ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੀ ਪੰਛੀ ਦੇਖਣਾ ਤੁਹਾਡੇ ਦਿਮਾਗ ਦੀ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ, ਨਵੀਂ ਖੋਜ ਇਸ ਬਾਰੇ ਹੋਰ ਕੀ ਕੁਝ ਦੱਸਦੀ ਹੈ
- ਲੇਖਕ, ਬੈਕਾ ਵਾਰਨਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪੰਛੀ ਦੇਖਣਾ ਦਿਮਾਗ ਦੀ ਬੁੱਢੇ ਹੋਣ ਦੀ ਦਰ ਹੌਲੀ ਕਰਦਾ ਹੈ ਅਤੇ ਇਸ ਨੂੰ ਡਿਮੈਂਸ਼ੀਆ ਦੇ ਮਰੀਜ਼ਾਂ ਵਿੱਚ ਥੈਰੇਪੀ ਵਜੋਂ ਵਰਤਿਆ ਜਾ ਰਿਹਾ ਹੈ।
ਹਰ ਹਫ਼ਤੇ ਪੰਛੀ ਪ੍ਰੇਮੀ ਬਜ਼ੁਰਗਾਂ ਦਾ ਇੱਕ ਗਰੁੱਪ ਇੰਗਲੈਂਡ ਦੇ ਪੇਂਡੂ ਇਲਾਕੇ ਵਿੱਚ ਇੱਕ ਲੱਕੜ ਦੇ ਓਹਲੇ ਘੰਟਿਆਂ ਬੱਧੀ ਬੈਠਦਾ ਹੈ। ਉਤਸ਼ਾਹ ਨਾਲ ਇੱਕ ਦੂਜੇ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਦੂਰਬੀਨ ਵਿੱਚ ਕੀ ਦੇਖਿਆ। ਕੰਕਰਾਂ ਵਾਲੀ ਜ਼ਮੀਨ ਨੂੰ ਫਰੋਲਦੀ ਇੱਕ ਓਇਸਟਰਕੈਚਰ ਦੀ ਲੰਬੀ ਚਮਕਦਾਰ ਚੁੰਝ, ਪਾਣੀ ਵਿੱਚ ਡੋਲਦੇ ਹੋਏ ਦੋ ਗ੍ਰੇਟ ਕ੍ਰੈਸਟਡ ਗ੍ਰੀਬਸ, ਜਿਨ੍ਹਾਂ ਦੇ ਸਿਰ ਉੱਤੇ ਖੰਭਾਂ ਦੀ ਕਲਗੀ ਨਜ਼ਰ ਆ ਰਹੀ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਯਾਦ ਰੱਖਣ ਵਿੱਚ ਮੁਸ਼ਕਿਲ ਹੁੰਦੀ ਹੈ ਕਿ ਉਸ ਦਿਨ ਪਹਿਲਾਂ ਕੀ ਹੋਇਆ ਸੀ ਅਤੇ ਸ਼ਾਇਦ ਉਹ ਗੱਲਬਾਤ ਦਾ ਸਿਲਸਿਲਾ ਬਣਾਈ ਰੱਖਣ ਵਿੱਚ ਵੀ ਸੰਘਰਸ਼ ਕਰਦੇ ਹਨ। ਪਰ ਜਦੋਂ ਯੂਕੇ ਦੇ ਵੈਸਟ ਮਿਡਲੈਂਡਜ਼ ਵਿੱਚ ਫੋਰਜ ਮਿੱਲ ਝੀਲ ਦੇ ਆਲੇ-ਦੁਆਲੇ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਬਾਰੇ ਆਪਸ ਵਿੱਚ ਜਾਣਕਾਰੀ ਅਤੇ ਗੱਲਾਂ ਸਾਂਝੀਆਂ ਕਰਦੇ ਹਨ ਤਾਂ ਉਹ ਬਹੁਤ ਖੁਸ਼ ਹੁੰਦੇ ਹਨ।
ਇਨ੍ਹਾਂ ਵਿੱਚ 78 ਸਾਲਾ ਹੈਰਲਡ ਵੀ ਹਨ। ਉਹ ਜਦੋਂ ਜਵਾਨ ਸਨ ਤਾਂ ਉਨ੍ਹਾਂ ਨੂੰ ਬਾਹਰ ਘੁੰਮਣਾ ਫਿਰਨਾ ਬਹੁਤ ਪਸੰਦ ਸੀ ਪਰ ਪਿਛਲੇ ਕੁਝ ਸਮੇਂ ਤੋਂ ਡਿਮੈਂਸ਼ੀਆ ਕਾਰਨ ਉਹ ਚੁੱਪਚਾਪ ਅਤੇ ਚਿੰਤਤ ਰਹਿਣ ਲੱਗ ਪਏ ਸਨ। ਮਾਹੌਲ ਦੀ ਤਬਦੀਲੀ ਅਤੇ ਸ਼ਾਂਤ ਝੀਲ ਉਨ੍ਹਾਂ ਲਈ ਚੰਗੀ ਸਾਬਿਤ ਹੋ ਸਕਦੀ ਹੈ ਇਸ ਉਮੀਦ ਵਿੱਚ ਉਨ੍ਹਾਂ ਦੀ ਬੇਟੀ ਲੂਸੀ ਉਨ੍ਹਾਂ ਨੂੰ ਇੱਥੇ ਲੈ ਕੇ ਆਈ ਸੀ।
ਇੱਕ ਡਰ ਭਰੀ ਸ਼ੁਰੂਆਤ ਤੋਂ ਬਾਅਦ ਹੈਰਲਡ ਦੇ ਚਿਹਰੇ 'ਤੇ ਮੁਸਕਾਨ ਆ ਗਈ ਜਦੋਂ ਕਿਸੇ ਨੇ ਰੌਬਿਨ ਵੱਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੇ ਬੱਤਖਾਂ ਨੂੰ ਪਾਣੀ ਵਿੱਚ ਛਿੱਟੇ ਉਡਾਉਂਦਿਆਂ ਦੇਖਣ ਦਾ ਆਨੰਦ ਲਿਆ। ਬਲੂ ਟਿਟਸ ਨੇੜਲੇ ਰੁੱਖਾਂ ਵਿਚਕਾਰ ਤੇਜ਼ੀ ਨਾਲ ਉੱਡ ਰਹੇ ਸਨ ਅਤੇ ਲੂਸੀ ਨੇ ਹੈਰਲਡ ਨੂੰ ਲੰਬੇ ਸਮੇਂ ਬਾਅਦ ਪਹਿਲੀ ਵਾਰ ਹੱਸਦਿਆਂ ਦੇਖਿਆ।
ਇਸ ਸੰਸਥਾ ਏਜ ਯੂਕੇ ਵਿੱਚ ਕਮਿਊਨਿਟੀ ਡਿਮੈਂਸ਼ੀਆ ਸਲਾਹਕਾਰ ਜੈਨੀ ਬੁਡਿੰਗਰ ਨੇ ਕਿਹਾ, "ਉਸ ਪਲ ਉਹ ਪੂਰੀ ਤਰ੍ਹਾਂ ਉੱਥੇ ਮੌਜੂਦ ਸਨ, ਉਹ ਆਪਣੀ ਯਾਦਦਾਸ਼ਤ ਜਾਂ ਆਤਮ-ਵਿਸ਼ਵਾਸ ਪ੍ਰਤੀ ਚਿੰਤਤ ਨਹੀਂ ਸਨ। ਇਹ ਬਹੁਤ ਹੀ ਸਹਿਜ ਤਰੀਕੇ ਦਾ ਸ਼ਕਤੀਸ਼ਾਲੀ ਪ੍ਰਭਾਵ ਹੈ।"
ਬਜ਼ੁਰਗਾਂ ਅਤੇ ਡਿਮੈਂਸ਼ੀਆ ਦੇ ਮਰੀਜ਼ਾਂ ਲਈ ਪੰਛੀਆਂ ਨੂੰ ਦੇਖਣਾ ਸਮਾਂ ਬਿਤਾਉਣ ਦਾ ਇੱਕ ਬਹੁਤ ਹੀ ਕੀਮਤੀ ਤਰੀਕਾ ਮੰਨਿਆ ਜਾ ਰਿਹਾ ਹੈ ਅਤੇ ਇਸ ਲਈ ਯੂਕੇ ਜਰਮਨੀ ਅਤੇ ਅਮਰੀਕਾ ਦੇ ਨਰਸਿੰਗ ਹੋਮਜ਼ ਵਿੱਚ ਕਈ ਸਮੂਹ ਬਣਾਏ ਗਏ ਹਨ।
ਭਾਵੇਂ ਖਿੜਕੀ ਰਾਹੀਂ ਹੀ ਕਿਉਂ ਨਾ ਹੋਵੇ ਪੰਛੀਆਂ ਵੱਲ ਦੇਖਣਾ, ਬਜ਼ੁਰਗਾਂ ਨੂੰ ਦੂਜਿਆਂ ਨਾਲ ਵਧੇਰੇ ਜੁੜਿਆ ਹੋਇਆ ਮਹਿਸੂਸ ਕਰਵਾਉਣ, ਸਕਾਰਾਤਮਕ ਭਾਵਨਾਵਾਂ ਦਾ ਅਨੁਭਵ ਕਰਨ ਅਤੇ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
ਹੁਣ ਨਵੀਂ ਖੋਜ ਦਿਖਾਉਂਦੀ ਹੈ ਕਿ ਪੰਛੀ ਦੇਖਣਾ ਦਿਮਾਗ਼ ਦੀ ਬਣਤਰ ਨੂੰ ਉਸੇ ਤਰ੍ਹਾਂ ਬਦਲ ਸਕਦਾ ਹੈ ਜਿਵੇਂ ਕੋਈ ਖੇਡ ਖੇਡਣਾ ਜਾਂ ਕੋਈ ਸਾਜ ਵਜਾਉਣਾ ਸਿੱਖਣਾ ਅਤੇ ਇਹ ਦਿਮਾਗ਼ ਦੇ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦਾ ਹੈ।
ਬਿਹਤਰ ਵਿਵਸਥਿਤ ਦਿਮਾਗ਼
ਲੈਬੋਰਟਰੀ ਵਿੱਚ ਦਿਮਾਗ਼ ਦੇ ਮਾਹਿਰਾਂ ਨੇ ਪੰਛੀ ਪ੍ਰੇਮੀਆਂ ਦੀ ਕਾਬਲੀਅਤ ਦਾ ਇਹ ਪਤਾ ਲਗਾਉਣ ਲਈ ਟੈਸਟ ਲਿਆ ਕਿ ਕੌਣ ਮਾਹਿਰ ਹੈ ਅਤੇ ਕੌਣ ਨਵਾਂ। ਵਿਗਿਆਨੀਆਂ ਨੇ ਦੇਖਿਆ ਕਿ ਮਾਹਿਰਾਂ ਦੇ ਦਿਮਾਗ਼ ਦੀ ਬਣਤਰ ਬਿਲਕੁਲ ਹੀ ਵੱਖਰੀ ਸੀ ਅਤੇ ਪੰਛੀਆਂ ਨੂੰ ਦੇਖਣ ਦੀ ਇਹ ਮਹਾਰਤ ਦਿਮਾਗ਼ ਨੂੰ ਵਧੇਰੇ ਵਿਵਸਥਿਤ ਰੱਖ ਕੇ ਉਮਰ ਦੇ ਨਾਲ ਹੋਣ ਵਾਲੀ ਬੌਧਿਕ ਗਿਰਾਵਟ ਨੂੰ ਹੌਲੀ ਕਰ ਸਕਦੀ ਹੈ।
ਕੈਨੇਡਾ ਦੇ ਟੋਰਾਂਟੋ ਵਿੱਚ ਬੇਕਰੈਸਟ ਅਕੈਡਮੀ ਫਾਰ ਰਿਸਰਚ ਐਂਡ ਐਜੁਕੇਸ਼ਨ ਵਿਖੇ ਇਸ ਖੋਜ ਦੀ ਅਗਵਾਈ ਕਰਨ ਵਾਲੇ ਐਰਿਕ ਵਿੰਗ ਨੇ ਪੰਛੀਆਂ ਦੀ ਪਛਾਣ ਕਰਨ ਦੌਰਾਨ ਪੰਛੀ ਮਾਹਿਰਾਂ ਦੇ ਦਿਮਾਗ਼ ਦੇ ਐਮ.ਆਰ.ਆਈ ਸਕੈਨਾਂ ਦੀ ਤੁਲਨਾ ਨਵੇਂ ਲੋਕਾਂ ਦੇ ਸਕੈਨ ਨਾਲ ਕੀਤੀ।
ਉਨ੍ਹਾਂ ਨੇ ਦੇਖਿਆ ਕਿ ਮਾਹਿਰਾਂ ਦੇ ਦਿਮਾਗ਼ ਦੀ ਬਣਤਰ ਉਨ੍ਹਾਂ ਹਿੱਸਿਆਂ ਵਿੱਚ ਵੱਖਰੀ ਸੀ ਜੋ ਇਕਾਗਰਤਾ, ਦ੍ਰਿਸ਼ਟੀਗਤ ਸੰਵੇਦਨਸ਼ੀਲਤਾ ਅਤੇ ਦ੍ਰਿਸ਼ ਪਛਾਣ ਜਿਹੇ ਕੰਮਾਂ ਲਈ ਮਹੱਤਵਪੂਰਨ ਹੁੰਦੇ ਹਨ।
ਪੰਛੀਆਂ ਦੇ ਮਾਹਿਰਾਂ ਵਿੱਚ ਇਨ੍ਹਾਂ ਹਿੱਸਿਆਂ 'ਚ ਵੱਧ ਸਰਗਰਮੀ ਦੇਖਣ ਨੂੰ ਮਿਲੀ। ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਨੂੰ ਅਜਿਹੇ ਪੰਛੀਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਜਿਨ੍ਹਾਂ ਤੋਂ ਉਹ ਪਹਿਲਾਂ ਜਾਣੂ ਨਹੀਂ ਸਨ। ਇਹ ਖੋਜ ਇਹ ਸਾਬਿਤ ਨਹੀਂ ਕਰਦੀ ਕਿ ਦਿਮਾਗ਼ ਦੀ ਬਣਤਰ ਵਿੱਚ ਆਏ ਬਦਲਾਅ ਪੰਛੀ ਦੇਖਣ ਦੀ ਮਹਾਰਤ ਦਾ ਕਾਰਨ ਹਨ ਜਾਂ ਉਸ ਦਾ ਪ੍ਰਭਾਵ।
ਪਰ ਵਿੰਗ ਦਾ ਕਹਿਣਾ ਹੈ ਕਿ ਇਸ ਦੀ ਇੱਕ ਵਜ੍ਹਾ ਇਹ ਹੋ ਸਕਦੀ ਹੈ ਕਿ ਪੰਛੀ ਦੇਖਣ ਲਈ ਵਰਤੇ ਜਾਣ ਵਾਲੇ ਦਿਮਾਗ਼ ਦੇ ਹਿੱਸਿਆਂ ਵਿੱਚ ਨਿਉਰੋਪਲਾਸਟੀ ਆ ਸਕਦੀ ਹੈ ਯਾਨੀ ਸਮੇਂ ਦੇ ਨਾਲ ਆਪਣੀ ਬਣਤਰ ਅਤੇ ਕੰਮ ਕਰਨ ਦੇ ਤਰੀਕੇ ਨੂੰ ਬਦਲਣ ਦੀ ਦਿਮਾਗੀ ਸਮਰਥਾ।
ਵਿੰਗ ਨੇ ਇਸ ਗੱਲ ਦਾ ਵੀ ਵਿਸ਼ਲੇਸ਼ਣ ਕੀਤਾ ਕਿ ਪੰਛੀ ਪ੍ਰੇਮੀਆਂ ਦਾ ਦਿਮਾਗ਼ ਕਿੰਨਾ ਵਿਵਸਥਿਤ ਸੀ। ਉਮਰ ਵਧਣ ਨਾਲ ਦਿਮਾਗ਼ ਦੀ ਇਹ ਵਿਵਸਥਾ ਘਟਣ ਲੱਗਦੀ ਹੈ ਅਤੇ ਇਸ ਵਿਵਸਥਾ ਦੇ ਘੱਟ ਪੱਧਰ ਨੂੰ ਸੋਚਣ ਸਮਝਣ ਦੀ ਸ਼ਕਤੀ ਵਿੱਚ ਆਈ ਕਮੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਮਾਹਿਰਾਂ ਦੇ ਦਿਮਾਗ਼ ਦੇ ਕੁਝ ਹਿੱਸਿਆਂ ਵਿਚ ਉਨ੍ਹਾਂ ਦੀ ਹੀ ਉਮਰ ਦੇ ਨੌਸਿਖੀਏ ਲੋਕਾਂ ਮੁਕਾਬਲੇ ਵਿਵਸਥਾ ਅਤੇ ਤਾਲਮੇਲ ਦਾ ਪੱਧਰ ਵਧੇਰੇ ਸੀ। ਇਨ੍ਹਾਂ ਵਿੱਚੋਂ ਕੁਝ ਹਿੱਸੇ ਉਹੀ ਸਨ ਜਿਨ੍ਹਾਂ ਨੇ ਪੰਛੀਆਂ ਦੀ ਪਛਾਣ ਕਰਨ ਦੌਰਾਨ ਵਧੇਰੇ ਸਰਗਰਮੀ ਦਿਖਾਈ ਸੀ। ਵਿੰਗ ਦਾ ਕਹਿਣਾ ਹੈ ਕਿ ਇਹ ਮਾਹਿਰਾਂ ਦੇ ਬੁੱਢੇ ਹੋਣ ਦੇ ਨਾਲ ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਤਰ੍ਹਾਂ ਦੀ ਵਿਵਸਥਾ ਦੇ ਸੁਰੱਖਿਅਤ ਰਹਿਣ ਦਾ ਸੰਕੇਤ ਦਿੰਦਾ ਹੈ।
ਵਿੰਗ ਦਾ ਕਹਿਣਾ ਹੈ, "ਇਹ ਸੁਰੱਖਿਆ ਦੀ ਪ੍ਰਕਿਰਤੀ ਅਤੇ ਵਿਆਪਕ ਮਾਨਸਿਕ ਸਮਰਥਾ ਨਾਲ ਇਸ ਦੇ ਸਬੰਧ ਨੂੰ ਸਮਝਣ ਲਈ ਹਾਲੇ ਹੋਰ ਖੋਜ ਦੀ ਲੋੜ ਹੈ। ਪਰ ਫ਼ਿਲਹਾਲ ਇਹ ਨਤੀਜੇ ਸੰਕੇਤ ਦੇ ਸਕਦੇ ਹਨ ਕਿ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਇਸ ਹੁਨਰ ਨੂੰ ਸਿੱਖਣ ਨਾਲ ਅਜਿਹੇ ਫ਼ਾਇਦੇ ਮਿਲ ਸਕਦੇ ਹਨ ਜੋ ਬੁਢਾਪੇ ਤੱਕ ਕਾਇਮ ਰਹਿੰਦੇ ਹਨ। "
ਇਹ ਬਹੁਤ ਸਾਰੇ ਜੈੱਨ-ਜ਼ੀ ਪੰਛੀ ਪ੍ਰੇਮੀਆਂ ਲਈ ਚੰਗੀ ਖ਼ਬਰ ਹੈ ਜੋ ਬੁਢਾਪਾ ਆਉਣ ਤੋਂ ਪਹਿਲਾਂ ਹੀ ਆਪਣੀਆਂ ਦੂਰਬੀਨਾਂ ਕੱਢ ਰਹੇ ਹਨ।
ਬਰਡ ਥੈਰੇਪੀ
ਵਿੰਗ ਦੀ ਖੋਜ ਨੇ ਪੰਛੀਆਂ ਨੂੰ ਦੇਖਣ ਦੀ ਮਹਾਰਤ ਵੱਲ ਧਿਆਨ ਦਿੱਤਾ ਸੀ ਪਰ ਹੋਰ ਨਤੀਜੇ ਸੰਕੇਤ ਦਿੰਦੇ ਹਨ ਕਿ ਪੰਛੀਆਂ ਨੂੰ ਦੇਖਣ ਦੇ ਮਨੋਵਿਗਿਆਨਕ ਫ਼ਾਇਦੇ ਉਨ੍ਹਾਂ ਲੋਕਾਂ ਨੂੰ ਵੀ ਹੋ ਸਕਦੇ ਹਨ ਜਿਨ੍ਹਾਂ ਕੋਲ ਕੋਈ ਵਿਸ਼ੇਸ਼ ਗਿਆਨ ਜਾਂ ਹੁਨਰ ਨਹੀਂ ਹੈ।
ਦਰਅਸਲ ਜਦੋਂ ਮਨੋਵਿਗਿਆਨਕ ਸਥਿਰਤਾ ਅਤੇ ਤਾਜ਼ਗੀ ਜਿਵੇਂ ਕਿ ਸ਼ਾਂਤੀ, ਅਜ਼ਾਦੀ ਅਤੇ ਮੁੜ ਊਰਜਾਵਾਨ ਮਹਿਸੂਸ ਕਰਨ ਦਾ ਅਨੁਭਵ ਕਰਨ ਦੀ ਗੱਲ ਆਉਂਦੀ ਹੈ ਤਾਂ ਮਹਾਰਤ ਨਾਲੋਂ ਵਧੇਰੇ ਮਹੱਤਵਪੂਰਨ ਉਤਸ਼ਾਹ ਹੋ ਸਕਦਾ ਹੈ।
ਪੋਲੈਂਡ ਵਿੱਚ 388 ਪੰਛੀ ਪ੍ਰੇਮੀਆਂ 'ਤੇ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਦੂਜੀਆਂ ਗਤੀਵਿਧੀਆਂ ਦੇ ਮੁਕਾਬਲੇ ਪੰਛੀ ਦੇਖਣ ਵਿੱਚ ਵੱਧ ਦਿਲਚਸਪੀ ਰੱਖਦੇ ਹਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਮੰਨਦੇ ਹਨ, ਉਨ੍ਹਾਂ ਵਿੱਚ ਮਨੋਵਿਗਿਆਨਕ ਤਾਜ਼ਗੀ ਦਾ ਅਨੁਭਵ ਕਰਨ ਦੀ ਸੰਭਾਵਨਾ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਜੋ ਬਹੁਤ ਜ਼ਿਆਦਾ ਮਾਹਿਰ ਤਾਂ ਹਨ ਪਰ ਉਨ੍ਹਾਂ ਵਿੱਚ ਉਤਸ਼ਾਹ ਘੱਟ ਹੈ।
ਇਸ ਲਈ ਸਿਰਫ਼ ਪੰਛੀਆਂ ਵਿੱਚ ਦਿਲਚਸਪੀ ਲੈਣ ਦੀ ਚੋਣ ਕਰਨਾ ਵੀ ਆਪਣੇ ਆਪ ਵਿੱਚ ਫਾਇਦੇਮੰਦ ਹੋ ਸਕਦਾ ਹੈ। ਜਰਮਨੀ ਵਿੱਚ ਕੈਥੋਲਿਕ ਯੂਨੀਵਰਸਿਟੀ ਆਫ ਆਈਸ਼ਟੈਟ-ਇੰਗੋਲਸਟੇਟ ਵਿੱਚ ਸਮਾਜਿਕ ਅਤੇ ਸੰਗਠਨਾਤਮਕ ਮਨੋਵਿਗਿਆਨ ਦੀ ਪ੍ਰੋਫੈਸਰ ਐਲਿਜ਼ਾਬੈਥ ਕਾਲਸ ਇਸ ਗੱਲ ਵਿੱਚ ਦਿਲਚਸਪੀ ਰੱਖਦੇ ਹਨ ਕਿ ਕੁਦਰਤ ਨਾਲ ਸਾਡਾ ਸਬੰਧ ਸਾਡੇ ਜੀਵਨ ਦੇ ਤਜਰਬਿਆਂ ਅਤੇ ਤੰਦਰੁਸਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ਦਾ ਅਧਿਐਨ ਕੀਤਾ ਕਿ ਜਦੋਂ ਬਜ਼ੁਰਗ ਆਸ਼ਰਮਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੰਛੀ ਦੇਖਣ ਦਾ ਮੌਕਾ ਮਿਲਦਾ ਹੈ ਤਾਂ ਕੀ ਹੁੰਦਾ ਹੈ।
ਉਨ੍ਹਾਂ ਦੀ ਟੀਮ ਨੇ 65 ਬਜ਼ੁਰਗ ਆਸ਼ਰਮਾਂ ਬਾਹਰ ਪੰਛੀਆਂ ਨੂੰ ਚੋਗ਼ਾ ਪਾਉਣ ਵਾਲੇ ਸਟੇਸ਼ਨ ਸਥਾਪਿਤ ਕੀਤੇ। ਉਨ੍ਹਾਂ ਨੂੰ ਇਸ ਤਰ੍ਹਾਂ ਲਗਾਇਆ ਗਿਆ ਸੀ ਕਿ ਉਥੇ ਰਹਿਣ ਵਾਲੇ ਬਜ਼ੁਰਗ ਕੌਮਨ ਏਰੀਆ ਵਿੱਚ ਅਰਾਮ ਨਾਲ ਬੈਠ ਕੇ ਪੰਛੀ ਦੇਖ ਸਕਣ।
ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗਾਂ ਦੀਆਂ ਆਪਣੀਆਂ ਰਿਪੋਰਟਾਂ ਅਤੇ ਉੱਥੋਂ ਦੇ ਸਟਾਫ ਤੇ ਪਰਿਵਾਰ ਦੇ ਮੈਂਬਰਾਂ ਦੇ ਫ਼ੀਡਬੈਕ ਰਾਹੀਂ ਉਨ੍ਹਾਂ ਦੀ ਮਾਨਸਿਕ ਸਮਰਥਾ, ਸਰੀਰਕ ਹਿਲਜੁਲ ਅਤੇ ਤੰਦਰੁਸਤੀ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਮਹਿਜ਼ ਕੁਝ ਹਫਤਿਆਂ ਵਿੱਚ ਹੀ ਸੁਧਾਰ ਦੇਖੇ ਅਤੇ ਇੱਕ ਮਹੀਨੇ ਬਾਅਦ ਪੰਛੀ ਦੇਖਣ ਦੀ ਗਤੀਵਿਧੀ ਨੇ ਬਜ਼ੁਰਗਾਂ ਦੀ ਉਮਰ ਅਤੇ ਦੇਖਭਾਲ ਦੇ ਪੱਧਰ ਦੇ ਮੁਕਾਬਲੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਨੂੰ ਬਿਹਤਰ ਤਰੀਕੇ ਨਾਲ ਸਪਸ਼ਟ ਕੀਤਾ।
ਕਾਲਸ ਕਹਿੰਦੇ ਹਨ ਕਿ ਇਸ ਖੋਜ ਦੇ ਨਤੀਜੇ ਸਕਾਰਾਤਮਕ ਸਨ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਨੇ ਪੰਛੀ ਦੇਖਣ ਵਿੱਚ ਹਿੱਸਾ ਲਿਆ ਉਹ ਮਾਨਸਿਕ ਪੱਖੋਂ ਵੱਧ ਚੁਸਤ ਹੋ ਗਏ ਯਾਨੀ ਕਿ ਉਹ ਗੱਲਬਾਤ ਦਾ ਸਿਲਸਿਲਾ ਬਣਾਈ ਰੱਖਣ, ਮਿਲਣ ਆਉਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ, ਪਹਿਲਾਂ ਆ ਚੁੱਕੇ ਪੰਛੀਆਂ ਨੂੰ ਯਾਦ ਰੱਖਣ ਅਤੇ ਪਛਾਣਨ ਅਤੇ ਵਧੇਰੇ ਸੁਚੇਤਤਾ ਦਿਖਾਉਣ ਦੇ ਸਮਰੱਥ ਹੋ ਗਏ ਸੀ।
ਬਜ਼ੁਰਗ ਆਸ਼ਰਮ ਦੇ ਸਟਾਫ਼ ਨੇ ਸਭ ਤੋਂ ਪਹਿਲਾਂ ਪੰਛੀਆਂ ਕਾਰਨ ਆਏ ਇਸ ਬਦਲਾਅ ਨੂੰ ਦੇਖਿਆ। ਕਾਲਸ ਕਹਿੰਦੇ ਹਨ, "ਹਫਤਿਆਂ ਤੋਂ ਉਨ੍ਹਾਂ ਨੇ ਕਿਸੇ ਦੇ ਚਿਹਰੇ 'ਤੇ ਮੁਸਕੁਰਾਹਟ ਨਹੀਂ ਦੇਖੀ ਸੀ ਅਤੇ ਫਿਰ ਉਹ ਮੁਸਕੁਰਾਹਟ ਦੇਖੀ।"
ਕਾਲਸ ਦਾ ਕਹਿਣਾ ਹੈ ਕਿ ਯਾਦਦਾਸ਼ਤ ਅਤੇ ਇਕਾਗਰਤਾ ਵਿੱਚ ਆਏ ਕੁਝ ਸੁਧਾਰ ਮਹਿਜ਼ ਤਿੰਨ ਤੋਂ ਚਾਰ ਹਫਤਿਆਂ ਵਿੱਚ ਹੀ ਸਾਫ਼ ਨਜ਼ਰ ਆਉਣ ਲੱਗ ਪੈਂਦੇ ਹਨ।
ਉਨ੍ਹਾਂ ਦੀ ਟੀਮ ਦੀਆਂ ਖੋਜਾਂ ਨੇ ਜਰਮਨ ਸਿਹਤ ਬੀਮਾ ਕੰਪਨੀਆਂ ਨੂੰ ਪੂਰੇ ਬਵੇਰੀਆ ਵਿੱਚ ਚਾਰ ਸੌ ਤੋਂ ਵੱਧ ਬਜ਼ੁਰਗ ਆਸ਼ਰਮਾਂ ਵਿੱਚ ਪੰਛੀਆਂ ਦੇ ਫੀਡਰ ਅਤੇ ਵਿਉਇੰਗ ਏਰੀਆ ਸਥਾਪਿਤ ਕਰਨ ਲਈ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਹੈ।
ਕਾਲਸ ਕਹਿੰਦੇ ਹਨ, "ਇਹ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸ ਨਾਲ ਪੈਸੇ ਦੀ ਬਚਤ ਹੋਈ।"
ਅਮਰੀਕਾ ਵਿੱਚ ਵੀ 2013 ਵਿੱਚ ਕਨੈਕਟੀਕਟ ਦੇ ਚਾਰ ਕੇਅਰ ਕਮਿਊਨਿਟੀਜ਼ ਵਿੱਚ ਅਤੇ ਬਾਅਦ 'ਚ ਟੈਕਸਾਸ ਅਤੇ ਕੋਲੋਰਾਡੋ ਵਿੱਚ ਅਜਿਹੀ ਹੀ ਇੱਕ ਪਹਿਲ ਸ਼ੁਰੂ ਕੀਤੀ ਗਈ ਸੀ।
ਬਰਡ ਟੇਲਜ਼, ਡਿਮੈਂਸ਼ੀਆ ਦੇ ਮਰੀਜ਼ਾਂ ਲਈ ਇੱਕ ਅਜਿਹਾ ਥੈਰੇਪੀ ਪ੍ਰੋਗਰਾਮ ਹੈ ਜਿਸ ਵਿੱਚ ਉਨ੍ਹਾਂ ਦੀਆਂ ਰਹਿਣ ਵਾਲੀਆਂ ਥਾਂਵਾਂ ਵਿੱਚ ਪੰਛੀਆਂ ਦੇ ਫੀਡਰ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੰਛੀਆਂ ਦੇ ਖਿਡੌਣੇ ਦਿੱਤੇ ਜਾਂਦੇ ਹਨ ਜੋ ਪੰਛੀਆਂ ਜਿਹੀਆਂ ਆਵਾਜ਼ਾਂ ਕੱਢਦੇ ਹਨ ਤਾਂ ਜੋ ਉਹ ਵੱਖ-ਵੱਖ ਪ੍ਰਜਾਤੀਆਂ ਬਾਰੇ ਸਿੱਖ ਸਕਣ।
ਇਸ ਵਿੱਚ ਹਿੱਸਾ ਲੈਣ ਵਾਲਿਆਂ ਲਈ ਨਤੀਜੇ ਬਹੁਤ ਸਕਾਰਾਤਮਕ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਮਾਨਸਿਕ ਸਮਰਥਾ ਨੂੰ ਜਗਾਉਣ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਪੁਰਾਣੀਆਂ ਯਾਦਾਂ ਨਾਲ ਜੋੜਦਾ ਹੈ।
ਇਸ ਤਰ੍ਹਾਂ ਦੇ ਇੱਕ ਹੋਰ ਪ੍ਰੋਗਰਾਮ ਨੇ ਦਿਲ ਦੇ ਦੌਰੇ ਜਾਂ ਲਕਵੇ ਤੋਂ ਬਚੇ ਉਨ੍ਹਾਂ ਮਰੀਜ਼ਾਂ ਲਈ ਫਾਇਦੇਮੰਦ ਨਤੀਜੇ ਦਿਖਾਏ ਹਨ ਜਿਨ੍ਹਾਂ ਵਿੱਚ ਕੁਝ ਅਫੇਸੀਆ ਯਾਨੀ ਬੋਲਣ ਜਾਂ ਬੋਲੀ ਜਾਣ ਵਾਲੀ ਭਾਸ਼ਾ ਨੂੰ ਸਮਝਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ।
ਯੂਨੀਵਰਸਿਟੀ ਆਫ ਮੋਂਟਾਨਾ ਦੇ ਇੰਟੈਸਿਵ ਕ੍ਰੰਪੀਹੈਂਸਿਵ ਅਫੇਸੀਆ ਪ੍ਰੋਗਰਾਮ ਦੀ ਸ਼ੁਰੂਆਤ 2013 ਵਿੱਚ ਉੱਲੂ ਲੱਭਣ ਨਾਲ ਹੋਈ ਸੀ ਅਤੇ ਹੁਣ ਇਸ ਵਿਚ ਮੋਂਟਾਨਾ ਦੀ ਵਿਭਿੰਨ ਪੰਛੀ ਅਬਾਦੀ ਦੀ ਗਾਈਡਡ ਆਬਜ਼ਰਵੇਸ਼ਨ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਦੀ ਪਛਾਣ ਕਰਨਾ ਸ਼ਾਮਿਲ ਹੈ।
ਪੰਛੀ ਦੇਖਣ ਦਾ ਸਾਡੇ 'ਤੇ ਸਕਾਰਾਤਮਕ ਪ੍ਰਭਾਵ ਕਿਉਂ ਪੈਂਦਾ ਹੈ?
ਕਾਲਸ ਮੁਤਾਬਕ, "ਇਹ ਸਿਰਫ਼ ਪੰਛੀਆਂ ਬਾਰੇ ਨਹੀਂ ਹੈ। ਇਹ ਕੁਦਰਤ, ਇਕਾਗਰਤਾ, ਭਾਵਨਾ, ਮਨੋਰਥ, ਸਮਾਜਿਕ ਸਾਂਝ ਅਤੇ ਸਰਗਰਮੀ ਦਾ ਇੱਕ ਬਹੁਤ ਸਰਲ ਤਰੀਕੇ ਨਾਲ ਇਕੱਠੇ ਹੋਣਾ ਹੈ। ਇਹ ਕੁਝ ਨਵਾਂ ਜਾਣਨ ਦੀ ਇੱਛਾ, ਖੁਸ਼ੀ ਅਤੇ ਉਮੀਦ ਦੇ ਛੋਟੇ ਛੋਟੇ ਪਲ ਪੈਦਾ ਕਰਦੀ ਹੈ। ਇਹ ਹਰ ਕਿਸੇ ਦੀ ਪਹੁੰਚ ਵਿੱਚ ਬਹੁਤ ਅਸਾਨੀ ਨਾਲ ਹੋ ਸਕਦੀ ਹੈ।"
ਸ਼ਾਇਦ ਇਹੀ ਕਾਰਨ ਹੈ ਕਿ ਯੂਕੇ ਵਿੱਚ ਡਿਮੈਂਸ਼ੀਆ ਦੇ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ 'ਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਕੁਦਰਤ ਵਿੱਚ ਸਿਰਫ਼ ਸੈਰ ਕਰਨ ਤੋਂ ਬਾਅਦ ਪੰਛੀਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਦੇਖਣਾ ਦੂਜੀ ਸਭ ਤੋਂ ਪ੍ਰਸਿੱਧ ਆਊਟਡੋਰ ਗਤੀਵਿਧੀ ਸੀ।
ਉਸ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਆਵਾਜਾਈ ਅਤੇ ਪਹੁੰਚ ਦੀਆਂ ਚੁਣੌਤੀਆਂ ਡਿਮੈਂਸ਼ੀਆਂ ਨਾਲ ਪੀੜਤ ਲੋਕਾਂ ਲਈ ਵੱਡੀਆਂ ਰੁਕਾਵਟਾਂ ਹਨ ਪਰ ਇਹ ਉਨ੍ਹਾਂ ਲੋਕਾਂ ਲਈ ਇੰਨੀ ਵੱਡੀ ਮੁਸ਼ਕਿਲ ਨਹੀਂ ਹੈ ਜੋ ਆਪਣੀ ਰਸੋਈ ਦੀ ਖਿੜਕੀ ਤੋਂ ਹੀ ਪੰਛੀ ਦੇਖ ਸਕਦੇ ਹਨ।
ਵਿੰਗ ਕਹਿੰਦੇ ਹਨ ਕਿ ਪੰਛੀਆਂ ਨੂੰ ਦੇਖਣਾ ਜਿਗਿਆਸਾ ਨੂੰ ਤਲਾਸ਼ਣ ਦਾ ਇੱਕ ਜ਼ਰੀਆ ਹੈ ਜੋ ਕਿ ਵਧਦੀ ਉਮਰ ਵਿੱਚ ਸਾਡੀ ਜ਼ਿੰਦਗੀ ਵਿੱਚ ਨਵੀਆਂ ਚੀਜ਼ਾਂ ਸ਼ਾਮਿਲ ਕਰਨ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੁੰਦਾ ਹੈ।
ਵਧਦੀ ਉਮਰ ਵਿੱਚ ਮਾਨਸਿਕ ਸਮਰੱਥਾ ਨੂੰ ਬਣਾਈ ਰੱਖਣ ਵਿੱਚ ਕੁਝ ਨਵਾਂ ਜਾਣਨ ਦੀ ਇੱਛਾ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਸ਼ਾਇਦ ਇਸ ਲਈ ਕਿਉਂਕਿ ਇਹ ਦਿਮਾਗ਼ ਵਿੱਚ ਨੋਰੇਪੀਨੇਫ੍ਰਾਈਨ ਅਤੇ ਡੋਪਾਮਾਈਨ ਨੂੰ ਸਰਗਰਮ ਕਰਦੀ ਹੈ ਜਿਨ੍ਹਾਂ ਦਾ ਇੱਕ ਸਕਾਰਾਤਮਕ ਅਤੇ ਐਂਟੀ-ਇਨਫਲੇਮੇਟਰੀ ਪ੍ਰਭਾਵ ਹੁੰਦਾ ਹੈ।
ਕਾਲਸ ਮੁਤਾਬਕ ਸਾਡੇ ਆਲੇ ਦੁਆਲੇ ਅਵਾਜ਼ਾਂ ਕੱਢਦੇ ਅਤੇ ਉੱਡਦੇ ਪੰਛੀਆਂ ਨੂੰ ਜਾਣਨਾ ਪਛਾਣਨਾ ਇਹ ਯਾਦ ਰੱਖਣ ਦਾ ਇੱਕ ਤਰੀਕਾ ਹੈ ਕਿ ਅਸੀਂ ਕੌਣ ਹਾਂ।
ਇਨਸਾਨ ਹੋਣ ਦੇ ਨਾਤੇ ਅਸੀਂ ਕੁਦਰਤ ਦਾ ਇੱਕ ਹਿੱਸਾ ਹਾਂ ਪਰ ਬਦਕਿਸਮਤੀ ਨਾਲ ਅਸੀਂ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਹੀ ਇਸ ਸਬੰਧ ਨੂੰ ਗੁਆ ਦਿੰਦੇ ਹਾਂ। ਪੰਛੀ ਦੇਖਣਾ ਇਸ ਸਬੰਧ ਨੂੰ ਦੁਬਾਰਾ ਕਾਇਮ ਕਰਨ ਦਾ ਇੱਕ ਤਰੀਕਾ ਹੈ ਅਤੇ ਇਹ ਬਹੁਤ ਸੌਖਾ ਹੈ।
(ਨਿੱਜਤਾ ਦੇ ਮੱਦੇਨਜ਼ਰ ਨਾਂਅ ਬਦਲੇ ਗਏ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ