ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕਿਸਾਨ ਅੰਦੋਲਨ: ਪੰਜਾਬ-ਹਰਿਆਣਾ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ, ਕੇਂਦਰ ਸਰਕਾਰ ਨੇ ਦਿੱਤੇ ਹੁਕਮ
ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਨੂੰ ਐਤਵਾਰ, ਤਿੰਨ ਅਕਤੂਬਰ ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਨੂੰ 11 ਅਕਤੂਬਰ ਤੱਕ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਸੀ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਂਵਾਂ ਉੱਤੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕੇਂਦਰੀ ਖੁਰਕ ਮੰਤਰਾਲੇ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਚਿੱਠੀ ਵਿੱਚ ਲਿਖਿਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਖਰੀਦ ਨੂੰ 3 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ ਵੀ ਸ਼ਨੀਵਾਰ ਤੇ ਐਤਵਾਰ ਲਈ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਨੂੰ ਵਿਧਾਇਕਾਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ।
'ਕਿਸਾਨਾਂ ਦੀ ਜਿੱਤ'
ਬੀਬੀਸੀ ਪੱਤਰਕਾਰ ਅਤੁਲ ਸੰਗਰ ਨੇ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨੂੰ ਕਿਸਾਨਾਂ ਦੀ ਜਿੱਤ ਕਿਹਾ।
ਉਨ੍ਹਾਂ ਨੇ ਕਿਹਾ, "ਇਹ ਕਿਸਾਨਾਂ ਵੱਲੋਂ ਸਿਰਫ ਅੱਜ ਦੇ ਪ੍ਰਦਰਸ਼ਨ ਦਾ ਹੀ ਨਤੀਜਾ ਨਹੀਂ ਹੈ ਸਗੋਂ, ਪਿਛਲੇ ਲਗਭਗ ਇੱਕ ਸਾਲ ਤੋਂ ਕੀਤੇ ਜਾ ਰਹੇ ਸੰਘਰਸ਼ ਦਾ ਨਤੀਜਾ ਹੈ। ਸਰਕਾਰ ਨੇ ਕਿਸਾਨਾਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ ਜੋ ਪਹਿਲਾਂ ਨਹੀਂ ਹੋ ਰਿਹਾ ਸੀ।"
ਪੰਜਾਬ-ਹਰਿਆਣਾ 'ਚ ਕਿਸਾਨਾਂ ਨੇ ਵਿਧਾਇਕ ਘੇਰੇ, ਖੱਟਰ ਤੇ ਪਰਗਟ ਨੂੰ ਵੀ ਘੇਰਿਆ
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਡੀਸੀ ਦਫ਼ਤਰਾਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ। ਸ਼ਨੀਵਾਰ ਨੂੰ ਇਹ ਦਫ਼ਤਰ ਬੰਦ ਰਹਿੰਦੇ ਹਨ ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਗਿਆ।
ਹਾਲਾਂਕਿ ਪੰਜਾਬ ਵਿੱਚ ਕੁਝ ਥਾਵਾਂ ਉੱਤੇ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਹੋ ਰਹੇ ਹਨ। ਬਠਿੰਡਾ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ।
ਇਹ ਵੀ ਪੜ੍ਹੋ:
ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।
ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਤਿੰਨੇਂ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਦੋਵਾਂ ਧਿਰਾਂ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਮਗਰੋਂ ਵੀ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਪਰਗਟ ਸਿੰਘ ਦਾ ਘਿਰਾਓ ਕੀਤਾ
ਝੋਨੇ ਦੀ ਖਰੀਦ ਨੂੰ 11 ਅਕਤੂਬਰ ਤੱਕ ਮੁਲਤਵੀ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਜਲੰਧਰ ਵਿੱਚ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਘਿਰਾਓ ਕੀਤਾ।
ਬੀਬੀਸੀ ਸਹਿਯੋਗੀ ਪਰਦੀਪ ਪੰਡਿਤ ਅਨੁਸਾਰ ਪਰਗਟ ਸਿੰਘ ਜਲੰਧਰ ਦੇ ਸਰਕਟ ਹਾਊਸ ਵਿੱਚ ਅਧਿਆਪਕਾਂ ਨਾਲ ਮੀਟਿੰਗ ਕਰ ਰਹੇ ਸਨ। ਕਿਸਾਨਾਂ ਨੇ ਪਰਗਟ ਸਿੰਘ ਨੂੰ ਸਰਕਿਟ ਹਾਊਸ ਤੋਂ ਬਾਹਰ ਨਹੀਂ ਨਿਕਲਣ ਦਿੱਤਾ।
ਇੱਕ ਕਿਸਾਨ ਨੇ ਕਿਹਾ, "ਚੰਨੀ ਸਾਹਿਬ ਦੀ ਸਰਕਾਰ ਹੈ। ਘੱਟੋ-ਘੱਟ ਇਹ ਸੋਚਦੇ ਜੇ 25 ਸਤੰਬਰ ਨੂੰ ਖਰੀਦ ਸ਼ੁਰੂ ਨਹੀਂ ਹੋਈ ਤਾਂ ਘੱਟੋ-ਘੱਟ ਇੱਕ ਅਕਤੂਬਰ ਨੂੰ ਤਾਂ ਖਰੀਦ ਸ਼ੁਰੂ ਕਰਵਾਉਂਦੇ।"
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ੁੱਕਰਵਾਰ ਨੂੰ ਮਿਲ ਕੇ ਆਏ ਹਨ ਕਿ ਝੋਨੇ ਦੀ ਖ਼ਰੀਦ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ।
ਪੰਜਾਬ ਦੀਆਂ ਏਜੰਸੀਆਂ ਵੱਲੋਂ ਵੀ ਖ਼ਰੀਦ ਨਾ ਕੀਤੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ ਖ਼ਰੀਦ ਪੰਜਾਬ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਉਸ ਦੀ ਲਿਮਟ ਵੀ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੋਈ ਸ਼ਰਾਰਤ ਹੋਈ ਹੈ, ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਆਏ ਹਨ ਅਤੇ ਮਿਲ ਕੇ ਆਏ ਹਨ। ਇਹ ਸ਼ਰਾਰਤ ਉਸ ਤੋਂ ਬਾਅਦ ਵਿੱਚ ਹੋਈ ਹੈ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨਾ ਲਾਉਂਦਿਆਂ ਕਿਹਾ, ਮੈਨੂੰ ਇਸ ਪਿੱਛੇ ਸਿਆਸੀ ਮਨਸ਼ਾ ਨਜ਼ਰ ਆਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਣੀ ਚਾਹੁੰਦੇ ਹਨ, ਬੈਕਗਰਾਊਂਡ ਤੇ ਬੀਜੇਪੀ ਆਉਣਾ ਚਾਹੁੰਦੀ ਹੈ। ਹੌਲੀ-ਹੌਲੀ ਬਿੱਲੀ ਥੈਲਿਓਂ ਬਾਹਰ ਆਉਣ ਲੱਗੀ ਹੈ, ਜਿਵੇਂ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਕੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਰਲ਼ਿਆ ਹੋਇਆ ਹੈ, ਉਹ ਲੱਗਭਗ ਹੌਲੀ-ਹੌਲੀ ਸਾਹਮਣੇ ਆਉਣ ਲੱਗ ਪਿਆ ਹੈ।
ਮੋਗਾ ਦੇ ਵਿਧਾਇਕ ਦਾ ਘਿਰਾਓ
ਰਿਪੋਰਟ- ਸੁਰਿੰਦਰ ਮਾਨ: ਕਿਸਾਨ ਮੋਗਾ ਦੇ ਵਿਧਾਇਕ ਹਰਜੋਤ ਕਮਲ ਦਾ ਘਿਰਾਓ ਕਰਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪਹੁੰਚੇ। ਹਾਲਾਂਕਿ ਪੁਲਿਸ ਬਲ ਮੌਕੇ 'ਤੇ ਮੌਜੂਦ ਸੀ।
ਧਰਨੇ 'ਤੇ ਬੈਠੀ ਅਜੀਤ ਕੌਰ ਨੇ ਕਿਹਾ, "ਸਾਡੇ ਝੋਨੇ ਦੀ ਬੋਲੀ ਅੱਜ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਸਾਡਾ ਝੋਨਾ ਰੁਲ ਰਿਹਾ ਹੈ ਮੰਡੀਆਂ ਵਿੱਚ। ਸਾਡਾ ਝੋਨਾ ਵਿਕਣਾ ਚਾਹੀਦਾ ਹੈ। ਸਾਡਾ ਨਰਮਾ ਗੱਲ ਗਿਆ, ਕਿਸੇ ਨੇ ਝਾੜ ਨਹੀਂ ਦਿੱਤਾ।"
ਮਨੋਹਰ ਲਾਲ ਖੱਟਰ ਦੇ ਘਰ ਨੇੜੇ ਕਿਸਾਨ ਪਹੁੰਚੇ
ਕਰਨਾਲ ਵਿੱਚ ਝੋਨੇ ਦੀਆਂ ਟਰਾਲੀਆਂ ਲੈ ਕੇ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਵੱਲ ਤੁਰੇ।
ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਵਾਸਤੇ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਗਿਆ।
ਬੀਬੀਸੀ ਸਹਿਯੋਗੀ ਕਮਲ ਸੈਣੀ ਅਨੁਸਾਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਘਰ ਵੱਲ ਜਾਂਦੇ ਰਾਹ ਨੂੰ ਝੋਨੇ ਦੀਆਂ ਟਰਾਲੀਆਂ ਨਾਲ ਰੋਕ ਦਿੱਤਾ ਗਿਆ ਹੈ।
ਕੁਰੂਕਸ਼ੇਤਰ-ਸ਼ਾਹਬਾਦ ਵਿੱਚ ਵਿਧਾਇਕ ਰਾਮਕਰਣ ਕਾਲਾ ਤੇ ਖੇਡ ਮੰਤਰੀ ਸੰਦੀਪ ਸਿੰਘ ਦੇ ਘਰ ਦੇ ਅੱਗੇ ਕਿਸਾਨ ਪਹੁੰਚ ਗਏ ਹਨ। ਉਨ੍ਹਾਂ ਨੇ ਝੋਨੇ ਦੀਆਂ ਟਰਾਲੀਆਂ ਨਾਲ ਉੱਥੇ ਵੀ ਰਾਹ ਬੰਦ ਕਰ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਅੱਗੇ ਧਰਨਾ
ਬੀਬੀਸੀ ਪੰਜਾਬੀ ਦੇ ਸਹਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਮਾਝਾ ਕਿਸਾਨ ਸੰਗਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਕਸਬਾ ਕਾਦੀਆਂ ਵਿਖੇ ਧਰਨਾ ਪ੍ਰਦਰਸ਼ਨ ਜਾਰੀ ਹੈ। ਪੇਸ਼ ਹਨ ਮੌਕੇ ਦੀਆਂ ਕੁਝ ਤਸਵੀਰਾਂ
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਅਨਿਲ ਵਿਜ ਨੇ ਅੰਦੋਲਨ ਨੂੰ 'ਹਿੰਸਕ' ਕਿਹਾ
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਹਿੰਸਕ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ, "ਮਹਾਤਮਾ ਗਾਂਧੀ ਦੇ ਦੇਸ ਵਿੱਚ ਹਿੰਸਕ ਅੰਦੋਲਨ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਕਿਸਾਨ ਨੇਤਾ ਆਪਣੇ ਅੰਦੋਲਨ ਵਿੱਚ ਸੰਜਮ ਵਰਤਣ।"
ਨਰਵਾਣਾ ਵਿੱਚ ਜੇਜੇਪੀ ਵਿਧਾਇਕ ਦੇ ਘਰ ਦੇ ਬਾਹਰ ਧਰਨਾ
ਬੀਬੀਸੀ ਦੇ ਸਹਿਯੋਗੀ ਸਹਿਯੋਗੀ ਸੱਤ ਸਿੰਘ ਮੁਤਾਬਕ ਫ਼ਸਲ ਖ਼ੀਰਦ ਦੇ ਮਾਮਲੇ ਨੂੰ ਲੈ ਕੇ ਆਪਣੀ ਗੱਲ ਹਰਿਆਣਾ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੇ ਮੰਤਵ ਨਾਲ ਕਿਸਾਨਾਂ ਨੇ ਰਾਮਨਿਵਾਸ ਸੂਰਜਾਖੇੜਾ ਦੇ ਘਰ ਦੇ ਬਾਹਰ ਡੇਰਾ ਲਾ ਲਿਆ ਹੈ।
ਰਾਮਨਿਵਾਸ ਸੂਰਜਾਖੇੜਾ ਨਰਵਾਣਾ ਕਸਬੇ ਤੋਂ ਹਰਿਆਣਾ ਸਰਕਾਰ ਦੀ ਭਾਈਵਾਲ ਪਾਰਟੀ ਜੇਜੇਪੀ ਦੇ ਵਿਧਾਇਕ ਹਨ।
ਹਰਿਆਣਾ ਸਰਕਾਰ ਨੇ ਪਿਛਲੇ ਦਿਨੀਂ ਪਏ ਮੀਂਹ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਫ਼ਸਲ ਵਿੱਚ ਨਮੀ ਹੈ ਤੇ ਫ਼ਸਲ ਸਹੀ ਤਰ੍ਹਾਂ ਪੱਕੀ ਨਹੀਂ ਹੋਈ ਜਿਸ ਕਾਰਨ ਖ਼ਰੀਦ ਦੀ ਤਰੀਕ ਅੱਗੇ ਵਧਾਈ ਗਈ ਹੈ।
ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨਮੀ ਦੀ ਕਟਾਈ ਕਰ ਲਵੇ ਪਰ ਖ਼ਰੀਦ ਸ਼ੁਰੂ ਕਰੇ।
ਇਹ ਵੀ ਪੜ੍ਹੋ: