ਕੀ ਨਵਜੰਮੇ ਬੱਚੇ ਨੂੰ ਕੱਜਲ ਲਗਾਉਣਾ ਜਾਂ ਸ਼ਹਿਦ ਚਟਾਉਣਾ ਸਹੀ ਹੈ? ਨਵੇਂ ਬਣੇ ਮਾਪਿਆਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 16 ਮਿੰਟ
ਕਿਸੇ ਵੀ ਜੋੜੇ ਲਈ ਮਾਪੇ ਬਣਨਾ ਜਿੰਨਾ ਉਤਸ਼ਾਹ ਭਰਿਆ ਹੁੰਦਾ ਹੈ, ਓਨਾ ਹੀ ਚੁਣੌਤੀਪੂਰਨ ਵੀ ਹੁੰਦਾ ਹੈ।
ਨਵੇਂ ਬਣੇ ਮਾਪਿਆਂ ਦੇ ਸਾਹਮਣੇ ਬਹੁਤ ਸਾਰੇ ਸਵਾਲ ਹੁੰਦੇ ਹਨ, ਛੋਟੇ ਬੱਚੇ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ, ਕਿਹੜੇ ਟੀਕੇ ਲਗਵਾਉਣੇ ਚਾਹੀਦੇ ਹਨ, ਬੱਚਾ ਕਦੋਂ ਭੁੱਖ ਲਈ ਰੋ ਰਿਹਾ ਹੈ ਜਾਂ ਕਿਸੇ ਹੋਰ ਕਾਰਨ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਗੱਲ ਕੀਤੀ ਡਾਕਟਰ ਪੂਨਮ ਸਿਧਾਣਾ ਨਾਲ, ਜੋ ਇੱਕ ਬਾਲ ਰੋਗ ਮਾਹਰ ਹਨ ਤੇ ਦਿੱਲੀ ਦੇ ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਸਵਾਲ - ਅਜਿਹੀਆਂ 5 ਚੀਜ਼ਾਂ ਜੋ ਨਵੇਂ ਬਣੇ ਮਾਪਿਆਂ ਨੂੰ ਪਤਾ ਹੋਣੀਆਂ ਹੀ ਚਾਹੀਦੀਆਂ ਹਨ?
ਜਵਾਬ –
- ਡਿਲੀਵਰੀ ਤੋਂ ਤੁਰੰਤ ਬਾਅਦ ਦੇ ਸਮੇਂ ਨੂੰ ਅਸੀਂ ਬੱਚੇ ਲਈ 'ਗੋਲਡਨ ਆਵਰ' ਕਹਿੰਦੇ ਹਾਂ। ਗੋਲਡਨ ਆਵਰ ਦਾ ਮਤਲਬ ਹੈ ਕਿ ਉਸ ਸਮੇਂ ਦੌਰਾਨ ਮਾਂ ਅਤੇ ਬੱਚੇ ਦਾ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਉਸੇ ਵੇਲੇ ਬ੍ਰੈਸਟ ਫੀਡਿੰਗ ਵੀ ਸ਼ੁਰੂ ਕਰਨੀ ਹੁੰਦੀ ਹੈ। ਉਸ ਤੋਂ ਪਹਿਲਾਂ ਕੋਈ ਘੁੱਟੀ ਵਗੈਰਾ ਕੁਝ ਨਹੀਂ ਦੇਣਾ ਹੁੰਦਾ ਬੱਚੇ ਨੂੰ।
- ਬੱਚੇ ਦੇ ਸਰੀਰ ਦਾ ਤਾਪਮਾਨ ਸਹੀ ਬਣਾ ਕੇ ਰੱਖਣਾ ਹੈ, ਉਸਦੇ ਹੱਥ-ਪੈਰ ਠੰਡੇ ਨਹੀਂ ਹੋਣੇ ਚਾਹੀਦੇ।
- ਜੇ ਬੱਚਾ ਤੁਹਾਡੇ ਕੋਲ ਹੈ ਤਾਂ ਦੇਖੋ ਕਿ ਉਹ ਸਹੀ ਢੰਗ ਨਾਲ ਸਾਹ ਲੈ ਰਿਹਾ ਹੈ, ਦੇਖੋ ਕਿ ਬੱਚੇ ਨੂੰ ਕੋਈ ਔਖਿਆਈ ਤਾਂ ਨਹੀਂ ਲੱਗ ਰਹੀ।
- ਆਪਣੇ ਇੱਥੇ ਰਿਵਾਜ਼ ਹੈ ਕਿ ਬੱਚੇ ਨੂੰ ਪੁਰਾਣੇ ਅਤੇ ਨਰਮ ਕੱਪੜੇ ਪਹਿਨਾਏ ਜਾਂਦੇ ਹਨ। ਇਸ ਦਾ ਵਿਗਿਆਨਿਕ ਪੱਖ ਵੀ ਹੈ ਕਿ ਉਹ ਧੋ-ਧੋ ਕੇ ਸਾਫ ਅਤੇ ਨਰਮ ਹੋ ਜਾਂਦੇ ਹਨ, ਉਨ੍ਹਾਂ ਦੇ ਕੈਮੀਕਲ ਨਿੱਕਲ ਜਾਂਦੇ ਹਨ, ਇਸ ਲਈ ਬੱਚੇ ਦੀ ਚਮੜੀ ਲਈ ਉਹ ਚੰਗੇ ਹਨ। ਜੇ ਕੱਪੜੇ ਨਵੇਂ ਹਨ ਤਾਂ ਉਨ੍ਹਾਂ ਨੂੰ ਧੋ ਕੇ ਲਿਆਓ ਪਰ ਉਨ੍ਹਾਂ 'ਚ ਕੋਈ ਕੈਮੀਕਲ ਜਿਵੇਂ ਡਿਟੋਲ ਆਦਿ ਨਹੀਂ ਪਾਉਣਾ।
- ਜ਼ਰੂਰੀ ਸਾਮਾਨ ਦਾ ਆਪਣਾ ਇੱਕ ਬੈਗ ਪੈਕ ਕਰਕੇ ਰੱਖੋ ਤਾਂ ਜੋ ਕੋਈ ਫਾਲਤੂ ਦੀ ਚਿੰਤਾ ਨਾ ਹੋਵੇ ਅਤੇ ਉਸ ਸਮੇਂ ਦਾ ਤੁਸੀਂ ਪੂਰਾ ਆਨੰਦ ਮਾਣ ਸਕੋ।

ਤਸਵੀਰ ਸਰੋਤ, Getty Images
ਸਵਾਲ - ਜਦੋਂ ਇੱਕ ਨਵਾਂ ਬੱਚਾ ਘਰ ਆਉਂਦਾ ਹੈ ਤਾਂ ਉਸ ਦੇ ਨਾਲ ਕਈ ਮਿੱਥ ਵੀ ਆਉਂਦੇ ਹਨ, ਅਜਿਹੇ ਕਿਹੜੇ ਆਮ ਮਿੱਥ ਹਨ?
ਜਵਾਬ - ਇੱਕ ਤਾਂ ਗੁੜ੍ਹਤੀ ਵਾਲਾ ਸਿਸਟਮ ਕਿ ਜਿਸ ਨੇ ਸ਼ਹਿਦ ਚਟਵਾਇਆ ਬੱਚਾ ਉਸ ਵਰਗਾ ਹੋ ਜਾਵੇਗਾ। ਇਹ ਚੰਗੀ ਪ੍ਰੈਕਟਿਸ ਨਹੀਂ ਹੈ। ਕਿਸੇ ਜ਼ਮਾਨੇ 'ਚ ਜਦੋਂ ਕਦੇ ਮਾਵਾਂ ਦਰਦ ਕਾਰਨ ਦੁੱਧ ਨਹੀਂ ਪਿਲਾ ਸਕਦੀਆਂ ਸਨ, ਜਾਂ ਡਰ ਹੁੰਦਾ ਹੋਵੇਗਾ ਕਿ ਬੱਚੇ ਦੀ ਸ਼ੂਗਰ ਨਾ ਘਟ ਜਾਵੇ, ਉਸ ਜ਼ਮਾਨੇ 'ਚ ਸ਼ਾਇਦ ਅਜਿਹਾ ਕੀਤਾ ਜਾਂਦਾ ਹੋਵੇ - ਇਹ ਮੇਰਾ ਆਪਣਾ ਅਨੁਮਾਨ ਹੈ। ਪਰ ਅੱਜ ਦੇ ਜ਼ਮਾਨੇ 'ਚ ਇਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਲਈ ਬੱਚੇ ਨੂੰ ਸ਼ਹਿਦ ਨਹੀਂ ਦੇਣਾ ਅਤੇ ਸਿਰਫ਼ ਮਾਂ ਦਾ ਦੁੱਧ ਦੇਣਾ ਹੈ। ਉਸ ਦਾ ਕੋਈ ਮੁਕਾਬਲਾ ਨਹੀਂ ਹੈ।
ਦੂਜਾ ਇਹ ਹੈ ਕਿ ਘਰ ਵਿੱਚ ਮਾਂ ਨੂੰ ਬਹੁਤ ਜ਼ਿਆਦਾ ਕੱਪੜੇ ਪਹਿਨਾ ਦਿੱਤੇ ਜਾਂਦੇ ਹਨ ਕਿ ਉਸ ਨੂੰ ਕਿਸੇ ਤਰ੍ਹਾਂ ਠੰਢ ਨਾ ਲੱਗ ਜਾਵੇ। ਅਜਿਹਾ ਨਹੀਂ ਕਰਨਾ ਚਾਹੀਦਾ ਮਾਂ ਨੂੰ ਸੌਖਾ ਰਹਿਣ ਦੇਣਾ ਚਾਹੀਦਾ ਹੈ।
ਕਈ ਲੋਕ ਬੱਚੇ ਦੀ ਨਾਭੀ ਨਾਲ ਜੁੜੀ ਨਾੜੂ 'ਤੇ ਹਲਦੀ ਜਾਂ ਹੋਰ ਚੀਜ਼ਾਂ ਲਗਾ ਦਿੰਦੇ ਹਨ। ਇਸੇ ਤਰ੍ਹਾਂ ਕੁਝ ਲੋਕ ਬੱਚੇ ਦੀ ਛਾਤੀ ਨੂੰ ਦਬਾਉਂਦੇ ਹਨ ਤਾਂ ਜੋ ਉਸ ਵਿੱਚੋਂ ਦੁੱਧ ਨਿਕਲ ਜਾਵੇ ਜਾਂ ਛਾਤੀ ਸਮਤਲ ਹੋ ਜਾਵੇ।
ਇਹ ਸਾਰੀਆਂ ਪ੍ਰਥਾਵਾਂ ਖ਼ਤਰਨਾਕ ਹੋ ਸਕਦੀਆਂ ਹਨ। ਕੁਝ ਲੋਕ ਮੁੰਡੇ ਬੱਚਿਆਂ ਦੇ ਗੁਪਤ ਅੰਗ ਦੀ ਚਮੜੀ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਹ ਸਮੇਂ ਤੋਂ ਪਹਿਲਾਂ ਖੁੱਲ੍ਹ ਜਾਵੇ। ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬੱਚੇ ਦੇ ਸਰੀਰ ਨਾਲ ਇਸ ਤਰ੍ਹਾਂ ਦੀ ਛੇੜਛਾੜ ਨਹੀਂ ਕਰਨੀ ਚਾਹੀਦੀ। ਜਾਂ ਕੁਝ ਵੀ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ। ਆਪਣੇ ਆਪ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ।

ਤਸਵੀਰ ਸਰੋਤ, Getty Images
ਸਵਾਲ: ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਕਈ ਲੋਕ ਉਸ ਦੀਆਂ ਅੱਖਾਂ ਵਿੱਚ ਕੱਜਲ ਪਾਉਂਦੇ ਹਨ ਜਾਂ ਮਾਲਿਸ਼ ਕਰਦੇ ਹਨ। ਕੀ ਇਹ ਚੀਜ਼ਾਂ ਠੀਕ ਹਨ ਅਤੇ ਬੱਚੇ ਦੀ ਅਸਲ ਦੇਖਭਾਲ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ?
ਜਵਾਬ - ਕੱਜਲ ਪਾਉਣਾ ਚੰਗੀ ਗੱਲ ਨਹੀਂ ਹੈ। ਬੱਚਿਆਂ ਦੀਆਂ ਅੱਖਾਂ ਵਿੱਚੋਂ ਪਾਣੀ ਆਉਣ ਅਤੇ ਇਨਫੈਕਸ਼ਨ ਹੋਣ ਦਾ ਇੱਕ ਕਾਰਨ ਕੱਜਲ ਵੀ ਹੋ ਸਕਦਾ ਹੈ।
ਅੱਖਾਂ ਵਿੱਚ ਅੱਥਰੂ ਬਣਾਉਣ ਵਾਲੀ ਗ੍ਰੰਥੀ ਤੋਂ ਪਾਣੀ ਇੱਕ ਬਹੁਤ ਪਤਲੀ ਨਲੀ ਰਾਹੀਂ ਬਾਹਰ ਆਉਂਦਾ ਹੈ। ਇਹ ਨਲੀ ਵਾਲ ਜਿੰਨੀ ਪਤਲੀ ਹੁੰਦੀ ਹੈ। ਜੇ ਇਸ ਵਿੱਚ ਕੋਈ ਕਣ ਜਾਂ ਗੰਦਗੀ ਫਸ ਜਾਵੇ ਤਾਂ ਇਹ ਬੰਦ ਹੋ ਸਕਦੀ ਹੈ।
ਇਸ ਕਾਰਨ ਇਨਫੈਕਸ਼ਨ ਹੋ ਸਕਦੀ ਹੈ। ਲੰਬੇ ਸਮੇਂ ਵਿੱਚ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਨਜ਼ਰ ਜਾਣ ਦਾ ਇੱਕ ਕਾਰਨ ਵੀ ਇਹ ਹੋ ਸਕਦਾ ਹੈ।
ਇਸ ਲਈ ਛੋਟੇ ਬੱਚਿਆਂ ਦੀਆਂ ਅੱਖਾਂ ਵਿੱਚ ਕੱਜਲ ਨਹੀਂ ਪਾਉਣਾ ਚਾਹੀਦਾ।

ਤਸਵੀਰ ਸਰੋਤ, Getty Images
ਬੱਚੇ ਦੀ ਦੇਖਭਾਲ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਮਾਂ ਦਾ ਦੁੱਧ ਪਿਲਾਉਣਾ ਹੈ।
ਮਾਂ ਦੇ ਦੁੱਧ ਦਾ ਫਾਇਦਾ ਸਿਰਫ਼ ਬੱਚੇ ਨੂੰ ਹੀ ਨਹੀਂ ਹੁੰਦਾ, ਸਗੋਂ ਮਾਂ ਨੂੰ ਵੀ ਇਸ ਨਾਲ ਬਹੁਤ ਲਾਭ ਮਿਲਦਾ ਹੈ। ਬੱਚੇ ਨੂੰ ਸੁਰੱਖਿਅਤ ਅਤੇ ਪੂਰਾ ਪੋਸ਼ਣ ਦੇਣ ਵਾਲਾ ਭੋਜਨ ਮਿਲਦਾ ਹੈ। ਮਾਂ ਦੇ ਸਰੀਰ ਵਿੱਚ ਮੌਜੂਦ ਐਂਟੀਬਾਡੀਜ਼ ਵੀ ਬੱਚੇ ਨੂੰ ਮਿਲਦੀਆਂ ਹਨ, ਜਿਸ ਨਾਲ ਉਸ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
ਮਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ। ਗਰਭ ਅਵਸਥਾ ਦੌਰਾਨ ਬੱਚੇ ਨੂੰ ਜਗ੍ਹਾ ਦੇਣ ਲਈ ਬੱਚੇਦਾਨੀ ਵੱਡੀ ਹੋ ਜਾਂਦੀ ਹੈ। ਜਦੋਂ ਬੱਚਾ ਦੁੱਧ ਪੀਂਦਾ ਹੈ ਤਾਂ ਬੱਚੇਦਾਨੀ ਸੁੰਗੜਨ ਲੱਗਦੀ ਹੈ। ਇਸ ਨਾਲ ਉਹ ਜਲਦੀ ਆਪਣੇ ਆਮ ਆਕਾਰ ਵਿੱਚ ਆਉਣ ਲੱਗਦੀ ਹੈ ਅਤੇ ਮਾਂ ਦਾ ਖੂਨ ਵਗਣਾ ਵੀ ਘੱਟ ਹੁੰਦਾ ਹੈ।
ਇਸ ਤੋਂ ਇਲਾਵਾ, ਮਾਂ ਦਾ ਦੁੱਧ ਪਿਲਾਉਣ ਨਾਲ ਲੰਬੇ ਸਮੇਂ ਵਿੱਚ ਹੋਣ ਵਾਲੀਆਂ ਕੁਝ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇਨ੍ਹਾਂ ਵਿੱਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਮਾਂ ਦਾ ਦੁੱਧ ਬੱਚੇ ਦੀ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੀ ਸਿਹਤ ਦੋਵਾਂ ਲਈ ਮਹੱਤਵਪੂਰਨ ਹੈ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਲੰਬੇ ਸਮੇਂ ਵਿੱਚ ਐਲਰਜੀ ਦੀ ਸੰਭਾਵਨਾ ਵੀ ਘੱਟ ਹੋ ਸਕਦੀ ਹੈ।
ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਇਹ ਸਿਰਫ਼ ਬੱਚੇ ਨੂੰ ਖੁਰਾਕ ਦੇਣ ਤੱਕ ਸੀਮਤ ਨਹੀਂ ਹੁੰਦਾ। ਇਸ ਦੌਰਾਨ ਮਾਂ ਅਤੇ ਬੱਚੇ ਦਾ ਚਮੜੀ ਨਾਲ ਚਮੜੀ ਦਾ ਸੰਪਰਕ ਹੁੰਦਾ ਹੈ। ਮਾਂ ਬੱਚੇ ਨਾਲ ਗੱਲ ਕਰਦੀ ਹੈ, ਉਸ ਨਾਲ ਅੱਖਾਂ ਮਿਲਾਉਂਦੀ ਹੈ ਅਤੇ ਬੱਚੇ ਨੂੰ ਮਾਂ ਦੀ ਖੁਸ਼ਬੂ ਵੀ ਮਹਿਸੂਸ ਹੁੰਦੀ ਹੈ।
ਇਹ ਇੱਕ ਪੂਰਾ ਸੰਵੇਦੀ ਤਜਰਬਾ ਹੁੰਦਾ ਹੈ। ਬੱਚੇ ਨੂੰ ਸਿਰਫ਼ ਸਰੀਰਕ ਖੁਰਾਕ ਹੀ ਨਹੀਂ ਮਿਲਦੀ, ਸਗੋਂ ਉਸ ਦੇ ਮਨ ਅਤੇ ਦਿਮਾਗ ਨੂੰ ਵੀ ਇਸ ਨਾਲ ਸਹਾਰਾ ਮਿਲਦਾ ਹੈ। ਇਸ ਨਾਲ ਮਾਂ ਅਤੇ ਬੱਚੇ ਵਿਚਕਾਰ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।
ਮੇਰੇ ਖ਼ਿਆਲ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। 24 ਘੰਟਿਆਂ ਵਿੱਚ ਬੱਚੇ ਨੂੰ ਅੱਠ ਤੋਂ ਨੌਂ ਵਾਰ, ਹਰ ਦੋ ਤੋਂ ਤਿੰਨ ਘੰਟਿਆਂ ਬਾਅਦ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।
ਕਈ ਮਾਪਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਬੱਚਾ ਸੌਂਦਾ ਹੀ ਨਹੀਂ ਅਤੇ ਪੂਰੀ ਰਾਤ ਜਗਾਉਂਦਾ ਰਹਿੰਦਾ ਹੈ। ਨਵਜੰਮੇ ਬੱਚਿਆਂ ਦਾ ਸੌਣ ਦਾ ਸਮਾਂ ਹੌਲੀ-ਹੌਲੀ ਠੀਕ ਹੁੰਦਾ ਹੈ। ਇਸ ਵਿੱਚ ਕੁਝ ਹਫ਼ਤੇ ਜਾਂ ਦੋ ਤੋਂ ਤਿੰਨ ਮਹੀਨੇ ਵੀ ਲੱਗ ਸਕਦੇ ਹਨ। ਬੱਚੇ ਰਾਤ ਨੂੰ ਵਾਰ-ਵਾਰ ਦੁੱਧ ਮੰਗਦੇ ਹਨ ਅਤੇ ਦਿਨ ਵੇਲੇ ਕਈ ਵਾਰ ਲੰਬਾ ਸੌਂ ਜਾਂਦੇ ਹਨ। ਇਹ ਕੁਦਰਤੀ ਗੱਲ ਹੈ।
ਜਿਹੜਾ ਆਪਣੇ ਕਹਿੰਦੇ ਹਨ ਕਿ ਸੂਤਕ ਲੱਗਿਆ ਹੈ, ਕੋਈ ਘਰ ਨਾ ਆਵੇ, ਉਹ ਇੱਕ ਪ੍ਰੋਟੈਕਸ਼ਨ ਦਾ ਤਰੀਕਾ ਹੈ। ਤਾਂ ਜੋ ਮਹਿਮਾਨ ਨਾ ਆਉਣ ਅਤੇ ਮਾਂ ਦਿਨ ਵੇਲੇ ਆਰਾਮ ਕਰ ਸਕੇ, ਚੰਗੀ ਤਰ੍ਹਾਂ ਖਾ-ਪੀ ਸਕੇ। ਤਾਂ ਜੋ ਉਹ ਰਾਤ ਨੂੰ ਜਾਗ ਸਕੇ ਕਿਉਂਕਿ ਬੱਚੇ ਨੇ ਰਾਤ ਨੂੰ ਜਾਗਣਾ ਹੈ।
ਫਿਰ ਬੱਚੇ ਦੇ ਮਲ-ਮੂਤਰ ਨੂੰ ਲੈਕੇ ਰਹਿੰਦਾ ਹੈ ਕਿ ਇਸਨੇ ਹਰੀ ਪੌਟੀ ਕਰ ਲਈ। ਮਾਪੇ ਡਾਕਟਰਾਂ ਨੂੰ ਕਈ ਤਰ੍ਹਾਂ ਦੀਆਂ ਅਜਿਹੀਆਂ ਫੋਟੋਆਂ ਭੇਜਦੇ ਰਹਿੰਦੇ ਹਨ।
ਠੀਕ ਹੈ ਬੱਚਾ ਕਈ ਵਾਰ ਪੌਟੀ ਕਰ ਸਕਦਾ ਹੈ। ਕਈ ਵਾਰ ਹਰ ਫੀਡ ਦੇ ਨਾਲ ਵੀ ਪੌਟੀ ਕਰ ਦਿੰਦੇ ਹਨ ਬੱਚੇ। ਪੰਜ-ਛੇ ਦਿਨ 'ਚ ਇੱਕ ਵਾਰ ਵੀ ਕਰ ਸਕਦੇ ਹਨ। ਪਰ ਮੁੱਖ ਗੱਲ ਇਹ ਹੈ ਕਿ ਬੱਚਾ ਤਰਲ ਭੋਜਨ ਲੈ ਰਿਹਾ ਹੈ, ਦੁੱਧ ਪੀ ਰਿਹਾ ਹੈ। ਉਸਦਾ ਯੂਰੀਨ ਆਉਟਪੁਟ ਕਿੰਨਾ ਹੈ, ਇਹ ਦੇਖਣਾ ਜ਼ਿਆਦਾ ਜ਼ਰੂਰੀ ਹੈ।
ਜੇ ਬੱਚਾ ਮਾਂ ਦਾ ਦੁੱਧ ਲੈ ਰਿਹਾ ਹੈ ਤਾਂ ਤਾਂ ਪਹਿਲੇ ਦਿਨਾਂ 'ਚ ਇੱਕ ਦੋ ਵਾਰ ਕਰੇਗਾ। ਹੌਲੀ-ਹੌਲੀ 5-7 ਦਿਨਾਂ ਦੀ ਉਮਰ ਤੱਕ ਬੱਚੇ ਦੇ 6-7 ਡਾਇਪਰ ਭਰਨੇ ਸ਼ੁਰੂ ਹੋ ਜਾਣਗੇ। ਜਿਹੜੀ ਇਹ ਚਿੰਤਾ ਹੁੰਦੀ ਹੈ ਕਿ ਬੱਚੇ ਨੂੰ ਪੂਰਾ ਦੁੱਧ ਮਿਲ ਰਿਹਾ ਹੈ ਕਿ ਨਹੀਂ, ਉਹ ਵੀ ਯੂਰਿਨ ਤੋਂ ਪਤਾ ਲੱਗ ਜਾਵੇਗਾ। ਜੇ ਘੱਟ ਡਾਇਪਰ ਭਰ ਰਹੇ ਹਨ ਤਾਂ ਮਤਲਬ ਦੁੱਧ ਘੱਟ ਮਿਲ ਰਿਹਾ ਹੈ। ਜੇ ਬੱਚੇ ਦੇ ਡਾਇਪਰ ਪਹਿਲਾਂ ਨਾਲੋਂ ਭਾਰੀ ਹੋ ਰਹੇ ਹਨ, ਬੱਚਾ ਵਿੱਚ-ਵਿੱਚ ਸੌਂ ਰਿਹਾ ਹੈ ਤਾਂ ਇਸਦਾ ਮਤਲਬ ਉਸਦਾ ਪਤ ਭਰ ਰਿਹਾ ਹੈ।

ਸਵਾਲ - ਜੇ ਮਾਂ ਕਿਸੇ ਕਾਰਨ ਬੱਚੇ ਨੂੰ ਆਪਣਾ ਦੁੱਧ ਨਾ ਪਿਲਾ ਸਕੇ ਤਾਂ ਉਸਦਾ ਕੀ ਬਦਲ ਹੋ ਸਕਦਾ ਹੈ ਜੋ ਬੱਚੇ ਲਈ ਚੰਗਾ ਹੋਵੇ?
ਜਵਾਬ - ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿ ਉਨ੍ਹਾਂ ਨੇ ਕਦੋਂ ਜੁਆਇਨ ਕਰਨਾ ਹੈ, ਕੰਮ ਦੇ ਘੰਟੇ ਕਿੰਨੇ ਹਨ ਜਾਂ ਆਪਣੇ ਆਫਿਸ ਵਾਲਿਆਂ ਨਾਲ ਗੱਲ ਕਰੋ ਕਿ ਤੁਹਾਨੂੰ ਵਿਚਕਾਰ ਬ੍ਰੇਕ ਚਾਹੀਦੇ ਹਨ 10-15 ਮਿੰਟ ਦੇ, ਜਿਸ 'ਚ ਮਾਂ ਦੁੱਧ ਨੂੰ ਪੰਪ ਦੀ ਮਦਦ ਨਾਲ ਕੱਢ ਕੇ ਫਰਿੱਜ ਵਿੱਚ ਰੱਖ ਸਕਦੀ ਹੈ। ਇਹ ਸਭ ਰਾਇ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਕੇ ਲੈ ਸਕਦੇ ਹੋ।
ਜਿਵੇਂ ਦਿੱਲੀ 'ਚ ਦੇਖੀਏ ਕਿ ਬਹੁਤ ਸਾਰੀਆਂ ਮਾਵਾਂ ਨੋਇਡਾ ਜਾ ਰਹੀਆਂ ਹਨ, ਗੁਰੂਗ੍ਰਾਮ ਜਾ ਰਹੀਆਂ ਹਨ, ਤਾਂ ਅੱਜਕਲ ਹੈਂਡਸ ਫ੍ਰੀ ਪੰਪ ਵੀ ਆਉਂਦੇ ਹਨ। ਤਾਂ ਉਹ ਆਉਂਦੇ-ਜਾਂਦੇ ਜਾਂ ਆਫਿਸ ਵਿੱਚ ਵੀ ਪੰਪ ਕਰ ਲੈਂਦੇ ਹਨ। ਦੁੱਧ ਨੂੰ ਉੱਥੇ ਹੀ ਸਟੋਰ ਕਰ ਲੈਂਦੇ ਹਨ ਤੇ ਆਈਸ ਪੈਕ ਨਾਲ ਰੱਖ ਕੇ ਵਾਪਿਸ ਲੈ ਆਉਂਦੇ ਹਨ।

ਤਸਵੀਰ ਸਰੋਤ, Getty Images
ਨਾਰਮਲ ਫਰਿੱਜ ਵਿੱਚ ਤੁਸੀਂ 24 ਘੰਟੇ ਬ੍ਰੈਸਟ ਮਿਲਕ ਰੱਖ ਸਕਦੇ ਹੋ ਅਤੇ ਉਸਨੂੰ ਮੁੜ ਨਿੱਘਾ ਕਰਕੇ ਬੱਚੇ ਨੂੰ ਪਿਲਾ ਸਕਦੇ ਹੋ।
ਜੇ ਮੰਨ ਲਓ ਕਿਸੇ ਵੀ ਕਾਰਨ ਦੁੱਧ ਨਹੀਂ ਪਿਲਾ ਸਕਦੇ ਤਾਂ ਉਸ ਸਥਿਤੀ 'ਚ ਸਭ ਤੋਂ ਚੰਗਾ ਇਹੀ ਰਹਿੰਦਾ ਹੈ ਕਿ ਸਟੈਂਡਰਡ ਫਾਰਮੂਲਾ ਮਿਲਕ, ਪਾਊਡਰ ਵਾਲਾ ਦੁੱਧ ਬੱਚੇ ਨੂੰ ਦਿੱਤਾ ਜਾਵੇ।
0-6 ਮਹੀਨੇ ਵਿੱਚ ਸਟੇਜ-1 ਵਾਲਾ ਦੁੱਧ, ਫਿਰ ਸਟੇਜ-2 ਹੁੰਦਾ ਹੈ। ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਉਸਨੂੰ ਇਸਤੇਮਾਲ ਕਰ ਸਕਦੇ ਹੋ। ਜੋ ਵੀ ਬ੍ਰਾਂਡ ਤੁਸੀਂ ਇਸਤੇਮਾਲ ਕਰ ਰਹੇ ਹੋ, ਉਸ ਬਾਰੇ ਦਿਸ਼ਾ-ਨਿਰਦੇਸ਼ ਸਹੀ ਢੰਗ ਨਾਲ ਪੜ੍ਹੋ। ਜੇ ਲੰਮੇ ਸਮੇਂ ਲਈ ਚਾਹੀਦਾ ਹੈ ਤਾਂ ਬੋਤਲ ਇਸਤੇਮਾਲ ਕਰਨੀ ਪਵੇਗੀ, ਪਰ ਜਿੰਨਾ ਹੋ ਸਕੇ ਉਸ ਤੋਂ ਬਚਣਾ ਹੈ।
ਜਿੱਥੇ ਪਹੁੰਚ ਦੀ ਦਿੱਕਤ ਹੈ, ਉੱਥੇ ਫਿਰ ਆਮ ਪੈਕੇਟ ਵਾਲਾ ਜਾਂ ਗਾਂ ਦਾ ਦੁੱਧ ਵੀ ਇਸਤੇਮਾਲ ਕਰਦੇ ਹਨ। ਜੇ ਅਜਿਹਾ ਹੈ ਤਾਂ ਉਸ ਦੁੱਧ ਨੂੰ ਡਾਇਲਿਊਟ ਨਹੀਂ ਕਰਨਾ, ਉਸ 'ਚ ਮਿੱਠਾ ਵੀ ਨਹੀਂ ਪਾਉਣਾ।
ਬੱਚੇ ਨੂੰ ਦੁੱਧ ਪਿਲਾਉਣ ਲਈ ਜੋ ਵੀ ਚੀਜ਼ ਇਸਤੇਮਾਲ ਕਰ ਰਹੇ ਹੋ, ਉਸ ਨੂੰ ਸਹੀ ਢੰਗ ਨਾਲ ਸਟੇਰੇਲਾਈਜ਼ ਕਰਨਾ ਹੈ ਅਤੇ ਉਸ ਦੇ ਦਿਸ਼ਾ-ਨਿਰਦੇਸ਼ ਵੀ ਚੰਗੀ ਤਰ੍ਹਾਂ ਪੜ੍ਹਨੇ ਹਨ।

ਤਸਵੀਰ ਸਰੋਤ, Getty Images
ਸਵਾਲ - ਛੋਟੇ ਬੱਚੇ ਨੂੰ ਖਾਣਾ-ਪੀਣਾ ਕਦੋਂ ਸ਼ੁਰੂ ਕਰਵਾਇਆ ਜਾਵੇ ਤੇ ਖਾਣਾ ਕਿਸ ਤਰ੍ਹਾਂ ਦਾ ਹੋਵੇ?
ਜਵਾਬ - ਆਮ ਤੌਰ 'ਤੇ ਅਸੀਂ 6 ਮਹੀਨੇ ਦੇ ਬੱਚੇ ਨੂੰ ਸੈਮੀ-ਸਾਲਿਡ ਦੇਣਾ ਸ਼ੁਰੂ ਕਰ ਦਿੰਦੇ ਹਾਂ। ਉਸਦੇ ਵਿੱਚ ਇੱਕ ਇਹ ਵੀ ਦੇਖਣਾ ਹੁੰਦਾ ਹੈ ਕਿ ਬੱਚਾ ਸਹੀ ਤਰ੍ਹਾਂ, ਘੱਟੋ-ਘੱਟ ਸਹਾਰੇ ਨਾਲ ਚੰਗੀ ਤਰ੍ਹਾਂ ਬੈਠ ਸਕੇ। ਜੇ ਬੱਚਾ ਸਹੀ ਤਰੀਕੇ ਨਾਲ ਬੈਠ ਨਹੀਂ ਸਕ ਰਿਹਾ ਤਾਂ ਥੋੜ੍ਹਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਜੇ ਲੇਟੇ ਹੋਏ ਬੱਚੇ ਦੇ ਮੂੰਹ 'ਚ ਖਾਣਾ ਪਾ ਦਿਓਗੇ ਤਾਂ ਗਲ਼ੇ 'ਚ ਫਸਣ ਦਾ ਡਰ ਰਹਿੰਦਾ ਹੈ।
ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਬੱਚਾ ਇਸਦੇ ਲਈ ਤਿਆਰ ਹੈ। ਮੋਟੇ ਤੌਰ 'ਤੇ 6 ਮਹੀਨਿਆਂ ਦੀ ਉਮਰ 'ਚ ਬੱਚੇ ਖਾਣੇ ਲਈ ਤਿਆਰ ਹੋ ਜਾਂਦੇ ਹਨ।
ਤੁਸੀਂ ਸ਼ੁਰੂਆਤ ਫਲਾਂ ਨਾਲ ਕਰ ਸਕਦੇ ਹੋ। ਜਿਵੇਂ ਮੈਂ ਖਾਸ ਤੌਰ 'ਏ ਕੇਲੇ ਦਾ ਸੁਝਾਅ ਦਿੰਦੀ ਹਾਂ। ਕਿਉਂਕਿ ਉਸਨੂੰ ਪਕਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਉਹ ਪੇਟ ਵੀ ਭਰ ਦਿੰਦਾ ਹੈ। ਪਕਾਉਣ ਤੋਂ ਬਾਅਦ ਫਲਾਂ ਦੇ ਗੁਣ ਘੱਟ ਹੋ ਜਾਂਦੇ ਹਨ।
ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਜਾਂ ਪਿਊਰੀ ਵਾਂਗ ਬਣਾ ਕੇ ਉਸ 'ਚ ਮਾਂ ਦਾ ਦੁੱਧ ਮਿਲਾ ਸਕਦੇ ਹੋ। ਜਾਂ ਪੇਠੇ ਨੂੰ ਭਾਫ਼ 'ਚ ਪਕਾ ਕੇ ਮੈਸ਼ ਕਰਕੇ ਜਾਂ ਪਿਊਰੀ ਬਣਾ ਕੇ ਦੇ ਸਕਦੇ ਹੋ। ਕੁਝ ਬੱਚੇ ਮੈਸ਼ ਕੀਤੀਆਂ ਹੋਈਆਂ ਚੀਜ਼ਾਂ ਵੀ ਚੰਗੀ ਤਰ੍ਹਾਂ ਖਾ ਲੈਂਦੇ ਹਨ, ਕੁਝ ਉਬਕਾਈਆਂ ਲੈਂਦੇ ਹਨ ਤਾਂ ਉਨ੍ਹਾਂ ਨੂੰ ਪਿਊਰੀ ਦੇ ਕੇ ਸ਼ੁਰੂਆਤ ਕਰ ਸਕਦੇ ਹਾਂ।
ਆਮ ਤੌਰ 'ਤੇ ਪਹਿਲੇ ਇੱਕ ਮਹੀਨੇ 'ਚ ਕੋਈ ਇੱਕ ਫਲ ਹੌਲੀ-ਹੌਲੀ ਕਰਕੇ ਸੈੱਟ ਕਰਨਾ ਹੈ, ਜਲਦੀ-ਜਲਦੀ ਬਦਲਾਅ ਨਹੀਂ ਕਰਨੇ। ਤਾਂ ਜੋ ਜੇ ਬੱਚੇ ਨੂੰ ਕਿਸੇ ਚੀਜ਼ ਤੋਂ ਐਲਰਜੀ ਹੋ ਰਹੀ ਹੈ ਤਾਂ ਪਤਾ ਲੱਗ ਜਾਵੇ। ਇਸ ਲਈ ਜਦੋਂ ਕੋਈ ਨਵੀਂ ਚੀਜ਼ ਸ਼ੁਰੂ ਕਰੋ ਤਾਂ ਬੱਚੇ ਨੂੰ 4-5 ਦਿਨ ਦਾ ਸਮਾਂ ਦਿਓ ਕਿ ਉਸ 'ਤੇ ਐਡਜਸਟ ਹੋ ਜਾਵੇ ਤਾਂ ਬਿਲਕੁਲ ਨਾ ਖਾਵੇ।
ਇੱਕ ਕੋਈ ਫਲ ਹੋ ਗਿਆ, ਇੱਕ ਕਿਸੇ ਸਬਜ਼ੀ ਦੀ ਪਿਊਰੀ ਹੋ ਗਈ ਤੇ ਇੱਕ ਕੋਈ ਅਨਾਜ ਵਾਲੀ ਚੀਜ਼ ਲੈ ਲਓ। ਅਨਾਜ ਵਿੱਚ ਚੌਲ ਘੱਟ ਐਲਜਰੀ ਵਾਲੇ ਖਾਣੇ 'ਚ ਆਉਂਦੇ ਹਨ, ਉਨ੍ਹਾਂ ਨਾਲ ਐਲਰਜੀ ਘੱਟ ਹੋਣ ਦੀ ਗੁੰਜਾਇਜ਼ਸ਼ ਹੁੰਦੀ ਹੈ। ਤਾਂ ਦਾਲ-ਚੌਲ ਦੀ ਪੂਰੀ ਤਰ੍ਹਾਂ ਘੁਟੀ ਹੋਈ ਖਿਚੜੀ ਬਣਾ ਸਕਦੇ ਹੋ। ਉਸ 'ਚ ਕੋਈ ਸਬਜ਼ੀ ਵੀ ਪਾ ਸਕਦੇ ਹੋ ਪਰ ਪਹਿਲੇ ਸਾਲ 'ਚ ਨਮਕ-ਖੰਡ ਬਿਲਕੁਲ ਵੀ ਨਹੀਂ ਦਿੰਦੇ।
ਸਮੇਂ ਦੇ ਨਾਲ ਹਲਕੇ-ਹਲਕੇ ਮਸਾਲੇ ਜਿਵੇਂ ਹਲਕੀ ਜਿਹੀ ਹਿੰਗ ਜਾਂ ਹਲਕੀ ਜਿਹੀ ਹਲਦੀ, ਹੌਲੀ-ਹੌਲੀ ਸਮੇਂ ਦਾ ਨਾਲ ਤੁਸੀਂ ਬੱਚੇ ਦੇ ਖਾਣੇ 'ਚ ਸ਼ਾਮਿਕ ਕਰਨਾ ਸ਼ੁਰੂ ਕਰ ਸਕਦੇ ਹੋ। ਅਤੇ ਹਰ ਮਹੀਨੇ ਇੱਕ ਜਾਂ ਦੋ ਨਵੇਂ ਅਨਾਜ ਸ਼ਾਮਿਲ ਕਰ ਸਕਦੇ ਹੋ।
ਨੌ ਮਹੀਨੇ ਦੇ ਬੱਚੇ ਲਈ ਅਸੀਂ ਕਹਿੰਦੇ ਹਾਂ ਕਿ ਫਿੰਗਰ ਫ਼ੂਡ ਦਿਓ, ਜਿਵੇਂ ਰੋਟੀ ਦੀ ਬੁਰਕੀ ਫੜ੍ਹਾ ਕੇ ਦੇਖੋ ਕਿ ਬੱਚਾ ਕੀ ਕਰਦਾ ਹੈ।
ਨਰਮ ਇਡਲੀ ਦੇ ਸਕਦੇ ਹੋ, ਉਤਪਮ ਦੇ ਸਕਦੇ ਹੋ, ਪੈਨਕੇਕ ਬਣਾ ਕੇ ਦੇ ਸਕਦੇ ਹੋ। ਅਜਿਹਾ ਖਾਣਾ ਜੋ ਬੱਚਾ ਆਪਣੇ ਹੱਥ 'ਚ ਫੜ੍ਹ ਕੇ ਖਾ ਸਕੇ। ਸ਼ੁਰੂ 'ਚ ਜਿਵੇਂ ਜੇ ਉਸਨੂੰ ਪਿਊਰੀ ਦੇ ਰਹੇ ਹੋ ਤਾਂ ਹੌਲੀ-ਹੌਲੀ ਉਸਨੂੰ ਥੋੜਾ ਮੋਟੀ ਰੱਖਣਾ, ਜਿਵੇਂ ਵਿੱਚ-ਵਿੱਚ ਥੋੜੇ ਮੋਟੇ (ਦਰਦਰੇ) ਜਿਹੇ ਟੁਕੜੇ ਆਉਣ, ਕਰ ਸਕਦੇ ਹੋ।
ਪਰ ਇਸ ਸਭ ਲਈ ਤੁਸੀਂ ਬੱਚੇ ਵੱਲੋਂ ਮਿਲਦੇ ਸੰਕੇਤਾਂ ਦੇ ਹਿਸਾਬ ਨਾਲ ਅੱਗੇ ਵਧੋਗੇ। ਜਿਵੇਂ ਜੇ ਬੱਚਾ ਸੰਕੇਤ ਦੇ ਰਿਹਾ ਹੈ ਕਿ ਉਸਨੇ ਇੱਕ ਸਟੈਪ ਕਰ ਲਿਆ ਤਾਂ ਤੁਸੀਂ ਅਗਲੇ ਸਟੈਪ ਵੱਲ ਵਧ ਸਕਦੇ ਹੋ।

ਸਵਾਲ - ਨਵਜੰਮੇ ਬੱਚਿਆਂ ਨੂੰ ਕਿਹੜੇ ਵੈਕਸੀਨ ਲਗਾਵਾਉਣੇ ਜ਼ਰੂਰੀ ਹਨ?
ਜਵਾਬ - ਭਾਰਤ 'ਚ ਭਾਵੇਂ ਸਰਕਾਰੀ ਹਸਪਤਾਲ ਹੋਵੇ ਜਾਂ ਪ੍ਰਾਈਵੇਟ ਹਸਪਤਾਲ, ਸਾਰੇ ਹਸਪਤਾਲਾਂ 'ਚ ਬੀਸੀਜੀ ਦਾ ਟੀਕਾ, ਹੈਪੇਟਾਈਟਿਸ ਬੀ ਅਤੇ ਪੋਲੀਓ, ਇਹ ਵੈਕਸੀਨ ਲਗਾ ਕੇ ਹੀ ਭੇਜਿਆ ਜਾਂਦਾ ਹੈ।
ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਨਿਯਮ ਹਨ, ਕੁਝ ਚੀਜ਼ਾਂ ਜਿਹੜੀਆਂ ਇੱਕੋ-ਜਿਹੀਆਂ ਹਨ, ਜਿਸ ਤਰਾਂ ਡੀਪੀਟੀ ਦੇ ਵੈਕਸੀਨ, ਨਿਮੋਨੀਆ ਦੀ ਵੈਕਸੀਨ, ਰੋਟਾ ਵਾਇਰਸ ਹੈ, ਉਹ ਸਭ ਦੇਸ਼ਾਂ 'ਚ ਸਾਰੇ ਕਿਤੇ ਅੱਜਕੱਲ ਇਸਤੇਮਾਲ ਹੁੰਦੀਆਂ ਹਨ।
ਸ਼ੈਡਿਊਲ ਥੋੜਾ ਬਹੁਤ ਵੱਖ ਹੋ ਸਕਦਾ ਹੈ ਪਰ ਜਿਸ ਤਰਾਂ ਆਪਣੇ ਐਨਆਰਆਈ ਬੱਚਿਆਂ ਦੀ ਗੱਲ ਕਰੋ ਤਾਂ ਬਹੁਤ ਸਾਰੇ ਬੱਚੇ ਆਉਂਦੇ ਹਨ, ਜਿਨਾਂ ਨੂੰ ਬੀਸੀਜੀ ਨਹੀਂ ਲੱਗਿਆ ਹੁੰਦਾ ਪਰ ਉਹ ਹਮੇਸ਼ਾ ਆਪਣੇ ਮਾਪਿਆਂ ਦੇ, ਪਰਿਵਾਰ ਦੇ ਸੰਪਰਕ ਵਿੱਚ ਰਹਿੰਦੇ ਹਨ, ਤਾਂ ਉਨ੍ਹਾਂ ਲਈ ਚੰਗਾ ਇਹੀ ਰਹਿੰਦਾ ਹੈ ਕਿ ਜਿੱਥੇ ਵੀ ਉਹ ਰਹਿੰਦੇ ਹਨ ਉੱਥੇ ਆਪਣੇ ਡਾਕਟਰ ਨਾਲ ਗੱਲ ਕਰਕੇ ਬੀਸੀਜੀ ਦਾ ਟੀਕਾ ਲਗਵਾ ਲੈਣ।
ਜਦੋਂ ਵੱਡੇ ਹੋ ਜਾਂਦੇ ਹਨ, ਤਾਂ ਜਿਹਨੂੰ ਆਪਾਂ ਟਰੈਵਲਰ ਵੈਕਸੀਨ ਬੈਸਟ, ਪੱਛਮੀ ਦੇਸ਼ਾਂ ਵਿੱਚ ਕਹਿੰਦੇ ਹਾਂ... ਹੈਪੀਟਾਈਟਿਸ ਏ ਦੀ ਵੈਕਸੀਨ ਹੈ, ਟਾਈਫੋਇਡ ਦੀ ਵੈਕਸੀਨ ਹੈ ਉਹ ਆਪਣੇ ਵੈਸਟਰਨ ਸਿਟੀਜ਼ਨਸ ਨੂੰ ਲਗਾ ਕੇ ਇੰਡੀਆ ਜਾਂ ਵਿਕਾਸਸ਼ੀਲ ਦੇਸ਼ਾਂ 'ਚ ਭੇਜਦੇ ਆ ਜਿੱਥੇ ਵਾਟਰਬੋਜਨ ਡਿਜੀਜ਼ ਦਾ ਖਤਰਾ ਹੁੰਦਾ ਹੈ।
ਜਿਹੜੇ ਭਾਰਤੀ ਬੱਚੇ ਜਿਹੜੇ ਬਾਹਰ ਰਹਿੰਦੇ ਆ ਜਾਂ ਕਦੇ-ਕਦਾਈਂ ਭਾਰਤ ਆਉਂਦੇ ਹਨ, ਤੇ ਉਨ੍ਹਾਂ ਦੇ ਉਸ ਦੇਸ਼ 'ਚ ਜੇ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਮਾਪਿਆਂ ਨੂੰ ਉਸਦਾ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਜਦੋਂ ਇੰਡੀਆ ਆਉਂਦੇ ਤਾਂ ਡਾਕਟਰ ਨਾਲ ਗੱਲ ਕਰ ਸਕਦੇ ਹਨ ਕਿ ਕੀ ਉਹ ਇਹ ਲਗਵਾ ਸਕਦੇ ਹਨ।
ਬਾਕੀ ਜੋ ਵੀ ਤੁਹਾਡੇ ਦੇਸ਼ ਦਾ ਸ਼ੈਡਿਊਲ ਹੈ, ਉਸਨੂੰ ਫਾਲੋ ਕਰੋ। ਜਿਵੇਂ ਭਾਰਤ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਵੀ ਕਾਫੀ ਬੇਸਿਕ ਵੈਕਸੀਨ ਲੱਗਦੀਆਂ ਹਨ। ਬਾਕੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਪ੍ਰਾਈਵੇਟ ਹਸਪਤਾਲ 'ਚੋਂ ਰਾਇ ਲੈ ਸਕਦੇ ਹੋ ਤੇ ਉਸ ਅਨੁਸਾਰ ਵੈਕਸੀਨ ਲਗਵਾ ਸਕਦੇ ਹੋ। ਅੱਜ ਜੋ ਵੀ ਦੁਨੀਆ 'ਚ ਕਿਤੇ ਵੀ ਉਪਲੱਬਧ ਹੈ, ਉਹ ਭਾਰਤ 'ਚ ਵੀ ਉਪਲੱਬਧ ਹੈ।
ਪ੍ਰਾਈਵੇਟ ਸੈਕਟਰ ਲਗਭਗ ਉਹੀ ਸਟੈਂਡਰਡ ਫਾਲੋ ਹੁੰਦੇ ਹਨ ਜੋ ਇੰਟਰਨੈਸ਼ਨਲ ਸਟੈਂਡਰਡ ਹੁੰਦੇ ਹਨ।
ਹਰੇਕ ਦੇਸ਼ ਦਾ ਥੋੜਾ-ਬਹੁਤ ਫਰਕ ਹੋਵੇਗਾ ਬਸ। ਪਰ ਆਪਣੇ ਦੇਸ਼ ਦਾ ਸ਼ੈਡਿਊਲ ਜ਼ਰੂਰ ਫਾਲੋ ਕਰਨਾ ਹੈ। ਅਤੇ ਜੇ ਤੁਸੀਂ ਐਕਸਪੈਟ੍ਰੀਐਟ ਹੋ, ਜਾਂ ਜਿਹੜਾ ਤੁਹਾਡਾ ਮੂਲ ਦੇਸ਼ ਹੈ, ਉਨ੍ਹਾਂ ਦਾ ਹਿਸਾਬ ਵੀ ਥੋੜਾ ਜਿਹਾ ਦੇਖੋ ਕਿਉਂਕਿ ਕਦੇ ਨਾ ਕਦੇ ਤੁਹਾਡੇ ਬੱਚੇ ਉੱਥੇ ਵੀ ਜਾਣਗੇ। ਇਸ ਲਈ ਉਸਨੂੰ ਵੀ ਕਵਰ ਕਰਨਾ ਜ਼ਰੂਰੀ ਹੈ।
ਜ਼ਿਆਦਾਤਰ ਥਾਵਾਂ 'ਤੇ ਵੈਕਸੀਨ ਦੀ ਬੁੱਕ ਮਿਲਦੀ ਹੈ, ਜਿਸ 'ਚ ਅਗਲੀ ਵੈਕਸੀਨ ਦੀ ਤਰੀਖ ਲਿਖੀ ਹੁੰਦੀ ਹੈ।
ਸਵਾਲ - ਨਵਜੰਮੇ ਬੱਚੇ ਲਈ ਕਿਹੜੇ ਸਪਲੀਮੈਂਟਸ ਜ਼ਰੂਰੀ ਹੁੰਦੇ ਹਨ ਅਤੇ ਕਿਹੜੇ ਸਪਲੀਮੈਂਟਸ ਬੱਚੇ ਦੇ ਜਨਮ 'ਤੇ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ?
ਜਵਾਬ - ਇਹ ਪੂਰੀ ਦੁਨੀਆ ਵਿੱਚ ਲਾਗੂ ਹੁੰਦਾ ਹੈ ਕਿ ਨਵਜੰਮੇ ਬੱਚੇ ਨੂੰ ਵਿਟਾਮਿਨ ਡੀ ਤੋਂ ਇਲਾਵਾਂ ਹੋਰ ਕੋਈ ਸਪਲੀਮੈਂਟ ਦੇਣ ਦੀ ਲੋੜ ਨਹੀਂ ਹੁੰਦੀ। ਪੂਰੀ ਦੁਨੀਆ 'ਚ ਹਰੇਕ ਬੱਚੇ ਨੂੰ 400 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਡੀ ਦੀ ਖੁਰਾਕ ਦਿੱਤੀ ਜਾਂਦੀ ਹੈ। ਭਾਰਤ ਵਿੱਚ ਸਾਰੇ ਸਰਕਾਰੀ ਹਸਪਤਾਲਾਂ, ਨਿੱਜੀ ਹਸਪਤਾਲਾਂ 'ਚ ਵੀ ਇਹੀ ਦਿੱਤੀ ਜਾਂਦੀ ਹੈ। ਇੱਕ ਸਾਲ ਤੱਕ ਸਭ ਦੀ ਖੁਰਾਕ ਬਰਾਬਰ ਰਹਿੰਦੀ ਹੈ ਜੋ ਬਾਅਦ ਵਿੱਚ ਵਧਾਈ ਜਾਂਦੀ ਹੈ।
ਇਸ ਤੋਂ ਇਲਾਵਾ ਆਇਰਨ ਦੀ ਜ਼ਰੂਰਤ ਪੈਂਦੀ ਹੈ। ਪੁਰਾਣੇ ਜ਼ਮਾਨੇ 'ਚ ਹਰੇਕ 2 ਮਹੀਨੇ ਦੇ ਬੱਚੇ ਨੂੰ ਆਇਰਨ ਸ਼ੁਰੂ ਕਰ ਦਿੱਤਾ ਜਾਂਦਾ ਸੀ। ਪਰ ਕੁਝ ਪ੍ਰੈਕਟਿਸ ਸ਼ੁਰੂ ਹੋਇਆਂ, ਜਿਸ ਨੂੰ ਡਿਲੇਅਡ ਕਾਰਡ ਕਲਾਇਨਬਿੰਗ ਕਹਿੰਦੇ ਹਨ - ਮਤਲਬ ਅੱਜਕੱਲ੍ਹ ਨਾਡੂਆ ਜਲਦੀ ਨਹੀਂ ਕੱਟਦੇ। ਇਸ ਵਿੱਚ ਇੱਕ ਮਿੰਟ ਜਾਂ ਉਸ ਤੋਂ ਜ਼ਿਆਦਾ ਦੀ ਦੇਰੀ ਕੀਤੀ ਜਾਂਦੀ ਹੈ, ਜਿਸ ਨਾਲ ਬੱਚੇ ਨੂੰ ਮਾਂ ਤੋਂ ਪਲੇਸੈਂਟਾ ਰਾਹੀਂ ਥੋੜ੍ਹਾ ਜ਼ਿਆਦਾ ਖੂਨ ਮਿਲ ਜਾਂਦਾ ਹੈ। ਇਸ ਕਰਕੇ ਹੁਣ ਆਇਰਨ ਜ਼ਿਆਦਾ ਜਲਦੀ ਨਹੀਂ ਸ਼ੁਰੂ ਕਰਨਾ ਪੈਂਦਾ ਪਰ ਜ਼ਿਆਦਾਤਰ ਬੱਚਿਆਂ ਨੂੰ 5-6 ਮਹੀਨਿਆਂ ਤੱਕ ਡਾਕਟਰ ਇਹ ਸ਼ੁਰੂ ਕਰ ਸਕਦੇ ਹਨ।
ਤਾਂ ਇਹ ਦੋ ਚੀਜ਼ਾਂ ਜ਼ਰੂਰੀ ਹਨ - ਜਨਮ ਤੋਂ ਵਿਟਾਮਿਨ ਡੀ ਅਤੇ ਫਿਰ ਜਦੋਂ ਵੀ ਜ਼ਰੂਰਤ ਲੱਗੇ ਆਇਰਨ ਸ਼ੁਰੂ ਕਰ ਸਕਦੇ ਹਾਂ।
ਦੁੱਧ 'ਚ ਆਇਰਨ ਦੀ ਮਾਤਰਾ ਘੱਟ ਹੁੰਦੀ ਹੈ, ਅਤੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ 'ਤੇ ਰਹਿੰਦੇ ਹਨ, ਇਸ ਕਰਕੇ ਸਰੀਰ ਆਇਰਨ ਨੂੰ ਸੋਖਦਾ ਵੀ ਘੱਟ ਹੈ।
ਬਾਕੀ ਜੋ ਸਿਹਤਮੰਦ ਬੱਚੇ ਹਨ, ਉਨ੍ਹਾਂ ਨੂੰ ਕੋਈ ਹੋਰ ਸਪਲੀਮੈਂਟ ਦੇਣ ਦੀ ਲੋੜ ਨਹੀਂ ਪੈਂਦੀ।

ਤਸਵੀਰ ਸਰੋਤ, Getty Images
ਸਵਾਲ - ਬੱਚੇ ਦੇ ਪੈਦਾ ਹੋਣ ਤੋਂ ਬਾਅਦ ਕਿਨ੍ਹਾਂ ਮਾਇਲ-ਸਟੋਨਜ਼ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ?
ਜਵਾਬ -
- ਇੱਕ-ਡੇਢ ਮਹੀਨੇ ਦਾ ਬੱਚਾ ਹੋ ਗਿਆ, ਮਾਂ ਦੁੱਧ ਪਿਲਾ ਰਹੀ ਹੈ ਤੇ ਉਸ ਨਾਲ ਗੱਲਾਂ ਕਰਦੀ ਹੈ ਤਾਂ ਬੱਚਾ ਨਜ਼ਰਾਂ ਮਿਲਾਉਂਦਾ ਹੈ। ਕਮਰੇ 'ਚ ਆਉਂਦੇ-ਜਾਂਦੇ ਲੋਕਾਂ ਨੂੰ ਦੇਖਣ ਲਈ ਨਜ਼ਰਾਂ, ਸਰ ਘੁੰਮਾਉਣ ਲੱਗ ਪੈਂਦੇ ਹਨ। ਆਵਾਜ਼ ਕਿੱਧਰੋਂ ਆ ਰਹੀ ਹੈ, ਉਸ ਪਾਸੇ ਦੇਖਣ ਲੱਗ ਪੈਂਦੇ ਹਨ।
- ਦੋ ਮਹੀਨੇ ਦਾ ਬੱਚਾ ਸੋਸ਼ਲ ਸਮਾਈਲ ਕਰਦਾ ਹੈ, ਮਤਲਬ ਜਿਵੇਂ ਦੇਖਦੇ ਹਾਂ ਨਾ ਕਿ ਬੱਚੇ ਨੀਂਦ 'ਚ ਸੁਪਨੇ 'ਚ ਹੱਸਦੇ ਰਹਿੰਦੇ ਹਨ। ਸੋਸ਼ਲ ਸਮਾਈਲ ਪਹਿਲਾ ਮਾਇਲ ਸਟੋਨ ਹੈ - ਜਿਸ 'ਚ ਤੁਸੀਂ ਬੱਚੇ ਵੱਲ ਦੇਖ ਰਹੇ ਹੋ, ਗੱਲ ਨਹੀਂ ਕਰਦੇ। ਬੱਚਾ ਅੱਖਾਂ ਮਿਲਾਉਂਦਾ ਹੈ ਤੇ ਮੁਸਕੁਰਾਉਂਦਾ ਹੈ। ਇਹ ਪਹਿਲੀ ਸੋਸ਼ਲ ਇੰਟਰੈਕਸ਼ਨ ਹੁੰਦੀ ਹੈ।
- ਤਿੰਨ ਤੋਂ ਚਾਰ ਮਹੀਨੇ ਦੇ ਬੱਚੇ ਦਾ ਸਿਰ ਟਿਕਣਾ ਸ਼ੁਰੂ ਹੋ ਜਾਂਦਾ ਹੈ, ਉਸ ਨੂੰ ਹੈੱਡ-ਹੋਲਡਿੰਗ ਕਹਿੰਦੇ ਹਨ।
- ਫਿਰ 6 ਮਹੀਨੇ ਦੇ ਨੇੜੇ-ਤੇੜੇ ਬੱਚੇ ਸਹਾਰੇ ਨਾਲ ਬੈਠਣ ਲੱਗਦੇ ਹਨ ਅਤੇ 8 ਮਹੀਨੇ ਦੇ ਕਰੀਬ ਬਿਨਾਂ ਸਹਾਰੇ ਦੇ ਬੈਠਣ ਲੱਗਦੇ ਹਨ। ਖੁਦ ਉੱਠ ਕੇ ਨਹੀਂ ਬੈਠ ਪਾਉਂਦੇ ਪਰ ਬਿਠਾ ਦਿਓ ਤਾਂ ਬੈਠ ਜਾਂਦਾ ਹੈ।
- 9-10 ਮਹੀਨੇ ਦੇ ਬੱਚੇ ਨੂੰ ਖੜ੍ਹਾ ਕਰ ਦਿਓ ਜਾਂ ਖੁਦ ਮੇਜ਼ ਆਦਿ ਪਕੜ ਕੇ ਖੜ੍ਹੇ ਹੋ ਜਾਂਦੇ ਹਨ।
- ਅੱਜਕੱਲ੍ਹ ਆਟਿਜ਼ਮ ਵਗੈਰਾ ਬਹੁਤ ਹੋ ਗਿਆ ਤਾਂ ਆਈ ਕੰਨਟੈਕਟ ਬਹੁਤ ਜ਼ਰੂਰੀ ਹੈ। ਬੱਚੇ ਨੂੰ ਕੁਝ ਦਿਖਾਓ ਤਾਂ ਉਹ ਤੁਹਾਡੇ ਵੱਲ ਦੇਖੇ ਜਾਂ ਜੇ ਤੁਸੀਂ ਉਸਨੂੰ ਕੁਝ ਦਿਖਾਵੋ ਤਾਂ ਉਹ ਚੀਜ਼ ਵੱਲ ਦੇਖ ਕੇ ਮੁੜ ਤੁਹਾਡੇ ਵੱਲ ਦੇਖੇ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸਨੂੰ ਵੀ ਅਸੀਂ ਬੱਚਿਆਂ 'ਚ ਇੱਕ ਮਾਇਲ ਸਤੋਂ ਮੰਨਦੇ ਹਾਂ।
- ਇੱਕ ਸਾਲ ਦੇ ਆਸ-ਪਾਸ ਬੱਚੇ ਥੋੜ੍ਹਾ ਤੁਰਨਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਦੇ ਸ਼ਬਦ ਸਪਸ਼ਟ ਹੋਣ ਲੱਗਦੇ ਹਨ।
ਸਵਾਲ - ਇਹ ਫਰਕ ਕਿਵੇਂ ਸਮਝਿਆ ਜਾਵੇ ਕਿ ਬੱਚਾ ਭੁੱਖ ਨਾਲ ਰੋਂ ਰਿਹਾ ਹੈ ਜਾਂ ਕਿਸੇ ਹੋਰ ਕਾਰਨ ਦੇ?
ਜਵਾਬ - ਬੱਚਿਆਂ ਕੋਲ ਇੱਕੋ ਭਾਸ਼ਾ ਹੈ - ਰੌਣਾ। ਉਸਨੂੰ ਮਾਂ ਚਾਹੀਦੀ ਹੈ, ਗੋਦੀ ਆਉਣਾ ਹੈ - ਉਹ ਰੌਂਦਾ ਹੈ। ਭੁੱਖ ਲੱਗੀ ਹੈ, ਰੋਣਾ ਹੈ। ਡਾਇਪਰ ਗਿੱਲਾ ਕਰ ਲਿਆ, ਪੌਟੀ ਕਰ ਲਈ ਰੌਣਾ ਹੈ। ਪਿਸ਼ਾਬ ਕਰਨ ਤੋਂ ਪਹਿਲਾਂ ਬੱਚੇ ਰੌਂਦੇ ਹਨ। ਕੋਈ ਕੀੜੀ ਲੜ ਗਈ, ਕੁਝ ਚੁੱਭ ਗਿਆ ਤਾਂ ਰੌਂ ਪਏ।
ਬੱਚੇ ਨੂੰ ਰੌਣ ਤੋਂ ਬਗੈਰ ਕੁਝ ਨਹੀਂ ਆਉਂਦਾ। ਭੁੱਖ ਵਾਲੇ ਬੱਚੇ ਆਪਣਾ ਹੱਥ ਚੂਸਣ ਲੱਗ ਪੈਂਦੇ ਹਨ ਜਾਂ ਜੇ ਉਨ੍ਹਾਂ ਦੇ ਮੂੰਹ ਨਾਲ ਕੁਝ ਛੂਹ ਜਾਵੇ ਤਾਂ ਉੱਧਰ ਨੂੰ ਮੂੰਹ ਖੋਲ੍ਹਦੇ ਹਨ। ਤਾਂ ਬਹੁਤ ਵਾਰ ਸਮਝ ਆ ਜਾਂਦਾ ਹੈ।
ਜੇ ਬੱਚਾ ਕਿਸੇ ਹੋਰ ਕਾਰਨ ਰੌਂ ਰਿਹਾ ਹੈ ਤੇ ਮਾਂ ਉਸਨੂੰ ਆਪਣੇ ਨਾਲ ਲਗਾ ਲਵੇ ਤਾਂ ਆਮ ਤੌਰ 'ਤੇ ਬੱਚੇ ਚੁੱਪ ਕਰ ਜਾਂਦੇ ਹਨ ਤੇ ਥੋੜ੍ਹੀ ਦੇਰ ਬਾਅਦ ਫਿਰ ਰੌਂ ਸਕਦੇ ਹਨ।
ਬੱਚਾ ਜ਼ਿਆਦਾ ਰੌਂਦਾ ਹੈ ਤਾਂ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੀ ਉਹ ਸਹੀ ਤਰੀਕੇ ਨਾਲ ਦੁੱਧ ਪੀ ਰਿਹਾ ਹੈ? ਪਿਸ਼ਾਬ ਠੀਕ ਕਰ ਰਿਹਾ ਹੈ? ਚੁੱਪ ਕਰਾਉਣ 'ਤੇ ਚੁੱਪ ਕਰ ਰਿਹਾ ਹੈ? ਵਿਕਾਸ ਠੀਕ ਹੋ ਰਿਹਾ ਹੈ?
ਜੇ ਸਮਝ ਨਾ ਆਵੇ ਤਾਂ ਕੋਈ ਚਾਂਸ ਲੈਣ ਦੀ ਲੋੜ ਨਹੀਂ ਹੁੰਦੀ, ਆਪਣੇ ਡਾਕਟਰ ਨਾਲ ਸਲਾਹ ਕਰੋ। ਕਿਉਂਕਿ ਬੱਚਾ ਖੁਦ ਨਹੀਂ ਦੱਸ ਸਕਦਾ ਕਿ ਮੇਰੇ ਕੰਨ 'ਚ ਦਰਦ ਹੋ ਰਿਹਾ ਹੈ। ਤਾਂ ਇਹ ਸਭ ਪਤਾ ਕਰਨਾ ਜ਼ਰੂਰੀ ਹੁੰਦਾ ਹੈ।
ਦੂਜਾ ਇਹ ਕਿ ਕਈ ਵਾਰ, ਹਰ ਵਾਰ ਬੱਚੇ ਨੂੰ ਜਦੋਂ ਤੁਸੀਂ ਰੌਣ 'ਤੇ ਦੁੱਧ ਪਿਲਾਉਣ ਲੱਗ ਪੈਂਦੇ ਹੋ ਅਤੇ ਫਿਰ ਉਸਨੂੰ ਕੋਈ ਨਾ ਕੋਈ ਚੁੱਕ ਲੈਂਦਾ ਹੈ। ਜਿਵੇਂ ਆਪਣੇ ਭਾਰਤੀ ਘਰਾਂ 'ਚ ਅਕਸਰ ਹੁੰਦਾ ਹੈ ਕਿ ਕਹਿ ਦਿੰਦੇ ਹਨ ਕਿ ਕਿਉਂ ਰਵਾ ਰਹੇ ਹੋ ਇਸਨੂੰ, ਗੋਦੀ ਲੈ ਲਓ, ਦੁੱਧ ਪਿਲਾ ਦਿਓ।
ਪੱਛਮੀ ਦੇਸ਼ਾਂ 'ਚ ਬੱਚੇ ਸੌਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਹਰ ਵਾਰ ਉਨ੍ਹਾਂ ਨੂੰ ਕੋਈ ਭੱਜ-ਭੱਜ ਕੇ ਗੋਦੀ ਨਹੀਂ ਚੁੱਕਦਾ। ਜਦਕਿ ਆਪਣੇ ਇੱਥੇ ਬੱਚਿਆਂ ਦਾ ਇਹ ਰੌਣ ਵਾਲਾ ਸਿਸਟਮ ਕਾਫੀ ਸਮਾਂ ਚੱਲਦਾ ਰਹਿੰਦਾ ਹੈ।
ਪਰ ਜੇ ਕੁਝ ਵੀ ਸਮਝ ਨਹੀਂ ਆ ਰਿਹਾ, ਬੱਚਾ ਬਹੁਤ ਜ਼ਿਆਦਾ ਰੌਂ ਰਿਹਾ ਹੈ ਤਾਂ ਡਾਕਟਰ ਨੂੰ ਦਿਖਾਓ ਤੇ ਚੈੱਕ ਕਰਵਾਓ ਕਿ ਕੋਈ ਅਜਿਹੀ ਚੀਜ਼ ਤਾਂ ਨਹੀਂ ਜਿਸ ਨਾਲ ਬੱਚਾ ਪਰੇਸ਼ਾਨ ਹੋ ਰਿਹਾ ਹੈ। ਜਾਂ ਕੋਈ ਅਜਿਹੀ ਸਮੱਸਿਆ/ਬਿਮਾਰੀ ਜੋ ਸ਼ੁਰੂ ਹੋ ਰਹੀ ਹੋਵੇ। ਜਾਂ ਦੁੱਧ ਨਹੀਂ ਪੀ ਪਾ ਰਿਹਾ ਹੋਵੇ। ਤਾਂ ਇਹ ਸਭ ਪਤਾ ਕਰਨਾ ਬਹੁਤ ਜ਼ਰੂਰੀ ਹੈ। ਜੇ ਡਾਕਟਰ ਕਹੇ ਕਿ ਵਿਕਾਸ ਸਹੀ ਹੋ ਰਿਹਾ ਹੈ, ਬੱਚਾ ਠੀਕ ਪਿਸ਼ਾਬ ਕਰ ਰਿਹਾ ਹੈ ਤਾਂ ਫਿਰ ਠੀਕ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































