ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੀਆਂ ਮੌਤ ਦੀਆਂ ਅਫ਼ਵਾਹਾਂ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ ਹਨ

    • ਲੇਖਕ, ਲੌਰਾ ਬਿੱਕਰ
    • ਰੋਲ, ਚੀਨ ਤੋਂ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਕਿਮ ਜੋਂਗ ਉਨ ਨਜ਼ਰ ਆਏ ਹਨ। ਉਹ ਕਾਫ਼ੀ ਤੰਦਰੁਸਤ ਲੱਗ ਰਹੇ ਹਨ, ਜਦਕਿ ਉਨ੍ਹਾਂ ਬਾਰੇ ਅਫ਼ਵਾਹ ਸੀ ਕਿ ਦਿਮਾਗ਼ ਦੀ ਨਾੜੀ ਫਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।

ਸਰਕਾਰੀ ਅਖ਼ਬਾਰ 'ਰੋਡੋਂਗ ਸਿਨਮੁਨ' ਵਿੱਚ ਛਪੀਆਂ ਤਸਵੀਰਾਂ ਵਿੱਚ 42 ਸਾਲਾ ਤਾਨਾਸ਼ਾਹ ਆਪਣੀ ਧੀ ਨਾਲ ਕੱਪੜਿਆਂ ਅਤੇ ਜੁੱਤੀਆਂ ਦੀ ਇੱਕ ਪ੍ਰਦਰਸ਼ਨੀ ਦਾ ਦੌਰਾ ਕਰਦੇ ਦਿਖਾਈ ਦੇ ਰਹੇ ਹਨ।

ਇਹ ਤਸਵੀਰਾਂ ਉਸ ਸਮੇਂ ਸਾਹਮਣੇ ਆਈਆਂ, ਜਦੋਂ ਅਮਰੀਕਾ ਵਿੱਚ ਰਹਿਣ ਵਾਲੇ ਚੀਨ ਦੇ ਇੱਕ ਅਸੰਤੁਸ਼ਟ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਕਿਮ ਨੂੰ ਕੋਮਾ ਦੀ ਹਾਲਤ ਵਿੱਚ ਬੀਜਿੰਗ ਦੇ ਇੱਕ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਹਾਲਾਂਕਿ ਉਸ ਵਿਅਕਤੀ ਨੇ ਆਪਣੇ ਦਾਅਵੇ ਦੇ ਸਮਰਥਨ 'ਚ ਕੋਈ ਸਬੂਤ ਨਹੀਂ ਦਿੱਤਾ ਸੀ।

ਉੱਤਰੀ ਕੋਰੀਆ 'ਤੇ ਨੇੜਿਓਂ ਨਜ਼ਰ ਰੱਖਣ ਵਾਲਿਆਂ ਲਈ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਹੁਣ ਲਗਭਗ ਆਮ ਗੱਲ ਬਣ ਗਈਆਂ ਹਨ।

ਦੁਨੀਆ ਦੇ ਸਭ ਤੋਂ ਗੁਪਤ ਦੇਸ਼ਾਂ ਵਿੱਚੋਂ ਇੱਕ ਹੋਣ ਕਾਰਨ ਇੱਥੇ ਤੱਥਾਂ ਦੀ ਪੁਸ਼ਟੀ ਕਰਨਾ ਅਕਸਰ ਮੁਸ਼ਕਿਲ ਹੁੰਦਾ ਹੈ, ਜਿਸ ਨਾਲ ਅਜਿਹੇ ਕਿਆਸਾਂ ਨੂੰ ਹੱਲਾਸ਼ੇਰੀ ਮਿਲਦੀ ਹੈ।

ਕਿਮ ਬਾਰੇ ਇਹ ਤਾਜ਼ਾ ਦਾਅਵਾ ਵਾਨਜੁਨ ਜ਼ੀ ਨੇ ਕੀਤਾ ਹੈ, ਜੋ ਖ਼ੁਦ ਨੂੰ 'ਚੀਨੀ ਡੈਮੋਕ੍ਰੈਟਿਕ ਪਾਰਟੀ' ਦਾ ਪ੍ਰਧਾਨ ਦੱਸਦੇ ਹਨ।

ਚੀਨ ਦੇ ਅਧਿਕਾਰੀਆਂ ਨੇ ਇਸ ਸਮੂਹ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਤੋਂ ਪਹਿਲਾਂ ਵੀ ਉਹ ਬਿਨਾਂ ਪੁਸ਼ਟੀ ਵਾਲੇ ਦਾਅਵੇ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਚੀਨੀ ਆਗੂ ਸ਼ੀ ਜਿਨਪਿੰਗ ਦੀ ਮੌਤ ਬਾਰੇ ਕਿਆਸਅਰਾਈਆਂ (ਅਟਕਲਾਂ) ਵੀ ਸ਼ਾਮਿਲ ਸਨ।

ਜ਼ੀ ਦਾ ਦਾਅਵਾ ਹੈ ਕਿ ਕਿਮ ਦੀ ਦਿਮਾਗ਼ ਦੀ ਨਾੜੀ ਫਟਣ ਕਾਰਨ ਉਨ੍ਹਾਂ ਨੂੰ ਗੰਭੀਰ ਦੌਰਾ ਪਿਆ ਸੀ ਅਤੇ ਉਨ੍ਹਾਂ ਨੂੰ ਬੀਜਿੰਗ ਲਿਆਂਦਾ ਗਿਆ, ਕਿਉਂਕਿ ਉੱਤਰੀ ਕੋਰੀਆ ਵਿੱਚ ਉਨ੍ਹਾਂ ਦੇ ਇਲਾਜ ਲਈ ਲੋੜੀਂਦੀਆਂ ਡਾਕਟਰੀ ਸਹੂਲਤਾਂ ਨਹੀਂ ਸਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਅਦ ਵਿੱਚ ਕਿਮ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਦੇਹ ਨੂੰ ਚੁੱਪ-ਚੁਪੀਤੇ ਉੱਤਰੀ ਕੋਰੀਆ ਵਾਪਸ ਭੇਜ ਦਿੱਤਾ ਗਿਆ, ਜਦਕਿ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਦੀ ਮੌਤ ਦੀ ਗੱਲ ਲੁਕਾ ਲਈ।

ਪਰ ਸਾਹਮਣੇ ਆਈਆਂ ਤਸਵੀਰਾਂ ਕੁਝ ਹੋਰ ਹੀ ਕਹਾਣੀ ਬਿਆਨ ਕਰਦੀਆਂ ਹਨ।

ਤਸਵੀਰਾਂ ਵਿੱਚ ਕਿਮ ਪ੍ਰਦਰਸ਼ਨੀ ਵਿੱਚ ਰੱਖੀਆਂ ਚੀਜ਼ਾਂ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕਿਮ ਜੂ ਏ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣ ਵਾਲੇ ਅਧਿਕਾਰੀ ਵੀ ਮੌਜੂਦ ਹਨ।

ਹਾਲਾਂਕਿ, ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਤਸਵੀਰਾਂ ਕਦੋਂ ਖਿੱਚੀਆਂ ਗਈਆਂ ਸਨ, ਪਰ ਇਸ ਦਾਅਵੇ 'ਤੇ ਸ਼ੱਕ ਕਰਨ ਦੇ ਹੋਰ ਵੀ ਕਾਰਨ ਹਨ।

ਜੇਕਰ ਕਿਮ ਦੀ ਸਿਹਤ ਅਚਾਨਕ ਇੰਨੀ ਵਿਗੜ ਜਾਂਦੀ, ਤਾਂ ਉੱਤਰੀ ਕੋਰੀਆ ਦੀਆਂ ਸਰਹੱਦਾਂ ਤੋਂ ਬਾਹਰ ਵੀ ਇਸ ਦੇ ਕੁਝ ਸੰਕੇਤ ਜ਼ਰੂਰ ਮਿਲਦੇ।

ਚੀਨ, ਅਸਥਿਰਤਾ ਜਾਂ ਸ਼ਰਨਾਰਥੀਆਂ ਦੇ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਆਪਣੀ ਸਰਹੱਦ 'ਤੇ ਸੁਰੱਖਿਆ ਵਧਾ ਸਕਦਾ ਸੀ।

ਉੱਤਰੀ ਕੋਰੀਆ ਦੇ ਕੂਟਨੀਤਕ ਮਿਸ਼ਨਾਂ ਨੂੰ ਲੈਕੇ ਵੀ ਹਲਚਲ ਵਧ ਸਕਦੀ ਸੀ।

ਦੱਖਣੀ ਕੋਰੀਆ ਵਿੱਚ ਰਹਿਣ ਵਾਲੇ ਉੱਤਰੀ ਕੋਰੀਆਈ ਲੋਕ ਅਕਸਰ ਚੀਨ ਦੀ ਸਰਹੱਦ ਦੇ ਨੇੜੇ ਮੌਜੂਦ ਗ਼ੈਰ-ਰਸਮੀ ਨੈੱਟਵਰਕਾਂ ਰਾਹੀਂ ਜਾਣਕਾਰੀ ਹਾਸਿਲ ਕਰਦੇ ਰਹਿੰਦੇ ਹਨ। ਪਰ ਅਜਿਹਾ ਕੁਝ ਵੀ ਨਹੀਂ ਹੋਇਆ ਹੈ।

ਇਸ ਦੌਰਾਨ, ਦੱਖਣੀ ਕੋਰੀਆ ਦੇ ਖ਼ੁਫ਼ੀਆ ਅਧਿਕਾਰੀਆਂ ਨੇ 'ਯੋਨਹਾਪ' ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਰਿਪੋਰਟ ਦੀ ਪੁਸ਼ਟੀ ਕਰਨ ਵਾਲੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਇਹ ਅਫ਼ਵਾਹ ਵੀ ਪਹਿਲਾਂ ਫੈਲੀਆਂ ਅਜਿਹੀਆਂ ਹੀ ਝੂਠੀਆਂ ਖ਼ਬਰਾਂ ਵਰਗੀ ਹੈ। ਸਾਲ 2020 ਵਿੱਚ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਇੱਕ ਚਰਚਿਤ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ "99 ਫ਼ੀਸਦੀ ਯਕੀਨ" ਹੈ ਕਿ ਦਿਲ ਦੀ ਸਰਜਰੀ ਤੋਂ ਬਾਅਦ ਕਿਮ ਦੀ ਮੌਤ ਹੋ ਗਈ ਹੈ।

ਪਰ ਕੁਝ ਹੀ ਸਮੇਂ ਬਾਅਦ ਕਿਮ ਸਭ ਦੇ ਸਾਹਮਣੇ ਆ ਗਏ ਅਤੇ ਇਹ ਦਾਅਵਾ ਗ਼ਲਤ ਸਾਬਿਤ ਹੋਇਆ।

ਤਾਂ ਫਿਰ ਅਜਿਹੀਆਂ ਅਫ਼ਵਾਹਾਂ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ ਹਨ? ਇਸ ਦਾ ਪਹਿਲਾ ਕਾਰਨ ਹੈ – ਸੱਤਾ ਦਾ ਉੱਤਰਾਧਿਕਾਰ।

ਉੱਤਰੀ ਕੋਰੀਆ ਵਿੱਚ ਤਿੰਨ ਪੀੜ੍ਹੀਆਂ ਤੋਂ ਕਿਮ ਪਰਿਵਾਰ ਦਾ ਸ਼ਾਸਨ ਰਿਹਾ ਹੈ, ਪਰ ਕਿਮ ਜੋਂਗ ਉਨ ਤੋਂ ਬਾਅਦ ਕੀ ਹੋਵੇਗਾ, ਇਹ ਉਨ੍ਹਾਂ ਦੇ ਪੁਰਖਿਆਂ ਦੇ ਸਮੇਂ ਦੇ ਮੁਕਾਬਲੇ ਕਿਤੇ ਵੱਧ ਅਨਿਸ਼ਚਿਤ ਹੈ।

ਕਿਮ ਇਲ ਸੁੰਗ ਨੇ ਆਪਣੇ ਪੁੱਤਰ ਕਿਮ ਜੋਂਗ ਇਲ ਨੂੰ ਸੱਤਾ ਸੰਭਾਲਣ ਲਈ ਤਿਆਰ ਕਰਨ ਵਿੱਚ ਕਈ ਦਹਾਕੇ ਲਗਾ ਦਿੱਤੇ ਸਨ।

1994 ਵਿੱਚ ਜਦੋਂ ਕਿਮ ਇਲ ਸੁੰਗ ਦੀ ਮੌਤ ਹੋਈ, ਉਦੋਂ ਤੱਕ ਉੱਤਰਾਧਿਕਾਰ ਦੀ ਯੋਜਨਾ ਪੂਰੀ ਤਰ੍ਹਾਂ ਤੈਅ ਹੋ ਚੁੱਕੀ ਸੀ। ਇਸ ਲਈ ਕਿਮ ਜੋਂਗ ਇਲ ਲਈ ਸੱਤਾ ਸੰਭਾਲਣਾ ਕਾਫ਼ੀ ਆਸਾਨ ਰਿਹਾ।

ਕਿਮ ਜੋਂਗ ਉਨ ਦਾ ਸੱਤਾ ਵਿੱਚ ਆਉਣਾ ਕਿਤੇ ਵੱਧ ਤੇਜ਼ੀ ਨਾਲ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਹੋਇਆ ਸੀ।

ਸਾਲ 2008 ਵਿੱਚ ਜਦੋਂ ਕਿਮ ਜੋਂਗ ਇਲ ਨੂੰ ਦਿਮਾਗ਼ੀ ਦੌਰਾ ਪਿਆ, ਤਾਂ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਨੂੰ ਬਹੁਤ ਤੇਜ਼ੀ ਨਾਲ ਉੱਚੇ ਅਹੁਦਿਆਂ 'ਤੇ ਪਹੁੰਚਾਇਆ ਗਿਆ।

ਸਾਲ 2011 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ, ਉਦੋਂ ਤੱਕ ਉਨ੍ਹਾਂ (ਕਿਮ ਜੋਂਗ ਉਨ) ਨੂੰ ਸਭ ਦੇ ਸਾਹਮਣੇ ਭਵਿੱਖ ਦੇ ਆਗੂ ਵਜੋਂ ਪੇਸ਼ ਕੀਤਾ ਜਾ ਚੁੱਕਾ ਸੀ।

ਇਸ ਦੇ ਬਾਵਜੂਦ, ਕਿਮ ਜੋਂਗ ਉਨ ਨੂੰ ਆਪਣੀ ਸੱਤਾ ਮਜ਼ਬੂਤ ਕਰਨ, ਵਿਰੋਧੀਆਂ ਨੂੰ ਹਟਾਉਣ ਅਤੇ ਸੰਭਾਵੀ ਖ਼ਤਰਿਆਂ ਨੂੰ ਖ਼ਤਮ ਕਰਨ ਵਿੱਚ ਕਈ ਸਾਲ ਲੱਗ ਗਏ।

ਅੱਜ ਦੱਖਣੀ ਕੋਰੀਆ ਦੀ ਖ਼ੁਫ਼ੀਆ ਏਜੰਸੀ ਦਾ ਮੰਨਣਾ ਹੈ ਕਿ ਉਹ ਆਪਣੀ ਧੀ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਅੱਜਕੱਲ੍ਹ ਕਈ ਅਹਿਮ ਸਮਾਗਮਾਂ ਅਤੇ ਫ਼ੌਜੀ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਦੇ ਬੇਟੀ ਅਕਸਰ ਨਜ਼ਰ ਆਉਂਦੇ ਹਨ।

ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਉਮਰ ਅਜੇ ਸਿਰਫ਼ 13 ਸਾਲ ਹੈ।

ਉੱਤਰੀ ਕੋਰੀਆ ਵਿੱਚ ਅੱਜ ਤੱਕ ਕਿਸੇ ਮਹਿਲਾ ਨੇ ਸ਼ਾਸਨ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਉੱਤਰਾਧਿਕਾਰੀ ਵੀ ਨਹੀਂ ਐਲਾਨਿਆ ਗਿਆ ਹੈ। ਘੱਟ ਉਮਰ ਹੋਣ ਕਾਰਨ ਸੱਤਾ ਲਈ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਵਿੱਚ ਉਹ ਕਾਫ਼ੀ ਕਮਜ਼ੋਰ ਸਾਬਿਤ ਹੋ ਸਕਦੇ ਹਨ।

ਇਨ੍ਹਾਂ ਸਾਰੀਆਂ ਅਨਿਸ਼ਚਿਤਤਾਵਾਂ ਤੋਂ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਕਿਮ ਦੀ ਸਿਹਤ ਨੂੰ ਲੈ ਕੇ ਉੱਡਣ ਵਾਲੀਆਂ ਅਫ਼ਵਾਹਾਂ ਇੰਨਾ ਧਿਆਨ ਕਿਉਂ ਖਿੱਚਦੀਆਂ ਹਨ।

ਦੂਜਾ ਕਾਰਨ ਇਹ ਹੈ ਕਿ ਇਨ੍ਹਾਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਵੀ ਨਹੀਂ ਕਿਹਾ ਜਾ ਸਕਦਾ।

ਕਿਮ ਦਾ ਭਾਰ ਜ਼ਿਆਦਾ ਹੈ ਅਤੇ ਉਹ ਬਹੁਤ ਜ਼ਿਆਦਾ ਸਿਗਰਟ ਪੀਂਦੇ ਹਨ।

ਦੱਖਣੀ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਕਈ ਵਾਰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜੀਵਨਸ਼ੈਲੀ ਕਾਰਨ ਉਨ੍ਹਾਂ ਨੂੰ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੈ।

ਕਿਮ ਦੇ ਪਰਿਵਾਰ ਵਿੱਚ ਵੀ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਇਤਿਹਾਸ ਰਿਹਾ ਹੈ।

ਜੇ ਕਿਮ ਨੂੰ ਕੁਝ ਹੋ ਜਾਂਦਾ ਹੈ, ਤਾਂ ਗੁਆਂਢੀ ਦੇਸ਼ਾਂ ਅਤੇ ਪੂਰੀ ਕੌਮਾਂਤਰੀ ਬਿਰਾਦਰੀ ਲਈ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ।

ਅਚਾਨਕ ਲੀਡਰਸ਼ਿਪ ਦਾ ਸੰਕਟ ਪੈਦਾ ਹੋਣ ਨਾਲ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਕੰਟ੍ਰੋਲ ਅਤੇ ਸਿਆਸੀ ਅਸਥਿਰਤਾ ਨੂੰ ਲੈ ਕੇ ਮੁਸ਼ਕਿਲ ਸਵਾਲ ਖੜ੍ਹੇ ਹੋ ਜਾਂਦੇ ਹਨ।

ਕੀ ਸੱਤਾ ਲਈ ਹੋਣ ਵਾਲਾ ਸੰਘਰਸ਼ ਕੱਟੜਪੰਥੀਆਂ ਨੂੰ ਹਮਲਾਵਰ ਕਦਮ ਚੁੱਕਣ ਲਈ ਉਕਸਾ ਸਕਦਾ ਹੈ?

ਕੀ ਅਸ਼ਾਂਤੀ ਕਾਰਨ ਚੀਨ ਦੀ ਸਰਹੱਦ 'ਤੇ ਸ਼ਰਨਾਰਥੀਆਂ ਦਾ ਸੰਕਟ ਪੈਦਾ ਹੋ ਸਕਦਾ ਹੈ? ਇਹ ਅਜਿਹੇ ਸਵਾਲ ਹਨ, ਜੋ ਨਾ ਸਿਰਫ਼ ਬੀਜਿੰਗ ਅਤੇ ਸਿਓਲ, ਸਗੋਂ ਵਾਸ਼ਿੰਗਟਨ ਨੂੰ ਵੀ ਚਿੰਤਾ ਵਿੱਚ ਪਾਉਂਦੇ ਹਨ, ਕਿਉਂਕਿ ਦੱਖਣੀ ਕੋਰੀਆ ਵਿੱਚ ਅਮਰੀਕਾ ਦੇ ਲਗਭਗ 28,000 ਫ਼ੌਜੀ ਤਾਇਨਾਤ ਹਨ।

ਖੁਫ਼ੀਆ ਏਜੰਸੀਆਂ ਕਿਮ ਜੋਂਗ ਉਨ 'ਤੇ ਨੇੜਿਓਂ ਨਜ਼ਰ ਰੱਖਦੀਆਂ ਹਨ, ਤਾਂ ਜੋ ਉਹ ਕਿਸੇ ਵੀ ਖ਼ਬਰ ਲਈ ਤਿਆਰ ਰਹਿਣ।

ਕਿਉਂਕਿ ਉੱਤਰੀ ਕੋਰੀਆ ਇੱਕ ਤਰ੍ਹਾਂ ਨਾਲ 'ਜਾਣਕਾਰੀ ਦਾ ਬਲੈਕ ਹੋਲ' ਹੈ, ਇਸ ਲਈ ਇੱਥੇ ਗ਼ਲਤ ਖ਼ਬਰਾਂ ਫੈਲਣੀਆਂ ਬਹੁਤ ਆਸਾਨ ਹਨ।

ਉੱਥੋਂ ਦੇ ਆਗੂ ਤੱਕ ਸਿਰਫ਼ ਕੁਝ ਗਿਣੇ-ਚੁਣੇ ਲੋਕਾਂ ਦੀ ਹੀ ਪਹੁੰਚ ਹੈ। ਇੱਥੋਂ ਤੱਕ ਕਿ ਖੁਫ਼ੀਆ ਏਜੰਸੀਆਂ ਨੂੰ ਵੀ ਭਰੋਸੇਯੋਗ ਜਾਣਕਾਰੀ ਇਕੱਠੀ ਕਰਨ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ।

ਜਿਹੜੀ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ, ਉਸ ਦੇ ਨਾਲ ਅਕਸਰ ਇਹ ਵੀ ਜੋੜਿਆ ਜਾਂਦਾ ਹੈ ਕਿ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਜਾਂ ਇਹ ਸਿਰਫ਼ ਇੱਕ ਸੰਭਾਵਨਾ ਹੈ, ਨਾ ਕਿ ਕੋਈ ਪੱਕੀ ਸੱਚਾਈ।

ਮੰਨਿਆ ਜਾਂਦਾ ਹੈ ਕਿ ਉੱਥੋਂ ਦੀ ਸੱਤਾ ਖ਼ੁਦ ਜਾਣਬੁੱਝ ਕੇ ਭੰਬਲਭੂਸਾ ਪੈਦਾ ਕਰਦੀ ਹੈ ਅਤੇ ਗ਼ਲਤ ਜਾਣਕਾਰੀਆਂ ਲੀਕ ਕਰਦੀ ਹੈ, ਤਾਂ ਜੋ ਕਿਸੇ ਨੂੰ ਇਹ ਨਾ ਪਤਾ ਚੱਲ ਸਕਦੇ ਕਿ ਅਸਲ ਵਿੱਚ ਦੇਸ਼ ਦੇ ਅੰਦਰ ਕੀ ਚੱਲ ਰਿਹਾ ਹੈ।

ਇਸ ਲਈ, ਇਹ ਮੰਨਣਾ ਮੁਸ਼ਕਿਲ ਹੈ ਕਿ ਵਾਨਜੁਨ ਜ਼ੀ ਨੂੰ ਅਚਾਨਕ ਇੰਨੀ ਵੱਡੀ ਖ਼ਬਰ ਮਿਲ ਗਈ, ਜਦਕਿ ਜਿਹੜੇ ਲੋਕ ਖਾਸ ਤੌਰ 'ਤੇ ਇਸ 'ਤੇ ਨਜ਼ਰ ਰੱਖਣ ਦਾ ਹੀ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਇਸ ਦੀ ਸੂਹ ਵੀ ਨਹੀਂ ਲੱਗੀ।

ਹੋ ਸਕਦਾ ਹੈ ਕਿ ਉਹ ਸਿਰਫ਼ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹੋਣ। ਜਾਂ ਫਿਰ, ਉਹ ਪਿਓਂਗਯਾਂਗ ਨਾਲ ਬੀਜਿੰਗ ਦੇ ਸਬੰਧਾਂ ਨੂੰ ਉਜਾਗਰ ਕਰਕੇ ਉਸ ਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਹੋਣ ਹਾਲਾਂਕਿ ਇਹ ਸਬੰਧ ਪਹਿਲਾਂ ਹੀ ਦੁਨੀਆ ਦੇ ਸਾਹਮਣੇ ਜੱਗ-ਜ਼ਾਹਿਰ ਹਨ।

ਉਨ੍ਹਾਂ ਦਾ ਮਕਸਦ ਭਾਵੇਂ ਜੋ ਵੀ ਰਿਹਾ ਹੋਵੇ, ਉੱਤਰੀ ਕੋਰੀਆ ਦੀ ਲੀਡਰਸ਼ਿਪ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦਾ ਫ਼ਾਇਦਾ ਉਠਾਉਣ ਵਾਲੇ ਜ਼ੀ ਪਹਿਲੇ ਵਿਅਕਤੀ ਨਹੀਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)