ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੈਨੇਡਾ ਵਿੱਚ ਪੀਆਰ ਹਾਸਲ ਕਰਨ ਦੇ ਨਿਯਮਾਂ ਵਿੱਚ ਕਿਹੜਾ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਇਸ ਦਾ ਅਸਰ ਕੀ ਰਹਿ ਸਕਦਾ ਹੈ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਕੈਨੇਡਾ ਵੱਲੋਂ ਐੱਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਹੁਣ ਇਸ ਸਿਸਟਮ ਤਹਿਤ ਮਿਲਣ ਵਾਲੇ ਪੁਆਇੰਟਸ ਦੀ ਪ੍ਰਕਿਰਿਆ ਨੂੰ ਬਦਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜੌਬ ਆਫਰ ਤੇ ਐੱਲਐੱਮਆਈਏ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ।
ਇਹ ਬਦਲਾਅ 3 ਨਵੰਬਰ ਤੋਂ ਲਾਗੂ ਕੀਤੇ ਜਾਣਗੇ। ਸਿਸਟਮ ਵਿੱਚ ਪਹਿਲਾਂ ਤੋਂ ਮੌਜੂਦ ਪ੍ਰੋਫਾਈਲਜ਼ ਲਈ ਵੀ ਪੁਆਇੰਟਸ ਦੁਬਾਰਾ ਤੋਂ ਕੈਲਕੁਲੇਟ ਕੀਤੇ ਜਾਣਗੇ। ਇਸ ਮਗਰੋਂ ਹੀ ਉਨ੍ਹਾਂ ਬਾਰੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਮੁਤਾਬਕ, ਇਨ੍ਹਾਂ ਬਦਲਾਵਾਂ ਦਾ ਮਕਸਦ ਕੈਨੇਡਾ ਦੀਆਂ ਆਰਥਿਕ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚ ਬਣਾਈ ਰੱਖਣਾ ਹੈ।
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਸਾਲ 2026 ਲਈ ਕੈਨੇਡਾ ਨੇ ਤਿੰਨ ਲੱਖ 80 ਹਜ਼ਾਰ ਨਵੇਂ ਪੀਆਰ ਦੇਣ ਦਾ ਟੀਚਾ ਰੱਖਿਆ ਹੈ। ਅਗਸਤ 2026 ਤੱਕ ਦੋ ਲੱਖ 16 ਹਜ਼ਾਰ 600 ਲੋਕਾਂ ਨੂੰ ਕੈਨੇਡਾ ਦੀ ਪੀਆਰ ਦੇ ਦਿੱਤੀ ਗਈ ਹੈ।
ਪੁਆਇੰਟਸ ਸਿਸਟਮ ਵਿੱਚ ਸਰਕਾਰ ਨੇ ਕੀ ਬਦਲਿਆ ਹੈ
ਸਰਕਾਰ ਹਾਈ ਵੇਜ ਆਕੂਪੇਸ਼ਨ (ਉੱਚ ਤਨਖ਼ਾਹ ਵਾਲੇ ਕਿੱਤੇ) ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਾਧੂ ਸੀਆਰਐੱਸ ਪੁਆਇੰਟਸ ਦੇਵੇਗੀ।
ਆਈਆਰਸੀਸੀ ਦੀ ਵੈੱਬਸਾਈਟ ਮੁਤਾਬਕ CRS ਦਾ ਪੂਰਾ ਨਾਮ ਕੌਂਪਰੀਹੈਂਸਿਵ ਰੈਂਕਿੰਗ ਸਿਸਟਮ (Comprehensive Ranking System) ਹੈ। ਇਹ ਕੈਨੇਡਾ ਸਰਕਾਰ ਦਾ ਪੁਆਇੰਟ ਸਿਸਟਮ ਹੈ, ਜਿਸ ਰਾਹੀਂ ਐੱਕਸਪ੍ਰੈੱਸ ਐਂਟਰੀ ਜ਼ਰੀਏ ਪੀਆਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਰੈਂਕਿੰਗ ਤੈਅ ਕੀਤੀ ਜਾਂਦੀ ਹੈ। ਇਸ ਵਿੱਚ ਉਮਰ, ਪੜ੍ਹਾਈ, ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਦੀ ਮੁਹਾਰਤ, ਕੰਮ ਦਾ ਤਜਰਬਾ ਅਤੇ ਹੋਰ ਯੋਗਤਾਵਾਂ ਦੇ ਆਧਾਰ 'ਤੇ ਵੱਧ ਤੋਂ ਵੱਧ 1,200 ਪੁਆਇੰਟ ਦਿੱਤੇ ਜਾਂਦੇ ਹਨ। ਜਿਨ੍ਹਾਂ ਉਮੀਦਵਾਰਾਂ ਦੇ ਪੁਆਇੰਟਸ ਵੱਧ ਹੁੰਦੇ ਹਨ, ਉਨ੍ਹਾਂ ਨੂੰ ਪੀਆਰ ਲਈ ਅਪਲਾਈ ਕਰਨ ਦਾ ਸੱਦਾ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਹਾਲਾਂਕਿ, ਪੀਆਰ ਮਿਲਣ ਦੀ ਗਾਰੰਟੀ ਨਹੀਂ ਹੁੰਦੀ।
ਐੱਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਉੱਚ ਤਨਖ਼ਾਹ ਵਾਲੇ ਕਿੱਤੇ (High-Wage Occupations) ਕੀ ਹਨ?
ਕੈਨੇਡਾ ਦੀ ਸਰਕਾਰ ਦੀ ਵੈੱਬਸਾਈਟ ਮੁਤਾਬਕ, ਕੈਨੇਡਾ ਦੇ ਐੱਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਕਿਸੇ ਕਿੱਤੇ ਨੂੰ ਉੱਚ ਤਨਖ਼ਾਹ ਵਾਲਾ ਕਿੱਤਾ ਉਦੋਂ ਮੰਨਿਆ ਜਾਂਦਾ ਹੈ, ਜਦੋਂ ਉਸ ਕਿੱਤੇ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਮੱਧਮਾਨ ਤਨਖ਼ਾਹ, ਕੈਨੇਡਾ ਦੇ ਸਮੁੱਚੇ ਮੁਲਾਜ਼ਮਾਂ ਦੀ ਮੱਧਮਾਨ ਤਨਖ਼ਾਹ ਨਾਲੋਂ ਘੱਟੋ-ਘੱਟ 1.3 ਗੁਣਾ ਵੱਧ ਹੋਵੇ।
ਇਸ ਦਾ ਫ਼ੈਸਲਾ ਕਿਸੇ ਇੱਕ ਵਿਅਕਤੀ ਦੀ ਤਨਖ਼ਾਹ ਜਾਂ ਉਸ ਦੇ ਖ਼ਾਸ ਅਹੁਦੇ ਦੇ ਆਧਾਰ 'ਤੇ ਨਹੀਂ ਹੋਵੇਗਾ, ਸਗੋਂ ਉਸ ਕਿੱਤੇ ਨਾਲ ਜੁੜੇ ਸਾਰੇ ਕਰਮਚਾਰੀਆਂ ਦੀ ਤਨਖ਼ਾਹ ਦੇ ਅੰਕੜਿਆਂ ਦੇ ਆਧਾਰ 'ਤੇ ਹੋਵੇਗਾ। ਇਸ ਲਈ ਕੈਨੇਡਾ ਦਾ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ ਕੋਡ ਵਰਤਿਆ ਜਾਵੇਗਾ।
ਹਰੇਕ ਐੱਨਓਸੀ ਕਿੱਤੇ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਪ੍ਰਾਪਤ ਅੰਕੜਿਆਂ ਵਿੱਚੋਂ ਸਭ ਤੋਂ ਉੱਚੇ ਤਨਖ਼ਾਹ ਪੱਧਰ ਨੂੰ ਉਸ ਕਿੱਤੇ ਦਾ ਹਾਈ ਵੇਜ ਲੈਵਲ ਮੰਨਿਆ ਜਾਵੇਗਾ।
ਨਵੇਂ ਸੀਆਰਐੱਸ ਪੁਆਇੰਟ ਕਿਵੇਂ ਦਿੱਤੇ ਜਾਣਗੇ?
ਨਵੇਂ ਨਿਯਮਾਂ ਤਹਿਤ ਐੱਕਸਪ੍ਰੈੱਸ ਐਂਟਰੀ ਦੇ ਉਮੀਦਵਾਰ ਦੋ ਵਿੱਚੋਂ ਕਿਸੇ ਇੱਕ ਆਧਾਰ 'ਤੇ ਵਾਧੂ ਪੁਆਇੰਟਸ ਹਾਸਲ ਕਰ ਸਕਣਗੇ।
1. ਕੈਨੇਡਾ ਵਿੱਚ ਕੰਮ ਦਾ ਤਜਰਬਾ: ਜੇ ਕਿਸੇ ਉਮੀਦਵਾਰ ਕੋਲ ਕੈਨੇਡਾ ਵਿੱਚ ਯੋਗ ਕੰਮ ਦਾ ਤਜਰਬਾ ਹੈ ਅਤੇ ਉਸ ਦਾ ਕਿੱਤਾ ਉੱਚ ਤਨਖ਼ਾਹ ਵਾਲੇ ਕਿੱਤੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਤਾਂ ਉਸ ਨੂੰ ਤਜਰਬੇ ਦੀ ਮਿਆਦ ਅਤੇ ਕਿੱਤੇ ਦੇ ਤਨਖ਼ਾਹ ਪੱਧਰ ਦੇ ਆਧਾਰ 'ਤੇ ਵਾਧੂ ਪੁਆਇੰਟਸ ਮਿਲਣਗੇ।
2. ਉੱਚ ਤਨਖ਼ਾਹ ਵਾਲੇ ਕਿੱਤੇ ਦੀ ਨੌਕਰੀ ਦਾ ਆਫ਼ਰ: ਜੇ ਕਿਸੇ ਉਮੀਦਵਾਰ ਕੋਲ ਕੈਨੇਡਾ ਵਿੱਚ ਕਿਸੇ ਯੋਗ ਉੱਚ ਤਨਖ਼ਾਹ ਵਾਲੇ ਕਿੱਤੇ ਲਈ ਨੌਕਰੀ ਦੀ ਪੇਸ਼ਕਸ਼ ਹੈ, ਤਾਂ ਉਹ ਵੀ ਵਾਧੂ ਸੀਆਰਐੱਸ ਪੁਆਇੰਟਸ ਹਾਸਲ ਕਰ ਸਕਦਾ ਹੈ।
ਜੇ ਕੋਈ ਉਮੀਦਵਾਰ ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ, ਤਾਂ ਉਸ ਨੂੰ ਦੋਵਾਂ ਦੇ ਪੁਆਇੰਟ ਜੋੜ ਕੇ ਨਹੀਂ ਦਿੱਤੇ ਜਾਣਗੇ। ਉਸ ਨੂੰ ਸਿਰਫ਼ ਉਸ ਬਦਲ ਦੇ ਪੁਆਇੰਟ ਮਿਲਣਗੇ, ਜਿਸ ਨਾਲ ਵੱਧ ਫਾਇਦਾ ਹੁੰਦਾ ਹੋਵੇਗਾ।
ਇਸ ਤਹਿਤ ਲੇਬਰ ਮਾਰਕਿਟ ਇੰਟੀਗ੍ਰੇਸ਼ਨ ਫੈਕਟਰ ਲਈ ਵੱਧ ਤੋਂ ਵੱਧ 150 ਪੁਆਇੰਟ ਮਿਲ ਸਕਦੇ ਹਨ। ਲੇਬਰ ਮਾਰਕਿਟ ਇੰਟੀਗ੍ਰੇਸ਼ਨ ਫੈਕਟਰ ਦਾ ਮਤਲਬ ਹੈ ਕਿਸੇ ਉਮੀਦਵਾਰ ਦੀ ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ਵਿੱਚ ਕੰਮ ਕਰਨ ਅਤੇ ਉੱਥੋਂ ਦੀਆਂ ਲੋੜਾਂ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਯੋਗਤਾ।
ਜਿਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਦਾ ਜੀਵਨ ਸਾਥੀ ਜਾਂ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਸਾਥੀ ਨਹੀਂ ਜਾ ਰਿਹਾ, ਉਨ੍ਹਾਂ ਲਈ ਇਹ ਹੱਦ 150 ਪੁਆਇੰਟ ਹੈ, ਜਦਕਿ ਸਾਥੀ ਨਾਲ ਜਾਣ ਵਾਲਿਆਂ ਲਈ ਇਹ ਹੱਦ 140 ਪੁਆਇੰਟ ਹੈ।
ਧਿਆਨ ਰਹੇ ਕਿ ਵਾਧੂ ਸੀਆਰਐੱਸ ਪੁਆਇੰਟਸ ਮਿਲਣ ਨਾਲ ਪੀਆਰ ਲਈ ਅਪਲਾਈ ਕਰਨ ਦਾ ਸੱਦਾ ਮਿਲਣਾ ਯਕੀਨੀ ਨਹੀਂ ਹੁੰਦਾ। ਇਹ ਸੱਦਾ ਹਰ ਐੱਕਸਪ੍ਰੈੱਸ ਐਂਟਰੀ ਡਰਾਅ ਦੀਆਂ ਸ਼ਰਤਾਂ ਅਤੇ ਉਸ ਡਰਾਅ ਦੇ ਸੀਆਰਐੱਸ ਕੱਟ ਸਕੋਰ 'ਤੇ ਨਿਰਭਰ ਕਰੇਗਾ।
ਜੇ ਕਿਸੇ ਉਮੀਦਵਾਰ ਕੋਲ ਕੈਨੇਡਾ ਵਿੱਚ ਉੱਚ ਤਨਖ਼ਾਹ ਵਾਲੇ ਕਿੱਤੇ ਅਧੀਨ ਘੱਟੋ-ਘੱਟ 12 ਮਹੀਨਿਆਂ ਦਾ ਯੋਗ ਕੰਮ ਦਾ ਤਜਰਬਾ ਹੈ, ਤਾਂ ਉਸ ਨੂੰ ਆਪਣੇ ਕਿੱਤੇ ਦੇ ਤਨਖ਼ਾਹ ਪੱਧਰ ਮੁਤਾਬਕ ਵਾਧੂ CRS ਪੁਆਇੰਟ ਮਿਲ ਸਕਦੇ ਹਨ।
ਜੇ ਕਿੱਤੇ ਦੀ ਮੱਧਮਾਨ ਤਨਖ਼ਾਹ, ਕੈਨੇਡਾ ਦੀ ਸਮੁੱਚੀ ਮੱਧਮਾਨ ਤਨਖ਼ਾਹ ਨਾਲੋਂ ਘੱਟੋ-ਘੱਟ 2 ਗੁਣਾ ਹੈ ਅਤੇ 12 ਮਹੀਨਿਆਂ ਦਾ ਤਜਰਬਾ ਹੈ ਤਾਂ 70 ਵਾਧੂ ਪੁਆਇੰਟ ਮਿਲਣਗੇ।
ਜੇ 70 ਪੁਆਇੰਟਾਂ ਦੀ ਸ਼ਰਤ ਪੂਰੀ ਨਹੀਂ ਹੁੰਦੀ, ਪਰ ਕਿੱਤੇ ਦੀ ਮੱਧਮਾਨ ਤਨਖ਼ਾਹ ਘੱਟੋ-ਘੱਟ 1.5 ਗੁਣਾ ਹੈ ਅਤੇ 12 ਮਹੀਨਿਆਂ ਦਾ ਤਜਰਬਾ ਹੈ ਤਾਂ 40 ਪੁਆਇੰਟਸ।
ਜੇ ਉਪਰੋਕਤ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਪਰ ਕਿੱਤੇ ਦੀ ਮੱਧਮਾਨ ਤਨਖ਼ਾਹ ਘੱਟੋ-ਘੱਟ 1.3 ਗੁਣਾ ਹੈ ਅਤੇ 12 ਮਹੀਨਿਆਂ ਦਾ ਤਜਰਬਾ ਹੈ ਤਾਂ 20 ਵਾਧੂ ਪੁਆਇੰਟਸ ਮਿਲਣਗੇ।
ਯੂਕੈਨ ਵੀਜ਼ਾ ਕੰਸਲਟੈਂਟਸ ਦੇ ਡਾਇਰੈਕਟਰ ਚੇਤਨ ਭਾਰਦਵਾਜ ਕਹਿੰਦੇ ਹਨ ਕਿ ਇਹ ਪ੍ਰਕਿਰਿਆ ਕੈਨੇਡਾ ਸਰਕਾਰ ਵੱਲੋਂ ਬੇਸਿਕ ਭੱਤੇ ਉੱਤੇ ਨਿਰਧਾਰਿਤ ਕੀਤੀ ਹੈ।
ਚੇਤਨ ਕਹਿੰਦੇ ਹਨ, "ਜੋ ਨੌਜਵਾਨ ਕੈਨੇਡਾ ਸਰਕਾਰ ਵੱਲੋਂ ਕਿਸੇ ਵੀ ਕਿੱਤੇ ਲਈ ਤੈਅ ਕੀਤੀ ਗਈ ਬੇਸਿਕ ਤਨਖ਼ਾਹ ਤੋਂ ਵੱਧ ਕਮਾਉਂਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਪੁਆਇੰਟ ਮਿਲਣਗੇ, ਜੇ ਦੋ ਗੁਣਾ ਵੱਧ ਕਮਾਉਣਗੇ ਤਾਂ 70, ਡੇਢ ਗੁਣਾ ਕਮਾਉਣ ਵਾਲੇ ਨੂੰ 40 ਤੇ 1.3 ਗੁਣਾ ਕਮਾਉਣ ਵਾਲੇ ਨੂੰ 20 ਪੁਆਇੰਟਸ।"
ਇਹ ਵਾਧੂ ਪੁਆਇੰਟ ਉਮੀਦਵਾਰ ਨੂੰ ਕੈਨੇਡਾ ਵਿੱਚ ਕੰਮ ਦੇ ਤਜਰਬੇ ਦੀ ਮਿਆਦ ਦੇ ਆਧਾਰ 'ਤੇ ਮਿਲਣ ਵਾਲੇ ਆਮ ਸੀਆਰਐੱਸ ਪੁਆਇੰਟਾਂ ਤੋਂ ਇਲਾਵਾ ਹੋਣਗੇ।
ਮਿਸਾਲ ਵਜੋਂ, ਕੈਨੇਡਾ ਵਿੱਚ ਪੰਜ ਸਾਲ ਦੇ ਯੋਗ ਕੰਮ ਦੇ ਤਜਰਬੇ ਲਈ ਪਹਿਲਾਂ ਹੀ ਵੱਧ ਤੋਂ ਵੱਧ 80 ਸੀਆਰਐੱਸ ਪੁਆਇੰਟ ਮਿਲ ਸਕਦੇ ਹਨ। ਉੱਚ ਤਨਖ਼ਾਹ ਵਾਲੇ ਕਿਤੇ ਵਿੱਚ ਕੰਮ ਕਰਨ ਵਾਲੇ ਯੋਗ ਉਮੀਦਵਾਰ ਵਾਧੂ ਪੁਆਇੰਟਾਂ ਸਮੇਤ ਕੈਨੇਡੀਅਨ ਕੰਮ ਦੇ ਤਜਰਬੇ ਦੇ ਆਧਾਰ 'ਤੇ ਕੁੱਲ 150 ਸੀਆਰਐੱਸ ਪੁਆਇੰਟਾਂ ਤੱਕ ਹਾਸਲ ਕਰ ਸਕਦੇ ਹਨ।
ਨੌਕਰੀ ਦੇ ਆਫਰ ਨਾਲ ਵੀ ਵਾਧੂ ਪੁਆਇੰਟਸ
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਜੇ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਕੈਨੇਡਾ ਵਿੱਚ ਨੌਕਰੀ ਦਾ ਵੈਧ ਆਫਰ ਹੈ ਤੇ ਨੌਕਰੀ ਦੇਣ ਵਾਲੀ ਕੰਪਨੀ ਜਾਂ ਵਿਅਕਤੀ ਉਸ ਨੂੰ ਮੱਧਮਾਨ ਤਨਖਾਹ ਤੋਂ ਵੱਧ ਤਨਖ਼ਾਹ ਦੇ ਰਹੀ ਹੈ ਤਾਂ ਉਸ ਨੂੰ ਵਾਧੂ ਪੁਆਇੰਟ ਮਿਲਣਗੇ।
ਜੇ ਨੌਕਰੀ ਦੇ ਆਫਰ ਦੇ ਨਾਲ ਕੈਨੇਡਾ ਸਰਕਾਰ ਵੱਲੋਂ ਕਿਸੇ ਕਿੱਤੇ ਦੀ ਤੈਅ ਕੀਤੀ ਤਨਖ਼ਾਹ ਤੋਂ ਦੁਗਣੀ ਤਨਖ਼ਾਹ ਦਾ ਆਫਰ ਹੈ ਤਾਂ 100 ਸੀਆਰਐੱਸ ਪੁਆਇੰਟਸ ਮਿਲਣਗੇ, ਜੇ ਡੇਢ ਗੁਣਾ ਤਨਖ਼ਾਹ ਦਾ ਓਫਰ ਹੈ ਤਾਂ 70 ਅਤੇ ਜੇ 1.3 ਗੁਣਾ ਤਨਖ਼ਾਹ ਦਾ ਆਫਰ ਹੈ ਤਾਂ 50 ਪੁਆਇੰਟ ਮਿਲਣਗੇ।
3 ਨਵੰਬਰ ਤੋਂ LMIA ਦੇ ਨਿਯਮਾਂ ਵਿੱਚ ਕੀ ਬਦਲੇਗਾ?
3 ਨਵੰਬਰ 2026 ਤੋਂ ਹੋਣ ਵਾਲੇ ਬਦਲਾਅ ਵਿੱਚ ਸਭ ਤੋਂ ਵੱਡਾ ਬਦਲਾਅ ਲੇਬਰ ਮਾਰਕਿਟ ਇਮਪੈਕਟ ਅਸੈੱਸਮੈਂਟ (LMIA) ਨੂੰ ਲੈ ਕੇ ਹੈ। ਹੁਣ ਐੱਕਸਪ੍ਰੈੱਸ ਐਂਟਰੀ ਤਹਿਤ ਕਿਸੇ ਯੋਗ ਨੌਕਰੀ ਦੀ ਪੇਸ਼ਕਸ਼ ਦੇ ਆਧਾਰ 'ਤੇ ਪੀਆਰ ਪ੍ਰੋਗਰਾਮ ਦੀ ਯੋਗਤਾ ਸਾਬਤ ਕਰਨ ਜਾਂ ਵਾਧੂ ਸੀਆਰਐੱਸ ਪੁਆਇੰਟ ਹਾਸਲ ਕਰਨ ਲਈ LMIA ਦੀ ਲਾਜ਼ਮੀ ਸ਼ਰਤ ਨਹੀਂ ਰਹੇਗੀ।
ਪਹਿਲਾਂ ਕਈ ਮਾਮਲਿਆਂ ਵਿੱਚ ਕੈਨੇਡੀਅਨ ਕੰਪਨੀ ਨੂੰ ਵਿਦੇਸ਼ੀ ਕਰਮਚਾਰੀ ਰੱਖਣ ਲਈ LMIA ਹਾਸਲ ਕਰਨਾ ਪੈਂਦਾ ਸੀ। ਇਸ ਰਾਹੀਂ ਕੰਪਨੀ ਨੂੰ ਇਹ ਸਾਬਤ ਕਰਨਾ ਹੁੰਦਾ ਸੀ ਕਿ ਉਸ ਅਹੁਦੇ ਲਈ ਕੈਨੇਡਾ ਵਿੱਚ ਕੋਈ ਯੋਗ ਕਰਮਚਾਰੀ ਉਪਲਬਧ ਨਹੀਂ ਹੈ ਅਤੇ ਉਸ ਨੂੰ ਵਿਦੇਸ਼ੀ ਕਰਮਚਾਰੀ ਦੀ ਲੋੜ ਹੈ। ਨਵੇਂ ਨਿਯਮਾਂ ਨਾਲ ਇਹ ਪ੍ਰਕਿਰਿਆ ਐੱਕਸਪ੍ਰੈੱਸ ਐਂਟਰੀ ਲਈ ਸੌਖੀ ਹੋ ਸਕਦੀ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਕੈਨੇਡਾ ਸਰਕਾਰ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਨੂੰ ਬਿਨ੍ਹਾਂ ਜਾਂਚ ਦੇ ਸਵੀਕਾਰ ਕਰ ਲਵੇਗੀ।
ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ (IRCC) ਹਰ ਯੋਗ ਨੌਕਰੀ ਦੇ ਆਫਰ ਦੀ ਜਾਂਚ ਕਰਦਾ ਰਹੇਗਾ ਅਤੇ ਧੋਖਾਧੜੀ ਜਾਂ ਗਲਤ ਜਾਣਕਾਰੀ ਦੇਣ ਦੇ ਮਾਮਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਦਮ ਚੁੱਕੇਗਾ।
ਕਿਹੜੇ ਕਿੱਤੇ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ
ਚੇਤਨ ਭਾਰਦਵਾਜ ਮੰਨਦੇ ਹਨ ਕਿ ਨਵੇਂ ਸਿਸਟਮ ਨਾਲ ਪੰਜਾਬ-ਹਰਿਆਣਾ ਦੇ ਲੋਕਾਂ ਨੂੰ ਐਕਸਪ੍ਰੈੱਸ ਐਂਟਰੀ ਦੇ ਲਈ ਜ਼ਰੂਰੀ ਕੱਟਆਫ ਪੁਆਇੰਟਸ ਲਈ ਵਾਧੂ ਪੁਆਇੰਟਸ ਮਿਲਣਾ ਫਾਇਦੇਮੰਦ ਹੋਵੇਗਾ।
ਚੇਤਨ ਕਹਿੰਦੇ ਹਨ, "ਕੈਨੇਡਾ ਵਿੱਚ ਉਨ੍ਹਾਂ ਲੋਕਾਂ ਲਈ ਪੀਆਰ ਮਿਲਣਾ ਸੌਖਾ ਹੋ ਜਾਵੇਗਾ ਜਿਨ੍ਹਾਂ ਕੋਲ ਚੰਗੀ ਸਿੱਖਿਆ ਹੈ ਤੇ ਵਧੀਆ ਹੁਨਰ ਹੈ। ਪਹਿਲਾਂ ਉਨ੍ਹਾਂ ਲੋਕਾਂ ਨੂੰ ਉਸ ਲਈ ਪੁਆਇੰਟਸ ਨਹੀਂ ਮਿਲਦੇ ਸੀ ਪਰ ਹੁਣ ਮਿਲਣਗੇ।"
ਇਸ ਬਦਲਾਅ ਤੋਂ ਬਾਅਦ ਕਿਹੜੇ ਕਿੱਤੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਇਸ ਬਾਰੇ ਚੇਤਨ ਭਾਰਦਵਾਜ ਕਹਿੰਦੇ ਹਨ, "ਇਨ੍ਹਾਂ ਨਿਯਮਾਂ ਦੇ ਬਦਲਣ ਮਗਰੋਂ ਵੀ ਸਿਹਤ ਦਾ ਖੇਤਰ ਅਜੇ ਵੀ ਹੈ ਟਾਪ ਉੱਤੇ ਰਹੇਗਾ। ਇਸ ਤੋਂ ਇਲਾਵਾ ਚੰਗੇ ਹੁਨਰ ਲਈ ਹਮੇਸ਼ਾ ਮੰਗ ਰਹੇਗੀ। ਪਲੰਬਿੰਗ ਤੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਵੀ ਵਧੇਗੀ ਕਿਉਂਕਿ ਕੈਨੇਡਾ ਵਿੱਚ ਉਸਾਰੀ ਖੇਤਰ ਵਿੱਚ ਚੰਗਾ ਸਕੋਪ ਹੈ। ਇੰਜੀਨੀਅਰਿੰਗ ਤੇ ਆਈਟੀ ਤਾਂ ਪਹਿਲਾਂ ਹੀ ਡਿਮਾਂਡ ਵਿੱਚ ਰਹਿੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ