ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਤਿਉਹਾਰੀ ਸੀਜ਼ਨ ਵਿੱਚ ਵੀ ਸਮਾਰਟਫੋਨਾਂ ਦੀ ਸ਼ਿਪਮੈਂਟ 'ਚ ਕਿਉਂ ਦੇਖੀ ਜਾ ਰਹੀ ਗਿਰਾਵਟ, ਕਿਹੜੇ ਕਾਰਨਾਂ ਕਰਕੇ ਹੋ ਰਿਹਾ ਅਸਰ
- ਲੇਖਕ, ਜੋਤੀ ਪਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਆਮ ਤੌਰ ਉੱਤੇ ਤਿਉਹਾਰੀ ਸੀਜ਼ਨ ਵਿੱਚ ਸਮਾਰਟਫੋਨਾਂ ਦੀ ਖਰੀਦ ਵਿੱਚ ਇਜ਼ਾਫਾ ਦੇਖਣ ਨੂੰ ਮਿਲਦਾ ਹੈ।
ਹਾਲ ਹੀ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਸਾਲ 2026 ਦੀ ਤੀਜੀ ਤਿਮਾਹੀ ਭਾਵ ਜੁਲਾਈ ਤੋਂ ਸਤੰਬਰ ਵਿਚਾਲੇ ਸਮਾਰਟਫੋਨ ਦੀ ਸ਼ਿਪਮੈਂਟ (ਮੋਬਾਈਲ ਕੰਪਨੀਆਂ ਵੱਲੋਂ ਰਿਟੇਲ ਸਟੋਰਾਂ ਵਿੱਚ ਭੇਜਿਆ ਜਾਣ ਵਾਲਾ ਸਟਾਕ) ਵਿੱਚ ਇੱਕ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਮਾਰਕੀਟ ਰਿਸਰਚ ਕੰਪਨੀ ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ ਸਾਲ 2026 ਦੀ ਤੀਜੀ ਤਿਮਾਹੀ ਵਿੱਚ ਭਾਰਤ ਵਿੱਚ ਸਮਾਰਟਫੋਨ ਦੀ ਸ਼ਿਪਮੈਂਟ ਵਿੱਚ 20 ਫੀਸਦ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਦਕਿ ਇੱਕ ਹੋਰ ਗਲੋਬਲ ਟੈਕਨਾਲੋਜੀ ਰਿਸਰਚ ਗਰੁੱਪ ਓਮਡੀਆ ਨੇ ਇਹ ਅੰਕੜਾ 26 ਫੀਸਦ ਦੱਸਿਆ ਹੈ।
ਪਰ ਸਮਾਰਟਫੋਨ ਦੀ ਸ਼ਿਪਮੈਂਟ ਵਿੱਚ ਆਈ ਇਸ ਗਿਰਾਵਟ ਦੇ ਕੀ ਮਾਇਨੇ ਹਨ ? ਕੀ ਭਾਰਤ ਵਿੱਚ ਸਮਾਰਟਫੋਨ ਖਰੀਦਣ ਦੇ ਕ੍ਰੇਜ਼ ਵਿੱਚ ਕਮੀ ਆਈ ਹੈ ? ਕੀ ਲੋਕ ਹੁਣ ਸਾਲ-ਦੋ ਸਾਲ ਬਾਅਦ ਆਪਣਾ ਸਮਾਰਟਫੋਨ ਬਦਲਣ ਤੋਂ ਗੁਰੇਜ਼ ਕਰਨ ਲੱਗੇ ਹਨ ? ਕੀ ਸਮਾਰਟਫੋਨਾਂ ਦੀ ਕੀਮਤ ਇੰਨੀ ਵਧ ਗਈ ਹੈ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਹਨ ਜਾਂ ਇਸ ਪਿੱਛੇ ਹੋਰ ਕਾਰਨ ਹਨ, ਇਸ ਰਿਪੋਰਟ ਜ਼ਰੀਏ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ।
ਕੀ ਭਾਰਤ ਵਿੱਚ ਸਮਾਰਟਫੋਨ ਦਾ ਕ੍ਰੇਜ਼ ਘਟਣ ਲੱਗਾ?
ਗਲੋਬਲ ਟੈਕਨਾਲੋਜੀ ਰਿਸਰਚ ਗਰੁੱਪ ਓਮਡੀਆ ਦੇ ਪ੍ਰਿੰਸੀਪਲ ਐਨਾਲਿਸਟ ਸੰਯਮ ਚੌਰਸੀਆ ਇਸ ਪਿੱਛੇ ਸਮਾਰਟਫੋਨਾਂ ਦੀ ਵਧਦੀ ਕੀਮਤ ਨੂੰ ਵਜ੍ਹਾ ਦੱਸਦੇ ਹਨ।
ਸੰਯਮ ਚੌਰਸੀਆ ਕਹਿੰਦੇ ਹਨ, "ਸਮਾਰਟਫੋਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੁਣ ਲੋਕ ਕੰਪਨੀ ਵੱਲੋਂ ਲਿਆਂਦੇ ਜਾ ਰਹੇ ਨਵੇਂ ਅਪਗ੍ਰੇਡਿਡ ਮਾਡਲ ਖਰੀਦਣ ਦੀ ਬਜਾਏ ਆਪਣੇ ਪੁਰਾਣੇ ਫੋਨ ਨੂੰ ਹੀ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨੂੰ ਤਵੱਜੋ ਦੇ ਰਹੇ ਹਨ।"
"ਜੇਕਰ ਫੋਨ ਖ਼ਰਾਬ ਹੋ ਗਿਆ ਹੈ ਤਾਂ ਨਵਾਂ ਖਰੀਦਣ ਦੀ ਥਾਂ ਉਸ ਨੂੰ ਹੀ ਰਿਪੇਅਰ ਕਰਵਾਉਣ ਜਾਂ ਸੈਕਿੰਡ ਹੈਂਡ ਫੋਨ ਲੈਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।"
ਪਰ ਅਜਿਹਾ ਕਿਉਂ ਹੋ ਰਿਹਾ ਹੈ, ਇਸ ਦੇ ਜਵਾਬ ਵਿੱਚ ਸੰਯਮ ਚੌਰਸੀਆ ਕਹਿੰਦੇ ਹਨ, "ਆਮ ਤੌਰ ਉੱਤੇ ਕੰਪਨੀਆਂ ਵੱਲੋਂ ਜੋ ਨਵੇਂ ਮਾਡਲ ਲਿਆਂਦੇ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਖਾਸ ਨਵੇਂ ਫੀਚਰ ਨਹੀਂ ਦਿੱਤੇ ਜਾ ਰਹੇ ਕਿ ਲੋਕ ਹਰ ਨਵਾਂ ਮਾਡਲ ਖਰੀਦਣ ਲਈ ਉਤਸ਼ਾਹ ਦਿਖਾਉਣ।"
ਸੰਯਮ ਕਹਿੰਦੇ ਹਨ ਕਿ ਕਸਟਮਰ ਹਰ ਨਵਾਂ ਜਾਂ ਅਪਗ੍ਰੇਡਿਡ ਮਾਡਲ ਖਰੀਦਣ ਦੀ ਬਜਾਏ ਇੰਤਜ਼ਾਰ ਕਰਨ ਨੂੰ ਅਹਿਮੀਅਤ ਦੇ ਰਹੇ ਹਨ ਅਤੇ ਕੋਈ ਨਵੀਂ ਇਨੋਵੇਸ਼ਨ ਹੋਣ ਉੱਤੇ ਹੀ ਸਮਾਰਟਫੋਨ ਖਰੀਦਣ ਨੂੰ ਤਵੱਜੋ ਦੇ ਰਹੇ ਹਨ।
ਓਮਡੀਆ ਨੇ ਆਪਣੇ ਅਧਿਐਨ ਵਿੱਚ ਤੀਜੀ ਤਿਮਾਹੀ ਦੌਰਾਨ ਸ਼ਿਪਮੈਂਟ ਵਿੱਚ ਆਈ ਗਿਰਾਵਟ ਦੀ ਵਜ੍ਹਾ ਦੀਵਾਲੀ ਵਿੱਚ ਦੇਰੀ ਨੂੰ ਵੀ ਦੱਸਿਆ ਹੈ।
ਆਮ ਤੌਰ ਉੱਤੇ ਕੰਪਨੀਆਂ ਅਕਤੂਬਰ ਵਿੱਚ ਦੀਵਾਲੀ ਹੋਣ ਦੇ ਮੱਦੇਨਜ਼ਰ ਸਤੰਬਰ ਮਹੀਨੇ ਹੀ ਸਟਾਕ ਰਿਟੇਲ ਸਟੋਰ ਉੱਤੇ ਭੇਜ ਦਿੰਦੀਆਂ ਹਨ ਪਰ ਇਸ ਵਾਰ 8 ਨਵੰਬਰ ਦੀ ਦੀਵਾਲੀ ਹੋਣ ਕਾਰਨ ਸ਼ਿਪਮੈਂਟ ਅਕਤੂਬਰ ਮਹੀਨੇ ਵਿੱਚ ਸ਼ਿਫਟ ਹੋ ਗਈ, ਜਿਸ ਕਾਰਨ ਵੀ ਗਿਰਾਵਟ ਦੇਖਣ ਨੂੰ ਮਿਲੀ।
15-20 ਹਜ਼ਾਰ 'ਚ ਮਿਲਣ ਵਾਲੇ ਸਮਾਰਟਫੋਨ ਕਿਉਂ ਹੋਏ ਮਹਿੰਗੇ ?
ਮਾਰਕੀਟ ਰਿਸਰਚ ਕੰਪਨੀ ਕਾਊਂਟਰਪੁਆਇੰਟ ਦੇ ਰਿਸਰਚ ਐਨਾਲਿਸਟ ਸ਼ੁਭਮ ਸਿੰਘ ਇਸ ਪਿੱਛੇ ਮੁੱਖ ਵਜ੍ਹਾ ਸਮਾਰਟਫੋਨ ਵਿੱਚ ਇਸਤੇਮਾਲ ਹੋਣ ਵਾਲੀ ਮੈਮੋਰੀ ਚਿਪ ਦੀਆਂ ਕੀਮਤਾਂ ਵਿੱਚ ਇਜ਼ਾਫੇ ਨੂੰ ਦੱਸਦੇ ਹਨ।
ਸ਼ੁਭਮ ਸਿੰਘ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੈਮੋਰੀ ਚਿਪ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹੀ ਵਜ੍ਹਾ ਹੈ ਕਿ ਜੋ ਸਮਾਰਟਫੋਨ ਪਹਿਲਾਂ 15-20 ਹਜ਼ਾਰ ਵਿੱਚ ਮਿਲ ਜਾਂਦਾ ਸੀ ਉਹ ਹੁਣ 30 ਹਜ਼ਾਰ ਤੋਂ ਵੱਧ ਦਾ ਮਿਲ ਰਿਹਾ ਹੈ।
ਅਜਿਹੇ ਵਿੱਚ ਜਿਹੜੇ ਖਪਤਕਾਰ ਸਸਤੇ ਸਮਾਰਟਫੋਨ ਹੀ ਖਰੀਦ ਸਕਦੇ ਹਨ, ਉਨ੍ਹਾਂ ਦੀ ਖਰੀਦ ਸਮਰੱਥਾ ਪ੍ਰਭਾਵਿਤ ਹੋਈ ਹੈ।
ਹਾਲਾਂਕਿ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਵੱਲੋਂ ਮਾਰਚ 2026 ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਦੂਜਾ ਸਭ ਤੋਂ ਵੱਡਾ ਮੋਬਾਈਲ ਮੈਨੂਫੈਕਚਰਿੰਗ ਕਰਨ ਵਾਲਾ ਦੇਸ਼ ਬਣ ਗਿਆ ਹੈ।
ਇਸ ਬਾਰੇ ਸ਼ੁਭਮ ਦੱਸਦੇ ਹਨ ਕਿ ਬੇਸ਼ੱਕ ਭਾਰਤ ਮੋਬਾਈਲ ਮੈਨੂਫੈਕਚਰਿੰਗ ਦੇ ਮਾਮਲੇ ਵਿੱਚ ਦੂਜਾ ਵੱਡਾ ਮੁਲਕ ਬਣ ਗਿਆ ਹੈ ਪਰ ਅਜੇ ਵੀ ਇੱਥੇ ਸਮਾਰਟਫੋਨ ਦੇ ਵੱਖ-ਵੱਖ ਪਾਰਟਸ ਅਸੈਂਬਲ ਕੀਤੇ ਜਾਂਦੇ ਹਨ ਅਤੇ ਇਹ ਪਾਰਟਸ ਜ਼ਿਆਦਾਤਰ ਵਿਦੇਸ਼ਾਂ ਤੋਂ ਹੀ ਆਉਂਦੇ ਹਨ, ਜਿਨ੍ਹਾਂ ਦੀ ਲਾਗਤ ਡਾਲਰ ਵਿੱਚ ਹੁੰਦੀ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਦੀ ਗਿਰਾਵਟ ਕਾਰਨ ਲਾਗਤ ਵਧ ਰਹੀ ਹੈ।
ਸਮਾਰਟਫੋਨ ਦੀਆਂ ਵਧਦੀਆਂ ਕੀਮਤਾਂ ਪਿੱਛੇ ਏਆਈ ਦੀ ਕੀ ਭੂਮਿਕਾ?
ਕਾਊਂਟਰਪੁਆਇੰਟ ਦੇ ਰਿਸਰਚ ਐਨਾਲਿਸਟ ਸ਼ੁਭਮ ਸਿੰਘ ਸਮਾਰਟਫੋਨ ਦੀਆਂ ਵਧਦੀਆਂ ਕੀਮਤਾਂ ਪਿੱਛੇ ਡਿਮਾਂਡ-ਸਪਲਾਈ ਦੀ ਖੇਡ ਨੂੰ ਦੱਸਦੇ ਹਨ।
ਉਨ੍ਹਾਂ ਮੁਤਾਬਕ ਏਆਈ ਦੇ ਵਧਦੇ ਇਸਤੇਮਾਲ ਕਾਰਨ ਮੈਮੋਰੀ ਚਿਪ ਦੀ ਡਿਮਾਂਡ ਕਾਫੀ ਵਧ ਗਈ ਹੈ।
ਜਿਹੜੀਆਂ ਕੰਪਨੀਆਂ ਮੈਮੋਰੀ ਚਿਪ ਦਾ ਉਤਪਾਦਨ ਕਰਦੀਆਂ ਹਨ ਉਹ ਏਆਈ ਕੰਪਨੀਆਂ ਜਾਂ ਡਾਟਾ ਸੈਂਟਰ ਨੂੰ ਵਧ ਤਵੱਜੋ ਦੇ ਰਹੀਆਂ ਹਨ ਕਿਉਂਕਿ ਸਮਾਰਟਫੋਨ ਕੰਪਨੀਆਂ ਦੇ ਮੁਕਾਬਲੇ ਇੱਥੋਂ ਉਨ੍ਹਾਂ ਨੂੰ ਵੱਧ ਮਾਰਜਿਨ ਮਿਲਦਾ ਹੈ।
ਇਹੀ ਕਾਰਨ ਹੈ ਕਿ ਡਿਮਾਂਡ ਵਧਣ ਕਾਰਨ ਪਿਛਲੇ ਇੱਕ ਸਾਲ ਦੌਰਾਨ ਹੀ ਮੈਮੋਰੀ ਚਿਪ ਦੀਆਂ ਕੀਮਤਾਂ ਵਿੱਚ ਕਾਫੀ ਉਛਾਲ ਆਇਆ ਅਤੇ ਸਮਾਰਟਫੋਨ ਕੰਪਨੀਆਂ ਲਈ ਸਸਤੇ ਫੋਨ ਦਾ ਉਤਪਾਦਨ ਚੁਣੌਤੀ ਬਣ ਗਿਆ ਹੈ।
ਸ਼ੁਭਮ ਸਿੰਘ ਮੁਤਾਬਕ ਜਦੋਂ ਤੱਕ ਡਿਮਾਂਡ-ਸਪਲਾਈ ਵਿੱਚ ਪਿਆ ਇਹ ਪਾੜ ਪੂਰਾ ਨਹੀਂ ਹੁੰਦਾ, ਉਦੋਂ ਤੱਕ ਮੈਮੋਰੀ ਚਿਪ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਨਹੀਂ ਮਿਲ ਸਕਦੀ।
ਹਾਲਾਂਕਿ ਉਹ ਇਹ ਵੀ ਦੱਸਦੇ ਹਨ ਕਿ ਵਧਦੀ ਡਿਮਾਂਡ ਨੂੰ ਦੇਖਦਿਆਂ ਮੈਮੋਰੀ ਚਿਪ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਇਸ ਦੇ ਉਤਪਾਦਨ ਨੂੰ ਵਧਾਉਣ ਲਈ ਕਦਮ ਵੀ ਚੁੱਕੇ ਜਾ ਰਹੇ ਹਨ।
ਭਾਰਤ ਸਰਕਾਰ ਵੱਲੋਂ ਵੀ ਸਮਾਰਟਫੋਨ ਮੈਨੂਫੈਕਚਰਿੰਗ ਖੇਤਰ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ।
ਜੁਲਾਈ 2026 ਵਿੱਚ ਕੇਂਦਰੀ ਕੈਬਨਿਟ ਵੱਲੋਂ ਮੋਬਾਈਲ ਫੋਨ ਮੈਨੂਫੈਕਚਰਿੰਗ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਇਸ ਲਈ 62 ਹਜ਼ਾਰ 500 ਕਰੋੜ ਦਾ ਬਜਟ ਰੱਖਿਆ ਗਿਆ।
ਇਸ ਦਾ ਮਕਸਦ ਭਾਰਤ ਵਿੱਚ ਸਮਾਰਟਫੋਨ ਦੇ ਉਤਪਾਦਨ ਨੂੰ ਹੋਰ ਵਧਾਉਣ ਦੇ ਨਾਲ-ਨਾਲ ਵਿਦੇਸ਼ਾਂ ਤੋਂ ਇੰਪੋਰਟ ਕੀਤੇ ਪੁਰਜ਼ਿਆਂ ਦੀ ਥਾਂ ਭਾਰਤ ਵਿੱਚ ਹੀ ਬਣੇ ਪੁਰਜ਼ਿਆਂ ਦੇ ਇਸਤੇਮਾਲ ਨੂੰ ਹੁਲਾਰਾ ਦੇਣਾ ਹੈ।
ਭਾਰਤ ਵਿੱਚ ਮੈਮੋਰੀ ਚਿਪ ਦੇ ਉਤਪਾਦਨ ਨੂੰ ਲੈਕੇ ਇਸ ਸਾਲ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਦੋ ਕੰਪਨੀਆਂ ਵੱਲੋਂ ਮੈਮੋਰੀ ਚਿਪ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਗੁਜਰਾਤ ਦੇ ਸਾਨੰਦ ਵਿੱਚ ਮਾਈਕ੍ਰੋਨ ਯੂਨਿਟ ਅਤੇ ਰਾਜਸਥਾਨ ਦੇ ਭਿਵਾੜੀ ਵਿੱਚ ਸਹਸਰਾ ਯੂਨਿਟ ਵਿੱਚ ਮੈਮੋਰੀ ਚਿਪ ਤਿਆਰ ਕੀਤੀਆਂ ਜਾ ਰਹੀਆਂ ਹਨ।
ਹਾਲਾਂਕਿ ਸ਼ੁਭਮ ਸਿੰਘ ਮੁਤਾਬਕ ਇਨ੍ਹਾਂ ਯੂਨਿਟਸ ਵਿੱਚ ਵੀ ਅਜੇ ਮੁੱਖ ਤੌਰ ਉੱਤੇ ਡਾਟਾ ਸੈਂਟਰਸ ਲਈ ਹੀ ਮੈਮੋਰੀ ਚਿਪ ਤਿਆਰ ਕੀਤੇ ਜਾ ਰਹੇ ਹਨ।
ਦੀਵਾਲੀ ਨੇੜੇ ਵੀ ਸਮਾਰਟਫੋਨ ਦੀ ਖਰੀਦ ਨੂੰ ਕਿਉਂ ਨਹੀਂ ਮਿਲ ਰਿਹਾ ਹੁੰਗਾਰਾ ?
ਓਮਡੀਆ ਦੇ ਪ੍ਰਿੰਸੀਪਲ ਐਨਾਲਿਸਟ ਸੰਯਮ ਚੌਰਸੀਆ ਕਹਿੰਦੇ ਹਨ, "ਆਮ ਤੌਰ ਉੱਤੇ ਦੀਵਾਲੀ ਤੋਂ ਪਹਿਲਾਂ ਸਮਾਰਟਫੋਨ ਉੱਤੇ ਕਾਫੀ ਆਫਰ ਦੇਖਣ ਨੂੰ ਮਿਲਦੇ ਸਨ, ਜਿਸ ਕਾਰਨ ਗਾਹਕ ਵੱਲੋਂ ਵੀ ਮਹਿੰਗਾ ਅਤੇ ਵਧੀਆ ਕੁਆਲਿਟੀ ਦਾ ਫੋਨ ਡਿਸਕਾਊਂਟ ਰੇਟ ਉੱਤੇ ਮਿਲਣ ਕਾਰਨ ਖਰੀਦਦਾਰੀ ਵਿੱਚ ਦਿਲਚਸਪੀ ਦਿਖਾਈ ਦਿੰਦੀ ਸੀ।"
"ਪਰ ਇਸ ਵਾਰ ਸਮਾਰਟਫੋਨ ਦੀ ਲਾਗਤ ਵਧਣ ਕਾਰਨ ਰਿਟੇਲਰਾਂ ਵੱਲੋਂ ਜ਼ਿਆਦਾ ਡਿਸਕਾਊਂਟ ਆਫਰ ਨਹੀਂ ਦਿੱਤੇ ਜਾ ਰਹੇ ਕਿਉਂਕਿ ਉਨ੍ਹਾਂ ਦਾ ਮਾਰਜਿਨ ਪਹਿਲਾਂ ਹੀ ਘੱਟ ਗਿਆ ਹੈ, ਅਜਿਹੇ ਵਿੱਚ ਸਮਾਰਟਫੋਨਾਂ ਦੀ ਵਿਕਰੀ ਨੂੰ ਵਧੇਰੇ ਹੁੰਗਾਰਾ ਨਹੀਂ ਮਿਲ ਪਾ ਰਿਹਾ।"
ਸ਼ੁਭਮ ਸਿੰਘ ਵੀ ਇਸ ਪਿੱਛੇ ਇਹੀ ਕਾਰਨ ਮੰਨਦੇ ਹਨ। ਇੱਕ ਉਦਾਹਰਨ ਦਿੰਦਿਆਂ ਉਹ ਸਮਝਾਉਂਦੇ ਹਨ ਕਿ ਮੰਨ ਲਓ ਕਿਸੇ ਕਸਟਮਰ ਨੇ 50 ਹਜ਼ਾਰ ਦਾ ਸਮਾਰਟਫੋਨ ਖਰੀਦਣ ਦਾ ਬਜਟ ਰੱਖਿਆ ਹੈ ਪਰ ਲਾਗਤ ਵਧਣ ਕਾਰਨ 50 ਹਜ਼ਾਰ ਵਿੱਚ ਮਿਲਣ ਵਾਲੇ ਫੋਨ ਦੀ ਕੀਮਤ 80 ਹਜ਼ਾਰ ਹੋ ਗਈ।
ਜੇਕਰ ਰਿਟੇਲਰ ਆਪਣਾ ਮਾਰਜਿਨ ਰੱਖਦੇ ਹੋਏ ਕੁਝ ਡਿਸਕਾਊਂਟ ਦੇ ਵੀ ਦਿੰਦਾ ਹੈ ਕਿ ਤਾਂ ਵੀ ਫੋਨ ਦੀ ਕੀਮਤ 70 ਹਜ਼ਾਰ ਰਹੀ ਜੋ ਅਜੇ ਵੀ ਕਸਟਮਰ ਦੀ ਖਰੀਦ ਸਮਰੱਥਾ ਤੋਂ ਬਾਹਰ ਹੈ।
ਸ਼ੁਭਮ ਦੱਸਦੇ ਹਨ ਕਿ 8 ਅਕਤੂਬਰ ਤੋਂ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਉੱਤੇ ਹੁਣ ਤੱਕ ਜੋ ਸਮਾਰਟਫੋਨ ਦੀ ਸੇਲ ਹੋਈ ਹੈ, ਉਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਦੀ ਮੁੱਖ ਵਜ੍ਹਾ ਇਹ ਰਹੀ ਹੈ ਕਿ ਉਸ ਪੱਧਰ ਦੇ ਡਿਸਕਾਊਂਟ ਆਫਰ ਨਹੀਂ ਮਿਲੇ।
ਗਾਹਕਾਂ ਅਤੇ ਦੁਕਾਨਦਾਰਾਂ ਨੇ ਕੀ ਕਿਹਾ?
ਚੰਡੀਗੜ੍ਹ ਵਿੱਚ ਸਮਾਰਟਫੋਨ ਰਿਟੇਲ ਦਾ ਕੰਮ ਕਰਨ ਵਾਲੇ ਦੁਕਾਨਦਾਰ ਵਿਕਰਮ ਨੇ ਦੱਸਿਆ ਕਿ ਸਮਾਰਟਫੋਨਾਂ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧ ਗਈਆਂ ਹਨ, ਜਿਸ ਕਾਰਨ ਰਿਟੇਲਰਾਂ ਦੀ ਲਾਗਤ ਵੀ ਵਧੀ ਹੈ।
ਉਹ ਕਹਿੰਦੇ ਹਨ ਕਿ ਜਿਹੜੇ ਫੋਨ ਪਹਿਲਾਂ 10 ਤੋਂ 15 ਹਜ਼ਾਰ ਰੁਪਏ ਦੀ ਕੀਮਤ ਵਿੱਚ ਮਿਲ ਜਾਂਦੇ ਸਨ, ਉਹ ਹੁਣ 6 ਤੋਂ 7 ਹਜ਼ਾਰ ਰੁਪਏ ਹੋਰ ਮਹਿੰਗੇ ਹੋ ਗਏ ਹਨ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਗਾਹਕਾਂ ਦੀ ਖ਼ਰੀਦ ਸਮਰੱਥਾ ਹੈ, ਉਹ ਅਜੇ ਵੀ ਫੋਨ ਖ਼ਰੀਦ ਰਹੇ ਹਨ, ਪਰ ਦੁਕਾਨਾਂ 'ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ (ਫੁੱਟਫਾਲ) ਵਿੱਚ ਕਮੀ ਆਈ ਹੈ।
ਉਧਰ, ਚੰਡੀਗੜ੍ਹ ਵਿੱਚ ਖ਼ਰੀਦਦਾਰੀ ਕਰ ਰਹੇ ਇੱਕ ਗਾਹਕ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੇ ਅਜੇ ਇੱਕ ਮਹੀਨਾ ਪਹਿਲਾਂ ਹੀ ਫੋਨ ਖ਼ਰੀਦਿਆ ਹੈ। ਪਰਿਵਾਰ ਦੇ ਇੱਕ ਹੋਰ ਮੈਂਬਰ ਨੂੰ ਮੋਬਾਈਲ ਦੀ ਲੋੜ ਹੋਣ ਕਾਰਨ ਉਨ੍ਹਾਂ ਨੂੰ ਇੱਕ ਹੋਰ ਫੋਨ ਖ਼ਰੀਦਣਾ ਪੈ ਰਿਹਾ ਹੈ।
ਉਹ ਕਹਿੰਦੇ ਹਨ, "ਮੈਂ ਜਿਸ ਰੇਂਜ ਦਾ ਮੋਬਾਈਲ ਖ਼ਰੀਦਿਆ ਸੀ, ਉਸ ਦੀ ਕੀਮਤ ਹੁਣ 6 ਤੋਂ 7 ਹਜ਼ਾਰ ਰੁਪਏ ਵਧ ਗਈ ਹੈ, ਪਰ ਲੋੜ ਹੋਵੇ ਤਾਂ ਖ਼ਰੀਦਦਾਰੀ ਕਰਨੀ ਹੀ ਪੈਂਦੀ ਹੈ।"
ਹਰਿਆਣਾ ਦੇ ਰਹਿਣ ਵਾਲੇ ਰਾਜੇਸ਼ ਨਾਮ ਦੇ ਇੱਕ ਗਾਹਕ ਨੇ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਚਿਪ ਮਹਿੰਗੀ ਹੋਣ ਕਾਰਨ ਫੋਨਾਂ ਦੀਆਂ ਕੀਮਤਾਂ ਵਧੀਆਂ ਹਨ। ਇਸ ਦਾ ਆਮ ਲੋਕਾਂ 'ਤੇ ਅਸਰ ਤਾਂ ਪੈਂਦਾ ਹੈ, ਪਰ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਲੋਕ ਆਪਣੀ ਖ਼ਰੀਦ ਸਮਰੱਥਾ ਮੁਤਾਬਕ ਖ਼ਰੀਦਦਾਰੀ ਕਰ ਹੀ ਰਹੇ ਹਨ।
"ਸਮਾਰਟਫੋਨ ਰਿਟੇਲਰਾਂ ਲਈ ਮੁਸ਼ਕਿਲ ਸਮਾਂ"
ਆਲ ਇੰਡੀਆ ਮੋਬਾਈਲ ਰਿਟੇਲਰਸ ਐਸੋਸੀਏਸ਼ਨ ਦੇ ਕੌਮੀ ਜੁਆਇੰਟ ਜਨਰਲ ਸਕੱਤਰ ਨਵਨੀਤ ਪਾਠਕ ਇਸ ਦੌਰ ਨੂੰ ਸਮਾਰਟਫੋਨ ਰਿਟੇਲਰਸ ਲਈ ਮੁਸ਼ਕਿਲ ਸਮਾਂ ਦੱਸਦੇ ਹਨ। ਉਨ੍ਹਾਂ ਮੁਤਾਬਕ ਹੁਣ ਤੱਕ ਦਾ ਤਿਉਹਾਰੀ ਸੀਜ਼ਨ ਫਿੱਕਾ ਰਿਹਾ ਹੈ।
ਨਵਨੀਤ ਪਾਠਕ ਵੀ ਮੰਨਦੇ ਹਨ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਤਿਉਹਾਰੀ ਸੀਜ਼ਨ ਦੌਰਾਨ ਕੰਪਨੀਆਂ ਵੱਲੋਂ ਉਨੇ ਆਕਰਸ਼ਕ ਆਫਰ ਨਹੀਂ ਦਿੱਤੇ ਜਾ ਰਹੇ, ਜਿਸ ਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਉਹ ਕਹਿੰਦੇ ਹਨ, "ਇਸ ਸਾਲ ਦੁਸ਼ਹਿਰਾ ਅਤੇ ਦੁਰਗਾ ਪੂਜਾ ਸੀਜ਼ਨ ਦੌਰਾਨ ਵਿਕਰੀ ਵਿੱਚ ਜੋ ਕਮੀ ਦੇਖਣ ਨੂੰ ਮਿਲੀ, ਉਸ ਦੇ ਮੱਦੇਨਜ਼ਰ ਕੰਪਨੀਆਂ ਵੱਲੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੋਰ ਆਫ਼ਰ ਦਿੱਤੇ ਜਾ ਰਹੇ ਹਨ ਪਰ ਮਾਰਜਿਨ ਜ਼ਿਆਦਾ ਨਾ ਮਿਲਣ ਕਾਰਨ ਇਹ ਆਫਰ ਗਾਹਕਾਂ ਨੂੰ ਖਿੱਚਣ ਵਿੱਚ ਜ਼ਿਆਦਾ ਕਾਮਯਾਬ ਨਹੀਂ ਹੋ ਪਾ ਰਹੇ। ਇਸ ਵਾਰ ਆਨਲਾਈਨ ਪਲੇਟਫਾਰਮ ਉੱਤੇ ਵੀ ਸੇਲਜ਼ ਘਟੀਆਂ ਹਨ।"
ਨਵਨੀਤ ਪਾਠਕ ਕਹਿੰਦੇ ਹਨ ਕਿ ਮੈਮੋਰੀ ਚਿਪ ਨੂੰ ਸਮਾਰਟਫੋਨ ਦਾ ਦਿਲ ਕਿਹਾ ਜਾ ਸਕਦਾ, ਇਸ ਤੋਂ ਬਿਨਾਂ ਕੋਈ ਵੀ ਸਮਾਰਟਫੋਨ ਅਧੂਰਾ ਹੈ ਅਤੇ ਜਦੋਂ ਤੱਕ ਮੈਮੋਰੀ ਚਿਪ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਉਂਦੀ ਉਦੋਂ ਤੱਕ ਸਮਾਰਟਫੋਨ ਦੀਆਂ ਕੀਮਤਾਂ ਘੱਟਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਜੇਕਰ ਕੰਪਨੀਆਂ ਵੱਲੋਂ ਸਸਤੇ ਸਮਾਰਟਫੋਨ ਤਿਆਰ ਕੀਤੇ ਵੀ ਜਾਣਗੇ ਤਾਂ ਅਜਿਹੇ ਮਾਡਲਸ ਵਿੱਚ ਜ਼ਿਆਦਾ ਚੰਗੇ ਫੀਚਰਜ਼ ਨਹੀਂ ਦਿੱਤੇ ਜਾ ਸਕਣਗੇ।
ਹੁਣ ਅੱਗੇ ਸਮਾਰਟਫੋਨ ਸੈਕਟਰ ਦੀ ਕੀ ਸਥਿਤੀ ਰਹਿ ਸਕਦੀ ?
ਸਮਾਰਟਫੋਨ ਸੈਕਟਰ ਦੇ ਭਵਿੱਖੀ ਰੁਝਾਨ ਬਾਰੇ ਗੱਲ ਕਰਦਿਆਂ ਕਾਊਂਟਰਪੁਆਇੰਟ ਦੇ ਰਿਸਰਚ ਡਾਇਰੈਕਟਰ ਤਰੁਣ ਪਾਠਕ ਕਹਿੰਦੇ ਹਨ, "ਸਾਡਾ ਅਨੁਮਾਨ ਹੈ ਕਿ 2026 ਵਿੱਚ ਭਾਰਤ ਦਾ ਸਮਾਰਟਫੋਨ ਬਾਜ਼ਾਰ ਲਗਭਗ 13 ਫ਼ੀਸਦੀ ਸੁੰਗੜ ਸਕਦਾ ਹੈ ਅਤੇ 2027 ਵਿੱਚ ਵੀ ਇਹ ਚੁਣੌਤੀਆਂ ਬਰਕਰਾਰ ਰਹਿਣ ਦੀ ਉਮੀਦ ਹੈ।"
ਉਹ ਕਹਿੰਦੇ ਹਨ ਕਿ ਤਿਉਹਾਰੀ ਸੀਜ਼ਨ ਤੋਂ ਬਾਅਦ ਸਮਾਰਟਫੋਨ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਣ ਦੀ ਸੰਭਾਵਨਾ ਹੈ।
ਬੇਸ਼ੱਕ ਲਾਗਤ ਕਾਬੂ ਹੇਠ ਲਿਆਉਣ ਲਈ ਸਮਾਰਟਫੋਨ ਕੰਪਨੀਆਂ ਵੱਲੋਂ ਘੱਟ ਫੀਚਰ ਵਾਲੇ ਮਾਡਲ ਲਿਆਂਦੇ ਜਾ ਰਹੇ ਹਨ ਪਰ ਜਦੋਂ ਤੱਕ ਸਮਾਰਟਫੋਨ ਵਿੱਚ ਇਸਤੇਮਾਲ ਹੋਣ ਵਾਲੇ ਮੈਮੋਰੀ ਚਿਪ ਵਰਗੇ ਪਾਰਟਸ ਦੀ ਲਾਗਤ ਨਹੀਂ ਘੱਟਦੀ, ਇਹ ਚੁਣੌਤੀਆਂ ਬਰਕਰਾਰ ਰਹਿ ਸਕਦੀਆਂ ਹਨ।
ਆਲ ਇੰਡੀਆ ਮੋਬਾਈਲ ਰਿਟੇਲਰਸ ਐਸੋਸੀਏਸ਼ਨ ਦੇ ਕੌਮੀ ਜੁਆਇੰਟ ਜਨਰਲ ਸਕੱਤਰ ਨਵਨੀਤ ਪਾਠਕ ਮੁਤਾਬਕ ਸਮਾਰਟਫੋਨ ਸੈਕਟਰ ਨੂੰ ਹੁਲਾਰਾ ਦੇਣ ਲਈ ਸਰਕਾਰ ਅਤੇ ਕੰਪਨੀਆਂ ਵੱਲੋਂ ਸਾਂਝੇ ਕਦਮ ਚੁੱਕਣ ਦੀ ਲੋੜ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ