ਭੂਤਾਂ ਨੂੰ ਦੇਖਣਾ ਤੇ ਕਿਸੇ ਦੀ ਮੌਜੂਦਗੀ ਮਹਿਸੂਸ ਕਰਨਾ: ਸਾਨੂੰ ਅਜਿਹੇ ਤਜਰਬੇ ਕਿਉਂ ਹੁੰਦੇ ਹਨ

ਜੰਗਲ ਵਿੱਚ ਤੁਰੀ ਜਾਂਦੀ ਕੋਈ ਮਹਿਲਾ
ਤਸਵੀਰ ਕੈਪਸ਼ਨ, ਜਦੋਂ ਲੋਕਾਂ ਨੂੰ ਕੋਈ ਪੈਰਾਨਾਰਮਲ ਤਜਰਬਾ ਹੁੰਦਾ ਹੈ, ਤਾਂ ਉਨ੍ਹਾਂ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਹੋ ਸਕਦੀਆਂ ਹਨ
    • ਲੇਖਕ, ਡੇਜ਼ੀ ਸਟੀਫਨਜ਼
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਮਨੁੱਖ ਸਦੀਆਂ ਤੋਂ ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਸੁਣਦੇ-ਸੁਣਾਉਂਦੇ ਆ ਰਹੇ ਹਨ।

ਪ੍ਰਾਚੀਨ ਮੇਸੋਪੋਟਾਮੀਆ ਦੀਆਂ ਭੂਤਾਂ ਵਾਲੀਆਂ ਕਹਾਣੀਆਂ ਤੋਂ ਲੈ ਕੇ ਭਾਰਤ ਦੇ ਭੂਤੀਆ ਕਹੇ ਜਾਂਦੇ ਕਿਲ੍ਹਿਆਂ ਅਤੇ ਚਾਰਲਸ ਡਿਕਨਜ਼ ਦੀ ਕਹਾਣੀ 'ਏ ਕ੍ਰਿਸਮਸ ਕੈਰਲ' ਤੱਕ - ਇਨਸਾਨਾਂ ਦਾ ਭੂਤਾਂ ਦੀਆਂ ਕਹਾਣੀਆਂ ਸੁਣਾਉਣ ਦਾ ਲੰਮਾ ਇਤਿਹਾਸ ਰਿਹਾ ਹੈ।

ਪਰ ਭੂਤਾਂ ਵਿੱਚ ਸਾਡੀ ਦਿਲਚਸਪੀ ਅੱਜ ਵੀ ਕਿਉਂ ਬਣੀ ਹੋਈ ਹੈ?

ਅਮਰੀਕਾ ਦੀ ਯੂਨੀਵਰਸਿਟੀ ਆਫ਼ ਵੈਸਟ ਜਾਰਜੀਆ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਕ੍ਰਿਸਟੀਨ ਸਿਮੰਡਜ਼-ਮੂਰ ਕਹਿੰਦੇ ਹਨ ਕਿ ਲੋਕਾਂ ਨੂੰ ਅਜਿਹੇ ਤਜਰਬੇ ਹੁੰਦੇ ਹਨ, ਜਿਨ੍ਹਾਂ ਨੂੰ ਉਹ 'ਪੈਰਾਨਾਰਮਲ' (ਅਲੌਕਿਕ) ਮੰਨਦੇ ਹਨ। ਇਹ ਸ਼ਬਦ ਆਮ ਤੌਰ 'ਤੇ ਉਨ੍ਹਾਂ ਘਟਨਾਵਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਵਿਗਿਆਨ ਹਾਲੇ ਤੱਕ ਸਮਝਾ ਨਹੀਂ ਸਕਿਆ ਹੈ।

ਉਹ ਕਹਿੰਦੇ ਹਨ, "ਇਹ ਤਜਰਬੇ ਉਸ ਵਿਅਕਤੀ ਲਈ ਪੂਰੀ ਤਰ੍ਹਾਂ ਹਕੀਕਤ ਭਰੇ ਹੁੰਦੇ ਹਨ ਅਤੇ ਇਨ੍ਹਾਂ ਦਾ ਲੋਕਾਂ 'ਤੇ ਡੂੰਘਾ ਅਸਰ ਪੈ ਸਕਦਾ ਹੈ।"

ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਪਿੱਛੇ ਕੋਈ ਅਲੌਕਿਕ ਕਾਰਨ ਹੈ।

'ਚੇਤਨਾ ਦੀ ਬਦਲੀ ਹੋਈ ਅਵਸਥਾ'

ਕੁਝ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਕੱਲੇ ਹੋਣ 'ਤੇ ਸਾਨੂੰ ਕਿਸੇ ਹੋਰ ਦੀ ਮੌਜੂਦਗੀ ਦਾ ਅਹਿਸਾਸ ਹੋ ਸਕਦਾ ਹੈ
ਤਸਵੀਰ ਕੈਪਸ਼ਨ, ਕੁਝ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਕੱਲੇ ਹੋਣ 'ਤੇ ਸਾਨੂੰ ਕਿਸੇ ਹੋਰ ਦੀ ਮੌਜੂਦਗੀ ਦਾ ਅਹਿਸਾਸ ਹੋ ਸਕਦਾ ਹੈ

ਸਿਮੰਡਜ਼-ਮੂਰ ਮੁਤਾਬਕ, ਜਦੋਂ ਲੋਕਾਂ ਨੂੰ ਕੋਈ ਪੈਰਾਨਾਰਮਲ ਤਜਰਬਾ ਹੁੰਦਾ ਹੈ, ਤਾਂ ਉਨ੍ਹਾਂ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਹੋ ਸਕਦੀਆਂ ਹਨ।

ਇਸ ਦਾ ਇੱਕ ਸੰਭਾਵੀ ਕਾਰਨ 'ਹਿਪਨਾਗੋਗਿਕ ਸਟੇਟ (ਅਵਸਥਾ)' ਨਾਲ ਜੁੜਿਆ ਹੈ। ਇਹ ਨੀਂਦ ਅਤੇ ਜਾਗਣ ਦੇ ਵਿਚਕਾਰ ਦਾ ਸਮਾਂ ਹੁੰਦਾ ਹੈ।

ਸਿਮੰਡਜ਼-ਮੂਰ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਕਈ ਤਜਰਬੇ ਉਦੋਂ ਹੁੰਦੇ ਹਨ, ਜਦੋਂ ਇਨਸਾਨ ਦੀ ਚੇਤਨ ਅਵਸਥਾ ਥੋੜ੍ਹੀ ਬਦਲੀ ਹੋਈ ਹੁੰਦੀ ਹੈ।"

ਇਸ ਦੌਰਾਨ, ਸਾਡੀ ਅੰਦਰੂਨੀ ਕਲਪਨਾ ਅਤੇ ਬਾਹਰੀ ਦੁਨੀਆ ਨੂੰ ਦੇਖਣ-ਸਮਝਣ ਦੀ ਸਮਰੱਥਾ ਵਿਚਕਾਰਲਾ ਫ਼ਰਕ ਧੁੰਦਲਾ ਹੋ ਸਕਦਾ ਹੈ, ਜਿਸ ਕਾਰਨ ਦੋਵਾਂ ਵਿਚਕਾਰ ਫ਼ਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਇਸੇ ਸਥਿਤੀ ਵਿੱਚ 'ਸਲੀਪ ਪੈਰਾਲਿਸਿਸ' (ਨੀਂਦ ਦੌਰਾਨ ਸਰੀਰ ਦਾ ਸੁੰਨ ਹੋ ਜਾਣਾ) ਵੀ ਹੋ ਸਕਦਾ ਹੈ।

ਸਾਲ 2011 ਵਿੱਚ ਕੀਤੀ ਗਈ ਇੱਕ ਸਮੀਖਿਆ ਮੁਤਾਬਕ, ਆਮ ਆਬਾਦੀ ਦੇ 7.6 ਫ਼ੀਸਦੀ ਲੋਕਾਂ ਨੇ ਇਸ ਦਾ ਤਜਰਬਾ ਕੀਤਾ ਹੈ। 'ਸਲੀਪ ਮੈਡੀਸਨ ਰਿਵਿਊਜ਼' ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਦੁਨੀਆ ਭਰ ਤੋਂ ਲਏ ਨਮੂਨਿਆਂ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਵਿਦਿਆਰਥੀਆਂ ਜਾਂ ਮਾਨਸਿਕ ਵਿਗਾੜਾਂ ਤੋਂ ਪੀੜਤ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ।

ਗੋਲਡਸਮਿਥਜ਼, ਯੂਨੀਵਰਸਿਟੀ ਆਫ਼ ਲੰਦਨ ਦੇ ਪ੍ਰੋਫ਼ੈਸਰ ਕ੍ਰਿਸ ਫ੍ਰੈਂਚ ਮੁਤਾਬਕ, "ਇਸ ਸਥਿਤੀ ਵਿੱਚ ਤੁਹਾਡਾ ਸਰੀਰ ਤਾਂ ਜਾਗ ਜਾਂਦਾ ਹੈ, ਪਰ ਤੁਹਾਡਾ ਦਿਮਾਗ ਨਹੀਂ ਜਾਗਦਾ।"

ਉਨ੍ਹਾਂ ਨੇ ਉੱਥੇ 'ਐਨੋਮਲਿਸਟਿਕ ਸਾਈਕੋਲੋਜੀ ਰਿਸਰਚ ਯੂਨਿਟ' ਦੀ ਸਥਾਪਨਾ ਕੀਤੀ ਸੀ, ਜੋ ਪੈਰਾਨਾਰਮਲ ਲੱਗਣ ਵਾਲੇ ਤਜਰਬਿਆਂ ਦੇ ਵਿਗਿਆਨਕ ਕਾਰਨਾਂ ਦਾ ਅਧਿਐਨ ਕਰਦੀ ਹੈ।

ਸਲੀਪ ਪੈਰਾਲਿਸਿਸ ਨਾਲ ਕਈ ਤਰ੍ਹਾਂ ਦੇ ਲੱਛਣ ਜੁੜੇ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ - ਕਮਰੇ ਵਿੱਚ ਆਪਣੇ ਨਾਲ ਕਿਸੇ ਹੋਰ ਦੀ ਮੌਜੂਦਗੀ ਦਾ ਗਹਿਰਾ ਅਹਿਸਾਸ ਹੋਣਾ।

ਫ੍ਰੈਂਚ ਕਹਿੰਦੇ ਹਨ, "ਭਾਵੇਂ ਤੁਹਾਨੂੰ ਕਮਰੇ ਵਿੱਚ ਕੁਝ ਦਿਖਾਈ ਨਾ ਦੇਵੇ ਜਾਂ ਸੁਣਾਈ ਨਾ ਦੇਵੇ, ਫਿਰ ਵੀ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਉੱਥੇ ਕੋਈ ਹੈ।"

ਸਲੀਪ ਪੈਰਾਲਿਸਿਸ ਦੌਰਾਨ ਲੋਕਾਂ ਪੂਰੀ ਤਰ੍ਹਾਂ ਭਰਮ ਵੀ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸਰੀਰਕ ਅਹਿਸਾਸ ਵੀ ਹੋ ਸਕਦੇ ਹਨ
ਤਸਵੀਰ ਕੈਪਸ਼ਨ, ਸਲੀਪ ਪੈਰਾਲਿਸਿਸ ਦੌਰਾਨ ਲੋਕਾਂ ਪੂਰੀ ਤਰ੍ਹਾਂ ਭਰਮ ਵੀ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸਰੀਰਕ ਅਹਿਸਾਸ ਵੀ ਹੋ ਸਕਦੇ ਹਨ

ਸਲੀਪ ਪੈਰਾਲਿਸਿਸ ਦੌਰਾਨ ਲੋਕਾਂ ਪੂਰੀ ਤਰ੍ਹਾਂ ਭਰਮ ਵੀ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸਰੀਰਕ ਅਹਿਸਾਸ ਵੀ ਹੋ ਸਕਦੇ ਹਨ।

ਫ੍ਰੈਂਚ ਕਹਿੰਦੇ ਹਨ, "ਇਹ ਬਹੁਤ ਡਰਾਉਣਾ ਹੋ ਸਕਦਾ ਹੈ। ਪਰ ਇਹ ਇੱਕ ਤਰ੍ਹਾਂ ਦਾ ਭਰਮ ਹੈ। ਇਹ ਅਸਲ ਨਹੀਂ ਹੈ।"

ਮਾਹਿਰਾਂ ਮੁਤਾਬਕ, 'ਪੈਰੇਡੋਲੀਆ' - ਭਾਵ ਬੇਤਰਤੀਬ ਚੀਜ਼ਾਂ ਵਿੱਚ ਪੈਟਰਨ ਜਾਂ ਆਕਾਰ ਦੇਖਣ ਦੀ ਪ੍ਰਵਿਰਤੀ - ਕਾਰਨ ਵੀ ਲੋਕਾਂ ਨੂੰ ਅਲੌਕਿਕ ਤਜਰਬੇ ਹੋ ਸਕਦੇ ਹਨ।

ਕੈਨੇਡਾ ਦੇ ਐਡਮੰਟਨ ਵਿੱਚ ਮੈਕਈਵਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰੌਡਨੀ ਸ਼ਮਾਲਟਜ਼ ਕਹਿੰਦੇ ਹਨ, "ਸਾਡੀ ਦੇਖਣ ਦੀ ਪ੍ਰਣਾਲੀ ਜਿਸ ਤਰ੍ਹਾਂ ਕੰਮ ਕਰਦੀ ਹੈ, ਉਸ ਕਾਰਨ ਅਜਿਹਾ ਹੋਣਾ ਬਹੁਤ ਆਸਾਨ ਹੈ ਕਿ ਸਾਨੂੰ ਅੱਖ ਦੇ ਕੋਨੇ ਤੋਂ ਕੁਝ ਦਿਖਾਈ ਦੇਵੇ ਅਤੇ ਅਸੀਂ ਗ਼ਲਤੀ ਨਾਲ ਉਸ ਨੂੰ ਕਿਸੇ ਚਿਹਰੇ ਵਰਗਾ ਸਮਝ ਬੈਠੀਏ, ਜਦਕਿ ਅਸਲ ਵਿੱਚ ਉੱਥੇ ਕੋਈ ਚਿਹਰਾ ਹੋਵੇ ਹੀ ਨਾ।"

ਸਿਮੰਡਜ਼-ਮੂਰ ਮੁਤਾਬਕ, ਜਦੋਂ ਅਸੀਂ ਤਣਾਅ ਵਿੱਚ ਹੁੰਦੇ ਹਾਂ, ਤਾਂ ਅਜਿਹੇ ਆਕਾਰ ਜਾਂ ਪੈਟਰਨ ਦਿਖਾਈ ਦੇਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ।

ਕੰਕਰੀਟ ਦਾ ਇੱਕ ਬਲੌਕ
ਤਸਵੀਰ ਕੈਪਸ਼ਨ, 'ਪੈਰੇਡੋਲੀਆ' - ਭਾਵ ਬੇਤਰਤੀਬ ਚੀਜ਼ਾਂ ਵਿੱਚ ਪੈਟਰਨ ਜਾਂ ਆਕਾਰ ਦੇਖਣ ਦੀ ਪ੍ਰਵਿਰਤੀ - ਕਾਰਨ ਵੀ ਲੋਕਾਂ ਨੂੰ ਅਲੌਕਿਕ ਤਜਰਬੇ ਹੋ ਸਕਦੇ ਹਨ

ਕੁਝ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਕੱਲੇ ਹੋਣ 'ਤੇ ਸਾਨੂੰ ਕਿਸੇ ਹੋਰ ਦੀ ਮੌਜੂਦਗੀ ਦਾ ਅਹਿਸਾਸ ਹੋ ਸਕਦਾ ਹੈ। ਇਸ ਨੂੰ 'ਡਿਸੋਸੀਏਸ਼ਨ' ਕਿਹਾ ਜਾਂਦਾ ਹੈ।

ਸਿਮੰਡਜ਼-ਮੂਰ ਮੁਤਾਬਕ, ਡਿਸੋਸੀਏਸ਼ਨ ਉਦੋਂ ਹੁੰਦਾ ਹੈ, ਜਦੋਂ ਇਨਸਾਨ ਨੂੰ ਆਪਣੇ ਹੀ ਕਿਸੇ ਹਿੱਸੇ ਦੇ ਆਪਣੇ ਆਪ ਤੋਂ ਵੱਖ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਇਹ ਬਹੁਤ ਜ਼ਿਆਦਾ ਤਣਾਅ ਦੇ ਸਮੇਂ ਹੋ ਸਕਦਾ ਹੈ - ਜਿਵੇਂ ਕਿਸੇ ਹਾਦਸੇ ਦੌਰਾਨ, ਜਦੋਂ ਵਿਅਕਤੀ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ "ਆਪਣੇ ਆਪ ਤੋਂ ਵੱਖ ਹੋ ਗਿਆ ਹੈ।" ਪਰ ਇਹ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਹੋ ਸਕਦਾ ਹੈ, ਜਿਵੇਂ ਕੋਈ ਜਾਣਿਆ-ਪਛਾਣਿਆ ਕੰਮ ਕਰਦੇ ਸਮੇਂ (ਮਿਸਾਲ ਵਜੋਂ, ਘਰ ਵੱਲ ਗੱਡੀ ਚਲਾਉਂਦੇ ਹੋਏ) ਵਿਅਕਤੀ 'ਆਟੋਮੈਟਿਕ ਪਾਇਲਟ' ਮੋਡ ਵਿੱਚ ਚਲਾ ਜਾਂਦਾ ਹੈ।

ਸਿਮੰਡਜ਼-ਮੂਰ ਦੱਸਦੇ ਹਨ ਕਿ ਜਦੋਂ ਕਿਸੇ ਹੋਰ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ, ਤਾਂ ਹੋ ਸਕਦਾ ਹੈ ਕਿ ਵਿਅਕਤੀ ਅਸਲ ਵਿੱਚ ਆਪਣੇ ਹੀ ਕਿਸੇ ਹਿੱਸੇ ਨੂੰ ਮਹਿਸੂਸ ਕਰ ਰਿਹਾ ਹੋਵੇ, ਪਰ ਉਸ ਨੂੰ "ਕਿਸੇ ਹੋਰ ਦੇ ਰੂਪ ਵਿੱਚ" ਦੇਖ ਰਿਹਾ ਹੋਵੇ। ਉਹ ਅੱਗੇ ਕਹਿੰਦੇ ਹਨ ਕਿ ਤਣਾਅ ਜਾਂ ਨੀਂਦ ਦੀ ਕਮੀ ਦੌਰਾਨ ਅਜਿਹੀ 'ਡਿਸੋਸੀਏਟਿਵ' ਅਵਸਥਾ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਇੱਕ ਕਲਾਕ੍ਰਿਤੀ 'ਚ ਰੰਗਾਂ ਵਿਚਕਾਰ ਚਿਹਰਿਆਂ ਦੀਆਂ ਬਣਤਰਾਂ
ਤਸਵੀਰ ਕੈਪਸ਼ਨ, ਜਿਨ੍ਹਾਂ ਲੋਕਾਂ ਦਾ ਟ੍ਰਾਂਸਲਿਮਿਨੈਲਿਟੀ (ਚੇਤਨ ਅਤੇ ਅਚੇਤਨ ਮਨ ਵਿਚਕਾਰ ਵਿਚਾਰਾਂ ਦੇ ਆਸਾਨੀ ਨਾਲ ਆਉਣ-ਜਾਣ ਦੀ ਪ੍ਰਵਿਰਤੀ) ਦੇ ਮਾਪ ਦਾ ਸਕੋਰ ਵੱਧ ਹੁੰਦਾ ਹੈ, ਉਨ੍ਹਾਂ 'ਚ ਅਲੌਕਿਕ ਘਟਨਾਵਾਂ ਦਾ ਤਜਰਬਾ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਕੁਝ ਖੋਜਾਂ ਵਿੱਚ ਅਲੌਕਿਕ ਤਜਰਬਿਆਂ ਅਤੇ 'ਟ੍ਰਾਂਸਲਿਮਿਨੈਲਿਟੀ' ਨਾਂ ਦੇ ਇੱਕ ਮਨੋਵਿਗਿਆਨਕ ਗੁਣ ਵਿਚਕਾਰ ਸਬੰਧ ਪਾਇਆ ਗਿਆ ਹੈ। ਸਿਮੰਡਜ਼-ਮੂਰ ਮੁਤਾਬਕ, ਇਸ ਨੂੰ ਇੱਕ ਪ੍ਰਸ਼ਨਾਵਲੀ ਰਾਹੀਂ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ।

ਜਿਨ੍ਹਾਂ ਲੋਕਾਂ ਦਾ ਇਸ ਵਿੱਚ ਸਕੋਰ ਵੱਧ ਹੁੰਦਾ ਹੈ, ਉਹ ਅਕਸਰ "ਬਹੁਤ ਰਚਨਾਤਮਕ ਹੁੰਦੇ ਹਨ, ਜਿਨ੍ਹਾਂ ਦੀ ਕਲਪਨਾ ਸ਼ਕਤੀ ਅਤੇ ਫੈਂਟਸੀ (ਕਲਪਨਾਤਮਕ ਦੁਨੀਆ) ਬਹੁਤ ਚੰਗੀ ਹੁੰਦੀ ਹੈ।" ਅਜਿਹੇ ਲੋਕ "ਕਲਾ ਜਾਂ ਸੰਗੀਤ ਤੋਂ ਡੂੰਘੇ ਤੌਰ 'ਤੇ ਪ੍ਰਭਾਵਿਤ" ਹੋ ਸਕਦੇ ਹਨ ਅਤੇ ਨਾਲ ਹੀ "ਆਪਣੇ ਸੁਪਨੇ ਯਾਦ ਰੱਖਦੇ ਹਨ ਅਤੇ ਉਨ੍ਹਾਂ ਦੇ ਅਰਥ ਕੱਢਦੇ ਹਨ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕਿਸੇ ਅਦਿੱਖ ਮੌਜੂਦਗੀ ਦਾ ਅਹਿਸਾਸ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਹੋ ਸਕਦਾ ਹੈ ਕਿ ਉਨ੍ਹਾਂ ਨੂੰ 'ਸਿਨੇਸਥੀਸੀਆ' ਵੀ ਹੋਵੇ। ਇਹ ਇੱਕ ਅਜਿਹੀ ਸਥਿਤੀ ਹੁੰਦੀ ਹੈ, ਜਿਸ ਵਿੱਚ ਇੱਕ ਇੰਦਰੀ ਨਾਲ ਜੁੜੇ ਸੰਵੇਦੀ ਮਾਰਗ ਨੂੰ ਮਿਲਣ ਵਾਲੀ ਜਾਣਕਾਰੀ ਦੂਜੀ ਇੰਦਰੀ ਨੂੰ ਵੀ ਉਤੇਜਿਤ ਕਰ ਦਿੰਦੀ ਹੈ।

ਸਿਮੰਡਜ਼-ਮੂਰ ਮਿਸਾਲ ਵਜੋਂ ਦੱਸਦੇ ਹਨ ਕਿ ਜੇਕਰ 'ਸਿਨੇਸਥੀਸੀਆ' ਵਾਲਾ ਕੋਈ ਵਿਅਕਤੀ ਗੁਲਾਬੀ ਰੰਗ ਦੇਖਦਾ ਹੈ, ਤਾਂ ਉਹ ਅਣਜਾਣੇ ਵਿੱਚ ਇਹ ਸਬੰਧ ਜੋੜ ਸਕਦਾ ਹੈ ਕਿ ਗੁਲਾਬੀ ਰੰਗ ਗੁਲਾਬ ਦਾ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਉਸ ਨੂੰ ਗੁਲਾਬ ਦੀ ਖ਼ੁਸ਼ਬੂ ਵੀ ਮਹਿਸੂਸ ਹੋ ਸਕਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਲੋਕਾਂ ਲਈ ਇੰਦਰੀਆਂ ਨਾਲ ਜੁੜਿਆ ਇਹ ਅਨੋਖਾ ਤਜਰਬਾ ਕੁਝ 'ਅਲੌਕਿਕ' (ਪੈਰਾਨਾਰਮਲ) ਤਜਰਬਿਆਂ ਦਾ ਕਾਰਨ ਹੋ ਸਕਦਾ ਹੈ।

ਪਰ ਮਨੋਵਿਗਿਆਨਕ ਘਟਨਾਵਾਂ ਹੀ ਇਸ ਦੀ ਇਕਲੌਤੀ ਸੰਭਾਵੀ ਵਿਆਖਿਆ ਨਹੀਂ ਹਨ।

ਵਾਤਾਵਰਨ ਅਤੇ ਆਲੇ-ਦੁਆਲੇ ਦਾ ਪ੍ਰਭਾਵ

ਫ੍ਰੈਂਚ ਦਾ ਕਹਿਣਾ ਹੈ ਕਿ ਕੁਝ ਥਾਵਾਂ ਦੂਜੀਆਂ ਥਾਵਾਂ ਦੇ ਮੁਕਾਬਲੇ "ਕੁਦਰਤੀ ਤੌਰ 'ਤੇ ਵਧੇਰੇ ਡਰਾਉਣੀਆਂ" ਹੁੰਦੀਆਂ ਹਨ।

ਉਹ ਕਹਿੰਦੇ ਹਨ, "ਜੇਕਰ ਤੁਸੀਂ ਬਹੁਤ ਜ਼ਿਆਦਾ ਰੌਸ਼ਨੀ ਵਾਲੀ ਥਾਂ ਤੋਂ ਘੱਟ ਰੌਸ਼ਨੀ ਵਾਲੀ ਥਾਂ 'ਤੇ ਜਾਂਦੇ ਹੋ, ਤਾਂ ਇੱਕ ਹੋਰ ਗੱਲ ਵੀ ਮਾਅਨੇ ਰੱਖਦੀ ਹੈ - ਉੱਚੀਆਂ ਛੱਤਾਂ ਵਾਲੀਆਂ ਥਾਵਾਂ। ਅਜਿਹੀਆਂ ਥਾਵਾਂ 'ਤੇ ਜਾਣ ਨਾਲ ਲੋਕ ਅਕਸਰ ਥੋੜ੍ਹਾ ਵਧੇਰੇ ਘਬਰਾਏ ਹੋਏ ਜਾਂ ਬੇਚੈਨ ਮਹਿਸੂਸ ਕਰਨ ਲੱਗਦੇ ਹਨ।"

ਪਰ ਵਾਤਾਵਰਨ ਨਾਲ ਜੁੜੇ ਕੁਝ ਹੋਰ ਕਾਰਕ ਥੋੜ੍ਹੇ ਵਧੇਰੇ ਗੁੰਝਲਦਾਰ ਹੁੰਦੇ ਹਨ। ਇਸ ਦੀ ਇੱਕ ਉਦਾਹਰਨ 'ਇਨਫ੍ਰਾਸਾਊਂਡ' ਹੈ - ਯਾਨੀ ਅਜਿਹੀਆਂ ਆਵਾਜ਼ਾਂ ਜਿਨ੍ਹਾਂ ਦੀ ਫ੍ਰੀਕੁਐਂਸੀ 20 ਹਰਟਜ਼ ਤੋਂ ਘੱਟ ਹੁੰਦੀ ਹੈ। ਇਹ ਕਈ ਚੀਜ਼ਾਂ ਤੋਂ ਪੈਦਾ ਹੋ ਸਕਦੀਆਂ ਹਨ, ਜਿਵੇਂ - ਮਸ਼ੀਨਾਂ, ਆਵਾਜਾਈ ਅਤੇ ਇੱਥੋਂ ਤੱਕ ਕਿ ਪਲੰਬਿੰਗ ਜਾਂ ਹੀਟਿੰਗ ਸਿਸਟਮਾਂ ਤੋਂ ਵੀ - ਖ਼ਾਸ ਕਰਕੇ ਪੁਰਾਣੀਆਂ ਇਮਾਰਤਾਂ ਵਿੱਚ।

ਮਾਹਿਰਾਂ ਮੁਤਾਬਕ, ਅਸੀਂ ਇਨਫ੍ਰਾਸਾਊਂਡ (ਬਹੁਤ ਘੱਟ ਫ੍ਰੀਕੁਐਂਸੀ ਵਾਲੀਆਂ ਆਵਾਜ਼ਾਂ) ਨੂੰ ਸੁਣ ਨਹੀਂ ਸਕਦੇ, ਪਰ ਫਿਰ ਵੀ ਇਸ ਦਾ ਸਾਡੇ 'ਤੇ ਅਸਰ ਪੈ ਸਕਦਾ ਹੈ।
ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ, ਅਸੀਂ ਇਨਫ੍ਰਾਸਾਊਂਡ (ਬਹੁਤ ਘੱਟ ਫ੍ਰੀਕੁਐਂਸੀ ਵਾਲੀਆਂ ਆਵਾਜ਼ਾਂ) ਨੂੰ ਸੁਣ ਨਹੀਂ ਸਕਦੇ, ਪਰ ਫਿਰ ਵੀ ਇਸ ਦਾ ਸਾਡੇ 'ਤੇ ਅਸਰ ਪੈ ਸਕਦਾ ਹੈ।

ਸ਼ਮਾਲਟਜ਼ ਮੁਤਾਬਕ, ਭਾਵੇਂ ਅਸੀਂ ਜਾਣਬੁੱਝ ਕੇ ਇਨਫ੍ਰਾਸਾਊਂਡ ਨੂੰ ਸੁਣ ਨਾ ਸਕੀਏ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦਾ ਸਾਡੇ 'ਤੇ ਕੋਈ ਅਸਰ ਨਹੀਂ ਪੈਂਦਾ।

ਉਨ੍ਹਾਂ ਨੇ ਇੱਕ ਅਧਿਐਨ ਕੀਤਾ, ਜਿਸ ਵਿੱਚ ਪਾਇਆ ਗਿਆ ਕਿ ਇਨਫ੍ਰਾਸਾਊਂਡ ਦੀ ਮੌਜੂਦਗੀ ਕਾਰਨ ਲੋਕਾਂ ਦੀ ਲਾਰ ਵਿੱਚ 'ਕੋਰਟੀਸੋਲ' ਦਾ ਪੱਧਰ ਥੋੜ੍ਹਾ ਵਧ ਜਾਂਦਾ ਹੈ। ਕੋਰਟੀਸੋਲ ਇੱਕ ਅਜਿਹਾ ਹਾਰਮੋਨ ਹੈ, ਜਿਸ ਦਾ ਸਬੰਧ ਤਣਾਅ ਨਾਲ ਹੁੰਦਾ ਹੈ। ਇਸ ਦੇ ਨਾਲ ਹੀ ਲੋਕਾਂ ਵਿੱਚ ਚਿੜਚਿੜਾਪਣ ਵੀ ਵਧੇਰੇ ਦੇਖਿਆ ਗਿਆ।

ਇਨਫ੍ਰਾਸਾਊਂਡ ਅਤੇ ਅਲੌਕਿਕ (ਪੈਰਾਨਾਰਮਲ) ਤਜਰਬਿਆਂ ਵਿਚਕਾਰ ਸਬੰਧ ਨੂੰ ਲੈਕੇ ਅਜੇ ਵਿਵਾਦ ਹਨ। ਖ਼ੁਦ ਫ੍ਰੈਂਚ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਵੀ ਇਨ੍ਹਾਂ ਦੋਵਾਂ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।

ਸ਼ਮਾਲਟਜ਼ ਵੀ ਮੰਨਦੇ ਹਨ ਕਿ ਸਿਰਫ਼ ਇਨਫ੍ਰਾਸਾਊਂਡ ਦੀ ਮੌਜੂਦਗੀ ਨਾਲ ਹੀ ਕੋਈ ਅਲੌਕਿਕ ਤਜਰਬਾ ਹੋਵੇ, ਅਜਿਹਾ ਨਹੀਂ ਹੋ ਸਕਦਾ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਇਹ 'ਵੱਡੀ ਤਸਵੀਰ ਦਾ ਇੱਕ ਨਿੱਕਾ ਜਿਹਾ ਹਿੱਸਾ' ਹੋ ਸਕਦਾ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ 'ਪੈਰੇਡੋਲੀਆ' ਵਰਗੀਆਂ ਮਨੋਵਿਗਿਆਨਕ ਘਟਨਾਵਾਂ ਘਬਰਾਹਟ ਜਾਂ ਚਿੰਤਾ ਕਾਰਨ ਹੋਰ ਵੀ ਵਧ ਸਕਦੀਆਂ ਹਨ।

ਘਬਰਾਹਟ ਮਹਿਸੂਸ ਕਰਨਾ ਜਾਂ ਇਹ ਸੋਚਣਾ ਕਿ ਤੁਹਾਨੂੰ ਕੁਝ ਮਹਿਸੂਸ ਹੋ ਰਿਹਾ ਹੈ - ਇਹ ਇੱਕ ਗੱਲ ਹੈ, ਪਰ ਅਸੀਂ ਇਹ ਕਿਉਂ ਮੰਨ ਲੈਂਦੇ ਹਾਂ ਕਿ ਇਹ ਕੋਈ ਘਟਨਾ ਅਲੌਕਿਕ ਹੈ ਜਾਂ ਕੋਈ ਅਲੌਕਿਕ ਸ਼ਕਤੀ ਹੈ?

ਸੱਚਾਈ ਬਨਾਮ ਜਿਉਂਦੇ ਰਹਿਣਾ

ਅਸੀਂ ਸ਼ਾਇਦ ਭੂਤਾਂ ਦੀ ਹੋਂਦ 'ਤੇ ਵਿਸ਼ਵਾਸ ਕਰਨਾ ਚਾਹੁੰਦੇ ਹਾਂ, ਕਿਉਂਕਿ ਉਹ ਮੌਤ ਤੋਂ ਬਾਅਦ ਵੀ ਜੀਵਨ ਹੋਣ ਦਾ ਸਬੂਤ ਹੋ ਸਕਦੇ ਹਨ
ਤਸਵੀਰ ਕੈਪਸ਼ਨ, ਅਸੀਂ ਸ਼ਾਇਦ ਭੂਤਾਂ ਦੀ ਹੋਂਦ 'ਤੇ ਵਿਸ਼ਵਾਸ ਕਰਨਾ ਚਾਹੁੰਦੇ ਹਾਂ, ਕਿਉਂਕਿ ਉਹ ਮੌਤ ਤੋਂ ਬਾਅਦ ਵੀ ਜੀਵਨ ਹੋਣ ਦਾ ਸਬੂਤ ਹੋ ਸਕਦੇ ਹਨ

ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਦਾ ਜਵਾਬ ਸਾਡੇ ਵਿਕਾਸ ਵਿੱਚ ਲੁਕਿਆ ਹੋ ਸਕਦਾ ਹੈ।

ਲੋਕ-ਕਥਾਵਾਂ ਦੇ ਮਾਹਿਰ ਡੇਬੋਰਾ ਹਾਈਡ, ਇਸ ਗੱਲ ਦਾ ਅਧਿਐਨ ਕਰਦੇ ਹਨ ਕਿ ਲੋਕ ਅਲੌਕਿਕ ਚੀਜ਼ਾਂ 'ਤੇ ਵਿਸ਼ਵਾਸ ਕਿਉਂ ਕਰਦੇ ਹਨ। ਉਹ ਕਹਿੰਦੇ ਹਨ ਕਿ "ਸਾਡਾ ਵਿਕਾਸ ਸੱਚਾਈ ਜਾਣਨ ਲਈ ਨਹੀਂ, ਸਗੋਂ ਜਿਉਂਦੇ ਰਹਿਣ ਲਈ ਹੋਇਆ ਹੈ।"

"ਸਾਡੀ ਸੋਚਣ-ਸਮਝਣ ਦੀ ਸਮਰੱਥਾ ਅਤੇ ਸਾਡੀਆਂ ਇੰਦਰੀਆਂ ਮੁੱਖ ਤੌਰ 'ਤੇ ਸਾਡੇ ਜਿਉਂਦੇ ਰਹਿਣ 'ਤੇ ਕੇਂਦਰਿਤ ਹਨ, ਨਾ ਕਿ ਕਿਸੇ ਸਥਿਤੀ ਦੀ ਪੂਰੀ ਸੱਚਾਈ ਦਾ ਪਤਾ ਲਗਾਉਣ 'ਤੇ।"

ਅਤੀਤ ਵਿੱਚ, (ਮਨੁੱਖੀ ਵਿਕਾਸ ਦੌਰਾਨ) ਸਭ ਤੋਂ ਮਾੜੀ ਸੰਭਾਵਨਾ ਬਾਰੇ ਸੋਚ ਲੈਣਾ ਸਾਡੇ ਲਈ ਫ਼ਾਇਦੇਮੰਦ ਰਿਹਾ ਹੋਵੇਗਾ। ਮਿਸਾਲ ਵਜੋਂ, ਕਿਸੇ ਪਰਛਾਵੇਂ ਨੂੰ ਸ਼ਿਕਾਰੀ ਜਾਨਵਰ ਸਮਝ ਲੈਣਾ ਜਾਂ ਕਿਸੇ ਅਣਜਾਣ ਆਵਾਜ਼ ਨੂੰ ਸੰਭਾਵੀ ਖ਼ਤਰੇ ਵਜੋਂ ਦੇਖਣਾ।

ਹਾਈਡ ਮੁਤਾਬਕ, ਇਸ ਦੇ ਨਾਲ ਹੀ ਇਨਸਾਨਾਂ ਵਿੱਚ ਇੱਕ ਤਰ੍ਹਾਂ ਦਾ 'ਕੌਗਨਿਟਿਵ ਬਾਇਸ' (ਸੋਚਣ ਦਾ ਇੱਕ ਖ਼ਾਸ ਤਰੀਕਾ) ਹੁੰਦਾ ਹੈ, ਜਿਸ ਨੂੰ 'ਏਜੰਸੀ ਡਿਟੈਕਸ਼ਨ' ਕਿਹਾ ਜਾਂਦਾ ਹੈ। ਫ੍ਰੈਂਚ ਮੁਤਾਬਕ, ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਕੋਈ ਅਜੀਬ ਤਜਰਬਾ ਕਰਦੇ ਹਾਂ, ਤਾਂ "ਅਸੀਂ ਕੁਦਰਤੀ ਤੌਰ 'ਤੇ ਇਹ ਮੰਨ ਲੈਂਦੇ ਹਾਂ ਇਸ ਪਿੱਛੇ ਕਿ ਕਿਸੇ ਦਾ ਹੱਥ ਹੈ ਜਾਂ ਕਿਸੇ ਨੇ ਜਾਣ-ਬੁੱਝ ਕੇ ਸਾਡੇ ਨਾਲ ਅਜਿਹਾ ਕੀਤਾ ਹੈ।"

ਉਹ ਕਹਿੰਦੇ ਹਨ, "ਇੱਥੋਂ, ਇਹ ਵਿਚਾਰ ਬਣਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਦੁਨੀਆ ਵਿੱਚ ਇਸ ਤਰ੍ਹਾਂ ਦੇ ਖ਼ਤਰੇ ਹੋ ਸਕਦੇ ਹਨ ਅਤੇ ਇਹ ਖ਼ਤਰੇ ਕਦੇ-ਕਦੇ ਵੱਖ-ਵੱਖ ਤਰ੍ਹਾਂ ਦੇ ਅਦਿੱਖ ਜੀਵ ਵੀ ਹੋ ਸਕਦੇ ਹਨ।"

'ਕਨਫਰਮੇਸ਼ਨ ਬਾਇਸ' (ਆਪਣੀਆਂ ਮਾਨਤਾਵਾਂ ਨੂੰ ਹੀ ਸਹੀ ਮੰਨਣ ਦੇ ਸੁਭਾਅ) ਤੋਂ ਵੀ ਇਹ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਕਿ ਲੋਕ ਅਸਾਧਾਰਨ ਤਜਰਬਿਆਂ ਨੂੰ ਅਲੌਕਿਕ ਕਾਰਨਾਂ ਨਾਲ ਕਿਉਂ ਜੋੜਦੇ ਹਨ।

ਹਾਈਡ ਦਾ ਕਹਿਣਾ ਹੈ ਕਿ ਭਾਵੇਂ ਵੱਖ-ਵੱਖ ਸੱਭਿਆਚਾਰਾਂ ਵਿੱਚ ਲੋਕਾਂ ਦੀਆਂ ਮਾਨਤਾਵਾਂ ਵੱਖਰੀਆਂ ਹੁੰਦੀਆਂ ਹਨ, ਪਰ ਧਰਮ ਅਤੇ ਅੰਧਵਿਸ਼ਵਾਸ "ਮੰਨੋ ਜਿਵੇਂ ਸਾਡੇ ਸੌਫ਼ਟਵੇਅਰ ਵਿੱਚ ਪਹਿਲਾਂ ਤੋਂ ਹੀ ਫਿੱਟ ਕੀਤੇ ਹੋਏ ਹਨ।"

ਫ੍ਰੈਂਚ ਕਹਿੰਦੇ ਹਨ, "ਜੇਕਰ ਤੁਹਾਡਾ ਵਿਸ਼ਵਾਸ ਹੈ ਕਿ ਭੂਤ ਸੱਚਮੁੱਚ ਹੁੰਦੇ ਹਨ, (ਫਿਰ ਕਿਸੇ ਅਜੀਬ ਘਟਨਾ ਦੇ ਮਾਮਲੇ 'ਚ ਵਿਅਕਤੀ ਲਈ) ਇਹ ਕਹਿਣਾ ਕੋਈ ਤਰਕਹੀਣ ਗੱਲ ਨਹੀਂ ਹੋਵੇਗੀ ਕਿ, 'ਹਾਂ, ਤਾਂ ਇਹੀ (ਭੂਤ) ਇਸ ਦਾ ਕਾਰਨ ਹੈ।'"

ਇਸ ਦੇ ਨਾਲ ਹੀ, ਇਹ ਵੀ ਹੋ ਸਕਦਾ ਹੈ ਕਿ ਇਨਸਾਨ ਖ਼ੁਦ ਹੀ ਭੂਤਾਂ ਦੀ ਹੋਂਦ 'ਤੇ ਵਿਸ਼ਵਾਸ ਕਰਨਾ ਚਾਹੁੰਦੇ ਹੋਣ।

ਫ੍ਰੈਂਚ ਕਹਿੰਦੇ ਹਨ, "ਜਦੋਂ ਕੋਈ ਅਜਿਹੀ ਚੀਜ਼ ਵਾਪਰਦੀ ਹੈ, ਜਿਸ ਨੂੰ ਅਸੀਂ ਪਹਿਲਾਂ ਹੀ ਸੱਚ ਮੰਨਦੇ ਹਾਂ ਜਾਂ ਜਿਸ ਦੇ ਸੱਚ ਹੋਣ ਦੀ ਅਸੀਂ ਇੱਛਾ ਰੱਖਦੇ ਹਾਂ, ਤਾਂ ਅਸੀਂ ਉਨ੍ਹਾਂ ਸਬੂਤਾਂ ਵੱਲ ਵਧੇਰੇ ਧਿਆਨ ਦਿੰਦੇ ਹਾਂ, ਜੋ ਉਸ ਗੱਲ ਦਾ ਸਮਰਥਨ ਕਰਦੇ ਦਿਖਾਈ ਦਿੰਦੇ ਹਨ।"

"[ਭੂਤ] ਮੌਤ ਤੋਂ ਬਾਅਦ ਜੀਵਨ ਹੋਣ ਦਾ ਇੱਕ ਸਬੂਤ ਹੋ ਸਕਦੇ ਹਨ। ਇਸ ਲਈ, ਜੇਕਰ ਅਸੀਂ ਇਹ ਮੰਨਦੇ ਹਾਂ ਕਿ ਮੌਤ ਤੋਂ ਬਾਅਦ ਵੀ ਜੀਵਨ ਹੁੰਦਾ ਹੈ, ਤਾਂ ਅਸੀਂ ਇਸ ਗੱਲ ਨੂੰ ਆਸਾਨੀ ਨਾਲ ਸਵੀਕਾਰ ਕਰ ਸਕਦੇ ਹਾਂ ਕਿ ਸ਼ਾਇਦ ਭੂਤ ਸੱਚਮੁੱਚ ਹੁੰਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)