ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਜਪਾਨ ਤੋਂ ਅਮਰੀਕਾ ਤੱਕ : ਬਰਫਬਾਰੀ ਤੇ ਤੂਫ਼ਾਨ ਨਾਲ ਭਾਰੀ ਤਬਾਹੀ, ਕਾਰਾਂ ਹੀ ਬਣ ਗਈਆਂ ਕਬਰਾਂ
ਅਮਰੀਕਾ ਦੇ ਨਿਊ ਯਾਰਕ ਵਿੱਚ ਐਮਰਜੈਂਸੀ ਅਮਲੇ ਨੇ ਡਰੇ ਹੋਏ ਵਸਨੀਕਾਂ ਨੂੰ ਤੂਫ਼ਾਨ ਤੋਂ ਬਚਾਉਣ ਲਈ ਹੰਭਲਾ ਮਾਰਿਆ। ਇਸ ਤੂਫ਼ਾਨ ਨੂੰ ਅਧਿਕਾਰੀਆਂ ਨੇ ‘‘ਸਦੀ ਦਾ ਬਰਫੀਲਾ ਤੂਫ਼ਾਨ’’ ਕਿਹਾ ਹੈ।
ਅਮਰੀਕਾ ਵਿੱਚ ਇਸ ਤੂਫ਼ਾਨ ਨੇ ਕ੍ਰਿਸਮਿਸ ਦੀ ਯਾਤਰਾ ਦੌਰਾਨ ਹਫੜਾ ਦਫੜੀ ਮਚਾਈ ਰੱਖੀ।
‘‘ਇਹ ਸਭ ਤੋਂ ਵੱਧ ਦਿਲ ਨੂੰ ਤੋੜਨ ਵਾਲਾ ਤੂਫ਼ਾਨ ਹੈ’’
ਫਿਲਪਿੰਸ ਵਿੱਚ ਕਿਸਾਨਾਂ ਨੂੰ ਤੇਜ਼ ਤੂਫ਼ਾਨ ਅਤੇ ਹਨੇਰੀ ਕਾਰਨ ਫਸਲਾਂ ਦੇ ਸੰਦਰਭ ਵਿੱਚ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਬਰਦਸਤ ਤੂਫ਼ਾਨ ਦੀ ਰਫ਼ਤਾਰ 241 ਕਿਲੋਮੀਟਰ ਪ੍ਰਤੀ ਘੰਟਾ ਨੂੰ ਪਹੁੰਚ ਗਈ ਹੈ।
ਕਿਸਾਨ ਫੇਲਿਕਸ ਪੈਂਗੀਬਿਟਨ ਵੱਲੋਂ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ‘‘ਇਹ ਬਹੁਤ ਹੀ ਦਰਦਨਾਕ ਹੈ। ਕਿਸਾਨ ਹੋਣਾ ਬਹੁਤ ਹੀ ਔਖਾ ਹੈ।’’
ਫੇਲਿਕਸ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ‘‘ਮੈਨੂੰ ਸਾਰੇ ਤੂਫ਼ਾਨ ਤੇ ਉਨ੍ਹਾਂ ਦੇ ਨਾਮ ਤਾਂ ਯਾਦ ਨਹੀਂ ਪਰ ਇਹ ਸਭ ਤੋਂ ਵੱਧ ਦਿਲ ਨੂੰ ਤੋੜਨ ਵਾਲਾ ਹੈ।’’
ਮੁਲਕ ਦੇ ਖੇਤੀਬਾੜੀ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2022 ਵਿੱਚ ਹੁਣ ਤੱਕ ਫਿਲਿਪਿੰਸ ’ਚ 16 ਖ਼ਤਰਨਾਕ ਤੂਫ਼ਾਨ ਆ ਚੁੱਕੇ ਹਨ ਜਿਨ੍ਹਾਂ ਕਾਰਨ 225 ਮਿਲਿਅਨ ਡਾਲਰ ਤੋਂ ਵੱਧ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ।
ਜਪਾਨ ਵਿੱਚ ਦਰਜਨ ਤੋਂ ਵੱਧ ਮੌਤਾਂ
ਖਲੀਜ ਟਾਈਮਜ਼ ਨੇ ਸੀਐੱਨਐੱਨ ਦੀ ਖ਼ਬਰ ਮੁਤਾਬਕ ਜਪਾਨ ਨੇ ਦਾਅਵਾ ਕੀਤਾ ਕਿ ਮੁਲਕ ਵਿੱਚ ਬਰਫ਼ਬਾਰੀ ਦੇ ਚਲਦਿਆਂ ਘੱਟੋ-ਘੱਟ 17 ਲੋਕਾਂ ਦੀ ਜਾਨ ਗਈ ਅਤੇ 90 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਪਾਨ ਦੇ ਵੱਖ-ਵੱਖ ਖ਼ੇਤਰਾਂ ਵਿੱਚ ਕੜਾਕੇ ਦੀ ਠੰਡ ਵਿਚਾਲੇ ਭਾਰੀ ਬਰਫ਼ਬਾਰੀ ਹੋ ਰਹੀ ਹੈ, ਕਾਰਾਂ ਸੜਕਾਂ ਉੱਤੇ ਖੜ੍ਹੀਆਂ ਹਨ ਅਤੇ ਦਸੰਬਰ ਦੇ ਅੱਧ ਤੋਂ ਹੀ ਡਿਲੀਵਰੀ ਸਰਵਿਸ ਵਿੱਚ ਦੇਰੀ ਹੋ ਰਹੀ ਹੈ।
ਸੀਐੱਨਐੱਨ ਨੇ ਜਪਾਨ ਦੀ ਫਾਇਰ ਅਤੇ ਡਿਜ਼ਾਜ਼ਟਰ ਮੈਨੇਜਮੈਂਟ ਏਜੰਸੀ ਨਾਲ ਜੁੜੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਆਪਣੀ ਉਮਰ ਦੇ 70ਵਿਆਂ ਦੀ ਇੱਕ ਔਰਤ ਦੀ ਮੌਤ ਇਸ ਕਾਰਨ ਹੋ ਗਈ ਕਿਉਂਕਿ ਉਹ ਬਰਫ਼ ਹੇਛਾਂ ਦੱਬੇ ਗਏ ਸਨ।
ਜਪਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ ਹਫ਼ਤੇ ਜਪਾਨ ਵਿੱਚ ਬਰਫ਼ਬਾਰੀ ਔਸਤਨ ਤੋਂ ਵੱਧ ਗਈ।
ਅਮਰੀਕਾ ਵਿੱਚ 5 ਦਰਜਨ ਮੌਤਾਂ
ਉੱਤਰ-ਪੂਰਬ ਅਮਰੀਕਾ ਦੇ ਕਈ ਹਿੱਸਿਆਂ ਅਤੇ ਕੈਨੇਡਾ ਦੇ ਕਿਊਬਕ ਤੇ ਓਨਟੈਰੀਓ ਵਿੱਚ ਬਰਫ਼ੀਲਾ ਤੂਫ਼ਾਨ ਜਾਰੀ ਹੈ।
ਅਮਰੀਕਾ ਦੇ ਕਈ ਇਲਾਕਿਆਂ ਵਿੱਚ ਦੇਸ਼ ਨੂੰ ਆਪਣੀ ਜ਼ੱਦ ਵਿੱਚ ਲੈਣ ਵਾਲੇ ਇਸ ਤੂਫ਼ਾਨ ਕਾਰਨ ਬਿਜਲੀ ਗੁੱਲ ਹੈ ਅਤੇ ਯਾਤਰਾ ਵਿੱਚ ਦੇਰੀ ਹੋ ਰਹੀ ਹੈ।
ਅਮਰੀਕਾ ਵਿੱਚ ਹੁਣ ਤੱਕ ਬਰਫੀਲੇ ਤੂਫ਼ਾਨ ਕਰਕੇ ਹੁਣ ਤੱਕ ਘੱਟੋ-ਘੱਟ 60 ਮੌਤਾਂ ਹੋਈਆਂ ਹਨ।
ਬਫਲੋ ਦਾ ਬੁਰਾ ਹਾਲ
ਬਫਲੋ ਕਾਊਂਟੀ ਵਿੱਚ ਇਸ ਬਰਫ਼ ਦੇ ਤੂਫ਼ਾਨ ਕਾਰਨ ਹਾਲਾਤ ਬਹੁਤ ਖਰਾਬ ਹਨ।
ਨਿਊ ਯਾਰਕ ਵਿੱਚ ਅਧਿਕਾਰੀਆਂ ਮੁਤਾਬਕ ਬਫਲੋ ਵਿੱਚ ਘੰਟਿਆਂ ਬੱਧੀ ਬਰਫ਼ਬਾਰੀ ਕਾਰਨ ਕਈ ਇੰਚ ਮੋਟੀ ਬਰਫ਼ ਦੀ ਚਾਦਰ ਬਣ ਗਈ ਹੈ ਅਤੇ ਵਿਜ਼ੀਬਿਲਟੀ ਬੇਹੱਦ ਹੀ ਘੱਟ ਹੈ।
ਵਾਹਨਾਂ ਵਿੱਚੋਂ ਅਤੇ ਬਰਫ਼ ਦੇ ਹੇਠੋਂ ਲਾਸ਼ਾਂ ਮਿਲ ਰਹੀਆਂ ਹਨ। ਐਮਰਜੈਂਸੀ ਅਮਲੇ ਦੇ ਲੋਕ ਇੱਕ-ਇੱਕ ਕਾਰ ਨੂੰ ਚੈੱਕ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਾੜੇ ਹਾਲ ਤੋਂ ਬਚਾਇਆ ਜਾ ਸਕੇ।
ਗਵਰਨਰ ਕੈਥੀ ਹੋਚੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ, ‘‘ਯਕੀਨਨ ਇਹ ਸਦੀ ਦਾ ਬਰਫ਼ੀਲਾ ਤੂਫ਼ਾਨ ਹੈ, ਇਹ ਕਹਿਣਾ ਬਹੁਤ ਜਲਦੀ ਹੈ ਕਿ ਇਹ ਪੂਰਾ ਹੋਣ ਉੱਤੇ ਹੈ।”
ਹੋਚੁਲ ਨੇ ਅੱਗੇ ਇਹ ਵੀ ਕਿਹਾ ਕਿ ਨਿਊ ਯਾਰਕ ਦੇ ਕੁਝ ਪੱਛਮੀ ਕਸਬੇ “ਰਾਤੋ ਰਾਤ 30 ਤੋਂ 40 ਇੰਚ ਬਰਫ਼ ਨਾਲ ਘਿਰ ਗਏ।”
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਸੋਮਵਾਰ ਨੂੰ ਹੋਚੁਲ ਨੇ ਰਾਸ਼ਰਪਤੀ ਜੋਅ ਬਾਇਡਨ ਨਾਲ ਮਦਦ ਬਾਰੇ ਗੱਲ ਕੀਤੀ।
ਬਾਇਡਨ ਨੇ ਫੈਡਰਲ ਸਰਕਾਰ ਵੱਲੋਂ ਨਿਊ ਯਾਰਕ ਸੂਬੇ ਨੂੰ ਮਦਦ ਦਿੱਤੀ ਹੈ ਅਤੇ ਕਿਹਾ ਕਿ ਉਹ ਅਤੇ ਜਿਲ ਬਾਇਡਨ ਨੇ ਤੂਫ਼ਾਨ ਕਾਰਨ ਜਾਨਾਂ ਗੁਆਉਣ ਵਾਲਿਆਂ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ:
ਬਿਜਲੀ ਗੁੱਲ ਤੇ 15 ਹਜ਼ਾਰ ਤੋਂ ਵੱਧ ਉਡਾਨਾਂ ਰੱਦ
ਬਰਫ਼ੀਲੇ ਤੂਫ਼ਾਨ, ਤੇਜ਼ ਹਵਾਵਾਂ ਅਤੇ ਡਿੱਗਦੇ ਤਾਪਮਾਨ ਕਾਰਨ ਲੰਘੇ ਦਿਨਾਂ ਵਿੱਚ ਅਮਰੀਕਾ ਦੀਆਂ 15 ਹਜ਼ਾਰ ਤੋਂ ਵੱਧ ਉਡਾਨਾਂ ਰੱਦ ਹੋਈਆਂ ਹਨ।
ਨੈਸ਼ਨਲ ਵੈਦਰ ਸਰਵਿਸ ਨੇ ਸੋਮਵਾਰ ਨੂੰ 14 ਇੰਚ ਹੋਰ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ। ਅਧਿਕਾਰੀ ਐਮਰਜੈਂਸੀ ਸੇਵਾਵਾਂ ਦੇ ਆਨਲਾਈਨ ਹੋਣ ਲਈ ਸੰਘਰਸ਼ ਕਰ ਰਹੇ ਹਨ।
ਨੈਸ਼ਨਲ ਗਾਰਡ ਮੈਂਬਰਾਂ ਅਤੇ ਹੋਰ ਟੀਮਾਂ ਨੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਰੈਸਕਿਊ ਕੀਤਾ ਹੈ ਜੋ ਬਰਫ਼ ਨਾਲ ਲੱਦੀਆਂ ਕਾਰਾਂ ਵਿੱਚ ਸਨ।
ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿੱਚ ਬਿਜਲੀ ਗੁੱਲ ਹੈ ਉੱਥੋਂ ਵੀ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਪਰ ਅਧਿਕਾਰੀਆਂ ਮੁਤਾਬਕ ਲੋਕ ਹਾਲੇ ਵੀ ਫਸੇ ਹੋਏ ਹਨ।
‘’ਇਹ ਜੰਗ ਕੁਦਰਤ ਨਾਲ ਹੈ‘’
ਏਰੀ ਕਾਊਂਟੀ ਦੇ ਮੁਖੀ ਜੋਹਨ ਗਰਸੀਆ ਨੇ ਤੂਫ਼ਾਨ ਨੂੰ ‘ਸਭ ਤੋਂ ਭੈੜਾ’ ਦੱਸਿਆ ਹੈ, ਜਿੱਥੇ ਜ਼ੀਰੋ ਵਿਜ਼ੀਬਿਲਟੀ ਹੈ ਅਤੇ ਅਧਿਕਾਰੀ ਐਮਰਜੈਂਸੀ ਕਾਲਾਂ ਦਾ ਜਵਾਬ ਦੇਣ ਵਿੱਚ ਅਸਮਰੱਥ ਹਨ।
ਉਨ੍ਹਾਂ ਸੀਨੈੱਨ ਨੂੰ ਦੱਸਿਆ, ‘‘ਇਹ ਦਿਲ ਨੂੰ ਝੰਜੋੜ ਦੇਣ ਵਾਲਾ ਸੀ ਜਦੋਂ ਤੁਹਾਨੂੰ ਉੱਥੋਂ ਕਾਲਾਂ ਆ ਰਹੀਆਂ ਹਨ ਜਿੱਥੇ ਪਰਿਵਾਰ ਆਪਣੇ ਬੱਚਿਆਂ ਨਾਲ ਕਹਿ ਰਹੇ ਹਨ ਕਿ ਉਹ ਠਿਠੁਰ ਰਹੇ ਹਨ।‘’
ਬਫ਼ਲੋ ਦੀ ਇੱਕ ਵਸਨੀਕ ਹੋਚੁਲ ਨੇ ਦੱਸਿਆ ਕਿ ਜਦੋਂ ਉਹ ਸ਼ਹਿਰ ਘੁੰਮ ਰਹੇ ਸਨ ਤਾਂ ਹੈਰਾਨ ਰਹੇ ਗਏ।
ਉਨ੍ਹਾਂ ਦੱਸਿਆ, ‘‘ਇਹ ਜੰਗ ਵਾਲੇ ਇਲਾਕੇ ਵਿੱਚ ਜਾਣ ਵਾਂਗ ਸੀ, ਸੜਕਾਂ ਕੰਢੇ ਵਾਹਨਾਂ ਨੂੰ ਦੇਖਣਾ ਸਦਮੇ ਤੋਂ ਘੱਟ ਨਹੀਂ ਸੀ। ਘਰਾਂ ਅੱਗੇ 8 ਫੁੱਟ ਤੱਕ ਬਰਫ਼ ਸੀ ਅਤੇ ਬਰਫ਼ ਨੂੰ ਕੱਢਣ ਵਾਲੇ ਸੰਦ ਤੇ ਰੈਸਕਿਊ ਵਾਹਨ ਵੀ ਬਰਫ਼ ਵਿੱਚ ਦੱਬੇ ਸਨ।‘’
‘’ਇਹ ਜੰਗ ਕੁਦਰਤ ਨਾਲ ਹੈ।‘’