ਹਰਿਆਣਾ ਦੇ ਪੰਚਕੂਲਾ ਦੇ ਇੱਕ ਸਕੂਲ 'ਚ ਛੇ ਸਾਲਾ ਬੱਚੀ ਨਾਲ ਅੱਠ ਸਾਲਾ ਬੱਚੇ ਵੱਲੋਂ ਕੁੱਟਮਾਰ ਦਾ ਮਾਮਲਾ ਕੀ ਹੈ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਚੇਤਾਵਨੀ: ਖ਼ਬਰ ਵਿਚਲੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ

ਹਰਿਆਣਾ ਦੇ ਪੰਚਕੂਲਾ 'ਚ ਇੱਕ ਸਕੂਲ ਅੰਦਰ ਇੱਕ ਕਲਾਸਰੂਮ ਵਿੱਚ ਛੇ ਸਾਲਾ ਬੱਚੀ ਨਾਲ ਅੱਠ ਸਾਲ ਦੇ ਬੱਚੇ ਵੱਲੋਂ ਕੁੱਟਮਾਰ ਕਰਨ ਦੇ ਕਥਿਤ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਸਣੇ ਤਿੰਨ ਲੋਕਾਂ ਖ਼ਿਲਾਫ ਐੱਫਆਈਆਰ ਦਰਜ ਕੀਤੀ ਹੈ।

ਪੁਲਿਸ ਵੱਲੋਂ ਦਰਜ ਕੀਤੀ ਐੱਫਆਈਆਰ ਮੁਤਾਬਕ ਹਰਿਆਣਾ ਦੇ ਪੰਚਕੂਲਾ 'ਚ ਇੱਕ ਸਕੂਲ ਦੇ ਅੰਦਰ ਛੇ ਸਾਲ ਦੀ ਬੱਚੀ ਨਾਲ ਕੁੱਟਮਾਰ ਮਾਮਲਾ 28 ਅਕਤੂਬਰ 2026 ਦਾ ਹੈ।

ਪੁਲਿਸ ਨੇ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਜੁਵੇਨਾਈਲ ਜਸਟਿਸ ਐਕਟ 2015 ਦੀ ਧਾਰਾ 75 ਅਤੇ ਬੀਐਨਐੱਸ ਦੀ ਧਾਰਾ 125(ਬੀ) ਤਹਿਤ ਸਕੂਲ ਦੇ ਪ੍ਰਿੰਸੀਪਲ, ਕਲਾਸ ਇੰਚਾਰਜ ਅਤੇ ਚੌਂਕੀਦਾਰ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੂਰਾ ਮਾਮਲਾ ਕੀ ਹੈ?

ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਪੰਚਕੂਲਾ ਦੇ ਸਕੂਲ ਅੰਦਰ ਛੇ ਸਾਲ ਦੀ ਵਿਦਿਆਰਥਣ 'ਤੇ 28 ਅਕਤੂਬਰ, 2026 ਨੂੰ ਹਮਲਾ ਕੀਤਾ ਗਿਆ ਸੀ। ਸਕੂਲ ਵਿੱਚ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਜਿਸਦੀ ਉਮਰ 8 ਸਾਲ ਦੱਸੀ ਗਈ ਹੈ, ਉਸ ਨੇ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇੱਕ ਕਮਰੇ ਵਿੱਚ ਉਸ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਇਹ ਘਟਨਾ ਸਕੂਲ ਪ੍ਰਬੰਧਨ, ਪ੍ਰਿੰਸੀਪਲ, ਕਲਾਸ ਟੀਚਰ, ਹੋਰ ਸਟਾਫ ਮੈਂਬਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਵਾਪਰੀ ਹੈ।

ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਸਕੂਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਜ਼ਖਮੀ ਬੱਚੀ ਲਗਭਗ ਦੋ ਘੰਟਿਆਂ ਤੱਕ ਉਸ ਕਮਰੇ ਵਿੱਚ ਹੀ ਰਹੀ।

ਪਿਤਾ ਨੇ ਬੀਬੀਸੀ ਨੂੰ ਕੀ ਦੱਸਿਆ?

ਬੱਚੀ ਦੇ ਪਿਤਾ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਦੱਸਿਆ, "ਜਦੋਂ 28 ਅਕਤੂਬਰ ਨੂੰ ਸਕੂਲ ਖ਼ਤਮ ਹੋਣ ਮਗਰੋਂ ਵੀ ਬੱਚੀ ਨਾ ਮਿਲੀ ਤਾਂ ਉਸ ਨੂੰ ਸਕੂਲ ਦੇ ਅੰਦਰ ਦੇਖਣ ਗਏ। ਉੱਥੇ ਕਿਸੇ ਨੂੰ ਨਹੀਂ ਪਤਾ ਸੀ ਕਿ ਬੱਚੀ ਕਿੱਥੇ ਹੈ। ਫਿਰ ਇੱਕ ਛੋਟੇ ਬੱਚੇ ਨੇ ਹੀ ਮੈਨੂੰ ਦੱਸਿਆ ਕਿ ਉਹ ਉੱਤੇ ਕਿਸੇ ਕਲਾਸਰੂਮ ਵਿੱਚ ਹੈ। ਮੈਂ ਉੱਥੇ ਜਾ ਕੇ ਦੇਖਿਆ ਤਾਂ ਬੱਚੀ ਅੰਦਰ ਸੀ ਅਤੇ ਕਮਰੇ ਨੂੰ ਜਿੰਦਾ ਲੱਗਿਆ ਸੀ। ਜਿੰਦਾ ਖੁਲ੍ਹਵਾਇਆ ਗਿਆ ਤਾਂ ਬੱਚੀ ਨੂੰ ਬਾਹਰ ਕੱਢਿਆ।"

"ਗੰਭੀਰ ਰੂਪ ਵਿੱਚ ਜ਼ਖਮੀ ਬੱਚੀ ਨੂੰ ਹਮਲੇ ਤੋਂ ਬਾਅਦ ਲੋਕਲ ਹਸਪਤਾਲਾਂ 'ਚ ਦਿਖਾਇਆ ਗਿਆ ਪਰ ਬਾਅਦ ਵਿੱਚ ਉਸਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਰੈਫ਼ਰ ਕਰ ਦਿੱਤਾ ਗਿਆ।"

ਜਾਣਕਾਰੀ ਮੁਤਾਬਕ ਬੱਚੀ ਖ਼ਤਰੇ ਤੋਂ ਬਾਹਰ ਹੈ ਪਰ ਅਜੇ ਵੀ ਬੁਰੀ ਤਰ੍ਹਾਂ ਜ਼ਖਮੀ ਹੈ।

ਹਾਲਾਂਕਿ ਇਸ ਮਾਮਲੇ ਵਿੱਚ ਪੀਜੀਆਈ ਨੇ ਬੱਚੀ ਦੀ ਸਿਹਤ ਬਾਰੇ ਅਧਿਕਾਰਤ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਹੈ।

ਪੁਲਿਸ ਨੇ ਕੀ ਕਾਰਵਾਈ ਕੀਤੀ?

ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਦਿਤੀ ਸਿੰਘ ਵੱਲੋਂ ਜਾਰੀ ਕੀਤੇ ਵੀਡੀਓ ਬਿਆਨ ਮੁਤਾਬਕ, "ਵਿਦਿਆਰਥਣ ਪੀਜੀਆਈ ਵਿੱਚ ਦਾਖ਼ਲ ਹੈ ਅਤੇ ਫਿਲਹਾਲ ਖ਼ਤਰੇ ਤੋਂ ਬਾਹਰ ਹੈ। ਜੋ ਇਸ ਮਾਮਲੇ ਵਿੱਚ ਇੱਕ ਨਾਬਾਲਿਗ ਵਿਦਿਆਰਥੀ ਸ਼ਾਮਿਲ ਹੈ, ਜਿਸ ਦੀ ਉਮਰ 8 ਸਾਲ ਹੈ।ਵਿਦਿਆਰਥੀ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਹਰਾਂ ਤੋਂ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਉਸਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।"

"ਬੱਚੀ ਦੀ ਕੁੱਟਮਾਰ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਸਕੂਲ ਪ੍ਰਬੰਧਨ ਦੀ ਲਾਪਰਵਾਹੀ ਸਾਹਮਣੇ ਆਈ ਹੈ, ਇਸ ਲਈ ਸਕੂਲ ਪ੍ਰਬੰਧਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।"

ਡੀਸੀਪੀ ਕਰਾਈਮ ਪੰਚਕੂਲਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਕਾਨੂੰਨ ਅਨੁਸਾਰ 8 ਸਾਲ ਦੇ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਜੇਲ੍ਹ ਭੇਜਿਆ ਜਾ ਸਕਦਾ ਹੈ। ਕੁੱਟਮਾਰ ਦੇ ਮਾਮਲੇ ਵਿੱਚ ਅਜਿਹੀ ਉਮਰ ਦੇ ਬੱਚੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਉਸ ਦੇ ਸੁਧਾਰ ਅਤੇ ਕਾਊਂਸਲਿੰਗ 'ਤੇ ਜ਼ੋਰ ਦਿੱਤਾ ਜਾਂਦਾ ਹੈ।

ਇਸ ਲਈ ਇਸ ਮਾਮਲੇ ਵਿੱਚ ਬੱਚੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰਿੰਦਰ ਸਿੰਘ ਨੇ ਦੱਸਿਆ ਜੁਵੇਨਾਈਲ ਜਸਟਿਸ ਬੋਰਡ ਵੱਲੋਂ ਬੱਚੇ ਨੂੰ ਓਬਜ਼ਰਵੇਸ਼ਨ ਹੋਮ ਭੇਜਿਆ ਗਿਆ।

ਸਿੱਖਿਆ ਮੰਤਰੀ ਅਤੇ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀ ਦੱਸਿਆ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜਾਂਚ ਵਿੱਚ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸੁਮੋਟੋ ਨੋਟਿਸ ਲੈਂਦਿਆਂ ਪੰਚਕੂਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।

ਕਮਿਸ਼ਨ ਨੇ ਅਧਿਆਪਕਾਂ ਦੀ ਡਿਊਟੀ, ਸੀਸੀਟੀਵੀ ਫੁਟੇਜ, ਹਾਜ਼ਰੀ ਰਿਕਾਰਡ ਅਤੇ ਸਕੂਲ ਵੱਲੋਂ ਕੀਤੀ ਕਾਰਵਾਈ ਦਾ ਵੇਰਵਾ ਮੰਗਿਆ ਹੈ।

ਕਮਿਸ਼ਨ ਦੀ ਚੇਅਰਪਰਸਨ ਤ੍ਰਿਪਤੀ ਹਰਿਪਾਲ ਸ਼ਿਓਰਾਣ ਨੇ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਸਿਹਤ ਬਾਰੇ ਜਾਣਕਾਰੀ ਲਈ।

ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਲਲਿਤ ਬਤਰਾ ਨੇ ਵੀ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਆਪਕ, ਪ੍ਰਿੰਸੀਪਲ ਜਾਂ ਹੋਰ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਨੂੰ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਨੇ ਵੀ ਜ਼ਿਲ੍ਹਾ ਪੱਧਰ 'ਤੇ ਜਾਂਚ ਕਮੇਟੀ ਬਣਾਈ ਹੈ, ਜਿਸ ਨੂੰ ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)