ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੈਨੇਡਾ ਦੇ ਐਲਬਰਟਾ ਵਿੱਚ ਲੋਕਾਂ ਨੇ ਕੈਨੇਡਾ ਦੇ ਨਾਲ ਰਹਿਣ ਨੂੰ ਚੁਣਿਆ, ਰੈਫਰੈਂਡਮ ਬਾਰੇ ਪੂਰਾ ਮਸਲਾ ਸਮਝੋ
ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਲਈ ਰੈਫਰੈਂਡਮ ਕਰਵਾਉਣ ਦੀ ਤਜਵੀਜ਼ ਰੱਦ ਹੋ ਗਈ ਹੈ। ਵੋਟਿੰਗ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ, 76.5 ਫ਼ੀਸਦੀ ਵੋਟਰਾਂ ਨੇ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਈ ਹੈ।
ਇਸ ਰੈਫਰੈਂਡਮ ਦਾ ਮਕਸਦ ਇਹ ਜਾਣਨਾ ਸੀ ਕਿ ਅਲਬਰਟਾ ਦੇ ਲੋਕ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ ਵਿੱਚ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀ ਕਿਹਾ?
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਲਬਰਟਾ ਦੇ ਲੋਕਾਂ ਨੇ ਕੈਨੇਡਾ ਤੋਂ ਵੱਖ ਹੋਣ ਲਈ ਰੈਫਰੈਂਡਮ ਕਰਵਾਉਣ ਦੀ ਤਜਵੀਜ਼ ਨੂੰ ਰੱਦ ਕਰਦਿਆਂ ਏਕਤਾ ਦੇ ਹੱਕ ਵਿੱਚ ਸਪੱਸ਼ਟ ਫ਼ੈਸਲਾ ਦਿੱਤਾ ਹੈ।
ਕਾਰਨੀ ਨੇ ਕਿਹਾ ਕਿ 19 ਅਕਤੂਬਰ ਨੂੰ ਅਲਬਰਟਾ ਦੇ ਲੋਕਾਂ ਨੇ ਏਕਤਾ ਨੂੰ ਚੁਣਿਆ ਅਤੇ ਮਿਲ ਕੇ ਅੱਗੇ ਵਧਣ ਤੇ ਇੱਕ-ਦੂਜੇ ਦਾ ਖ਼ਿਆਲ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਲਬਰਟਾ ਦੇ ਲੋਕਾਂ ਨੇ ਸਭ ਤੋਂ ਅੱਗੇ ਹੋ ਕੇ ਕੈਨੇਡਾ ਨੂੰ ਚੁਣਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕੈਨੇਡੀਅਨ ਲੋਕਾਂ ਕੋਲ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਦਾ ਪੂਰਾ ਲਾਭ ਉਠਾਉਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਮਹਾਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਹੁਣ ਇਸ ਨੂੰ ਸਾਰਿਆਂ ਲਈ ਹੋਰ ਬਿਹਤਰ ਬਣਾਉਣ ਦੀ ਲੋੜ ਹੈ।
'ਸਾਡੀ ਲਹਿਰ ਰੁਕਣ ਵਾਲੀ ਨਹੀਂ'
ਅਲਬਰਟਾ ਦੀ ਵੱਖਵਾਦੀ ਲਹਿਰ ਦੇ ਆਗੂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਹਿਰ ਰੁਕਣ ਵਾਲੀ ਨਹੀਂ ਹੈ।
ਉਨ੍ਹਾਂ ਕਿਹਾ, "ਸਾਡੀ ਲਹਿਰ ਰੁਕ ਨਹੀਂ ਰਹੀ ਅਤੇ ਅਸੀਂ ਅੱਗੇ ਵਧਦੇ ਰਹਾਂਗੇ।"
ਕੈਲਗਰੀ ਵਿੱਚ ਰਹਿਣ ਵਾਲੇ ਵਕੀਲ ਜੈਫਰੀ ਰੈਥ ਨੇ ਕਿਹਾ ਕਿ ਹੁਣ ਤੱਕ ਸਾਹਮਣੇ ਆਏ ਨਤੀਜੇ ਸਿਰਫ਼ ਸ਼ੁਰੂਆਤੀ ਅਨੁਮਾਨ ਹਨ ਅਤੇ ਸੋਮਵਾਰ ਨੂੰ ਅਲਬਰਟਾ ਦੇ ਲੋਕਾਂ ਨੇ ਕਿਵੇਂ ਵੋਟ ਪਾਈ, ਇਸ ਦੀ ਪੂਰੀ ਤਸਵੀਰ ਸਾਹਮਣੇ ਆਉਣ ਵਿੱਚ ਹਾਲੇ ਸਮਾਂ ਲੱਗੇਗਾ।
ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ 'ਨਿਊਜ਼ਡੇਅ' ਨਾਲ ਗੱਲਬਾਤ ਕਰਦਿਆਂ ਰੈਥ ਨੇ ਸੋਮਵਾਰ ਦੀ ਵੋਟਿੰਗ ਨੂੰ 'ਪਹਿਲਾ ਕਦਮ' ਦੱਸਿਆ। ਉਨ੍ਹਾਂ ਕਿਹਾ ਕਿ ਇਸ ਤੋਂ ਉਨ੍ਹਾਂ ਦੀ ਲਹਿਰ ਨੂੰ ਕੁਝ ਅਹਿਮ ਸਬਕ ਮਿਲੇ ਹਨ।
ਉਨ੍ਹਾਂ ਦਾ ਅਨੁਮਾਨ ਹੈ ਕਿ ਸੂਬੇ ਦੇ ਕਈ ਲੱਖ ਲੋਕਾਂ ਨੇ ਆਜ਼ਾਦੀ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁੱਦੇ 'ਤੇ ਉਨ੍ਹਾਂ ਦੀ ਦਲੀਲ ਦੇ ਹੱਕ ਵਿੱਚ ਗਣਿਤ ਅਤੇ ਆਰਥਿਕ ਪੱਖ ਵੀ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਲਹਿਰ ਆਜ਼ਾਦੀ ਲਈ ਵਾਰ-ਵਾਰ ਵੋਟਿੰਗ ਕਰਵਾਉਣ ਦੀ ਮੰਗ ਕਰਦੀ ਰਹੇਗੀ, ਜਦੋਂ ਤੱਕ ਮਨਚਾਹੇ ਨਤੀਜੇ ਨਹੀਂ ਮਿਲ ਜਾਂਦੇ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਕਿਉਂ ਨਹੀਂ?"
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੀ ਕਿਹਾ?
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਸ਼ੁਰੂਆਤੀ ਨਤੀਜਿਆਂ ਤੋਂ ਬਹੁਤ ਖ਼ੁਸ਼ ਹਨ, ਕਿਉਂਕਿ ਇਨ੍ਹਾਂ ਤੋਂ ਕੈਨੇਡਾ ਵਿੱਚ ਬਣੇ ਰਹਿਣ ਲਈ ਵਿਆਪਕ ਸਮਰਥਨ ਦਾ ਸੰਕੇਤ ਮਿਲਦਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਅਲਬਰਟਾ ਦੇ ਲੋਕਾਂ ਨੇ ਇਕਜੁੱਟ ਕੈਨੇਡਾ ਵਿੱਚ ਇੱਕ ਹੋਰ ਮਜ਼ਬੂਤ ਅਲਬਰਟਾ ਦੇ ਹੱਕ ਵਿੱਚ ਵੋਟ ਪਾਈ ਹੈ।"
ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਆਗੂ ਸਮਿਥ ਨੇ ਇਨ੍ਹਾਂ ਅਹਿਮ ਰੈਫਰੈਂਡਮ ਸਵਾਲਾਂ 'ਤੇ ਵੋਟ ਪਾਉਣ ਲਈ ਸਮਾਂ ਕੱਢਣ ਵਾਲੇ ਅਲਬਰਟਾ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਸ਼ਾਮ ਨੂੰ ਨਤੀਜਿਆਂ ਅਤੇ ਸੂਬੇ ਦੇ ਅਗਲੇ ਕਦਮਾਂ ਬਾਰੇ ਬਿਆਨ ਦੇਣਗੇ।
ਅਲਬਰਟਾ ਵਿੱਚ ਵੱਖਵਾਦ ਦੀ ਲਹਿਰ ਕਿਉਂ ਉੱਠੀ?
ਅਲਬਰਟਾ ਕੈਨੇਡਾ ਦਾ ਇੱਕ ਅਹਿਮ ਤੇਲ ਉਤਪਾਦਕ ਪੱਛਮੀ ਸੂਬਾ ਹੈ। ਇੱਥੇ ਇਹ ਸਵਾਲ ਚਰਚਾ ਵਿੱਚ ਰਿਹਾ ਹੈ ਕਿ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਰੈਫਰੈਂਡਮ ਕਰਵਾਇਆ ਜਾਣਾ ਚਾਹੀਦਾ ਹੈ।
ਰਵਾਇਤੀ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਰਹੇ ਅਲਬਰਟਾ ਵਿੱਚ ਵੱਖ ਹੋਣ ਦੇ ਹਮਾਇਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਤੋਂ ਨਾਰਾਜ਼ ਹਨ। ਇਸ ਦੇ ਬਾਵਜੂਦ, ਵੋਟਿੰਗ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਬਹੁਗਿਣਤੀ ਵੋਟਰਾਂ ਨੇ ਕੈਨੇਡਾ ਨਾਲ ਬਣੇ ਰਹਿਣ ਦਾ ਸਮਰਥਨ ਕੀਤਾ ਹੈ।
ਕੈਨੇਡਾ ਨੂੰ ਪਹਿਲਾਂ ਵੀ ਦੇਸ਼ ਦੀ ਏਕਤਾ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਇਨ੍ਹਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਵੀ ਸ਼ਾਮਲ ਰਹੀਆਂ ਹਨ। ਕਿਊਬੈਕ ਸੂਬੇ ਵਿੱਚ 1980 ਅਤੇ 1995 ਵਿੱਚ ਆਜ਼ਾਦੀ ਦੇ ਮੁੱਦੇ 'ਤੇ ਦੋ ਜਨਮਤ ਸੰਗ੍ਰਹਿ ਕਰਵਾਏ ਗਏ ਸਨ, ਪਰ ਦੋਵਾਂ ਵਾਰ ਆਜ਼ਾਦੀ ਦੇ ਹੱਕ ਵਿੱਚ ਪ੍ਰਸਤਾਵ ਪਾਸ ਨਹੀਂ ਹੋ ਸਕਿਆ।
ਅਲਬਰਟਾ ਦੀ ਆਜ਼ਾਦੀ ਦੇ ਹਮਾਇਤੀ ਮੰਨਦੇ ਹਨ ਕਿ ਉਨ੍ਹਾਂ ਦੀ ਲਹਿਰ ਕਿਊਬੈਕ ਦੇ ਤਜਰਬੇ ਤੋਂ ਪ੍ਰੇਰਣਾ ਲੈਂਦੀ ਹੈ। ਕਿਊਬੈਕ ਵਿੱਚ ਫ਼ਰਾਂਸੀਸੀ ਭਾਸ਼ਾ ਬੋਲਣ ਵਾਲੀ ਆਬਾਦੀ ਬਹੁਗਿਣਤੀ ਵਿੱਚ ਹੈ।
ਰੈਫਰੈਂਡਮ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ?
ਬੀਬੀਸੀ ਦੇ ਸੀਨੀਅਰ ਕੈਨੇਡਾ ਰਿਪੋਰਟਰ ਨਦੀਨ ਯੂਸਫ਼ ਦੀ ਰਿਪੋਰਟ ਮੁਤਾਬਕ, ਕੈਨੇਡਾ ਤੋਂ ਵੱਖ ਹੋਣ ਬਾਰੇ ਰੈਫਰੈਂਡਮ ਦੀ ਮੰਗ ਕਰਨ ਵਾਲੇ ਅਲਬਰਟਾ ਵਾਸੀ ਸੂਬੇ ਨੂੰ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਹਨ।
ਇਸ ਮੁੱਦੇ ਨਾਲ ਸਬੰਧਤ ਕਈ ਟਾਊਨ ਹਾਲ ਮੀਟਿੰਗਾਂ ਪਿਛਲੇ ਇੱਕ ਸਾਲ ਦੌਰਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਇੱਕ ਨਾਗਰਿਕ ਪਟੀਸ਼ਨ ਵੀ ਚਲਾਈ ਗਈ ਸੀ, ਜਿਸ 'ਤੇ ਕਰੀਬ ਤਿੰਨ ਲੱਖ ਲੋਕਾਂ ਨੇ ਦਸਤਖ਼ਤ ਕੀਤੇ ਸਨ।
ਹਾਲਾਂਕਿ, ਇਸ ਸਾਲ ਅਲਬਰਟਾ ਦੀ ਅਦਾਲਤ ਨੇ ਇਸ ਪਟੀਸ਼ਨ 'ਤੇ ਰੋਕ ਲਗਾ ਦਿੱਤੀ ਸੀ।
ਅਦਾਲਤ ਨੇ ਕਿਹਾ ਸੀ ਕਿ ਅਲਬਰਟਾ ਦੇ ਫਸਟ ਨੇਸ਼ਨਜ਼ ਦੇ ਮੂਲਵਾਸੀ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ।
ਜੱਜ ਮੁਤਾਬਕ, ਜੇਕਰ ਅਲਬਰਟਾ ਕੈਨੇਡਾ ਤੋਂ ਵੱਖ ਹੋ ਕੇ ਆਜ਼ਾਦ ਦੇਸ਼ ਬਣਦਾ ਹੈ, ਤਾਂ ਇਸ ਨਾਲ ਇਨ੍ਹਾਂ ਭਾਈਚਾਰਿਆਂ ਦੀਆਂ ਜ਼ਮੀਨਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਥੌਮਸ ਲੂਕਾਜ਼ਾਕ ਨੇ ਵੀ ਕੈਨੇਡਾ ਤੋਂ ਵੱਖ ਹੋਣ ਦੇ ਵਿਰੋਧ ਵਿੱਚ ਇੱਕ ਪਟੀਸ਼ਨ ਸ਼ੁਰੂ ਕੀਤੀ ਸੀ, ਜਿਸ 'ਤੇ ਚਾਰ ਲੱਖ ਤੋਂ ਵੱਧ ਅਲਬਰਟਾ ਵਾਸੀਆਂ ਨੇ ਦਸਤਖ਼ਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਅਲਬਰਟਾ ਦੀ ਕੁੱਲ ਆਬਾਦੀ 50 ਲੱਖ ਤੋਂ ਵੱਧ ਹੈ।
ਅਲਬਰਟਾ ਨੂੰ ਵੱਖ ਕਰਨ ਦੇ ਹਮਾਇਤੀ ਕੌਣ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਕੀ ਹਨ?
ਅਲਬਰਟਾ ਨੂੰ ਵੱਖਰਾ ਦੇਸ਼ ਬਣਾਉਣ ਦੀ ਮੁਹਿੰਮ ਦੀ ਅਗਵਾਈ ਬੋਨੀਵਿਲ ਸ਼ਹਿਰ ਵਿੱਚ ਬੰਦੂਕਾਂ ਦੀ ਦੁਕਾਨ ਦੇ ਮਾਲਕ ਮਿਚ ਸਿਲਵੇਸਟਰ ਅਤੇ ਕੈਲਗਰੀ ਦੇ ਵਕੀਲ ਜੈਫਰੀ ਰੈਥ ਕਰ ਰਹੇ ਹਨ। ਦੋਵੇਂ 'ਅਲਬਰਟਾ ਪ੍ਰੌਸਪਰਿਟੀ ਪ੍ਰੋਜੈਕਟ' ਨਾਂ ਦੇ ਸਮੂਹ ਨਾਲ ਜੁੜੇ ਹੋਏ ਹਨ।
ਇਸ ਸਮੂਹ ਦਾ ਮੰਨਣਾ ਹੈ ਕਿ ਓਟਵਾ ਵਿੱਚ ਲਿਬਰਲ ਪਾਰਟੀ ਦੇ ਲੰਮੇ ਸਮੇਂ ਦੇ ਸ਼ਾਸਨ ਕਾਰਨ ਅਲਬਰਟਾ ਦੇ ਆਰਥਿਕ ਵਿਕਾਸ ਵਿੱਚ ਰੁਕਾਵਟ ਪਈ ਹੈ।
ਇਸ ਮੁਹਿੰਮ ਨਾਲ ਜੁੜੇ ਕਈ ਲੋਕ ਵਾਤਾਵਰਨ ਨੀਤੀਆਂ ਤੋਂ ਨਾਰਾਜ਼ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੀਤੀਆਂ ਕਾਰਨ ਤੇਲ ਨਾਲ ਭਰਪੂਰ ਅਲਬਰਟਾ ਵਿੱਚ ਪਾਈਪਲਾਈਨਾਂ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਵਿੱਚ ਅੜਿੱਕੇ ਪੈਦਾ ਹੋਏ ਹਨ। ਰਵਾਇਤੀ ਤੌਰ 'ਤੇ ਇਹ ਸੂਬਾ ਕੰਜ਼ਰਵੇਟਿਵ ਪਾਰਟੀ ਦਾ ਸਮਰਥਕ ਰਿਹਾ ਹੈ।
ਵੱਖ ਹੋਣ ਦੇ ਹਮਾਇਤੀਆਂ ਦਾ ਇਹ ਵੀ ਕਹਿਣਾ ਹੈ ਕਿ ਅਲਬਰਟਾ ਕੈਨੇਡਾ ਨੂੰ ਜਿੰਨਾ ਆਰਥਿਕ ਯੋਗਦਾਨ ਦਿੰਦਾ ਹੈ, ਉਸ ਦੇ ਮੁਕਾਬਲੇ ਉਸ ਨੂੰ ਬਹੁਤ ਘੱਟ ਵਾਪਸ ਮਿਲਦਾ ਹੈ। ਉਨ੍ਹਾਂ ਨੂੰ ਇਹ ਵੀ ਇਤਰਾਜ਼ ਹੈ ਕਿ ਓਟਵਾ ਸੂਬੇ ਦੇ ਅੰਦਰੂਨੀ ਮਾਮਲਿਆਂ ਵਿੱਚ ਲੋੜ ਤੋਂ ਵੱਧ ਦਖ਼ਲ ਦਿੰਦਾ ਹੈ।
ਹਾਲਾਂਕਿ, ਵੱਖ ਹੋਣ ਦੀ ਮੁਹਿੰਮ ਨਾਲ ਜੁੜੇ ਸਾਰੇ ਲੋਕਾਂ ਦੀ ਮੰਗ ਇੱਕੋ ਜਿਹੀ ਨਹੀਂ ਹੈ।
ਨਦੀਨ ਯੂਸਫ਼ ਦੀ ਰਿਪੋਰਟ ਮੁਤਾਬਕ, ਪਿਛਲੇ ਸਾਲ ਵੱਖਵਾਦੀਆਂ ਦੀ ਇੱਕ ਜਨਤਕ ਮੀਟਿੰਗ ਦੌਰਾਨ ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਆਜ਼ਾਦੀ ਦੀ ਮੰਗ ਨੂੰ ਓਟਵਾ ਨਾਲ ਗੱਲਬਾਤ ਵਿੱਚ ਦਬਾਅ ਬਣਾਉਣ ਦੇ ਸਾਧਨ ਵਜੋਂ ਵਰਤਣਾ ਚਾਹੁੰਦੇ ਹਨ।
ਜਦਕਿ ਹੋਰ ਲੋਕਾਂ ਨੇ ਕਿਹਾ ਕਿ ਉਹ ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ਅਸਲ ਵਿੱਚ ਅੱਗੇ ਵਧਾਉਣਾ ਚਾਹੁੰਦੇ ਹਨ। ਕੁਝ ਲੋਕਾਂ ਨੇ ਅਲਬਰਟਾ ਦੇ ਅਮਰੀਕਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਤੀ ਵੀ ਸਹਿਮਤੀ ਜਤਾਈ।
ਜੈਫਰੀ ਰੈਥ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ, ਸੱਭਿਆਚਾਰਕ ਪੱਖੋਂ ਅਲਬਰਟਾ ਦੀ ਸਾਂਝ ਕੈਨੇਡਾ ਦੇ ਬਾਕੀ ਹਿੱਸਿਆਂ ਨਾਲੋਂ ਅਮਰੀਕਾ ਦੇ ਕੁਝ ਇਲਾਕਿਆਂ ਨਾਲ ਵੱਧ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ