ਕੀ 13 ਨਵੰਬਰ 2026 ਨੂੰ ਖ਼ਤਮ ਹੋ ਜਾਵੇਗੀ ਦੁਨੀਆ? ਪੁਰਾਣੀ ਭਵਿੱਖਬਾਣੀ ਦੀ ਮੁੜ ਚਰਚਾ

ਕਈ ਦਹਾਕੇ ਪਹਿਲਾਂ ਖੋਜਕਰਤਾਵਾਂ ਨੇ ਮਨੁੱਖਤਾ ਦੇ ਵਿਨਾਸ਼ ਦੀ ਭਵਿੱਖਬਾਣੀ ਕੀਤੀ ਸੀ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਕਈ ਦਹਾਕੇ ਪਹਿਲਾਂ ਖੋਜਕਾਰਾਂ ਨੇ ਮਨੁੱਖਤਾ ਦੇ ਵਿਨਾਸ਼ ਦੀ ਭਵਿੱਖਬਾਣੀ ਕੀਤੀ ਸੀ (ਸੰਕੇਤਕ ਤਸਵੀਰ)
    • ਲੇਖਕ, ਮਜਦੀ ਅਲ-ਕੱਸੌਸ
    • ਰੋਲ, ਬੀਬੀਸੀ ਨਿਊਜ਼ ਅਰਬੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

13 ਨਵੰਬਰ 2026, ਸ਼ੁੱਕਰਵਾਰ।

ਇਸ ਦਿਨ ਦੇ ਨੇੜੇ ਆਉਣ ਦੇ ਨਾਲ ਹੀ 'ਦੁਨੀਆ ਦੇ ਖ਼ਤਮ ਹੋਣ' ਦਾ ਡਰ ਇੱਕ ਵਾਰ ਫਿਰ ਵੱਡੇ ਪੱਧਰ 'ਤੇ ਸੋਸ਼ਲ ਮੀਡੀਆ ਅਤੇ ਕਈ ਮੀਡੀਆ ਸੰਸਥਾਵਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਤਰੀਕ ਦਾ ਸਬੰਧ 66 ਸਾਲ ਪਹਿਲਾਂ ਪ੍ਰਕਾਸ਼ਿਤ ਹੋਏ ਇੱਕ ਵਿਗਿਆਨਕ ਅਧਿਐਨ ਨਾਲ ਹੈ, ਜਿਸ ਵਿੱਚ ਧਰਤੀ 'ਤੇ ਆਬਾਦੀ ਦੇ ਭਵਿੱਖ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਇਸ ਅਧਿਐਨ ਨੂੰ ਤਿੰਨ ਖੋਜਕਾਰਾਂ ਨੇ 4 ਨਵੰਬਰ 1960 ਨੂੰ ਅਮਰੀਕਾ ਦੀ 'ਸਾਇੰਸ' ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਦਾ ਸਿਰਲੇਖ ਸੀ, 'ਕਿਆਮਤ ਦਾ ਦਿਨ: ਸ਼ੁੱਕਰਵਾਰ, 13 ਨਵੰਬਰ'।

ਖੋਜਕਾਰਾਂ ਨੇ ਆਪਣੇ ਅਧਿਐਨ ਵਿੱਚ ਕਿਹਾ ਸੀ ਕਿ ਜੇਕਰ ਵਿਸ਼ਵ ਦੀ ਆਬਾਦੀ ਉਸੇ ਰਫ਼ਤਾਰ ਨਾਲ ਵਧਦੀ ਰਹੀ, ਜਿਸ ਤਰ੍ਹਾਂ ਉਨ੍ਹਾਂ ਨੇ ਲਗਭਗ ਦੋ ਹਜ਼ਾਰ ਸਾਲਾਂ ਦੇ ਅੰਕੜਿਆਂ ਵਿੱਚ ਦੇਖਿਆ ਸੀ, ਤਾਂ ਉਨ੍ਹਾਂ ਦੇ ਗਣਿਤਕ ਮਾਡਲ ਮੁਤਾਬਕ, ਨਵੰਬਰ 2026 ਵਿੱਚ ਮਨੁੱਖਾਂ ਦੀ ਗਿਣਤੀ ਸਿਧਾਂਤਕ ਤੌਰ 'ਤੇ 'ਅਨੰਤ' (ਇਨਫਿਨਿਟੀ) ਤੱਕ ਪਹੁੰਚ ਜਾਵੇਗੀ।

ਪਰ ਕੀ ਖੋਜਕਰਤਾ ਅਸਲ ਵਿੱਚ ਮਨੁੱਖੀ ਜਾਤੀ ਦੇ ਵਿਨਾਸ਼ ਦੀ ਗੱਲ ਕਰ ਰਹੇ ਸਨ?

ਕੀ ਇਸ ਤਰੀਕ ਦੀ ਕੋਈ ਵਿਗਿਆਨਕ ਮਹੱਤਤਾ ਹੈ, ਜੋ ਧਰਤੀ 'ਤੇ ਕਿਸੇ ਵਿਸ਼ਵਵਿਆਪੀ ਤਬਾਹੀ ਜਾਂ ਜੀਵਨ ਖ਼ਤਮ ਕਰਨ ਵਾਲੀ ਘਟਨਾ ਦਾ ਸੰਕੇਤ ਦਿੰਦੀ ਹੋਵੇ?

ਇਸ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੋਈ?

ਮਿਸਰ ਦੇ ਅਖ਼ਬਾਰ 'ਵਾਤਨੀ' ਵਿੱਚ ਮਿਸ਼ੇਲ ਟੇਕਲਾ ਦਾ ਲੇਖ
ਤਸਵੀਰ ਕੈਪਸ਼ਨ, ਮਿਸਰ ਦੇ ਅਖ਼ਬਾਰ 'ਵਾਤਨੀ' ਵਿੱਚ ਮਿਸ਼ੇਲ ਟੇਕਲਾ ਦਾ ਲੇਖ

ਇਸ ਅਧਿਐਨ ਦੀ ਸ਼ੁਰੂਆਤ ਆਸਟ੍ਰੀਆਈ-ਅਮਰੀਕੀ ਭੌਤਿਕ ਵਿਗਿਆਨੀ ਹਾਈਂਜ਼ ਫ਼ੌਨ ਫ਼ੌਰਸਟਰ ਤੋਂ ਹੋਈ ਸੀ।

ਉਨ੍ਹਾਂ ਨੇ ਦੋ ਖੋਜਕਾਰਾਂ ਪੈਟ੍ਰਿਸ਼ੀਆ ਮੋਰਾ ਅਤੇ ਲਾਰੈਂਸ ਐਮੀਅਟ ਨਾਲ ਮਿਲ ਕੇ ਇਹ ਖੋਜ ਕੀਤੀ ਸੀ। ਇਹ ਤਿੰਨੇ ਅਮਰੀਕਾ ਦੀ 'ਯੂਨੀਵਰਸਿਟੀ ਆਫ਼ ਇਲੀਨੌਇਸ' ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਕੰਮ ਕਰਦੇ ਸਨ।

ਖੋਜਕਾਰਾਂ ਨੇ ਦੁਨੀਆ ਦੀ ਆਬਾਦੀ ਨਾਲ ਜੁੜੇ ਇਤਿਹਾਸਕ ਅਨੁਮਾਨਾਂ ਦੀ ਵਰਤੋਂ ਕੀਤੀ। ਇਨ੍ਹਾਂ ਵਿੱਚ 24 ਅਨੁਮਾਨ ਸ਼ਾਮਿਲ ਸਨ, ਜੋ ਈਸਵੀ ਸੰਨ ਦੀ ਸ਼ੁਰੂਆਤ ਤੋਂ ਲੈ ਕੇ 1958 ਤੱਕ ਦੇ ਸਨ। ਇਨ੍ਹਾਂ ਰਾਹੀਂ ਉਨ੍ਹਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਤਿਹਾਸ ਵਿੱਚ ਮਨੁੱਖੀ ਆਬਾਦੀ ਕਿਸ ਤਰ੍ਹਾਂ ਵਧੀ।

ਖੋਜਕਾਰਾਂ ਨੇ ਇਹ ਨਹੀਂ ਮੰਨਿਆ ਕਿ ਆਬਾਦੀ ਇੱਕ ਨਿਸ਼ਚਿਤ ਦਰ ਨਾਲ ਵਧਦੀ ਹੈ। ਇਸ ਦੀ ਬਜਾਇ ਉਨ੍ਹਾਂ ਨੇ ਇੱਕ ਅਜਿਹਾ ਗਣਿਤਕ ਮਾਡਲ ਪੇਸ਼ ਕੀਤਾ, ਜੋ ਤੇਜ਼ੀ ਨਾਲ ਵਧਦੀ ਆਬਾਦੀ ਯਾਨੀ 'ਹਾਈਪਰਬੋਲਿਕ ਗ੍ਰੋਥ' ਦੀ ਧਾਰਨਾ 'ਤੇ ਆਧਾਰਿਤ ਸੀ।

ਇਸ ਵਿੱਚ ਨਾ ਸਿਰਫ਼ ਆਬਾਦੀ ਵਧਦੀ ਹੈ, ਸਗੋਂ ਸਮੇਂ ਦੇ ਨਾਲ ਇਸ ਦੇ ਵਧਣ ਦੀ ਰਫ਼ਤਾਰ ਵੀ ਤੇਜ਼ ਹੁੰਦੀ ਜਾਂਦੀ ਹੈ।

13 ਨਵੰਬਰ 2026 ਦੀ ਤਾਰੀਖ਼ ਵਾਲਾ ਅਧਿਐਨ 1960 ਵਿੱਚ ਫ਼ੌਨ ਫ਼ੌਰਸਟਰ ਅਤੇ ਉਨ੍ਹਾਂ ਦੇ ਦੋ ਸਹਿਯੋਗੀਆਂ ਨੇ ਪ੍ਰਕਾਸ਼ਿਤ ਕੀਤਾ ਸੀ
ਤਸਵੀਰ ਕੈਪਸ਼ਨ, 13 ਨਵੰਬਰ 2026 ਦੀ ਤਾਰੀਖ਼ ਵਾਲਾ ਅਧਿਐਨ 1960 ਵਿੱਚ ਫ਼ੌਨ ਫ਼ੌਰਸਟਰ ਅਤੇ ਉਨ੍ਹਾਂ ਦੇ ਦੋ ਸਹਿਯੋਗੀਆਂ ਨੇ ਪ੍ਰਕਾਸ਼ਿਤ ਕੀਤਾ ਸੀ (ਸੰਕੇਤਕ ਤਸਵੀਰ)

ਇਸ ਮਾਡਲ ਵਿੱਚ ਇਹ ਮੰਨਿਆ ਗਿਆ ਕਿ ਮਨੁੱਖਾਂ ਦੀ ਆਪਸੀ ਗੱਲਬਾਤ, ਇੱਕ-ਦੂਜੇ ਦੀ ਮਦਦ ਕਰਨ ਅਤੇ ਗਠਜੋੜ ਬਣਾਉਣ ਦੀ ਸਮਰੱਥਾ ਉਨ੍ਹਾਂ ਨੂੰ ਵਾਤਾਵਰਣ ਨਾਲ ਜੁੜੀਆਂ ਕੁਝ ਸੀਮਾਵਾਂ ਨੂੰ ਪਾਰ ਕਰਨ ਵਿੱਚ ਮਦਦ ਕਰਦੀ ਹੈ।

ਇਸ ਨਾਲ ਉਨ੍ਹਾਂ ਦੇ ਜਿਊਂਦੇ ਰਹਿਣ ਅਤੇ ਪ੍ਰਜਨਣ ਕਰਨ ਦੀ ਸਮਰੱਥਾ ਵਧਦੀ ਹੈ।

ਇਤਿਹਾਸਕ ਅੰਕੜਿਆਂ 'ਤੇ ਇਹ ਗਣਿਤਕ ਸਮੀਕਰਨ ਲਾਗੂ ਕਰਨ ਤੋਂ ਬਾਅਦ ਖੋਜਕਰਤਾ ਇਸ ਨਤੀਜੇ 'ਤੇ ਪਹੁੰਚੇ ਕਿ ਉਨ੍ਹਾਂ ਦਾ ਮਾਡਲ 2026 ਵਿੱਚ ਇੱਕ ਅਜਿਹੀ ਸਥਿਤੀ 'ਤੇ ਪਹੁੰਚ ਜਾਵੇਗਾ, ਜਿਸ ਨੂੰ 'ਸਿੰਗੁਲੈਰਿਟੀ' ਕਿਹਾ ਜਾਂਦਾ ਹੈ। ਇਹ ਸਮਾਂ ਨਵੰਬਰ 2026 ਦੇ ਅੱਧ ਦੇ ਆਸ-ਪਾਸ ਪੈਂਦਾ ਹੈ।

ਇਸੇ ਤਰ੍ਹਾਂ 13 ਨਵੰਬਰ 2026 ਦੀ ਤਰੀਕ ਅਧਿਐਨ ਦੇ ਸਿਰਲੇਖ ਵਿੱਚ ਸ਼ਾਮਿਲ ਹੋਈ। ਇਹ ਉਹ ਤਰੀਕ ਸੀ, ਜਦੋਂ ਮਾਡਲ ਮੁਤਾਬਕ ਇੱਕੋ ਜਿਹੀਆਂ ਮਾਨਤਾਵਾਂ ਦੇ ਆਧਾਰ 'ਤੇ ਆਬਾਦੀ ਦੇ 'ਅਨੰਤ' ਹੋ ਜਾਣ ਦਾ ਅਨੁਮਾਨ ਸੀ।

ਪਹਿਲੀ ਨਜ਼ਰ ਵਿੱਚ ਅਧਿਐਨ ਦਾ ਸਿਰਲੇਖ ਦੁਨੀਆ ਦੇ ਅੰਤ ਦੀ ਭਵਿੱਖਬਾਣੀ ਵਰਗਾ ਲੱਗ ਸਕਦਾ ਹੈ, ਪਰ ਇਸ ਦਾ ਅਸਲ ਅਰਥ ਬਿਲਕੁਲ ਵੱਖਰਾ ਸੀ।

ਖੋਜਕਰਤਾਵਾਂ ਨੇ ਨਾ ਤਾਂ ਧਰਤੀ ਨਾਲ ਕਿਸੇ ਐਸਟਰਾਇਡ ਦੇ ਟਕਰਾਉਣ ਦੀ ਗੱਲ ਕੀਤੀ ਸੀ, ਨਾ ਸੂਰਜ ਦੇ ਫਟਣ ਦੀ ਅਤੇ ਨਾ ਹੀ ਵਿਨਾਸ਼ਕਾਰੀ ਭੂਚਾਲ ਜਾਂ ਜਵਾਲਾਮੁਖੀ ਫਟਣ ਦੀ। ਉਨ੍ਹਾਂ ਨੇ ਕਿਸੇ ਕੁਦਰਤੀ ਆਫ਼ਤ ਕਾਰਨ ਮਨੁੱਖੀ ਜਾਤੀ ਦੇ ਵਿਨਾਸ਼ ਦੀ ਤਰੀਕ ਵੀ ਤੈਅ ਨਹੀਂ ਕੀਤੀ ਸੀ।

ਅਸਲ ਵਿੱਚ, ਉਨ੍ਹਾਂ ਨੇ 'ਕਿਆਮਤ ਦੇ ਦਿਨ' ਦੀ ਧਾਰਨਾ ਦੀ ਵਰਤੋਂ ਉਸ ਕਾਲਪਨਿਕ ਗਣਿਤਕ ਬਿੰਦੂ ਦਾ ਵਰਣਨ ਕਰਨ ਲਈ ਕੀਤੀ ਸੀ, ਜਿੱਥੇ ਉਨ੍ਹਾਂ ਦੇ ਸਮੀਕਰਨ ਮੁਤਾਬਕ ਆਬਾਦੀ ਅਨੰਤ ਹੋ ਜਾਂਦੀ ਹੈ। ਭੌਤਿਕ ਦੁਨੀਆ ਵਿੱਚ ਅਜਿਹਾ ਹੋਣਾ ਅਸੰਭਵ ਹੈ।

ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਇੱਥੇ ਅਨੰਤ ਦਾ ਮਤਲਬ ਇਹ ਨਹੀਂ ਹੈ ਕਿ ਅਸਲ ਵਿੱਚ ਧਰਤੀ 'ਤੇ ਇੰਨੇ ਮਨੁੱਖ ਹੋ ਜਾਣਗੇ। ਇਹ ਉਸ ਗਣਿਤਕ ਨਤੀਜੇ ਨੂੰ ਦਰਸਾਉਂਦਾ ਹੈ, ਜੋ ਕਿਸੇ ਮਾਡਲ ਨੂੰ ਭਵਿੱਖ ਵਿੱਚ ਲਗਾਤਾਰ ਲਾਗੂ ਕਰਨ ਅਤੇ ਉਸ ਦੀਆਂ ਸ਼ਰਤਾਂ ਵਿੱਚ ਬਿਨਾਂ ਕਿਸੇ ਬਦਲਾਅ ਦੇ ਜਾਰੀ ਰਹਿਣ ਦੀ ਕਲਪਨਾ ਕਰਨ 'ਤੇ ਸਾਹਮਣੇ ਆਉਂਦਾ ਹੈ।

ਮੂਲ ਅਧਿਐਨ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਖੋਜਕਰਤਾ ਇਸ ਗੱਲ ਤੋਂ ਜਾਣੂ ਸਨ ਕਿ ਵਾਤਾਵਰਣ, ਸਰੋਤਾਂ ਅਤੇ ਆਬਾਦੀ ਦੇ ਆਲੇ-ਦੁਆਲੇ ਦੀਆਂ ਸਥਿਤੀਆਂ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖੇ ਬਿਨਾਂ ਇਸ ਮਾਡਲ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।

ਇਹ ਅਜਿਹੇ ਕਾਰਨ ਹਨ, ਜੋ ਜਨਮ ਅਤੇ ਮੌਤ ਦਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਆਬਾਦੀ ਦੇ ਵਧਣ ਦੀ ਦਿਸ਼ਾ ਬਦਲ ਸਕਦੇ ਹਨ।

1964 ਵਿੱਚ ਪ੍ਰਕਾਸ਼ਿਤ ਮਿਸ਼ੇਲ ਟੇਕਲਾ ਦੇ ਲੇਖ ਦਾ ਇਸ ਨਾਲ ਕੀ ਸਬੰਧ ਹੈ?

ਮਿਸਰ ਦੇ ਅਖ਼ਬਾਰ 'ਵਾਤਨੀ' ਨੇ 29 ਨਵੰਬਰ 1964 ਦੀ ਇੱਕ ਪੁਰਾਣੀ ਕਟਿੰਗ ਵੀ ਪ੍ਰਕਾਸ਼ਿਤ ਕੀਤੀ ਹੈ। ਇਸ 'ਤੇ ਲੇਖਕ ਮਿਸ਼ੇਲ ਟੇਕਲਾ ਦਾ ਨਾਂ ਹੈ ਅਤੇ ਇਸ ਦਾ ਸਿਰਲੇਖ 13 ਨਵੰਬਰ 2026 ਨੂੰ ਦੁਨੀਆ ਦੇ ਖ਼ਤਮ ਹੋਣ ਦੀ ਗੱਲ ਕਰਦਾ ਹੈ।

ਇਸ ਤੋਂ ਬਾਅਦ ਮਿਸਰ ਦੇ ਕੁਝ ਹੋਰ ਮੀਡੀਆ ਅਦਾਰਿਆਂ ਨੇ ਵੀ ਇਸ ਪੁਰਾਣੀ ਕਟਿੰਗ ਦੀ ਤਸਵੀਰ ਮੁੜ ਪ੍ਰਕਾਸ਼ਿਤ ਕੀਤੀ ਹੈ। ਇਸ ਨਾਲ ਛੇ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇਹ ਕਹਾਣੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ।

ਪਰ ਪ੍ਰਕਾਸ਼ਿਤ ਲੇਖ ਅਤੇ ਮੂਲ ਵਿਗਿਆਨਕ ਅਧਿਐਨ ਵਿਚਾਲੇ ਫ਼ਰਕ ਕਰਨਾ ਜ਼ਰੂਰੀ ਹੈ।

13 ਨਵੰਬਰ 2026 ਦੀ ਤਰੀਕ ਵਾਲਾ ਅਧਿਐਨ 1960 ਵਿੱਚ ਫ਼ੌਨ ਫ਼ੌਰਸਟਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਪ੍ਰਕਾਸ਼ਿਤ ਕੀਤਾ ਸੀ, ਨਾ ਕਿ ਮਿਸ਼ੇਲ ਟੇਕਲਾ ਨੇ।

ਹਾਲ ਹੀ ਵਿੱਚ ਮੀਡੀਆ ਵਿੱਚ ਹੋਈ ਕਵਰੇਜ ਦੌਰਾਨ ਟੇਕਲਾ ਦੇ ਲੇਖ ਦੀ ਸਮੱਗਰੀ ਨੂੰ ਲੈ ਕੇ ਵੱਖ-ਵੱਖ ਦਾਅਵੇ ਵੀ ਸਾਹਮਣੇ ਆਏ ਹਨ।

ਕੁਝ ਰਿਪੋਰਟਾਂ ਵਿੱਚ ਇਸ ਨੂੰ ਆਬਾਦੀ ਵਿੱਚ ਵਾਧੇ ਬਾਰੇ ਹੋਏ ਅਧਿਐਨ ਨਾਲ ਜੋੜਿਆ ਗਿਆ ਹੈ, ਜਦਕਿ ਹੋਰ ਰਿਪੋਰਟਾਂ ਵਿੱਚ ਸੂਰਜ ਦੀਆਂ ਗਤੀਵਿਧੀਆਂ, ਜਲਵਾਯੂ ਤਬਦੀਲੀ ਅਤੇ ਕੁਦਰਤੀ ਆਫ਼ਤਾਂ ਨਾਲ ਜੁੜੀਆਂ ਧਾਰਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਲਈ ਜਦੋਂ ਤੱਕ ਮੂਲ ਲੇਖ ਦਾ ਪੂਰਾ ਪਾਠ ਦੇਖ ਕੇ ਉਸ ਦੀ ਵਿਗਿਆਨਕ ਸਮੱਗਰੀ ਨਾਲ ਤੁਲਨਾ ਨਾ ਕਰ ਲਈ ਜਾਵੇ, ਇਨ੍ਹਾਂ ਸਾਰੀਆਂ ਧਾਰਨਾਵਾਂ ਨੂੰ ਇੱਕੋ ਵਿਗਿਆਨਕ ਸਿਧਾਂਤ ਦਾ ਹਿੱਸਾ ਮੰਨਣਾ ਜਾਂ ਇਨ੍ਹਾਂ ਨੂੰ ਫ਼ੌਨ ਫ਼ੌਰਸਟਰ ਦੇ ਅਧਿਐਨ ਦੇ ਨਤੀਜੇ ਦੱਸਣਾ ਸਹੀ ਨਹੀਂ ਹੋਵੇਗਾ।

'ਸੂਰਜੀ ਗਤੀਵਿਧੀਆਂ'

ਸੂਰਜੀ ਗਤੀਵਿਧੀਆਂ ਦਾ ਕੁਦਰਤੀ ਘਟਨਾਵਾਂ 'ਤੇ ਅਸਰ ਪੈਂਦਾ ਹੈ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਸੂਰਜੀ ਗਤੀਵਿਧੀਆਂ ਦਾ ਕੁਦਰਤੀ ਘਟਨਾਵਾਂ 'ਤੇ ਅਸਰ ਪੈਂਦਾ ਹੈ (ਸੰਕੇਤਕ ਤਸਵੀਰ)

ਮਿਸ਼ੇਲ ਟੇਕਲਾ ਦੇ ਲੇਖ ਨਾਲ ਜੁੜੀਆਂ ਕੁਝ ਮੀਡੀਆ ਰਿਪੋਰਟਾਂ ਵਿੱਚ 13 ਨਵੰਬਰ 2026 ਨੂੰ ਅਸਾਧਾਰਨ ਸੋਲਰ ਐਕਟੀਵਿਟੀ ਯਾਨੀ ਸੂਰਜੀ ਗਤੀਵਿਧੀਆਂ ਹੋਣ ਦੀ ਗੱਲ ਵੀ ਕਹੀ ਗਈ ਹੈ। ਇਨ੍ਹਾਂ ਵਿੱਚ ਇਹ ਖ਼ਦਸ਼ਾ ਜਤਾਇਆ ਗਿਆ ਹੈ ਕਿ ਇਸ ਕਾਰਨ ਚੁੰਬਕੀ ਗੜਬੜੀਆਂ ਅਤੇ ਕੁਦਰਤੀ ਆਫ਼ਤਾਂ ਆ ਸਕਦੀਆਂ ਹਨ।

ਪਰ ਅਸਲ ਸੂਰਜੀ ਤੂਫ਼ਾਨਾਂ ਅਤੇ ਕਿਸੇ ਖ਼ਾਸ ਦਿਨ ਸੂਰਜੀ ਆਫ਼ਤ ਆਉਣ ਦੇ ਦਾਅਵਿਆਂ ਵਿਚਾਲੇ ਫ਼ਰਕ ਕਰਨਾ ਜ਼ਰੂਰੀ ਹੈ।

ਸੂਰਜੀ ਗਤੀਵਿਧੀ ਇੱਕ ਜਾਣੀ-ਪਛਾਣੀ ਕੁਦਰਤੀ ਘਟਨਾ ਹੈ। ਸੂਰਜ ਵਿੱਚ ਅਜਿਹੇ ਚੱਕਰ ਆਉਂਦੇ ਹਨ, ਜਿਨ੍ਹਾਂ ਦੌਰਾਨ ਉਸ ਦੀਆਂ ਗਤੀਵਿਧੀਆਂ ਦਾ ਪੱਧਰ ਬਦਲਦਾ ਰਹਿੰਦਾ ਹੈ।

ਇਸ ਦੌਰਾਨ ਕਈ ਵਾਰ ਕੋਰੋਨਲ ਮਾਸ ਇਜੈਕਸ਼ਨ ਅਤੇ ਸੂਰਜੀ ਲਾਟਾਂ ਵੀ ਨਿਕਲਦੀਆਂ ਹਨ, ਜੋ ਧਰਤੀ ਦੇ ਚੁੰਬਕੀ ਖੇਤਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਤੇਜ਼ ਸੂਰਜੀ ਤੂਫ਼ਾਨਾਂ ਕਾਰਨ ਸੰਚਾਰ ਪ੍ਰਣਾਲੀਆਂ, ਉਪਗ੍ਰਹਿਆਂ ਅਤੇ ਨੈਵੀਗੇਸ਼ਨ ਪ੍ਰਣਾਲੀਆਂ ਵਿੱਚ ਗੜਬੜੀ ਆ ਸਕਦੀ ਹੈ। ਇਨ੍ਹਾਂ ਦਾ ਅਸਰ ਬਿਜਲੀ ਦੇ ਗਰਿੱਡ 'ਤੇ ਵੀ ਪੈ ਸਕਦਾ ਹੈ।

ਪਰ ਇਨ੍ਹਾਂ ਖ਼ਤਰਿਆਂ ਦਾ ਇਹ ਮਤਲਬ ਨਹੀਂ ਹੈ ਕਿ ਸੂਰਜ ਕਿਸੇ ਨਿਸ਼ਚਿਤ ਤਰੀਕ ਨੂੰ ਧਰਤੀ ਨੂੰ ਤਬਾਹ ਕਰ ਦੇਵੇਗਾ।

ਸਾਲ 1960 ਵਿੱਚ 'ਸਾਇੰਸ' ਮੈਗਜ਼ੀਨ ਵਿੱਚ ਪ੍ਰਕਾਸ਼ਿਤ ਆਬਾਦੀ ਨਾਲ ਜੁੜੇ ਅਧਿਐਨ ਵਿੱਚ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਗਿਆ, ਜੋ 13 ਨਵੰਬਰ 2026 ਦੀ ਤਰੀਕ ਨੂੰ ਸੂਰਜੀ ਗਤੀਵਿਧੀਆਂ ਜਾਂ ਭੂ-ਵਿਗਿਆਨਕ ਅਤੇ ਜਲਵਾਯੂ ਨਾਲ ਸਬੰਧਤ ਆਫ਼ਤਾਂ ਨਾਲ ਜੋੜਦਾ ਹੋਵੇ।

'13 ਨਵੰਬਰ ਨੂੰ ਕਿਸੇ ਅਸਾਧਾਰਨ ਘਟਨਾ ਦੇ ਸੰਕੇਤ ਨਹੀਂ'

ਜਾਰਡਨ ਦੇ ਖਗੋਲ ਵਿਗਿਆਨੀ ਇਮਾਦ ਮੁਜਾਹਿਦ
ਤਸਵੀਰ ਕੈਪਸ਼ਨ, ਜਾਰਡਨ ਦੇ ਖਗੋਲ ਵਿਗਿਆਨੀ ਇਮਾਦ ਮੁਜਾਹਿਦ

13 ਨਵੰਬਰ 2026 ਨੂੰ ਧਰਤੀ ਲਈ ਕਿਸੇ ਖਗੋਲੀ ਖ਼ਤਰੇ ਨਾਲ ਜੁੜੇ ਦਾਅਵਿਆਂ ਦੀ ਜਾਂਚ ਕਰਦਿਆਂ ਖਗੋਲ ਵਿਗਿਆਨੀ ਇਮਾਦ ਮੁਜਾਹਿਦ ਨੇ ਕਿਹਾ ਕਿ ਇਸ ਸਾਲ ਸੂਰਜੀ ਗਤੀਵਿਧੀਆਂ ਆਪਣੇ ਸਿਖਰ 'ਤੇ ਪਹੁੰਚ ਰਹੀਆਂ ਹਨ। ਹਾਲਾਂਕਿ, ਵਿਗਿਆਨੀ ਦਹਾਕਿਆਂ ਤੋਂ ਇਸ ਘਟਨਾ ਬਾਰੇ ਪਹਿਲਾਂ ਹੀ ਜਾਣਦੇ ਹਨ ਅਤੇ ਇਹ ਨਾ ਤਾਂ ਕੋਈ ਅਚਾਨਕ ਵਾਪਰਨ ਵਾਲੀ ਘਟਨਾ ਹੈ ਅਤੇ ਨਾ ਹੀ ਕੋਈ ਅਣਕਿਆਸੀ ਤਬਦੀਲੀ।

ਮੁਜਾਹਿਦ ਨੇ ਬੀਬੀਸੀ ਨਿਊਜ਼ ਅਰਬੀ ਨੂੰ ਦੱਸਿਆ ਕਿ ਸੂਰਜੀ ਗਤੀਵਿਧੀਆਂ ਕੁਦਰਤੀ ਚੱਕਰਾਂ ਵਿੱਚੋਂ ਲੰਘਦੀਆਂ ਹਨ ਅਤੇ ਸੂਰਜੀ ਤੂਫ਼ਾਨ ਬ੍ਰਹਿਮੰਡ ਦੀ ਉੱਤਪਤੀ ਦੇ ਸਮੇਂ ਤੋਂ ਹੀ ਆਉਂਦੇ ਰਹੇ ਹਨ। ਹਾਲਾਂਕਿ, ਵਿਗਿਆਨਕ ਅਤੇ ਤਕਨੀਕੀ ਵਿਕਾਸ ਕਾਰਨ ਹੁਣ ਵਿਗਿਆਨੀ ਪਹਿਲਾਂ ਦੇ ਮੁਕਾਬਲੇ ਇਨ੍ਹਾਂ 'ਤੇ ਬਿਹਤਰ ਢੰਗ ਨਾਲ ਨਜ਼ਰ ਰੱਖ ਸਕਦੇ ਹਨ, ਇਨ੍ਹਾਂ ਦਾ ਅਧਿਐਨ ਕਰ ਸਕਦੇ ਹਨ ਅਤੇ ਇਨ੍ਹਾਂ ਬਾਰੇ ਅਨੁਮਾਨ ਲਗਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੀ 13 ਨਵੰਬਰ ਨੂੰ ਅਜਿਹੀ ਕੋਈ ਜਾਣੀ-ਪਛਾਣੀ ਜਾਂ ਅਨੁਮਾਨਿਤ ਖਗੋਲੀ ਘਟਨਾ ਨਹੀਂ ਹੈ, ਜਿਸ ਕਾਰਨ ਧਰਤੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਂ ਡਰ ਪੈਦਾ ਹੋਵੇ।

ਮੁਜਾਹਿਦ ਨੇ ਜ਼ੋਰ ਦੇ ਕੇ ਕਿਹਾ ਕਿ ਖਗੋਲ ਵਿਗਿਆਨ ਜਾਂ ਬ੍ਰਹਿਮੰਡ ਵਿਗਿਆਨ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਹੈ, ਜੋ ਦੁਨੀਆ ਦੇ ਅੰਤ ਦੇ ਨੇੜੇ ਹੋਣ ਵੱਲ ਇਸ਼ਾਰਾ ਕਰਦਾ ਹੋਵੇ।

ਉਨ੍ਹਾਂ ਕਿਹਾ ਕਿ ਇਸ ਤਰੀਕ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਖਗੋਲ ਵਿਗਿਆਨ ਦੇ ਮਾਹਿਰਾਂ ਦੇ ਬਿਆਨਾਂ ਜਾਂ ਚੇਤਾਵਨੀਆਂ 'ਤੇ ਆਧਾਰਿਤ ਨਹੀਂ ਹਨ। ਸਗੋਂ ਵੱਖ-ਵੱਖ ਮਾਧਿਅਮਾਂ ਰਾਹੀਂ ਸੰਸਥਾਵਾਂ ਅਤੇ ਲੋਕ ਇਨ੍ਹਾਂ ਨੂੰ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਸਾਂਝਾ ਕਰ ਰਹੇ ਹਨ।

ਇਹ ਸਪਸ਼ਟੀਕਰਨ ਜਾਣੀਆਂ-ਪਛਾਣੀਆਂ ਕੁਦਰਤੀ ਘਟਨਾਵਾਂ, ਜਿਵੇਂ ਸੂਰਜੀ ਗਤੀਵਿਧੀਆਂ ਦੇ ਚੱਕਰਾਂ, ਸੂਰਜੀ ਤੂਫ਼ਾਨਾਂ ਅਤੇ ਦੁਨੀਆ ਦੇ ਅੰਤ ਦੀਆਂ ਅਪ੍ਰਮਾਣਿਤ ਭਵਿੱਖਬਾਣੀਆਂ ਨਾਲ ਜੋੜਨ ਵਾਲੀਆਂ ਵਿਆਖਿਆਵਾਂ ਵਿਚਕਾਰ ਅੰਤਰ ਸਪੱਸ਼ਟ ਕਰਨ ਦੇ ਸੰਦਰਭ ਵਿੱਚ ਸਾਹਮਣੇ ਆਏ ਹਨ।

1960 ਦੀ ਗਣਨਾ ਸਹੀ ਸਾਬਤ ਕਿਉਂ ਨਹੀਂ ਹੋਈ?

ਸੌਰ ਮੰਡਲ ਦੀ ਸੰਕੇਤਕ ਤਸਵੀਰ
ਤਸਵੀਰ ਕੈਪਸ਼ਨ, ਸੌਰ ਮੰਡਲ ਦੀ ਸੰਕੇਤਕ ਤਸਵੀਰ

ਪੁਰਾਣੇ ਸਮੀਕਰਨ ਨੂੰ 2026 ਦੀਆਂ ਅਸਲ ਸਥਿਤੀਆਂ 'ਤੇ ਲਾਗੂ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਮੰਨਣਾ ਹੈ ਕਿ ਆਬਾਦੀ ਵਧਣ ਦਾ ਪੁਰਾਣਾ ਤਰੀਕਾ ਬਿਨ੍ਹਾਂ ਕਿਸੇ ਵੱਡੀ ਤਬਦੀਲੀ ਦੇ ਜਾਰੀ ਰਹੇਗਾ।

ਪਰ ਪਿਛਲੇ ਕਈ ਦਹਾਕਿਆਂ ਦੌਰਾਨ ਦੁਨੀਆ ਵਿੱਚ ਜਨਸੰਖਿਆ, ਸਮਾਜਿਕ ਅਤੇ ਆਰਥਿਕ ਪੱਧਰ 'ਤੇ ਵੱਡੀਆਂ ਤਬਦੀਲੀਆਂ ਆਈਆਂ ਹਨ। ਇਨ੍ਹਾਂ ਦਾ ਸਿੱਧਾ ਅਸਰ ਪ੍ਰਜਨਣ ਦਰ, ਮੌਤ ਦਰ ਅਤੇ ਆਬਾਦੀ ਦੇ ਵਾਧੇ 'ਤੇ ਪਿਆ ਹੈ।

ਅੰਕੜਿਆਂ ਮੁਤਾਬਕ, ਦੁਨੀਆ ਦੀ ਆਬਾਦੀ ਵਧਣ ਦੀ ਦਰ 1960 ਦੇ ਦਹਾਕੇ ਵਿੱਚ ਆਪਣੇ ਸਿਖਰ 'ਤੇ ਸੀ। ਇਸ ਤੋਂ ਬਾਅਦ ਇਸ ਵਿੱਚ ਹੌਲੀ-ਹੌਲੀ ਗਿਰਾਵਟ ਆਉਣ ਲੱਗੀ। ਇਸ ਦਾ ਮਤਲਬ ਹੈ ਕਿ ਆਬਾਦੀ ਵਿੱਚ ਅਸਲ ਵਾਧੇ ਦਾ ਰੁਝਾਨ ਉਸ ਮਾਡਲ ਮੁਤਾਬਕ ਜਾਰੀ ਨਹੀਂ ਰਿਹਾ, ਜਿਸ ਦੀ ਵਰਤੋਂ ਖੋਜਕਰਤਾਵਾਂ ਨੇ 1960 ਵਿੱਚ ਕੀਤੀ ਸੀ।

ਅਧਿਐਨ ਪ੍ਰਕਾਸ਼ਿਤ ਹੋਣ ਸਮੇਂ ਦੁਨੀਆ ਦੀ ਆਬਾਦੀ ਲਗਭਗ ਤਿੰਨ ਅਰਬ ਸੀ। ਹੁਣ ਇਹ ਅੱਠ ਅਰਬ ਤੋਂ ਵੱਧ ਹੋ ਚੁੱਕੀ ਹੈ, ਪਰ ਇਹ ਕਿਸੇ ਵੀ ਤਰ੍ਹਾਂ ਉਸ ਅਨੰਤ ਗਿਣਤੀ ਦੇ ਨੇੜੇ ਨਹੀਂ ਪਹੁੰਚੀ, ਜਿਸ ਦੀ ਕਲਪਨਾ ਸਮੀਕਰਨ ਵਿੱਚ ਕੀਤੀ ਗਈ ਸੀ।

ਦੂਜੇ ਪਾਸੇ, ਸੰਯੁਕਤ ਰਾਸ਼ਟਰ ਦੇ ਹਾਲੀਆ ਅਨੁਮਾਨ ਇਸ ਪੁਰਾਣੇ ਅਧਿਐਨ ਵਿੱਚ ਦੱਸੀ ਗਈ ਸਥਿਤੀ ਤੋਂ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੇ ਹਨ।

ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਰਿਪੋਰਟ 'ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2024' ਮੁਤਾਬਕ, ਦੁਨੀਆ ਦੀ ਆਬਾਦੀ 2024 ਵਿੱਚ ਲਗਭਗ 8.2 ਅਰਬ ਤੋਂ ਵਧ ਕੇ ਇਸ ਸਦੀ ਦੇ 2080 ਦੇ ਦਹਾਕੇ ਦੇ ਅੱਧ ਤੱਕ ਲਗਭਗ 10.3 ਅਰਬ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਇਸ ਵਿੱਚ ਹੌਲੀ-ਹੌਲੀ ਗਿਰਾਵਟ ਸ਼ੁਰੂ ਹੋਵੇਗੀ ਅਤੇ 2100 ਤੱਕ ਇਹ ਲਗਭਗ 10.2 ਅਰਬ ਰਹਿ ਜਾਵੇਗੀ।

ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਦੀ ਦੌਰਾਨ ਦੁਨੀਆ ਦੀ ਆਬਾਦੀ ਦੇ ਆਪਣੇ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੁਣ ਵਧੇਰੇ ਹੈ। ਇਸ ਦਾ ਕਾਰਨ ਹੈ ਕਈ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚ ਪ੍ਰਜਨਣ ਦਰ ਵਿੱਚ ਅਨੁਮਾਨ ਨਾਲੋਂ ਕਿਤੇ ਤੇਜ਼ੀ ਨਾਲ ਆ ਰਹੀ ਗਿਰਾਵਟ।

ਕਈ ਦੇਸ਼ਾਂ ਵਿੱਚ ਹੁਣ ਚਿੰਤਾ ਦਾ ਵਿਸ਼ਾ ਸਿਰਫ਼ ਵਧਦੀ ਆਬਾਦੀ ਨਹੀਂ ਰਹਿ ਗਿਆ ਹੈ, ਸਗੋਂ ਇਸ ਵਿੱਚ ਪ੍ਰਜਨਣ ਦਰ ਵਿੱਚ ਗਿਰਾਵਟ, ਔਸਤ ਉਮਰ ਵਿੱਚ ਵਾਧਾ ਅਤੇ ਬਜ਼ੁਰਗਾਂ ਦੀ ਵਧਦੀ ਗਿਣਤੀ ਵੀ ਸ਼ਾਮਿਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)