ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਇਜ਼ਰਾਈਲ ਚੋਣਾਂ ’ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਅਜਿਹੇ ਹਾਲਾਤ ’ਚ ਸਰਕਾਰ ਬਣਨ ਦੀ ਕੀ ਪ੍ਰਕਿਰਿਆ ਹੈ
ਇਜ਼ਰਾਇਲ ਦੇ ਅੰਤਿਮ ਨਤੀਜਿਆਂ ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਨੇਤਨਯਾਹੂ ਦੇ ਗੱਠਜੋੜ ਨੇ ਅਤੇ ਨਾ ਹੀ ਯਹੂਦੀ ਵਿਰੋਧੀ ਧਿਰ ਨੇ ਸੰਸਦ ਵਿੱਚ ਬਹੁਮਤ ਹਾਸਲ ਕੀਤਾ ਹੈ।
ਉਮੀਦਾਂ ਦੇ ਉਲਟ, ਦੋ ਅਰਬ ਪਾਰਟੀਆਂ—'ਜੁਆਇੰਟ ਲਿਸਟ' ਅਤੇ 'ਰਾਮ' ਨੇ 120 ਮੈਂਬਰੀ ਸੰਸਦ (ਨੇਸੇਟ) ਵਿੱਚ ਰਿਕਾਰਡ 19 ਸੀਟਾਂ ਜਿੱਤੀਆਂ ਹਨ। ਇਹ ਨਤੀਜਾ ਅਰਬ ਵੋਟਰਾਂ ਵੱਲੋਂ ਵੋਟਿੰਗ ਵਿੱਚ ਵਧੇਰੇ ਹਿੱਸਾ ਲੈਣ ਤੋਂ ਬਾਅਦ ਸਾਹਮਣੇ ਆਇਆ ਹੈ।
ਨਤੀਜੇ ਵਜੋਂ, ਇਹ ਪਾਰਟੀਆਂ ਹੁਣ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸਥਿਤੀ ਵਿੱਚ ਹਨ। ਨੇਤਨਯਾਹੂ ਦੇ ਗੱਠਜੋੜ ਨੇ 53 ਸੀਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਗਾਦੀ ਆਈਜ਼ਨਕੋਟ ਦੀ ਅਗਵਾਈ ਵਾਲੇ ਗੱਠਜੋੜ ਨੇ 48 ਸੀਟਾਂ ਜਿੱਤੀਆਂ।
ਵੀਰਵਾਰ ਨੂੰ, ਲਿਕੁਡ ਪਾਰਟੀ ਨੇ ਇਲਜ਼ਾਮ ਲਾਇਆ ਕਿ ਵੋਟਰਾਂ ਨੂੰ ਅਰਬ ਪਾਰਟੀਆਂ ਦੇ ਹੱਕ ਵਿੱਚ ਵੋਟ ਪਾਉਣ ਲਈ "ਰਿਸ਼ਵਤ" ਦਿੱਤੀ ਗਈ ਸੀ। ਇਸ ਤੋਂ ਪਹਿਲਾਂ, ਕੇਂਦਰੀ ਚੋਣ ਕਮੇਟੀ ਦੇ ਮੁਖੀ ਨੇ ਸੁਰੱਖਿਆ ਏਜੰਸੀ 'ਸ਼ਿਨ ਬੇਟ' ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ "ਗੰਭੀਰ ਸ਼ੰਕਿਆਂ" ਦੀ ਜਾਂਚ ਕਰਨ ਲਈ ਕਿਹਾ ਸੀ।
1948 ਵਿੱਚ ਦੇਸ਼ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ, ਇਜ਼ਰਾਈਲ 'ਚ ਹਮੇਸ਼ਾ ਗੱਠਜੋੜ ਵਾਲੀਆਂ ਸਰਕਾਰਾਂ ਹੀ ਬਣੀਆਂ ਹਨ। ਪਰ ਕੀ ਅਗਲੀ ਸਰਕਾਰ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਾਮਿਲ ਹੋਣਗੇ?
27 ਅਕਤੂਬਰ ਨੂੰ ਇਜ਼ਰਾਈਲ ਦੇ ਲੋਕਾਂ ਨੇ ਦੇਸ਼ ਦੀਆਂ ਆਮ ਚੋਣਾਂ ਲਈ ਵੋਟਾਂ ਪਾਈਆਂ। ਇਹ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲਿਆਂ ਤੋਂ ਬਾਅਦ ਹੋਣ ਵਾਲੀਆਂ ਪਹਿਲੀਆਂ ਆਮ ਚੋਣਾਂ ਸਨ।
ਪਰ ਹੁਣ ਅੱਗੇ ਕੀ ਹੋਵੇਗਾ?
ਇਜ਼ਰਾਈਲ ਦੀ ਚੋਣ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ?
ਇਜ਼ਰਾਈਲ ਦੀ ਸੰਸਦ, ਜਿਸ ਨੂੰ 'ਨੇਸੇਟ' (Knesset) ਕਿਹਾ ਜਾਂਦਾ ਹੈ, ਵਿੱਚ 120 ਸੀਟਾਂ ਹਨ। ਇਸ ਦਾ ਮਤਲਬ ਹੈ ਕਿ ਸਰਕਾਰ ਬਣਾਉਣ ਲਈ ਕਿਸੇ ਵੀ ਧੜੇ ਕੋਲ ਘੱਟੋ-ਘੱਟ 61 ਸੀਟਾਂ ਹੋਣੀਆਂ ਚਾਹੀਦੀਆਂ ਹਨ।
ਇਜ਼ਰਾਈਲ ਵਿੱਚ ਅਨੁਪਾਤਕ ਪ੍ਰਤੀਨਿਧਤਾ (ਪ੍ਰਪੋਸ਼ਨਲ ਰਿਪ੍ਰੇਜ਼ੇਂਟੇਸ਼ਨ) ਵਾਲੀ ਚੋਣ ਪ੍ਰਣਾਲੀ ਹੈ। ਇਸ ਲਈ ਇੱਥੇ ਸਰਕਾਰਾਂ ਹਮੇਸ਼ਾ ਕਈ ਪਾਰਟੀਆਂ ਦੇ ਗੱਠਜੋੜ ਨਾਲ ਬਣਦੀਆਂ ਰਹੀਆਂ ਹਨ।
ਕੀ ਬੈਂਜਾਮਿਨ ਨੇਤਨਯਾਹੂ ਸਰਕਾਰ ਬਣਾ ਸਕਣਗੇ?
ਜਦੋਂ ਕਿਸੇ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ, ਤਾਂ ਰਾਸ਼ਟਰਪਤੀ (ਮੌਜੂਦਾ ਸਮੇਂ ਇਸਾਕ ਹਰਜ਼ੋਗ) ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਦੇ ਹਨ। ਇਸ ਤੋਂ ਬਾਅਦ, ਉਹ ਉਸ ਆਗੂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦੇ ਹਨ, ਜਿਸ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਰਕਾਰ ਬਣਾਉਣ ਵਿੱਚ ਸਭ ਤੋਂ ਵੱਧ ਸਫ਼ਲ ਹੋ ਸਕਦਾ ਹੈ।
ਆਮ ਤੌਰ 'ਤੇ, ਰਾਸ਼ਟਰਪਤੀ ਉਸ ਪਾਰਟੀ ਦੇ ਆਗੂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦੇ ਹਨ, ਜਿਸ ਨੂੰ ਨੇਸੇਟ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਹੋਣ। ਪਰ ਅਜਿਹਾ ਕਰਨਾ ਲਾਜ਼ਮੀ ਨਹੀਂ ਹੈ।
ਮਿਸਾਲ ਵਜੋਂ, 2009 ਦੀਆਂ ਚੋਣਾਂ ਤੋਂ ਬਾਅਦ, ਤਤਕਾਲੀ ਰਾਸ਼ਟਰਪਤੀ ਸ਼ਿਮੋਨ ਪੇਰੇਜ਼ ਨੇ ਸਭ ਤੋਂ ਪਹਿਲਾਂ ਬੈਂਜਾਮਿਨ ਨੇਤਨਯਾਹੂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਸੀ, ਜਦਕਿ ਉਨ੍ਹਾਂ ਦੀ ਪਾਰਟੀ 'ਲਿਕੁਡ' ਨੂੰ ਵਿਰੋਧੀ ਪਾਰਟੀ 'ਕਾਦਿਮਾ' ਨਾਲੋਂ ਘੱਟ ਸੀਟਾਂ ਮਿਲੀਆਂ ਸਨ।
ਰਾਸ਼ਟਰਪਤੀ ਵੱਲੋਂ ਚੁਣੇ ਗਏ ਆਗੂ ਕੋਲ ਸਰਕਾਰ ਬਣਾਉਣ ਲਈ 42 ਦਿਨਾਂ ਤੱਕ ਦਾ ਸਮਾਂ ਹੁੰਦਾ ਹੈ। ਜੇਕਰ ਉਹ ਅਸਫ਼ਲ ਰਹਿੰਦਾ ਹੈ, ਤਾਂ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਮੌਕਾ ਦਿੱਤਾ ਜਾਂਦਾ ਹੈ।
ਜੇਕਰ ਕੋਈ ਵੀ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਪਾਉਂਦੀ, ਤਾਂ ਸੰਭਵ ਹੈ ਕਿ ਇੱਕ ਮਾਈਨੌਰਿਟੀ ਗਵਰਨਮੈਂਟ ਸੱਤਾ ਵਿੱਚ ਆ ਜਾਵੇ। ਜੇਕਰ ਅਜਿਹਾ ਵੀ ਨਹੀਂ ਹੋ ਪਾਉਂਦਾ, ਤਾਂ ਮੁੜ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਨੇਤਨਯਾਹੂ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਕਿਹੜੀਆਂ-ਕਿਹੜੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਸਨ
ਨੇਤਨਯਾਹੂ ਦੀ 'ਲਿਕੁਡ' ਅਤੇ ਆਈਜ਼ਨਕੋਟ ਦੀ 'ਯਸ਼ਾਰ' ਪਾਰਟੀਆਂ 'ਨੇਸੇਟ' (ਇਜ਼ਰਾਈਲੀ ਸੰਸਦ) ਵਿੱਚ ਸਭ ਤੋਂ ਵੱਡੀਆਂ ਪਾਰਟੀਆਂ ਬਣ ਕੇ ਉਭਰੀਆਂ ਹਨ, ਪਰ ਗੱਠਜੋੜ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਹੋਰ ਪਾਰਟੀਆਂ ਦੇ ਸਮਰਥਨ ਦੀ ਲੋੜ ਹੋਵੇਗੀ।
ਨੇਤਨਯਾਹੂ ਸੱਜੇਪੱਖੀ ਅਤੇ ਧਾਰਮਿਕ ਪਾਰਟੀਆਂ ਦੇ ਇੱਕ ਧੜੇ ਦੀ ਅਗਵਾਈ ਕਰਦੇ ਹਨ।
ਉਹ ਪਹਿਲੀ ਵਾਰ 1996 ਵਿੱਚ ਸੱਤਾ ਵਿੱਚ ਆਏ ਸਨ। ਯਿਤਜ਼ਾਕ ਰਾਬਿਨ ਦੀ ਹੱਤਿਆ ਤੋਂ ਬਾਅਦ, ਸਮੇਂ ਤੋਂ ਪਹਿਲਾਂ ਚੋਣਾਂ ਹੋਈਆਂ ਸਨ ਅਤੇ ਉਨ੍ਹਾਂ ਵਿੱਚ ਨੇਤਨਯਾਹੂ ਇਜ਼ਰਾਈਲ ਦੇ ਸਿੱਧੇ ਚੁਣੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ। ਪਿਛਲੇ ਤਿੰਨ ਦਹਾਕਿਆਂ ਦੇ ਜ਼ਿਆਦਾਤਰ ਸਮੇਂ ਦੌਰਾਨ ਉਹ ਸੱਤਾ ਵਿੱਚ ਰਹੇ ਹਨ।
ਆਈਜ਼ਨਕੋਟ ਵਿਰੋਧੀ ਪਾਰਟੀਆਂ ਦੇ ਇੱਕ ਅਜਿਹੇ ਗੱਠਜੋੜ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ ਮੱਧ-ਸੱਜੇਪੱਖੀ ਅਤੇ ਖੱਬੇਪੱਖੀ ਦੋਵੇਂ ਤਰ੍ਹਾਂ ਦੀਆਂ ਪਾਰਟੀਆਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਦਾ ਮੁੱਖ ਟੀਚਾ ਨੇਤਨਯਾਹੂ ਨੂੰ ਸੱਤਾ ਤੋਂ ਹਟਾਉਣਾ ਹੈ।
ਇਸ ਗੱਠਜੋੜ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਦੀ ਅਗਵਾਈ ਵਾਲੀ 'ਬੇਯਾਖਾਦ' (B'Yachad) ਪਾਰਟੀ ਵੀ ਸ਼ਾਮਿਲ ਹੈ।
ਚੋਣ ਮੈਦਾਨ ਵਿੱਚ ਅਰਬ ਪਾਰਟੀਆਂ ਦੇ ਵੀ ਦੋ ਧੜੇ ਹਨ, ਕਿਉਂਕਿ ਇਜ਼ਰਾਈਲ ਦੀ ਲਗਭਗ ਪੰਜਵੀਂ ਆਬਾਦੀ ਅਰਬ ਹੈ। ਸਿਧਾਂਤਕ ਤੌਰ 'ਤੇ, ਇਹ ਪਾਰਟੀਆਂ 'ਕਿੰਗਮੇਕਰ' ਸਾਬਿਤ ਹੋ ਸਕਦੀਆਂ ਹਨ।
ਪਰ ਪ੍ਰਮੁੱਖ ਯਹੂਦੀ ਪਾਰਟੀਆਂ ਵਿੱਚੋਂ ਲਗਭਗ ਸਾਰੀਆਂ ਨੇ ਇਨ੍ਹਾਂ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਗੱਠਜੋੜ ਬਣਾਉਣ ਲਈ ਗੱਲਬਾਤ ਵਿੱਚ ਕਈ ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ। ਮਾਰਚ 2021 ਦੀਆਂ ਚੋਣਾਂ ਤੋਂ ਬਾਅਦ ਜੂਨ ਵਿੱਚ ਜਾ ਕੇ ਸਰਕਾਰ ਬਣ ਸਕੀ ਸੀ। ਇਹ ਨਫ਼ਤਾਲੀ ਬੇਨੇਟ ਅਤੇ ਯਾਇਰ ਲਾਪਿਡ ਵਿਚਕਾਰ ਸੱਤਾ ਦੀ ਵੰਡ ਦਾ ਇੱਕ ਸਮਝੌਤਾ ਸੀ।
ਉਸ ਸਮੇਂ, ਨੇਤਨਯਾਹੂ ਨੂੰ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਦਿੱਤਾ ਗਿਆ ਸੀ, ਪਰ ਉਹ ਇੱਕ ਮਜ਼ਬੂਤ ਗੱਠਜੋੜ ਬਣਾਉਣ ਵਿੱਚ ਅਸਫ਼ਲ ਰਹੇ ਸਨ।
ਨਵੀਆਂ ਚੋਣਾਂ ਕਰਵਾਉਣਾ ਕੋਈ ਅਨੋਖੀ ਗੱਲ ਨਹੀਂ ਹੈ। 2019 ਤੋਂ 2022 ਦੇ ਵਿਚਕਾਰ ਇਜ਼ਰਾਈਲ ਵਿੱਚ ਪੰਜ ਵਾਰ ਚੋਣਾਂ ਹੋਈਆਂ, ਕਿਉਂਕਿ ਸਿਆਸੀ ਪਾਰਟੀਆਂ ਆਪਸ ਵਿੱਚ ਮਿਲ ਕੇ ਕੰਮ ਕਰਨ ਲਈ ਸਹਿਮਤ ਨਹੀਂ ਹੋ ਸਕੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ