ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਜਦੋਂ ਤੱਕ ਮੈਂ ਬੇਹੋਸ਼ ਹੋ ਕੇ ਨਹੀਂ ਡਿੱਗੀ, ਉਦੋਂ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਹੈ', ਇਸ 'ਸਾਈਲੈਂਟ ਡਿਜ਼ੀਜ਼' ਤੋਂ ਕਿਵੇਂ ਬਚੀਏ
- ਲੇਖਕ, ਵਿੱਕੀ ਲੋਡਰ
- ਰੋਲ, ਹੈਲਥ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
23 ਸਾਲਾ ਸਾਸਕੀਆ ਰੀਵਜ਼-ਪ੍ਰੀਸਟਲੀ ਕੰਮ 'ਤੇ ਸਨ, ਜਦੋਂ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ।
ਉਹ ਦੱਸਦੇ ਹਨ, "ਮੈਨੂੰ ਬਹੁਤ ਚੱਕਰ ਆ ਰਹੇ ਸਨ, ਜੀਅ ਕੱਚਾ ਹੋ ਰਿਹਾ ਸੀ, ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਅਤੇ ਬਹੁਤ ਗਰਮੀ ਮਹਿਸੂਸ ਹੋ ਰਹੀ ਸੀ।"
ਇਸ ਤੋਂ ਪਹਿਲਾਂ ਕੋਈ ਚਿਤਾਵਨੀ ਵਾਲੇ ਸੰਕੇਤ ਨਹੀਂ ਮਿਲੇ ਸੀ। ਸਾਸਕੀਆ, ਵਿਸ਼ੇਸ਼ ਵਿੱਦਿਅਕ ਲੋੜਾਂ ਵਾਲੇ ਬੱਚਿਆਂ ਦੇ ਅਧਿਆਪਕਾ ਹਨ ਅਤੇ ਇੱਕ ਬਿਹਤਰੀਨ ਗੋਲਕੀਪਰ ਵੀ ਹਨ। ਉਹ ਹਫ਼ਤੇ ਵਿੱਚ ਚਾਰ ਵਾਰ ਫੁੱਟਬਾਲ ਖੇਡਦੇ ਸਨ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਤੇ ਸਿਹਤਮੰਦ ਮੰਨਦੇ ਸਨ।
ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੈ। ਖ਼ੂਨ ਦੀ ਜਾਂਚ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ "ਨਾਮਾਤਰ" ਦਾ ਸੀ।
ਯੂਕੇ ਵਿੱਚ ਕੁਝ ਉਮਰ ਵਰਗਾਂ ਦੇ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਮਾਮਲੇ ਵਧ ਰਹੇ ਹਨ - ਖ਼ਾਸ ਕਰਕੇ ਕੁੜੀਆਂ ਅਤੇ ਨੌਜਵਾਨ ਮਹਿਲਾਵਾਂ ਵਿੱਚ।
'ਨੈਸ਼ਨਲ ਡਾਇਟ ਐਂਡ ਨਿਊਟ੍ਰਿਸ਼ਨ ਸਰਵੇ' ਦੇ ਅੰਕੜਿਆਂ ਮੁਤਾਬਕ, ਪਿਛਲੇ ਸਾਲ 11 ਤੋਂ 18 ਸਾਲ ਦੀ ਉਮਰ ਦੇ ਲਗਭਗ ਇੱਕ-ਚੌਥਾਈ ਨੌਜਵਾਨਾਂ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਗਈ।
ਸਾਨੂੰ ਵਿਟਾਮਿਨ ਡੀ ਖ਼ੁਰਾਕ ਰਾਹੀਂ ਮਿਲ ਸਕਦਾ ਹੈ, ਜਿਵੇਂ ਚਿਕਨਾਈ ਵਾਲੀ ਮੱਛੀ, ਮੀਟ ਜਾਂ ਸਪਲੀਮੈਂਟਸ ਰਾਹੀਂ।
ਪਰ ਇਸ ਦਾ ਜ਼ਿਆਦਾਤਰ ਹਿੱਸਾ ਸਾਡੇ ਸਰੀਰ ਵਿੱਚ ਉਦੋਂ ਬਣਦਾ ਹੈ, ਜਦੋਂ ਸੂਰਜ ਦੀਆਂ ਯੂਵੀ ਕਿਰਨਾਂ ਸਾਡੀ ਚਮੜੀ 'ਤੇ ਪੈਂਦੀਆਂ ਹਨ। ਤੁਸੀਂ ਦੁਨੀਆ ਵਿੱਚ ਕਿੱਥੇ ਰਹਿੰਦੇ ਹੋ ਜਾਂ ਸਾਲ ਦਾ ਕਿਹੜਾ ਸਮਾਂ ਚੱਲ ਰਿਹਾ ਹੈ, ਇਸ ਦੇ ਆਧਾਰ 'ਤੇ ਘੱਟ ਧੁੱਪ ਮਿਲਣ ਕਾਰਨ ਸਰੀਰ ਦੀ ਵਿਟਾਮਿਨ ਡੀ ਬਣਾਉਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ।
ਸਰੀਰ ਨੂੰ ਢੱਕ ਕੇ ਰੱਖਣ ਅਤੇ ਸਨਸਕ੍ਰੀਨ ਲਗਾਉਣ ਨਾਲ ਵੀ ਇਸ 'ਤੇ ਅਸਰ ਪੈਂਦਾ ਹੈ। ਹਾਲਾਂਕਿ, ਇਹ ਚੀਜ਼ਾਂ ਸੁਰੱਖਿਆ ਲਈ ਚੰਗੀਆਂ ਹੁੰਦੀਆਂ ਹਨ।
ਜਿਨ੍ਹਾਂ ਲੋਕਾਂ ਦੀ ਚਮੜੀ ਦਾ ਰੰਗ ਗੂੜਾ ਹੁੰਦਾ ਹੈ, ਉਨ੍ਹਾਂ ਨੂੰ ਗੋਰੀ ਚਮੜੀ ਵਾਲੇ ਲੋਕਾਂ ਦੇ ਮੁਕਾਬਲੇ ਵਿਟਾਮਿਨ ਡੀ ਬਣਾਉਣ ਲਈ ਵਧੇਰੇ ਤੇਜ਼ ਧੁੱਪ ਦੀ ਲੋੜ ਹੁੰਦੀ ਹੈ।
ਡਾਕਟਰ ਆਮ ਤੌਰ 'ਤੇ ਵਿਟਾਮਿਨ ਡੀ ਦੀ ਕਮੀ ਦੀ ਜਾਂਚ ਲਈ ਖ਼ੂਨ ਦੀ ਜਾਂਚ ਨਹੀਂ ਕਰਵਾਉਂਦੇ, ਪਰ ਜੇ ਕਿਸੇ ਮਰੀਜ਼ ਨੂੰ ਲੱਗਦਾ ਹੈ ਕਿ ਉਸ ਨੂੰ ਇਸ ਦੀ ਕਮੀ ਹੋਣ ਦਾ ਵਧੇਰੇ ਖ਼ਤਰਾ ਹੈ, ਤਾਂ ਉਹ ਸਪਲੀਮੈਂਟ ਲੈਣ ਦੀ ਸਲਾਹ ਦੇ ਸਕਦੇ ਹਨ।
ਇਸ ਦੇ ਲੱਛਣ ਕੀ ਹਨ ਅਤੇ ਰੋਜ਼ਾਨਾ ਜ਼ਿੰਦਗੀ 'ਤੇ ਇਸ ਦਾ ਕੀ ਅਸਰ ਪੈਂਦਾ ਹੈ?
ਬੱਚਿਆਂ ਅਤੇ ਨਵਜੰਮੇ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਦੀ ਬਿਮਾਰੀ 'ਰਿਕਟਸ' ਹੋ ਸਕਦੀ ਹੈ। ਬਾਲਗਾਂ ਵਿੱਚ ਇਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨੂੰ 'ਓਸਟੀਓਮਲੇਸ਼ੀਆ' ਕਿਹਾ ਜਾਂਦਾ ਹੈ।
ਬੱਚਿਆਂ ਦੇ ਐਂਡੋਕ੍ਰਾਈਨੋਲੋਜਿਸਟ ਡਾਕਟਰ ਸੁਮਾ ਉਦੈ, ਜੋ ਇਸ ਸਮੱਸਿਆ ਬਾਰੇ ਜਾਗਰੂਕਤਾ ਵਧਾਉਣਾ ਚਾਹੁੰਦੇ ਹਨ, ਕਹਿੰਦੇ ਹਨ ਕਿ "ਇਸ ਨੂੰ 'ਸਾਈਲੈਂਟ ਡਿਜ਼ੀਜ਼' ਜਾਂ 'ਗੁੰਮ ਬਿਮਾਰੀ' ਕਿਹਾ ਜਾਂਦਾ ਹੈ।"
ਉਹ ਚਿਤਾਵਨੀ ਦਿੰਦੇ ਹਨ ਕਿ ਨੌਜਵਾਨਾਂ ਅਤੇ ਬਾਲਗਾਂ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਅਕਸਰ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਇਸ ਦੀ ਗ਼ਲਤ ਪਛਾਣ ਹੋ ਸਕਦੀ ਹੈ। ਇਸ ਦੇ ਲੱਛਣਾਂ ਵਿੱਚ ਥਕਾਵਟ, ਜੋੜਾਂ ਅਤੇ ਹੱਡੀਆਂ ਵਿੱਚ ਦਰਦ ਸ਼ਾਮਿਲ ਹਨ।
ਉਦੈ ਕਹਿੰਦੇ ਹਨ, "ਅਸਲ ਵਿੱਚ ਇਹ ਚੁੱਪ-ਚਾਪ ਹੱਡੀਆਂ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ, ਜਿਸ ਨਾਲ ਉਹ ਨਰਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।"
ਲਿਵਰਪੂਲ ਵਿੱਚ ਆਪਣੇ ਯੂਨੀਵਰਸਿਟੀ ਹਾਊਸ ਵਿੱਚ ਰਾਤ ਦਾ ਖਾਣਾ ਬਣਾਉਂਦੇ ਸਮੇਂ ਅਮਾਕਾ ਨੂੰ ਅਚਾਨਕ ਕੰਬਣੀ ਮਹਿਸੂਸ ਹੋਣ ਲੱਗੀ।
ਉਹ ਦੱਸਦੇ ਹਨ, "ਮੈਨੂੰ ਆਪਣੇ ਸਾਹਮਣੇ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ।"
ਉਨ੍ਹਾਂ ਦੇ ਨਾਲ ਰਹਿਣ ਵਾਲੇ ਸਾਥਣ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਲੈ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੇ ਸਰੀਰ ਵਿੱਚ ਵੀ ਵਿਟਾਮਿਨ ਡੀ ਦੀ ਕਮੀ ਸੀ।
ਉਹ ਦੱਸਦੇ ਹਨ ਕਿ ਥਕਾਵਟ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਹੋਰ ਲੱਛਣ ਮਹਿਸੂਸ ਨਹੀਂ ਹੋਏ ਸਨ। ਉਹ ਕਹਿੰਦੇ ਹਨ, "ਮੈਂ 21 ਸਾਲਾਂ ਦੀ ਵਿਦਿਆਰਥਣ ਹਾਂ। ਪੜ੍ਹਾਈ ਅਤੇ ਕੰਮ ਕਾਰਨ ਮੈਂ ਹਮੇਸ਼ਾ ਥੱਕੀ-ਥੱਕੀ ਰਹਿੰਦੀ ਹਾਂ।"
ਉਨ੍ਹਾਂ ਨੂੰ ਯਾਦ ਹੈ ਕਿ ਉਸ ਦੀ ਮਾਂ ਨੂੰ ਵੀ ਵਿਟਾਮਿਨ ਡੀ ਦੀ ਕਮੀ ਸੀ, ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨਾਲ ਵੀ ਅਜਿਹਾ ਹੋ ਸਕਦਾ ਹੈ।
ਸਪਲੀਮੈਂਟਸ ਲੈਣ ਤੋਂ ਬਾਅਦ ਅਮਾਕਾ ਹੁਣ ਕਾਫ਼ੀ ਬਿਹਤਰ ਮਹਿਸੂਸ ਕਰ ਰਹੇ ਹਨ, ਪਰ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਅਜਿਹਾ ਦੁਬਾਰਾ ਨਾ ਹੋ ਜਾਵੇ। ਉਹ ਕਹਿੰਦੇ ਹਨ, "ਇਹ ਬਹੁਤ ਡਰਾਉਣਾ ਤਜਰਬਾ ਸੀ ਅਤੇ ਮੈਂ ਨਹੀਂ ਚਾਹੁੰਦੀ ਕਿ ਅਜਿਹਾ ਦੁਬਾਰਾ ਕਦੇ ਹੋਵੇ।"
ਮਹਿਲਾਵਾਂ ਵਿੱਚ ਸਾਰੀ ਉਮਰ ਬਣੀ ਰਹਿਣ ਵਾਲੀ ਕਮੀ
ਉਦੈ ਉਨ੍ਹਾਂ ਹੋਰ ਡਾਕਟਰਾਂ ਅਤੇ ਮਾਹਿਰਾਂ ਨਾਲ ਜੁੜ ਗਏ ਹਨ, ਜਿਨ੍ਹਾਂ ਨੇ 'ACT NOW Vitamin D' ਨਾਂ ਦਾ ਇੱਕ ਸਮੂਹ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਦਾ ਪਤਾ ਲਗਾਉਣ ਲਈ ਤੈਅ ਕੀਤੇ ਗਏ ਮਿਆਰ ਨੂੰ ਹੋਰ ਉੱਚਾ ਯਾਨੀ ਸਖ਼ਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਵਿਟਾਮਿਨ ਡੀ ਦੀ ਕਮੀ ਵਾਲੇ ਹੋਰ ਲੋਕਾਂ ਦੀ ਪਛਾਣ ਹੋ ਸਕੇਗੀ ਅਤੇ ਇਹ ਪਤਾ ਲੱਗ ਸਕੇਗਾ ਕਿ ਇਹ ਸਮੱਸਿਆ ਕਿੰਨੀ ਵਿਆਪਕ ਹੈ। ਇਸ ਦੇ ਨਾਲ ਹੀ, ਇਸ ਕਮੀ ਦਾ ਸਮੇਂ ਸਿਰ ਇਲਾਜ ਕਰਨਾ ਵੀ ਸੰਭਵ ਹੋ ਸਕੇਗਾ।
ਉਦੈ, ਮਹਿਲਾਵਾਂ ਵਿੱਚ "ਸਾਰੀ ਉਮਰ ਬਣੀ ਰਹਿਣ ਵਾਲੀ ਕਮੀ" ਦੇ ਖ਼ਤਰੇ ਬਾਰੇ ਚਿਤਾਵਨੀ ਦਿੰਦੇ ਹਨ - ਕਿਸ਼ੋਰ ਅਵਸਥਾ ਤੋਂ ਲੈ ਕੇ ਗਰਭ ਅਵਸਥਾ ਤੱਕ, ਅਤੇ ਫਿਰ ਇਸ ਦਾ ਅਸਰ ਨਵਜੰਮੇ ਬੱਚੇ 'ਤੇ ਵੀ ਪੈਂਦਾ ਹੈ।
ਉਹ ਕਹਿੰਦੇ ਹਨ, "ਜੇਕਰ ਸ਼ੁਰੂ ਤੋਂ ਹੀ ਇਸ ਕਮੀ ਨੂੰ ਠੀਕ ਨਾ ਕੀਤਾ ਗਿਆ, ਤਾਂ ਇਸ ਦਾ ਅਸਰ ਕਈ ਪੀੜ੍ਹੀਆਂ ਤੱਕ ਬਣਿਆ ਰਹੇਗਾ।"
ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਰਟਿਨ ਹਿਊਸਨ ਕਹਿੰਦੇ ਹਨ, "ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ।"
ਉਹ ਦੱਸਦੇ ਹਨ ਕਿ ਵਿਟਾਮਿਨ ਡੀ ਦੀ ਖੋਜ ਹੋਣ ਤੋਂ 100 ਸਾਲ ਬਾਅਦ ਵੀ "ਰਿਕਟਸ (ਸੋਕਾ ਰੋਗ) ਵਰਗੀ ਬਿਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ।"
ਉਹ ਕਹਿੰਦੇ ਹਨ, "ਜੇਕਰ ਸਾਡੇ ਸਮਾਜ ਵਿੱਚ ਰਿਕਟਸ ਦੇ ਮਾਮਲੇ ਹਨ, ਤਾਂ ਇਸ ਦਾ ਮਤਲਬ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੈ।"
ਉਨ੍ਹਾਂ ਦਾ ਸੁਝਾਅ ਹੈ ਕਿ ਸਰਕਾਰ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵਿਟਾਮਿਨ ਸ਼ਾਮਿਲ ਕਰਨ ਦੀ ਪ੍ਰਕਿਰਿਆ, ਜਿਸ ਨੂੰ 'ਫੋਰਟੀਫਿਕੇਸ਼ਨ' ਕਿਹਾ ਜਾਂਦਾ ਹੈ, 'ਤੇ ਵੱਡੇ ਪੱਧਰ 'ਤੇ ਧਿਆਨ ਦੇਣਾ ਚਾਹੀਦਾ ਹੈ। ਕੈਨੇਡਾ ਅਤੇ ਸਵੀਡਨ ਵਰਗੇ ਦੇਸ਼ਾਂ ਵਿੱਚ ਇਸ ਸਬੰਧੀ ਲਾਜ਼ਮੀ ਨਿਯਮ ਲਾਗੂ ਹਨ।
ਯੂਕੇ ਵਿੱਚ ਨਾਸ਼ਤੇ ਲਈ ਖਾਧੇ ਜਾਣ ਵਾਲੇ ਸੀਰੀਅਲਜ਼ ਅਤੇ ਸਪ੍ਰੈੱਡ ਵਰਗੀਆਂ ਕੁਝ ਖ਼ੁਰਾਕੀ ਚੀਜ਼ਾਂ ਵਿੱਚ ਪਹਿਲਾਂ ਹੀ ਵਿਟਾਮਿਨ ਡੀ ਮਿਲਾਇਆ ਜਾਂਦਾ ਹੈ, ਪਰ ਅਜਿਹਾ ਕਰਨਾ ਲਾਜ਼ਮੀ ਨਹੀਂ ਹੈ।
ਸਰਦੀਆਂ ਦੇ ਮਹੀਨਿਆਂ ਵਿੱਚ ਲੋਕਾਂ ਦੇ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ ਘੱਟ ਹੋਣ ਲੱਗਦਾ ਹੈ।
ਹਿਊਸਨ ਕਹਿੰਦੇ ਹਨ, "ਸਾਨੂੰ ਇਹ ਸਵੀਕਾਰ ਕਰਨਾ ਪੈ ਸਕਦਾ ਹੈ ਕਿ ਕੁਝ ਖ਼ਾਸ ਸਮੂਹਾਂ ਦੇ ਲੋਕਾਂ ਲਈ ਵਿਟਾਮਿਨ ਡੀ ਦੇ ਸਪਲੀਮੈਂਟ ਲੈਣਾ ਇੱਕ ਆਮ ਗੱਲ ਹੈ।"
ਸਾਸਕੀਆ ਹੁਣ ਨਿਯਮਿਤ ਤੌਰ 'ਤੇ ਵਿਟਾਮਿਨ ਡੀ ਦੇ ਸਪਲੀਮੈਂਟ ਲੈ ਰਹੇ ਹਨ ਅਤੇ ਮੁੜ ਗੋਲਕੀਪਰ ਵਜੋਂ ਖੇਡਣ ਲੱਗ ਪਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ