ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਰਣਜੀਤ ਬਾਵਾ ਦੇ ਗੀਤ 'ਮੇਰਾ ਕੀ ਕਸੂਰ' ਨਾਲ ਜੁੜਿਆ ਕੀ ਹੈ ਵਿਵਾਦ ਤੇ ਬਾਵਾ ਨੇ ਕੀ ਕਿਹਾ
ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਹਾਲ ਹੀ 'ਚ ਗਾਇਆ ਗਿਆ ਨਵਾਂ ਗੀਤ 'ਮੇਰਾ ਕੀ ਕਸੂਰ' ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।
ਇਸ ਗੀਤ ਦੀਆਂ ਕੁਝ ਸਤਰਾਂ 'ਤੇ ਕਈ ਹਿੰਦੂ ਸੰਗਠਨਾਂ ਨੇ ਬਟਾਲਾ ਤੇ ਜਲੰਧਰ ਵਿੱਚ ਇਤਰਾਜ਼ ਜਤਾਉਂਦਿਆਂ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਜ਼ਰੀਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉੱਧਰ ਇਸ ਮਾਮਲੇ ਸਬੰਧੀ ਮਿਲੀ ਸ਼ਿਕਾਇਤ ਤੇ ਬਟਾਲਾ ਦੇ SSP ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਿਕਾਇਤ ਨੂੰ ਜਾਂਚ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਰਣਜੀਤ ਬਾਵਾ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਗਾਣੇ ਨਾਲ ਕੁਝ ਲੋਕਾਂ ਨੂੰ ਠੇਸ ਪਹੁੰਚੀ ਹੈ ਤੇ ਉਨ੍ਹਾਂ ਨੇ ਮਾਫ਼ੀ ਵੀ ਮੰਗ ਲਈ ਹੈ। ਬਾਵਾ ਨੇ ਯੂ-ਟਿਊਬ ਸਣੇ ਹੋਰ ਸੋਸ਼ਲ ਪਲੈਟਫਾਰਮ ਤੋਂ ਇਸ ਗਾਣੇ ਨੂੰ ਹਟਾ ਲਿਆ ਹੈ।
ਬਟਾਲਾ ਤੋਂ ਬੀਬੀਸੀ ਪੰਜਾਬੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਵਿਨੇ ਮਹਾਜਨ ਨੇ ਬਾਵਾ 'ਤੇ ਇਲਜ਼ਾਮ ਲਗਾਉਂਦੇ ਕਿਹਾ, ''ਰਣਜੀਤ ਬਾਵਾ ਨੇ 'ਮੇਰਾ ਕੀ ਕਸੂਰ' ਨਾਮ ਦੇ ਗੀਤ ਦੀਆਂ ਲਾਈਨਾਂ ਵਿੱਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਹੈ।''
ਉਨ੍ਹਾਂ ਅੱਗੇ ਕਿਹਾ, ''ਗੀਤ ਵਿੱਚ ਜੋ ਲਫ਼ਜ਼ ਕਹੇ ਗਏ ਹਨ, ਇਨ੍ਹਾਂ ਨਾਲ ਸਾਡੇ ਸਮਾਜ ਅੰਦਰ ਗੁੱਸਾ ਹੈ। ਅਸੀਂ ਪੁਲਿਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।''
ਜਲੰਧਰ ਤੋਂ ਬੀਬੀਸੀ ਪੰਜਾਬੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਰਣਜੀਤ ਬਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਜਲੰਧਰ ਵਿੱਚ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ।
ਮੇਰਾ ਕੀ ਕਸੂਰ ਯੂ-ਟਿਊਬ ਤੋਂ ਹਟਾਇਆ
ਰਣਜੀਤ ਬਾਵਾ ਵੱਲੋਂ ਇਹ ਗੀਤ 2 ਮਈ ਨੂੰ ਆਪਣੇ ਯੂ-ਟਿਊਬ ਚੈਨਲ ਉੱਤੇ ਅਧਿਕਾਰਤ ਤੌਰ 'ਤੇ ਰਿਲੀਜ਼ ਕੀਤਾ ਗਿਆ ਸੀ। ਗੀਤ ਦੇ ਬੋਲ ਗਾਇਕ ਤੇ ਗੀਤਕਾਰ ਬੀਰ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਗੁਰਮੋਹ ਨੇ ਦਿੱਤਾ ਹੈ।
ਇਸ ਗੀਤ ਦੀ ਲਿਰੀਕਲ ਵੀਡੀਓ ਧੀਮਾਨ ਪ੍ਰੋਡਕਸ਼ਨਜ਼ ਵੱਲੋਂ ਬਣਾਈ ਗਈ ਹੈ। ਹਾਲਾਂਕਿ ਹੁਣ ਰਣਜੀਤ ਬਾਵਾ ਨੇ ਇਹ ਗੀਤ ਆਪਣੇ ਯੂ-ਟਿਊਬ ਚੈਨਲ ਤੋਂ ਹਟਾ ਲਿਆ ਹੈ।
ਰਣਜੀਤ ਬਾਵਾ ਨੇ ਕੀ ਕਿਹਾ?
ਰਣਜੀਤ ਬਾਵਾ ਨੇ ਇਸ ਪੂਰੇ ਮਾਮਲੇ ਬਾਰੇ ਵੀਡੀਓ ਜਾਰੀ ਕਰਕੇ ਮਾਫੀ ਮੰਗ ਲਈ ਹੈ।
ਬਾਵਾ ਨੇ ਆਪਣੇ ਬਿਆਨ ਵਿੱਚ ਕਿਹਾ, ''ਸਾਡੇ ਇੱਕ ਗਾਣੇ ਮੇਰਾ ਕੀ ਕਸੂਰ ਰਾਹੀਂ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰਾ ਮੰਤਵ ਕਿਸੇ ਦੀਆਂ ਭਾਵਨਾਵਾਂ ਭੜਕਾਉਣਾ ਨਹੀਂ ਸੀ। ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਹਨ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮਾਫ਼ੀ ਮੰਗਦੇ ਹਾਂ।''