ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਬਗ਼ਾਵਤ ਕਿਉਂ ਖੜ੍ਹੀ ਹੋਈ, ਕਿਹੜੇ ਆਪਸੀ ਮਤਭੇਦ ਸਾਹਮਣੇ ਆਏ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿੱਚ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
ਇਹ ਸਥਿਤੀ ਉਦੋਂ ਪੈਦਾ ਹੋਈ, ਜਦੋਂ ਪਾਰਟੀ ਵੱਲੋਂ ਅਚਾਨਕ ਪੂਰੇ ਜਥੇਬੰਦਕ ਢਾਂਚੇ ਨੂੰ ਭੰਗ ਕਰਦਿਆਂ ਸਾਰੇ 23 ਜ਼ਿਲ੍ਹਾ ਪ੍ਰਧਾਨਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ।
ਜਿੱਥੇ ਪਾਰਟੀ ਇਸ ਕਦਮ ਨੂੰ ਜਥੇਬੰਦੀ ਦੀ ਮਜ਼ਬੂਤੀ ਲਈ ਲਿਆ ਗਿਆ ਫ਼ੈਸਲਾ ਦੱਸ ਰਹੀ ਹੈ, ਉੱਥੇ ਹੀ ਪਾਰਟੀ ਦੀ ਪ੍ਰਿੰਸੀਪਲ ਡਰਾਫਟਿੰਗ (ਖਰੜਾ) ਕਮੇਟੀ ਨੇ ਲੀਡਰਸ਼ਿਪ 'ਤੇ ਸਿਧਾਂਤਾਂ ਦੇ ਉਲਟ ਕੰਮ ਕਰਨ ਦੇ ਇਲਜ਼ਾਮ ਲਗਾਉਂਦਿਆਂ ਇਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪਾਰਟੀ ਨੇ ਖਰੜਾ ਕਮੇਟੀ ਦੀ ਹੋਂਦ 'ਤੇ ਹੀ ਸਵਾਲ ਚੁੱਕ ਦਿੱਤੇ ਹਨ।
ਕਿਉਂ ਹੋਇਆ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿੱਚ ਵਿਵਾਦ?
ਅਸਲ ਵਿੱਚ ਪਿਛਲੇ ਦਿਨੀਂ (28 ਨਵੰਬਰ) ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਅਚਾਨਕ ਭੰਗ ਕਰਦਿਆਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਸੀ।
ਪਾਰਟੀ ਦੇ ਜੁਆਇੰਟ ਦਫ਼ਤਰ ਸਕੱਤਰ ਜਤਿੰਦਰ ਸਿੰਘ ਮਹਿਤਾ ਨੇ ਇਸ ਕਦਮ ਪਿੱਛੇ ਦਲੀਲ ਦਿੱਤੀ ਕਿ ਇਸ ਦਾ ਉਦੇਸ਼ ਜਥੇਬੰਦੀ ਨੂੰ ਮਜ਼ਬੂਤ ਕਰਨਾ, ਵਰਕਰਾਂ ਨਾਲ ਤਾਲਮੇਲ ਬਿਹਤਰ ਬਣਾਉਣਾ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਲਦੀ ਹੀ ਨਵੇਂ ਜਥੇਬੰਦਕ ਢਾਂਚੇ, ਜ਼ਿਲ੍ਹਾ ਪੱਧਰੀ ਜ਼ਿੰਮੇਵਾਰੀਆਂ ਅਤੇ ਨਵੀਆਂ ਨਿਯੁਕਤੀਆਂ ਬਾਰੇ ਫ਼ੈਸਲਾ ਲਿਆ ਜਾਵੇਗਾ।
ਪਾਰਟੀ ਨੇ ਇਸ ਸਬੰਧੀ ਬਕਾਇਦਾ ਇੱਕ ਪੱਤਰ ਵੀ ਜਾਰੀ ਕੀਤਾ।
ਇਸ ਮੁਤਾਬਕ, "ਅਕਾਲੀ ਦਲ ਵਾਰਿਸ ਪੰਜਾਬ ਦੇ, ਦੇ ਸਾਰੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਵਰਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ, ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਮੌਜੂਦਾ ਢਾਂਚੇ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕੀਤਾ ਜਾ ਰਿਹਾ ਹੈ।"
ਦੂਜੇ ਪਾਸੇ, ਪਾਰਟੀ ਦੇ ਇਸ ਆਦੇਸ਼ ਤੋਂ ਅਗਲੇ ਦਿਨ ਹੀ ਪਾਰਟੀ ਦੀ ਪ੍ਰਮੁੱਖ ਡਰਾਫਟਿੰਗ (ਖਰੜਾ) ਕਮੇਟੀ ਨੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਜ਼ਿਲ੍ਹਾ ਪ੍ਰਧਾਨਾਂ ਦੀ ਬਰਖ਼ਾਸਤਗੀ ਨੂੰ ਰੱਦ ਕਰ ਦਿੱਤਾ।
ਖਰੜਾ ਕਮੇਟੀ ਦਾ ਗਠਨ 23 ਅਕਤੂਬਰ ਨੂੰ ਹੋਇਆ ਸੀ। ਪੰਜ ਮੈਂਬਰੀ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੇ ਅਹੁਦੇਦਾਰਾਂ ਨੇ ਜੁਆਇੰਟ ਦਫ਼ਤਰ ਸਕੱਤਰ ਜਤਿੰਦਰ ਸਿੰਘ ਮਹਿਤਾ ਦੇ ਇਸ ਕਦਮ ਨੂੰ ਆਪਹੁਦਰਾ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ।
ਇਸ ਦੇ ਨਾਲ ਹੀ ਖਰੜਾ ਕਮੇਟੀ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਸਿਧਾਂਤਾਂ ਮੁਤਾਬਕ ਕੰਮ ਨਹੀਂ ਕਰ ਰਹੀ ਹੈ।
ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਗੱਲ ਰੱਖਣਗੇ।
ਖਰੜਾ ਕਮੇਟੀ ਨੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਖਤੀ ਸ਼ਿਕਾਇਤਾਂ ਅਤੇ ਗੰਭੀਰ ਇਤਰਾਜ਼ ਲਿਆਂਦੇ ਗਏ ਸਨ ਤਾਂ ਨਿਰਪੱਖ ਜਾਂਚ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨਾਂ ਦਾ ਢਾਂਚਾ ਭੰਗ ਕਰਨ ਦਾ ਫ਼ੈਸਲਾ ਕਿਉਂ ਲਿਆ ਗਿਆ?
ਕੀ ਪਾਰਟੀ ਅੰਦਰ ਸਵਾਲ ਚੁੱਕਣ ਵਾਲਿਆਂ ਲਈ ਕੋਈ ਥਾਂ ਨਹੀਂ ਬਚੀ? ਕੀ ਪੰਥਕ ਸਿਧਾਂਤਾਂ 'ਤੇ ਚਰਚਾ ਕਰਨ ਦੀ ਬਜਾਏ ਜਥੇਬੰਦਕ ਤਾਕਤ ਦਾ ਕੇਂਦਰੀਕਰਨ (ਤਾਕਤ ਆਪਣੇ ਹੱਥਾਂ ਵਿੱਚ ਲੈਣ) ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਖਰੜਾ ਕਮੇਟੀ ਅਨੁਸਾਰ, 20 ਅਕਤੂਬਰ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਛੇ ਪੰਨਿਆਂ ਦਾ ਇੱਕ ਵਿਸਥਾਰਪੂਰਵਕ ਪੱਤਰ ਸੌਂਪਿਆ ਗਿਆ ਸੀ।
ਇਸ ਪੱਤਰ ਵਿੱਚ ਪਾਰਟੀ ਦੇ ਆਗੂਆਂ ਦੀਆਂ ਕਥਿਤ ਗਤੀਵਿਧੀਆਂ ਬਾਰੇ ਗੰਭੀਰ ਇਤਰਾਜ਼ ਦਰਜ ਕੀਤੇ ਗਏ ਸਨ।
'ਅਕਾਲੀ ਦਲ (ਵਾਰਿਸ ਪੰਜਾਬ ਦੇ)' ਦਾ ਪੱਖ
ਦੂਜੇ ਪਾਸੇ, ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਅਹਿਮ ਹੈ ਅਤੇ ਜੋ ਇਸ ਦੀ ਪਾਲਣਾ ਨਹੀਂ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹੁਣ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਹ ਆਪਣੇ ਹਿਸਾਬ ਨਾਲ ਹਲਕਿਆਂ ਵਿੱਚ ਕੰਮ ਕਰਨਗੇ। ਜ਼ਿਲ੍ਹਾ ਪ੍ਰਧਾਨਾਂ ਨਾਲ ਟਕਰਾਅ ਨਾ ਹੋਵੇ, ਇਸ ਲਈ ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ, "ਕੁਝ ਥਾਵਾਂ 'ਤੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਵੱਖ-ਵੱਖ ਚੱਲ ਰਹੇ ਸਨ ਅਤੇ ਕੁਝ ਆਗੂ ਬਾਪੂ ਤਰਸੇਮ ਸਿੰਘ ਦੇ ਖ਼ਿਲਾਫ਼ ਹੀ ਬਿਆਨ ਦੇ ਰਹੇ ਸਨ, ਜੋ ਪਾਰਟੀ ਦੇ ਨਿਯਮਾਂ ਮੁਤਾਬਕ ਠੀਕ ਨਹੀਂ ਹੈ।"
ਇਸ ਦੇ ਨਾਲ ਹੀ ਪਾਰਟੀ ਨੇ ਖਰੜਾ ਕਮੇਟੀ ਦੀ ਹੋਂਦ 'ਤੇ ਹੀ ਸਵਾਲ ਚੁੱਕ ਦਿੱਤੇ ਹਨ। ਪਾਰਟੀ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਖਰੜਾ ਕਮੇਟੀ ਨੂੰ ਪਾਰਟੀ ਵੱਲੋਂ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ।
ਪਾਰਟੀ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ, "ਕੁਝ ਆਗੂ ਅਨੁਸ਼ਾਸਨ ਭੰਗ ਕਰ ਰਹੇ ਸਨ, ਇਸ ਕਰਕੇ ਜਥੇਬੰਦਕ ਢਾਂਚੇ ਨੂੰ ਭੰਗ ਕੀਤਾ ਗਿਆ ਹੈ ਅਤੇ ਛੇਤੀ ਹੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਜਾਵੇਗਾ।"
ਉਨ੍ਹਾਂ ਦੱਸਿਆ ਕਿ ਫ਼ਿਲਹਾਲ 23 ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਇਆ ਗਿਆ ਹੈ। ਖਰੜਾ ਕਮੇਟੀ ਬਾਰੇ ਗੱਲ ਕਰਦਿਆਂ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਪਾਰਟੀ ਦੀ ਆਗਿਆ ਤੋਂ ਬਿਨਾਂ ਹੀ ਕੁਝ ਆਗੂਆਂ ਨੇ ਇਸ ਕਮੇਟੀ ਦਾ ਗਠਨ ਕਰਕੇ ਬਿਆਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਪਾਰਟੀ ਅਜਿਹੀ ਕਿਸੇ ਵੀ ਕਮੇਟੀ ਨੂੰ ਮਾਨਤਾ ਨਹੀਂ ਦਿੰਦੀ।
ਯਾਦ ਰਹੇ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਹੁਣ ਤੱਕ 42 ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਸਿਆਸੀ ਜਾਣਕਾਰਾਂ ਦੀ ਰਾਏ
'ਅਕਾਲੀ ਦਲ (ਵਾਰਿਸ ਪੰਜਾਬ ਦੇ)' ਦੇ ਮੁੱਦੇ 'ਤੇ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਰਟੀਆਂ ਵਿੱਚ ਧੜੇਬੰਦੀ ਉੱਥੇ ਹੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਿੱਥੇ ਕੇਂਦਰੀ ਲੀਡਰਸ਼ਿਪ ਜਾਂ ਹਾਈਕਮਾਨ ਕਮਜ਼ੋਰ ਹੁੰਦੀ ਹੈ। ਇਸ ਕਰਕੇ ਮੌਜੂਦਾ ਸੰਕਟ ਨੂੰ ਵੀ ਇਸੇ ਗੱਲ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।
ਰਾਜਨੀਤਿਕ ਮਾਹਰ ਸਤਨਾਮ ਸਿੰਘ ਦਿਓਲ ਮੁਤਾਬਕ, ਜਿਵੇਂ-ਜਿਵੇਂ ਪਾਰਟੀ ਦਾ ਦਾਇਰਾ ਅਤੇ ਸਿਆਸੀ ਮਹੱਤਤਾ ਵਧਦੀ ਹੈ, ਉਵੇਂ-ਉਵੇਂ ਨੇਤਾਵਾਂ ਵਿੱਚ ਆਪਣਾ ਕੱਦ ਵੱਡਾ ਕਰਨ ਅਤੇ ਪ੍ਰਮੁੱਖ ਅਹੁਦੇ ਹਾਸਲ ਕਰਨ ਦੀ ਦੌੜ ਸ਼ੁਰੂ ਹੋ ਜਾਂਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਇਸ ਦੌੜ ਕਾਰਨ ਪਾਰਟੀ ਦੇ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਪੈਦਾ ਹੁੰਦੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਚੁਣੌਤੀਆਂ ਖੜ੍ਹੀਆਂ ਕਰ ਸਕਦੀ ਹੈ। ਮੌਜੂਦਾ ਸਮੇਂ ਵਿੱਚ ਇਸ ਪਾਰਟੀ ਵਿੱਚ ਵੀ ਇਹੀ ਸਭ ਕੁਝ ਹੋ ਰਿਹਾ ਹੈ।"
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੁਤਾਬਕ, "'ਅਕਾਲੀ ਦਲ (ਵਾਰਿਸ ਪੰਜਾਬ ਦੇ)' ਨੂੰ ਲੈ ਕੇ ਅਜੇ ਵੀ ਕਈ ਗੱਲਾਂ ਅਸਪਸ਼ਟ ਹਨ, ਖ਼ਾਸ ਤੌਰ 'ਤੇ ਸਪਸ਼ਟ ਵਿਚਾਰਧਾਰਕ ਆਧਾਰ ਦਾ ਨਾ ਹੋਣਾ।"
ਉਨ੍ਹਾਂ ਦੱਸਿਆ, "ਮੌਜੂਦਾ ਸਮੇਂ ਵਿੱਚ ਵਾਰਿਸ ਪੰਜਾਬ ਦੇ ਪਾਰਟੀ ਬਾਰੇ ਸਵਾਲ ਕਿਸੇ ਸਿਆਸੀ ਧਿਰ ਜਾਂ ਰਾਜਨੀਤਕ ਜਾਣਕਾਰ ਵੱਲੋਂ ਨਹੀਂ ਚੁੱਕੇ ਜਾ ਰਹੇ, ਸਗੋਂ ਇਸ ਪਾਰਟੀ ਦੇ ਆਗੂਆਂ ਨੇ ਹੀ ਸਵਾਲ ਚੁੱਕੇ ਹਨ, ਜਿਸ ਕਾਰਨ ਸ਼ੰਕੇ ਖੜ੍ਹੇ ਹੋ ਰਹੇ ਹਨ। ਪਾਰਟੀ ਨੂੰ ਇਸ ਸਬੰਧ ਵਿੱਚ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।"
ਕੀ ਹੈ 'ਵਾਰਿਸ ਪੰਜਾਬ ਦੇ' ਸੰਗਠਨ ਦਾ ਪਿਛੋਕੜ?
'ਵਾਰਿਸ ਪੰਜਾਬ ਦੇ' ਸੰਗਠਨ ਦੀ ਸਥਾਪਨਾ 2021 ਵਿੱਚ ਦੀਪ ਸਿੱਧੂ ਨੇ ਕੀਤੀ ਸੀ। ਬਾਅਦ ਵਿੱਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅਮ੍ਰਿਤਪਾਲ ਸਿੰਘ ਇਸ ਸੰਗਠਨ ਦੀ ਅਗਵਾਈ ਕਰਨ ਲੱਗੇ ਅਤੇ ਇਹ ਇੱਕ ਰਾਜਨੀਤਕ ਪਾਰਟੀ ਦਾ ਰੂਪ ਧਾਰਨ ਕਰ ਗਿਆ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ।
ਇਸ ਦੇ ਨਾਲ ਹੀ ਫ਼ਰੀਦਕੋਟ (ਰਿਜ਼ਰਵ) ਲੋਕ ਸਭਾ ਹਲਕੇ ਤੋਂ ਸਰਬਜੀਤ ਸਿੰਘ ਖ਼ਾਲਸਾ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਅਤੇ ਬਾਅਦ ਵਿੱਚ ਉਹ ਵੀ 'ਵਾਰਿਸ ਪੰਜਾਬ ਦੇ' ਪਾਰਟੀ ਵਿੱਚ ਸ਼ਾਮਲ ਹੋ ਗਏ।
2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ 117 ਹਲਕਿਆਂ ਤੋਂ ਉਮੀਦਵਾਰ ਐਲਾਨਣ ਦਾ ਐਲਾਨ ਕੀਤਾ ਹੈ ਅਤੇ ਕੁਝ ਸੀਟਾਂ 'ਤੇ ਬਕਾਇਦਾ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।
ਅਮ੍ਰਿਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਫ਼ਿਲਹਾਲ ਪਾਰਟੀ ਦੀ ਅਗਵਾਈ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਕਰ ਰਹੇ ਹਨ।
ਹਾਲਾਂਕਿ, ਚੋਣ ਕਮਿਸ਼ਨ ਵੱਲੋਂ 'ਵਾਰਿਸ ਪੰਜਾਬ ਦੇ' ਨੂੰ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਨ 'ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਇਸ ਧੜੇ ਨੂੰ ਰਜਿਸਟ੍ਰੇਸ਼ਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੋਣ ਕਮਿਸ਼ਨ ਵੱਲੋਂ ਰਜਿਸਟ੍ਰੇਸ਼ਨ 'ਤੇ ਲਗਾਏ ਗਏ ਇਤਰਾਜ਼ਾਂ ਦਾ ਮਾਮਲਾ ਫ਼ਿਲਹਾਲ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ