇ ਅਹੁਦੇ 'ਤੇ ਰੱਖਿਆ ਮੰਤਰਾਲੇ ਵਿੱਚ ਵਾਪਸ ਆਉਣ ਅਤੇ ਓਲੰਪਿਕ ਖੇਡਾਂ 'ਤੇ ਕੰਮ ਕਰਨ ਲਈ ਸੱਭਿਆਚਾਰ, ਮੀਡੀਆ ਅਤੇ ਖੇਡ ਵਿਭਾਗ ਵਿੱਚ ਜਾਣ ਤੋਂ ਬਾਅਦ ਜੈਕਸਨ ਨੇ ਸਰਕਾਰੀ ਪ੍ਰਸ਼ਾਸਨ ਛੱਡ ਦਿੱਤਾ ਅਤੇ ਸਮੈਰੀਟਨਜ਼ ਸੰਸਥਾ ਲਈ ਕੰਮ ਕੀਤਾ।

ਬਾਅਦ ਵਿੱਚ ਉਸ ਨੇ ਗਲੋਬਲ ਅੱਤਵਾਦ ਦੇ ਖਤਰੇ ਦਾ ਅਧਿਐਨ ਕਰਨ ਵਾਲੇ ਵਿਸ਼ਲੇਸ਼ਕਾਂ ਦੀ ਇੱਕ ਟੀਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਆਪਣੇ ਵਿਹਲੇ ਸਮੇਂ ਵਿੱਚ ਇੱਕ ਪਰਸਨਲ ਡਿਵੈਲਪਮੈਂਟ ਕੋਚ ਵਜੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।

ਜਦੋਂ ਉਸ ਨੇ ਨੌਕਰੀ ਛੱਡੀ ਤਾਂ ਉਸ ਨੇ ਨਿਊ ਡੇਅ ਨਾਮ ਦੀ ਇੱਕ ਕੋਚਿੰਗ ਕੰਪਨੀ ਦੀ ਸਥਾਪਨਾ ਕੀਤੀ ਜੋ ਲੋਕਾਂ ਨੂੰ ਪਰੇਸ਼ਾਨੀ ਕਰਨ ਵਾਲੀ ਜਾਂ ਗੰਭੀਰ ਸਮੱਗਰੀ ਨੂੰ ਸੰਭਾਲਣ ਦੇ ਤਣਾਅ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ।

ਉਸ ਨੇ ਕਿਹਾ, "ਮੈਂ ਆਪਣੀ ਕਹਾਣੀ ਸੁਣਾ ਸਕਦਾ ਸੀ ਅਤੇ ਇਸ ਦਾ ਮਤਲਬ ਬਣਦਾ ਸੀ। ਮੈਂ ਜੋ ਕੁਝ ਵੀ ਕੀਤਾ ਉਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ।"

ਜੈਕਸਨ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਕਿਸੇ ਵਿਅਕਤੀ ਵੱਲੋਂ ਆਪਣੀ ਜ਼ਿੰਦਗੀ ਵਿੱਚ ਕੀਤੀ ਸਭ ਤੋਂ ਵੱਡੀ ਗਲਤੀ ਨੂੰ ਸੁਧਾਰਨ ਦਾ ਇੱਕ ਤਰੀਕਾ ਹੁੰਦਾ ਹੈ।

ਉਹ ਕਹਿੰਦੇ ਹਨ, "ਭਾਵੇਂ ਤੁਸੀਂ ਬਹੁਤ ਹੀ ਬੁਰੀ ਸਥਿਤੀ ਵਿੱਚ ਹੋਵੋ, ਅਤੇ ਫਿਰ ਵੀ ਤੁਸੀਂ ਖੜ੍ਹੇ ਹੋ ਸਕਦੇ ਹੋ ਅਤੇ ਉਸ ਵਿੱਚੋਂ ਬਾਹਰ ਨਿਕਲ ਸਕਦੇ ਹੋ। ਇਸ ਨੂੰ ਹਾਸਲ ਕਰਨ ਲਈ ਆਪਣੇ ਆਪ ਦੀ ਮਦਦ ਕਰਨ ਦੇ ਅਤੇ ਦੂਜਿਆਂ ਤੋਂ ਮਦਦ ਲੈਣ ਦੇ ਕਈ ਤਰੀਕੇ ਹਨ।"

ਜਦੋਂ ਪੁੱਛਿਆ ਗਿਆ ਕਿ ਕੀ ਉਸ ਨੇ ਆਪਣੇ ਆਪ ਨੂੰ ਮਾਫ ਕਰ ਦਿੱਤਾ ਹੈ ਤਾਂ ਉਹ ਨਾਂਹ ਕਹਿੰਦਾ ਹੈ ਪਰ ਉਹ ਇਹ ਵੀ ਦੱਸਦਾ ਹੈ ਕਿ ਉਹ ਦੁਬਾਰਾ ਖੁਸ਼ ਰਹਿਣ ਵਿੱਚ ਕਾਮਯਾਬ ਹੋ ਗਿਆ ਹੈ।

ਮੈਂਡੀ ਵੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਹੁਣ ਹਫਤੇ ਵਿੱਚ ਸੌ ਘੰਟੇ ਕੰਮ ਨਹੀਂ ਕਰਦਾ। ਜੈਕਸਨ ਕਹਿੰਦਾ ਹੈ, "ਮੇਰੀ ਜ਼ਿੰਦਗੀ ਮੇਰੇ ਕਰੀਅਰ ਨਾਲ ਤੈਅ ਨਹੀਂ ਹੁੰਦੀ ਅਤੇ ਮੈਂ ਹੁਣ ਘਰ ਵਿੱਚ ਵਧੇਰੇ ਸਮਾਂ ਬਿਤਾਉਂਦਾ ਹਾਂ।"

ਹੁਣ ਮੈਂ ਇਸ ਗੱਲ ਦੀ ਬਹੁਤ ਕਦਰ ਕਰਦਾ ਹਾਂ ਕਿ ਮੈਂ ਕਿੰਨਾ ਖੁਸ਼ ਕਿਸਮਤ ਹਾਂ ਕਿ ਮੇਰੀ ਜ਼ਿੰਦਗੀ ਵਿਚ ਇੰਨੇ ਸ਼ਾਨਦਾਰ ਲੋਕ ਹਨ।

ਕੀ ਤੁਸੀਂ ਕੋਈ ਗਲਤੀ ਕੀਤੀ ਹੈ ? ਉਸ ਤੋਂ ਉਭਰਨ ਲਈ ਇਹ ਕੁਝ ਤਰੀਕੇ ਹੋ ਸਕਦੇ ਹਨ

ਰਿਚਰਡ ਜੈਕਸਨ ਨੇ ਕੁਝ ਤਰੀਕੇ ਸਾਂਝੇ ਕੀਤੇ ਜਿਨ੍ਹਾਂ ਨੇ ਉਸ ਨੂੰ ਇਸ ਦੁਖਦਾਈ ਦੌਰ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ।

  • ਆਪਣੇ ਵਿਚਾਰਾਂ ਨੂੰ ਦਿਮਾਗ਼ ਵਿੱਚੋਂ ਬਾਹਰ ਕੱਢੋ। ਮੁਸ਼ਕਿਲ ਸਮਿਆਂ ਵਿੱਚ ਤੁਹਾਡਾ ਦਿਮਾਗ਼ 'ਮੈਂ ਬਹੁਤ ਵੱਡੀ ਗਲਤੀ ਕੀਤੀ ਹੈ' ਤੋਂ 'ਮੈਂ ਇੱਕ ਬੇਕਾਰ ਇਨਸਾਨ ਹਾਂ' ਤੱਕ ਪਹੁੰਚ ਜਾਂਦਾ ਹੈ। ਇਸ ਨੂੰ ਲਿਖਣ ਨਾਲ ਜਾਂ ਕਿਸੇ ਨਾਲ ਗੱਲ ਕਰਨ ਨਾਲ ਤੁਹਾਨੂੰ ਇਸ ਪ੍ਰਕਿਰਿਆ ਨੂੰ ਹੌਲੀ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਨ੍ਹਾਂ ਬੇਤੁਕੇ ਵਿਚਾਰਾਂ ਨੂੰ ਪਛਾਣਨ ਦਾ ਮੌਕਾ ਮਿਲਦਾ ਹੈ।
  • ਉਨ੍ਹਾਂ ਕੰਮਾਂ ਨੂੰ ਕਰਨਾ ਜਾਰੀ ਰੱਖੋ ਜੋ ਤੁਹਾਨੂੰ ਅਨੰਦ ਦਿੰਦੇ ਹਨ। ਜਦੋਂ ਤੁਸੀਂ ਬੇਕਾਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਹ ਕੰਮ ਕਰਨੇ ਬੰਦ ਕਰ ਦਿੰਦੇ ਹੋ ਜੋ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ। ਇਹ ਪਤਾ ਲਗਾਓ ਕਿ ਉਹ ਕਿਹੜੇ ਕੰਮ ਹਨ ਜਿਵੇਂ ਕਿ ਜਿੰਮ ਜਾਣਾ, ਕਿਤਾਬ ਪੜ੍ਹਣਾ, ਜਾਂ ਸੈਰ ਕਰਨਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਓ।
  • ਆਪਣੀ ਕੀਮਤ ਅਤੇ ਸਫਲਤਾਵਾਂ ਨੂੰ ਯਾਦ ਰੱਖੋ। ਮੇਰੇ ਡੈਸਕ ਕੋਲ ਇੱਕ ਐਵੀਡੈਂਸ ਬੋਰਡ ਹੈ ਜਿਸ 'ਤੇ ਮੇਰੀਆਂ ਪ੍ਰਾਪਤੀਆਂ ਅਤੇ ਮੈਨੂੰ ਮਿਲੀਆਂ ਤਾਰੀਫਾਂ ਦੇ ਨੋਟ ਲੱਗੇ ਹੋਏ ਹਨ। ਇਹ ਇੱਕ ਅਜਿਹਾ ਠੋਸ ਰੀਮਾਈਂਡਰ ਹੈ ਜੋ ਮੈਨੂੰ ਯਾਦ ਦਵਾਉਂਦਾ ਹੈ ਕਿ ਮੈਂ ਸਿਰਫ਼ ਉਹ ਗਲਤੀ ਨਹੀਂ ਹਾਂ ਉਸ ਤੋਂ ਬਹੁਤ ਵੱਧ ਹਾਂ।
  • ਆਪਣਾ ਇੱਕ ਅਜਿਹਾ ਦੋਸਤ ਲੱਭੋ ਜੋ ਤੁਹਾਡੀ ਅਲੋਚਨਾ ਵੀ ਕਰ ਸਕੇ। ਤੁਹਾਨੂੰ ਕਿਸੇ ਅਜਿਹੇ ਸ਼ਖਸ ਦੀ ਲੋੜ ਹੈ ਜੋ ਤੁਹਾਡਾ ਹੌਂਸਲਾ ਵਧਾਏ ਪਰ ਜਦੋਂ ਤੁਸੀਂ ਪਰਵਾਹ ਕਰਨੀ ਛੱਡੋ ਤਾਂ ਤੁਹਾਡਾ ਧਿਆਨ ਵੀ ਖਿੱਚੇ। ਕੋਈ ਅਜਿਹਾ ਸ਼ਖਸ ਜੋ ਸਚਮੁਚ ਤੁਹਾਡੇ ਵੱਲ ਹੋਵੇ।
  • ਤੈਅ ਕਰੋ ਕਿ ਤੁਸੀਂ ਕੀ ਠੀਕ ਕਰ ਸਕਦੇ ਹੋ ਅਤੇ ਕੀ ਨਹੀਂ। ਜੇਕਰ ਤੁਸੀਂ ਕੋਈ ਨੁਕਸਾਨ ਕੀਤਾ ਹੈ ਤਾਂ ਜ਼ਿੰਮੇਵਾਰੀ ਲਓ, ਮਾਫੀ ਮੰਗੋ ਅਤੇ ਜੋ ਠੀਕ ਕਰ ਸਕਦੇ ਹੋ ਉਹ ਕਰੋ। ਪਰ ਉਨ੍ਹਾਂ ਚੀਜ਼ਾਂ ਦੀ ਜ਼ਿੰਮੇਵਾਰੀ ਨਾ ਲਓ ਜੋ ਕਦੇ ਤੁਹਾਡੀ ਜ਼ਿੰਮੇਵਾਰੀ ਨਹੀਂ ਸਨ।
  • ਆਪਣੇ ਸਭ ਤੋਂ ਮਾੜੇ ਪਲ ਨੂੰ ਆਪਣੀ ਪੂਰੀ ਜ਼ਿੰਦਗੀ ਨਾ ਸਮਝੋ। ਤੁਸੀਂ ਸਿਰਫ਼ ਉਹ ਗਲਤੀ ਨਹੀਂ ਹੋ। ਤੁਸੀਂ ਹਾਲੇ ਵੀ ਉਹੀ ਇਨਸਾਨ ਹੋ ਜੋ ਉਸ ਗਲਤੀ ਤੋਂ ਪਹਿਲਾਂ ਮੌਜੂਦ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਇੱਕ ਅਜਿਹਾ ਰੂਪ ਸਾਹਮਣੇ ਆ ਸਕਦਾ ਹੈ ਜਿਸ ਨੂੰ ਤੁਸੀਂ ਹਾਲੇ ਤੱਕ ਮਿਲੇ ਨਹੀਂ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)