'ਸੀਤਾ ਦੇ ਪਿਤਾ, ਰਾਮ ਦੇ ਰਿਸ਼ਤੇਦਾਰ ਸੀ ਰਾਵਣ' – ਵੱਖ-ਵੱਖ ਦੇਸ਼ਾਂ ਦੀ ਰਾਮਾਇਣ ਰਾਵਣ ਬਾਰੇ ਕੀ ਦੱਸਦੀ ਹੈ?

ਸ਼੍ਰੀਲੰਕਾ ਵਿੱਚ ਰਾਵਣ ਦੀ ਮੂਰਤੀ।
ਤਸਵੀਰ ਕੈਪਸ਼ਨ, ਸ਼੍ਰੀਲੰਕਾ ਵਿੱਚ ਰਾਵਣ ਦੀ ਮੂਰਤੀ।
    • ਲੇਖਕ, ਸਿਰਾਜ
    • ਰੋਲ, ਬੀਬੀਸੀ ਤਮਿਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਰਾਮਾਇਣ... ਇਹ ਕਹਾਣੀ ਸਾਲਾਂ ਤੋਂ ਕਿੰਨੀ ਵਾਰ ਅਤੇ ਕਿੰਨੇ ਵੱਖ-ਵੱਖ ਰੂਪਾਂ ਵਿੱਚ ਸੁਣਾਈ ਗਈ ਹੈ, ਇਸ ਦੀ ਗਿਣਤੀ ਕਰਨੀ ਸੰਭਵ ਨਹੀਂ ਹੈ।

ਇਹ ਕਹਾਣੀ, ਜੋ ਸਦੀਆਂ ਤੋਂ ਦੱਸੀ ਜਾ ਰਹੀ ਹੈ, ਭਾਰਤ ਦੇ ਜ਼ਿਆਦਾਤਰ ਲੋਕ ਉਸ ਤੋਂ ਬਾਖ਼ੂਬੀ ਜਾਣੂ ਹਨ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਣ। ਪਿਛਲੇ ਕਈ ਸਾਲਾਂ ਦੌਰਾਨ ਰਾਮਾਇਣ 'ਤੇ ਆਧਾਰਿਤ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ, ਰਾਮਾਇਣ 'ਤੇ ਆਧਾਰਿਤ ਹਰ ਨਵੀਂ ਫ਼ਿਲਮ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲਦੀ ਹੈ।

ਹੁਣ ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਅਦਾਕਾਰੀ ਵਾਲੀ ਵੱਡੇ ਬਜਟ ਦੀ ਫ਼ਿਲਮ 'ਰਾਮਾਇਣ: ਭਾਗ 1' ਅੱਜ (5 ਨਵੰਬਰ) ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਅਤੇ ਰਾਮਾਇਣ 'ਤੇ ਪਹਿਲਾਂ ਬਣੀਆਂ ਫ਼ਿਲਮਾਂ ਵਿਚਕਾਰ ਇੱਕ ਫ਼ਰਕ ਨਜ਼ਰ ਆਉਂਦਾ ਹੈ।

ਪਰਦੇ 'ਤੇ ਆਮ ਤੌਰ 'ਤੇ ਰਾਵਣ ਦੀ ਕਹਾਣੀ ਸੀਤਾ ਦੇ ਅਗਵਾ ਹੋਣ ਤੋਂ ਬਾਅਦ ਵਾਪਰਨ ਵਾਲੀਆਂ ਘਟਨਾਵਾਂ ਰਾਹੀਂ ਦਿਖਾਈ ਜਾਂਦੀ ਹੈ। ਪਰ ਫ਼ਿਲਮ ਦੇ ਟ੍ਰੇਲਰ ਤੋਂ ਸੰਕੇਤ ਮਿਲਦਾ ਹੈ ਕਿ ਇਸ ਵਿੱਚ ਰਾਵਣ ਦੇ ਜਨਮ ਅਤੇ ਉਸ ਦੀ ਸ਼ੁਰੂਆਤੀ ਜ਼ਿੰਦਗੀ ਬਾਰੇ ਵੀ ਕੁਝ ਵਿਸਥਾਰ ਨਾਲ ਦੱਸਿਆ ਜਾਵੇਗਾ।

ਫ਼ਿਲਮ 'ਰਾਮਾਇਣ: ਭਾਗ 1' ਵਿੱਚ ਯਸ਼ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ
ਤਸਵੀਰ ਕੈਪਸ਼ਨ, ਫ਼ਿਲਮ 'ਰਾਮਾਇਣ: ਭਾਗ 1' ਵਿੱਚ ਯਸ਼ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ

ਇਹ ਫ਼ਿਲਮ ਪ੍ਰਸਿੱਧ 'ਵਾਲਮੀਕਿ ਰਾਮਾਇਣ' 'ਤੇ ਆਧਾਰਿਤ ਹੈ। ਰਾਮਾਇਣ ਨਾ ਸਿਰਫ਼ ਭਾਰਤ ਵਿੱਚ ਸਗੋਂ ਥਾਈਲੈਂਡ, ਮਲੇਸ਼ੀਆ ਅਤੇ ਲਾਓਸ ਵਰਗੇ ਕਈ ਦੇਸ਼ਾਂ ਵਿੱਚ ਵੀ ਪ੍ਰਸਿੱਧ ਹੈ। ਹਾਲਾਂਕਿ, ਉੱਥੇ ਦੱਸੀਆਂ ਗਈਆਂ ਕਹਾਣੀਆਂ ਵਾਲਮੀਕੀ ਰਾਮਾਇਣ ਤੋਂ ਥੋੜ੍ਹੀਆਂ ਵੱਖਰੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਰਾਵਣ ਨੂੰ ਰਵਾਇਤੀ 'ਖਲਨਾਇਕ' ਜਾਂ 'ਦੈਂਤ' ਦੇ ਅਕਸ ਤੋਂ ਵੱਖਰੇ ਰੂਪ ਵਿੱਚ ਪੇਸ਼ ਕਰਦੀਆਂ ਹਨ।

ਕਵੀ, ਭਾਸ਼ਾ-ਵਿਗਿਆਨੀ ਅਤੇ ਲੋਕਧਾਰਾ ਦੇ ਖੋਜਕਾਰ ਏ. ਕੇ. ਰਾਮਾਨੁਜਨ ਨੇ ਆਪਣੇ 1987 ਦੇ ਲੇਖ 'ਥ੍ਰੀ ਹੰਡਰਡ ਰਾਮਾਇਣਾਜ਼' ਵਿੱਚ ਲਿਖਿਆ ਹੈ, "ਸੈਂਕੜੇ ਰਾਮਾਇਣਾਂ ਹਨ। ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ ਅਤੇ ਮਹਾਂਕਾਵਿ, ਮਿਥਿਹਾਸ, ਨਾਟਕ, ਕਠਪੁਤਲੀ ਪ੍ਰਦਰਸ਼ਨ, ਮੂਰਤੀਕਲਾ ਅਤੇ ਹੋਰ ਕਈ ਰੂਪਾਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ।"

ਥਾਈਲੈਂਡ ਦੀ 'ਰਾਮਾਕੀਅਨ'

'ਰਾਮਾਕੀਅਨ' ਮਹਾਂਕਾਵਿ ਨੂੰ ਦਰਸਾਉਂਦੀ ਪੇਂਟਿੰਗ
ਤਸਵੀਰ ਕੈਪਸ਼ਨ, 'ਰਾਮਾਕੀਅਨ' ਮਹਾਂਕਾਵਿ ਨੂੰ ਦਰਸਾਉਂਦੀ ਪੇਂਟਿੰਗ

ਵਾਲਮੀਕਿ ਦੇ ਰਾਮਾਇਣ ਤੋਂ ਲਿਆ ਗਿਆ 'ਰਾਮਾਕੀਅਨ', ਥਾਈਲੈਂਡ ਵਿੱਚ ਸਦੀਆਂ ਪੁਰਾਣੀ ਸਾਹਿਤਕ ਸ਼ਾਹਕਾਰ ਮੰਨਿਆ ਜਾਂਦਾ ਹੈ।

ਥਾਈਲੈਂਡ ਫਾਊਂਡੇਸ਼ਨ ਦੇ ਅਨੁਸਾਰ, "ਰਾਮਾਕੀਅਨ ਦਾ ਪ੍ਰਭਾਵ ਪੂਰੇ ਥਾਈਲੈਂਡ ਵਿੱਚ ਦੇਖਿਆ ਜਾ ਸਕਦਾ ਹੈ। ਇਹ ਰਾਜਿਆਂ, ਸੂਬਿਆਂ, ਸੜਕਾਂ ਅਤੇ ਮਹੱਤਵਪੂਰਨ ਥਾਵਾਂ ਦੇ ਨਾਵਾਂ ਵਿੱਚ ਵੀ ਝਲਕਦਾ ਹੈ। ਇਸ ਬਾਰੇ ਕੋਈ ਸਟੀਕ ਰਿਕਾਰਡ ਮੌਜੂਦ ਨਹੀਂ ਹੈ ਕਿ ਰਾਮਾਇਣ ਪਹਿਲੀ ਵਾਰ ਥਾਈਲੈਂਡ ਕਦੋਂ ਪਹੁੰਚੀ ਸੀ। ਸੰਭਵ ਹੈ ਕਿ ਇਸ ਨੂੰ ਭਾਰਤੀ ਵਪਾਰੀ ਇੱਥੇ ਲੈ ਕੇ ਆਏ ਹੋਣ।"

ਰਾਮਾਕੀਅਨ ਮਹਾਂਕਾਵਿ ਵਿੱਚ ਰਾਵਣ ਨੂੰ 'ਥੋਤਸਾਕਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਕਹਾਣੀ ਅਨੁਸਾਰ, "ਥੋਤਸਾਕਨ (ਰਾਵਣ) ਇੱਕ ਸ਼ਕਤੀਸ਼ਾਲੀ ਰਾਖਸ਼ ਰਾਜਾ ਸੀ। ਉਸ ਦਾ ਸਰੀਰ ਹਰੇ ਰੰਗ ਦਾ ਸੀ, ਉਸ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ। ਉਸ ਨੇ ਆਪਣਾ ਦਿਲ ਇੱਕ ਜਾਦੂਈ ਡੱਬੇ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ ਅਤੇ ਇਸ ਨੂੰ ਆਪਣੇ ਗੁਰੂ, ਰਿਸ਼ੀ ਕੋਬੁਤਰਾ ਦੇ ਹਵਾਲੇ ਕਰ ਦਿੱਤਾ ਸੀ।"

ਇਸ ਕਥਾ ਦਾ ਇੱਕ ਖ਼ਾਸ ਪੱਖ ਇਹ ਹੈ ਕਿ ਰਾਮਾਕੀਅਨ ਵਿੱਚ ਸੀਤਾ ਨੂੰ ਥੋਤਸਾਕਨ ਦੀ ਧੀ ਦੱਸਿਆ ਗਿਆ ਹੈ।

"ਨੰਗਸਿਦਾ (ਸੀਤਾ) ਦਾ ਜਨਮ ਥੋਤਸਾਕਨ ਦੀ ਧੀ ਵਜੋਂ ਹੋਇਆ ਸੀ। ਪਰ ਜੋਤਸ਼ੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਆਪਣੇ ਪਿਤਾ ਲਈ ਬਦਕਿਸਮਤੀ ਦਾ ਕਾਰਨ ਬਣੇਗੀ। ਇਸ ਲਈ ਥੋਤਸਾਕਨ ਨੇ ਉਸ ਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ।"

ਰਾਮਾਕੀਅਨ ਮਹਾਂਕਾਵਿ ਵਿੱਚ ਰਾਵਣ ਨੂੰ 'ਥੋਤਸਾਕਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ
ਤਸਵੀਰ ਕੈਪਸ਼ਨ, ਰਾਮਾਕੀਅਨ ਮਹਾਂਕਾਵਿ ਵਿੱਚ ਰਾਵਣ ਨੂੰ 'ਥੋਤਸਾਕਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ

ਬਾਅਦ ਵਿੱਚ, "ਥੋਤਸਾਕਨ ਉਸ ਨੂੰ ਅਗਵਾ ਕਰ ਲੈਂਦਾ ਹੈ, ਪਰ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਉਸ ਦੀ ਆਪਣੀ ਧੀ ਹੈ। ਇਸ ਕਾਰਨ ਫਰਾ ਰਾਮ (ਰਾਮ) ਨਾਲ ਜੰਗ ਛਿੜ ਜਾਂਦੀ ਹੈ। ਇਸ ਜੰਗ ਵਿੱਚ ਦੋਵਾਂ ਪਾਸਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਅੰਤ ਵਿੱਚ ਥੋਤਸਾਕਨ ਦੀ ਮੌਤ ਹੋ ਜਾਂਦੀ ਹੈ।"

ਰਾਮਾਕੀਅਨ ਵਿੱਚ ਰਾਵਣ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ।

ਏ. ਕੇ. ਰਾਮਾਨੁਜਨ ਆਪਣੇ ਲੇਖ ਵਿੱਚ ਲਿਖਦੇ ਹਨ, "ਰਾਮਾਕੀਅਨ ਰਾਵਣ ਦੀ ਪ੍ਰਤਿਭਾ ਅਤੇ ਸਿੱਖਿਆ ਦੀ ਵਡਿਆਈ ਕਰਦੀ ਹੈ। ਸੀਤਾ ਦੇ ਅਗਵਾ ਨੂੰ ਪਿਆਰ ਦੇ ਪ੍ਰਗਟਾਵੇ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਪ੍ਰਤੀ ਹਮਦਰਦੀ ਦਿਖਾਈ ਜਾਂਦੀ ਹੈ। ਇਹ ਗੱਲ ਕਿ ਰਾਵਣ ਇੱਕ ਔਰਤ ਲਈ ਆਪਣਾ ਪਰਿਵਾਰ, ਆਪਣਾ ਰਾਜ ਅਤੇ ਇੱਥੋਂ ਤੱਕ ਕਿ ਆਪਣੀ ਜਾਨ ਵੀ ਕੁਰਬਾਨ ਕਰ ਦਿੰਦਾ ਹੈ, ਥਾਈਲੈਂਡ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।"

ਮਲਯ ਮਹਾਂਕਾਵਿ 'ਹਿਕਾਇਤ ਸੇਰੀ ਰਾਮਾ'

ਮੁੱਖ ਤੌਰ 'ਤੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਮਲੇਸ਼ੀਆ ਵਿੱਚ ਸੁਣਾਈ ਜਾਣ ਵਾਲੀ ਰਾਮਾਇਣ ਦੀ ਮਲਯ ਰੂਪਾਂਤਰਿਤ ਕਥਾ 'ਹਿਕਾਇਤ ਸੇਰੀ ਰਾਮਾ' ਉੱਤੇ ਇਸਲਾਮ ਦਾ ਪ੍ਰਭਾਵ ਸਪੱਸ਼ਟ ਦੇਖਣ ਨੂੰ ਮਿਲਦਾ ਹੈ।

ਇਸ ਕਥਾ ਅਨੁਸਾਰ, ਰਾਵਣ (ਜਿਸ ਨੂੰ ਮਲਯ ਭਾਸ਼ਾ ਵਿੱਚ ਮਹਾਰਾਜਾ ਰਾਵਣ ਜਾਂ ਰੁਵਾਨਾ ਕਿਹਾ ਜਾਂਦਾ ਹੈ) ਦਸ ਸਿਰਾਂ ਅਤੇ ਵੀਹ ਬਾਹਾਂ ਵਾਲਾ ਇੱਕ ਰਾਖਸ਼ ਸੀ। ਉਸ ਦਾ ਚਾਰ ਰਾਜਾਂ 'ਤੇ ਰਾਜ ਸੀ, ਇੱਕ ਧਰਤੀ 'ਤੇ, ਇੱਕ ਸਵਰਗ ਵਿੱਚ, ਇੱਕ ਸਮੁੰਦਰ ਵਿੱਚ ਅਤੇ ਇੱਕ ਪਾਤਾਲ ਵਿੱਚ।

ਉਸ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਉਸ ਨੂੰ ਇੱਕ ਜਹਾਜ਼ ਰਾਹੀਂ ਸੀਲੋਨ ਟਾਪੂ (ਲੰਕਾਪੁਰੀ) 'ਤੇ ਲਿਆਂਦਾ ਜਾਂਦਾ ਹੈ। ਉੱਥੇ ਉਹ ਬਾਰਾਂ ਸਾਲ ਤੱਕ ਸਿਰ ਭਾਰ ਲਟਕ ਕੇ ਤਪੱਸਿਆ ਕਰਦਾ ਹੈ।

ਜਦੋਂ ਉਹ ਤਪੱਸਿਆ ਕਰ ਰਿਹਾ ਹੁੰਦਾ ਹੈ, ਤਾਂ ਪੈਗੰਬਰ ਆਦਮ ਨੂੰ ਸਵਰਗ ਤੋਂ ਧਰਤੀ 'ਤੇ ਭੇਜਿਆ ਜਾਂਦਾ ਹੈ। ਉਹ ਰਾਵਣ ਨੂੰ ਮਿਲਦੇ ਹਨ ਅਤੇ ਉਸ ਦੀ ਬੇਨਤੀ 'ਤੇ ਪਰਮਾਤਮਾ ਤੋਂ ਉਸਦੀ ਬੇਨਤੀ ਸਵਿਕਾਰ ਕਰਨ ਉੱਤੇ ਸਹਿਮਤ ਹੋ ਜਾਂਦੇ ਹਨ। ਰਾਵਣ ਚਾਹੁੰਦਾ ਸੀ ਕਿ ਉਸ ਨੂੰ ਚਾਰੇ ਰਾਜ ਬਖ਼ਸ਼ ਦਿੱਤੇ ਜਾਣ। ਉਸ ਦੀ ਇਹ ਬੇਨਤੀ ਤੁਰੰਤ ਪ੍ਰਵਾਨ ਕਰ ਲਈ ਜਾਂਦੀ ਹੈ।

ਬਾਅਦ ਵਿੱਚ, ਰਾਵਣ ਵਿਆਹ ਕਰਵਾਉਂਦਾ ਹੈ ਅਤੇ ਤਿੰਨ ਪੁੱਤਰਾਂ ਦਾ ਪਿਤਾ ਬਣਦਾ ਹੈ, ਇੰਦਰਜੀਤ, ਪਾਤਾਲ ਮਹਾਂਰਾਇਣ ਅਤੇ ਗੰਗਾ ਮਹਾ-ਸੂਰੀ। ਰਾਵਣ ਆਪਣੇ ਪੁੱਤਰਾਂ ਨੂੰ ਸਵਰਗ, ਪਾਤਾਲ ਅਤੇ ਸਮੁੰਦਰ ਦੇ ਤਿੰਨ ਰਾਜਾਂ ਦੇ ਸਿੰਘਾਸਣਾਂ 'ਤੇ ਬਿਠਾਉਂਦਾ ਹੈ। ਉਹ ਸਿਰਫ਼ ਲੰਕਾ-ਪੁਰੀ ਦਾ ਰਾਜ ਆਪਣੇ ਲਈ ਰੱਖਦਾ ਹੈ।

ਹਾਲਾਂਕਿ, ਇਸ ਮਹਾਂਕਾਵਿ ਵਿੱਚ ਰਾਮ ਨਾਲ ਜੰਗ ਦੇ ਅੰਤ ਵਿੱਚ ਰਾਵਣ ਦੀ ਮੌਤ ਨਹੀਂ ਹੁੰਦੀ।

'ਹਿਕਾਇਤ ਸੇਰੀ ਰਾਮਾ' ਵਿੱਚ ਇਸ ਘਟਨਾ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ, "ਜੰਗ ਦੌਰਾਨ ਰਾਮ ਦਾ ਤੀਰ ਲੱਗਣ ਨਾਲ ਰਾਵਣ ਧਰਤੀ 'ਤੇ ਡਿੱਗ ਪੈਂਦਾ ਹੈ ਅਤੇ ਮੁੜ ਉੱਠਣ ਦੇ ਯੋਗ ਨਹੀਂ ਰਹਿੰਦਾ। ਇਸ ਤੋਂ ਬਾਅਦ ਰਾਮ ਰਾਵਣ ਕੋਲ ਆਉਂਦਾ ਹੈ ਅਤੇ ਉਸ ਦੇ ਟੁਕੜੇ-ਟੁਕੜੇ ਕਰ ਦਿੰਦਾ ਹੈ। ਇਸ ਦੇ ਬਾਵਜੂਦ ਰਾਵਣ ਦੀ ਮੌਤ ਨਹੀਂ ਹੁੰਦੀ।"

"ਇਸ ਲਈ ਰਾਮ ਉਸ ਨੂੰ ਉੱਥੇ ਹੀ ਛੱਡ ਕੇ ਆਪਣੀਆਂ ਅਣਗਿਣਤ ਫ਼ੌਜਾਂ ਸਣੇ ਲੰਕਾਪੁਰੀ ਦੇ ਕਿਲ੍ਹੇ ਵੱਲ ਕੂਚ ਕਰ ਜਾਂਦਾ ਹੈ। ਉੱਥੇ ਉਹ ਉਸ ਮਹਿਲ ਦੀ ਸੁੰਦਰਤਾ ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਜਿੱਥੇ ਦੇਵੀ ਸੀਤਾ ਰਹਿੰਦੀ ਹੈ।"

ਲਾਓਸ ਦੀ 'ਫਰਾ ਲਕ ਫਰਾ ਲਾਮ'

ਲਾਓਸ ਦੀ 'ਫਰਾ ਲਕ ਫਰਾ ਲਾਮ'
ਤਸਵੀਰ ਕੈਪਸ਼ਨ, ਲਾਓਸ ਦੀ 'ਫਰਾ ਲਕ ਫਰਾ ਲਾਮ' ਦੀ ਪੇਸ਼ਕਾਰੀ (ਫ਼ਾਈਲ ਫੋਟੋ)

ਦੱਖਣ-ਪੂਰਬੀ ਏਸ਼ੀਆਈ ਦੇਸ਼ ਲਾਓਸ ਵਿੱਚ ਰਾਵਣ ਨੂੰ ਵਾਲਮੀਕੀ ਰਾਮਾਇਣ ਦੇ ਦਸ ਸਿਰਾਂ ਵਾਲੇ ਦੈਂਤ ਰਾਜੇ ਦੇ ਉਲਟ, ਰਾਵਣ ਇੱਕ ਅਜਿਹਾ ਪਾਤਰ ਹੈ ਜੋ ਬੋਧੀ ਸੰਦਰਭ ਵਿੱਚ ਪ੍ਰਗਟ ਹੁੰਦਾ ਹੈ।

ਇੱਥੇ ਫਰਾ ਲਕ ਦਾ ਅਰਥ ਲਕਸ਼ਮਣ, ਜੋ ਰਾਮ ਦਾ ਛੋਟਾ ਭਰਾ ਹੈ ਅਤੇ ਫਰਾ ਲਾਮ ਦਾ ਅਰਥ ਰਾਮ ਹੈ। ਇਸ ਰੂਪ ਵਿੱਚ ਰਾਵਣ ਨੂੰ 'ਹਪਖਾਨਾਸੁਆਨੇ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

1972 ਵਿੱਚ ਪ੍ਰਕਾਸ਼ਿਤ ਪੁਸਤਕ 'ਦਿ ਫਰਾ ਲਕ ਫਰਾ ਲਾਮ' ਅਨੁਸਾਰ, ਰਾਵਣ ਨੂੰ "ਪੂਰੀ ਤਰ੍ਹਾਂ ਇੱਕ ਰਾਖਸ਼ ਜਾਂ ਅਜਨਬੀ ਵਿਅਕਤੀ ਵਜੋਂ ਨਹੀਂ, ਸਗੋਂ ਫਰਾ ਲਾਮ ਅਤੇ ਫਰਾ ਲਕ ਦੇ ਇੱਕ ਸ਼ਾਹੀ ਰਿਸ਼ਤੇਦਾਰ ਵਜੋਂ ਦਰਸਾਇਆ ਗਿਆ ਹੈ।"

ਇੱਥੇ ਵੀ ਸੀਤਾ ਨੂੰ ਰਾਵਣ ਦੀ ਧੀ ਦੱਸਿਆ ਗਿਆ ਹੈ।

'ਦਿ ਫਰਾ ਲਕ ਫਰਾ ਲਾਮ' ਵਿੱਚ ਲਿਖਿਆ ਹੈ, "ਰਾਵਣ ਦੀ ਧੀ ਸੀਤਾ ਦਾ ਜਨਮ ਹੁੰਦਾ ਹੈ। ਰਾਵਣ ਦੇ ਮਹਿਲ ਦਾ ਜੋਤਸ਼ੀ ਭਵਿੱਖਬਾਣੀ ਕਰਦਾ ਹੈ ਕਿ ਉਹ ਆਪਣੇ ਪਿਤਾ ਦੇ ਪਤਨ ਦਾ ਕਾਰਨ ਬਣੇਗੀ। ਇਸ ਲਈ ਸੀਤਾ ਨੂੰ ਜੰਗਲ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਜੰਗਲ ਦੀਆਂ ਆਤਮਾਵਾਂ ਅਤੇ ਬਾਅਦ ਵਿੱਚ ਇੱਕ ਰਿਸ਼ੀ ਉਸ ਦਾ ਪਾਲਣ-ਪੋਸ਼ਣ ਕਰਦੇ ਹਨ।"

"ਜਦੋਂ ਸੀਤਾ ਜਵਾਨ ਹੋ ਜਾਂਦੀ ਹੈ, ਤਾਂ ਰਿਸ਼ੀ ਐਲਾਨ ਕਰਦਾ ਹੈ ਕਿ ਉਹ ਉਸ ਦਾ ਵਿਆਹ ਉਸ ਵਿਅਕਤੀ ਨਾਲ ਕਰੇਗਾ, ਜੋ ਇੱਕ ਪ੍ਰਾਚੀਨ ਧਨੁਸ਼ ਨੂੰ ਚੁੱਕ ਸਕੇਗਾ।"

"ਇਸ ਗੱਲ ਤੋਂ ਅਣਜਾਣ ਕਿ ਸੀਤਾ ਉਸ ਦੀ ਆਪਣੀ ਧੀ ਹੈ, ਰਾਵਣ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੈ, ਪਰ ਉਹ ਧਨੁਸ਼ ਚੁੱਕਣ ਵਿੱਚ ਅਸਫਲ ਰਹਿੰਦਾ ਹੈ। ਅੰਤ ਵਿੱਚ ਸਿਰਫ਼ ਫਰਾ ਲਾਮ ਹੀ ਇਸ ਧਨੁਸ਼ ਨੂੰ ਚੁੱਕਣ ਵਿੱਚ ਸਫਲ ਹੁੰਦਾ ਹੈ। ਇਸ ਤਰ੍ਹਾਂ ਸੀਤਾ ਦਾ ਵਿਆਹ ਫਰਾ ਲਾਮ ਨਾਲ ਹੋ ਜਾਂਦਾ ਹੈ।"

ਭਾਰਤ ਵਿੱਚ ਕਈ ਥਾਵਾਂ 'ਤੇ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ
ਤਸਵੀਰ ਕੈਪਸ਼ਨ, ਭਾਰਤ ਵਿੱਚ ਕਈ ਥਾਵਾਂ 'ਤੇ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ

ਇਸ ਮਹਾਂਕਾਵਿ ਵਿੱਚ ਰਾਵਣ ਨੂੰ ਇੱਕ ਸੁੰਦਰ ਅਤੇ ਬੁੱਧੀਮਾਨ ਵਿਅਕਤੀ ਵਜੋਂ ਦਰਸਾਇਆ ਗਿਆ ਹੈ, ਜਿਸ ਨੂੰ ਬੋਧੀ ਦਰਸ਼ਨ ਦਾ ਡੂੰਘਾ ਗਿਆਨ ਹੈ ਅਤੇ ਜਿਸ ਕੋਲ ਬੇਅੰਤ ਅਲੌਕਿਕ ਸ਼ਕਤੀਆਂ ਹਨ।

ਚੀਨ ਅਤੇ ਜਾਪਾਨ ਵਿੱਚ ਵੀ ਰਾਮਾਇਣ ਨਾਲ ਮਿਲਦੀਆਂ-ਜੁਲਦੀਆਂ ਲੋਕ ਕਥਾਵਾਂ ਮੌਜੂਦ ਹਨ।

ਮਿਸਾਲ ਵਜੋਂ, ਜਾਪਾਨ ਦੀ ਇੱਕ ਲੋਕ ਕਥਾ 'ਬੋਂਟੇਨਕੋਕੂ' ਵਿੱਚ ਤਮਾਵਾਕਾ ਨਾਮ ਦੇ ਮੁੱਖ ਪਾਤਰ ਨੂੰ ਬੰਸਰੀ ਵਾਦਕ ਦਿਖਾਇਆ ਗਿਆ ਹੈ। ਉਹ ਹਿਮੇਗਿਮੀ ਨੂੰ ਰਾਜਾ ਪਰਾਮੋਨ ਦੀ ਕੈਦ ਵਿੱਚੋਂ ਛੁਡਾਉਂਦਾ ਹੈ। ਇਹ ਰਾਜਾ ਰਾਵਣ ਨਾਲ ਮਿਲਦਾ-ਜੁਲਦਾ ਪਾਤਰ ਹੈ।

ਹਾਲਾਂਕਿ, ਇਸ ਕਹਾਣੀ ਵਿੱਚ ਇਸ ਘਟਨਾ ਦੇ ਨਤੀਜੇ ਵਜੋਂ ਕੋਈ ਵੱਡੀ ਜੰਗ ਜਾਂ ਲੜਾਈ ਨਹੀਂ ਦਿਖਾਈ ਗਈ।

ਇਸ ਦੀ ਬਜਾਇ, ਜਦੋਂ ਰਾਜਾ ਸ਼ਿਕਾਰ ਲਈ ਬਾਹਰ ਜਾਂਦਾ ਹੈ, ਤਾਂ ਮੁੱਖ ਪਾਤਰ ਆਪਣੀ ਬੰਸਰੀ ਦੀ ਧੁਨ ਨਾਲ ਪਹਿਰੇਦਾਰਾਂ ਨੂੰ ਮੋਹ ਲੈਂਦਾ ਹੈ ਜਾਂ ਉਨ੍ਹਾਂ ਦਾ ਧਿਆਨ ਭਟਕਾਉਂਦਾ ਹੈ ਅਤੇ ਇਸ ਤਰ੍ਹਾਂ ਔਰਤ ਨੂੰ ਉੱਥੋਂ ਛੁਡਾ ਲੈਂਦਾ ਹੈ।

'ਰਾਵਣ – ਲੰਕਾ ਦਾ ਸਭ ਤੋਂ ਮਹਾਨ ਰਾਜਾ'

ਰਾਵਣ ਅਤੇ ਰਾਮ ਵਿਚਕਾਰ ਹੋਏ ਯੁੱਧ ਨੂੰ ਦਰਸਾਉਂਦੀ ਪੇਂਟਿੰਗ
ਤਸਵੀਰ ਕੈਪਸ਼ਨ, ਰਾਵਣ ਅਤੇ ਰਾਮ ਵਿਚਕਾਰ ਹੋਏ ਯੁੱਧ ਨੂੰ ਦਰਸਾਉਂਦੀ ਪੇਂਟਿੰਗ

ਭਾਵੇਂ ਰਾਵਣ ਦੇ ਚਿੱਤਰਣ ਵੱਖ-ਵੱਖ ਰੂਪਾਂ ਵਿੱਚ ਮਿਲਦੇ ਹਨ, ਪਰ ਰਾਮਾਇਣ ਦੇ ਜ਼ਿਆਦਾਤਰ ਰੂਪਾਂ ਵਿੱਚ ਇੱਕ ਗੱਲ ਸਾਂਝੀ ਹੈ, ਰਾਵਣ ਲੰਕਾ ਜਾਂ ਲੰਕਾਪੁਰੀ 'ਤੇ ਰਾਜ ਕਰਨ ਵਾਲਾ ਰਾਜਾ ਹੈ।

ਸ੍ਰੀਲੰਕਾ ਅਤੇ ਰਾਵਣ ਦਾ ਸਬੰਧ ਅੱਜ ਵੀ ਕਾਇਮ ਹੈ।

'ਐਨ ਐਕਸਪਲੋਰੇਸ਼ਨ ਆਫ਼ ਰਾਵਣਾਜ਼ ਮੈਨੀ ਫੇਸਿਜ਼' ਸਿਰਲੇਖ ਵਾਲੇ ਇੱਕ ਲੇਖ ਵਿੱਚ ਕਿਹਾ ਗਿਆ ਹੈ, "ਸ੍ਰੀਲੰਕਾ ਵਿੱਚ ਵੀ ਵਾਲਮੀਕੀ ਰਾਮਾਇਣ ਜਾਂ ਕੰਬ ਰਾਮਾਇਣਮ ਦਾ ਰੂਪ ਹੀ ਆਮ ਤੌਰ 'ਤੇ ਜਾਣਿਆ ਜਾਂਦਾ ਹੈ। ਪਰ ਰਾਵਣ ਨੂੰ ਇਸ ਟਾਪੂ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਾਨ ਪੁੱਤਰ ਮੰਨਿਆ ਜਾਂਦਾ ਹੈ। ਉਸ ਨੂੰ ਸ੍ਰੀਲੰਕਾ ਦਾ ਸਭ ਤੋਂ ਮਹਾਨ ਰਾਜਾ ਮੰਨ ਕੇ ਸਤਿਕਾਰਿਆ ਜਾਂਦਾ ਹੈ।"

ਸ੍ਰੀਲੰਕਾ ਦੀ ਪੱਤਰਕਾਰ ਅਤੇ ਸੰਪਾਦਕ ਦੁਸ਼ਾਨੀ ਨਾਨਯਕਾਰਾ ਕਹਿੰਦੇ ਹਨ, "ਸਿੰਹਲੀ ਲੋਕਾਂ ਦਾ ਇੱਕ ਵਰਗ ਰਾਜਾ ਰਾਵਣ ਨੂੰ ਉਸ ਤਰ੍ਹਾਂ ਬੁਰਾ ਵਿਅਕਤੀ ਨਹੀਂ ਮੰਨਦਾ, ਜਿਸ ਤਰ੍ਹਾਂ ਰਾਮਾਇਣ ਵਿੱਚ ਉਸ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਸ ਨੇ ਸ਼ਾਸਨ ਦੀ ਇੱਕ ਆਧੁਨਿਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।"

ਉਹ ਅੱਗੇ ਕਹਿੰਦੇ ਹਨ, "ਉਸ ਨੂੰ ਅਜਿਹੇ ਰਾਜੇ ਵਜੋਂ ਵੀ ਦੇਖਿਆ ਜਾਂਦਾ ਹੈ, ਜਿਸ ਨੇ ਵਿਦੇਸ਼ੀ ਹਮਲਿਆਂ ਦੌਰਾਨ ਆਪਣੇ ਦੇਸ਼ ਦੀ ਵੱਖਰੀ ਪਛਾਣ ਨੂੰ ਸੁਰੱਖਿਅਤ ਰੱਖਿਆ।"

"ਅੱਜ ਵੀ ਭਾਰਤ ਵਿੱਚ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ। ਪਰ ਸਿੰਹਲੀ ਲੋਕਾਂ ਦਾ ਇੱਕ ਵਰਗ ਰਾਮ ਨੂੰ ਇੱਕ ਵਿਦੇਸ਼ੀ ਤਾਕਤ ਵਜੋਂ ਦੇਖਦਾ ਹੈ। ਦੂਜੇ ਪਾਸੇ, ਰਾਵਣ ਨੂੰ ਅਜਿਹੇ ਵਿਅਕਤੀ ਵਜੋਂ ਦੇਖਿਆ ਜਾਂਦਾ ਹੈ, ਜਿਸ ਨੇ ਦੇਸੀ ਸੱਤਾ ਅਤੇ ਸ੍ਰੀਲੰਕਾ ਦੇ ਸਵੈ-ਨਿਰਣੇ ਦੇ ਅਧਿਕਾਰ ਲਈ ਸੰਘਰਸ਼ ਕੀਤਾ।"

ਸ਼੍ਰੀਲੰਕਾ ਦੇ ਨੁਵਾਰਾ ਏਲੀਆ ਸਥਿਤ ਸੀਤਾ ਅੰਮਨ ਮੰਦਰ ਵਿੱਚ ਰਾਮਾਇਣ ਦੇ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਪੇਂਟਿੰਗਾਂ
ਤਸਵੀਰ ਕੈਪਸ਼ਨ, ਸ਼੍ਰੀਲੰਕਾ ਦੇ ਨੁਵਾਰਾ ਏਲੀਆ ਸਥਿਤ ਸੀਤਾ ਅੰਮਨ ਮੰਦਰ ਵਿੱਚ ਰਾਮਾਇਣ ਦੇ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਪੇਂਟਿੰਗਾਂ

ਭਾਰਤ ਵਿੱਚ ਰਾਵਣ ਦੀ ਪੂਜਾ

ਭਾਰਤ ਭਰ ਵਿੱਚ ਕਈ ਮੰਦਰਾਂ ਵਿੱਚ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਖ਼ਾਸ ਤੌਰ 'ਤੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਸਥਿਤ ਬਿਸਰਖ ਪਿੰਡ ਦੇ ਵਸਨੀਕ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਉਂਦੇ। ਉਹ ਰਾਵਣ ਨੂੰ ਆਪਣਾ ਪੂਰਵਜ ਮੰਨਦੇ ਹੋਏ ਉਸ ਦੀ ਪੂਜਾ ਕਰਦੇ ਹਨ।

ਇਸੇ ਤਰ੍ਹਾਂ ਤਮਿਲਨਾਡੂ ਵਿੱਚ ਵੀ ਰਾਵਣ ਨੂੰ ਮਾਨਤਾ ਦੇਣ ਦੀ ਇੱਕ ਪਰੰਪਰਾ ਹੈ, ਜਿਵੇਂ ਕਿ ਰਾਮ ਦੀ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ। ਹਾਲਾਂਕਿ, ਤਮਿਲਨਾਡੂ ਵਿੱਚ ਰਾਵਣ ਦਾ ਸਨਮਾਨ ਕਰਨ ਦੇ ਕਾਰਨ ਬਿਲਕੁਲ ਵੱਖਰੇ ਹਨ।

ਦ੍ਰਾਵਿੜ ਲਹਿਰ ਨਾਲ ਜੁੜੇ ਵਿਦਵਾਨ ਪੁਲਵਰ ਕੁਜ਼ੰਥਈ ਵੱਲੋਂ ਲਿਖੀ ਪੁਸਤਕ 'ਰਾਵਣਾ ਕਾਵਿਯਮ' ਵਿੱਚ ਰਾਵਣ ਨੂੰ ਤਮਿਲਨਾਡੂ 'ਤੇ ਰਾਜ ਕਰਨ ਵਾਲੇ ਰਾਜੇ ਵਜੋਂ ਦਰਸਾਇਆ ਗਿਆ ਹੈ। ਇਸ ਰਚਨਾ ਵਿੱਚ ਰਾਵਣ ਮੁੱਖ ਪਾਤਰ ਹੈ, ਜਦਕਿ ਰਾਮ ਨੂੰ ਉਸ ਦੇ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਹੈ।

ਸ਼੍ਰੀਲੰਕਾ ਦੇ ਪੱਤਰਕਾਰ ਅਤੇ ਅਧਿਆਪਕਾ ਤੁਸ਼ਾਨੀ ਨਾਣਾਯੱਕਾਰ
ਤਸਵੀਰ ਕੈਪਸ਼ਨ, ਸ਼੍ਰੀਲੰਕਾ ਦੇ ਪੱਤਰਕਾਰ ਅਤੇ ਅਧਿਆਪਕਾ ਤੁਸ਼ਾਨੀ ਨਾਣਾਯੱਕਾਰ

ਪੁਸਤਕ ਵਿੱਚ ਲਿਖਿਆ ਹੈ, "ਰਾਵਣ ਨੇ ਸੀਤਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ, 'ਡਰੋ ਨਾ। ਜੇ ਤੁਹਾਡਾ ਪਤੀ ਆਉਂਦਾ ਹੈ, ਤਾਂ ਮੈਂ ਉਸ ਨੂੰ ਸਹੀ ਰਸਤੇ 'ਤੇ ਚੱਲਣ ਦੀ ਸਲਾਹ ਦੇਵਾਂਗਾ ਅਤੇ ਤੁਹਾਨੂੰ ਉਸ ਦੇ ਨਾਲ ਵਾਪਸ ਭੇਜ ਦਿਆਂਗਾ।"

"ਉਸ ਨੇ ਸੀਤਾ ਨਾਲ ਪਿਆਰ ਅਤੇ ਸਨੇਹ ਨਾਲ ਵਰਤਾਅ ਕੀਤਾ ਅਤੇ ਉਸ ਨੂੰ ਆਪਣੀ ਛੋਟੀ ਭੈਣ ਵਾਂਗ ਸਮਝਿਆ।"

ਖ਼ਾਸ ਤੌਰ 'ਤੇ, ਇਸ ਪੁਸਤਕ ਵਿੱਚ ਰਾਵਣ ਦੇ ਪਤਨ ਨੂੰ ਕਿਸੇ 'ਰਾਖਸ਼ ਜਾਂ ਬੁਰੀ ਤਾਕਤ' ਦੀ ਹਾਰ ਵਜੋਂ ਨਹੀਂ, ਸਗੋਂ 'ਤਮਿਲ ਲੋਕਾਂ ਲਈ ਇੱਕ ਵੱਡੀ ਤ੍ਰਾਸਦੀ' ਵਜੋਂ ਦਰਸਾਇਆ ਗਿਆ ਹੈ।

ਇਸ ਵਿਵਾਦਤ ਪੁਸਤਕ 'ਤੇ ਤਮਿਲਨਾਡੂ ਸਰਕਾਰ ਨੇ 2 ਜੂਨ 1948 ਨੂੰ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 1972 ਵਿੱਚ ਹਟਾਈ ਗਈ।

ਲੇਖਕ ਸਟਾਲਿਨ ਰਾਜੰਗਮ ਦਾ ਕਹਿਣਾ ਹੈ ਕਿ ਤਮਿਲਨਾਡੂ ਵਿੱਚ ਰਾਵਣ ਨੂੰ ਸਤਿਕਾਰਯੋਗ ਪਾਤਰ ਵਜੋਂ ਸਥਾਪਿਤ ਕਰਨ ਵਿੱਚ ਦ੍ਰਾਵਿੜ ਲਹਿਰ ਨੇ ਮਹੱਤਵਪੂਰਨ ਅਹਿਮ ਭੂਮਿਕਾ ਨਿਭਾਈ।

ਉਹ ਕਹਿੰਦੇ ਹਨ, "ਫਿਰ ਵੀ, ਰਾਵਣ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਸਥਾਪਿਤ ਕੀਤਾ ਗਿਆ, ਜਿਸ ਨੇ ਰਾਮ ਦਾ ਵਿਰੋਧ ਕੀਤਾ ਸੀ। ਦੂਜੇ ਸ਼ਬਦਾਂ ਵਿੱਚ, ਇਸ ਚਿੱਤਰਣ ਨੇ ਅਸਿੱਧੇ ਤੌਰ 'ਤੇ ਇਸ ਧਾਰਨਾ ਨੂੰ ਸਵੀਕਾਰ ਕੀਤਾ ਕਿ ਰਾਵਣ ਇੱਕ ਰਾਖਸ਼ ਜਾਂ ਦੈਂਤ ਸੀ।"

"ਹਾਲਾਂਕਿ, ਦ੍ਰਾਵਿੜ ਲਹਿਰ ਦੇ ਉਭਾਰ ਤੋਂ ਪਹਿਲਾਂ ਵੀ ਤਮਿਲਨਾਡੂ ਵਿੱਚ ਰਾਵਣ ਨੂੰ ਇੱਕ ਬੋਧੀ ਰਾਜਾ ਮੰਨਣ ਬਾਰੇ ਚਰਚਾਵਾਂ ਹੁੰਦੀਆਂ ਰਹੀਆਂ ਸਨ। ਬਾਅਦ ਦੇ ਸਾਲਾਂ ਵਿੱਚ ਇਸ ਵਿਆਖਿਆ ਨੂੰ ਵਧੇਰੇ ਅਹਿਮੀਅਤ ਨਹੀਂ ਮਿਲ ਸਕੀ।"

ਉਹ ਅੱਗੇ ਕਹਿੰਦੇ ਹਨ, "1880 ਦੇ ਦਹਾਕੇ ਵਿੱਚ ਚੇਨਈ ਲੌਕਿਕ ਸੰਗਮ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਪੱਤ੍ਰਿਕਾ 'ਤੱਤਵ ਵਿਵੇਚਿਨੀ' ਵਿੱਚ ਵੀ ਇਸ ਬਾਰੇ ਹਵਾਲੇ ਮਿਲਦੇ ਹਨ।"

ਆਨੰਦ ਨੀਲਕੰਠਨ ਵੱਲੋਂ ਲਿਖੀ ਕਿਤਾਬ 'ਅਸੁਰ: ਹਾਰੇ ਹੋਇਆਂ ਦੀ ਵੀਰ ਗਾਥਾ'
ਤਸਵੀਰ ਕੈਪਸ਼ਨ, ਆਨੰਦ ਨੀਲਕੰਠਨ ਵੱਲੋਂ ਲਿਖੀ ਕਿਤਾਬ 'ਅਸੁਰ: ਹਾਰੇ ਹੋਇਆਂ ਦੀ ਵੀਰ ਗਾਥਾ'

ਰਾਮਾਇਣ ਨਾਲ ਜੁੜੇ ਵੱਖ-ਵੱਖ ਮਹਾਂਕਾਵਿ ਅਤੇ ਰੂਪਾਂਤਰਾਂ ਵਿੱਚ ਰਾਵਣ ਅੱਜ ਵੀ ਸਭ ਤੋਂ ਦਿਲਚਸਪ ਪਾਤਰਾਂ ਵਿੱਚੋਂ ਇੱਕ ਹੋਇਆ ਹੈ।

'ਐਨ ਐਕਸਪਲੋਰੇਸ਼ਨ ਆਫ਼ ਰਾਵਣਾਜ਼ ਮੈਨੀ ਫੇਸਿਜ਼' ਲੇਖ ਵਿੱਚ ਸਵਾਲ ਉਠਾਇਆ ਗਿਆ ਹੈ, "ਰਾਵਣ ਕੌਣ ਹੈ? ਉੱਤਰੀ ਭਾਰਤ ਵਿੱਚ ਹਰ ਸਾਲ ਪੁਤਲੇ ਦੇ ਰੂਪ ਵਿੱਚ ਸਾੜਿਆ ਜਾਣ ਵਾਲਾ ਇੱਕ ਰਾਖਸ਼, ਸ੍ਰੀਲੰਕਾ ਵਿੱਚ ਸਤਿਕਾਰਿਆ ਜਾਣ ਵਾਲਾ ਇੱਕ ਰਾਜਾ ਅਤੇ ਤਮਿਲਨਾਡੂ ਵਿੱਚ ਦ੍ਰਾਵਿੜ ਰਾਜਨੀਤੀ ਦਾ ਪ੍ਰਤੀਕ। ਤਾਂ ਕੀ ਅਸੀਂ ਇਸ ਨਤੀਜੇ 'ਤੇ ਪਹੁੰਚ ਸਕਦੇ ਹਾਂ ਕਿ ਰਾਵਣ ਅਸਲ ਵਿੱਚ ਕੌਣ ਸੀ?"

ਇਸ ਸਵਾਲ ਦਾ ਇੱਕ ਸੰਭਾਵੀ ਜਵਾਬ ਆਨੰਦ ਨੀਲਕੰਠਨ ਦੀ ਲਿਖੀ ਕਿਤਾਬ 'ਅਸੁਰਾ, ਟੇਲ ਆਫ਼ ਦਿ ਵੈਂਕਵਿਸ਼ਡ' ਵਿੱਚੋਂ ਮਿਲਦਾ ਹੈ, ਜਿਸ ਵਿੱਚ ਰਾਮਾਇਣ ਦੀ ਕਹਾਣੀ ਰਾਵਣ ਦੇ ਨਜ਼ਰੀਏ ਤੋਂ ਸੁਣਾਈ ਗਈ ਹੈ।

ਇਸ ਮੁਤਾਬਕ, "ਸਾਡੇ ਮਹਾਂਕਾਵਿ ਰਾਵਣ ਨੂੰ ਦਸ ਸਿਰਾਂ ਵਾਲੇ ਮਨੁੱਖ ਵਜੋਂ ਦਰਸਾਉਂਦੇ ਹਨ। ਉਹ ਅਜਿਹੇ ਵਿਅਕਤੀ ਦਾ ਪ੍ਰਤੀਕ ਹੈ, ਜਿਸ ਦਾ ਆਪਣੀਆਂ ਕਦੇ ਨਾ ਮੁੱਕਣ ਵਾਲੀਆਂ ਇੱਛਾਵਾਂ 'ਤੇ ਕੋਈ ਕਾਬੂ ਨਹੀਂ ਸੀ, ਪਰ ਉਹ ਜ਼ਿੰਦਗੀ ਨੂੰ ਗਲੇ ਲਗਾਉਣ ਅਤੇ ਇਸ ਦਾ ਭਰਪੂਰ ਆਨੰਦ ਲੈਣ ਲਈ ਉਤਸੁਕ ਸੀ।"

ਸ੍ਰੀਲੰਕਾ ਤੋਂ ਰੰਜਨ ਅਰੁਣ ਪ੍ਰਸਾਦ ਦੇ ਸਹਿਯੋਗ ਨਾਲ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)