ਕੀ ਐਨਕ ਨਾਲ ਸਾਫ਼ ਦਿਖਣਾ ਸਿਹਤਮੰਦ ਅੱਖਾਂ ਦੀ ਨਿਸ਼ਾਨੀ ਹੈ? ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ?

    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 15 ਮਿੰਟ

ਸੜਕ 'ਤੇ ਤੁਰਦੇ ਸਮੇਂ ਅਚਾਨਕ ਸਾਹਮਣੇ ਤੋਂ ਆ ਰਿਹਾ ਵਿਅਕਤੀ ਦਿੱਸਣਾ ਬੰਦ ਹੋ ਜਾਂਦਾ ਹੈ। ਰਾਤ ਨੂੰ ਗੱਡੀ ਚਲਾਉਂਦੇ ਸਮੇਂ ਅੱਗੇ ਦੇਖਣਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਪੜ੍ਹਦੇ ਸਮੇਂ ਅੱਖਰ ਧੁੰਦਲੇ ਦਿਖਾਈ ਦਿੰਦੇ ਹਨ ਜਾਂ ਸਿੱਧੀਆਂ ਲਾਈਨਾਂ ਥੋੜ੍ਹੀਆਂ ਟੇਢੀਆਂ-ਮੇਢੀਆਂ ਨਜ਼ਰ ਆਉਂਦੀਆਂ ਹਨ।

ਅਕਸਰ ਅਸੀਂ ਇਨ੍ਹਾਂ ਤਬਦੀਲੀਆਂ ਨੂੰ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ ਇਹ ਥਕਾਵਟ, ਵਧਦੀ ਉਮਰ ਜਾਂ ਐਨਕ ਦੇ ਨੰਬਰ ਵਿੱਚ ਤਬਦੀਲੀ ਕਾਰਨ ਹਨ।

ਪਰ ਨਜ਼ਰ ਦਾ ਘਟਨਾ ਜਾਂ ਜਾਣਾ ਹਮੇਸ਼ਾ ਅੱਖਾਂ ਸਾਹਮਣੇ ਅਚਾਨਕ ਪੂਰਾ ਹਨ੍ਹੇਰਾ ਛਾ ਜਾਣ ਨਾਲ ਸ਼ੁਰੂ ਨਹੀਂ ਹੁੰਦਾ।

ਕੁਝ ਗੰਭੀਰ ਬਿਮਾਰੀਆਂ ਬਹੁਤ ਹੌਲੀ-ਹੌਲੀ ਅਤੇ ਬਿਨਾਂ ਕਿਸੇ ਖ਼ਾਸ ਚੇਤਾਵਨੀ ਦੇ ਵਧ ਸਕਦੀਆਂ ਹਨ।

ਉਦਾਹਰਨ ਲਈ, ਗਲੂਕੋਮਾ ਦੇ ਸ਼ੁਰੂਆਤੀ ਪੜਾਵਾਂ ਵਿੱਚ ਅਕਸਰ ਕੋਈ ਸਪਸ਼ਟ ਲੱਛਣ ਦਿਖਾਈ ਨਹੀਂ ਦਿੰਦੇ। ਸ਼ੂਗਰ ਕਾਰਨ ਹੋਣ ਵਾਲੀ ਰੈਟੀਨੋਪੈਥੀ ਵਿੱਚ ਵੀ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਲਈ ਨਜ਼ਰ ਵਿੱਚ ਤਬਦੀਲੀ ਹਮੇਸ਼ਾ ਬਿਮਾਰੀ ਦਾ ਪਹਿਲਾ ਸੰਕੇਤ ਨਹੀਂ ਹੁੰਦੀ।

ਇਸੇ ਲਈ ਇਹ ਮੰਨਣਾ ਕਿ 'ਮੈਨੂੰ ਚੰਗੀ ਤਰ੍ਹਾਂ ਦਿਖਾਈ ਦਿੰਦਾ ਹੈ, ਇਸ ਲਈ ਮੇਰੀਆਂ ਅੱਖਾਂ ਠੀਕ ਹਨ', ਕਈ ਵਾਰ ਖ਼ਤਰਨਾਕ ਹੋ ਸਕਦਾ ਹੈ।

ਤਾਂ ਫਿਰ ਨਜ਼ਰ ਕਮਜ਼ੋਰ ਹੋਣ ਦੇ ਸ਼ੁਰੂਆਤੀ ਲੱਛਣ ਕੀ ਹਨ? ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਪਾਸਿਆਂ ਵੱਲ ਦੇਖਣ ਦੀ ਸਮਰੱਥਾ ਘੱਟ ਗਈ ਹੈ? ਕਿਹੜੀਆਂ ਬਿਮਾਰੀਆਂ ਬਿਨਾਂ ਕਿਸੇ ਚੇਤਾਵਨੀ ਦੇ ਨਜ਼ਰ ਦੇ ਨੁਕਸਾਨ ਜਾਂ ਨਜ਼ਰ ਕਮਜ਼ੋਰ ਹੋਣ ਦਾ ਕਾਰਨ ਬਣ ਸਕਦੀਆਂ ਹਨ? ਅਤੇ ਅੱਖਾਂ ਦੀ ਨਿਯਮਤ ਜਾਂਚ ਕਿੰਨੀ ਮਹੱਤਵਪੂਰਨ ਹੈ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਜ਼ਰੂਰੀ ਹੈ...

ਨਜ਼ਰ ਧੁੰਦਲੀ ਹੋਣ ਤੋਂ ਪਹਿਲਾਂ ਹੀ ਅੱਖਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਸਕਦਾ ਹੈ

ਜੇ ਤੁਹਾਨੂੰ ਸਾਫ਼ ਦਿਖਾਈ ਦਿੰਦਾ ਹੈ, ਪੜ੍ਹਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਅਤੇ ਅੱਖਾਂ ਵਿੱਚ ਕੋਈ ਦਰਦ ਨਹੀਂ ਹੁੰਦਾ, ਤਾਂ ਇਹ ਸੋਚਣਾ ਸੁਭਾਵਿਕ ਹੈ ਕਿ ਤੁਹਾਡੀਆਂ ਅੱਖਾਂ ਪੂਰੀ ਤਰ੍ਹਾਂ ਸਿਹਤਮੰਦ ਹਨ। ਪਰ ਅੱਖਾਂ ਦੀਆਂ ਕੁਝ ਗੰਭੀਰ ਬਿਮਾਰੀਆਂ ਵਿੱਚ ਇਹ ਧਾਰਨਾ ਗ਼ਲਤ ਸਾਬਤ ਹੋ ਸਕਦੀ ਹੈ।

ਗਲੂਕੋਮਾ ਵਿੱਚ ਅਕਸਰ ਸ਼ੁਰੂਆਤੀ ਪੜਾਅ ਵਿੱਚ ਕੋਈ ਸਪਸ਼ਟ ਲੱਛਣ ਜਾਂ ਚੇਤਾਵਨੀ ਦੇ ਸੰਕੇਤ ਨਹੀਂ ਹੁੰਦੇ। ਸ਼ੂਗਰ ਨਾਲ ਸਬੰਧਤ ਰੈਟੀਨੋਪੈਥੀ ਵਿੱਚ ਵੀ ਸ਼ੁਰੂਆਤੀ ਪੜਾਵਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦੇ ਸਕਦੇ।

ਹਾਲਾਂਕਿ, ਉਮਰ ਨਾਲ ਸਬੰਧਤ ਮੈਕੁਲਰ ਡੀਜਨਰੇਸ਼ਨ ਵਿੱਚ ਕੇਂਦਰੀ ਨਜ਼ਰ ਪ੍ਰਭਾਵਿਤ ਹੋ ਸਕਦੀ ਹੈ ਅਤੇ 'ਵੇਟ ਏਐੱਮਡੀ' ਵਿੱਚ ਸਿੱਧੀਆਂ ਲਾਈਨਾਂ ਟੇਢੀਆਂ-ਮੇਢੀਆਂ ਦਿਖਾਈ ਦੇ ਸਕਦੀਆਂ ਹਨ, ਜੋ ਇੱਕ ਸ਼ੁਰੂਆਤੀ ਲੱਛਣ ਹੋ ਸਕਦਾ ਹੈ।

ਹਾਲਾਂਕਿ, ਕੁਝ ਤਬਦੀਲੀਆਂ ਤੁਰੰਤ ਚੇਤਾਵਨੀ ਦਾ ਸੰਕੇਤ ਹੋ ਸਕਦੀਆਂ ਹਨ। ਅੱਖਾਂ ਸਾਹਮਣੇ ਅਚਾਨਕ ਵੱਡੀ ਗਿਣਤੀ ਵਿੱਚ ਨਵੇਂ ਧੱਬੇ ਜਾਂ ਧਾਗਿਆਂ ਵਰਗੀਆਂ ਆਕ੍ਰਿਤੀਆਂ ਤੈਰਦੀਆਂ ਦਿਖਾਈ ਦੇਣਾ, ਤੇਜ਼ ਰੌਸ਼ਨੀ ਦੀਆਂ ਚਮਕਾਂ ਦਿਖਾਈ ਦੇਣਾ, ਪਾਸੇ ਵੱਲ ਦੀ ਨਜ਼ਰ ਵਿੱਚ ਪਰਛਾਵੇਂ ਦਿਖਾਈ ਦੇਣਾ ਜਾਂ ਅੱਖਾਂ ਸਾਹਮਣੇ ਸਲੇਟੀ ਪਰਦੇ ਵਰਗਾ ਦਿਖਾਈ ਦੇਣਾ ਰੈਟੀਨਾ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ।

ਅਜਿਹੇ ਮਾਮਲਿਆਂ ਵਿੱਚ ਅਮਰੀਕਨ ਅਕੈਡਮੀ ਆਫ਼ ਓਫਥੈਲਮੋਲੋਜੀ ਸਲਾਹ ਦਿੰਦੀ ਹੈ ਕਿ ਤੁਰੰਤ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਸ ਲਈ, ਭਾਵੇਂ ਨਜ਼ਰ ਸਾਫ਼ ਹੋਵੇ, ਫਿਰ ਵੀ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਅੱਖਾਂ ਪੂਰੀ ਤਰ੍ਹਾਂ ਸਿਹਤਮੰਦ ਹਨ। ਇਹੀ ਕਾਰਨ ਹੈ ਕਿ ਅੱਖਾਂ ਦੀ ਸਮੱਸਿਆ ਸ਼ੁਰੂ ਹੋਣ ਦੀ ਉਡੀਕ ਕਰਨ ਦੀ ਬਜਾਏ ਨਿਯਮਤ ਜਾਂਚ ਕਰਵਾਉਣੀ ਮਹੱਤਵਪੂਰਨ ਹੈ।

ਜੇ ਨਜ਼ਰ ਹੌਲੀ-ਹੌਲੀ ਘੱਟ ਹੋ ਰਹੀ ਹੋਵੇ, ਤਾਂ ਕੀ ਵਿਅਕਤੀ ਨੂੰ ਇਸ ਦਾ ਅਹਿਸਾਸ ਹੁੰਦਾ ਹੈ? ਇਹ ਇੱਕ ਮਹੱਤਵਪੂਰਨ ਸਵਾਲ ਹੈ। ਅਸੀਂ ਇਸ ਬਾਰੇ ਡਾ. ਸਵਾਤੀ ਹੀਰੇ ਨਾਲ ਗੱਲ ਕੀਤੀ। ਉਹ ਮੁੰਬਈ ਦੇ ਡੋਂਬੀਵਲੀ ਸਥਿਤ ਏਮਜ਼ ਹਸਪਤਾਲ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਿਰ ਵਜੋਂ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ, "ਹਾਂ, ਅਜਿਹਾ ਮਹਿਸੂਸ ਹੋ ਸਕਦਾ ਹੈ। ਜੇ ਨਜ਼ਰ ਹੌਲੀ-ਹੌਲੀ ਘੱਟ ਹੋ ਰਹੀ ਹੈ, ਤਾਂ ਦਿਮਾਗ਼ ਅਤੇ ਵਿਅਕਤੀ ਅਣਜਾਣੇ ਵਿੱਚ ਇਸ ਤਬਦੀਲੀ ਦੇ ਅਨੁਕੂਲ ਹੋ ਸਕਦੇ ਹਨ। ਉਦਾਹਰਨ ਲਈ, ਜੇ ਕਿਸੇ ਨੂੰ ਦੂਰ ਦੀਆਂ ਚੀਜ਼ਾਂ ਦੇਖਣ ਵਿੱਚ ਪਰੇਸ਼ਾਨੀ ਹੁੰਦੀ ਹੈ, ਤਾਂ ਉਸ ਨੂੰ ਨੇੜੇ ਦੀਆਂ ਚੀਜ਼ਾਂ ਦੇਖਣ ਦੀ ਆਦਤ ਪੈ ਸਕਦੀ ਹੈ। ਨਤੀਜੇ ਵਜੋਂ, ਉਸ ਨੂੰ ਤੁਰੰਤ ਇਹ ਅਹਿਸਾਸ ਨਹੀਂ ਹੁੰਦਾ ਕਿ ਉਸ ਦੀ ਨਜ਼ਰ ਘੱਟ ਹੋ ਰਹੀ ਹੈ। ਇਸ ਸਮੱਸਿਆ ਦਾ ਪਤਾ ਬਾਅਦ ਵਿੱਚ ਲੱਗਦਾ ਹੈ, ਖ਼ਾਸ ਕਰਕੇ ਜੇ ਦੋਵਾਂ ਅੱਖਾਂ ਵਿੱਚ ਇਹ ਤਬਦੀਲੀ ਹੌਲੀ-ਹੌਲੀ ਹੋ ਰਹੀ ਹੋਵੇ।"

ਡਾਕਟਰ ਹੀਰੇ ਅੱਗੇ ਕਹਿੰਦੇ ਹਨ, "ਜੇ ਇੱਕ ਅੱਖ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ, ਤਾਂ ਦੂਜੀ ਅੱਖ ਕੁਝ ਹੱਦ ਤੱਕ ਇਸ ਦੀ ਭਰਪਾਈ ਕਰ ਦਿੰਦੀ ਹੈ। ਇਸ ਲਈ ਦੋਵਾਂ ਅੱਖਾਂ ਨਾਲ ਇਕੱਠਿਆਂ ਦੇਖਣ 'ਤੇ ਵਿਅਕਤੀ ਨੂੰ ਮਹਿਸੂਸ ਹੋ ਸਕਦਾ ਹੈ ਕਿ ਉਸ ਦੀ ਨਜ਼ਰ ਨਾਰਮਲ ਹੈ। ਖ਼ਾਸ ਤੌਰ 'ਤੇ ਗਲੂਕੋਮਾ ਵਰਗੀਆਂ ਕੁਝ ਬਿਮਾਰੀਆਂ ਵਿੱਚ ਪਾਸੇ ਵੱਲ ਦੀ ਨਜ਼ਰ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ, ਇਸ ਲਈ ਸ਼ੁਰੂ ਵਿੱਚ ਇਸ ਦਾ ਪਤਾ ਨਹੀਂ ਲੱਗਦਾ।"

ਹਾਲਾਂਕਿ, ਅਜਿਹੀਆਂ ਤਬਦੀਲੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਕੁਝ ਮਾਮੂਲੀ ਮੁਸ਼ਕਿਲਾਂ ਪੈਦਾ ਕਰ ਸਕਦੀਆਂ ਹਨ।

ਉਦਾਹਰਨ ਲਈ, ਰਾਤ ਨੂੰ ਗੱਡੀ ਚਲਾਉਣ ਵਿੱਚ ਪਰੇਸ਼ਾਨੀ ਹੋਣਾ, ਪੌੜੀਆਂ ਚੜ੍ਹਦੇ ਸਮੇਂ ਸੰਤੁਲਨ ਵਿਗੜਨਾ, ਤੁਰਦੇ ਸਮੇਂ ਆਲੇ-ਦੁਆਲੇ ਦੇ ਲੋਕਾਂ ਜਾਂ ਚੀਜ਼ਾਂ ਨਾਲ ਟਕਰਾਉਣਾ, ਪੜ੍ਹਦੇ ਸਮੇਂ ਵਾਰ-ਵਾਰ ਲਾਈਨਾਂ ਛੁੱਟ ਜਾਣਾ ਜਾਂ ਸਾਹਮਣੇ ਵਾਲੇ ਵਿਅਕਤੀ ਦਾ ਚਿਹਰਾ ਪਛਾਣਨ ਵਿੱਚ ਮੁਸ਼ਕਿਲ ਆਉਣਾ ਆਦਿ।

ਇਸ ਲਈ ਨਜ਼ਰ ਵਿੱਚ ਹੋਣ ਵਾਲੀ ਮਾਮੂਲੀ ਤੋਂ ਮਾਮੂਲੀ ਤਬਦੀਲੀ ਨੂੰ ਵੀ ਨਜ਼ਰਅੰਦਾਜ਼ ਕੀਤੇ ਬਿਨਾਂ ਅੱਖਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।

ਪਾਸੇ ਵੱਲ ਦੀ ਨਜ਼ਰ ਵਿੱਚ ਕਮੀ ਅਸਲ ਵਿੱਚ ਕੀ ਹੁੰਦੀ ਹੈ?

ਪਾਸੇ ਵੱਲ ਦੀ ਨਜ਼ਰ ਉਹ ਖੇਤਰ ਹੁੰਦਾ ਹੈ, ਜਿਸ ਨੂੰ ਅਸੀਂ ਸਿੱਧਾ ਸਾਹਮਣੇ ਦੇਖਦੇ ਸਮੇਂ ਆਪਣੇ ਆਲੇ-ਦੁਆਲੇ ਦੇਖ ਸਕਦੇ ਹਾਂ।

ਨਜ਼ਰ ਕਮਜ਼ੋਰ ਹੋਣ 'ਤੇ ਵਿਅਕਤੀ ਨੂੰ ਚੀਜ਼ਾਂ ਨਾਲ ਵਾਰ-ਵਾਰ ਟਕਰਾਉਣ, ਭੀੜ ਵਿੱਚ ਤੁਰਨ ਦੌਰਾਨ ਮੁਸ਼ਕਿਲ ਆਉਣ, ਪੜ੍ਹਨ ਵਿੱਚ ਪਰੇਸ਼ਾਨੀ ਹੋਣ ਜਾਂ ਰਾਤ ਨੂੰ ਦੇਖਣ ਵਿੱਚ ਦਿੱਕਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸੜਕ 'ਤੇ ਗੱਡੀ ਚਲਾਉਂਦੇ ਜਾਂ ਤੁਰਦੇ ਸਮੇਂ ਹਾਦਸੇ ਹੋ ਸਕਦੇ ਹਨ।

ਗਲੂਕੋਮਾ ਵਿੱਚ, ਇਹ ਤਬਦੀਲੀ ਬਹੁਤ ਹੌਲੀ-ਹੌਲੀ ਅਤੇ ਬਿਨਾਂ ਦਰਦ ਦੇ ਹੋ ਸਕਦੀ ਹੈ। ਕਿਉਂਕਿ ਕੇਂਦਰੀ ਨਜ਼ਰ ਲੰਬੇ ਸਮੇਂ ਤੱਕ ਸਾਫ਼ ਰਹਿੰਦੀ ਹੈ, ਇਸ ਲਈ ਪਾਸੇ ਵੱਲ ਦੀ ਨਜ਼ਰ ਦਾ ਨੁਕਸਾਨ ਉਦੋਂ ਤੱਕ ਧਿਆਨ ਵਿੱਚ ਨਹੀਂ ਆਉਂਦਾ, ਜਦੋਂ ਤੱਕ ਸਮੱਸਿਆ ਗੰਭੀਰ ਨਾ ਹੋ ਜਾਵੇ।

ਰਾਤ ਨੂੰ ਦੇਖਣ ਵਿੱਚ ਮੁਸ਼ਕਿਲ ਅਤੇ ਇਸ ਦੇ ਨਤੀਜੇ ਵਜੋਂ ਪਾਸੇ ਵੱਲ ਦੀ ਨਜ਼ਰ ਦਾ ਹੌਲੀ-ਹੌਲੀ ਘੱਟ ਹੋਣਾ, ਰੈਟੀਨਾਈਟਿਸ ਪਿਗਮੈਂਟੋਸਾ ਨਾਂ ਦੀ ਇੱਕ ਮੁਕਾਬਲਤਨ ਦੁਰਲੱਭ ਜੈਨੇਟਿਕ ਬਿਮਾਰੀ ਨਾਲ ਵੀ ਸਬੰਧਤ ਹੋ ਸਕਦਾ ਹੈ।

ਕਈ ਵਾਰ ਨਜ਼ਰ ਸਬੰਧੀ ਸ਼ਿਕਾਇਤਾਂ ਨੂੰ ਇਹ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿ ਇਹ ਸਿਰਫ਼ ਵਧਦੀ ਉਮਰ ਦਾ ਨਤੀਜਾ ਹਨ।

ਕੁਝ ਲੋਕਾਂ ਨੂੰ ਪੜ੍ਹਨ ਲਈ ਵੱਧ ਰੌਸ਼ਨੀ ਦੀ ਲੋੜ ਪੈਣਾ, ਰਾਤ ਨੂੰ ਦੇਖਣ ਦੀ ਦਿੱਕਤ ਹੋਣਾ, ਨਜ਼ਰ ਧੁੰਦਲੀ ਹੋਣਾ, ਅੱਖਾਂ ਸਾਹਮਣੇ ਧੱਬੇ ਜਾਂ ਚਮਕਾਂ ਦਿਖਾਈ ਦੇਣਾ ਅਤੇ ਰੰਗਾਂ ਦੀ ਪਛਾਣ ਕਰਨ ਦੀ ਸਮਰੱਥਾ ਵਿੱਚ ਤਬਦੀਲੀ ਆਉਣਾ, ਉਮਰ ਦੇ ਨਾਲ ਹੋਣ ਵਾਲੀਆਂ ਤਬਦੀਲੀਆਂ ਲੱਗਦੀਆਂ ਹਨ। ਹਾਲਾਂਕਿ, ਜੇ ਇਹ ਲੱਛਣ ਬਣੇ ਰਹਿੰਦੇ ਹਨ ਜਾਂ ਇਨ੍ਹਾਂ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਅੱਖਾਂ ਦੀ ਜਾਂਚ ਕਰਵਾਉਣੀ ਮਹੱਤਵਪੂਰਨ ਹੈ।

ਅਸੀਂ ਡਾਕਟਰ ਸਵਾਤੀ ਹੀਰੇ ਤੋਂ ਪੁੱਛਿਆ ਕਿ ਐਨਕ ਲਗਾ ਕੇ ਸਾਫ਼ ਦਿਖਾਈ ਦੇਣ ਅਤੇ ਅੱਖਾਂ ਪੂਰੀ ਤਰ੍ਹਾਂ ਸਿਹਤਮੰਦ ਹੋਣ ਵਿੱਚ ਕੀ ਫ਼ਰਕ ਹੈ।

ਉਨ੍ਹਾਂ ਕਿਹਾ, "ਐਨਕ ਤੁਹਾਡੀ ਨਜ਼ਰ ਨੂੰ ਬਿਹਤਰ ਬਣਾਉਣ ਅਤੇ ਪ੍ਰੈਸਬਾਇਓਪੀਆ (ਉਮਰ ਵਧਣ ਦੇ ਨਾਲ ਨੇੜੇ ਦੀਆਂ ਚੀਜ਼ਾਂ ਦੇਖਣ ਵਿੱਚ ਦਿੱਕਤ) ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਕੋਈ ਬਿਮਾਰੀ ਨਹੀਂ ਹੈ।''

''ਜਦੋਂ ਐਨਕ ਲਗਾਉਣ ਤੋਂ ਬਾਅਦ ਸ਼ੁਰੂ ਵਿੱਚ ਤੁਹਾਨੂੰ ਸਾਫ਼ ਦਿਖਾਈ ਦਿੰਦਾ ਹੋਵੇ, ਉਸ ਵੇਲੇ ਵੀ ਗਲੂਕੋਮਾ, ਰੈਟੀਨਾ ਜਾਂ ਅੱਖ ਦੇ ਪਿਛਲੇ ਹਿੱਸੇ ਨਾਲ ਸਬੰਧਤ ਕੁਝ ਬਿਮਾਰੀਆਂ ਮੌਜੂਦ ਹੋ ਸਕਦੀਆਂ ਹਨ। ਇਸ ਲਈ, ਸਿਰਫ਼ ਐਨਕ ਦਾ ਨੰਬਰ ਚੈੱਕ ਕਰਵਾਉਣਾ ਅਤੇ ਅੱਖਾਂ ਦੀ ਪੂਰੀ ਜਾਂਚ ਕਰਵਾਉਣਾ ਦੋ ਵੱਖ-ਵੱਖ ਗੱਲਾਂ ਹਨ।"

ਐਨਕ ਦਾ ਨੰਬਰ ਚੈੱਕ ਕਰਦੇ ਸਮੇਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਨਜ਼ਰ ਕਿੰਨੀ ਸਾਫ਼ ਹੈ ਅਤੇ ਸਹੀ ਨੰਬਰ ਕੀ ਹੈ। ਹਾਲਾਂਕਿ, ਅੱਖਾਂ ਦੀ ਪੂਰੀ ਜਾਂਚ ਦੌਰਾਨ ਅੱਖਾਂ ਦੇ ਅੰਦਰਲੇ ਦਬਾਅ, ਰੈਟੀਨਾ, ਆਪਟਿਕ ਨਰਵ (ਜੋ ਅੱਖਾਂ ਤੋਂ ਦਿਮਾਗ਼ ਤੱਕ ਦੇਖਣ ਸਬੰਧੀ ਜਾਣਕਾਰੀ ਪਹੁੰਚਾਉਂਦੀ ਹੈ) ਅਤੇ ਅੱਖ ਦੇ ਹੋਰ ਹਿੱਸਿਆਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।

ਇਸ ਲਈ, ਐਨਕ ਲਗਾਉਣ ਵਾਲੇ ਵਿਅਕਤੀ ਲਈ ਸਿਰਫ਼ ਇਹ ਜਾਂਚ ਕਰਵਾਉਣਾ ਕਾਫ਼ੀ ਨਹੀਂ ਹੈ ਕਿ ਐਨਕ ਦਾ ਨੰਬਰ ਵਧਿਆ ਹੈ ਜਾਂ ਘਟਿਆ ਹੈ। ਅੱਖਾਂ ਦੀ ਪੂਰੀ ਜਾਂਚ ਕਰਵਾਉਣੀ ਮਹੱਤਵਪੂਰਨ ਹੈ, ਖ਼ਾਸ ਕਰਕੇ ਵਧਦੀ ਉਮਰ ਵਿੱਚ। ਹਾਈ ਬੱਲਡ ਪ੍ਰੈਸ਼ਰ, ਪਰਿਵਾਰ 'ਚ ਗਲੂਕੋਮਾ ਦਾ ਇਤਿਹਾਸ, ਸ਼ੂਗਰ, ਇਹ ਸਾਰੇ ਗਲੂਕੋਮਾ ਦੇ ਜੋਖ਼ਮ ਕਾਰਕ ਹਨ।

ਨਜ਼ਰ ਕਮਜ਼ੋਰ ਹੋਣ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ?

ਨਜ਼ਰ ਕਮਜ਼ੋਰ ਹੋਣ ਦੀ ਸ਼ੁਰੂਆਤ ਦਾ ਮਤਲਬ ਹਮੇਸ਼ਾ ਅੱਖਾਂ ਸਾਹਮਣੇ ਅਚਾਨਕ ਹਨ੍ਹੇਰਾ ਛਾ ਜਾਣਾ ਜਾਂ ਕੁਝ ਵੀ ਦੇਖਣ ਵਿੱਚ ਅਸਮਰੱਥ ਹੋ ਜਾਣਾ ਨਹੀਂ ਹੁੰਦਾ।

ਇਸ ਦੀ ਸ਼ੁਰੂਆਤ ਅਕਸਰ ਇੱਕ ਛੋਟੀ ਜਿਹੀ ਤਬਦੀਲੀ ਨਾਲ ਹੁੰਦੀ ਹੈ। ਤੁਰਦੇ ਸਮੇਂ ਵਾਰ-ਵਾਰ ਚੀਜ਼ਾਂ ਨਾਲ ਟਕਰਾਉਣਾ, ਪਾਸਿਓਂ ਆ ਰਹੀ ਕਾਰ ਜਾਂ ਸਕੂਟਰ ਨੂੰ ਨਾ ਦੇਖ ਸਕਣਾ, ਖਿੜਕੀ ਜਾਂ ਦਰਵਾਜ਼ੇ ਦੀ ਚੁਗਾਠ ਦਾ ਟੇਢਾ ਦਿਖਾਈ ਦੇਣਾ, ਘੱਟ ਰੌਸ਼ਨੀ ਵਿੱਚ ਦੇਖਣ ਵਿੱਚ ਮੁਸ਼ਕਿਲ ਆਉਣਾ ਜਾਂ ਅਚਾਨਕ ਇੱਕ ਅੱਖ ਵਿੱਚ ਧੁੰਦਲਾ ਦਿਖਾਈ ਦੇਣਾ ਆਦਿ ਨਜ਼ਰ ਸਬੰਧੀ ਕਿਸੇ ਗੰਭੀਰ ਸਮੱਸਿਆ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਗਲੂਕੋਮਾ ਜਾਂ ਡਾਇਬਿਟਿਕ ਰੈਟੀਨੋਪੈਥੀ ਵਰਗੀਆਂ ਕੁਝ ਬਿਮਾਰੀਆਂ ਦੇ ਸ਼ੁਰੂਆਤੀ ਪੜਾਵਾਂ ਵਿੱਚ ਕੋਈ ਧਿਆਨ ਦੇਣ ਯੋਗ ਲੱਛਣ ਨਹੀਂ ਹੁੰਦੇ।

ਇਸ ਲਈ ਅਸੀਂ ਮੁੰਬਈ ਦੇ ਵਰਲੀ ਸਥਿਤ ਏਐੱਸਜੀ ਹਸਪਤਾਲ ਲਿਮਟਿਡ ਵਿੱਚ ਮੈਡੀਕਲ ਡਾਇਰੈਕਟਰ ਵਜੋਂ ਕੰਮ ਕਰ ਰਹੇ ਡਾਕਟਰ ਸੁਵੀਰਾ ਜੈਨ ਤੋਂ ਪੁੱਛਿਆ ਕਿ ਅਸਲ ਵਿੱਚ ਇਹ ਸਭ ਕਿਵੇਂ ਸ਼ੁਰੂ ਹੁੰਦਾ ਹੈ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਨਜ਼ਰ ਵਿੱਚ ਤਬਦੀਲੀਆਂ ਕਿਵੇਂ ਸ਼ੁਰੂ ਹੁੰਦੀਆਂ ਹਨ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅੱਖ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੋਇਆ ਹੈ।"

ਗਲੂਕੋਮਾ ਦੀ ਸਭ ਤੋਂ ਆਮ ਕਿਸਮ ਵਿੱਚ ਸ਼ੁਰੂਆਤ ਵਿੱਚ ਦਰਦ ਨਹੀਂ ਹੁੰਦਾ। ਸਭ ਤੋਂ ਪਹਿਲਾਂ ਪਾਸੇ ਵੱਲ ਦੀ ਨਜ਼ਰ ਪ੍ਰਭਾਵਿਤ ਹੋ ਸਕਦੀ ਹੈ। ਕਈ ਲੋਕਾਂ ਨੂੰ ਇਸ ਸਮੱਸਿਆ ਦਾ ਉਦੋਂ ਤੱਕ ਪਤਾ ਨਹੀਂ ਲੱਗਦਾ, ਜਦੋਂ ਤੱਕ ਬਿਮਾਰੀ ਕਾਫ਼ੀ ਵਧ ਨਹੀਂ ਜਾਂਦੀ।

ਉਮਰ ਨਾਲ ਸਬੰਧਤ ਮੈਕੁਲਰ ਡੀਜਨਰੇਸ਼ਨ (ਏਐੱਮਡੀ) ਕਾਰਨ ਕੇਂਦਰੀ ਨਜ਼ਰ ਹੌਲੀ-ਹੌਲੀ ਕਮਜ਼ੋਰ ਹੋ ਸਕਦੀ ਹੈ। ਸਿੱਧੀਆਂ ਲਾਈਨਾਂ ਮੁੜੀਆਂ ਹੋਈਆਂ ਜਾਂ ਲਹਿਰਦਾਰ ਦਿਖਾਈ ਦੇ ਸਕਦੀਆਂ ਹਨ। ਤੁਹਾਨੂੰ ਆਪਣੀ ਨਜ਼ਰ ਦੇ ਕੇਂਦਰ ਵਿੱਚ ਸਲੇਟੀ ਜਾਂ ਖਾਲੀ ਜਿਹਾ ਖੇਤਰ ਵੀ ਦਿਖਾਈ ਦੇ ਸਕਦਾ ਹੈ।

ਨਜ਼ਰ ਕਮਜ਼ੋਰ ਹੋਣ ਤੋਂ ਇਲਾਵਾ, ਰੈਟੀਨਾ ਦੇ ਆਪਣੀ ਥਾਂ ਤੋਂ ਵੱਖ ਹੋਣ ਦੇ ਲੱਛਣਾਂ ਵਿੱਚ ਅੱਖਾਂ ਸਾਹਮਣੇ ਅਚਾਨਕ ਕਾਲੇ ਧੱਬੇ ਜਾਂ ਤੈਰਦੀਆਂ ਹੋਈਆਂ ਆਕ੍ਰਿਤੀਆਂ ਦਿਖਾਈ ਦੇਣਾ, ਰੌਸ਼ਨੀ ਦੀਆਂ ਚਮਕਾਂ ਦਿਖਾਈ ਦੇਣਾ ਜਾਂ ਪਾਸੇ ਵੱਲ ਦੀ ਨਜ਼ਰ ਦਾ ਨੁਕਸਾਨ ਹੋਣਾ ਸ਼ਾਮਿਲ ਹੋ ਸਕਦਾ ਹੈ।

ਸ਼ੂਗਰ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਬਿਮਾਰੀਆਂ ਸ਼ੁਰੂ ਵਿੱਚ ਬਿਨਾਂ ਕਿਸੇ ਲੱਛਣ ਦੇ ਹੋ ਸਕਦੀਆਂ ਹਨ, ਪਰ ਬਾਅਦ ਵਿੱਚ ਧੁੰਦਲਾ ਦਿਖਾਈ ਦੇਣਾ, ਅੱਖਾਂ ਸਾਹਮਣੇ ਤੈਰਦੇ ਹੋਏ ਧੱਬੇ ਜਾਂ ਆਕ੍ਰਿਤੀਆਂ ਤੈਰਦੀਆਂ ਦਿਖਾਈ ਦੇਣਾ, ਰਾਤ ਨੂੰ ਦੇਖਣ ਵਿੱਚ ਮੁਸ਼ਕਿਲ ਆਉਣਾ ਜਾਂ ਕੇਂਦਰੀ ਨਜ਼ਰ ਧੁੰਦਲੀ ਹੋਣ ਵਰਗੇ ਲੱਛਣ ਸਾਹਮਣੇ ਆਉਣ ਲੱਗਦੇ ਹਨ।

ਮਾਇਓਪੀਆ ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਨੇੜੇ ਦੀਆਂ ਚੀਜ਼ਾਂ ਸਾਫ਼ ਦਿਖਾਈ ਦਿੰਦੀਆਂ ਹਨ, ਪਰ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ। ਇਹ ਬੱਚਿਆਂ ਵਿੱਚ ਵੀ ਇੱਕ ਵਧਦੀ ਚਿੰਤਾ ਦਾ ਵਿਸ਼ਾ ਹੈ।

ਡਾਕਟਰ ਜੈਨ ਦਾ ਕਹਿਣਾ ਹੈ ਕਿ ਇੱਕ ਅਧਿਐਨ ਮੁਤਾਬਕ, ਭਾਰਤ ਦੇ ਸ਼ਹਿਰੀ ਬੱਚਿਆਂ ਵਿੱਚ ਮਾਇਓਪੀਆ ਦੀ ਦਰ 2050 ਤੱਕ 48 ਫ਼ੀਸਦੀ ਤੱਕ ਪਹੁੰਚ ਸਕਦੀ ਹੈ।

ਇਨ੍ਹਾਂ ਛੋਟੇ-ਛੋਟੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

  • ਤੁਰਦੇ ਸਮੇਂ ਦਰਵਾਜ਼ੇ ਦੀ ਚੁਗਾਠ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾਉਣਾ।
  • ਪਾਸਿਓਂ ਆ ਰਹੇ ਸਕੂਟਰ ਜਾਂ ਵਾਹਨ ਨੂੰ ਤੁਰੰਤ ਨਾ ਦੇਖ ਸਕਣਾ।
  • ਖਿੜਕੀ ਜਾਂ ਦਰਵਾਜ਼ੇ ਦੀ ਚੁਗਾਠ ਵਰਗੀਆਂ ਸਿੱਧੀਆਂ ਲਾਈਨਾਂ ਦਾ ਟੇਢੀਆਂ-ਮੇਢੀਆਂ ਦਿਖਾਈ ਦੇਣਾ।
  • ਨਜ਼ਰ ਦੇ ਕੇਂਦਰ ਵਿੱਚ ਸਲੇਟੀ ਜਾਂ ਖਾਲੀ ਜਿਹਾ ਖੇਤਰ ਦਿਖਾਈ ਦੇਣਾ।
  • ਘੱਟ ਰੌਸ਼ਨੀ ਵਿੱਚ ਦੇਖਣ ਵਿੱਚ ਮੁਸ਼ਕਿਲ ਆਉਣਾ।
  • ਅਚਾਨਕ ਅੱਖਾਂ ਸਾਹਮਣੇ ਤੈਰਦੇ ਹੋਏ ਧੱਬੇ ਜਾਂ ਆਕ੍ਰਿਤੀਆਂ ਦਿਖਾਈ ਦੇਣ ਲੱਗਣਾ।
  • ਅੱਖਾਂ ਸਾਹਮਣੇ ਰੌਸ਼ਨੀ ਦੀਆਂ ਚਮਕਾਂ ਦਿਖਾਈ ਦੇਣਾ।
  • ਸਿਰਫ਼ ਇੱਕ ਅੱਖ ਵਿੱਚ ਧੁੰਦਲਾ ਦਿਖਾਈ ਦੇਣਾ।

ਕੀ ਅੱਖਾਂ ਨੂੰ ਬਿਨਾਂ ਕਿਸੇ ਲੱਛਣ ਦੇ ਵੀ ਨੁਕਸਾਨ ਪਹੁੰਚ ਸਕਦਾ ਹੈ?

ਇਸ ਸਵਾਲ ਦਾ ਜਵਾਬ ਦਿੰਦਿਆਂ ਡਾਕਟਰ ਜੈਨ ਨੇ ਕਿਹਾ ਕਿ ਹਾਂ, ਅੱਖਾਂ ਨੂੰ ਬਿਨਾਂ ਕਿਸੇ ਲੱਛਣ ਦੇ ਵੀ ਨੁਕਸਾਨ ਪਹੁੰਚ ਸਕਦਾ ਹੈ।

ਡਾਕਟਰ ਜੈਨ ਮੁਤਾਬਕ, ਭਾਰਤ ਵਿੱਚ ਗਲੂਕੋਮਾ ਦੇ ਕਈ ਮਾਮਲਿਆਂ ਦਾ ਪਤਾ ਹੀ ਨਹੀਂ ਲੱਗਦਾ। ਦੱਖਣੀ ਭਾਰਤ ਵਿੱਚ ਕੀਤੇ ਗਏ ਇੱਕ ਆਬਾਦੀ-ਅਧਾਰਤ ਅਧਿਐਨ ਦਾ ਹਵਾਲਾ ਦਿੰਦੇ ਹੋਏ ਇੱਕ ਮੈਡੀਕਲ ਲੇਖ ਮੁਤਾਬਕ, ਗਲੂਕੋਮਾ ਦੇ ਲਗਭਗ 90 ਫ਼ੀਸਦੀ ਮਾਮਲਿਆਂ ਦਾ ਪਤਾ ਨਹੀਂ ਲੱਗ ਸਕਦਾ।

ਇਸ ਦਾ ਇੱਕ ਮਹੱਤਵਪੂਰਨ ਕਾਰਨ ਇਹ ਹੈ ਕਿ ਗਲੂਕੋਮਾ ਦੇ ਸ਼ੁਰੂਆਤੀ ਲੱਛਣ ਅਕਸਰ ਸਪਸ਼ਟ ਤੌਰ 'ਤੇ ਦਿਖਾਈ ਨਹੀਂ ਦਿੰਦੇ। ਇਸ ਵਿੱਚ ਦਰਦ ਨਹੀਂ ਹੁੰਦਾ ਅਤੇ ਕੇਂਦਰੀ ਨਜ਼ਰ ਦੀ ਬਜਾਏ ਪਾਸੇ ਵੱਲ ਦੀ ਨਜ਼ਰ ਪਹਿਲਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਸਮੱਸਿਆ ਦਾ ਅਹਿਸਾਸ ਹੋਣ ਤੋਂ ਪਹਿਲਾਂ ਹੀ ਨਜ਼ਰ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਸਕਦੀ ਹੈ।

ਡਾਇਬਿਟਿਕ ਰੈਟੀਨੋਪੈਥੀ ਦੇ ਸ਼ੁਰੂਆਤੀ ਪੜਾਵਾਂ ਵਿੱਚ ਵੀ ਲੱਛਣ ਆਸਾਨੀ ਨਾਲ ਦਿਖਾਈ ਨਹੀਂ ਦੇ ਸਕਦੇ।

ਇਸੇ ਲਈ ਇਹ ਸਿੱਟਾ ਕੱਢਣਾ ਕਿ 'ਮੈਨੂੰ ਚੰਗੀ ਤਰ੍ਹਾਂ ਦਿਖਾਈ ਦਿੰਦਾ ਹੈ, ਇਸ ਲਈ ਮੇਰੀਆਂ ਅੱਖਾਂ ਸਿਹਤਮੰਦ ਹਨ' ਹਮੇਸ਼ਾ ਸਹੀ ਜਾਂ ਸੁਰੱਖਿਅਤ ਨਹੀਂ ਹੁੰਦਾ।

ਇਹ ਬਿਮਾਰੀਆਂ ਤੁਹਾਡੀ ਨਜ਼ਰ ਹਮੇਸ਼ਾ ਲਈ ਖੋਹ ਸਕਦੀਆਂ ਹਨ

ਕੁਝ ਬਿਮਾਰੀਆਂ ਕਾਰਨ ਹੋਣ ਵਾਲਾ ਨਜ਼ਰ ਦਾ ਨੁਕਸਾਨ ਸਥਾਈ ਹੋ ਸਕਦਾ ਹੈ।

ਗਲੂਕੋਮਾ: ਗਲੂਕੋਮਾ ਕਾਰਨ ਨਜ਼ਰ ਨੂੰ ਹੋਏ ਨੁਕਸਾਨ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਜਲਦੀ ਪਤਾ ਲੱਗਣ ਅਤੇ ਸਹੀ ਇਲਾਜ ਨਾਲ ਅੱਗੇ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਂ ਰੋਕਿਆ ਜਾ ਸਕਦਾ ਹੈ।

ਸ਼ੂਗਰ ਕਾਰਨ ਹੋਣ ਵਾਲੀ ਰੈਟੀਨੋਪੈਥੀ: ਸ਼ੁਰੂਆਤੀ ਪੜਾਵਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਪਰ ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਇਹ ਗੰਭੀਰ ਅਤੇ ਕਈ ਵਾਰ ਸਥਾਈ ਤੌਰ 'ਤੇ ਨਜ਼ਰ ਕਮਜ਼ੋਰ ਹੋਣ ਦਾ ਕਾਰਨ ਬਣ ਸਕਦੀ ਹੈ।

ਉਮਰ ਨਾਲ ਸਬੰਧਤ ਮੈਕੁਲਰ ਡੀਜਨਰੇਸ਼ਨ (ਏਐੱਮਡੀ): ਇਹ ਬਿਮਾਰੀ ਰੈਟੀਨਾ ਦੇ 'ਮੈਕੁਲਾ' ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ। ਮੈਕੁਲਾ ਸਾਫ਼ ਕੇਂਦਰੀ ਨਜ਼ਰ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਪੜ੍ਹਨ ਜਾਂ ਚਿਹਰਿਆਂ ਦੀ ਪਛਾਣ ਕਰਨ ਵਰਗੇ ਕੰਮਾਂ ਲਈ ਜ਼ਰੂਰੀ ਹੈ।

ਸ਼ੁਰੂਆਤ ਵਿੱਚ ਕੋਈ ਲੱਛਣ ਦਿਖਾਈ ਨਹੀਂ ਦੇ ਸਕਦੇ ਜਾਂ ਤੁਹਾਨੂੰ ਨਜ਼ਰ ਵਿੱਚ ਹਲਕਾ ਧੁੰਦਲਾਪਣ, ਰੰਗਾਂ ਦਾ ਫਿੱਕਾ ਪੈਣਾ ਜਾਂ ਰੰਗਾਂ ਦੇ ਵਿਚਕਾਰ ਫ਼ਰਕ ਪਛਾਣਨ ਦੀ ਸਮਰੱਥਾ ਘਟਣ ਵਰਗੀਆਂ ਤਬਦੀਲੀਆਂ ਨਜ਼ਰ ਆ ਸਕਦੀਆਂ ਹਨ। ਕਿਉਂਕਿ ਇਸ ਸਥਿਤੀ ਵਿੱਚ ਦਰਦ ਨਹੀਂ ਹੁੰਦਾ, ਇਸ ਲਈ ਕਈ ਲੋਕ ਜਾਂਚ ਕਰਵਾਉਣ ਦੀ ਲੋੜ ਮਹਿਸੂਸ ਨਹੀਂ ਕਰਦੇ।

ਕੁਝ ਲੋਕਾਂ ਨੂੰ ਜਦੋਂ ਤੱਕ ਸਿੱਧੀਆਂ ਲਾਈਨਾਂ ਟੇਢੀਆਂ-ਮੇਢੀਆਂ ਜਾਂ ਨਜ਼ਰ ਦੇ ਕੇਂਦਰ ਵਿੱਚ ਧੱਬੇ ਦਿਖਾਈ ਦੇਣ ਨਹੀਂ ਲੱਗ ਪੈਂਦੇ, ਉਦੋਂ ਤੱਕ ਉਹ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਐਨਕ ਦਾ ਨੰਬਰ ਬਦਲਣ ਦੀ ਲੋੜ ਹੈ।

ਕੁਝ ਮਾਮਲਿਆਂ ਵਿੱਚ ਏਐੱਮਡੀ ਦਾ ਸੁੱਕਾ ਰੂਪ ਗਿੱਲੇ ਰੂਪ ਵਿੱਚ ਬਦਲ ਸਕਦਾ ਹੈ। ਇਸ ਲਈ ਸਮੇਂ ਸਿਰ ਬਿਮਾਰੀ ਦਾ ਪਤਾ ਲੱਗਣਾ ਅਤੇ ਇਲਾਜ ਕਰਵਾਉਣਾ ਮਹੱਤਵਪੂਰਨ ਹੈ।

ਕਿਸ ਨੂੰ ਵਧੇਰੇ ਖ਼ਤਰਾ ਹੈ?

ਕੁਝ ਲੋਕਾਂ ਨੂੰ ਆਪਣੀਆਂ ਅੱਖਾਂ ਦੀ ਸਿਹਤ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ।

ਸ਼ੂਗਰ ਤੋਂ ਪੀੜਤ ਲੋਕ: ਸ਼ੂਗਰ ਹੋਣ ਤੋਂ ਬਾਅਦ ਦੇ ਸਾਲਾਂ 'ਚ ਅੱਖਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ।

ਜਿਨ੍ਹਾਂ ਦੇ ਪਰਿਵਾਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਗਲੂਕੋਮਾ ਦਾ ਇਤਿਹਾਸ ਰਿਹਾ ਹੋਵੇ: ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਪਰਿਵਾਰ ਵਿੱਚ ਗਲੂਕੋਮਾ ਦਾ ਇਤਿਹਾਸ ਗਲੂਕੋਮਾ ਲਈ ਮਹੱਤਵਪੂਰਨ ਜੋਖ਼ਮ ਕਾਰਕ ਹਨ।

40 ਸਾਲ ਤੋਂ ਵੱਧ ਉਮਰ ਦੇ ਲੋਕ, ਖ਼ਾਸ ਕਰਕੇ 60 ਸਾਲ ਤੋਂ ਵੱਧ ਉਮਰ ਦੇ ਲੋਕ: ਉਮਰ ਵਧਣ ਦੇ ਨਾਲ ਨਜ਼ਰ ਸਬੰਧਤ ਕਈ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਮਾਇਓਪੀਆ ਤੋਂ ਪੀੜਤ ਲੋਕ: ਮਾਇਓਪੀਆ ਉਨ੍ਹਾਂ ਕਾਰਕਾਂ ਵਿੱਚੋਂ ਇੱਕ ਹੈ, ਜੋ ਗਲੂਕੋਮਾ ਦਾ ਖ਼ਤਰਾ ਵਧਾਉਂਦੇ ਹਨ।

ਜਿਹੜੇ ਲੋਕ ਲੰਬੇ ਸਮੇਂ ਤੱਕ ਸਟੇਰੌਇਡ ਦੀ ਵਰਤੋਂ ਕਰਦੇ ਹਨ: ਸਟੀਰੌਇਡ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਗਲੂਕੋਮਾ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਸਟੀਰੌਇਡ ਵਾਲੀਆਂ ਆਈ ਡ੍ਰੌਪਸ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਇਸ ਸਬੰਧੀ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਇਹ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ

ਕੁਝ ਲੱਛਣਾਂ ਦੇ ਠੀਕ ਹੋਣ ਦੀ ਉਡੀਕ ਕਰਨਾ ਖ਼ਤਰਨਾਕ ਹੋ ਸਕਦਾ ਹੈ।

  • ਰੈਟੀਨਾ ਦੇ ਆਪਣੀ ਥਾਂ ਤੋਂ ਵੱਖ ਹੋਣ ਦੇ ਲੱਛਣਾਂ ਵਿੱਚ - ਅਚਾਨਕ ਕਈ ਫਲੋਟਰਜ਼ (ਅੱਖਾਂ ਸਾਹਮਣੇ ਤੈਰਦੇ ਧੱਬੇ ਜਾਂ ਆਕ੍ਰਿਤੀਆਂ) ਦਿਖਾਈ ਦੇਣਾ, ਅੱਖਾਂ ਸਾਹਮਣੇ ਰੌਸ਼ਨੀ ਦੀਆਂ ਚਮਕਾਂ ਦਿਖਾਈ ਦੇਣਾ, ਨਜ਼ਰ ਸਾਹਮਣੇ ਪਰਦੇ ਜਾਂ ਪਰਛਾਵੇਂ ਵਰਗਾ ਮਹਿਸੂਸ ਹੋਣਾ ਜਾਂ ਅਚਾਨਕ ਨਜ਼ਰ ਚਲੀ ਜਾਣਾ - ਸ਼ਾਮਿਲ ਹੋ ਸਕਦਾ ਹੈ।
  • ਜੇ ਤੁਹਾਨੂੰ ਅਜਿਹੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਅੱਖਾਂ ਦੇ ਮਾਹਿਰ ਨਾਲ ਸਲਾਹ ਕਰਨੀ ਜ਼ਰੂਰੀ ਹੈ।
  • ਜੇ ਤੁਹਾਡੀ ਅੱਖ ਪਟਾਕਿਆਂ ਜਾਂ ਕਿਸੇ ਹੋਰ ਚੀਜ਼ ਨਾਲ ਜ਼ਖ਼ਮੀ ਹੋ ਜਾਵੇ, ਤਾਂ ਉਸ ਨੂੰ ਰਗੜੋ ਨਾ। ਭਾਵੇਂ ਸੱਟ ਮਾਮੂਲੀ ਲੱਗੇ, ਫਿਰ ਵੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
  • ਇਸੇ ਤਰ੍ਹਾਂ, ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਜੇ ਤੁਹਾਨੂੰ ਸਿਰਫ਼ ਕਿਰਕਿਰੀ ਜਾਂ ਅੱਖਾਂ ਵਿੱਚੋਂ ਪਾਣੀ ਆਉਣ ਦੀ ਬਜਾਏ ਦਰਦ ਜਾਂ ਧੁੰਦਲਾ ਦਿਖਾਈ ਦੇਣ ਵਰਗੇ ਲੱਛਣ ਵੀ ਮਹਿਸੂਸ ਹੁੰਦੇ ਹਨ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਤੁਹਾਨੂੰ ਕਿੰਨੀ ਵਾਰ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ?

ਵੱਖ-ਵੱਖ ਮੈਡੀਕਲ ਦਿਸ਼ਾ-ਨਿਰਦੇਸ਼ਾਂ ਵਿੱਚ ਜਾਂਚ ਕਰਵਾਉਣ ਦੇ ਸਮੇਂ ਦੇ ਅੰਤਰ ਬਾਰੇ ਵੱਖੋ-ਵੱਖਰੀਆਂ ਸਿਫ਼ਾਰਸ਼ਾਂ ਹਨ।

ਡਾਕਟਰ ਜੈਨ ਸਲਾਹ ਦਿੰਦੇ ਹਨ ਕਿ 40 ਸਾਲ ਤੋਂ ਵੱਧ ਉਮਰ ਦੇ ਅਜਿਹੇ ਬਾਲਗ, ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਹਨ, ਉਨ੍ਹਾਂ ਨੂੰ ਆਮ ਤੌਰ 'ਤੇ ਹਰ ਦੋ ਸਾਲਾਂ ਵਿੱਚ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਵਧੇਰੇ ਜੋਖ਼ਮ ਵਾਲੇ ਲੋਕਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਸਾਲ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਨਿਯਮਤ ਤੌਰ 'ਤੇ ਅੱਖਾਂ ਦੀ ਜਾਂਚ ਕਰਵਾਉਣੀ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ।

ਅਮਰੀਕਨ ਅਕੈਡਮੀ ਆਫ਼ ਓਫਥੈਲਮੋਲੋਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, 40 ਸਾਲ ਦੀ ਉਮਰ ਵਿੱਚ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ 54 ਸਾਲ ਦੀ ਉਮਰ ਤੱਕ ਹਰ 2 ਤੋਂ 4 ਸਾਲਾਂ ਵਿੱਚ ਅਤੇ 55 ਤੋਂ 64 ਸਾਲ ਦੀ ਉਮਰ ਦੇ ਵਿਚਕਾਰ ਹਰ 1 ਤੋਂ 3 ਸਾਲਾਂ ਵਿੱਚ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਲਈ, ਜਾਂਚ ਕਰਵਾਉਣ ਦਾ ਕੋਈ ਇੱਕੋ ਜਿਹਾ ਟਾਈਮ ਟੇਬਲ ਨਹੀਂ ਹੈ, ਜੋ ਸਾਰਿਆਂ 'ਤੇ ਲਾਗੂ ਹੋਵੇ। ਤੁਹਾਡੀ ਉਮਰ, ਸ਼ੂਗਰ, ਪਰਿਵਾਰਕ ਇਤਿਹਾਸ, ਪਹਿਲਾਂ ਤੋਂ ਮੌਜੂਦ ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੇ ਅੱਖਾਂ ਦੇ ਮਾਹਿਰ ਇਹ ਫ਼ੈਸਲਾ ਕਰ ਸਕਦੇ ਹਨ ਕਿ ਤੁਹਾਨੂੰ ਕਿੰਨੀ ਵਾਰ ਜਾਂਚ ਕਰਵਾਉਣੀ ਚਾਹੀਦੀ ਹੈ।

ਅੱਖਾਂ ਦੀ ਸਿਹਤ ਬਣਾਈ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ?

ਡਾਕਟਰ ਜੈਨ ਮੁਤਾਬਕ, ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਮਹੱਤਵਪੂਰਨ ਹੈ।

  • ਅੱਖਾਂ ਦੀ ਨਿਯਮਤ ਤੌਰ 'ਤੇ ਪੂਰੀ ਜਾਂਚ ਕਰਵਾਓ। ਖ਼ਾਸ ਕਰਕੇ ਜੇ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ, ਤੁਹਾਨੂੰ ਸ਼ੂਗਰ ਹੈ ਜਾਂ ਤੁਹਾਡੇ ਪਰਿਵਾਰ ਵਿੱਚ ਗਲੂਕੋਮਾ ਦਾ ਇਤਿਹਾਸ ਰਿਹਾ ਹੈ।
  • ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖੋ। ਸਹੀ ਖ਼ੁਰਾਕ, ਕਸਰਤ, ਲੋੜੀਂਦੀਆਂ ਦਵਾਈਆਂ ਅਤੇ ਅੱਖਾਂ ਦੀ ਨਿਯਮਤ ਜਾਂਚ ਮਹੱਤਵਪੂਰਨ ਹਨ।
  • ਬੱਚਿਆਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ। ਡਾਕਟਰ ਜੈਨ ਵੱਲੋਂ ਹਵਾਲਾ ਦਿੱਤੇ, ਦਿੱਲੀ ਦੇ 10,000 ਸਕੂਲੀ ਬੱਚਿਆਂ 'ਤੇ ਕੀਤੇ ਗਏ ਇੱਕ ਅਧਿਐਨ ਮੁਤਾਬਕ, ਰੋਜ਼ਾਨਾ ਦੋ ਘੰਟਿਆਂ ਤੋਂ ਵੱਧ ਸਮਾਂ ਬਾਹਰ ਬਿਤਾਉਣ ਨਾਲ ਨੇੜੇ ਦੀ ਨਜ਼ਰ ਦੇ ਦੋਸ਼ (ਮਾਇਓਪੀਆ) ਦਾ ਖ਼ਤਰਾ ਘੱਟ ਹੁੰਦਾ ਹੈ।
  • ਸਿਗਰਟਨੋਸ਼ੀ ਤੋਂ ਬਚੋ। ਸਿਗਰਟ ਪੀਣ ਨਾਲ ਮੋਤੀਆਬਿੰਦ ਅਤੇ ਏਐੱਮਡੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
  • ਆਪਣੀਆਂ ਅੱਖਾਂ ਨੂੰ ਅਲਟਰਾਵਾਇਲਟ (ਪੈਰਾਬੈਂਗਣੀ) ਕਿਰਨਾਂ ਤੋਂ ਬਚਾਓ। ਬਾਹਰ ਜਾਂਦੇ ਸਮੇਂ ਅਲਟਰਾਵਾਇਲਟ ਕਿਰਨਾਂ ਤੋਂ ਸੁਰੱਖਿਆ ਦੇਣ ਵਾਲੀਆਂ ਧੁੱਪ ਦੀਆਂ ਐਨਕਾਂ ਲਗਾਉਣਾ ਫ਼ਾਇਦੇਮੰਦ ਹੋ ਸਕਦਾ ਹੈ।
  • ਆਪਣੀਆਂ ਅੱਖਾਂ ਨੂੰ ਸੱਟ ਲੱਗਣ ਤੋਂ ਬਚਾਓ। ਜੇ ਤੁਹਾਡੀਆਂ ਅੱਖਾਂ 'ਤੇ ਸੱਟ ਲੱਗ ਜਾਵੇ, ਤਾਂ ਉਨ੍ਹਾਂ ਨੂੰ ਰਗੜੋ ਨਾ ਅਤੇ ਡਾਕਟਰ ਦੀ ਸਲਾਹ ਲਓ।
  • ਹਵਾ ਪ੍ਰਦੂਸ਼ਣ ਨੂੰ ਨਜ਼ਰਅੰਦਾਜ਼ ਨਾ ਕਰੋ। ਡਾਕਟਰ ਜੈਨ ਨੇ ਯੂਕੇ ਬਾਇਓਬੈਂਕ ਦੇ 12 ਸਾਲਾਂ ਦੇ ਅਧਿਐਨ ਦਾ ਹਵਾਲਾ ਦਿੱਤਾ, ਜਿਸ ਵਿੱਚ ਪਾਇਆ ਗਿਆ ਕਿ ਪੀਐੱਮ2.5 ਦੇ ਸਭ ਤੋਂ ਵੱਧ ਪੱਧਰ ਦੇ ਸੰਪਰਕ ਵਿੱਚ ਰਹਿਣ ਵਾਲੇ ਸਮੂਹ ਵਿੱਚ ਗਲੂਕੋਮਾ ਦਾ ਖ਼ਤਰਾ, ਸਭ ਤੋਂ ਘੱਟ ਪੱਧਰ ਦੇ ਸੰਪਰਕ ਵਿੱਚ ਰਹਿਣ ਵਾਲੇ ਸਮੂਹ ਦੇ ਮੁਕਾਬਲੇ 10 ਫ਼ੀਸਦੀ ਵੱਧ ਸੀ। ਹਾਲਾਂਕਿ, ਇਹ ਅਧਿਐਨ ਸਿਰਫ਼ ਦੋ ਚੀਜ਼ਾਂ ਵਿਚਕਾਰ ਸਬੰਧ ਦਰਸਾਉਂਦਾ ਹੈ। ਇਹ, ਇਸ ਗੱਲ ਨੂੰ ਸਾਬਤ ਨਹੀਂ ਕਰਦਾ ਕਿ ਪ੍ਰਦੂਸ਼ਣ ਗਲੂਕੋਮਾ ਦਾ ਕਾਰਨ ਬਣ ਸਕਦਾ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਲੰਬੇ ਸਮੇਂ ਤੱਕ ਆਈ ਡ੍ਰੌਪਸ ਦੀ ਵਰਤੋਂ ਨਾ ਕਰੋ, ਖ਼ਾਸ ਕਰਕੇ ਸਟੀਰੌਇਡ ਵਾਲੇ ਡ੍ਰੌਪਸ ਦੀ।

ਪਟਾਕੇ ਆਦਿ ਚਲਾਉਂਦੇ ਸਮੇਂ ਜਾਂ ਸੱਟ ਲੱਗਣ ਦਾ ਖ਼ਤਰਾ ਹੋਣ 'ਤੇ ਅੱਖਾਂ ਦੀ ਸੁਰੱਖਿਆ ਲਈ ਐਨਕ ਪਹਿਨੋ।

ਜੇ ਨਜ਼ਰ ਅਚਾਨਕ ਘੱਟ ਹੋਣ ਲੱਗੇ, ਰੌਸ਼ਨੀ ਦੀਆਂ ਚਮਕਾਂ ਦਿਖਾਈ ਦੇਣ, ਕਈ ਧੱਬੇ ਜਾਂ ਲਕੀਰਾਂ ਨਜ਼ਰ ਆਉਣ ਜਾਂ ਅਜਿਹਾ ਮਹਿਸੂਸ ਹੋਵੇ ਜਿਵੇਂ ਤੁਸੀਂ ਕਿਸੇ ਪਰਦੇ ਦੇ ਪਿੱਛੇ ਤੋਂ ਦੇਖ ਰਹੇ ਹੋ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।

ਜੇ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੀ ਖੁਰਾਕ ਬਦਲਣਾ ਚਾਹੁੰਦੇ ਹੋ, ਦਵਾਈ ਲੈਣੀ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਕਿਸੇ ਯੋਗ ਟ੍ਰੇਨਰ ਦੀ ਮਦਦ ਲੈਣੀ ਮਹੱਤਵਪੂਰਨ ਹੈ।

ਬਿਹਤਰ ਇਹੀ ਹੋਵੇਗਾ ਕਿ ਤੁਸੀਂ ਡਾਕਟਰ ਤੋਂ ਆਪਣੇ ਸਰੀਰ ਅਤੇ ਲੱਛਣਾਂ ਦੀ ਚੰਗੀ ਤਰ੍ਹਾਂ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਦੀ ਸਲਾਹ ਤੋਂ ਬਿਨਾਂ ਖ਼ੁਦ ਆਪਣਾ ਇਲਾਜ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)