ਅਜ਼ਰਬਾਇਜ਼ਾਨ ਦਾ ਅਤੇਸ਼ਗਾਹ ਅਗਨੀ ਮੰਦਿਰ, ਜਿੱਥੇ ਗੁਰਮੁਖੀ ਤੇ ਦੇਵਨਾਗਰੀ ਵਿੱਚ ਸ਼ਿਲਾਲੇਖ ਮੌਜੂਦ ਹਨ, ਜਾਣੋ ਕੀ ਹੈ ਇਸ ਦਾ ਇਤਿਹਾਸ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਜ਼ਰਬਾਇਜ਼ਾਨ ਦੇ ਦੌਰੇ 'ਤੇ ਹਨ।

ਸ਼ੁੱਕਰਵਾਰ ਨੂੰ ਐੱਸ. ਜੈਸ਼ੰਕਰ ਨੇ ਅਜ਼ਰਬਾਇਜ਼ਾਨ ਦੀ ਰਾਜਧਾਨੀ ਬਾਕੂ ਸਥਿਤ ਅਤੇਸ਼ਗਾਹ ਅਗਨੀ ਮੰਦਿਰ ਦਾ ਦੌਰਾ ਕੀਤਾ।

ਇਸ ਦੌਰੇ ਦੀਆਂ ਤਸਵੀਰਾਂ ਪੋਸਟ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਲਿਖਿਆ, "ਬਾਕੂ ਸਥਿਤ ਇਤਿਹਾਸਕ ਅਤੇਸ਼ਗਾਹ ਅਗਨੀ ਮੰਦਿਰ ਦਾ ਦੌਰਾ ਕੀਤਾ। ਇਹ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਦਾ ਪ੍ਰਤੀਕ ਹੈ।"

ਅਜ਼ਰਬਾਇਜ਼ਾਨ ਕੈਸਪੀਅਨ ਸਾਗਰ ਦੇ ਕੰਢੇ ਸਥਿਤ ਇੱਕ ਛੋਟਾ ਜਿਹਾ ਦੇਸ਼ ਹੈ, ਜਿੱਥੇ ਮੁਸਲਮਾਨ ਬਹੁਗਿਣਤੀ ਵਿੱਚ ਹਨ। ਇਹ ਪਹਿਲਾਂ ਸੋਵੀਅਤ ਸੰਘ ਦਾ ਹਿੱਸਾ ਸੀ। ਪਰ ਸੁਰਾਖਾਨੀ ਦੇ ਨੇੜੇ ਸਥਿਤ ਅਗਨੀ ਮੰਦਿਰ ਅਤੇਸ਼ਗਾਹ ਵਿੱਚ ਦੇਵਨਾਗਰੀ ਲਿਪੀ ਵਿੱਚ 'ਸ਼੍ਰੀ ਗਣੇਸ਼ਾਯ ਨਮਹ' ਲਿਖਿਆ ਹੋਇਆ ਹੈ।

ਦੇਵਨਾਗਰੀ ਲਿਪੀ ਵਿੱਚ ਇਸ ਦੀਆਂ ਪੰਜ ਹੋਰ ਸਤਰਾਂ ਵੀ ਹਨ, ਜਿਨ੍ਹਾਂ ਵਿੱਚ ਹਿੰਦੂ ਅਗਨੀ ਦੇਵੀ ਜਵਾਲਾ ਜੀ ਸਮੇਤ ਹੋਰ ਦੇਵੀ-ਦੇਵਤਿਆਂ ਦਾ ਆਹਵਾਨ ਕੀਤਾ ਗਿਆ ਹੈ।

ਬਾਕੂ ਸਥਿਤ ਭਾਰਤੀ ਦੂਤਾਘਰ ਮੁਤਾਬਕ, ਅਤੇਸ਼ਗਾਹ ਵਿੱਚ ਦੇਵਨਾਗਰੀ ਲਿਪੀ ਵਿੱਚ 18 ਲਿਖਤਾਂ (ਅਭਿਲੇਖ) ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਵੰਦਨਾ ਨਾਲ ਹੁੰਦੀ ਹੈ, ਜਦਕਿ ਜਵਾਲਾ ਜੀ ਦਾ ਜ਼ਿਕਰ ਇੱਕ ਦਰਜਨ ਤੋਂ ਵੱਧ ਵਾਰ ਕੀਤਾ ਗਿਆ ਹੈ।

  • ਜ਼ਿਆਦਾਤਰ ਅਭਿਲੇਖਾਂ ਦੀ ਸ਼ੁਰੂਆਤ 'ਓਮ ਸ਼੍ਰੀ ਗਣੇਸ਼ਾਯ ਨਮਹ' ਨਾਲ ਹੁੰਦੀ ਹੈ।
  • ਦੇਵੀ ਜਵਾਲਾ ਜੀ ਦਾ ਜ਼ਿਕਰ ਇੱਕ ਦਰਜਨ ਤੋਂ ਵੱਧ ਵਾਰ ਕੀਤਾ ਗਿਆ ਹੈ।
  • ਛੇ ਅਭਿਲੇਖਾਂ ਵਿੱਚ ਹਿੰਦੂ ਧਰਮ ਦਾ ਪਵਿੱਤਰ ਸਵਾਸਤਿਕ ਚਿੰਨ੍ਹ ਮੌਜੂਦ ਹੈ।

ਅਗਨੀ ਵੇਦੀ ਅਤੇ ਭਾਰਤੀ ਅਭਿਲੇਖਾਂ ਲਈ ਮਸ਼ਹੂਰ ਇਹ ਮੰਦਰ ਅਬਸ਼ੇਰੋਨ ਪ੍ਰਾਇਦੀਪ ਦੀਆਂ ਅਗਨੀ-ਪੂਜਾ ਦੀਆਂ ਪਰੰਪਰਾਵਾਂ ਅਤੇ ਭਾਰਤੀ ਉਪਮਹਾਂਦੀਪ ਤੋਂ ਆਉਣ ਵਾਲੇ ਵਪਾਰੀਆਂ ਦੇ ਨਾਲ-ਨਾਲ ਤੀਰਥ ਯਾਤਰੀਆਂ ਵਿਚਾਲੇ ਸਬੰਧਾਂ ਨੂੰ ਉਜਾਗਰ ਕਰਦਾ ਹੈ।

ਯੂਨੈਸਕੋ ਮੁਤਾਬਕ, ਇੱਥੇ ਮੌਜੂਦ ਇਮਾਰਤਾਂ 17ਵੀਂ ਤੋਂ 19ਵੀਂ ਸਦੀ ਦੇ ਵਿਚਕਾਰ ਦੀਆਂ ਹਨ।

ਗੁਰਮੁਖੀ ਦੇ ਸ਼ਿਲਾਲੇਖ ਵੀ ਹਨ

ਅਜਰਬਾਇਜਾਨ ਦੇ ਮੰਦਰ ਵਿੱਚ ਗੁਰਮੁਖੀ ਦੇ ਸ਼ਿਲਾਲੇਖ ਵੀ ਮਿਲਦੇ ਹਨ। ਅਜਰਬਾਇਜਾਨ ਵਿੱਚ ਮੌਜੂਦ ਭਾਰਤੀ ਦੂਤਾਵਾਸ ਦੀ ਵੈਬਸਾਈਟ ਮੁਤਾਬਕ ਕਰੀਬ ਦੋ ਸ਼ਿਲਾਲੇਖ ਪੰਜਾਬ ਵਿੱਚ ਹਨ।

ਇਨ੍ਹਾਂ ਸ਼ਿਲਾਲੇਖਾਂ ਵਿੱਚ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦਾ ਨਾਮ ਅਤੇ ਉਨ੍ਹਾਂ ਦੀ ਬਾਣੀ ਲਿਖੀ ਹੋਈ ਹੈ ਤੇ ਉਨ੍ਹਾਂ ਦੀ ਅਜ਼ਰਬਾਇਜਾਨ ਦੀ 1511-1521 ਵਿਚਾਲੇ ਕੀਤੇ ਗਈ ਫੇਰੀ ਦਾ ਵੀ ਜ਼ਿਕਰ ਹੈ।

ਮੰਦਿਰ ਦਾ ਇਤਿਹਾਸ

ਯੂਨੈਸਕੋ ਦੀ ਰਿਪੋਰਟ ਮੁਤਾਬਕ, ਮੰਦਿਰ ਦਾ ਭੂਗੋਲਿਕ ਮਾਹੌਲ ਇਸ ਦੇ ਇਤਿਹਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਬਸ਼ੇਰੋਨ ਪ੍ਰਾਇਦੀਪ ਵਿੱਚ ਜ਼ਮੀਨ ਦੇ ਅੰਦਰੋਂ ਕੁਦਰਤੀ ਗੈਸ ਨਿੱਕਲਣ ਕਾਰਨ ਅੱਗ ਦੀਆਂ ਲਪਟਾਂ ਉੱਠਦੀਆਂ ਸਨ, ਜਿਸ ਕਾਰਨ ਇਸ ਥਾਂ ਨੂੰ ਧਾਰਮਿਕ ਮਹੱਤਵ ਮਿਲਿਆ।

ਇਸ ਦੇ ਮੁੱਢਲੇ ਇਤਿਹਾਸ ਨੂੰ ਪਾਰਸੀ ਧਰਮ ਨਾਲ ਜੋੜਿਆ ਜਾਂਦਾ ਹੈ, ਪਰ ਅੱਜ ਮੌਜੂਦ ਮੰਦਿਰ ਕੰਪਲੈਕਸ ਮੁੱਖ ਤੌਰ 'ਤੇ ਬਹੁਤ ਬਾਅਦ ਦੇ ਸਮੇਂ ਵਿੱਚ ਬਣਾਇਆ ਗਿਆ ਸੀ।

ਇਸ ਲਈ ਇਸ ਥਾਂ ਨਾਲ ਜੁੜੀਆਂ ਪ੍ਰਾਚੀਨ ਧਾਰਮਿਕ ਮਾਨਤਾਵਾਂ ਅਤੇ ਇੱਥੇ ਮੌਜੂਦ ਇਮਾਰਤਾਂ ਦੀ ਅਸਲ ਉਮਰ ਵਿਚਾਲੇ ਫ਼ਰਕ ਕਰਨਾ ਜ਼ਰੂਰੀ ਹੈ।

17ਵੀਂ ਸਦੀ ਵਿੱਚ ਇੱਥੇ ਤੀਰਥ ਯਾਤਰੀਆਂ ਦੀ ਆਵਾਜਾਈ ਮੁੜ ਵਧਣ ਲੱਗੀ। ਅਧਿਕਾਰਤ ਵੇਰਵੇ ਮੁਤਾਬਕ, 1683 ਵਿੱਚ ਇੱਥੇ ਆਏ ਜਰਮਨ ਯਾਤਰੀ ਏਂਗਲਬਰਟ ਕੈਂਫ਼ਰ ਨੇ ਦਰਜ ਕੀਤਾ ਸੀ ਕਿ ਤੀਰਥ ਯਾਤਰੀਆਂ ਨੇ ਉਸੇ ਸਦੀ ਦੇ ਮੱਧ ਦੇ ਆਸ-ਪਾਸ ਮੰਦਿਰ ਦਾ ਮੁੜ ਨਿਰਮਾਣ ਸ਼ੁਰੂ ਕਰ ਦਿੱਤਾ ਸੀ।

ਨਿਰਮਾਣ ਦਾ ਕੰਮ ਜਾਰੀ ਰਿਹਾ ਅਤੇ 19ਵੀਂ ਸਦੀ ਦੀ ਸ਼ੁਰੂਆਤ ਤੱਕ ਇਸ ਕੰਪਲੈਕਸ ਨੇ ਆਪਣਾ ਮੌਜੂਦਾ ਰੂਪ ਧਾਰਨ ਕਰ ਲਿਆ।

ਅਤੇਸ਼ਗਾਹ ਦਾ ਭਾਰਤ ਨਾਲ ਸਬੰਧ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਯੂਨੈਸਕੋ ਨੂੰ ਸੌਂਪੇ ਗਏ ਅਜ਼ਰਬਾਇਜ਼ਾਨ ਦੇ ਦਸਤਾਵੇਜ਼ ਵਿੱਚ ਇਸ ਨੂੰ ਮੁਲਤਾਨ ਦੇ ਸ਼ਰਧਾਲੂਆਂ ਲਈ ਤੀਰਥ ਸਥਾਨ ਅਤੇ ਦਾਰਸ਼ਨਿਕ ਕੇਂਦਰ ਦੱਸਿਆ ਗਿਆ ਹੈ।

ਇਹ ਸ਼ਰਧਾਲੂ ਕੈਸਪੀਅਨ ਖੇਤਰ ਨਾਲ ਵਪਾਰ ਵੀ ਕਰਦੇ ਸਨ।

ਮੁਲਤਾਨ ਹੁਣ ਪਾਕਿਸਤਾਨ ਵਿੱਚ ਹੈ, ਪਰ ਇਹ ਵਿਸ਼ਾਲ ਭਾਰਤੀ ਉਪਮਹਾਂਦੀਪ ਦੇ ਵਪਾਰਕ ਅਤੇ ਧਾਰਮਿਕ ਨੈੱਟਵਰਕ ਦਾ ਹਿੱਸਾ ਸੀ।

ਭਾਰਤੀ ਵਪਾਰੀਆਂ ਅਤੇ ਤੀਰਥ ਯਾਤਰੀਆਂ ਨੇ ਇਸ ਕੰਪਲੈਕਸ ਦੇ ਨਿਰਮਾਣ ਅਤੇ ਰੱਖ-ਰਖਾਅ ਲਈ ਆਰਥਿਕ ਮਦਦ ਦਿੱਤੀ ਅਤੇ ਇਸ ਦੀ ਵਰਤੋਂ ਵੀ ਕੀਤੀ।

ਸਿਲਕ ਰੂਟ ਅਤੇ ਭਾਰਤੀ ਯਾਤਰੀਆਂ ਦਾ ਟਿਕਾਣਾ

ਇੱਥੋਂ ਦੇ ਅਭਿਲੇਖਾਂ ਵਿੱਚ ਹਿੰਦੂ ਅਤੇ ਸਿੱਖ ਪਰੰਪਰਾਵਾਂ ਨਾਲ ਜੁੜੇ ਸੰਸਕ੍ਰਿਤ ਦੇ ਲੇਖਾਂ ਦੇ ਨਾਲ-ਨਾਲ ਪੰਜਾਬੀ ਵਿੱਚ ਲਿਖੇ ਲੇਖ ਵੀ ਸ਼ਾਮਲ ਹਨ। ਹਿੰਦੂ ਪ੍ਰਾਰਥਨਾਵਾਂ ਵਿੱਚ ਗਣੇਸ਼ ਅਤੇ ਸ਼ਿਵ ਸਮੇਤ ਵੱਖ-ਵੱਖ ਦੇਵੀ-ਦੇਵਤਿਆਂ ਦਾ ਜ਼ਿਕਰ ਮਿਲਦਾ ਹੈ, ਜਦਕਿ ਪਵਿੱਤਰ ਅੱਗ ਦੀ ਪੂਜਾ ਦਾ ਸਬੰਧ ਜਵਾਲਾ ਜੀ ਨਾਲ ਸੀ।

'ਦਿ ਸ਼੍ਰਾਈਨ ਆਫ਼ ਡੈੱਥ' ਦੇ ਲੇਖਿਕਾ ਦਿਵਿਆ ਕੁਮਾਰ ਨੇ 2018 ਵਿੱਚ ਇਸ ਮੰਦਿਰ ਬਾਰੇ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਵਿੱਚ ਇੱਕ ਰਿਪੋਰਟ ਲਿਖੀ ਸੀ।

ਦਿਵਿਆ ਕੁਮਾਰ ਨੇ ਲਿਖਿਆ ਸੀ, "ਅਤੇਸ਼ਗਾਹ ਇਤਿਹਾਸ, ਵਿਸ਼ਵੀਕਰਨ ਅਤੇ ਭਾਰਤੀ ਉਪਮਹਾਂਦੀਪ ਤੇ ਯੂਰਪ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਇੱਕ ਦਿਲਚਸਪ ਇਤਿਹਾਸਕ ਵਿਰਾਸਤ ਹੈ, ਜਿਸ ਦਾ ਇਤਿਹਾਸ 16ਵੀਂ ਸਦੀ ਤੱਕ ਜਾਂਦਾ ਹੈ।"

ਦਿਵਿਆ ਕੁਮਾਰ ਨੇ ਲਿਖਿਆ ਹੈ, "ਅਜ਼ਰਬਾਇਜ਼ਾਨ ਸਿਲਕ ਰੂਟ ਦਾ ਹਿੱਸਾ ਸੀ, ਜੋ ਏਸ਼ੀਆ ਅਤੇ ਯੂਰਪ ਨੂੰ ਜੋੜਦਾ ਸੀ। ਮੰਨਿਆ ਜਾਂਦਾ ਹੈ ਕਿ ਭਾਰਤੀ ਉਪਮਹਾਂਦੀਪ ਦੇ ਵਪਾਰੀਆਂ ਨੂੰ ਅਬਸ਼ੇਰੋਨ ਪ੍ਰਾਇਦੀਪ ਦੀ 'ਬਲਦੀ ਧਰਤੀ' ਅਤੇ 'ਅਨੰਤ ਜਵਾਲਾ' ਦੀਆਂ ਕਹਾਣੀਆਂ ਬਾਰੇ ਪਤਾ ਲੱਗਿਆ ਸੀ।"

"ਇਹ ਪ੍ਰਾਇਦੀਪ ਆਪਣੀਆਂ ਇਨ੍ਹਾਂ ਕੁਦਰਤੀ ਅਗਨੀ ਲਪਟਾਂ (ਜਵਾਲਾ) ਲਈ ਮਸ਼ਹੂਰ ਸੀ। ਦਰਅਸਲ, ਅਜ਼ਰਬਾਇਜ਼ਾਨ ਨੂੰ ਅਕਸਰ 'ਅੱਗ ਦੀ ਧਰਤੀ' ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ 16ਵੀਂ ਸਦੀ ਦੇ ਆਖ਼ਰੀ ਸਾਲਾਂ ਅਤੇ 17ਵੀਂ ਸਦੀ ਦੀ ਸ਼ੁਰੂਆਤ ਵਿੱਚ ਭਾਰਤੀ ਯਾਤਰੀ ਅਤੇ ਤੀਰਥ ਯਾਤਰੀ ਇੱਥੇ ਪਹੁੰਚੇ।"

"ਉਨ੍ਹਾਂ ਨੇ ਅਤੇਸ਼ਗਾਹ ਨੂੰ ਇਸ ਦਾ ਮੌਜੂਦਾ ਰੂਪ ਦਿੱਤਾ ਅਤੇ ਗਣੇਸ਼ ਦੇ ਨਾਲ ਸ਼ਿਵ ਵਰਗੇ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਨਾਲ-ਨਾਲ ਇੱਥੋਂ ਦੀ ਪਵਿੱਤਰ ਅੱਗ ਦੀ ਵੀ ਅਰਾਧਨਾ ਕੀਤੀ।"

ਦਿਵਿਆ ਕੁਮਾਰ ਨੇ ਲਿਖਿਆ ਹੈ, "ਜਿਸ ਦਿਨ ਅਸੀਂ ਮੰਦਿਰ ਦੇਖਣ ਪਹੁੰਚੇ, ਉਸ ਦਿਨ ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਤੇ ਚਾਰੇ ਪਾਸੇ ਧੂੜ ਉੱਡ ਰਹੀ ਸੀ। ਆਖ਼ਰਕਾਰ, ਅਸੀਂ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਤੋਂ 20 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ।"

"ਬਾਕੂ ਨੂੰ ਸਥਾਨਕ ਅਜ਼ੇਰੀ ਭਾਸ਼ਾ ਵਿੱਚ ਗ਼ੈਰ-ਰਸਮੀ ਤੌਰ 'ਤੇ 'ਹਵਾਵਾਂ ਦਾ ਸ਼ਹਿਰ' ਕਿਹਾ ਜਾਂਦਾ ਹੈ। ਪਰ ਮੰਦਿਰ ਕੰਪਲੈਕਸ ਦੇ ਕੇਂਦਰ ਵਿੱਚ ਬਣੇ ਉੱਚੇ ਮੁੱਖ ਅਗਨੀ ਕੁੰਡ ਵਿੱਚ ਪਵਿੱਤਰ ਲਾਟ ਤੇਜ਼ ਹਵਾਵਾਂ ਦੇ ਬਾਵਜੂਦ ਲਗਾਤਾਰ ਬਲ ਰਹੀ ਸੀ।"

"ਕੇਂਦਰ ਵਿੱਚ ਬਲਦੀ ਇਸ ਲਾਟ ਅਤੇ ਨਾਲ ਬਣੇ ਦੋ ਗੋਲਾਕਾਰ ਚਬੂਤਰਿਆਂ 'ਤੇ ਬਲਦੀ ਖੁੱਲ੍ਹੀ ਅੱਗ ਨੂੰ ਅੱਜ ਬਾਕੂ ਦੀ ਮੁੱਖ ਗੈਸ ਪਾਈਪਲਾਈਨ ਤੋਂ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। ਪਰ ਸੈਂਕੜੇ, ਸਗੋਂ ਸੰਭਵ ਤੌਰ 'ਤੇ ਹਜ਼ਾਰਾਂ ਸਾਲਾਂ ਤੱਕ ਇਹ ਲਾਟਾਂ ਕੁਦਰਤੀ ਤੌਰ 'ਤੇ ਬਲਦੀਆਂ ਰਹੀਆਂ ਸਨ।"

"ਦੇਸ਼ ਦੇ ਵਿਸ਼ਾਲ ਕੁਦਰਤੀ ਗੈਸ ਭੰਡਾਰਾਂ ਵਿੱਚੋਂ, ਚੱਟਾਨਾਂ ਦੀ ਸਤ੍ਹਾ ਵਿੱਚ ਮੌਜੂਦ ਛੇਕਾਂ ਰਾਹੀਂ ਗੈਸ ਬਾਹਰ ਨਿੱਕਲਦੀ ਸੀ ਅਤੇ ਹਵਾ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਫੜ ਲੈਂਦੀ ਸੀ।"

ਪਾਰਸੀ ਧਰਮ ਨਾਲ ਜੁੜੀ ਉਤਪੱਤੀ

ਦਿਵਿਆ ਕੁਮਾਰ ਲਿਖਦੇ ਹਨ, ''ਅਜ਼ਰਬਾਇਜਾਨ ਦੇ ਇਤਿਹਾਸ ਵਿੱਚ ਅੱਗ ਦੀ ਪੂਜਾ ਕਰਨ ਵਾਲਿਆਂ ਨੇ ਇਨ੍ਹਾਂ 'ਅਨੰਤ ਲਾਟਾਂ' ਦੀ ਪੂਜਾ ਕੀਤੀ ਹੈ। ਇਸ ਖੇਤਰ ਵਿੱਚ ਆਉਣ ਵਾਲੇ ਯਾਤਰੀਆਂ ਦੇ ਵੇਰਵਿਆਂ ਵਿੱਚ ਸੱਤਵੀਂ ਸਦੀ ਤੱਕ ਇਨ੍ਹਾਂ ਦਾ ਜ਼ਿਕਰ ਮਿਲਦਾ ਹੈ।''

''ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਭਾਰਤੀ ਯਾਤਰੀਆਂ ਦੇ ਇੱਥੇ ਪਹੁੰਚਣ ਤੋਂ ਬਹੁਤ ਪਹਿਲਾਂ ਪਾਰਸੀ ਧਰਮ ਦੇ ਪੈਰੋਕਾਰਾਂ ਨੇ ਇਸ ਅਗਨੀ ਮੰਦਿਰ ਦਾ ਇੱਕ ਪੁਰਾਣਾ ਰੂਪ ਬਣਾਇਆ ਸੀ।''

''1969 ਵਿੱਚ ਮੰਦਿਰ ਦੇ ਨਵੀਨੀਕਰਨ ਦੌਰਾਨ ਮੌਜੂਦਾ ਢਾਂਚੇ ਦੇ ਹੇਠਾਂ ਇੱਕ ਪੁਰਾਣੀ ਇਮਾਰਤ ਦੇ ਹਿੱਸੇ ਮਿਲੇ ਸਨ। 'ਅਤੇਸ਼ਗਾਹ' ਨਾਂ ਫ਼ਾਰਸੀ ਭਾਸ਼ਾ ਤੋਂ ਆਇਆ ਹੈ, ਜਿਸ ਦਾ ਅਰਥ ਹੈ 'ਅੱਗ ਦਾ ਘਰ'।''

''ਅਜਿਹੇ ਸੰਕੇਤ ਵੀ ਮਿਲੇ ਹਨ ਕਿ ਪੁਰਾਣਾ ਮੰਦਿਰ ਮੌਜੂਦਾ ਕੰਪਲੈਕਸ ਦੀ ਹੱਦ ਤੋਂ ਅੱਗੇ ਤੱਕ ਫੈਲਿਆ ਹੋਇਆ ਹੋ ਸਕਦਾ ਸੀ। ਹਾਲਾਂਕਿ, 19ਵੀਂ ਸਦੀ ਤੋਂ ਆਲੇ-ਦੁਆਲੇ ਦੀ ਜ਼ਮੀਨ ਵਿੱਚ ਤੇਲ ਅਤੇ ਗੈਸ ਦੀ ਖੋਜ ਦੌਰਾਨ ਇਸ ਦੇ ਬਾਕੀ ਬਚੇ ਅਵਸ਼ੇਸ਼ ਸੰਭਵ ਤੌਰ 'ਤੇ ਨਸ਼ਟ ਹੋ ਗਏ।''

ਯੂਨੈਸਕੋ ਨੂੰ ਸੌਂਪੇ ਗਏ ਅਜ਼ਰਬੈਜਾਨ ਦੇ ਦਸਤਾਵੇਜ਼ ਮੁਤਾਬਕ, ਸੁਰਾਖਾਨੀ ਵਿੱਚ ਪੈਟਰੋਲੀਅਮ ਉਦਯੋਗ ਨਾਲ ਜੁੜੀਆਂ ਇਕਾਈਆਂ ਦੇ ਵਿਸਥਾਰ ਤੋਂ ਬਾਅਦ 1883 ਵਿੱਚ ਮੰਦਿਰ ਵਿੱਚ ਪੂਜਾ ਬੰਦ ਹੋ ਗਈ।

ਇਸ ਤੋਂ ਬਾਅਦ ਇਸ ਸਥਾਨ ਨੂੰ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ। ਹੁਣ ਇਸ ਨੂੰ ਇਤਿਹਾਸਕ-ਆਰਕੀਟੈਕਚਰਲ ਰਿਜ਼ਰਵ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ।

ਦਿਵਿਆ ਕੁਮਾਰ ਨੇ ਲਿਖਿਆ ਹੈ, ''ਖੁਸ਼ਕਿਸਮਤੀ ਨਾਲ, ਲਗਭਗ 500 ਸਾਲ ਪੁਰਾਣਾ ਇਹ ਮੰਦਿਰ ਅੱਜ ਵੀ ਖੜ੍ਹਾ ਹੈ ਅਤੇ ਆਪਣੇ ਬਹੁ-ਸੱਭਿਆਚਾਰਕ ਅਤੀਤ ਦੇ ਚਿੰਨ੍ਹਾਂ ਨੂੰ ਸੰਭਾਲੇ ਹੋਏ ਹਨ। ਮੰਦਿਰ ਦੀ ਕੇਂਦਰੀ ਅਗਨੀ ਵੇਦੀ ਦਾ ਢਾਂਚਾ ਪੂਰੀ ਤਰ੍ਹਾਂ ਹਿੰਦੂ ਸ਼ੈਲੀ ਦਾ ਨਹੀਂ ਹੈ, ਸਗੋਂ ਇਸ ਵਿੱਚ ਰਵਾਇਤੀ ਪਾਰਸੀ ਅਗਨੀ ਵੇਦੀਆਂ ਦੀਆਂ ਸਮਾਨਤਾਵਾਂ ਵੀ ਦਿਖਾਈ ਦਿੰਦੀਆਂ ਹਨ। ਮੰਦਿਰ ਕੰਪਲੈਕਸ ਵਿੱਚ ਮੌਜੂਦ ਇੱਕ ਅਭਿਲੇਖ ਫ਼ਾਰਸੀ ਭਾਸ਼ਾ ਵਿੱਚ ਵੀ ਹੈ।''

''ਅਜ਼ਰਬੈਜਾਨ ਵਿੱਚ ਪਾਰਸੀ ਧਰਮ ਦਾ ਪ੍ਰਭਾਵ ਪ੍ਰਾਚੀਨ ਹੋਣ ਦੇ ਨਾਲ-ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਇਹ ਉਸ ਦੌਰ ਦੀ ਵਿਰਾਸਤ ਹੈ, ਜਦੋਂ ਇਸ ਖੇਤਰ 'ਤੇ ਇਸਲਾਮ ਦੇ ਆਉਣ ਤੋਂ ਪਹਿਲਾਂ ਫ਼ਾਰਸੀ ਰਾਜਵੰਸ਼ਾਂ ਦਾ ਸ਼ਾਸਨ ਸੀ।''

''ਅੱਜ ਵੀ ਨਵਰੋਜ਼, ਯਾਨੀ ਪਾਰਸੀ ਨਵੇਂ ਸਾਲ ਦਾ ਤਿਉਹਾਰ, ਇੱਥੋਂ ਦੇ ਤਿਉਹਾਰਾਂ ਦੇ ਕੈਲੰਡਰ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਤਿਹਾਸਕ ਵੇਰਵਿਆਂ ਅਨੁਸਾਰ, 19ਵੀਂ ਸਦੀ ਵਿੱਚ ਅਤੇੇਸ਼ਗਾਹ ਬਾਂਬੇ (ਹੁਣ ਮੁੰਬਈ) ਤੋਂ ਆਉਣ ਵਾਲੇ ਪਾਰਸੀਆਂ ਲਈ ਵੀ ਇੱਕ ਤੀਰਥ ਸਥਾਨ ਬਣ ਗਿਆ ਸੀ। ਉਹ ਇਸ ਭਾਰਤੀ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਸਨ, ਜੋ ਕਦੇ ਪਾਰਸੀ ਧਰਮ ਦੇ ਪੈਰੋਕਾਰਾਂ ਦਾ ਪੂਜਾ ਸਥਾਨ ਹੋਇਆ ਕਰਦਾ ਸੀ।''

1969 ਵਿੱਚ ਨਵੀਨੀਕਰਨ ਤੋਂ ਬਾਅਦ, 1975 ਵਿੱਚ ਮੰਦਿਰ ਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸਾਲ 1998 ਵਿੱਚ ਇਸ ਨੂੰ ਅਧਿਕਾਰਤ ਤੌਰ 'ਤੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)