ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ, ਜਾਣੋ ਇਸ ਆਈਪੀਐੱਸ ਅਧਿਕਾਰੀ ਬਾਰੇ ਜੋ ਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ

ਕੁੰਵਰ ਵਿਜੇ ਪ੍ਰਤਾਪ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ, ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਭਾਜਪਾ 'ਚ ਸ਼ਾਮਿਲ ਹੋ ਗਏ ਹਨ।

ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅੰਮ੍ਰਿਤਸਰ (ਉੱਤਰ) ਤੋਂ ਵਿਧਾਨ ਸਭਾ ਮੈਂਬਰ ਸਨ।

ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ ਕਿਹਾ, ''ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ 'ਚੋਂ ਸਿਆਣੇ ਆਗੂ ਛਾਲ ਮਾਰ ਕੇ ਸਾਡੇ ਕੋਲ ਆ ਰਹੇ ਨੇ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।''

ਇਸਦੇ ਨਾਲ ਹੀ ਉਨ੍ਹਾਂ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਤੰਜ ਵੀ ਕੱਸੇ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ''ਅੱਜ ਦਾ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ, ਨਸ਼ਾ ਆਪਣੇ ਸਿਖਰ 'ਤੇ ਹੈ, ਹਰ ਪਾਸੇ ਫਿਰੌਤੀ ਦਾ ਬੋਲਬਾਲਾ ਹੈ, ਗੈਂਗਸਟਰਵਾਦ ਤੇ ਬੇਰੁਜ਼ਗਾਰੀ ਸਿਖਰ 'ਤੇ ਹੈ। ਪੰਜਾਬ 'ਚ ਮੁੜ ਸ਼ਾਂਤੀ ਤੇ ਖੁਸ਼ਹਾਲੀ ਦੀ ਭਾਲ ਕਰਨ ਦੀ ਲੋੜ ਹੈ।''

''ਮੈਂ ਤਾਂ ਕਹਾਂਗਾ ਕਿ ਪੰਜ ਸਾਲ ਤੋਂ ਆਮ ਆਦਮੀ ਪਾਰਟੀ ਨਾਲ ਮੇਰੀ ਇੱਕ ਤਰ੍ਹਾਂ ਦੀ ਇੰਟਰਨਸ਼ਿਪ ਚੱਲ ਰਹੀ ਸੀ, ਜੋ ਹੁਣ ਖਤਮ ਹੋ ਗਈ ਹੈ ਅਤੇ ਅੱਜ ਮੈਂ ਰਸਮੀ ਤੌਰ 'ਤੇ ਭਾਜਪਾ ਜੁਆਇਨ ਕਰ ਰਿਹਾ ਹਾਂ।''

ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ
ਤਸਵੀਰ ਕੈਪਸ਼ਨ, ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ

ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਂ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਲੋਕਾਂ ਨਾਲ ਮਿਲ ਕੇ ਕੰਮ ਕਰਨਗੇ।

ਚੇਤੇ ਰਹੇ ਕਿ ਜੂਨ 2025 ਵਿੱਚ ਉਨ੍ਹਾਂ ਨੂੰ 5 ਸਾਲ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ 'ਤੇ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਇਲਜ਼ਾਮ ਤਹਿਤ ਕੀਤੀ ਗਈ ਸੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਭਾਰਤੀ ਪੁਲਿਸ ਸੇਵਾ ਵਿੱਚ ਰਹਿੰਦੀਆਂ ਹੋਇਆਂ ਅਤੇ ਫਿਰ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਵੀ ਉਹ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਆਏ ਹਨ।

'ਆਪ' ਚ ਸ਼ਾਮਲ ਹੋਣ ਤੋਂ ਬਾਅਦ, ਕਈ ਮੌਕੇ ਅਜਿਹੇ ਆਏ ਜਦੋਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾਂ ਸਵਾਲ ਚੁੱਕੇ।

ਲੋਕਾਂ ਦੇ ਨਾਮ ਜਾਰੀ ਸੰਦੇਸ਼ 'ਚ ਹੋਰ ਕੀ ਕਿਹਾ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ
ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਿਧਾਇਕ ਵਜੋਂ ਆਪਣੇ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ 90% ਟੀਚਾ ਪੂਰਾ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਉਹ ਲੋਕਾਂ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਬਣਾ ਕੇ ਇੱਕ ਸਾਫ਼-ਸੁਥਰੀ ਸਿਆਸਤ ਅਤੇ ਸਵੱਛ ਪ੍ਰਸ਼ਾਸਨ ਯਕੀਨੀ ਬਣਾਉਣ ਵੱਲ ਕੰਮ ਕਰਨਗੇ।

ਉਨ੍ਹਾਂ ਲਿਖਿਆ, ''ਮੇਰਾ ਇੱਕੋ-ਇੱਕ ਮਕਸਦ ਹੈ 'ਪੰਜਾਬ ਫਰਸਟ'। ਇਸ ਤੋਂ ਇਲਾਵਾ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।''

ਕੌਣ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ

ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ
ਤਸਵੀਰ ਕੈਪਸ਼ਨ, ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ

ਭਾਰਤੀ ਪੁਲਿਸ ਸਰਵਿਸ ਦੇ 1998 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈਜੀ ਦੇ ਅਹੁਦੇ ਉੱਤੇ ਸੇਵਾਵਾਂ ਨਿਭਾ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵੀ ਰਹੇ ਹਨ।

ਉਨ੍ਹਾਂ ਨੇ ਕਈ ਹਾਈਪ੍ਰੋਫਾਇਲ ਕੇਸਾਂ ਦੇ ਜਾਂਚ ਅਫ਼ਸਰ ਵਜੋਂ ਕੰਮ ਕੀਤਾ ਹੈ।

ਬਿਹਾਰ ਦੀ ਪਟਨਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਟ ਕੁੰਵਰ ਵਿਜੇ ਪ੍ਰਤਾਪ ਸਿੰਘ ਮੀਡੀਆ ਵਿੱਚ ਅਕਸਰ ਛਾਏ ਰਹਿੰਦੇ ਹਨ। ਵਿਵਾਦਾਂ ਕਾਰਨ ਵੀ ਅਤੇ ਆਪਣੀਆਂ ਫੇਸਬੁੱਕ ਅਤੇ ਟਵਿੱਟਰ ਉੱਤੇ ਪੋਸਟਾਂ ਨੂੰ ਲੈ ਕੇ ਵੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬੀ ਦੀ ਇੱਕ ਫ਼ਿਲਮ 'ਯਾਰਾਂ ਦੇ ਯਾਰ' ਵਿੱਚ ਇੱਕ ਪੁਲਿਸ ਅਫ਼ਸਰ ਵਜੋਂ ਕੰਮ ਵੀ ਕੀਤਾ ਹੈ, ਜਿਸ ਉਹ ਗੈਂਗਸਟਰਜ਼ ਖ਼ਿਲਾਫ਼ ਕਾਰਵਾਈ ਕਰਦੇ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਇੱਕ ਵੈੱਬ ਸਾਈਟ kunwar.net ਵੀ ਬਣਾਈ ਹੋਈ ਹੈ।

ਯੂਟਿਊਬ ਉੱਤੇ ਉਨ੍ਹਾਂ ਆਪਣੇ ਨਾਮ ਦਾ ਇੱਕ ਚੈਨਲ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਬੱਚਿਆਂ ਨੂੰ ਮੈਥ ਵਿਸ਼ੇ ਦੀ ਜਾਣਕਾਰੀ ਦਿੰਦੇ ਹਨ।

ਐੱਮਬੀਏ, ਲਾਅ ਗਰੈਜੂਏਟ ਅਤੇ ਆਈਪੀਐੱਸ ਲਈ ਇਸ ਅਧਿਕਾਰੀ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ।

ਅਪ੍ਰੈਲ 2021 ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਅਤੇ ਸੇਵਾਮੁਕਤੀ ਲਈ ਅਰਜ਼ੀ ਦਿੱਤੀ ਸੀ।

ਇਸ ਮੌਕੇ ਉਨ੍ਹਾਂ ਕਿਹਾ ਸੀ, "ਮੈਂ ਸਿਆਸਤ ਕਰਨ ਨਹੀਂ ਬਲਕਿ ਇਸ ਦੀ ਪਰਿਭਾਸ਼ਾ ਬਦਲਣ ਆਇਆ ਹਾਂ। ਦਿੱਲੀ ਵਿੱਚ ਜਿਵੇਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੇ ਕੰਮ ਕੀਤਾ ਹੈ, ਉਵੇਂ ਪੰਜਾਬ ਵਿੱਚ ਕਰਨਾ ਚਾਹੁੰਦਾ ਹਾਂ।"

ਕਦੋਂ-ਕਦੋਂ ਆਪਣੀ ਹੀ ਸਰਕਾਰ ਖਿਲਾਫ਼ ਬੋਲੇ ਕੁੰਵਰ

ਮਜੀਠੀਆ 'ਤੇ ਹੋਈ ਕਾਰਵਾਈ 'ਤੇ ਸਵਾਲ ਕਦਿਆਂ ਆਪਣੀ ਹੀ ਪਾਰਟੀ ਖਿਲਾਫ ਬਿਆਨਬਾਜ਼ੀ ਕੀਤੀ ਸੀ
ਤਸਵੀਰ ਕੈਪਸ਼ਨ, ਮਜੀਠੀਆ 'ਤੇ ਹੋਈ ਕਾਰਵਾਈ 'ਤੇ ਸਵਾਲ ਕਦਿਆਂ ਆਪਣੀ ਹੀ ਪਾਰਟੀ ਖਿਲਾਫ ਬਿਆਨਬਾਜ਼ੀ ਕੀਤੀ ਸੀ

ਮਜੀਠੀਆ 'ਤੇ ਹੋਈ ਕਾਰਵਾਈ ਖ਼ਿਲਾਫ਼ ਬੋਲੇ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ ਮੁਤਾਬਕ, ਜਦੋਂ 25 ਜੂਨ 2025 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਘਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਕਾਰਵਾਈ 'ਤੇ ਸਵਾਲ ਕਦਿਆਂ ਆਪਣੀ ਹੀ ਪਾਰਟੀ ਖਿਲਾਫ ਬਿਆਨਬਾਜ਼ੀ ਕੀਤੀ।

ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ, ''ਮੇਰਾ ਕਹਿਣਾ ਹੈ ਕਿ ਜਦੋਂ (ਮਜੀਠੀਆ) ਕਸਟਡੀ ਵਿੱਚ ਸੀ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅੱਜ ਘਰ 'ਤੇ ਰੇਡ ਕੀਤੀ ਜਾ ਰਹੀ ਹੈ ਅਤੇ ਬਹੁ-ਬੇਟੀ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।''

ਬੇਅਦਬੀ ਤੇ ਪੁਲਿਸ ਗੋਲੀਬਾਰੀ ਮਾਮਲਾ

ਅਕਤੂਬਰ 2023 ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ ਕਿ "ਜਦੋਂ ਮੈਂ ਅਪ੍ਰੈਲ 2021 ਵਿੱਚ ਭਾਰਤੀ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਮੈਂ ਤੁਹਾਡੇ ਸ਼ਬਦਾਂ 'ਤੇ ਭਰੋਸਾ ਕੀਤਾ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ।''

''ਅੱਜ, ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਤੁਹਾਡੀ ਹੈ ਅਤੇ ਤੁਸੀਂ ਗ੍ਰਹਿ ਮੰਤਰੀ ਹੋ। ਐੱਸਆਈਟੀ ਗਵਾਹਾਂ ਨੂੰ ਆਪਣੇ ਬਿਆਨਾਂ ਤੋਂ ਮੁੱਕਰਾ ਰਹੀ ਹੈ। ਦੁਬਾਰਾ ਓਨ੍ਹਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ, ਮੁਲਜ਼ਮਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।''

ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਤੇ ਆਪਣੇ ਸਾਥੀਆਂ ਦਾ ਕਥਿਤ ਫ਼ੋਨ ਟੈਪ ਹੋਣ ਦਾ ਮੁੱਦਾ ਵੀ ਚੁੱਕਿਆ ਸੀ
ਤਸਵੀਰ ਕੈਪਸ਼ਨ, ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਤੇ ਆਪਣੇ ਸਾਥੀਆਂ ਦਾ ਕਥਿਤ ਫ਼ੋਨ ਟੈਪ ਹੋਣ ਦਾ ਮੁੱਦਾ ਵੀ ਚੁੱਕਿਆ ਸੀ

ਆਪਣੀ ਹੀ ਸਰਕਾਰ 'ਤੇ ਲਗਾਏ ਫੋਨ ਟੈਪਿੰਗ ਦੇ ਇਲਜ਼ਾਮ

ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਤੇ ਆਪਣੇ ਸਾਥੀਆਂ ਦਾ ਕਥਿਤ ਫ਼ੋਨ ਟੈਪ ਹੋਣ ਦਾ ਮੁੱਦਾ ਵੀ ਚੁੱਕਿਆ ਸੀ। ਉਨ੍ਹਾਂ ਕਿਹਾ ਸੀ, ''ਮੈਂ ਪੰਜਾਬ ਅਸੈਂਬਲੀ 'ਚ ਬੇਅਦਬੀ ਦੇ ਮੁੱਦੇ 'ਤੇ ਬਹਿਸ ਦੀ ਮੰਗ ਕੀਤੀ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਅਤੇ ਮੇਰੇ ਸਾਥੀਆਂ ਦੇ ਫੋਨ ਟੈਪ ਕੀਤੇ ਜਾ ਰਹੇ ਸਨ। ਇਹ ਮੇਰੀ ਆਪਣੀ ਸਰਕਾਰ ਸੀ। ਮੈਂ ਬਰਗਾੜੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਮੇਰੇ ਫ਼ੋਨ ਟੈਪ ਕਰਨੇ ਸ਼ੁਰੂ ਕਰ ਦਿੱਤੇ।"

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਫੋਨ ਟੈਪਿੰਗ ਦੇ ਸਬੂਤ ਸਨ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਕੋਲ ਟੈਪਿੰਗ ਦਾ ਮਾਮਲਾ ਚੁੱਕਿਆ ਤਾਂ ਇੱਕ ਐਸਪੀ ਇੰਟੈਲੀਜੈਂਸ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ, "ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਦੋਂ ਮੈਂ ਇਸ ਮੁੱਦੇ ਬਾਰੇ ਗੱਲ ਕਰਦਾ ਹਾਂ, ਤਾਂ ਮੈਨੂੰ ਆਪਣੀ ਸਰਕਾਰ ਵਿੱਚ ਹੀ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।"

ਕੁੰਵਰ ਵਿਜੇ ਪ੍ਰਤਾਪ ਸਿੰਘ
ਤਸਵੀਰ ਕੈਪਸ਼ਨ, ਸਤੰਬਰ 2023 ਵਿੱਚ ਆਮ ਆਦਮੀ ਪਾਰਟੀ ਹੱਕੀ ਬੱਕੀ ਰਹਿ ਗਈ ਜਦੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਕੀਤਾ ਸੀ ਕਿ 'ਆਪ' ਸਰਕਾਰ ਦੁਆਰਾ ਚੰਗੇ ਨਤੀਜੇ ਵਾਲੇ ਸਕੂਲ ਨੂੰ "ਸਕੂਲ ਆਫ ਐਮੀਨੈਂਸ" ਵਿੱਚ ਕਿਵੇਂ ਬਦਲ ਦਿੱਤਾ ਗਿਆ

ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਵੀ ਵਿਰੋਧ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਦੋ ਐਡਵੋਕੇਟ ਜਨਰਲਾਂ- ਸੀਨੀਅਰ ਐਡਵੋਕੇਟ ਵਿਨੋਦ ਘਈ ਅਤੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਸੀ ਕਿਉਂਕਿ ਇਹਨਾਂ ਸੀਨੀਅਰ ਵਕੀਲਾਂ ਨੇ ਅਦਾਲਤਾਂ ਵਿੱਚ ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮਾਂ ਦੀ ਨੁਮਾਇੰਦਗੀ ਕੀਤੀ ਸੀ।

ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ 'ਤੇ ਸਵਾਲ ਚੁੱਕੇ

ਸਤੰਬਰ 2023 ਵਿੱਚ ਆਮ ਆਦਮੀ ਪਾਰਟੀ ਹੱਕੀ ਬੱਕੀ ਰਹਿ ਗਈ ਜਦੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਕੀਤਾ ਸੀ ਕਿ 'ਆਪ' ਸਰਕਾਰ ਦੁਆਰਾ ਚੰਗੇ ਨਤੀਜੇ ਵਾਲੇ ਸਕੂਲ ਨੂੰ "ਸਕੂਲ ਆਫ ਐਮੀਨੈਂਸ" ਵਿੱਚ ਕਿਵੇਂ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਸੀ ਕਿ ''ਪਿਛਲੀਆਂ ਸਰਕਾਰਾਂ ਨੇ ਪਹਿਲਾਂ ਹੀ ਇਸ ਸਮਾਰਟ ਸਕੂਲ ਬਣਾ ਦਿੱਤਾ ਸੀ।"

ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਵੇਲੇ 'ਆਪ' 'ਤੇ ਤੰਜ

ਜਦੋਂ ਮਾਰਚ 2024 ਵਿੱਚ ਜਲੰਧਰ ਤੋਂ ਆਗੂ ਸੁਸ਼ੀਲ ਰਿੰਕੂ ਭਾਜਪਾ 'ਚ ਸ਼ਾਮਲ ਹੋਏ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇਸ ਨੂੰ ਲੈ ਕੇ ਆਪਣੀ ਹੀ ਪਾਰਟੀ 'ਤੇ ਤੰਜ ਕੱਸਿਆ ਸੀ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀ, ਇੱਕ ਜਦੋਂ ਰਿੰਕੂ 'ਆਪ' 'ਚ ਸ਼ਾਮਲ ਹੋਏ ਤੇ ਦੂਜੀ ਜਦੋਂ ਉਹ ਭਾਜਪਾ 'ਚ ਸ਼ਾਮਲ ਹੋਏ। ਨਾਲ ਕੁੰਵਰ ਨੇ ਲਿਖਿਆ, ''ਕਿਆ ਸੇ ਕਿਆ ਹੋ ਗਿਆ, ਦੇਖਤੇ ਦੇਖਤੇ।''

ਅਕਾਲੀ ਦਲ ਨਾਲ ਪੇਚਾ

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਲਦ
ਤਸਵੀਰ ਕੈਪਸ਼ਨ, ਬੇਅਦਬੀ ਮਾਮਲਿਆਂ ਦੀ ਜਾਂਚ ਦੇ ਮਾਮਲੇ 'ਚ ਕੁੰਵਰ ਅਕਾਲੀ ਦਲ ਦੇ ਨਿਸ਼ਾਨੇ ਉੱਤੇ ਰਹੇ

ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੰਮ ਕਾਜ ਦਾ ਤਰੀਕਾ ਕਈ ਸਿਆਸੀ ਆਗੂਆਂ ਨੂੰ ਪਸੰਦ ਨਹੀਂ ਰਿਹਾ। ਇਸ ਕਰਕੇ ਕਈ ਵਾਰ ਉਨ੍ਹਾਂ ਦੀਆਂ ਬਦਲੀਆਂ ਵੀ ਹੋਈਆਂ।

ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਜਦੋਂ ਕਾਂਗਰਸ ਸੱਤਾ ਵਿੱਚ ਆਈ ਤਾਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ।

ਬਾਕੀ ਮੈਂਬਰਾਂ ਦੇ ਮੁਕਾਬਲੇ ਇਸ ਮਾਮਲੇ ਵਿੱਚ ਖੁੱਲ੍ਹ ਕੇ ਬੋਲਣ ਅਤੇ ਮੀਡੀਆ ਵਿੱਚ ਆਪਣੀ ਗੱਲ ਰੱਖਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਸਾਹਮਣੇ ਆਏ, ਜਿਸ ਕਾਰਨ ਉਹ ਅਕਾਲੀ ਦਲ ਦੇ ਨਿਸ਼ਾਨੇ ਉੱਤੇ ਰਹੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)