ਝੋਟਾ ਕਤਲ ਕੇਸ 'ਚ ਸਰਕਾਰ ਨਾਲ ਸਹਿਮਤੀ ਮਗਰੋਂ ਕੀ ਹੈ ਅਗਲਾ ਪਲਾਨ, ਦਲਜੀਤ ਦੇ ਸਸਕਾਰ ਮੌਕੇ ਕਰੜੇ ਸੁਰੱਖਿਆ ਪ੍ਰਬੰਧ, ਜਾਣੋ ਅਪਡੇਟ

ਪੰਜਾਬ ਵਿੱਚ ਇਨ੍ਹੀਂ ਦਿਨੀਂ ਮਾਨਸਾ ਦੇ ਦੋ ਮਾਮਲੇ ਖੂਬ ਚਰਚਾ ਵਿੱਚ ਹਨ। ਇੱਕ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੇਸ ਅਤੇ ਦੂਜਾ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ।
ਦਲਜੀਤ ਸਿੰਘ ਦਾ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਦੇ ਜ਼ੱਦੀ ਪਿੰਡ ਭੰਮੇ ਕਲਾਂ ਵਿੱਚ ਸਖ਼ਤ ਸੁਰੱਖਿਆ ਹੇਠ ਸਸਕਾਰ ਹੋ ਚੁੱਕਿਆ ਹੈ, ਜਦਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਝੋਟਾ ਇਨਸਾਫ਼ ਮੋਰਚਾ ਜਾਰੀ ਹੈ।
ਹਾਲਾਂਕਿ, ਬੀਤੇ ਦਿਨੀਂ ਝੋਟਾ ਇਨਸਾਫ਼ ਮੋਰਚੇ ਅਤੇ ਸਰਕਾਰ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।

ਤਸਵੀਰ ਸਰੋਤ, PARVINDER SINGH JHOTA/FB/KULVIR SINGH/BBC
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਕਰੀਬ ਪੰਜ ਘੰਟੇ ਮੀਟਿੰਗ ਚੱਲੀ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੇ ਆਪਣੇ ਵਕੀਲਾਂ ਰਾਹੀਂ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਹੈ। ਜਿਸ ਵਿੱਚ ਫ਼ੈਸਲਾ ਹੋਇਆ ਹੈ ਕਿ ਸਰਕਾਰ ਵੱਲੋਂ ਪੇਸ਼ ਹੋਣ ਵਾਲੇ ਵਕੀਲ ਇਸਦਾ ਕੋਈ ਵਿਰੋਧ ਨਹੀਂ ਕਰਨਗੇ ਭਾਵ ਕੋਈ ਸਵਾਲ ਨਹੀਂ ਚੁੱਕਣਗੇ।
ਜਿਸ ਤੋਂ ਬਾਅਦ ਅੱਜ ਸ਼ਾਮ ਤੱਕ ਦੋਵਾਂ ਦੀ ਰਿਹਾਈ ਹੋ ਸਕਦੀ ਹੈ।
ਕਿਹਾ ਗਿਆ ਹੈ ਕਿ ਅੱਜ ਸ਼ਾਮ ਨੂੰ ਰਿਹਾਈ ਹੋਣ ਤੋਂ ਬਾਅਦ ਧਰਨਾ ਵੀ ਚੁੱਕ ਲਿਆ ਜਾਵੇਗਾ ਅਤੇ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ ਵੀ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤੀ ਜਾਵੇਗੀ।
ਐਕਸ਼ਨ ਕਮੇਟੀ ਅਤੇ ਸਰਕਾਰੀ ਪੱਖ ਨੇ ਕੀ ਕਿਹਾ

ਸਮਝੌਤੇ ਮਗਰੋਂ ਐਕਸ਼ਨ ਕਮੇਟੀ ਦੇ ਮੈਂਬਰ ਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ 'ਸਾਨੂੰ ਉਮੀਦ ਹੈ ਜਿਹੜੇ ਐਲਾਨ ਹੋਏ ਹਨ, ਉਹ ਛੇਤੀ ਪੂਰੇ ਕੀਤੇ ਜਾਣਗੇ। ਸਾਡੇ ਦੋ ਸਾਥੀ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ, ਉਨ੍ਹਾਂ ਦੇ ਪਰਚੇ ਰੱਦ ਕਰਨ ਲਈ 5 ਨਵੰਬਰ ਨੂੰ ਇਹ ਮੂਵ ਕਰਨਗੇ। ਉਨ੍ਹਾਂ ਦੀ ਰਿਹੈ ਤੱਕ ਇਹ ਧਰਨਾ ਸ਼ਾਂਤਮਈ ਢੰਗ ਨਾਲ ਚੱਲੇਗਾ। ਉਨ੍ਹਾਂ ਦੀ ਰਿਹਾਈ ਹੁੰਦੇ ਹੀ (ਪਰਵਿੰਦਰ ਸਿੰਘ ਝੋਟੇ) ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦੇਵਾਂਗੇ।''
ਇਸ ਦੌਰਾਨ ਮੌਕੇ 'ਤੇ ਮੌਜੂਦ ਤੇ ਸਰਕਾਰੀ ਪੱਖ ਵੱਲੋਂ ਮੀਂਟਿੰਗ 'ਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ''ਇੱਕ ਬਾਪ ਦਾ ਜਵਾਨ ਪੁੱਤ ਗਿਆ ਹੈ, ਆਪਾਂ ਜਿੰਨਾਂ ਜ਼ਿਆਦਾ ਇਸਨੂੰ ਕੁਰੇਦਾਂਗੇ, ਓਨਾ ਜ਼ਿਆਦਾ ਉਨ੍ਹਾਂ ਦਾ ਦੁੱਖ ਵਧੇਗਾ। ਇੰਨਾ ਵੱਡਾ ਮੋਰਚਾ ਸੀ, ਸਰਕਾਰ ਖੁਦ ਤੁਹਾਡੇ ਕੋਲ ਆਕੇ ਹਾਜ਼ਿਰ ਹੈ।''
ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਰਿਹਾਈ, ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ।
ਉਧਰ ਇਸ ਮੀਟਿੰਗ ਵਿੱਚ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰ ਨੂੰ ਵੀ ਮੁਆਵਜ਼ੇ ਅਤੇ ਨੌਕਰੀ ਦਾ ਭਰੋਸਾ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਕਿਹਾ, ''ਇਹ ਦੋਵੇਂ ਮੰਤਰੀ ਸੱਚੇ ਹਨ, ਇਨ੍ਹਾਂ ਨੇ ਕਹਿ ਦਿੱਤਾ ਕਿ ਸਾਡੇ ਕੋਲੋਂ ਨਸ਼ਾ ਬੰਦ ਨਹੀਂ ਹੋਇਆ। ਮੈਨੂੰ ਇਨ੍ਹਾਂ ਦੋ ਮੰਤਰੀਆਂ 'ਤੇ ਉਮੀਦ ਸੀ ਅਤੇ ਇਹ ਆਏ।''
13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਰਵਿੰਦਰ ਸਿੰਘ ਦੇ ਪਿਤਾ ਨੇ ਕੀ ਕਿਹਾ

ਤਸਵੀਰ ਸਰੋਤ, Charanjeev Kaushal/BBC
ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪਰਿਵਾਰ ਨੇ ਕੋਈ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ''ਇਹ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਹੋਈ ਐਕਸ਼ਨ ਕਮੇਟੀ ਹੈ। ਕਾਫੀ ਸਾਥੀ ਨੇ ਪੁਰਾਣੇ, ਘੁਲਾਟੀਏ ਨੇ ਉਹ। ਜੋ ਵੀ ਲੰਮੇ-ਚੌੜੇ ਵਿਚਾਰ ਕਰਕੇ ਫੈਸਲਾ ਲਿਆ ਹੈ, ਇਹ ਫੈਸਲਾ ਐਕਸ਼ਨ ਕਮੇਟੀ ਦਾ ਹੈ।''
ਸੀਐੱਮ ਹਾਊਸ ਦਾ ਘੇਰਾਓ ਰੱਦ ਹੋਣ ਮਗਰੋਂ ਕੀ ਬੋਲੇ ਅੰਮ੍ਰਿਤਪਾਲ ਸਿੰਘ ਦੇ ਪਿਤਾ

ਮੋਰਚੇ ਅਤੇ ਸਰਕਾਰ ਵਿਚਕਾਰ ਸਹਿਮਤੀ ਬਣਨ ਤੋਂ ਪਹਿਲਾਂ ਝੋਟਾ ਕਤਲ ਕੇਸ ਅਤੇ ਹੋਰ ਮਾਮਲਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਸਹਿਮਤੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ।
ਇਸ ਬਾਰੇ ਗੱਲ ਕਰਦਿਆਂ 'ਵਾਰਿਸ ਪੰਜਾਬ ਦੇ' ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ''ਇਸ ਘਿਰਾਓ ਲਈ ਕੁਝ ਸੰਗਤਾਂ ਪਹਿਲਾਂ ਹੀ ਇੱਥੇ ਪਹੁੰਚ ਚੁੱਕੀਆਂ ਸਨ ਅਤੇ ਕੁਝ ਘਰਾਂ ਤੋਂ ਨਿੱਕਲ ਚੁੱਕੇ ਸਨ। ਅਸੀਂ ਜਿੰਨਾ ਹੋ ਸਕੇ ਸਭ ਨੂੰ ਵਾਪਸ ਜਾਣ ਦੀ ਬੇਨਤੀ ਕਰ ਦਿੱਤੀ ਸੀ ਅਤੇ ਜੋ ਪਹੁੰਚ ਚੁੱਕੇ ਹਨ ਉਨ੍ਹਾਂ ਦੇ ਵੀ ਧੰਨਵਾਦੀ ਹਾਂ।''
ਉਨ੍ਹਾਂ ਕਿਹਾ, ''ਅਜੇ ਵੀ ਸਾਡੀ ਲੜਾਈ ਖਤਮ ਨਹੀਂ ਹੋਈ ਕਿਉਂਕਿ ਜਿਹੜੀਆਂ ਮੰਗਾਂ ਸਨ, ਉਨ੍ਹਾਂ 'ਤੇ ਪੂਰਾ ਗੌਰ ਨਹੀਂ ਕੀਤਾ ਜਾ ਰਿਹਾ। ਫਿਰ ਵੀ ਅਸੀਂ ਐਕਸ਼ਨ ਕੇਮਟੀ ਅਤੇ ਉਨ੍ਹਾਂ (ਪਰਵਿੰਦਰ ਸਿੰਘ) ਦੇ ਪਰਿਵਾਰ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ। ਅਤੇ ਚਾਹੁੰਦੇ ਹਾਂ ਕਿ ਜਿਹੜੇ ਨੌਜਵਾਨ ਅੰਦਰ ਹਨ, ਉਨ੍ਹਾਂ ਦੀ ਬਿਨਾਂ ਸ਼ਰਤ ਰਿਹੈ ਹੋਵੇ। ਸਾਡੀ ਐਕਸ਼ਨ ਕਮੇਟੀ ਅਤੇ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਜਿੰਨਾ ਚਿਰ ਰਿਹਾਈ ਨਹੀਂ ਹੁੰਦੀ, ਓਨਾ ਚਿਰ ਅਗਲੀ ਕਾਰਵਾਈ ਨਾ ਕੀਤੀ ਜਾਵੇ।''
ਦਲਜੀਤ ਦਾ ਅੱਜ ਹੋਵੇਗਾ ਸਸਕਾਰ

ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਦੀ ਰਿਪੋਰਟ ਮੁਤਾਬਕ, ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਹੁਣ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਚੰਡੀਗੜ੍ਹ ਵਿੱਚ ਅੰਤਿਮ ਸੰਸਕਾਰ ਕਰਨ ਦੀ ਗੱਲ ਸੀ, ਪਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਰਿਵਾਰ ਉੱਥੇ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਸੀ।
ਸਰਕਾਰ ਵੱਲੋਂ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੇ ਐਲਾਨ ਬਾਰੇ ਪੁੱਛੇ ਜਾਣ 'ਤੇ ਦਲਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਇਹ ਸਭ ਬਾਅਦ ਦੀਆਂ ਗੱਲਾਂ ਹਨ। ਫਿਲਹਾਲ ਪਰਿਵਾਰ ਦੀ ਤਰਜੀਹ ਅੰਤਿਮ ਸੰਸਕਾਰ ਕਰਨਾ ਹੈ।

ਤਸਵੀਰ ਸਰੋਤ, KULVIR SINGH/BBC
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਈਕੋਰਟ ਵਿੱਚ ਰਿੱਟ ਪਾਈ ਸੀ, ਉਹ ਇਸ ਸਮੇਂ ਉੱਥੇ ਮੌਜੂਦ ਨਹੀਂ ਹਨ। ਪਰਿਵਾਰ ਵੱਲੋਂ ਸਿਰਫ਼ ਇਹ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਦਲਜੀਤ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਸੀਬੀਆਈ ਜਾਂਚ ਕਰਵਾਉਣ, ਪੀਜੀਆਈ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਪਰਿਵਾਰ 27 ਅਕਤੂਬਰ ਨੂੰ ਰੋਸ ਵਜੋਂ ਮ੍ਰਿਤਕ ਦੇਹ ਨੂੰ ਮਾਨਸਾ ਵਿੱਚ ਚੱਲ ਰਹੇ ਧਰਨੇ 'ਤੇ ਲੈ ਕੇ ਜਾ ਰਿਹਾ ਸੀ।
ਇਸੇ ਦੌਰਾਨ ਪੁਲਿਸ ਨੇ ਰਾਮਦਿੱਤੇਵਾਲਾ ਚੌਕ ਵਿਖੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰਿਵਾਰ ਨੇ ਪੁਲਿਸ 'ਤੇ ਬਿਨਾਂ ਸਹਿਮਤੀ ਅਤੇ ਜਾਣਕਾਰੀ ਦਿੱਤੇ ਪੋਸਟਮਾਰਟਮ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ। ਜਦੋਂਕਿ ਪੁਲਿਸ ਨੇ ਕਿਹਾ ਸੀ ਕਿ ਸਭ ਕਾਨੂੰਨ ਮੁਤਾਬਕ ਕੀਤਾ ਗਿਆ ਹੈ।
ਸਸਕਾਰ ਤੋਂ ਪਹਿਲਾਂ ਪਿੰਡ ਭੰਮੇ ਕਲਾਂ 'ਚ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤੈਨਾਤ

ਤਸਵੀਰ ਸਰੋਤ, Charanjeev Kaushal/BBC
ਦਲਜੀਤ ਦੇ ਸਸਕਾਰ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ, ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਪਿੰਡ ਭੰਮੇ ਕਲਾਂ ਵਿਖੇ ਭਾਰੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਪਹੁੰਚ ਹੁੱਕੇ ਹਨ। ਇਹ ਸਾਰੇ ਇੰਤਜ਼ਾਮ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ, ਇਸ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਇੱਥੇ ਨਹੀਂ ਆਉਣ ਦਿੱਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































