ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਐੱਸਵਾਈਐੱਲ ਦੇ ਪਾਣੀ ਲਈ ਹਰਿਆਣਾ ਭਾਜਪਾ ਹੁਣ ਕੀ ਕਰਨ ਜਾ ਰਹੀ ਹੈ - ਪ੍ਰੈਸ ਰਿਵੀਊ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਹਰਿਆਣਾ ਭਾਜਪਾ ਨੇ ਐੱਸਵਾਈਐੱਲ ਦੇ ਮੁੱਦੇ 'ਤੇ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਸੂਬਾਈ ਭਾਜਪਾ ਵਲੋਂ 27 ਦਸੰਬਰ ਨੂੰ ਭਿਵਾਨੀ ਦੀ ਲੋਹਾੜੂ ਤਹਿਸੀਲ ਦੇ ਬਾਹਲ ਵਿੱਚ ਵਿਸ਼ਾਲ ਕਿਸਾਨ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਣੇ ਖੇਤੀਬਾੜੀ ਮੰਤਰੀ ਜੇਪੀ ਦਲਾਲ, ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸੰਸਦ ਮੈਂਬਰ, ਵਿਧਾਇਕ ਅਤੇ ਕਈ ਹੋਰ ਭਾਜਪਾ ਆਗੂ ਰੈਲੀ ਨੂੰ ਸੰਬੋਧਨ ਕਰਨਗੇ।
ਹਾਲਾਂਕਿ ਦਿੱਲੀ ਦੇ ਬਾਰਡਰਾਂ 'ਤੇ ਧਰਨੇ 'ਤੇ ਬੈਠੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਸ ਨੂੰ 'ਏਕਤਾ ਨੂੰ ਤੋੜਨ ਦੀ ਸਾਜ਼ਿਸ਼' ਦੱਸ ਰਹੇ ਹਨ।
ਇਹ ਵੀ ਪੜ੍ਹੋ:
ਜੰਮੂ ਵਿਚ ਭਾਜਪਾ ਤਾਂ ਕਸ਼ਮੀਰ ਵਿਚ ਗੁਪਕਰ ਅੱਗੇ
ਜੰਮੂ ਕਸ਼ਮੀਰ ਵਿੱਚ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਵਿਕਾਸ ਪਰਿਸ਼ਦ ਦੀਆਂ 280 ਸੀਟਾਂ ਲਈ ਚੋਣਾਂ ਹੋਈਆਂ।
ਦਿ ਇੰਡੀਅਨ ਐਕਸਪ੍ਰੈਸ ਵਿਚ ਛਪੀ ਖ਼ਬਰ ਮੁਤਾਬਕ ਭਾਜਪਾ 75 ਸੀਟਾਂ 'ਤੇ ਜਾਂ ਤਾਂ ਅੱਗੇ ਹੈ ਜਾਂ ਬੜਤ ਬਣਾਈ ਹੋਈ ਹੈ। ਇਸ ਚੋਣ ਵਿੱਚ ਭਾਜਪਾ ਜੰਮੂ-ਕਸ਼ਮੀਰ ਵਿੱਚ ਇਕੱਲੀ ਵੱਡੀ ਪਾਰਟੀ ਵਜੋਂ ਉਭਰੀ ਹੈ।
ਫਾਰੁਖ ਅਬਦੁੱਲਾ ਦੀ ਅਗਵਾਈ ਵਾਲੇ ਸੱਤ ਪਾਰਟੀਆਂ ਦੇ ਗੁਪਕਰ ਗਠਜੋੜ ਨੂੰ ਸਭ ਤੋਂ ਜ਼ਿਆਦਾ 112 ਸੀਟਾਂ 'ਤੇ ਕਾਮਯਾਬੀ ਮਿਲੀ ਹੈ।
ਅਖ਼ਬਾਰ ਲਿਖਦਾ ਹੈ ਕਿ ਜੰਮੂ ਦੇ ਛੇ ਜ਼ਿਲ੍ਹਿਆਂ ਵਿੱਚ ਭਾਜਪਾ ਬਹੁਮਤ ਵਿੱਚ ਹੈ ਜਦੋਂਕਿ ਕਸ਼ਮੀਰ ਵਿੱਚ ਉਹ ਕਿਸੇ ਵੀ ਜ਼ਿਲ੍ਹੇ ਵਿੱਚ ਬਹੁਮਤ ਹਾਸਿਲ ਨਹੀਂ ਕਰ ਸਕੀ ਹੈ।
ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਵੀ ਜਾਰੀ ਰਹੇਗੀ।
ਸੁਮੇਧ ਸੈਣੀ ਖਿਲਾਫ਼ ਚਲਾਨ ਦਾਇਰ
ਦਿ ਟ੍ਰਿਬਿਊਨ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ਼ ਮੋਹਾਲੀ ਅਦਾਲਤ ਵਿੱਚ 500 ਤੋਂ ਵੱਧ ਪੰਨਿਆਂ ਦਾ ਚਲਾਨ ਦਾਇਰ ਕੀਤਾ ਹੈ।
ਅਦਾਲਤ ਨੇ ਸੈਣੀ ਨੂੰ 22 ਜਨਵਰੀ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਸੀਬੀਐੱਸਈ ਬੋਰਡ ਪ੍ਰੀਖਿਆਵਾਂ ਮਾਰਚ ਤੋਂ ਪਹਿਲਾਂ ਨਹੀਂ ਹੋਣਗੀਆਂ
ਹਿੰਦੁਸਤਾਨ ਟਾਈਮਜ਼ ਮੁਤਾਬਕ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਦਾ ਕਹਿਣਾ ਹੈ ਕਿ ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਜਨਵਰੀ ਤੇ ਫਰਵਰੀ ਵਿੱਚ ਨਹੀਂ ਹੋਣਗੀਆਂ।
ਰਮੇਸ਼ ਪੋਖਰੀਆਲ ਨੇ ਦੇਸ ਭਰ ਦੇ ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਕਿਹਾ, "ਮੌਜੂਦਾ ਹਾਲਾਤ ਨੂੰ ਦੇਖਦਿਆਂ, ਇਹ ਫੈਸਲਾ ਲਿਆ ਗਿਆ ਹੈ ਕਿ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ, 2021 ਤੱਕ ਨਹੀਂ ਲਈਆਂ ਜਾਣਗੀਆਂ।"
"ਸਥਿਤੀ ਦੇ ਮੁਲਾਂਕਣ ਅਤੇ ਵਧੇਰੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਪ੍ਰੀਖਿਆ ਦੇ ਕਾਰਜਕ੍ਰਮ ਬਾਰੇ ਫੈਸਲਾ ਲਿਆ ਜਾਵੇਗਾ।"
ਲੰਡਨ ਤੋਂ ਪੁੱਜੇ ਯਾਤਰੀਆਂ 'ਚੋਂ 8 ਕੋਰੋਨਾ ਪੌਜ਼ੀਟਿਵ
ਪੰਜਾਬੀ ਟ੍ਰਿਬਿਊਨ ਮੁਤਾਬਕ ਲੰਡਨ ਤੋਂ ਆਈ ਇੱਕ ਹਵਾਈ ਉਡਾਣ ਰਾਹੀਂ ਪਹੁੰਚੇ 264 ਯਾਤਰੀਆਂ ਵਿੱਚੋਂ 8 ਵਿਅਕਤੀ ਕੋਰੋਨਾ ਪੌਜ਼ੀਟਿਵ ਮਿਲੇ ਹਨ। ਇਹ ਉਡਾਣ 21 ਦਸੰਬਰ ਦੀ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਸੀ।
ਇਸ ਸਬੰਧੀ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਦੱਸਿਆ, "ਬੀਤੀ ਦੇਰ ਰਾਤ ਲੰਡਨ ਤੋਂ ਅੰਮ੍ਰਿਤਸਰ ਪਹੁੰਚੀ ਹਵਾਈ ਉਡਾਣ ਦੇ ਸਾਰੇ 264 ਯਾਤਰੀਆਂ ਦੇ ਕੋਰੋਨਾ ਸਬੰਧੀ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਵਿਅਕਤੀਆਂ ਦੇ ਟੈਸਟ ਦੇ ਨਤੀਜੇ ਪੌਜ਼ੀਟਿਵ ਆਏ ਹਨ। ਇਨ੍ਹਾਂ ਵਿੱਚੋਂ ਛੇ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੂੰ ਏਕਾਂਤਵਾਸ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: