ਅਸੀਂ ਬਿਨ੍ਹਾਂ ਕੋਸ਼ਿਸ਼ ਕੀਤੇ ਕਿਵੇਂ ਕਸਰਤ ਕਰ ਸਕਦੇ ਹਾਂ, ਜਾਣੋ ਸੌਖੇ ਤਰੀਕੇ ਕੀ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਗੈਰ-ਇਰਾਦਤਨ ਗਤੀਵਿਧੀਆਂ ਦਿਲ ਦੀ ਬਿਮਾਰੀ ਅਤੇ ਇੱਥੋਂ ਤੱਕ ਕਿ ਮੌਤ ਦੇ ਖਤਰੇ ਨੂੰ ਵੀ ਘਟਾ ਸਕਦੀਆਂ ਹਨ। ਤੁਸੀਂ ਇਨ੍ਹਾਂ ਸਰਲ ਤਰੀਕਿਆਂ ਨੂੰ ਕਿਸੇ ਮੀਟਿੰਗ ਵਿੱਚ ਫਲਾਈਟ ਦੌਰਾਨ ਜਾਂ ਇਸ ਲੇਖ ਨੂੰ ਪੜ੍ਹਦੇ ਹੋਇਆਂ ਵੀ ਅਜ਼ਮਾ ਸਕਦੇ ਹੋ।

ਸਾਰਾ ਦਿਨ ਬੈਠੇ ਰਹਿਣਾ ਅਸਾਨ ਹੋ ਸਕਦਾ ਹੈ। ਪਹਿਲਾਂ ਤੁਹਾਡੇ ਕੰਮ ਵਾਲੇ ਡੈਸਕ 'ਤੇ, ਫਿਰ ਕਾਰ ਵਿੱਚ ਅਤੇ ਫਿਰ ਬਾਅਦ ਵਿੱਚ ਸੋਫ਼ੇ 'ਤੇ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਤੁਸੀਂ ਰਾਤ ਦਾ ਖਾਣਾ ਖਾ ਰਹੇ ਹੁੰਦੇ ਹੋ ਅਤੇ ਅਹਿਸਾਸ ਹੁੰਦਾ ਹੈ ਕਿ ਤੁਸੀਂ ਪੂਰਾ ਦਿਨ ਕੋਈ ਕਸਰਤ ਨਹੀਂ ਕੀਤੀ ਹੈ।

ਕਈ ਗਲੋਬਲ ਅਧਿਐਨ ਕਹਿੰਦੇ ਹਨ ਕਿ ਸੁਸਤ ਜੀਵਨ ਸ਼ੈਲੀ ਗੰਭੀਰ ਸਿਹਤ ਸਮੱਸਿਆਵਾਂ ਦਾ ਖਤਰਾ ਵਧਾ ਸਕਦੀ ਹੈ। ਇਸ ਲਈ ਬੈਠ ਕੇ ਬਿਤਾਏ ਜਾਣ ਵਾਲੇ ਸਮੇ ਨੂੰ ਘਟਾਉਣ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਸਾਡੀ ਸਿਹਤ ਲਈ ਫਾਇਦੇਮੰਦ ਹੈ। ਪਰ ਇਸ ਲਈ ਸਮਾਂ ਕੱਢਣਾ ਚੁਣੌਤੀਪੂਰਨ ਹੋ ਸਕਦਾ ਹੈ।

ਇੱਥੇ ਹੀ ਗੈਰ-ਇਰਾਦਤਨ ਕਸਰਤ ਕੰਮ ਆਉਂਦੀ ਹੈ। ਇਹ ਉਹ ਹਿਲਜੁਲ ਜੋ ਅਸੀਂ ਮਿਥ ਕੇ ਕੀਤੀ ਜਾਣ ਵਾਲੀ ਕਸਰਤ ਤੋਂ ਇਲਾਵਾ ਕਰਦੇ ਹਾਂ। ਇਸ ਨੂੰ ਨਾਨ-ਐਕਸਰਸਾਈਜ਼ ਐਕਟੀਵਿਟੀ ਥਰਮੋਜੇਨੇਸਿਸ ਵਜੋਂ ਜਾਣਿਆ ਜਾਂਦਾ ਹੈ।

ਨਿਊਜ਼ੀਲੈਂਡ ਵਿੱਚ ਔਕਲੈਂਡ ਯੂਨੀਵਰਸਿਟੀ ਆਫ ਟੈਕਨੋਲਜੀ ਦੀ ਇੱਕ ਰਿਸਰਚ ਫੈਲੋ ਅਨੰਥਾ ਨਾਰਾਇਣਨ ਨੇ ਕਿਹਾ ਕਿ ਇਹ ਉਸ ਐਨਰਜੀ ਨੂੰ ਦਰਸਾਉਂਦਾ ਹੈ ਜੋ ਅਸੀਂ ਸੌਣ, ਖਾਣ ਜਾਂ ਜਾਣ ਬੁਝ ਕੇ ਕੀਤੀ ਜਾਣ ਵਾਲੀ ਕਸਰਤ ਤੋਂ ਵੱਖਰੀ ਹਿਲਜੁਲ ਲਈ ਵਰਤਦੇ ਹਾਂ।

ਗੈਰ-ਇਰਾਦਤਨ ਕਸਰਤ ਬਹੁਤ ਸਰਲ ਹੋ ਸਕਦੀ ਹੈ ਜਿਵੇਂ ਕਿ ਬੈਠਣ ਵੇਲੇ ਆਪਣੀ ਲੱਤ ਨੂੰ ਹਿਲਾਉਣਾ ਜਾਂ ਬਰਤਨ ਧੋਣਾ। ਨਾਰਾਇਣਨ ਦਾ ਕਹਿਣਾ ਹੈ, "ਛੋਟੀ ਛੋਟੀ ਹਿਲਜੁਲ ਜਿਵੇਂ ਕਿ ਬੈਠਣ-ਖੜ੍ਹਣ ਦੇ ਪੋਸਚਰ ਨੂੰ ਬਦਲਣਾ, ਮੋਢਿਆਂ ਨੂੰ ਘੁਮਾਉਣਾ ਜਾਂ ਪੈਰਾਂ ਨੂੰ ਮੋੜਣਾ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।"

ਗੈਰ-ਇਰਾਦਤਨ ਕਸਰਤ ਸਾਡੀ ਸਿਹਤ ਲਈ ਹੈਰਾਨੀਜਨਕ ਤੌਰ 'ਤੇ ਸ਼ਕਤੀਸ਼ਾਲੀ ਸਾਧਨ ਵਜੋਂ ਉਭਰ ਰਹੀ ਹੈ ਜੋ ਵਧੇਰੇ ਕੈਲੋਰੀਜ਼ ਬਰਨ ਕਰਨ, ਦਿਲ ਦੀ ਬਿਮਾਰੀ ਦੇ ਰਿਸਕ ਨੂੰ ਘਟਾਉਣ ਅਤੇ ਇੱਥੋਂ ਤੱਕ ਕਿ ਮੌਤ ਦੇ ਜ਼ਖ਼ਮ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਇਕ ਵਾਰ ਜਦੋਂ ਅਸੀਂ ਗੈਰ-ਇਰਾਦਤਨ ਗਤੀਵਿਧੀਆਂ ਬਾਰੇ ਜਾਗਰੂਕ ਹੋ ਜਾਂਦੇ ਹਾਂ ਤਾਂ ਅਸੀਂ ਜੀਵਨ ਸ਼ੈਲੀ ਵਿੱਚ ਕੁਝ ਆਮ ਬਦਲਾਅ ਕਰਕੇ ਇਸ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਹੋਰ ਸ਼ਾਮਲ ਕਰ ਸਕਦੇ ਹਾਂ। ਇਹ ਕੁਝ ਤਰੀਕੇ ਹਨ ਜੋ ਤੁਸੀਂ ਅਜ਼ਮਾ ਸਕਦੇ ਹੋ।

ਬੈਠੇ-ਬੈਠੇ ਹੱਥ ਪੈਰ ਹਿਲਾਉਣਾ

ਉਦਾਹਰਨ ਵਜੋਂ ਫਿਜਿਟਿੰਗ ਯਾਨੀ ਬੈਠੇ ਬੈਠੇ ਹੱਥ ਪੈਰ ਹਿਲਾਉਣਾ।

ਸਾਨੂੰ ਬਚਪਨ ਵਿੱਚ ਹੱਥ ਪੈਰ ਨਾ ਹਿਲਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਬੋਰੀਅਤ ਅਤੇ ਧਿਆਨ ਨਾ ਦੇਣ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਸਲਾਹ ਨੂੰ ਨਜ਼ਰਅੰਦਾਜ਼ ਕਰਨ ਦੇ ਕਈ ਕਾਰਨ ਹਨ।

ਨਾਰਾਇਣਨ ਨੇ ਕਿਹਾ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਦੌਰਾਨ ਸਾਡੀਆਂ ਲੱਤਾਂ ਦੀਆਂ ਮਾਸ ਪੇਸ਼ੀਆਂ ਕਾਫ਼ੀਆਂ ਇਨਐਕਟਿਵ ਰਹਿੰਦੀਆਂ ਹਨ। ਇਹ ਮਾਸਪੇਸ਼ੀਆਂ ਦੇ ਉਸ ਸੁੰਗੜਨ ਘਟਾਉਂਦਾ ਹੈ ਜੋ ਖੂਨ ਦੇ ਪ੍ਰਵਾਹ ਵਿੱਚੋਂ ਗਲੂਕੋਜ਼ ਨੂੰ ਸਾਫ਼ ਕਰਨ ਅਤੇ ਖੂਨ ਦੇ ਸਿਹਤਮੰਦ ਦੌਰੇ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਉਨ੍ਹਾਂ ਦੱਸਿਆ, "ਪਰ ਇੱਕ ਹਾਲੀਆ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਫਿਜੇਟਿੰਗ ਮਾਸਪੇਸ਼ੀਆਂ ਦੀ ਗਤੀਵਿਧੀਆਂ ਨੂੰ ਵਧਾਉਂਦੀ ਹੈ ਅਤੇ ਇਸ ਲਈ ਬਿਲਕੁਲ ਸ਼ਾਂਤ ਬੈਠਣ ਦੇ ਮੁਕਾਬਲੇ ਵਧੇਰੇ ਕੈਲੋਰੀਜ਼ ਬਰਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ।"

ਇਸ ਤਰ੍ਹਾਂ ਇੱਕ ਛੋਟੇ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਲੱਤ ਹਿਲਾਉਣ ਦੀ ਆਦਤ ਬਿਲਕੁਲ ਸ਼ਾਂਤ ਬੈਠਣ ਦੇ ਮੁਕਾਬਲੇ ਲਗਭਗ 16 ਫ਼ੀਸਦੀ ਵੱਧ ਐਨਰਜੀ ਬਰਨ ਕਰਦਾ ਹੈ।

ਹਿਲਜੁਲ ਕਰਦੇ ਰਹੋ

ਯੋਜਨਾਬੱਧ ਗਤੀਵਿਧੀ ਦੇ ਉਲਟ ਗੈਰ-ਇਰਾਦਤਨ ਹਿਲਜੁਲ ਲਈ ਜਿਮ ਦੀ ਮੈਂਬਰਸ਼ਿਪ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਸਾਨੂੰ ਹਿਲਜੁਲ ਕਰਨ ਲਈ ਕੋਈ ਖਾਸ ਸਮਾਂ ਕੱਢਣ ਦੀ ਲੋੜ ਪੈਂਦੀ ਹੈ।

ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਰੋਜ਼ਾਨਾ ਦੇ ਘਰੇਲੂ ਕੰਮ ਕਾਰ ਵੀ ਬੈਠੇ ਰਹਿਣ ਵਾਲੇ ਸਮੇਂ ਨੂੰ ਘਟਾ ਸਕਦੇ ਹਨ। ਖਾਣਾ ਬਣਾਉਣਾ, ਬਾਗਬਾਨੀ ਕਰਨਾ ਅਤੇ ਵੈਕਿਉਮ ਕਰਨਾ ਵੀ ਗੈਰ-ਇਰਾਦਤਨ ਕਸਰਤ ਦੇ ਹੀ ਰੂਪ ਹਨ।

ਸਿਹਤ ਵਿੱਚ ਸੁਧਾਰ ਲਈ ਸਾਨੂੰ ਘੱਟਿਆਂ ਬੱਧੀ ਹਿਲਜੁਲ ਕਰਨ ਦੀ ਲੋੜ ਨਹੀਂ। ਸਾਲ 2024 ਦੀ ਇੱਕ ਸਟੱਡੀ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਸਿਰਫ਼ ਚਾਰ ਮਿੰਟ ਦੀ ਥੋੜ੍ਹੀ ਗੈਰ ਇਰਾਦਤਨ ਤੇਜ਼ ਹਿਲਜੁਲ ਬੈਠਣ ਕਾਰਨ ਹੋਣ ਵਾਲੀਆਂ ਦਿਲ ਦੀਆਂ ਬਿਮਾਰੀਆਂ ਦੇ ਵਧੇ ਖਤਰੇ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੀ ਹੈ।

ਅਧਿਐਨ ਵਿੱਚ ਖੋਜਾਰਥੀਆਂ ਨੇ ਯੂ.ਕੇ. ਦੇ ਤਕਰੀਬਨ 22 ਹਜ਼ਾਰ ਭਾਗੀਦਾਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੇ ਇੱਕ ਟ੍ਰੈਕਿੰਗ ਯੰਤਰ ਪਹਿਨਿਆ ਹੋਇਆ ਸੀ ਜੋ ਰਿਕਾਰਡ ਕਰਦਾ ਸੀ ਕਿ ਉਹ ਪੂਰੇ ਦਿਨ ਵਿੱਚ ਕਿੰਨਾ ਹਿੱਲੇ। ਇਸ ਵਿੱਚ ਉਹ ਲੋਕ ਸਨ ਜੋ ਨਿਯਮਿਤ ਰੂਪ ਵਿੱਚ ਇਰਾਦਤਨ ਕਸਰਤ ਨਹੀਂ ਕਰਦੇ।

ਅਧਿਐਨ ਵਿੱਚ ਭਾਗ ਲੈਣ ਵਾਲਿਆਂ 'ਤੇ ਅੱਠ ਸਾਲ ਤਕ ਨਜ਼ਰ ਰੱਖੀ ਗਈ। ਖੋਜਕਰਤਾਵਾਂ ਨੇ ਦੇਖਿਆ ਕਿ ਗੈਰ ਇਰਾਦਤਨ ਗਤੀਵਿਧੀ ਦਾ ਉੱਚ ਪੱਧਰ ਦਿਨ ਵਿੱਚ ਗਿਆਰਾਂ ਘੰਟਿਆਂ ਤੋਂ ਵੱਧ ਬੈਠਣ ਨਾ ਜੁੜੇ ਸਿਹਤ ਖਤਰਿਆਂ ਨੂੰ ਬੇਅਸਰ ਕਰ ਸਕਦਾ ਹੈ। ਅਗਲੀ ਖੋਜ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਗੈਰ-ਇਰਾਦਤਨ ਗਤੀਵਿਧੀ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦੇ ਜੋਖਮ ਨੂੰ ਘਟਾਉਣ ਨਾਲ ਵੀ ਜੁੜੀ ਹੋਈ ਹੈ।

ਇਸ ਖੋਜ ਦੀ ਅਗਵਾਈ ਕਰਨ ਵਾਲੇ ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਸੀਨੀਅਰ ਰਿਸਰਚ ਫੈਲੋ ਨਿਕੋਲਸ ਕੋਏਮੇਲ ਦਾ ਕਹਿਣਾ ਹੈ ਕਿ ਅਸੀਂ ਪੌੜ੍ਹੀਆਂ ਚੜ੍ਹਣਾ, ਖਰੀਦੇ ਸਮਾਨ ਦੇ ਥੈਲੇ ਚੁੱਕਣਾ ਜਾਂ ਬੱਚਿਆਂ ਨਾਲ ਖੇਡਣ ਜਿਹੀਆਂ ਗਤੀਵਿਧੀਆਂ ਨੂੰ ਜੀਵਨ ਸ਼ੈਲੀ ਵਿੱਚ ਸ਼ਾਮਲ ਕਰ ਸਕਦੇ ਹਾਂ।

ਕੋਏਮੇਲ ਦਾ ਕਹਿਣਾ ਹੈ ਕਿ ਆਪਣੀ ਹਿਲਜੁਲ ਵਧਾਉਣ ਵਿੱਚ ਮਦਦ ਕਰਨ ਵਾਲੇ ਮੌਕਿਆਂ ਵੱਲ ਧਿਆਨ ਦੇ ਕੇ ਲੋਕ ਇਨ੍ਹਾਂ ਗਤੀਵਿਧੀਆਂ ਦੀ ਤੀਬਰਤਾ ਵਧਾ ਸਕਦੇ ਹਨ।

ਇਸ ਵਿੱਚ ਆਮ ਸਪੀਡ ਤੋਂ ਤੇਜ਼ ਤੁਰਨਾ ਜਾਂ ਦੁਕਾਨ 'ਤੇ ਜਾਣ ਵੇਲੇ ਗੱਡੀ ਦੂਰ ਪਾਰਕ ਕਰਨਾ ਸ਼ਾਮਲ ਹੋ ਸਕਦੇ ਹਨ। ਦੁਕਾਨ 'ਤੇ ਜਾ ਕੇ ਸ਼ੌਪਿੰਗ ਲਈ ਟਰੌਲੀ ਲੈਣ ਦੀ ਬਜਾਏ ਬਾਸਕਿਟ ਲੈਣ ਬਾਰੇ ਸੋਚ ਸਕਦੇ ਹੋ। ਤੁਹਾਨੂੰ ਅਹਿਸਾਸ ਵੀ ਨਹੀਂ ਹੋਵੇਗਾ ਕਿ ਤੁਸੀਂ ਖਰੀਦਦਾਰੀ ਦਾ ਕੁਝ ਕਿੱਲੋ ਸਮਾਨ ਇੱਧਰ ਉਧਰ ਚੁੱਕ ਕੇ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰ ਚੁੱਕੇ ਹੋਵੇਗੇ।

ਆਮ ਕੰਮਾਂ ਵਿੱਚ ਹਿਲਜੁਲ ਸ਼ਾਮਲ ਕਰੋ

ਯੂ.ਕੇ. ਦੀ ਲੌਫਬਰੋ ਯੂਨੀਵਰਸਿਟੀ ਵਿਚ ਬਿਹੇਵੀਅਰਲ ਮੈਡੀਸਨ ਦੀ ਪ੍ਰੋਫੈਸਰ ਅਮਾਂਡਾ ਡੇਲੀ ਦਾ ਕਹਿਣਾ ਹੈ ਕਿ ਫਿਟਨੈਸ ਦੇ ਵੱਡੇ ਟੀਚੇ ਕਈ ਵਾਰ ਬਹੁਤ ਮੁਸ਼ਕਿਲ ਲੱਗ ਸਕਦੇ ਹਨ। ਇਸ ਲਈ ਰੁਟੀਨ ਵਿੱਚ ਹਿਲਜੁਲ ਨੂੰ ਸ਼ਾਮਲ ਕਰਨ ਦੀ ਇੱਕ ਹੋਰ ਰਣਨੀਤੀ ਵਿੱਚ ਉਨ੍ਹਾਂ ਕੰਮਾਂ ਦਾ ਸਹਾਰਾ ਲੈਣਾ ਸ਼ਾਮਲ ਹੋ ਸਕਦਾ ਹੈ ਜੋ ਤੁਸੀਂ ਪਹਿਲਾਂ ਹੀ ਕਰ ਰਹੇ ਹੋ।

ਜੋ ਕੰਮ ਤੁਸੀਂ ਪਹਿਲਾਂ ਤੋਂ ਹੀ ਕਰ ਰਹੇ ਹੋ ਉਸ ਵਿੱਚ ਥੋੜ੍ਹੀ ਜਿਹੀ ਹਿਲਜੁਲ ਸ਼ਾਮਲ ਕਰ ਸਕਦੇ ਹੋ। ਆਪਣੇ ਦੰਦਾਂ ਨੂੰ ਬਰੱਸ਼ ਕਰਦਿਆਂ ਅੱਡੀਆਂ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹੋ। ਆਪਣੇ ਡੈਸਕ ਹੇਠਾਂ ਲੱਤਾਂ ਨੂੰ ਉੱਤੇ ਚੁੱਕ ਸਕਦੇ ਹੋ ਜਾਂ ਫੋਨ 'ਤੇ ਗੱਲ ਕਰਦਿਆਂ ਸੈਰ ਕਰ ਸਕਦੇ ਹੋ।

ਡੇਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਇੱਕ ਨਿਯਮ ਹੈ ਕਿ ਆਨਲਾਈਨ ਆਰਡਰ ਕੀਤੇ ਕਿਸੇ ਵੀ ਪੈਕੇਜ ਨੂੰ ਉਨ੍ਹਾਂ ਦੇ ਘਰ ਦੀ ਬਜਾਏ ਨੇੜਲੇ ਲੌਕਰ ਵਿੱਚ ਡਿਲੀਵਰੀਆਂ ਕੀਤੇ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਜੇ ਸਾਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਖੁਦ ਜਾ ਕੇ ਲੈਣੀ ਪੈਂਦੀ ਹੈ। ਕਿਸ਼ੋਰ ਬੱਚਿਆਂ ਨੂੰ ਉਨ੍ਹਾਂ ਦੇ ਕਮਰਿਆਂ ਵਿਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਰੂਟੀਨ ਵਿੱਚ ਸੈਰ ਸ਼ਾਮਲ ਕਰਨ ਦਾ ਇਹ ਇੱਕ ਵਧੀਆ ਤਰੀਕਾ ਹੋ ਸਕਦਾ ਹੈ।"

ਅਸੀਂ ਕੰਮਕਾਜ ਦੇ ਦਿਨਾਂ ਵਿੱਚ ਵੀ ਨਵੀਆਂ ਆਦਤਾਂ ਪਾ ਸਕਦੇ ਹਾਂ। ਇੱਕ ਅਧਿਐਨ ਵਿੱਚ ਡੇਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਾਕਟਰਾਂ ਨੂੰ ਖੜ੍ਹੇ ਹੋ ਕੇ ਕੰਮ ਕਰਨ ਵਾਲੇ ਡੈਸਕ ਦਿੱਤੇ। ਇਸ ਨਾਲ ਉਨ੍ਹਾ ਦੇ ਬੈਠਣ ਦਾ ਸਮਾਂ ਰੋਜ਼ਾਨਾ ਲਗਭਗ ਦੋ ਘੰਟੇ ਘਟਾਉਣ ਵਿਚ ਮਦਦ ਮਿਲੀ। ਟੀਮ ਨੇ ਦੇਖਿਆ ਕਿ ਇਸ ਨਾਲ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਨਾਲ ਬੈਠ ਕੇ ਬਿਤਾਏ ਜਾਣ ਵਾਲੇ ਸਮੇਂ ਨੂੰ ਘਟਾਉਣ ਦੇ ਫ਼ਾਇਦਿਆਂ ਬਾਰੇ ਵਧੇਰੇ ਗੱਲਬਾਤ ਕਰਨ ਲਈ ਵੀ ਉਤਸ਼ਾਹ ਮਿਲਿਆ।

ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਪੂਰੇ ਦਿਨ ਵਿੱਚ ਜਿੰਨੀ ਜ਼ਿਆਦਾ ਗੈਰ-ਇਰਾਦਤਨ ਗਤੀਵਿਧੀ ਕਰਦੇ ਹੋ ਸਮੇਂ ਨਾਲ ਓਨੀ ਹੀ ਮਕਸਦ ਵਾਲੀ ਬਣ ਸਕਦੀ ਹੈ। ਕੋਏਮੋਲ ਦਾ ਕਹਿਣਾ ਹੈ ਕਿ ਇਹ ਕਾਫ਼ੀ ਪ੍ਰੇਰਨਾਦਾਇਕ ਹੋ ਸਕਦਾ ਹੈ।

ਉਹ ਕਹਿੰਦੇ ਹਨ, " ਜਦੋਂ ਕੋਈ ਚੀਜ਼ ਅਣਜਾਣੇ ਵਿੱਚ ਤੁਹਾਡੀ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਹ ਕੁਦਰਤੀ ਤੌਰ 'ਤੇ ਤੁਹਾਡੀ ਜੀਵਨ ਸ਼ੈਲੀ ਹੀ ਬਣ ਚੁੱਕੀ ਹੁੰਦੀ ਹੈ।"

ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਹੁਣ ਬਿਨ੍ਹਾਂ ਕਿਸੇ ਸ਼ਰਮ ਮੀਟਿੰਗ ਦੌਰਾਨ ਆਪਣੀਆਂ ਲੱਤਾਂ ਹਿਲਾਉਣੀਆਂ ਸ਼ੁਰੂ ਕਰਨ ਜਾ ਰਹੀ ਹਾਂ। ਸ਼ਾਇਦ ਲੋਕ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਣ ਪਰ ਮੈਨੂੰ ਪਤਾ ਹੋਵੇਗਾ ਕਿ ਮੈਂ ਆਪਣੀ ਸਿਹਤ ਨੂੰ ਫ਼ਾਇਦਾ ਪਹੁੰਚਾ ਰਹੀ ਹਾਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)