ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਰਾਘਵ ਚੱਢਾ ਜਿਸ ਬਿਮਾਰੀ ਕਾਰਨ ਭਾਰਤ ਤੋਂ ਯੂਕੇ ਗਏ ਹੋਏ ਹਨ ਉਹ ਕੀ ਹੈ ਤੇ ਕਿੰਨੀ ਗੰਭੀਰ ਹੈ
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਲੰਬੇ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਨਜ਼ਰ ਆ ਰਹੇ ਹਨ।
ਉਨ੍ਹਾਂ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਅਤੇ ਲੋਕ ਸਭਾ ਚੋਣਾਂ ਦੌਰਾਨ ਭਖੀ ਹੋਈ ਸਿਆਸਤ ਤੋਂ ਦੂਰ ਰਹਿਣ ਦਾ ਕਾਰਨ ਹਾਲ ਹੀ ਵਿੱਚ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦੱਸਿਆ।
''ਸੌਰਭ ਮੁਤਾਬਕ ਰਾਘਵ ਚੱਢਾ ਅੱਖਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਸਨ, ਜਿਸ ਵਿੱਚ ਜੇ ਇਲਾਜ ਦੀ ਦੇਰੀ ਹੁੰਦੀ ਤਾਂ ਨਿਗ੍ਹਾ ਵੀ ਜਾ ਸਕਦੀ ਸੀ।''
ਸੌਰਭ ਨੇ ਦੱਸਿਆ ਕਿ ਚੱਢਾ ਦਾ ਇਲਾਜ ਯੂਕੇ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਹੈ ਅਤੇ ਠੀਕ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਆਉਣਗੇ ਅਤੇ ਪਾਰਟੀ ਦੀ ਸਿਆਸੀ ਮੁਹਿੰਮ ਵਿੱਚ ਸ਼ਾਮਲ ਹੋਣਗੇ।
ਖ਼ਬਰ ਏਜੰਸੀ ਪੀਟੀਆਈ ਨੇ ਰਾਘਵ ਚੱਢਾ ਦੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਰਿਪੋਰਟ ਕੀਤਾ ਸੀ ਕਿ ਚੱਢਾ ਵਿਟ੍ਰੈਕਟਮੀ ਕਰਵਾਉਣ ਲਈ ਯੂਕੇ ਜਾ ਰਹੇ ਹਨ।
ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਚੱਢਾ ਦੀ ਇੱਕ ਅੱਖ ਦੇ ਰੈਟੀਨਾ ਵਿੱਚ ਸ਼ੇਕ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਸਮੱਸਿਆਵਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਸਨ। ਇਸ ਦੇ ਇਲਾਜ ਵਜੋਂ ਉਨ੍ਹਾਂ ਨੇ ਵਿਟ੍ਰੈਕਟਮੀ ਕਰਵਾਈ ਹੈ, ਜੋ ਕਿ ਅੱਖਾਂ ਦੀ ਇੱਕ ਮੇਜਰ ਸਰਜਰੀ ਹੈ।
ਬੀਬੀਸੀ ਨੇ ਰਾਘਵ ਚੱਢਾ ਦੇ ਨਜ਼ਦੀਕੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਅਸੀਂ ਸੀਨੀਅਰ ਸਰਜਨ ਡਾਕਟਰ ਚਿਰਾਗ ਗੁਪਤਾ ਨਾਲ ਵਿਟ੍ਰੈਕਟਮੀ ਦੇ ਕਾਰਨਾਂ ਅਤੇ ਇਲਾਜ ਸਬੰਧੀ ਗੱਲਬਾਤ ਕੀਤੀ ਹੈ। ਡਾਕਟਰ ਚਿਰਾਗ ਕੈਟਾਰੈਕਟ ਅਤੇ ਰਿਫ਼ਰੈਕਟਿਵ ਸਰਜਰੀ ਦੇ ਮਾਹਰ ਹਨ।
ਵਿਟ੍ਰੈਕਟਮੀ ਕੀ ਹੈ?
ਵਿਟ੍ਰੈਕਟਮੀ ਦੀ ਲੋੜ ਰੈਟੀਨਾ ਅਤੇ ਵੀਟ੍ਰੀਅਸ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਡਾਕਟਰ ਚਿਰਾਗ ਦੱਸਦੇ ਹਨ ਕਿ ਵੀਟ੍ਰੀਅਸ ਇੱਕ ਜੈਲੀ ਨੁਮਾ ਤਰਲ ਪਦਾਰਥ ਹੈ ਜੋ ਅੱਖਾਂ ਦੇ ਅੰਦਰਲੇ ਪਾਸੇ ਹੁੰਦਾ ਹੈ। ਇਸੇ ਤਰ੍ਹਾਂ ਰੈਟੀਨਾ ਅੱਖ ਦੇ ਪਿਛਲੇ ਪਾਸੇ ਸੈੱਲਾਂ ਦੀ ਇੱਕ ਪਰਤ ਹੁੰਦੀ ਹੈ। ਇਹ ਸੈੱਲ ਰੌਸ਼ਨੀ ਦੀ ਵਰਤੋਂ ਕਰਕੇ ਦਿਮਾਗ ਤੱਕ ਵਿਜ਼ੂਅਲ ਜਾਣਕਾਰੀ ਪਹੁੰਚਾਉਂਦੇ ਹਨ। ਇੱਕ ਤੰਦਰੁਸਤ ਅੱਖ ਵਿੱਚ ਵੀਟ੍ਰੀਅਸ ਕਲੀਅਰ ਜਾਣੀ ਪਾਰਦਰਸ਼ੀ ਹੁੰਦਾ ਹੈ ਤਾਂ ਜੋ ਰੌਸ਼ਨੀ ਅੱਖ ਦੇ ਜ਼ਰੀਏ ਰੈਟੀਨਾ ਤੱਕ ਪਹੁੰਚ ਸਕੇ।
ਡਾਕਟਰ ਚਿਰਾਗ ਦੱਸਦੇ ਹਨ ਕਿ ਇਸ ਸਰਜਰੀ ਦੌਰਾਨ ਵੀਟ੍ਰੀਅਸ ਨੂੰ ਹਟਾ ਦਿੱਤਾ ਜਾਂਦਾ ਹੈ ਜਾਂ ਉਸ ਦੀ ਜਗ੍ਹਾ ਹੋਰ ਸਲਿਊਸ਼ਨ ਪਾ ਦਿੱਤਾ ਜਾਂਦਾ ਹੈ।
ਵੀਟ੍ਰੀਅਸ ਦੇ ਖ਼ਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਇਸ ਵਿੱਚ ਖ਼ੂਨ ਭਰ ਜਾਣਾ ਜਾਂ ਇਸ ਦਾ ਗਾੜਾ ਹੋ ਜਾਣਾ। ਵੀਟ੍ਰੀਅਸ ਵਿੱਚ ਕਿਸੇ ਵੀ ਕਿਸਮ ਦਾ ਵਿਗਾੜ ਪੈਣ ਨਾਲ ਰੌਸ਼ਨੀ ਰੈਟੀਨਾ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾਉਂਦੀ ਜਿਸ ਨਾਲ ਚੀਜ਼ਾਂ ਨੂੰ ਦੇਖਣ ਵਿੱਚ ਸਮੱਸਿਆ ਆਉਂਦੀ ਹੈ।
ਇਸ ਤਰਲ ਪਦਾਰਥ ਨੂੰ ਹਟਾ ਕੇ ਜਾਂ ਬਦਲ ਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਘਵ ਚੱਢਾ ਡਿਟੈਚਡ ਰੈਟੀਨਾ ਦੀ ਸਮੱਸਿਆਂ ਤੋਂ ਪੀੜਤ ਸਨ। ਡਿਟੈਚਡ ਰੈਟੀਨਾ ਅਜਿਹੀ ਸਥਿਤੀ ਹੈ ਜਿਸ ਵਿੱਚ ਰੈਟੀਨਾ ਅੱਖ ਪਿਛਲੇ ਪਾਸੇ ਦੇ ਵੀਟ੍ਰੀਅਸ ਨਾਲੋਂ ਅਲੱਗ ਹੋ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਵੀ ਮਾਹਰ ਵਿਟ੍ਰੈਕਟਮੀ ਕਰਵਾਉਣ ਦੀ ਸਿਫ਼ਾਰਿਸ਼ ਕਰਦੇ ਹਨ। ਵੀਟ੍ਰੀਅਸ ਨੂੰ ਹਟਾਉਣ ਨਾਲ ਰੈਟੀਨਾ ਤੱਕ ਰੌਸ਼ਨੀ ਬਿਹਤਰ ਤਰੀਕੇ ਨਾਲ ਪਹੁੰਚ ਸਕਦੀ ਹੈ। ਜਿਸ ਨਾਲ ਰੈਟੀਨਾ ਉੱਤੇ ਦਬਾਅ ਮੁਕਾਬਲਤਨ ਘੱਟ ਪੈਂਦਾ ਹੈ ਅਤੇ ਪੀੜਤ ਨੂੰ ਚੀਜ਼ਾਂ ਦੇਖਣ ਵਿੱਚ ਆਸਾਨੀ ਹੋ ਜਾਂਦੀ ਹੈ।
ਵਿਟ੍ਰੈਕਟਮੀ ਕਰਵਾਉਣ ਦੀ ਲੋੜ ਕਿਸ ਹਾਲਾਤ ਵਿੱਚ ਪੈਂਦੀ ਹੈ?
ਵਿਟ੍ਰੈਕਟਮੀ ਇੱਕ ਗੰਭੀਰ ਸਰਜਰੀ ਹੈ ਜਿਸ ਦੀ ਲੋੜ ਅਜਿਹੀਆਂ ਕਈ ਸਥਿਤੀਆਂ ਵਿੱਚ ਹੋ ਸਕਦੀ ਹੈ । ਡਾਕਟਰ ਚਿਰਾਗ ਮੁਤਾਬਕ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਵੀਟ੍ਰੀਅਸ ਨਾਲ ਜੁੜੀਆਂ ਦਿੱਕਤਾਂ ਆ ਸਕਦੀਆਂ ਹਨ।
ਇਸ ਤੋਂ ਇਲਾਵਾ ਡੀਟੈਚਡ ਰੈਟੀਨ ਜਾਂ ਅੱਖਾਂ ਦੀ ਗੰਭੀਰ ਇਨਫ਼ੈਕਸ਼ਨ ਵੀ ਨਿਗ੍ਹਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਡਾਕਟਰ ਚਿਰਾਗ ਦੱਸਦੇ ਹਨ ਕਿ ਅੱਖ ਦੇ ਅੰਦਰਲੇ ਪਾਸੇ ਲੱਗੀ ਸੱਟ ਵੀ ਰੈਟੀਨਾ ਜਾਂ ਵੀਟ੍ਰੀਅਸ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਉਹ ਦੱਸਦੇ ਹਨ,“ਕਈ ਮਾਮਲਿਆਂ ਵਿੱਚ ਕੈਟਾਰੈਕਟ ਸਰਜਰੀ ਤੋਂ ਬਾਅਦ ਵੀ ਵੀਟ੍ਰੀਅਸ ’ਤੇ ਨਾਕਾਰਤਮਕ ਅਸਰ ਪੈਂਦਾ ਹੈ। ਪਰ ਅਜਿਹਾ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।”
ਕਿੰਨਾਂ ਲੱਛਣਾਂ ਤੋਂ ਬਾਅਦ ਸਾਵਧਾਨ ਹੋਣ ਦੀ ਲੋੜ ਹੈ
ਅਜਿਹੀਆਂ ਕਈ ਸਥਿਤੀਆਂ ਹਨ ਜਿਹੜੀਆਂ ਰੈਟੀਨਾ ਡਿਟੈਚਮੈਂਟ ਅਤੇ ਵਾਈਟਰਸ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੀਆਂ ਹਨ।
ਡਾਕਟਰ ਚਿਰਾਗ ਮੁਤਾਬਕ ਸੁਚੇਤ ਕਰਨ ਵਾਲੇ ਲੱਛਣ ਅਕਸਰ ਗੰਭੀਰ ਸਥਿਤੀ ਤੱਕ ਪਹੁੰਚਣ ਤੋਂ ਬਹੁਤ ਪਹਿਲਾਂ ਨਜ਼ਰ ਆਉਣ ਲੱਗਦੇ ਹਨ।
ਜਿਵੇਂ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਛੋਟੇ-ਛੋਟੇ ਧੱਬੇ ਨਜ਼ਰ ਆਉਣ ਲੱਗਦੇ ਹਨ। ਕਈਆਂ ਦੀਆਂ ਅੱਖਾਂ ਵਿੱਚ ਰੌਸ਼ਨੀ ਕਿਸੇ ਫ਼ਲੈਸ਼ ਲਾਈਟ ਵਾਂਗ ਵੱਜਦੀ ਹੈ। ਆਲੇ-ਦੁਆਲੇ ਦੇਖਣ ਉੱਤੇ ਧੁੰਦਲਾ ਨਜ਼ਰ ਆਉਂਦਾ ਹੈ। ਅਤੇ ਕਈ ਵਾਰ ਸਾਈਡ ਵਿਜ਼ਨ ਯਾਨੀ ਅੱਖਾਂ ਦੀ ਆਸੇ-ਪਾਸੇ ਘੁੰਮਾ ਕੇ ਦੇਖਣ ਦੀ ਤਾਕਤ ਘੱਟ ਜਾਂਦੀ ਹੈ।
ਅੱਖਾਂ ਸਾਹਮਣੇ ਪਰਦੇ ਵਾਂਗ ਕਿਸੇ ਲਹਿਰ ਦਾ ਛਾ ਜਾਣਾ ਵੀ ਰੈਟੀਨਾ ਅਤੇ ਵੀਟ੍ਰੀਅਸ ਸਬੰਧੀ ਦਿੱਕਤਾਂ ਵੱਲ ਸੰਕੇਤ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਅਜਿਹੇ ਹਾਲਾਤ ਵਿੱਚ ਜਲਦ ਤੋਂ ਜਲਦ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਲਾਜ਼ਮੀ ਹੈ।
ਵਿਟ੍ਰੈਕਟਮੀ ਕਰਵਾਉਣ ’ਤੇ ਲੱਗਣ ਵਾਲਾ ਸਮਾਂ ਅਤੇ ਖ਼ਰਚਾ
ਵਿਟ੍ਰੈਕਟਮੀ ਇੱਕ ਅਜਿਹਾ ਆਪਰੇਸ਼ਨ ਹੈ ਜੋ ਮਾਹਰ ਡਾਕਟਰਾਂ ਤੋਂ ਹੀ ਕਰਵਾਉਣ ਚਾਹੀਦਾ ਹੈ। ਕਿਉਂਕਿ ਗ਼ਲਤ ਇਲਾਜ ਦੀ ਸੂਰਤ ਵਿੱਚ ਤੁਹਾਡੀ ਨਿਗ੍ਹਾ ਵੀ ਜਾ ਸਕਦੀ ਹੈ।
ਡਾਕਟਰ ਚਿਰਾਗ ਦੱਸਦੇ ਹਨ ਕਿ ਵਿਟ੍ਰੈਕਟਮੀ ਲਈ ਅੱਧੇ ਘੰਟੇ ਤੋਂ ਲੈ ਕੇ ਇੱਕ ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਅਤੇ ਇਸ ਉੱਤੇ ਆਉਣ ਵਾਲਾ ਖ਼ਰਚਾ ਹਸਪਤਾਲ ਦੀ ਕੈਟੇਗਰੀ ਉੱਤੇ ਵੀ ਨਿਰਭਰ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਸ ਆਪਰੇਸ਼ਨ ਉੱਤੇ 20 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਪਰ ਇਹ ਖ਼ਰਚਾ ਅਲੱਗ-ਅਲੱਗ ਥਾਵਾਂ ਉੱਤੇ ਵੱਧ-ਘੱਟ ਹੋ ਸਕਦਾ ਹੈ।