ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
12 ਫੁੱਟ ਦੀ ਕੰਧ ਟੱਪ ਕੇ ਘਰ 'ਚ ਵੜ ਜਾਂਦੇ ਨੇ ਤੇਂਦੂਏ, ਸ਼ੇਰਾਂ ਦੇ ਡਰੋਂ ਇੱਥੇ ਔਰਤਾਂ ਤੇ ਬੱਚਿਆਂ ਦਾ ਘਰੋਂ ਨਿਕਲਣਾ ਹੋਇਆ ਮੁਹਾਲ
- ਲੇਖਕ, ਗੋਪਾਲ ਕਟੇਸ਼ੀਆ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
(ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)
ਵੀਰਵਾਰ, 22 ਅਕਤੂਬਰ ਦੀ ਸਵੇਰ ਨੂੰ ਗਿਰ ਸੋਮਨਾਥ ਜ਼ਿਲ੍ਹੇ ਦੇ ਕੋਡੀਨਾਰ ਤਾਲੁਕਾ ਦੇ ਵਲਾਦਰ ਪਿੰਡ ਵਿੱਚ ਗੋਬਰਭਾਈ ਗੋਹਿਲ ਦੇ ਘਰ ਦੇ ਬਾਹਰ ਇੱਕ ਮਰਿਆ ਹੋਇਆ ਵੱਛਾ ਪਿਆ ਸੀ।
ਉਸ ਦੀ ਗਰਦਨ ਉੱਤੇ ਡੂੰਘੇ ਜ਼ਖ਼ਮ ਸਨ ਅਤੇ ਉੱਥੇ ਜੰਮਿਆ ਹੋਇਆ ਖ਼ੂਨ ਸਾਫ਼ ਦਿਖਾਈ ਦੇ ਰਿਹਾ ਸੀ।
ਕੀ ਹੋਇਆ ਸੀ, ਇਹ ਦੱਸਦਿਆਂ ਗੋਬਰਭਾਈ ਦੀ ਪਤਨੀ ਲਾਖੂਬੇਨ ਦੀ ਆਵਾਜ਼ ਵਿੱਚ ਡਰ ਸਾਫ਼ ਮਹਿਸੂਸ ਹੋ ਰਿਹਾ ਸੀ।
ਉਹ ਕਹਿੰਦੀ ਹੈ, "ਮੈਂ ਇੱਥੇ ਭਾਂਡੇ ਧੋ ਰਹੀ ਸੀ, ਉਦੋਂ ਮੈਨੂੰ ਆਵਾਜ਼ ਸੁਣਾਈ ਦਿੱਤੀ। ਮੈਂ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲੀ।"
"ਮੈਂ ਦੇਖਿਆ ਕਿ ਇੱਕ ਸ਼ੇਰਨੀ ਨੇ ਵੱਛੇ ਨੂੰ ਫੜਿਆ ਹੋਇਆ ਸੀ। ਮੈਂ 'ਹੁੜ... ਹੁੜ...' ਕਰ ਕੇ ਆਵਾਜ਼ ਲਗਾਈ ਤਾਂ ਸ਼ੇਰਨੀ ਵੱਛੇ ਨੂੰ ਛੱਡ ਕੇ ਚਲੀ ਗਈ।"
ਲਾਖੂਬੇਨ ਕਹਿੰਦੀ ਹੈ, "ਮੈਨੂੰ ਥੋੜ੍ਹਾ ਡਰ ਲੱਗਾ। ਸ਼ੇਰਨੀ ਨੇ ਉਸ ਨੂੰ ਮਾਰ ਦਿੱਤਾ ਸੀ ਅਤੇ ਖਾ ਲਿਆ ਸੀ। ਸ਼ੇਰ ਰੋਜ਼ ਪਿੰਡ ਵਿੱਚ ਆਉਂਦੇ ਹਨ। ਫਿਰ ਅਜਿਹੀ ਘਟਨਾ ਹੋ ਜਾਵੇ ਤਾਂ ਡਰ ਤਾਂ ਲੱਗੇਗਾ ਹੀ ਨਾ!"
ਪਤਨੀ ਨੇ ਸ਼ੇਰਨੀ ਨੂੰ ਦੇਖਿਆ ਤਾਂ ਰੌਲਾ ਪਾਇਆ
ਪੇਸ਼ੇ ਤੋਂ ਕਿਸਾਨ ਗੋਬਰਭਾਈ ਦੱਸਦੇ ਹਨ ਕਿ 21 ਅਕਤੂਬਰ ਦੀ ਰਾਤ ਕਰੀਬ 11 ਵਜੇ ਇੱਕ ਸ਼ੇਰਨੀ ਆਪਣੇ ਦੋ ਬੱਚਿਆਂ ਨਾਲ ਉਨ੍ਹਾਂ ਦੇ ਘਰ ਦੇ ਨੇੜੇ ਆ ਗਈ ਸੀ।
ਉਸ ਨੇ ਖੁੱਲ੍ਹੇ ਘੁੰਮ ਰਹੇ ਇੱਕ ਵੱਛੇ ਦੀ ਗਰਦਨ ਫੜ ਲਈ ਸੀ।
"ਮੇਰੀ ਪਤਨੀ ਪਾਣੀ ਸੁੱਟਣ ਲਈ ਘਰੋਂ ਬਾਹਰ ਨਿਕਲੀ ਤਾਂ ਉਸ ਨੇ ਸ਼ੇਰਨੀ ਨੂੰ ਦੇਖ ਲਿਆ ਅਤੇ ਰੌਲਾ ਪਾਇਆ।"
"ਇਸ ਤੋਂ ਬਾਅਦ ਮੈਂ ਵੀ ਦੌੜ ਕੇ ਬਾਹਰ ਆਇਆ। ਸ਼ੇਰਨੀ ਵੱਛੇ ਨੂੰ ਘਸੀਟ ਰਹੀ ਸੀ। ਅਸੀਂ ਰੌਲਾ ਪਾਇਆ ਤਾਂ ਉਹ (ਸ਼ੇਰਨੀ) ਵੱਛੇ ਨੂੰ ਛੱਡ ਕੇ ਚਲੀ ਗਈ। ਪਰ ਉਦੋਂ ਤੱਕ ਵੱਛਾ ਮਰ ਚੁੱਕਾ ਸੀ।"
ਦਸ ਦਿਨ ਪਹਿਲਾਂ ਸ਼ੇਰਨੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਸੀ
ਇਸ ਤੋਂ 10 ਦਿਨ ਪਹਿਲਾਂ, 12 ਅਕਤੂਬਰ ਦੀ ਰਾਤ ਨੂੰ ਵੀ ਇੱਕ ਸ਼ੇਰਨੀ ਇਸੇ ਤਰ੍ਹਾਂ ਵਲਾਦਰ ਪਿੰਡ ਵਿੱਚ ਆ ਗਈ ਸੀ।
ਉਸ ਨੇ 30 ਸਾਲਾ ਮਹੇਸ਼ ਰਾਠੌੜ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਜਾਨ ਲੈ ਲਈ।
ਮਹੇਸ਼ ਰਾਠੌੜ ਪੰਜ ਬੱਚਿਆਂ ਦੇ ਪਿਤਾ ਸਨ। ਰੁਜ਼ਗਾਰ ਦੀ ਭਾਲ ਵਿੱਚ ਉਹ ਆਪਣੇ ਪਰਿਵਾਰ ਨਾਲ ਦੋ ਮਹੀਨੇ ਪਹਿਲਾਂ ਵਲਾਦਰ ਛੱਡ ਕੇ ਪੋਰਬੰਦਰ ਚਲੇ ਗਏ ਸਨ।
ਉੱਥੇ ਉਹ ਮੱਛੀਆਂ ਦੀ ਪ੍ਰੋਸੈਸਿੰਗ ਕਰਨ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ।
ਪਰ ਪਰਿਵਾਰ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਜਾਣ ਕਾਰਨ ਮਹੇਸ਼ ਰਾਠੌੜ 12 ਅਕਤੂਬਰ ਨੂੰ ਇਕੱਲੇ ਵਲਾਦਰ ਆਏ ਸਨ।
ਇਹ ਜਾਣਕਾਰੀ ਉਨ੍ਹਾਂ ਦੇ ਛੋਟੇ ਭਰਾ ਮੁਕੇਸ਼ ਰਾਠੌੜ ਨੇ ਦਿੱਤੀ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹੇਸ਼ ਰਾਠੌੜ ਪਿੰਡ ਦੇ ਪਿੱਛੇ ਝਾੜੀਆਂ ਨਾਲ ਘਿਰੇ ਆਪਣੇ ਘਰ ਦੇ ਬਾਹਰ ਸੁੱਤੇ ਹੋਏ ਸਨ।
ਇਸੇ ਦੌਰਾਨ ਇੱਕ ਸ਼ੇਰਨੀ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਮਾਰਨ ਤੋਂ ਬਾਅਦ ਉਹ ਘਸੀਟ ਕੇ ਨੇੜਲੇ ਖੇਤ ਵਿੱਚ ਲੈ ਗਈ।
ਮਹੇਸ਼ ਰਾਠੌੜ ਦੇ ਸਰੀਰ ਦੇ ਅਵਸ਼ੇਸ਼ 14 ਅਕਤੂਬਰ ਦੀ ਸਵੇਰ ਨੂੰ ਮਿਲੇ ਸਨ।
ਸ਼ੇਰਨੀ ਫੜੀ ਗਈ, ਪਰ ਸ਼ੇਰਾਂ ਦਾ ਆਉਣਾ ਜਾਰੀ ਰਿਹਾ
ਬਾਅਦ ਵਿੱਚ ਜੰਗਲਾਤ ਵਿਭਾਗ ਨੇ ਘੱਟ ਉਮਰ ਦੀ ਇੱਕ ਸ਼ੇਰਨੀ ਨੂੰ ਫੜ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ।
ਪਰ ਵਲਾਦਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਪਿੰਡ ਦੀਆਂ ਗਲੀਆਂ ਵਿੱਚ ਹਰ ਰਾਤ ਸ਼ੇਰਾਂ ਦਾ ਆਉਣਾ ਜਾਰੀ ਹੈ।
ਗੋਬਰਭਾਈ ਦੇ ਘਰ ਦੇ ਨੇੜੇ ਵੱਛੇ ਦਾ ਸ਼ਿਕਾਰ ਕਰਨ ਵਾਲੀ ਸ਼ੇਰਨੀ ਅਤੇ ਉਸ ਦੇ ਦੋ ਬੱਚੇ 21 ਅਕਤੂਬਰ ਦੀ ਰਾਤ ਨੂੰ ਪਿੰਡ ਦੇ ਚੌਕ ਵਿੱਚ ਵੀ ਦਿਖਾਈ ਦਿੱਤੇ ਸਨ।
ਇਸ ਚੌਕ ਵਿੱਚ ਨਰਾਤਿਆਂ ਦੌਰਾਨ ਗਰਬਾ ਕਰਵਾਉਣ ਲਈ ਪੰਡਾਲ ਲਗਾਇਆ ਗਿਆ ਸੀ। ਪਿੰਡ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੇਰਨੀ ਅਤੇ ਉਸ ਦੇ ਬੱਚੇ ਇਸੇ ਪੰਡਾਲ ਦੇ ਆਲੇ-ਦੁਆਲੇ ਘੁੰਮ ਰਹੇ ਸਨ।
ਕਿਸਾਨ ਸ਼ੇਰਾਂ ਬਾਰੇ ਗੱਲ ਕਰ ਰਹੇ ਸਨ, ਉਦੋਂ ਹੀ ਦਹਾੜ ਸੁਣਾਈ ਦਿੱਤੀ
ਸ਼ੇਰ ਦੇ ਹਮਲੇ ਵਿੱਚ ਮਹੇਸ਼ ਰਾਠੌੜ ਦੀ ਮੌਤ ਤੋਂ ਬਾਅਦ ਵਲਾਦਰ ਦੇ ਹਾਲਾਤ ਕਿਹੋ ਜਿਹੇ ਹਨ, ਇਹ ਸਮਝਣ ਲਈ ਮੈਂ ਅਤੇ ਬੀਬੀਸੀ ਦੇ ਸਹਿਯੋਗੀ ਬਿਪਿਨ ਟੰਕਾਰੀਆ 21 ਅਕਤੂਬਰ ਨੂੰ ਪਿੰਡ ਪਹੁੰਚੇ।
ਅਸੀਂ 22 ਅਕਤੂਬਰ ਦੀ ਦੇਰ ਸ਼ਾਮ ਤੱਕ ਉੱਥੇ ਰੁਕੇ। 22 ਅਕਤੂਬਰ ਦੀ ਸ਼ਾਮ ਨੂੰ ਕਰੀਬ ਪੌਣੇ ਅੱਠ ਵਜੇ ਅਸੀਂ ਵਲਾਦਰ ਦੇ ਚੌਕ ਵਿੱਚ ਕਿਸਾਨ ਪਰੇਸ਼ਭਾਈ ਕਾਂਜੀਭਾਈ ਕਯਾਡਾ ਦੀ ਇੰਟਰਵਿਊ ਕਰ ਰਹੇ ਸੀ।
ਪਿੰਡ ਵਿੱਚ ਪਰੇਸ਼ਭਾਈ ਨੂੰ 'ਮਾਮਲਤਦਾਰ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪਰੇਸ਼ਭਾਈ ਨੇ ਇੰਟਰਵਿਊ ਦੌਰਾਨ ਕਿਹਾ, "ਇਸ ਸਮੇਂ ਸ਼ੇਰਾਂ ਕਾਰਨ ਸਾਡੇ ਪਿੰਡ ਦੀ ਹਾਲਤ ਬਹੁਤ ਖ਼ਰਾਬ ਹੈ। ਇੱਥੇ ਸ਼ੇਰ ਰਾਤ ਨੂੰ ਵੀ ਆਉਂਦੇ ਹਨ ਅਤੇ ਦਿਨ ਵੇਲੇ ਵੀ।"
"ਸਾਡਾ ਪਿੰਡ ਬਾਗ਼ਬਾਨੀ ਵਾਲਾ ਇਲਾਕਾ ਹੈ। ਪਿੰਡ ਦੀ 80 ਫ਼ੀਸਦੀ ਜ਼ਮੀਨ ਉੱਤੇ ਬਾਗ਼ ਹਨ ਅਤੇ ਬਾਕੀ 20 ਫ਼ੀਸਦੀ ਜ਼ਮੀਨ ਉੱਤੇ ਗੰਨੇ ਵਰਗੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ।"
"ਸਾਨੂੰ ਖੇਤਾਂ ਵਿੱਚ ਪਾਣੀ ਲਾਉਣ ਜਾਂ ਖੇਤ ਅਤੇ ਉਸ ਦੀ ਵੱਟ ਉੱਤੇ ਜਾਣ ਦੀ ਲੋੜ ਪੈਂਦੀ ਹੈ। ਇਸ ਸਮੇਂ ਸਾਡੇ ਕੰਮ ਦਾ ਸੀਜ਼ਨ ਹੈ, ਪਰ ਸ਼ੇਰਾਂ ਕਾਰਨ ਅਸੀਂ ਆਪਣੇ ਖੇਤਾਂ ਵਿੱਚ ਕਿਵੇਂ ਜਾਈਏ?"
ਪਰੇਸ਼ਭਾਈ ਕਹਿੰਦੇ ਹਨ, "ਸ਼ੇਰ ਲਗਾਤਾਰ ਪਿੰਡ ਵਿੱਚ ਆਉਂਦੇ ਰਹਿੰਦੇ ਹਨ। ਹਰ ਚਾਰ-ਪੰਜ ਦਿਨਾਂ ਬਾਅਦ ਇੱਥੇ ਕਿਸੇ ਜਾਨਵਰ ਦਾ ਸ਼ਿਕਾਰ ਕਰਦੇ ਹਨ। ਅਜਿਹੇ ਵਿੱਚ ਅਸੀਂ ਆਪਣੀ ਰੱਖਿਆ ਕਿਵੇਂ ਕਰੀਏ? ਸਾਡੇ ਪਿੰਡ ਤੋਂ ਜੰਗਲ ਦੀ ਹੱਦ ਤਿੰਨ ਕਿਲੋਮੀਟਰ ਦੂਰ ਹੈ।"
"ਫਿਰ ਉਹ ਕਹਿੰਦੇ ਹਨ ਕਿ ਪਿੰਡ ਵਾਲੇ ਸ਼ੇਰਾਂ ਨੂੰ ਪੱਥਰ ਮਾਰਦੇ ਹਨ। ਜੇ ਕੋਈ ਪੱਥਰ ਮਾਰਦਾ ਹੈ ਤਾਂ ਉਨ੍ਹਾਂ ਨੂੰ ਉਸ ਦੀ ਵੀਡੀਓ ਬਣਾ ਲੈਣੀ ਚਾਹੀਦੀ ਹੈ ਨਾ?"
"ਜੰਗਲਾਤ ਵਿਭਾਗ ਨੂੰ ਉਸ ਦੀ ਰਿਕਾਰਡਿੰਗ ਕਰ ਲੈਣੀ ਚਾਹੀਦੀ ਹੈ। ਸੁਣ ਰਹੇ ਹੋ ਨਾ? ਤੁਹਾਨੂੰ ਵੀ ਸ਼ੇਰ ਦੀ ਆਵਾਜ਼ ਸੁਣਾਈ ਦੇ ਰਹੀ ਹੋਵੇਗੀ। ਇਸ ਸਮੇਂ ਉਹ ਆਲੇ-ਦੁਆਲੇ ਦੇ ਕਿਸੇ ਬਾਗ਼ ਵਿੱਚ ਹੀ ਹੋਵੇਗਾ।"
ਅਸੀਂ ਪਰੇਸ਼ਭਾਈ ਦੀ ਇੰਟਰਵਿਊ ਵੀਡੀਓ ਵਿੱਚ ਰਿਕਾਰਡ ਕਰ ਰਹੇ ਸੀ। ਉਸੇ ਦੌਰਾਨ ਚੌਕ ਦੇ ਉੱਤਰ ਵੱਲੋਂ ਇੱਕ ਸ਼ੇਰਨੀ ਦੀ ਦਹਾੜ ਸੁਣਾਈ ਦਿੱਤੀ।
ਪਰੇਸ਼ਭਾਈ ਬੋਲਦੇ-ਬੋਲਦੇ ਰੁਕ ਗਏ। ਉਨ੍ਹਾਂ ਨੇ ਸਾਨੂੰ ਵੀ ਚੁੱਪ ਰਹਿ ਕੇ ਉਸ ਦੀ ਦਹਾੜ ਸੁਣਨ ਲਈ ਕਿਹਾ।
'ਕੱਲ੍ਹ ਰਾਤ ਸ਼ੇਰ ਗਰਬੇ ਦੇ ਪੰਡਾਲ ਵਿੱਚ ਆਏ ਸਨ'
ਦਹਾੜ ਸੁਣਾਈ ਦੇਣ ਤੋਂ ਬਾਅਦ ਪਰੇਸ਼ਭਾਈ ਨੇ (ਹੱਸਦਿਆਂ) ਕਿਹਾ, "ਕੱਲ੍ਹ ਰਾਤ 11 ਵਜੇ ਸ਼ੇਰ ਇੱਥੇ ਮਾਤਾ ਦੇ ਗਰਬੇ ਦੇ ਪੰਡਾਲ ਵਿੱਚ ਗਰਬਾ ਖੇਡਣ ਆਏ ਸਨ।"
"ਤੁਸੀਂ ਪਿੰਡ ਵਿੱਚ ਕਿਸੇ ਤੋਂ ਵੀ ਪੁੱਛ ਲਓ। ਸਾਢੇ ਗਿਆਰਾਂ ਵਜੇ ਇੱਥੇ ਇੱਕ ਜਾਨਵਰ ਦਾ ਸ਼ਿਕਾਰ ਹੋਇਆ ਸੀ। ਪੰਜ-ਸੱਤ ਦਿਨ ਪਹਿਲਾਂ ਦੇਵੀਪੂਜਕ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਸ਼ੇਰ ਖਾ ਗਿਆ ਸੀ।"
ਪਰੇਸ਼ਭਾਈ ਕਹਿੰਦੇ ਹਨ, "ਹੁਣ ਅਸੀਂ ਕਿਵੇਂ ਰਹੀਏ? ਬਹੁਤ ਡਰ ਲੱਗਦਾ ਹੈ। ਖੇਤ ਵਿੱਚ ਜਾਈਏ ਤਾਂ ਉੱਥੇ ਦਿਨ ਵੇਲੇ ਵੀ ਸ਼ੇਰ ਅਤੇ ਤੇਂਦੂਏ ਦਾ ਡਰ ਰਹਿੰਦਾ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਰਾਤ ਨੂੰ ਹੀ ਡਰ ਲੱਗਦਾ ਹੈ।"
ਪਰੇਸ਼ਭਾਈ ਅਤੇ ਚੌਕ ਵਿੱਚ ਮੌਜੂਦ ਹੋਰ ਲੋਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਥੋੜ੍ਹੀ ਦੇਰ ਬਾਅਦ ਸ਼ੇਰ ਪਿੰਡ ਦੀਆਂ ਗਲੀਆਂ ਵਿੱਚ ਆ ਜਾਣਗੇ।
ਅਸੀਂ ਰਾਤ ਸਾਢੇ ਨੌਂ ਵਜੇ ਵਲਾਦਰ ਤੋਂ ਚਲੇ ਗਏ।
ਹਾਲਾਂਕਿ, 23 ਅਕਤੂਬਰ ਨੂੰ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ 22 ਅਤੇ 23 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਸ਼ੇਰ ਪਿੰਡ ਦੀਆਂ ਗਲੀਆਂ ਵਿੱਚ ਦਿਖਾਈ ਨਹੀਂ ਦਿੱਤੇ।
ਪਿੰਡ ਦੇ ਆਲੇ-ਦੁਆਲੇ ਸ਼ੇਰਾਂ ਦੇ ਰਹਿਣ ਲਈ ਕਈ ਥਾਵਾਂ
ਲਗਭਗ ਦੋ ਹਜ਼ਾਰ ਦੀ ਆਬਾਦੀ ਵਾਲਾ ਵਲਾਦਰ ਇੱਕ ਛੋਟਾ ਜਿਹਾ ਪਿੰਡ ਹੈ। ਪਿੰਡ ਦੇ ਪੂਰਬ ਵਿੱਚ ਸ਼ਿੰਗੋਡਾ ਨਦੀ ਅਤੇ ਪੱਛਮ ਵਿੱਚ ਸੋਮਾਤ ਨਦੀ ਵਗਦੀ ਹੈ।
ਪਿੰਡ ਦੀ ਜ਼ਿਆਦਾਤਰ ਖੇਤੀਬਾੜੀ ਵਾਲੀ ਜ਼ਮੀਨ ਉੱਤੇ ਅੰਬਾਂ ਦੇ ਬਾਗ਼ ਹਨ। ਬਾਕੀ ਜ਼ਮੀਨ ਉੱਤੇ ਵੱਡੇ ਪੱਧਰ 'ਤੇ ਗੰਨੇ ਦੀ ਖੇਤੀ ਹੁੰਦੀ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਗਿਰ ਦੇ ਜੰਗਲ ਦੇ ਆਲੇ-ਦੁਆਲੇ ਦੀ ਜ਼ਮੀਨ ਉੱਤੇ ਉਗਾਈਆਂ ਜਾਣ ਵਾਲੀਆਂ ਇਸ ਤਰ੍ਹਾਂ ਦੀਆਂ ਫ਼ਸਲਾਂ ਸ਼ੇਰਾਂ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰ ਸਕਦੀਆਂ ਹਨ।
ਵਲਾਦਰ ਪਿੰਡ ਵਿੱਚ ਚਰਾਂਦ ਦੀ ਵੀ ਕਾਫ਼ੀ ਜ਼ਮੀਨ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਥੇ ਮੌਜੂਦ ਖਾਖਰਾ ਅਤੇ ਅਭਾਗਾ ਵਰਗੀਆਂ ਝਾੜੀਆਂ ਸ਼ੇਰਾਂ ਦੇ ਰਹਿਣ ਲਈ ਚੰਗੀਆਂ ਥਾਵਾਂ ਸਾਬਤ ਹੁੰਦੀਆਂ ਹਨ।
ਇਸ ਤੋਂ ਇਲਾਵਾ ਵਲਾਦਰ ਵਿੱਚ ਇੱਕ ਰਾਖਵਾਂ ਜੰਗਲ ਵੀ ਹੈ।
'ਹਰ ਸਾਲ ਪੰਜ-ਸੱਤ ਬੱਕਰੀਆਂ ਉਨ੍ਹਾਂ ਦੇ ਹਿੱਸੇ ਚਲੀਆਂ ਜਾਂਦੀਆਂ ਹਨ'
ਵਲਾਦਰ ਵਿੱਚ ਕਿਸਾਨਾਂ ਤੋਂ ਇਲਾਵਾ ਪਸ਼ੂ ਪਾਲਕ ਵੀ ਰਹਿੰਦੇ ਹਨ। ਉਹ ਭੇਡਾਂ-ਬੱਕਰੀਆਂ ਚਰਾ ਕੇ ਆਪਣੀ ਰੋਜ਼ੀ ਕਮਾਉਂਦੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ 26 ਸਾਲਾ ਪਸ਼ੂ ਪਾਲਕ ਵਿਪੁਲ ਵੰਸ਼ ਕਹਿੰਦੇ ਹਨ, "ਮੈਂ ਅੱਠ-ਨੌਂ ਸਾਲਾਂ ਤੋਂ ਪਸ਼ੂ ਚਾਰ ਰਿਹਾ ਹਾਂ। ਜਦੋਂ ਤੋਂ ਇਹ ਕੰਮ ਕਰ ਰਿਹਾ ਹਾਂ, ਜਿੱਥੇ ਵੀ ਜਾਂਦਾ ਹਾਂ, ਜੰਗਲੀ ਜਾਨਵਰ ਦਿਖਾਈ ਦਿੰਦੇ ਹਨ।"
"ਹਰ ਸਾਲ ਮੇਰੀਆਂ ਪੰਜ-ਸੱਤ ਬੱਕਰੀਆਂ ਉਨ੍ਹਾਂ ਦੇ ਹਿੱਸੇ ਚਲੀਆਂ ਜਾਂਦੀਆਂ ਹਨ। ਅਜਿਹਾ ਲੱਗਦਾ ਹੈ, ਜਿਵੇਂ ਅਸੀਂ ਉਨ੍ਹਾਂ ਨੂੰ ਖੁਆਉਣ ਲਈ ਹੀ ਬੱਕਰੀਆਂ ਪਾਲਦੇ ਹੋਈਏ।"
"ਅਸੀਂ ਰਸਤੇ ਵਿੱਚ ਕਿਤੇ ਰੁਕ ਵੀ ਨਹੀਂ ਸਕਦੇ। ਜੇ ਰੁਕਦੇ ਹਾਂ ਤਾਂ ਉਹ ਬੱਕਰੀਆਂ ਚੁੱਕ ਕੇ ਲੈ ਜਾਂਦੇ ਹਨ।"
ਵਿਪੁਲ ਕਹਿੰਦੇ ਹਨ, "ਸੱਤ ਲੋਕ ਵੀ ਸਾਹਮਣੇ ਖੜ੍ਹੇ ਹੋ ਜਾਣ, ਫਿਰ ਵੀ ਹਰ ਸਾਲ ਪੰਜ-ਸੱਤ ਬੱਕਰੀਆਂ ਘੱਟ ਹੋ ਜਾਂਦੀਆਂ ਹਨ।"
"ਤੇਂਦੂਏ ਘਰੋਂ ਬੱਕਰੀਆਂ ਚੁੱਕ ਕੇ ਲੈ ਜਾਂਦੇ ਹਨ ਅਤੇ ਬਾਹਰ ਸ਼ੇਰਨੀਆਂ ਤੇ ਸ਼ੇਰ ਹਮਲਾ ਕਰਦੇ ਹਨ। ਸਵੇਰੇ ਪੰਜ ਜਾਂ ਸੱਤ ਵਜੇ ਬੱਕਰੀਆਂ ਚਰਾਉਣ ਲਈ ਨਿਕਲੋ ਤਾਂ ਸਾਹਮਣੇ ਜੰਗਲੀ ਜਾਨਵਰ ਮੌਜੂਦ ਹੁੰਦੇ ਹਨ।"
"ਜੇ ਮੱਝ ਵਰਗਾ ਵੱਡਾ ਪਸ਼ੂ ਹੋਵੇ ਤਾਂ ਉਹ ਸ਼ੇਰ ਨੂੰ ਭਜਾ ਦਿੰਦਾ ਹੈ, ਪਰ ਸ਼ੇਰ ਬੱਕਰੀ ਨੂੰ ਦੌੜ ਕੇ ਫੜ ਲੈਂਦਾ ਹੈ।"
12 ਫੁੱਟ ਉੱਚੀ ਕੰਧ ਵੀ ਟੱਪ ਜਾਂਦੇ ਹਨ ਤੇਂਦੂਏ
ਵਿਪੁਲ ਵੰਸ਼ ਦੇ ਘਰ ਦੀ ਕੰਧ ਲਗਭਗ 12 ਫੁੱਟ ਉੱਚੀ ਹੈ।
ਪਰ ਨਾਲ ਲੱਗਦੀ ਇੱਕ ਕੰਧ ਦੇ ਸਹਾਰੇ ਤੇਂਦੂਏ ਇਸ ਨੂੰ ਟੱਪ ਕੇ ਵਾਰ-ਵਾਰ ਉਨ੍ਹਾਂ ਦੇ ਘਰ ਵਿੱਚ ਛਾਲ ਮਾਰ ਕੇ ਆ ਜਾਂਦੇ ਸਨ ਅਤੇ ਬੱਕਰੀਆਂ ਦਾ ਸ਼ਿਕਾਰ ਕਰਦੇ ਸਨ।
ਇਸ ਤੋਂ ਬਚਣ ਲਈ ਵਿਪੁਲ ਨੇ ਇੱਕ ਸਾਲ ਪਹਿਲਾਂ ਮੱਛੀਆਂ ਫੜਨ ਵਾਲਾ ਇੱਕ ਪੁਰਾਣਾ ਜਾਲ ਖ਼ਰੀਦਿਆ।
ਉਨ੍ਹਾਂ ਨੇ ਲੱਕੜਾਂ ਦੇ ਸਹਾਰੇ ਇਸ ਜਾਲ ਨੂੰ ਕੰਧ ਉੱਤੇ ਬੰਨ੍ਹ ਦਿੱਤਾ ਅਤੇ ਇਸ ਤਰ੍ਹਾਂ ਕੰਧ ਦੀ ਉਚਾਈ ਲਗਭਗ ਚਾਰ ਫੁੱਟ ਹੋਰ ਵਧਾ ਦਿੱਤੀ।
ਪਰ ਵਿਪੁਲ ਦਾ ਕਹਿਣਾ ਹੈ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਇੱਕ ਤੇਂਦੂਆ ਉਸ ਜਾਲ ਨੂੰ ਵੀ ਟੱਪ ਗਿਆ ਅਤੇ ਇੱਕ ਬੱਕਰੀ ਦਾ ਸ਼ਿਕਾਰ ਕਰ ਲਿਆ।
'ਪੰਜ ਹਜ਼ਾਰ ਰੁਪਏ ਵਿੱਚ ਬੱਕਰੀ ਕਿੱਥੇ ਮਿਲਦੀ ਹੈ?'
ਬਾਲੂਭਾਈ ਰਾਠੌੜ ਨਾਂ ਦੇ ਇੱਕ ਹੋਰ ਪਸ਼ੂ ਪਾਲਕ ਰਾਤ ਨੂੰ ਆਪਣੀਆਂ ਬੱਕਰੀਆਂ ਨੂੰ ਇੱਕ ਵਾੜੇ ਵਿੱਚ ਬੰਦ ਕਰਕੇ ਉਸ ਦਾ ਦਰਵਾਜ਼ਾ ਲਗਾ ਦਿੰਦੇ ਹਨ।
ਉਹ ਕਹਿੰਦੇ ਹਨ, "ਜਾਨ ਨਾਲੋਂ ਵੱਧ ਰੋਜ਼ੀ ਪਿਆਰੀ ਹੁੰਦੀ ਹੈ। ਮੇਰੀ ਇੱਕ ਬੱਕਰੀ ਦੀ ਕੀਮਤ 10 ਤੋਂ 15 ਹਜ਼ਾਰ ਰੁਪਏ ਹੈ।"
"ਪਰ ਜੇ ਸ਼ੇਰ ਜਾਂ ਤੇਂਦੂਆ ਉਸ ਨੂੰ ਮਾਰ ਦੇਵੇ ਤਾਂ ਜੰਗਲਾਤ ਵਿਭਾਗ ਸਿਰਫ਼ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਦਿੰਦਾ ਹੈ। ਕੀ ਪੰਜ ਹਜ਼ਾਰ ਰੁਪਏ ਵਿੱਚ ਬੱਕਰੀ ਮਿਲਦੀ ਹੈ?"
ਬਾਲੂਭਾਈ ਕਹਿੰਦੇ ਹਨ, "ਜੇ ਇੱਕ ਹੀ ਬੱਕਰੀ ਹੋਵੇ ਤਾਂ ਉਸ ਨੂੰ ਫੜ ਕੇ ਚਰਾਇਆ ਜਾ ਸਕਦਾ ਹੈ। ਪਰ ਜੇ ਬੱਕਰੀਆਂ ਜ਼ਿਆਦਾ ਹੋਣ ਤਾਂ ਉਹ ਵੱਖ-ਵੱਖ ਥਾਵਾਂ 'ਤੇ ਚਰਦੀਆਂ ਹਨ। ਸ਼ੇਰ ਆਉਂਦਾ ਹੈ, ਉਨ੍ਹਾਂ ਨੂੰ ਮਾਰਦਾ ਹੈ ਅਤੇ ਚਲਾ ਜਾਂਦਾ ਹੈ।"
ਕਿਸਾਨਾਂ ਨਾਲ ਤਾਲਮੇਲ ਬਣਾ ਕੇ ਪਸ਼ੂ ਚਰਾਉਂਦੇ ਹਨ ਪਸ਼ੂ ਪਾਲਕ
ਵਿਪੁਲ ਵੰਸ਼ ਦੱਸਦੇ ਹਨ ਕਿ ਖੇਤਾਂ ਦੇ ਆਲੇ-ਦੁਆਲੇ ਸ਼ੇਰਾਂ ਦਾ ਖ਼ਤਰਾ ਘੱਟ ਕਰਨ ਲਈ ਵਲਾਦਰ ਦੇ ਪਸ਼ੂ ਪਾਲਕਾਂ ਨੇ ਭੇਡਾਂ-ਬੱਕਰੀਆਂ ਚਰਾਉਣ ਦਾ ਸਮਾਂ ਕਿਸਾਨਾਂ ਦੀ ਰੋਜ਼ਾਨਾ ਦੀ ਰੁਟੀਨ ਮੁਤਾਬਕ ਤੈਅ ਕਰ ਲਿਆ ਹੈ।
ਉਹ ਕਹਿੰਦੇ ਹਨ, "ਅਸੀਂ ਸਵੇਰੇ 10 ਵਜੇ ਇੱਥੋਂ ਨਿਕਲਦੇ ਹਾਂ। ਇਹ ਬੱਕਰੀਆਂ ਹਨ ਅਤੇ ਸ਼ੇਰ ਇਨ੍ਹਾਂ ਨੂੰ ਤੁਰੰਤ ਚੁੱਕ ਲੈਂਦਾ ਹੈ। ਇਸ ਲਈ ਅਸੀਂ 10 ਵਜੇ ਤੋਂ ਬਾਅਦ ਹੀ ਇਨ੍ਹਾਂ ਨੂੰ ਲੈ ਕੇ ਨਿਕਲਦੇ ਹਾਂ।"
"ਉਦੋਂ ਤੱਕ ਪੂਰਾ ਪਿੰਡ ਜਾਗ ਚੁੱਕਾ ਹੁੰਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਵਿੱਚ ਪਹੁੰਚ ਜਾਂਦੇ ਹਨ। ਜੇ ਉੱਥੇ ਸ਼ੇਰ ਹੋਵੇ ਤਾਂ ਕਿਸਾਨ ਸਾਨੂੰ ਦੱਸ ਦਿੰਦੇ ਹਨ ਕਿ ਭਾਈ, ਧਿਆਨ ਰੱਖਣਾ। ਫਿਰ ਸ਼ਾਮ ਪੰਜ ਵਜੇ ਤੱਕ ਮੈਨੂੰ ਬੱਕਰੀਆਂ ਘਰ ਪਹੁੰਚਾਉਣੀਆਂ ਪੈਂਦੀਆਂ ਹਨ।"
ਵਿਪੁਲ ਕਹਿੰਦੇ ਹਨ, "ਇਸ ਤੋਂ ਬਾਅਦ ਕਿਸਾਨ ਪਿੰਡ ਵਾਪਸ ਆਉਂਦੇ ਹਨ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਸ਼ੇਰ ਵੀ ਆ ਜਾਂਦੇ ਹਨ।"
"ਜਦੋਂ ਤੱਕ ਕਿਸਾਨ ਖੇਤਾਂ ਵਿੱਚ ਹੁੰਦੇ ਹਨ, ਉਦੋਂ ਤੱਕ ਅਸੀਂ ਖੇਤਾਂ ਦੀਆਂ ਵੱਟਾਂ 'ਤੇ ਬੱਕਰੀਆਂ ਚਰਾਉਂਦੇ ਹਾਂ। ਕਿਸਾਨਾਂ ਦੇ ਪਿੰਡ ਵਾਪਸ ਆਉਣ ਤੋਂ ਪਹਿਲਾਂ ਸਾਨੂੰ ਆਪਣੀਆਂ ਬੱਕਰੀਆਂ ਘਰ ਵਿੱਚ ਬੰਦ ਕਰਨੀਆਂ ਪੈਂਦੀਆਂ ਹਨ।"
ਔਰਤਾਂ ਲਈ ਖ਼ਤਰਾ ਵਧਿਆ
ਕਿਸਾਨ ਗੀਤਾਬੇਨ ਮਕਵਾਣਾ ਕਹਿੰਦੀ ਹੈ ਕਿ ਔਰਤਾਂ ਲਈ ਖ਼ਤਰਾ ਦੁਗਣਾ ਹੈ।
ਉਹ ਗੁੱਸੇ ਵਿੱਚ ਕਹਿੰਦੀ ਹੈ, "ਸ਼ੇਰਾਂ ਅਤੇ ਤੇਂਦੂਆਂ ਦੇ ਡਰ ਕਾਰਨ ਔਰਤਾਂ ਕਿਸੇ ਮਰਦ ਤੋਂ ਬਿਨਾਂ ਖੇਤ ਵਿੱਚ ਕੰਮ ਕਰਨ ਨਹੀਂ ਆ ਸਕਦੀਆਂ।"
ਮਹੇਸ਼ ਰਾਠੌੜ ਅਤੇ ਉਨ੍ਹਾਂ ਦੀ ਪਤਨੀ ਕੰਚਨਬੇਨ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਧੀ ਦੀ ਉਮਰ ਲਗਭਗ 10 ਸਾਲ ਹੈ।
ਗੀਤਾਬੇਨ ਅਤੇ ਉਨ੍ਹਾਂ ਦੇ ਪਤੀ ਭਰਤਭਾਈ ਮਕਵਾਣਾ ਪੰਜ ਵੀਘਾ ਜ਼ਮੀਨ ਉੱਤੇ ਗੰਨੇ ਦੀ ਖੇਤੀ ਕਰਦੇ ਹਨ। ਉਹ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਹਨ।
ਜਦੋਂ ਇਹ ਜੋੜਾ ਖੇਤ ਵਿੱਚ ਮੌਜੂਦ ਨਹੀਂ ਹੁੰਦਾ ਤਾਂ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ ਖੇਤ ਵਿੱਚ ਬਣੇ ਵਾੜੇ ਵਿੱਚ ਬੰਦ ਕਰ ਦਿੰਦਾ ਹੈ, ਤਾਂ ਜੋ ਉਨ੍ਹਾਂ ਨੂੰ ਸ਼ੇਰਾਂ ਅਤੇ ਤੇਂਦੂਆਂ ਦੇ ਹਮਲੇ ਤੋਂ ਬਚਾਇਆ ਜਾ ਸਕੇ।
ਗੀਤਾਬੇਨ ਕਹਿੰਦੀ ਹੈ, "ਅਸੀਂ ਸਵੇਰੇ ਬਹੁਤ ਜਲਦੀ ਖੇਤ ਵਿੱਚ ਨਹੀਂ ਆ ਸਕਦੇ, ਪਰ ਡੇਅਰੀ ਵਿੱਚ ਦੁੱਧ ਪਹੁੰਚਾਉਣ ਲਈ ਗਾਵਾਂ ਅਤੇ ਮੱਝਾਂ ਦਾ ਦੁੱਧ ਜਲਦੀ ਚੋਣਾ ਪੈਂਦਾ ਹੈ।"
"ਅਜਿਹੇ ਵਿੱਚ ਖੇਤ ਵਿੱਚ ਪਹੁੰਚ ਕੇ ਅਸੀਂ ਪਹਿਲਾਂ ਦੇਖਦੇ ਹਾਂ ਕਿ ਕਿਤੇ ਸ਼ੇਰ ਜਾਂ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਤਾਂ ਨਹੀਂ ਹਨ। ਇਸ ਤੋਂ ਬਾਅਦ ਹੀ ਗਾਵਾਂ ਅਤੇ ਮੱਝਾਂ ਨੂੰ ਵਾੜੇ ਵਿੱਚੋਂ ਬਾਹਰ ਕੱਢਦੇ ਹਾਂ।"
ਪਿੰਡ ਤੋਂ ਬਾਹਰ ਪਖਾਨੇ ਲਈ ਜਾਣ ਵਾਲਿਆਂ ਨੂੰ ਡਰ
ਪਿੰਡ ਵਿੱਚ ਦੋ ਦਿਨ ਰਹਿਣ ਦੌਰਾਨ ਅਸੀਂ ਕੁਝ ਲੋਕਾਂ ਨੂੰ ਡੱਬੇ ਵਿੱਚ ਪਾਣੀ ਲੈ ਕੇ ਪਖਾਨੇ ਲਈ ਪਿੰਡ ਤੋਂ ਬਾਹਰ ਜਾਂਦੇ ਦੇਖਿਆ।
ਅਜਿਹੇ ਦ੍ਰਿਸ਼ ਜ਼ਿਆਦਾਤਰ ਸਵੇਰੇ ਅਤੇ ਸ਼ਾਮ ਵੇਲੇ ਦਿਖਾਈ ਦਿੱਤੇ। 63 ਸਾਲਾ ਕਾਦਰਬਖ਼ਸ਼ ਮਕਰਾਣੀ ਨੂੰ ਪਿੰਡ ਵਿੱਚ ਕਾਦੂਭਾਈ ਵੀ ਕਿਹਾ ਜਾਂਦਾ ਹੈ।
ਉਹ ਦੱਸਦੇ ਹਨ, "ਪਿੰਡ ਤੋਂ ਬਾਹਰ ਹਰ ਰੋਜ਼ ਸ਼ੇਰਾਂ ਦੀਆਂ ਦਹਾੜਾਂ ਸੁਣਾਈ ਦਿੰਦੀਆਂ ਹਨ। ਉਹ ਬਾਜ਼ਾਰ ਵਿੱਚ ਗਾਵਾਂ ਅਤੇ ਵੱਛਿਆਂ ਦੇ ਪਿੱਛੇ ਦੌੜਦੇ ਹੋਏ ਦਿਖਾਈ ਦਿੰਦੇ ਹਨ।"
ਹਾਲਾਂਕਿ ਪਿੰਡ ਵਿੱਚ ਜ਼ਿਆਦਾਤਰ ਲੋਕਾਂ ਨੇ ਪਖਾਨੇ ਬਣਵਾ ਲਏ ਹਨ।
ਕਾਦੂਭਾਈ ਕਹਿੰਦੇ ਹਨ, "ਚੰਗੀ ਗੱਲ ਇਹ ਹੈ ਕਿ ਲੋਕ ਹੁਣ 100-200 ਰੁਪਏ ਕਮਾਉਣ ਲੱਗ ਪਏ ਹਨ ਅਤੇ ਸਰਕਾਰ ਨੇ ਮਦਦ ਵਜੋਂ 12 ਹਜ਼ਾਰ ਰੁਪਏ ਦਿੱਤੇ ਹਨ।"
"ਇਸ ਨਾਲ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਵਿੱਚ ਪਖਾਨੇ ਬਣਵਾ ਲਏ ਹਨ। ਨਹੀਂ ਤਾਂ ਸੋਚੋ ਕਿ ਕੀ ਹਾਲ ਹੁੰਦਾ?"
ਆਲੇ-ਦੁਆਲੇ ਦੇ ਪਿੰਡਾਂ ਤੱਕ ਪਹੁੰਚ ਰਹੇ ਹਨ ਸ਼ੇਰ
ਕਾਦੂਭਾਈ ਅੱਗੇ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਸ਼ੇਰ ਸਿਰਫ਼ ਇਸੇ ਪਿੰਡ ਵਿੱਚ ਪਰੇਸ਼ਾਨ ਕਰ ਰਹੇ ਹਨ। ਉਹ ਸਾਂਢਣੀਧਾਰ ਵੀ ਪਹੁੰਚ ਜਾਂਦੇ ਹਨ, ਕੰਟਾਲਾ ਵੀ ਚਲੇ ਜਾਂਦੇ ਹਨ, ਲੀਮਧਰਾ ਜਾਂਦੇ ਹਨ ਅਤੇ ਚਾਰ-ਪੰਜ ਦਿਨ ਪਹਿਲਾਂ ਪਾਣੀਕੋਠਾ ਵਿੱਚ ਵੀ ਸਨ।"
ਉਹ ਕਹਿੰਦੇ ਹਨ, "ਸ਼ੇਰਾਂ ਤੋਂ ਪਰੇਸ਼ਾਨੀ ਤਾਂ ਹੈ, ਪਰ ਅਸੀਂ ਸਰਕਾਰ ਨੂੰ ਕੀ ਕਹੀਏ? ਜੇ ਕਹਿ ਵੀ ਦੇਈਏ ਤਾਂ ਕੀ ਸਰਕਾਰ ਸੁਣੇਗੀ?"
ਵਲਾਦਰ ਪਿੰਡ ਦੇ ਪ੍ਰਮੁੱਖ ਲੋਕਾਂ ਵਿੱਚੋਂ ਇੱਕ ਜੀਤੂਭਾਈ ਸੋਲੰਕੀ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਈ ਦਹਾਕਿਆਂ ਤੋਂ ਸ਼ੇਰ ਦਿਖਾਈ ਦਿੰਦੇ ਰਹੇ ਹਨ।
ਪਰ ਪਿਛਲੇ ਪੰਜ-ਸੱਤ ਸਾਲਾਂ ਤੋਂ ਉਹ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪਏ ਹਨ।
ਜੀਤੂਭਾਈ ਕਹਿੰਦੇ ਹਨ, "ਅੱਜ ਤੁਸੀਂ ਮਰਿਆ ਹੋਇਆ ਜਾਨਵਰ ਦੇਖਿਆ ਨਾ? ਸਾਡੇ ਵਲਾਦਰ ਵਿੱਚ ਅਜਿਹੇ ਹੀ ਹਾਲਾਤ ਹਨ। ਇਸ ਨੂੰ ਲਗਭਗ ਰੋਜ਼ ਦੀ ਗੱਲ ਮੰਨਿਆ ਜਾ ਸਕਦਾ ਹੈ।"
"ਸਾਲ 2024 ਵਿੱਚ 45 ਪਸ਼ੂਆਂ ਦਾ ਸ਼ਿਕਾਰ ਹੋਇਆ ਸੀ।"
ਉਹ ਕਹਿੰਦੇ ਹਨ, "ਪਸ਼ੂਆਂ ਅਤੇ ਇਨਸਾਨਾਂ, ਦੋਵਾਂ ਨੂੰ ਖ਼ਤਰਾ ਹੈ। ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਰਾਤ ਨੂੰ ਬਾਥਰੂਮ ਜਾਣਾ ਹੋਵੇ ਤਾਂ ਵੀ ਕਿਸੇ ਇੱਕ ਵਿਅਕਤੀ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ।"
"ਕਿਸਾਨ ਰਾਤ ਨੂੰ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ। ਇਸ ਲਈ ਜੰਗਲੀ ਸੂਰ ਅਤੇ ਨੀਲਗਾਂ ਉਨ੍ਹਾਂ ਦੀਆਂ ਫ਼ਸਲਾਂ ਵਿੱਚੋਂ ਜੋ ਖਾਣਾ ਹੁੰਦਾ ਹੈ, ਖਾ ਜਾਂਦੇ ਹਨ।"
ਜੰਗਲਾਤ ਵਿਭਾਗ ਨੇ ਕੀ ਕਿਹਾ?
ਬੀਬੀਸੀ ਨਾਲ ਗੱਲ ਕਰਦਿਆਂ ਗਿਰ ਪੱਛਮੀ ਜੰਗਲਾਤ ਵਿਭਾਗ ਦੇ ਡਿਪਟੀ ਕੰਜ਼ਰਵੇਟਰ ਆਫ਼ ਫਾਰੈਸਟ ਪ੍ਰਸ਼ਾਂਤ ਤੋਮਰ ਨੇ ਕਿਹਾ, "ਸੂਬਾ ਸਰਕਾਰ ਨੇ ਮਹੇਸ਼ ਰਾਠੌੜ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ।"
"ਉਨ੍ਹਾਂ ਉੱਤੇ ਹਮਲਾ ਕਰਨ ਵਾਲੀ ਸ਼ੇਰਨੀ ਨੂੰ ਵੀ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਹੈ।"
ਜੰਗਲਾਤ ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਲਾਦਰ ਵਿੱਚ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਸ਼ੇਰ ਅਤੇ ਤੇਂਦੂਏ ਮਿਲ ਸਕਦੇ ਹਨ।
ਉਨ੍ਹਾਂ ਕਿਹਾ, "ਇਹ ਪਿੰਡ ਗਿਰ ਦੇ ਜੰਗਲ ਦੀ ਹੱਦ ਉੱਤੇ ਸਥਿਤ ਹੈ। ਇਸ ਲਈ ਇੱਥੇ ਸ਼ੇਰਾਂ ਅਤੇ ਤੇਂਦੂਆਂ ਦੀ ਆਵਾਜਾਈ ਲਗਾਤਾਰ ਦਰਜ ਕੀਤੀ ਜਾਂਦੀ ਹੈ।"
"ਇਨਸਾਨਾਂ ਅਤੇ ਸ਼ੇਰਾਂ ਵਿਚਕਾਰ ਟਕਰਾਅ ਨਾ ਹੋਵੇ, ਇਸ ਲਈ ਸਾਡਾ ਸਟਾਫ਼ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ