'ਫਰੈਂਚ ਹੀ ਆਖ਼ਰੀ ਰਾਹ ਹੈ', ਕੈਨੇਡਾ ਤੋਂ ਵਾਪਸ ਪਰਤੇ ਪੰਜਾਬੀ ਦਿਨ-ਰਾਤ ਨਵੀਂ ਭਾਸ਼ਾ ਸਿੱਖਣ ਵਿੱਚ ਕਿਉਂ ਲਗਾ ਰਹੇ

- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਲੋਕ ਸਾਨੂੰ ਇਹੀ ਪੁੱਛਦੇ ਨੇ, 7-8 ਸਾਲ ਹੋ ਗਏ ਪਰ ਤੁਸੀਂ ਅਜੇ ਪੱਕੇ ਨਹੀਂ ਹੋਏ?"
"ਅੱਜ ਦੀ ਤਰੀਕ ਵਿੱਚ ਫਰੈਂਚ ਹੀ ਇੱਕ ਰਾਹ ਹੈ ਜੋ ਕੈਨੇਡਾ ਵਿੱਚ ਪੀਆਰ ਦਾ ਰਾਹ ਸੌਖਾ ਕਰ ਸਕਦਾ ਹੈ।"
ਸਾਲ 2017 ਵਿੱਚ ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਗਏ ਸਾਗਰ ਸ਼ਰਮਾ ਕਈ ਸਾਲ ਉੱਥੇ ਕੰਮ ਕਰਨ ਤੋਂ ਬਾਅਦ ਹੁਣ ਮੁੜ ਇੱਕ ਸਟੂਡੈਂਟ ਬਣ ਗਏ ਹਨ। ਆਪਣੇ ਸ਼ਹਿਰ ਲੁਧਿਆਣਾ ਵਿੱਚ ਹੁਣ ਉਹ ਕੰਮ ਉੱਤੇ ਜਾਣ ਤੋਂ ਪਹਿਲਾਂ ਸਵੇਰੇ ਫਰੈਂਚ ਕਲਾਸਿਸ ਲੈਂਦੇ ਹਨ।
ਬੀਤੇ ਸਾਲਾਂ ਦੌਰਾਨ ਕੈਨੇਡਾ ਦੀਆਂ ਪਰਵਾਸ ਨੀਤੀਆਂ ਸਖ਼ਤ ਹੋਣ ਕਰਕੇ ਪੀਆਰ ਅਤੇ ਵਰਕ ਪਰਮਿਟ ਲਈ ਨਵੇਂ ਟਾਰਗੇਟ ਤੈਅ ਕੀਤੇ ਜਾਣ ਕਰਕੇ ਕਈ ਪੰਜਾਬੀ ਕੈਨੇਡਾ ਵਿੱਚ ਆਪਣੇ ਭਵਿੱਖ ਬਾਰੇ ਫ਼ਿਕਰਾਂ ਵਿੱਚ ਹਨ।
ਕੈਨੇਡਾ ਦੀਆਂ ਪਰਵਾਸ ਨੀਤੀਆਂ ਵਿੱਚ ਆਏ ਬਦਲਾਅ ਅਤੇ ਸਥਾਈ ਨਿਵਾਸ (ਪੀਆਰ) ਹਾਸਲ ਕਰਨ ਦੇ ਔਖੇ ਹੋ ਰਹੇ ਰਾਹਾਂ ਦਰਮਿਆਨ ਕਈ ਪੰਜਾਬੀ ਨੌਜਵਾਨਾਂ ਦੀ ਨਜ਼ਰ ਹੁਣ ਫਰੈਂਚ ਭਾਸ਼ਾ ਉੱਤੇ ਟਿਕੀ ਹੋਈ ਹੈ।

ਕੁਝ ਕੈਨੇਡਾ ਵਿੱਚ ਨੌਕਰੀ ਅਤੇ ਪੜ੍ਹਾਈ ਦੇ ਨਾਲ-ਨਾਲ ਇਹ ਭਾਸ਼ਾ ਸਿੱਖ ਰਹੇ ਹਨ, ਜਦਕਿ ਕੁਝ ਵਾਪਸ ਪੰਜਾਬ ਪਰਤ ਕੇ ਦਿਨ ਦੇ ਕਈ ਘੰਟੇ ਇਸ ਦੀ ਤਿਆਰੀ ਵਿੱਚ ਲਾ ਰਹੇ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਫਰੈਂਚ ਵਿੱਚ ਮੁਹਾਰਤ ਕੈਨੇਡਾ ਵਿੱਚ ਰਹਿਣ ਜਾਂ ਮੁੜ ਵਾਪਸ ਜਾਣ ਦੇ ਮੌਕੇ ਵਧਾ ਸਕਦੀ ਹੈ। ਹਾਲਾਂਕਿ, ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਫਰੈਂਚ ਕੋਈ ਪੱਕਾ ਜਾਂ ਇਕੱਲਾ ਹੱਲ ਨਹੀਂ ਹੈ, ਸਗੋਂ ਪਰਵਾਸ ਦੀ ਬਦਲ ਰਹੀ ਪ੍ਰਣਾਲੀ ਵਿੱਚ ਉਪਲਬਧ ਕਈ ਰਾਹਾਂ ਵਿੱਚੋਂ ਇੱਕ ਹੈ।
ਫਰੈਂਚ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਨਾਲ ਐਕਸਪ੍ਰੈੱਸ ਐਂਟਰੀ ਰਾਹੀਂ ਪੀਆਰ ਲਈ ਵਾਧੂ ਅੰਕ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਫਰੈਂਚ ਬੋਲਣ ਵਾਲੇ ਯੋਗ ਕਾਮਿਆਂ ਲਈ ਕੈਨੇਡਾ ਵਿੱਚ ਵਰਕ ਪਰਮਿਟ ਦਾ ਇੱਕ ਵੱਖਰਾ ਰਾਹ ਵੀ ਹੈ।
ਸਾਗਰ ਉਨ੍ਹਾਂ ਕਈ ਵਿਦਿਆਰਥੀਆਂ ਵਿੱਚੋਂ ਹਨ ਜੋ ਕੈਨੇਡਾ ਮੁੜ ਜਾਣ ਲਈ ਫਰੈਂਚ ਸਿੱਖ ਰਹੇ ਹਨ। ਉੱਥੇ ਹੀ ਕੈਨੇਡਾ ਰਹਿ ਰਹੇ ਕਈ ਜਣੇ ਵੀ ਕੰਮ ਤੇ ਕਮਾਈ ਦੇ ਨਾਲ-ਨਾਲ ਨਵੀਂ ਭਾਸ਼ਾ ਦੀਆਂ ਪੇਚੀਦਗੀਆਂ ਸਮਝਣ ਵਿੱਚ ਲੱਗੇ ਹੋਏ ਹਨ।
ਪੜ੍ਹਾਈ, ਕੰਮ ਅਤੇ ਸਾਰੇ ਦਿਨ ਦੀ ਥਕਾਨ ਤੋਂ ਬਾਅਦ ਕਲਾਸਾਂ ਲਾਉਂਦੇ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਵੀ ਪੀਆਰ ਲਈ ਫਰੈਂਚ ਤੋਂ ਮਿਲਣ ਵਾਲੇ ਪੁਆਇੰਟਸ ਤੋਂ ਹੀ ਆਸ ਹੈ।
ਨਵੀਂ ਭਾਸ਼ਾ ਸਿੱਖਣੀ ਕਿੰਨੀ ਔਖੀ?

ਸਾਗਰ 12ਵੀਂ ਤੋਂ ਬਾਅਦ ਕੈਨੇਡਾ ਗਏ ਸਨ, ਜਿੱਥੇ ਉਨ੍ਹਾਂ ਦੇ ਨਾਲ ਹੀ ਗਏ ਕਈ ਵਿਦਿਆਰਥੀ ਪੀਆਰ ਹਾਸਲ ਕਰ ਚੁੱਕੇ ਹਨ ਪਰ ਪਰਵਾਸ ਨੀਤੀਆਂ ਵਿੱਚ ਬਦਲਾਅ ਤੇ ਹੋਰ ਕਾਰਨਾਂ ਕਰਕੇ ਉਹ ਪੀਆਰ ਨਹੀਂ ਹੋ ਸਕੇ।
ਸਾਗਰ ਨੇ ਕੈਨੇਡਾ ਜਾ ਕੇ ਕੰਪਿਊਟਰ ਪ੍ਰੋਗਰਾਮਰ ਦਾ ਕੋਰਸ ਕੀਤਾ ਸੀ। ਉਨ੍ਹਾਂ ਨੇ ਉੱਥੇ ਵਰਕ ਪਰਮਿਟ ਹਾਸਲ ਕੀਤਾ, 2021 ਵਿੱਚ ਉਨ੍ਹਾਂ ਨੂੰ ਪਰਿਵਾਰਿਕ ਕਾਰਨਾਂ ਕਰਕੇ ਵਾਪਸ ਆਉਣਾ ਪਿਆ ਅਤੇ ਫਿਰ ਚਲੇ ਗਏ ਸਨ।
ਉਨ੍ਹਾਂ ਨੇ ਪੜ੍ਹਾਈ ਤੋਂ ਬਾਅਦ 7 ਤੋਂ ਵੱਧ ਸਾਲ ਕੈਨੇਡਾ ਵਿੱਚ ਆਈਟੀ ਇੰਡਸਟ੍ਰੀ ਵਿੱਚ ਕੰਮ ਕੀਤਾ ਸੀ।
ਉਨ੍ਹਾਂ ਨੇ ਦੱਸਿਆ, "ਮੈਂ ਉੱਥੇ ਟੈਕਸ ਭਰਿਆ, ਐੱਲਐੱਮਆਈਏ ਵੀ ਲਈ ਤਾਂ ਜੋ ਮੈਂ ਆਪਣੀ ਪੀਆਰ ਲੈ ਸਕਾਂ ਪਰ ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਵੀ ਇਹ ਨਹੀਂ ਹੋ ਸਕਿਆ।"
ਸਾਗਰ ਕਿਤੇ ਨਾ ਕਿਤੇ ਕੈਨੇਡੀਆਈ ਵੀਜ਼ਾ ਨੀਤੀਆਂ ਤੋਂ ਨਾਖ਼ੁਸ਼ ਵੀ ਹਨ। ਉਹ ਕਹਿੰਦੇ ਹਨ, "ਕੈਨੇਡਾ ਇਸ ਵੇਲੇ ਫਰੈਂਚ ਬੋਲਣ ਵਾਲਿਆਂ ਨੂੰ ਤਰਜੀਹ ਦੇ ਰਿਹਾ ਹੈ, ਪਰ ਉਨ੍ਹਾਂ ਹੁਨਰਾਂ ਵਾਲੇ ਲੋਕਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਨਹੀਂ ਹੈ, ਇਸ ਲਈ ਮੈਂ ਇੱਥੇ ਆ ਕੇ ਫਰੈਂਚ ਸਿੱਖਣ ਦਾ ਫੈਸਲਾ ਕੀਤਾ।"
"ਇਨ੍ਹਾਂ ਦੋ ਮਹੀਨਿਆਂ ਵਿੱਚ ਮੈਨੂੰ ਇਹ ਵੀ ਪਤਾ ਲੱਗਾ ਕਿ ਭਾਸ਼ਾ ਸਿੱਖਣਾ ਕੋਈ ਸੌਖਾ ਕੰਮ ਨਹੀਂ ਹੈ, ਕਈ ਸਾਲ ਸਕੂਲ ਵਿੱਚ ਅੰਗਰੇਜ਼ੀ ਪੜ੍ਹਨ ਤੋਂ ਬਾਅਦ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਇੰਨੀ ਨਹੀਂ ਸਿੱਖ ਸਕੇ ਤੇ ਹੁਣ ਬਿਲਕੁਲ ਨਵੀਂ ਚੀਜ਼ ਸਿੱਖਣ ਲਈ ਪੂਰੇ ਸਮਰਪਣ ਦੀ ਲੋੜ ਹੈ।"
"ਜੇਕਰ 9 ਮਹੀਨੇ ਤੋਂ ਸਾਲ ਦੇ ਵਿੱਚ ਫਰੈਂਚ ਸਿੱਖਣੀ ਹੈ ਤਾਂ ਹਰ ਦਿਨ 3 ਤੋਂ 4 ਘੰਟੇ ਪੜ੍ਹਨਾ ਤਾਂ ਜ਼ਰੂਰੀ ਹੀ ਹੈ।"
"ਕੈਨੇਡਾ ਵਿੱਚ ਰਹਿਣ ਲਈ ਕਈ ਲੋਕਾਂ ਨੇ ਉਹ ਕੰਮ ਛੱਡੇ ਜੋ ਕਰਨੇ ਉਨ੍ਹਾਂ ਨੂੰ ਪਸੰਦ ਸਨ, ਲੋਕ ਆਪਣਾ ਕਰੀਅਰ ਚੇਂਜ ਕਰ ਰਹੇ ਹਨ, ਇਨਸਾਨ ਉਹ ਹੀ ਕੰਮ ਨਹੀਂ ਕਰ ਪਾ ਰਹੇ ਜਿਸ ਵਿੱਚ ਉਨ੍ਹਾਂ ਨੂੰ ਖੁਸ਼ੀ ਮਿਲੇ ਤਾਂ ਕੈਨੇਡਾ, ਕੈਨੇਡਾ ਕਾਹਦਾ ਹੋਇਆ।"
ਫਰੈਂਚ ਸਿੱਖਣ ਦੇ ਆਪਣੇ ਤਜਰਬੇ ਬਾਰੇ ਉਹ ਕਹਿੰਦੇ ਹਨ, "ਕਦੇ-ਕਦੇ ਸਾਨੂੰ ਲੱਗਦਾ ਹੈ ਕਿ ਮੈਨੂੰ ਫਰੈਂਚ ਆਉਂਦੀ ਹੀ ਬਹੁਤ ਹੈ, ਕਦੇ-ਕਦੇ ਲੱਗਦਾ ਹੈ ਕਿ ਮੇਰੇ ਕੋਲੋਂ ਨਹੀਂ ਹੋ ਸਕਣਾ ਪਰ ਇੱਕ ਅਨੁਸ਼ਾਸਨ ਹੈ ਜੋ ਦਿਖਾਉਣਾ ਪੈਂਦਾ ਹੈ, ਚਾਹੇ ਥੋੜ੍ਹਾ ਹੀ ਪੜ੍ਹੋ।"
ਫਰੈਂਚ ਸਿੱਖਣ ਮਗਰੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ

ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਫਰੈਂਚ ਵਿੱਚ ਲੋੜੀਂਦੀ ਮੁਹਾਰਤ ਹਾਸਲ ਕਰ ਲਈ ਹੈ।
ਲੁਧਿਆਣਾ ਰਹਿੰਦੇ ਯਮਨ ਮਲਹੋਤਰਾ ਨੇ 7 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਬੀ2 ਲੈਵਲ ਪਾਸ ਕਰ ਲਿਆ ਹੈ ਅਤੇ ਹੁਣ ਉਹ ਵਿਦਿਆਰਥੀਆਂ ਨੂੰ ਫਰੈਂਚ ਸਿਖਾਉਂਦੇ ਹਨ।
ਯਮਨ ਦਸੰਬਰ 2022 ਵਿੱਚ ਕੈਨੇਡਾ ਗਏ ਸਨ, ਉਨ੍ਹਾਂ ਨੇ ਕੈਨੇਡਾ ਜਾਣ ਤੋਂ ਪਹਿਲਾਂ ਬੀ.ਕਾਮ. ਦੀ ਡਿਗਰੀ ਕੀਤੀ ਸੀ।
28 ਸਾਲਾ ਯਮਨ ਕਹਿੰਦੇ ਹਨ, "ਜਦੋਂ ਤੱਕ ਮੇਰੀ ਪੜ੍ਹਾਈ ਪੂਰੀ ਹੋਈ ਉਦੋਂ ਤੱਕ ਨੀਤੀਆਂ ਬਹੁਤ ਸਖ਼ਤ ਹੋ ਗਈਆਂ ਸਨ, ਮੈਂ ਪੀਆਰ ਲਈ ਛੇ ਪ੍ਰੋਗਰਾਮ ਟਾਰਗਿਟ ਕੀਤੇ ਸਨ ਪਰ ਸਾਰੇ ਇੱਕ-ਇੱਕ ਕਰਕੇ ਬੰਦ ਹੋ ਗਏ ਸਨ।"
"ਮੈਂ ਸਕਿਓਰਿਟੀ ਦੀ ਸ਼ਿਫ਼ਟ ਦੇ ਨਾਲ-ਨਾਲ ਟਿਮ ਹੌਰਟਨ ਵਿੱਚ ਕੰਮ ਕਰਦਾ ਸੀ, ਅਜਿਹੇ ਵੀ ਦਿਨ ਸਨ ਜੋ ਬਿਨਾਂ ਸੁੱਤੇ ਹੀ ਸ਼ਿਫ਼ਟਾਂ ਵਿੱਚ ਲੰਘ ਜਾਂਦੇ ਸਨ, ਫਿਰ ਮੈਂ ਆਪਣੀ ਕਮਾਈ ਇੱਕ ਸਟੋਰ ਸ਼ੁਰੂ ਕਰਨ ਵਿੱਚ ਨਿਵੇਸ਼ ਕੀਤੀ ਜੋ ਮੈਂ ਆਪਣੇ ਦੋਸਤ ਦੇ ਨਾਲ ਸ਼ੁਰੂ ਕੀਤਾ ਸੀ।"
"ਮੈਂ 6 ਮਹੀਨੇ ਸਟੋਰ ਚਲਾਇਆ ਪਰ ਪੀਆਰ ਦਾ ਕੋਈ ਹੱਲ ਹੁੰਦਾ ਨਾ ਦਿਖਣ ਕਰਕੇ ਮੈਂ ਵਾਪਸ ਆ ਗਿਆ, ਰਿਸ਼ਤੇਦਾਰਾਂ ਦੇ ਦੋਸਤਾਂ ਦਾ ਇਹੀ ਰਿਸਪਾਂਸ ਸੀ ਕਿ ਤੈਨੂੰ ਇੰਨੇ ਸਾਲ ਹੋ ਗਏ ਤੇ ਤੂੰ ਪੀਆਰ ਨਹੀਂ ਹੋ ਸਕਿਆ।
"ਮੈਂ ਫਰੈਂਚ ਸਿੱਖਣ ਵੇਲੇ ਇਹੀ ਸੋਚਿਆ ਸੀ ਕਿ ਹੁਣ ਮੈਂ ਲੋਕਾਂ ਨੂੰ ਦਿਖਾਉਣ ਲਈ ਕਰ ਰਿਹਾਂ ਕਿ ਮੈਂ ਇਹ ਕਰ ਸਕਦਾਂ।"
"ਹੁਣ ਮੈਂ ਜਿੱਥੇ ਫਰੈਂਚ ਸਿੱਖੀ ਸੀ ਉੱਥੇ ਹੀ ਮੈਂ ਪੜ੍ਹਾ ਰਿਹਾਂ ਅਤੇ ਇਸ ਰਾਹੀਂ ਜਿੰਨੀ ਮੈਂ ਕੈਨੇਡਾ ਵਿੱਚ ਕਮਾਈ ਕਰਦਾ ਸੀ ਉਸ ਤੋਂ ਵੱਧ ਕਮਾ ਰਿਹਾਂ ਅਤੇ ਹੁਣ ਮੈਂ ਸ਼ਾਇਦ ਵਾਪਸ ਨਾ ਜਾਵਾਂ।"
'ਵਿਦਿਆਰਥੀ ਕਲਾਸਾਂ ਦੌਰਾਨ ਰੋ ਪੈਂਦੇ'

ਭਾਰਤ ਵਿੱਚ ਰਹਿੰਦਿਆ ਹੀ ਕੈਨੇਡਾ ਰਹਿੰਦੇ ਲੋਕਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਘਬਰਾਹਟ ਅਤੇ ਦਬਾਅ ਹੇਠ ਫਰੈਂਚ ਸਿੱਖਣੀ ਸ਼ੁਰੂ ਕਰਦੇ ਹਨ ਜੋ ਕਿ ਉਨ੍ਹਾਂ ਲਈ ਇਸ ਨੂੰ ਹੋਰ ਔਖਾ ਕਰ ਦਿੰਦਾ ਹੈ।
ਲੁਧਿਆਣਾ ਵਿੱਚ ਹੀ ਫਰੈਂਚ ਸਿਖਾਉਂਦੇ ਗੁਰਸਿਮਰਨ ਸਿੰਘ ਅਰੋੜਾ ਕਹਿੰਦੇ ਹਨ ਕਿ ਫਰੈਂਚ ਰਾਹੀਂ ਪੀਆਰ ਲੈਣ ਦੇ ਮੌਕੇ ਵਧਣ ਤੋਂ ਬਾਅਦ ਉਨ੍ਹਾਂ ਕੋਲ ਫਰੈਂਚ ਸਿੱਖਣ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ।
ਗੁਰਸਿਮਰਨ ਕੋਲ ਵਧੇਰੇ ਵਿਦਿਆਰਥੀ ਕੈਨੇਡਾ ਤੋਂ ਨੇ ਜਿਨ੍ਹਾਂ ਦੀਆਂ ਕਲਾਸਾਂ ਉਹ ਭਾਰਤੀ ਸਮੇਂ ਮੁਤਾਬਕ ਸਵੇਰੇ 5 ਵਜੇ ਸ਼ੁਰੂ ਕਰ ਦਿੰਦੇ ਹਨ।
ਉਹ ਕਹਿੰਦੇ ਹਨ, "ਮੈਂ ਸ਼ੌਂਕ ਲਈ ਫਰੈਂਚ ਸਿੱਖੀ ਸੀ ਅਤੇ 5 ਸਾਲ ਪਹਿਲਾਂ ਟੀਸੀਐੱਫ ਕਲੀਅਰ ਕੀਤਾ ਸੀ, ਮੇਰੇ ਕੋਲ ਵਿਦਿਆਰਥੀ 3 ਸਾਲ ਪਹਿਲਾਂ ਆਉਣੇ ਸ਼ੁਰੂ ਹੋਏ ਸਨ।"
"ਕਈ ਵਾਰ ਬੱਚੇ ਲੈਕਚਰ ਲੈਂਦੇ-ਲੈਂਦੇ ਰੋਣ ਲੱਗ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਕਰਜ਼ੇ ਉਤਾਰਨੇ ਹਨ, ਸ਼ਿਫਟਾਂ ਕਰਨੀਆਂ ਹਨ, ਜੇਕਰ ਫਰੈਂਚ ਸ਼ੌਂਕ ਲਈ ਸਿਖਾਂਗੇ ਤਾਂ ਇੰਨਾ ਮੁਸ਼ਕਲ ਨਹੀਂ ਹੈ ਪਰ ਬੱਚੇ ਜਦੋਂ ਦਬਾਅ ਵਿੱਚ ਹੁੰਦੇ ਹਨ ਤਾਂ ਇਹ ਔਖਾ ਹੋ ਜਾਂਦਾ ਹੈ।"
ਪਹਿਲਾਂ ਵਿਦਿਆਰਥੀਆਂ ਦੀ ਅੰਗਰੇਜ਼ੀ ਚੰਗੀ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਕੋਈ ਬੱਚਾ ਅੰਗਰੇਜ਼ੀ ਵਿੱਚ ਚੰਗਾ ਨਹੀਂ ਹੈ ਤਾਂ ਉਹ ਫਰੈਂਚ ਇੰਨੀ ਜਲਦੀ ਕਲੀਅਰ ਨਹੀਂ ਕਰ ਸਕਦਾ।

ਲੁਧਿਆਣਾ ਵਿੱਚ ਹੀ ਫਰੈਂਚ ਪੜ੍ਹਾਉਂਦੇ ਜਸਲੀਨ ਦਾ ਵੀ ਇਹੋ ਤਜਰਬਾ ਹੈ।
ਉਹ ਕਹਿੰਦੇ ਹਨ, "ਵਿਦਿਆਰਥੀ ਸਾਰਾ ਦਿਨ 10-10 ਘੰਟੇ ਖੜ੍ਹੇ ਹੋ ਕੇ ਕੰਮ ਕਰਨ ਤੋਂ ਬਾਅਦ ਜਦੋਂ ਫਰੈਂਚ ਸਿੱਖਣ ਲੱਗਦੇ ਹਨ ਤਾਂ ਉਨ੍ਹਾਂ ਲਈ ਕੁਝ ਨਵਾਂ ਸਿੱਖਣਾ ਮੁਸ਼ਕਲ ਹੋ ਜਾਂਦਾ ਹੈ।"
"ਕਲਾਸਾਂ ਲੈਣ ਤੋਂ ਬਾਅਦ ਵੀ ਵਿਦਿਆਰਥੀਆਂ ਲਈ ਪੜ੍ਹਨਾ ਜ਼ਰੂਰੀ ਹੈ ਪਰ ਕੰਮ ਦੇ ਨਾਲ-ਨਾਲ ਇਹ ਸੰਭਵ ਨਹੀਂ ਹੁੰਦਾ।"
ਫਰੈਂਚ ਵੱਲ ਵਧਦਾ ਰੁਝਾਨ, ਪਰ ਗਾਰੰਟੀ ਨਹੀਂ

ਕੈਨੇਡਾ ਦੀ ਸਰਕਾਰ ਨੇ ਹਾਲੀਆ ਸਾਲਾਂ ਵਿੱਚ ਕਿਊਬੈਕ ਤੋਂ ਬਾਹਰ ਫਰੈਂਚ-ਭਾਸ਼ੀ ਪਰਵਾਸੀਆਂ ਦੀ ਗਿਣਤੀ ਵਧਾਉਣ ਉੱਤੇ ਜ਼ੋਰ ਦਿੱਤਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ 2021 ਵਿੱਚ ਕਿਊਬੈਕ ਤੋਂ ਬਾਹਰ ਸਿਰਫ਼ 2 ਫ਼ੀਸਦ ਫਰੈਂਚ-ਭਾਸ਼ੀ ਸਥਾਈ ਨਿਵਾਸੀ ਦਾਖ਼ਲ ਹੋਏ ਸਨ, ਜਦਕਿ 2025 ਵਿੱਚ ਇਹ ਅਨੁਪਾਤ 8.9 ਫ਼ੀਸਦ ਤੱਕ ਪਹੁੰਚ ਗਿਆ।
ਕੈਨੇਡਾ ਦੇ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਫਰੈਂਚ ਜਾਣਨ ਵਾਲੇ ਉਮੀਦਵਾਰਾਂ ਲਈ ਵੱਖਰੀ ਚੋਣ ਸ਼੍ਰੇਣੀ ਵੀ ਬਣਾਈ ਗਈ ਹੈ, ਜਿਸ ਕਾਰਨ ਕਈ ਪੰਜਾਬੀ ਫਰੈਂਚ ਨੂੰ ਆਪਣੇ ਇਮੀਗ੍ਰੇਸ਼ਨ ਮੌਕਿਆਂ ਨੂੰ ਮਜ਼ਬੂਤ ਕਰਨ ਦਾ ਇੱਕ ਰਾਹ ਮੰਨ ਰਹੇ ਹਨ।
ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਫਰੈਂਚ ਸਿੱਖਣਾ ਆਪਣੇ ਆਪ ਵਿੱਚ ਪੀਆਰ ਦੀ ਗਾਰੰਟੀ ਨਹੀਂ ਹੈ ਅਤੇ ਉਮੀਦਵਾਰਾਂ ਨੂੰ ਹੋਰ ਯੋਗਤਾ ਮਾਪਦੰਡ ਵੀ ਪੂਰੇ ਕਰਨੇ ਪੈਂਦੇ ਹਨ।
'ਫਰੈਂਚ ਕੋਈ ਸੰਜੀਵਨੀ ਬੂਟੀ ਨਹੀਂ ਹੈ'

ਲੁਧਿਆਣਾ ਵਿੱਚ ਵੀਜ਼ਾ ਸੇਵਾਵਾਂ ਲਈ ਆਪਣਾ ਦਫ਼ਤਰ ਚਲਾਉਂਦੇ ਮਿਤੇਸ਼ ਮਲਹੋਤਰਾ ਕਹਿੰਦੇ ਹਨ ਕਿ ਕੈਨੇਡਾ ਪਰਵਾਸ ਲਈ ਪੰਜਾਬੀਆਂ ਦੀ ਮਨਪਸੰਦ ਥਾਂ ਹੈ।
ਉਹ ਦੱਸਦੇ ਹਨ ਕਿ ਸਰਕਾਰ ਬਦਲਣ ਤੋਂ ਬਾਅਦ ਜਿਸ ਪੱਧਰ ਉੱਤੇ ਨੀਤੀਆਂ ਬਦਲੀਆਂ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ, ਇਸ ਦਾ ਅਸਰ ਇਹ ਹੋਇਆ ਕਿ ਵਰਕ ਪਰਮਿਟ ਜਾਂ ਪੀਆਰ ਮਿਲਣੀ ਔਖੀ ਹੋ ਗਈ।
ਉਹ ਕਹਿੰਦੇ ਹਨ, "ਫਰੈਂਚ ਦਾ ਰੁਝਾਨ ਬਹੁਤ ਤੇਜ਼ੀ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਐਕਸਪ੍ਰੈਸ ਐਂਟਰੀ ਰਾਹੀਂ ਪੱਕੇ ਹੋਣ ਵਾਲੇ ਉਮੀਦਵਾਰਾਂ ਵਿੱਚ 50 ਹਜ਼ਾਰ ਤੋਂ ਵੱਧ ਲਈ ਫਰੈਂਚ ਇਕ ਜ਼ਰੀਆ ਬਣਦਾ ਹੈ ਅਤੇ ਇਹ ਹਰ ਬੱਚੇ ਨੂੰ ਲੱਗਦਾ ਹੈ ਕਿ ਮੈਂ ਇਸ ਤਰੀਕੇ ਨਾਲ ਪੱਕਾ ਹੋ ਸਕਦਾ ਹਾਂ।"
"ਪਰ ਹਰ ਬੱਚੇ ਲਈ ਇਹ ਜੜੀ-ਬੂਟੀ ਕੰਮ ਨਹੀਂ ਆਉਣੀ। ਤੁਹਾਨੂੰ ਹੋਰ ਵੀ ਚੀਜ਼ਾਂ 'ਤੇ ਕੰਮ ਕਰਨਾ ਪਵੇਗਾ। ਫਰੈਂਚ ਇੱਕ ਚੰਗੀ ਚੋਣ ਹੈ ਪਰ ਇਹ ਹਰ ਪੱਚੇ ਲਈ ਨਹੀ ਹੈ।"
ਮਿਤੇਸ਼ ਕਹਿੰਦੇ ਹਨ, "ਬੱਚਿਆ ਨੂੰ ਤਕਨੀਕੀ ਖੇਤਰ ਵੱਲ ਜਾਣਾ ਚਾਹੀਦਾ ਹੈ ਅਤੇ ਹੋਰ ਚਾਰ-ਪੰਜ ਚੀਜ਼ਾਂ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਕੈਨੇਡੀਆਈ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਇਸ ਬਾਰੇ ਕਾਨੂੰਨੀ ਰਾਇ ਲੈਣੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































