ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 40 ਉਮੀਦਵਾਰਾਂ ਦੀ ਪਹਿਲੀ ਸੂਚੀ, ਸੀਐੱਮ ਕੀ ਬੋਲੇ ਅਤੇ ਵਿਰੋਧੀਆਂ ਨੇ ਕੀ ਕਿਹਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।

ਜਾਰੀ ਕੀਤੀ ਗਈ ਸੂਚੀ ਵਿੱਚ ਧੂਰੀ ਤੋਂ ਭਗਵੰਤ ਮਾਨ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਸਣੇ ਕੁੱਲ 40 ਉਮੀਦਵਾਰਾਂ ਨੇ ਨਾਮ ਸ਼ਾਮਿਲ ਹਨ।

ਪਹਿਲੀ ਲਿਸਟ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦਾ ਨਾਮ

  • ਬਟਾਲਾ - ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
  • ਅਜਨਾਲਾ - ਕੁਲਦੀਪ ਸਿੰਘ ਧਾਲੀਵਾਲ
  • ਅੰਮ੍ਰਿਤਸਰ ਦੱਖਣੀ - ਡਾ. ਇੰਦਰਬੀਰ ਸਿੰਘ ਨਿੱਝਰ
  • ਤਰਨ ਤਾਰਨ - ਹਰਮੀਤ ਸਿੰਘ ਸੰਧੂ
  • ਖੇਮਕਰਨ - ਸਰਵਣ ਸਿੰਘ ਧੁੰਨ
  • ਨਕੋਦਰ - ਇੰਦਰਜੀਤ ਕੌਰ ਮਾਨ
  • ਕਰਤਾਰਪੁਰ - ਬਲਕਾਰ ਸਿੰਘ
  • ਦਸੂਹਾ - ਕਰਮਬੀਰ ਸਿੰਘ ਘੁੰਮਣ
  • ਉੜਮੁੜ - ਜਸਵੀਰ ਸਿੰਘ ਰਾਜਾ ਗਿੱਲ
  • ਹੁਸ਼ਿਆਰਪੁਰ - ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
  • ਚੱਬੇਵਾਲ - ਇਸ਼ਾਂਕ ਕੁਮਾਰ ਚੱਬੇਵਾਲ
  • ਗੜ੍ਹਸ਼ੰਕਰ - ਜੈ ਕ੍ਰਿਸ਼ਨ ਸਿੰਘ ਰੌੜੀ
  • ਬਲਾਚੌਰ - ਸੰਤੋਸ਼ ਕਟਾਰੀਆ
  • ਰੂਪਨਗਰ - ਦਿਨੇਸ਼ ਚੱਢਾ
  • ਐੱਸ.ਏ.ਐੱਸ. ਨਗਰ - ਕੁਲਵੰਤ ਸਿੰਘ
  • ਫਤਹਿਗੜ੍ਹ ਸਾਹਿਬ - ਲਖਬੀਰ ਸਿੰਘ ਰਾਏ
  • ਅਮਲੋਹ - ਗੁਰਿੰਦਰ ਸਿੰਘ ਗੈਰੀ ਵੜਿੰਗ
  • ਸਮਰਾਲਾ - ਜਗਤਾਰ ਸਿੰਘ ਦਿਆਲਪੁਰਾ
  • ਲੁਧਿਆਣਾ ਪੂਰਬੀ - ਦਲਜੀਤ ਸਿੰਘ ਗਰੇਵਾਲ ਭੋਲਾ
  • ਆਤਮ ਨਗਰ - ਕੁਲਵੰਤ ਸਿੰਘ ਸਿੱਧੂ
  • ਲੁਧਿਆਣਾ ਕੇਂਦਰੀ - ਅਸ਼ੋਕ ਪਰਾਸ਼ਰ ਪੱਪੀ
  • ਲੁਧਿਆਣਾ ਪੱਛਮੀ - ਸੰਜੀਵ ਅਰੋੜਾ
  • ਲੁਧਿਆਣਾ ਉੱਤਰੀ - ਚੌਧਰੀ ਮਦਨ ਲਾਲ ਬੱਗਾ
  • ਪਾਇਲ - ਮਨਵਿੰਦਰ ਸਿੰਘ ਗਿਆਸਪੁਰਾ
  • ਨਿਹਾਲ ਸਿੰਘ ਵਾਲਾ - ਮਨਜੀਤ ਸਿੰਘ ਬਿਲਾਸਪੁਰ
  • ਬਾਘਾ ਪੁਰਾਣਾ - ਅੰਮ੍ਰਿਤਪਾਲ ਸਿੰਘ ਸੁਖਾਨੰਦ
  • ਮੋਗਾ - ਡਾ. ਅਮਨਦੀਪ ਕੌਰ ਅਰੋੜਾ
  • ਧਰਮਕੋਟ - ਦਵਿੰਦਰ ਜੀਤ ਸਿੰਘ ਲਾਡੀ ਢੋਸ
  • ਜਲਾਲਾਬਾਦ - ਜਗਦੀਪ ਕੰਬੋਜ ਗੋਲਡੀ
  • ਫਾਜ਼ਿਲਕਾ - ਨਰਿੰਦਰਪਾਲ ਸਿੰਘ ਸਵਨਾ
  • ਸ੍ਰੀ ਮੁਕਤਸਰ ਸਾਹਿਬ - ਜਗਦੀਪ ਸਿੰਘ ਕਾਕਾ ਬਰਾੜ
  • ਕੋਟਕਪੂਰਾ - ਕੁਲਤਾਰ ਸਿੰਘ ਸੰਧਵਾਂ
  • ਜੈਤੋ - ਅਮੋਲਕ ਸਿੰਘ
  • ਤਲਵੰਡੀ ਸਾਬੋ - ਬਲਜਿੰਦਰ ਕੌਰ
  • ਸਰਦੂਲਗੜ੍ਹ - ਗੁਰਪ੍ਰੀਤ ਸਿੰਘ ਬਨਾਵਾਲੀ
  • ਭਦੌੜ - ਲਾਭ ਸਿੰਘ ਉਗੋਕੇ
  • ਮਹਿਲ ਕਲਾਂ - ਕੁਲਵੰਤ ਸਿੰਘ ਪੰਡੋਰੀ
  • ਅਮਰਗੜ੍ਹ - ਜਸਵੰਤ ਸਿੰਘ ਗੱਜਣ ਮਾਜਰਾ
  • ਧੂਰੀ - ਭਗਵੰਤ ਮਾਨ
  • ਪਟਿਆਲਾ - ਅਜੀਤਪਾਲ ਸਿੰਘ ਕੋਹਲੀ

ਉਮੀਦਵਾਰਾਂ ਦੀ ਸੂਚੀ ਬਾਰੇ ਕੀ ਬੋਲੇ ਸੀਐੱਮ ਭਗਵੰਤ ਮਾਨ

ਉਮੀਦਵਾਰਾਂ ਦੀ ਲਿਸਟ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ''ਪੀਐੱਸਈ ਦੀ ਮੀਟਿੰਗ 'ਚ ਅੱਜ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਇਸ 'ਚ ਲੋਕਾਂ ਦੇ ਸਰਵੇ ਮੁਤਾਬਕ, ਜਿਨ੍ਹਾਂ-ਜਿਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਨੇ ਹਾਂ ਕਿਹਾ, ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ।''

ਉਨ੍ਹਾਂ ਅੱਗੇ ਕਿਹਾ, ''40 ਟਿਕਟਾਂ ਫਾਈਨਲ ਹੋ ਗਈਆਂ ਹਨ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।''

ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ''ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲੇਗਾ। ਆਮ ਆਦਮੀ ਪਾਰਟੀ ਤਾਂ ਹੈ ਹੀ ਨਵੀਂ ਹੈ, 12-13 ਸਾਲ ਪੁਰਾਣੀ ਤਾਂ ਪਾਰਟੀ ਹੈ।''

ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਲਿਸਟ 'ਚ ਉਨ੍ਹਾਂ ਦਾ ਨਾਮ ਹੈ ਜਾਂ ਨਹੀਂ ਤਾਂ ਉਨ੍ਹਾਂ ਮੁਸਕੁਰਾਉਂਦਿਆਂ ਕਿਹਾ, ''ਮੇਰਾ ਨਾਮ ਵੀ ਇਸ ਲਿਸਟ 'ਚ ਹੈ ਅਤੇ ਧੂਰੀ ਤੋਂ ਲੜ ਰਿਹਾ ਹਾਂ।''

ਵਿਰੋਧੀਆਂ ਦੇ ਦਾਅਵਿਆਂ ਬਾਰੇ ਕੀ ਬੋਲੇ ਸੀਐੱਮ

ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸੂਬੇ ਦੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਦਾ ਦਾਅਵਾ ਹੈ ਕਿ ਸੂਬੇ 'ਚ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਤਾਂ ਸੀਐੱਮ ਭਗਵੰਤ ਮਾਨ ਨੇ ਕਿਹਾ, ਜੇ ਤੁਸੀਂ ਪੰਜਾਬ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੰਮ ਹੋਏ ਹਨ ਜਾਂ ਨਹੀਂ।

ਇਹ ਪੁੱਛੇ ਜਾਣ 'ਤੇ ਕਿ ਸਭ ਤੋਂ ਪਹਿਲਾਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਪਿੱਛੇ ਆਮ ਆਦਮੀ ਪਾਰਟੀ ਦਾ ਕੀ ਉਦੇਸ਼ ਹੈ, ਭਗਵੰਤ ਮਾਨ ਨੇ ਕਿਹਾ, ''ਉਮੀਦਵਾਰਾਂ ਨੂੰ ਲੋਕਾਂ ਕੋਲ ਜਾਣ ਦਾ, ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲੇਗਾ।''

''ਕਾਂਗਰਸ ਤਾਂ ਮੇਰੇ ਖਿਆਲ 'ਚ ਆਖਰੀ ਦਿਨ ਤੱਕ ਡਰਦੀ ਰਹਿੰਦੀ ਹੈ ਕਿ ਕਿਤੇ ਕੋਈ ਬਗਾਵਤ ਨਾ ਹੋ ਜਾਵੇ, ਕਿਤੇ ਕੋਈ ਹੋਰ ਬੰਦਾ ਆਜ਼ਾਦ ਨਾ ਖੜ੍ਹਾ ਹੋ ਜਾਵੇ।''

ਵਿਧਾਇਕ ਧਾਲੀਵਾਲ ਦਾ ਵਿਰੋਧੀਆਂ ਨੂੰ ਜਵਾਬ

ਵਿਧਾਨ ਸਭਾ ਹਲਕਾ ਅਜਨਾਲਾ ਤੋਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ 'ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ''ਸਾਡੀ ਸਰਕਾਰ ਨੇ ਜੋ ਪੰਜਾਬ ਵਿੱਚ ਵਿਕਾਸ ਕੀਤਾ ਖ਼ਾਸ ਕਰਕੇ ਅਸੀਂ ਜੋ ਅਜਨਾਲਾ ਵਿੱਚ ਕੰਮ ਕੀਤੇ ਹਨ ਲੋਕ ਉਸ 'ਤੇ ਮੁਹਰ ਲਗਾਉਣਗੇ ਅਤੇ ਇਹ ਸੀਟ ਆਮ ਆਦਮੀ ਪਾਰਟੀ ਜਿੱਤੇਗੀ।

ਉਨ੍ਹਾਂ ਨੇ ਕਿਹਾ, ਜਿਹੜੇ ਵਿਰੋਧੀ ਕਹਿੰਦੇ ਸੀ ਕਿ ਮੈਨੂੰ ਟਿਕਟ ਨਹੀਂ ਮਿਲਣੀ, ਇਹ ਪਾਰਟੀ ਬਦਲ ਲਵੇਗਾ ਤਾਂ ਮੈਂ ਦੱਸ ਦੇਵਾਂ ਕਿ ਦੂਜੇ ਨੰਬਰ 'ਤੇ ਨਾਮ ਆਇਆ ਮੇਰਾ, ਅਸੀਂ ਅਜਨਾਲਾ 'ਚ 70 ਫੀਸਦ ਤੋਂ 75 ਫੀਸਦ ਵਿਕਾਸ ਕੀਤਾ ਹੈ। ਜਿਹੜਾ ਬਾਕੀ 25 ਫੀਸਦ ਰਹਿੰਦਾ ਹੈ ਉਹ ਅਗਲੇ ਪੰਜ ਸਾਲ ਵਿੱਚ ਕਰਾਂਗਾੇ।''

ਉਮੀਦਵਾਰਾਂ 'ਤੇ ਕਾਂਗਰਸ ਦੇ ਸਵਾਲ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਉਮੀਦਵਾਰ ਐਲਾਨ ਕਰਨੇ ਜਾਂ ਬਾਅਦ ਵਿੱਚ ਇਹ ਚੋਣਾਂ 'ਤੇ ਕੋਈ ਫਰਕ ਨਹੀਂ ਪਾਉਂਦਾ। ਇਹ ਉਮੀਦਵਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਜਨਤਾ ਦੀ ਕਿੰਨੀ ਪੰਸਦ ਹੈ।

ਉਨ੍ਹਾਂ ਕਿਹਾ, ''ਆਮ ਆਦਮੀ ਪਾਰਟੀ ਨੇ ਪਹਿਲਾਂ ਟਿਕਟਾਂ ਇਸ ਲਈ ਵੰਡੀਆਂ ਤਾਂ ਕਿ ਉਨ੍ਹਾਂ ਦੇ ਬੰਦੇ ਹੋਰਾਂ ਪਾਰਟੀਆਂ 'ਚ ਨਾ ਚਲੇ ਜਾਣ। ਆਪ ਨੇ ਕਈ ਵਾਰ ਕੀਤਾ ਹੋਇਆ ਕਿ ਪਹਿਲਾਂ ਉਮੀਦਵਾਰ ਐਲਾਨ 'ਤੇ ਫਿਰ ਉਮੀਦਵਾਰ ਬਦਲ ਦਿੱਤੇ। ਇਸ ਵਾਰ ਵੀ ਅਜਿਹਾ ਹੋਵੇਗਾ, ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਜੋ ਮੀਟਿੰਗ ਹੋਈ ਸੀ ਉਸ ਵਿੱਚ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਸਨ।''

ਰਾਜਾ ਵੜਿੰਗ ਨੇ ਕਿਹਾ ਕਿ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ ਇਨ੍ਹਾਂ ਦੇ ਨਾਮ ਉਮੀਦਵਾਰ ਵੱਜੋਂ ਹਾਲੇ ਤੱਕ ਨਾ ਐਲਾਨ ਕੀਤੇ ਜਾਣਾ ਦੱਸਦਾ ਹੈ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਨੇ ਆਪਣੇ ਆਗੂ ਨੂੰ ਰੋਕਣ ਲਈ ਕੀਤਾ ਹੈ।

ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਉਮੀਦਵਾਰ ਹਲਕਾ ਧੂਰੀ ਤੋਂ ਭਗਵੰਤ ਮਾਨ ਨੂੰ ਹਰਾਏਗਾ।

'ਸਰਕਾਰ ਅਤੇ 'ਆਪ' 'ਤੇ ਹਰ ਪਾਸੋਂ ਦਬਾਅ'

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰਫ਼ੈਸਰ ਰਹੇ ਜਗਰੂਪ ਸਿੰਘ ਸੇਖੋਂ ਨੇ ਕਿਹਾ ਇਸ ਵੇਲੇ ਸਰਕਾਰ ਅਤੇ ਪਾਰਟੀ ਉੱਤੇ ਸਾਰੇ ਪਾਸਿਆਂ ਤੋਂ ਕਾਫੀ ਦਬਾਅ ਹੈ।

"ਲੋਕਾਂ ਦੀ ਧਾਰਨਾ ਅਤੇ ਭਾਵਨਾ ਵੀ ਪਾਰਟੀ ਦੇ ਖਿਲਾਫ਼ ਚੱਲ ਰਹੀ ਹੈ, ਇਸ ਵੇਲੇ ਪੁਰਾਣੇ ਹੀ ਉਮੀਦਵਾਰਾਂ ਨੂੰ ਐਲਾਨਣਾ ਮੁੱਦਿਆਂ ਤੋਂ ਬਚਾਅ ਦਾ ਵੀ ਤਰੀਕਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)