ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਬੈਗਾਂ ਵਿੱਚ ਲਾਵਾਰਿਸ ਛੱਡੇ ਗਏ ਭੈਣ-ਭਰਾ ਦਹਾਕਿਆਂ ਬਾਅਦ ਕਿਵੇਂ ਦੁਬਾਰਾ ਮਿਲੇ
ਬੇਲਫਾਸਟ ਵਿੱਚ ਨਿੱਘੇ ਅਤੇ ਪਿਆਰ ਕਰਨ ਵਾਲੇ ਪਰਿਵਾਰ ਵਿੱਚ ਪਲੇ ਡੇਵਿਡ ਮੈਕਬ੍ਰਾਈਡ ਜਾਣਦੇ ਸਨ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਸੀ। ਪਰ ਜਦੋਂ ਪੰਦਰਾਂ ਸਾਲ ਦੀ ਉਮਰ ਵਿੱਚ ਫੌਜ 'ਚ ਭਰਤੀ ਹੋਣ ਲਈ ਜਨਮ ਸਰਟੀਫਿਕੇਟ ਅਪਲਾਈ ਕੀਤਾ ਉਦੋਂ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਛੋਕੜ ਬਾਰੇ ਕਿੰਨੇ ਘੱਟ ਜਾਣਕਾਰੀ ਸੀ।
ਦਸਤਾਵੇਜ਼ ਲਗਭਗ ਕੋਰਾ ਸੀ। ਉਸ ਦੇ ਬਾਇਓਲਾਜੀਕਲ ਮਾਪਿਆਂ ਨੂੰ 'ਅਣਜਾਣ' ਲਿਖਿਆ ਹੋਇਆ ਸੀ ਅਤੇ ਨਾਲ ਹੀ ਉਨ੍ਹਾਂ ਦੇ ਜਨਮ ਦੀ ਥਾਂ ਅਤੇ ਇੱਥੋਂ ਤਕ ਕਿ ਜਨਮ ਮਿਤੀ ਜਿਹੇ ਵੇਰਵੇ ਵੀ ਨਹੀਂ ਸਨ।
ਉਸ ਨੂੰ ਗੋਦ ਲੈਣ ਵਾਲੇ ਪਿਤਾ ਨੇ ਉਸ ਨੂੰ ਓਨੀ ਕੁ ਜਾਣਕਾਰੀ ਦਿੱਤੀ ਜਿੰਨੀ ਕੁ ਓਨਾ ਕੋਲ ਸੀ। ਮੈਕਬ੍ਰਾਈਡ ਇੱਕ 'ਲਾਵਾਰਿਸ ਬੱਚਾ' ਸੀ ਅਤੇ ਬਚਪਨ ਵਿੱਚ ਉਹ ਇੱਕ ਅਨਲੌਕ ਕਾਰ ਦੀ ਅਗਲੀ ਸੀਟ 'ਤੇ ਛੱਡੇ ਹੋਏ ਮਿਲੇ ਸੀ।
ਮੈਕਬ੍ਰਾਈਡ ਅਤੇ ਉਨ੍ਹਾਂ ਦੇ ਪਿਤਾ ਨੇ ਮਿਲ ਕੇ ਜਿੰਨੀ ਹੋ ਸਕੇ ਜਾਣਕਾਰੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਥਾਨਕ ਪਬਲਿਕ ਲਾਈਬ੍ਰੇਰੀ ਵਿੱਚ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਉਹ ਅਖਬਾਰਾਂ ਦੀਆਂ ਕੰਟਿਗਜ਼ ਨੂੰ ਬਾਰੀਕੀ ਨਾਲ ਦੇਖਦੇ ਸੀ।
ਜਿਸ ਵੇਲੇ ਉਹ ਮਿਲਿਆ ਸੀ, ਉਸ ਦਾ ਕੇਸ ਸੁਰਖੀਆਂ ਵਿੱਚ ਆਇਆ ਸੀ ਕਿਉਂਕਿ ਉਸ ਵੇਲੇ ਉੱਤਰੀ ਆਇਰਲੈਂਡ ਵਿੱਚ ਬੱਚੇ ਨੂੰ ਲਾਵਾਰਿਸ ਛੱਡਣਾ ਲਗਭਗ ਅਣ-ਸੁਣਿਆ ਸੀ।
ਮੈਕਬ੍ਰਾਈਡ ਸਮਝਾਉਂਦੇ ਹਨ ਚਰਚ ਅਕਸਰ ਉਨ੍ਹਾਂ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਹਾਰਾ ਜਾਂ ਘੱਟੋ ਘੱਟ ਆਸਰਾ ਦਿੰਦਾ ਸੀ ਜੋ ਸ਼ਾਇਦ ਬਿਨ੍ਹਾਂ ਵਿਆਹ ਤੋਂ ਜਨਮੇ ਹੁੰਦੇ ਸੀ।
ਜੇਕਰ ਕੋਈ ਔਰਤ ਬਿਨ੍ਹਾਂ ਵਿਆਹ ਤੋਂ ਗਰਭਵਤੀ ਹੋ ਜਾਂਦੀ ਸੀ ਤਾਂ ਉਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਸੀ ਅਤੇ ਸਭ ਤੋਂ ਵੱਡੀ ਸਮੱਸਿਆ ਹਰ ਚੀਜ਼ ਨੂੰ ਲੁਕਾਉਣ ਦੀ ਪ੍ਰਵਿਰਤੀ ਸੀ।
ਅਖਬਾਰਾਂ ਦੀਆਂ ਕੰਟਿਗਜ਼ ਨੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। ਪਰ ਇਹ ਜ਼ਰੂਰ ਪਤਾ ਲੱਗਿਆ ਕਿ ਉਸ ਦੀ ਚੰਗੀ ਦੇਖਭਾਲ ਕੀਤੀ ਗਈ ਸੀ।
ਉਸ ਨੇ ਦੱਸਿਆ, "ਮੈਨੂੰ ਚੰਗੀ ਤਰ੍ਹਾਂ ਖਵਾਇਆ-ਪਿਆਇਆ ਗਿਆ ਸੀ ਅਤੇ ਮੇਰਾ ਖਿਆਲ ਰੱਖਿਆ ਗਿਆ ਸੀ।"
ਉਸ ਨੇ ਅੰਦਾਜ਼ਾ ਲਗਾਇਆ ਕਿ ਉਸ ਦੀ ਮਾਂ ਜਵਾਨ ਅਤੇ ਡਰੀ ਹੋਈ ਸੀ। ਉਸ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਦਾ ਫ਼ੈਸਲਾ ਕੀਤਾ।
ਖਾਸ ਤਰ੍ਹਾਂ ਦੇ ਬੈਗ ਵਿੱਚੋਂ ਮਿਲੇ ਬੱਚੇ
ਹਾਲਾਂਕਿ ਦਹਾਕੇ ਬੀਤ ਗਏ ਅਤੇ ਕਾਫ਼ੀ ਖੋਜਬੀਨ ਕਰਨ ਅਤੇ ਲਾਵਾਰਿਸ ਬੱਚਿਆਂ ਬਾਰੇ ਬੀਬੀਸੀ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਬਾਵਜੂਦ ਮੈਕਬ੍ਰਾਈਡ ਨੂੰ ਕੋਈ ਖਾਸ ਜਵਾਬ ਨਹੀਂ ਮਿਲੇ।
ਫਿਰ ਆਪਣੀ ਭੈਣ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਡੀਐਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ।
ਡੀਐਨਏ ਟੈਸਟ ਦੇ ਨਤੀਜੇ ਨੇ ਸਭ ਬਦਲ ਦਿੱਤਾ। ਉਸ ਦੀ ਇੱਕ ਬਾਇਓਲਾਜੀਕਲ ਭੈਣ ਵੀ ਸੀ।
ਉਸ ਨੇ ਕਿਹਾ, "ਇਹ ਸ਼ਾਨਦਾਰ ਝਟਕਾ ਸੀ, ਲੱਗਿਆ ਜਿਵੇਂ ਕ੍ਰਿਸਮਿਸ ਆ ਗਈ ਹੋਵੇ।"
ਉਸ ਦਾ ਨਾਮ ਹੈਲਨ ਵਾਰਡ ਸੀ ਪਰ ਉਸ ਦੀ ਮਾਂ ਬਾਰੇ ਉੱਠੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਸ ਦੇ ਆਪਣੇ ਵੀ ਓਨੇ ਹੀ ਸਵਾਲ ਸਨ- ਉਸ ਨੂੰ ਵੀ ਬਚਪਨ ਵਿੱਚ ਲਾਵਾਰਿਸ ਛੱਡ ਦਿੱਤਾ ਗਿਆ ਸੀ।
ਵਾਰਡ ਕਹਿੰਦੀ ਹੈ, "ਮੈਂ ਫੋਨ ਬੌਕਸ ਵਿਚ ਹਰੇ ਰੰਗ ਦੇ ਟਾਰਟਨ(ਰਵਾਇਤੀ ਸਕੌਟਿਸ਼ ਚੈਕਦਾਰ) ਬੈਗ ਵਿਚ ਮਿਲੀ ਸੀ। ਮੇਰਾ ਪਹਿਲਾ ਵਿਚਾਰ ਇਹ ਸੀ ਕਿ ਅਸੀਂ 'ਟਾਰਟਨ ਜੁੜਵਾ' ਸੀ।"
ਉਹ ਜੁੜਵਾਂ ਨਹੀਂ ਸਨ। ਉਹ ਸੱਤ ਸਾਲਾਂ ਦੀ ਵਿੱਥ 'ਤੇ ਜਨਮੇ ਸੀ ਅਤੇ ਆਈਰਿਸ਼ ਬਾਰਡਰ ਦੇ ਉਲਟ ਪਾਸਿਆਂ ਤੋਂ ਮਿਲੇ ਸਨ। ਫਿਰ ਵੀ ਸਮਾਨਤਾਵਾਂ ਹੈਰਾਨੀਜਨਕ ਸਨ।
ਵਾਰਡ ਕਹਿੰਦੀ ਹੈ, "ਮੈਂ ਇਕ ਲੌਰੀ ਡਰਾਈਵਰ ਨੂੰ ਲੱਭੀ ਸੀ। ਬੈਗ ਵਿੱਚ ਇੱਕ ਨਿੱਘੀ ਬੋਤਲ ਅਤੇ ਕੁਝ ਕੱਪੜੇ ਸਨ। ਮੈਨੂੰ ਬਹੁਤ ਸੋਹਣੇ ਕੱਪੜੇ ਪਹਿਨਾਏ ਗਏ ਸਨ ਅਤੇ ਬਹੁਤ ਹੀ ਨਿੱਘੇ ਤਰੀਕੇ ਨਾਲ ਲਪੇਟਿਆ ਗਿਆ ਸੀ।"
ਮੈਕਬ੍ਰਾਈਡ ਦੀ ਤਰ੍ਹਾਂ ਵਾਰਡ ਵੀ ਪਿਆਰ ਕਰਨ ਵਾਲੇ ਅਜਿਹੇ ਪਰਿਵਾਰ ਵਿੱਚ ਪਲੀ ਸੀ ਜਿਸ ਨੇ ਉਹਨੂੰ ਗੋਦ ਲਿਆ ਸੀ। ਪਰ ਜਦੋਂ ਉਹ ਖੁਦ ਮਾਂ ਬਣੀ ਤਾਂ ਉਸ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਆਪਣੀ ਅਸਲੀ ਮਾਂ ਬਾਰੇ ਪਤਾ ਲਗਾਉਣਾ ਚਾਹੀਦਾ ਹੈ।
ਜਿਹੜੇ ਖੇਤਰ ਤੋਂ ਉਹ ਮਿਲੀ ਸੀ ਉਸ ਨੇ ਉਥੋਂ ਦੇ ਸਮਾਜ ਸੇਵੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਵੀ ਬਿਲਕੁਲ ਓਵੇਂ ਦਾ ਹੀ ਜਨਮ ਸਰਟੀਫਿਕੇਟ ਦਿਖਾਇਆ ਗਿਆ ਜਿਸ ਦਾ ਸਾਹਮਣਾ ਸਾਲਾਂ ਪਹਿਲਾਂ ਮੈਕਬ੍ਰਾਈਡ ਨੇ ਕੀਤਾ ਸੀ।
ਉਸ ਵਿੱਚ ਮਾਪਿਆਂ ਨੂੰ 'ਅਣਜਾਣ' ਲਿਖਿਆ ਸੀ ਅਤੇ ਲਿਖਿਆ ਸੀ ਕਿ ਬੱਚਾ ਇੱਕ ਟੈਲੀਫ਼ੋਨ ਬੂਥ ਵਿੱਚ ਲਾਵਾਰਿਸ ਮਿਲਿਆ।
ਵਾਰਡ ਨੇ ਕਿਹਾ, "ਮੈਂ ਬਹੁਤ ਪਰੇਸ਼ਾਨ ਸੀ। ਤੁਹਾਡੇ ਕਈ ਸਵਾਲ ਹੁੰਦੇ ਹਨ ਅਤੇ ਜਵਾਬ ਲੱਭਣੇ ਬਹੁਤ ਮੁਸ਼ਕਿਲ ਹੁੰਦੇ ਹਨ।"
ਵਾਰਡ ਨੇ ਆਪਣੀ ਖੋਜ ਜਾਰੀ ਰੱਖੀ। ਰੇਡੀਓ ਦੇ ਇੱਕ ਕਾਲ-ਇਨ ਪ੍ਰੋਗਰਾਮ ਵਿੱਚ ਆਪਣੀ ਕਹਾਣੀ ਸਾਂਝੀ ਕੀਤੀ ਅਤੇ ਉਸ ਪੁਲਿਸ ਵਾਲੇ ਨੂੰ ਵੀ ਲੱਭ ਲਿਆ ਜਿਸ ਨੇ 1969 ਵਿੱਚ ਉਹਦੇ ਕੇਸ ਦੀ ਜਾਂਚ ਕੀਤੀ ਸੀ ਅਤੇ ਉਸ ਲਾਰੀ ਦੇ ਡਰਾਈਵਰ ਨੂੰ ਵੀ ਲੱਭ ਲਿਆ ਜਿਸ ਨੇ ਸਭ ਤੋਂ ਪਹਿਲਾਂ ਉਸ ਨੂੰ ਦੇਖਿਆ ਸੀ।
ਜਦੋਂ ਉਸ ਦੇ ਇੱਕ ਦੋਸਤ ਨੇ ਘਰ ਵਿੱਚ ਡੀਐਨਏ ਟੈਸਟ ਕਰਨ ਵਾਲੀ ਕਿੱਟ ਲਿਆ ਕਿ ਦਿੱਤੀ ਤਾਂ ਉਦੋਂ ਉਸ ਨੂੰ ਆਪਣਾ ਵਿਛੜਿਆ ਭਰਾ ਮਿਲਿਆ।
ਉਹ ਕਹਿੰਦੀ ਹੈ, "ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ। ਮੈਂ ਖੁਦ ਨੂੰ ਚੁੰਡੀਆਂ ਵੱਢ ਰਹੀ ਸੀ।"
ਇੱਕ ਨਵੀਂ ਰਿਸਰਚ
ਜਦੋਂ ਉਹ ਆਹਮੋ-ਸਾਹਮਣੇ ਆਏ ਅਤੇ ਇੱਕ ਦੂਜੇ ਵਿਚ ਸਰੀਰਕ ਨਕਸ਼ ਪਛਾਣੇ ਤਾਂ ਉਹ ਅਹਿਸਾਸ ਬਹੁਤ ਭਾਵੁਕ ਕਰਨ ਵਾਲਾ ਸੀ।
ਵਾਰਡ ਯਾਦ ਕਰਦੀ ਹੈ, "ਤੁਸੀਂ ਸਭ ਕੁਝ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ। ਤੁਹਾਡੇ ਕੋਲ ਕਹਿਣ ਲਈ ਇੰਨਾ ਕੁਝ ਹੁੰਦਾ ਹੈ ਕਿ ਲਗਦਾ ਹੈ ਕਿ ਜਿਵੇਂ ਦਿਮਾਗ਼ ਫਟ ਜਾਵੇਗਾ।"
ਮੈਕਬ੍ਰਾਈਡ ਨੇ ਕਿਹਾ, "ਜਿਵੇਂ ਹੀ ਅਸੀਂ ਮਿਲੇ ਆਲੇ ਦੁਆਲੇ ਕਿਸੇ ਚੀਜ਼ ਦੀ ਹੋਂਦ ਮਹਿਸੂਸ ਨਹੀਂ ਹੋਈ।"
ਪਰ ਜਿਵੇਂ ਹੀ ਇੱਕ ਖੋਜ ਮੁੱਕੀ, ਦੂਜੀ ਸ਼ੁਰੂ ਹੋ ਗਈ, ਉਹ ਸੀ ਉਨ੍ਹਾਂ ਦੇ ਮਾਪਿਆਂ ਦੀ ਖੋਜ।
ਅਖੀਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਮਾਂ ਦਾ ਨੱਬੇ ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਉਨ੍ਹਾ ਦੋਹਾਂ ਦੇ ਮਿਲਣ ਤੋਂ ਬਹੁਤ ਪਹਿਲਾਂ ਦੀ ਗੱਲ ਨਹੀਂ ਹੈ। ਉਨ੍ਹਾਂ ਦੇ ਪਿਤਾ ਦੀ ਮੌਤ ਉਸ ਤੋਂ ਵੀ ਕੁਝ ਸਾਲ ਪਹਿਲਾਂ ਹੋ ਗਈ ਸੀ।
ਪਰ ਉਹ ਆਪਣੀ ਕਹਾਣੀ ਦੇ ਕੁਝ ਹਿੱਸਿਆਂ ਨੂੰ ਆਪਸ ਵਿੱਚ ਜੋੜਨ 'ਚ ਕਾਮਯਾਬ ਰਹੇ।
ਮੈਕਬ੍ਰਾਈਡ ਕਹਿੰਦੇ ਹਨ, "ਸਾਡੀ ਮਾਂ ਪਿੰਡ ਦੀ ਕੁੜੀ ਸੀ। ਸਾਡੇ ਪਿਤਾ ਸ਼ਹਿਰ ਦੇ ਸਨ। ਮਾਂ ਉਮਰ ਵਿੱਚ ਕਾਫ਼ੀ ਛੋਟੀ ਸੀ। ਸ਼ਹਿਰ ਦੀ ਚਮਕ ਦਮਕ ਉਸ ਨੂੰ ਆਇਰਲੈਂਡ ਦੇ ਪੱਛਮੀ ਤੱਟ ਤੋਂ ਡਬਲਿਨ ਲੈ ਆਈ ਸੀ। ਸਾਡੇ ਪਿਤਾ ਡਬਲਿਨ ਵਿੱਚ ਇੱਕ ਬੈਂਡ ਲੀਡਰ ਸਨ। ਉਹ ਸ਼ਾਇਦ ਉਨ੍ਹਾਂ ਨੂੰ ਡਾਂਸ ਹਾਲਾਂ ਵਿੱਚ ਜਾਣ ਦੌਰਾਨ ਮਿਲੀ ਸੀ। ਉਨ੍ਹਾਂ ਦਾ ਅਫੇਅਰ ਚਾਲੀ ਸਾਲ ਜਾਂ ਉਸ ਤੋਂ ਵੀ ਵੱਧ ਸਮੇਂ ਤੱਕ ਚੱਲਿਆ।"
ਮੈਕਬ੍ਰਾਈਡ ਮੰਨਦੇ ਹਨ ਕਿ ਜੇਕਰ ਇਹ ਅਫੇਅਰ ਇੰਨਾ ਲੰਬਾ ਸਮਾਂ ਚੱਲਿਆ ਤਾਂ ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੋਣਗੇ। ਪਰ ਰਿਸ਼ਤਾ ਗੁੰਝਲਦਾਰ ਸੀ।
ਉਹ ਵਿਆਹਿਆ ਹੋਇਆ ਸੀ। ਇਸ ਤੋਂ ਇਲਾਵਾ ਉਹ ਪ੍ਰੋਟੈਸਟੈਂਟ ਸੀ ਅਤੇ ਉਨ੍ਹਾਂ ਦੀ ਮਾਂ ਕੈਥੋਲਿਕ ਸੀ।
ਡੇਵਿਡ ਸੋਚਦੇ ਹਨ ਕਿ ਇੱਕ ਅਜਿਹੇ ਦੌਰ ਵਿੱਚ ਜਦੋਂ ਆਇਰਲੈਂਡ ਧਾਰਮਿਕ ਵੰਡ ਵਿੱਚ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਅਤੇ ਸਮਾਜਿਕ ਤੌਰ 'ਤੇ ਹਾਲੇ ਵੀ ਰੂੜ੍ਹੀਵਾਦੀ ਸੀ, ਉਹ ਦੋਹੇਂ ਸਮਾਜ ਦੀਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਤੋੜ ਰਹੇ ਸੀ।
ਉਹ ਪੁੱਛਦੇ ਹਨ, "ਕੈਥੋਲਿਕ ਅਤੇ ਪ੍ਰੋਟੈਸਟੈਂਟ। ਬਿਨ੍ਹਾਂ ਵਿਆਹ ਤੋਂ ਜਨਮੇ, ਉਨ੍ਹਾਂ ਕੋਲ ਕੀ ਉਮੀਦ ਬਚੀ ਸੀ?"
ਫਿਰ ਮਿਲਿਆ ਤੀਜਾ ਭਰਾ
ਹਾਲਾਂਕਿ ਹਾਲੇ ਇੱਕ ਹੋਰ ਹੈਰਾਨੀਜਨਕ ਸਰਪ੍ਰਾਈਜ਼ ਬਾਕੀ ਸੀ। ਵਾਰਡ ਨੂੰ ਇਕ ਅਜਿਹੀ ਕਹਾਣੀ ਯਾਦ ਆਈ ਜੋ ਉਸ ਨੇ ਆਪਣੀ ਸਾਲਾਂ ਦੀ ਖੋਜ ਦੌਰਾਨ ਪੜ੍ਹੀ ਸੀ ਅਤੇ ਜਿਸ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਉਸ ਦਾ ਇੱਕ ਹੋਰ ਵੱਡਾ ਭਰਾ ਵੀ ਹੋ ਸਕਦਾ ਹੈ?
ਉਹ ਕਹਿੰਦੀ ਹੈ, " ਕਹਾਣੀ ਸੀ ਕਿ 1965 ਵਿੱਚ ਇੱਕ ਬੱਚਾ ਫੋਨ ਬੌਕਸ ਵਿੱਚੋਂ ਮਿਲਿਆ ਸੀ। ਉਹ ਇੱਕ ਨਿੱਘੀ ਬੋਤਲ ਨਾਲ ਬੈਗ ਵਿੱਚ ਸੀ। ਇਸ ਲਈ ਉਸ ਦੀ ਕਹਾਣੀ ਦੇ ਹਿੱਸੇ ਮੇਰੀ ਅਤੇ ਡੇਵਿਡ ਦੀ ਕਹਾਣੀ ਦੇ ਵੀ ਹਿੱਸੇ ਸਨ।"
ਆਸਟ੍ਰੇਲੀਆ ਰਹਿੰਦੀ ਇੱਕ ਮੁਟਿਆਰ ਨੇ ਮੈਕਬ੍ਰਾਈਡ ਅਤੇ ਵਾਰਡ ਵੱਲੋਂ ਆਪਣੀ ਖੋਜ ਬਾਰੇ ਬਣਾਇਆ ਪ੍ਰੋਗਰਾਮ ਟੀਵੀ 'ਤੇ ਦੇਖਿਆ ਤਾਂ ਉਹ ਆਪਣੇ ਆਇਰਿਸ਼ ਪਿਤਾ ਜੌਹਨ ਬਾਰੇ ਸੋਚਣ ਲੱਗੀ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਉਨ੍ਹਾਂ ਦਾ ਸਕਾ ਭਰਾ ਸੀ।
ਵਾਰਡ ਸਮਝਾਉਂਦੀ ਹੈ, "ਉਹ ਵਿਚਕਾਰਲਾ ਬੱਚਾ ਸੀ। ਜਦੋਂ ਅਸੀਂ ਤਿੰਨੋਂ ਮਿਲੇ ਤਾਂ ਅਦਭੁੱਤ ਅਹਿਸਾਸ ਸੀ। ਤੁਸੀਂ ਆਪਣੇ ਖੁਦ ਦੇ ਪਰਿਵਾਰ ਨੂੰ ਦੇਖ ਰਹੇ ਹੁੰਦੇ ਹੋ ਅਤੇ ਦਿਮਾਗ ਵਿੱਚ ਫਿਰ ਤੋਂ ਹਜ਼ਾਰਾਂ ਸਵਾਲ ਖੜ੍ਹੇ ਹੋ ਜਾਂਦੇ ਹਨ। ਪਰ ਉਸ ਪਲ ਵਿੱਚ ਸਭ ਕੁਝ ਜਾਦੂਈ ਸੀ।"
ਇਹ ਅਣਸੁਲਝੇ ਸਵਾਲ ਅਤੇ ਜਿਸ ਨੂੰ ਹੈਲਨ ਵਾਰਡ ਆਪਣੇ ਮਾਤਾ ਪਿਤਾ ਨਾਲ 'ਅਣਕਹੀ ਗੱਲਬਾਤ' ਵਜੋਂ ਬਿਆਨ ਕਰਦੀ ਹੈ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹਾ ਖਾਲੀਪਣ ਛੱਡ ਗਏ ਹਨ ਜਿਸ ਬਾਰੇ ਉਹ ਖੁਦ ਵੀ ਮੰਨਦੇ ਹਨ ਕਿ ਸ਼ਾਇਦ ਕਦੇ ਨਹੀਂ ਭਰਿਆ ਜਾ ਸਕਦਾ।
ਪਰ ਹੈਲਨ ਅਤੇ ਡੇਵਿਡ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਦੇ ਫ਼ੈਸਲਿਆਂ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।
ਉਹ ਕਹਿੰਦੀ ਹੈ, "ਆਪਣੇ ਤਿੰਨ ਬੱਚਿਆਂ ਨੂੰ ਇੰਨਾ ਲੰਬਾ ਸਮਾਂ ਗਰਭ ਵਿੱਚ ਰੱਖਣ ਅਤੇ ਜਨਮ ਦੇਣ ਦੇ ਤੁਰੰਤ ਬਾਅਦ ਲਾਵਾਰਿਸ ਛੱਡਣਾ ਉਸ ਲਈ ਵੀ ਭਿਆਨਕ ਰਿਹਾ ਹੋਏਗਾ।"
ਡੇਵਿਡ ਆਪਣੀ ਮਾਂ ਦੇ ਬੁਢਾਪੇ ਦੀ ਇੱਕ ਵੀਡੀਓ ਦੇਖਣ ਦਾ ਜ਼ਿਕਰ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਇੱਕ ਗੁੱਡੀ ਨੂੰ ਘੁੱਟ ਕੇ ਫੜਿਆ ਹੋਇਆ ਸੀ ਅਤੇ ਉਸ ਨੂੰ ਛੱਡ ਨਹੀਂ ਰਹੀ ਸੀ।
ਉਹ ਕਹਿੰਦੇ ਹਨ, "ਮੈਂ ਸੋਚਦਾ ਹਾਂ ਸ਼ਾਇਦ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦਾ ਮਨ ਇਹ ਕਹਿ ਰਿਹਾ ਸੀ, 'ਇਹ ਮੇਰਾ ਬੱਚਾ ਹੈ। ਮੈਂ ਆਪਣੇ ਤਿੰਨ ਬੱਚੇ ਗਵਾ ਚੁੱਕੀ ਹਾਂ ਅਤੇ ਤੁਸੀਂ ਇਸ ਨੂੰ ਮੇਰੇ ਤੋਂ ਨਹੀਂ ਖੋਹ ਸਕਦੇ।'"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ