ਉਮਰ ਕਿੰਨੀ ਲੰਬੀ ਹੋਵੇਗੀ ਜਾਣਨ ਲਈ ਦਿੱਤੇ ਟੈਸਟ ਨੇ ਬਦਲੀ ਜ਼ਿੰਦਗੀ

    • ਲੇਖਕ, ਐਮਿਲੀ ਡਾਊਟੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਸਰੀਰ ਵਿੱਚ ਕੋਈ ਅਜਿਹਾ ਜੀਨ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰ ਸਕਦਾ ਹੈ, ਤਾਂ ਤੁਸੀਂ ਕੀ ਕਰੋਗੇ?

ਇਹ ਉਹ ਦੁਵਿਧਾ ਸੀ, ਜਿਸ ਦਾ ਸਾਹਮਣਾ ਲੌਰਾ ਸਾਈਡਜ਼ ਨੂੰ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਇੱਕ ਦੁਰਲੱਭ ਕਿਸਮ ਦੇ ਛੋਟੀ ਉਮਰ ਵਿੱਚ ਸ਼ੁਰੂ ਹੋਣ ਵਾਲੇ ਡਿਮੈਂਸ਼ੀਆ ਲਈ ਜੈਨੇਟਿਕ ਟੈਸਟ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਦੇ ਪਿਤਾ ਨੂੰ 40 ਸਾਲ ਦੀ ਉਮਰ ਵਿੱਚ ਇਸ ਬਿਮਾਰੀ ਦਾ ਪਤਾ ਲੱਗਿਆ ਸੀ।

ਲੌਰਾ ਨੇ ਬੀਬੀਸੀ ਰੇਡੀਓ 4 ਦੇ ਲਾਈਫ ਚੇਂਜਿੰਗ https://www.bbc.co.uk/programmes/m0033r76 ਪੋਡਕਾਸਟ ਦੇ ਹੋਸਟ ਡਾਕਟਰ ਸਿਆਨ ਵਿਲੀਅਮਜ਼ ਨਾਲ ਟੈਸਟ ਦੇਣ ਦੇ ਆਪਣੇ ਫੈਸਲੇ ਅਤੇ ਇਸ ਨੇ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਉੱਤੇ ਪਏ ਅਸਰ ਬਾਰੇ ਗੱਲ ਕੀਤੀ।

ਲੌਰਾ ਕਹਿੰਦੇ ਹਨ ਕਿ ਉਹ ਹਮੇਸ਼ਾ ਆਪਣੇ ਪਿਤਾ ਦੇ ਨੇੜੇ ਮਹਿਸੂਸ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਸੁਭਾਅ ਇੱਕੋ ਜਿਹਾ ਸੀ।

ਲੌਰਾ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਇੱਕ ਜਨਰਲ ਪ੍ਰੈਕਟੀਸ਼ਨਰ (ਜੀਪੀ) ਸਨ ਅਤੇ ਬੇਹੱਦ ਪਿਆਰ ਕਰਨ ਵਾਲੇ ਅਤੇ ਆਪਣੀ ਬੱਚੀ ਨੂੰ ਬਹੁਤ ਲਾਡ ਕਰਨ ਵਾਲੇ ਪਿਤਾ ਸਨ, ਉਹ ਦੱਸਦੀ ਹੈ। ਜਦੋਂ ਉਨ੍ਹਾਂ ਵਿੱਚ ਅਲਜ਼ਾਈਮਰ ਦੇ ਲੱਛਣ ਹੋਰ ਗੰਭੀਰ ਹੋਣ ਲੱਗੇ, ਤਾਂ ਲੌਰਾ ਨੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਦਿੱਤੀ।

ਉਹ ਕਹਿੰਦੇ ਹਨ,"ਸਾਡਾ ਸਮਾਂ ਬਹੁਤ ਵਧੀਆ ਬੀਤਿਆ।"

ਉਹ ਇੱਕ ਲਾਈਟਹਾਊਸ ਦੀਆਂ ਯਾਤਰਾਵਾਂ ਅਤੇ ਕੋਸਟਰ ਇਕੱਠੇ ਕਰਨ ਨੂੰ ਯਾਦ ਕਰਦੇ ਹੋਏ।

" ਮੈਂ ਉਸ ਨੂੰ ਨਹਾਉਂਦੀ ਸੀ ਅਤੇ ਸੰਗੀਤ ਚਲਾਉਂਦੀ ਸੀ ਅਤੇ ਉਨ੍ਹਾਂ ਦੇ ਸਿਰ 'ਤੇ ਗਰਮ ਪਾਣੀ ਪਾਉਂਦੀ ਸੀ, ਜਿਸ ਦਾ ਉਹ ਬਹੁਤ ਆਨੰਦ ਮਾਣਦੇ ਸਨ।"

ਉਹ ਆਪਣੇ ਪਿਤਾ ਨਾਲ ਹਸਪਤਾਲ ਵਿੱਚ ਸੀ ਜਦੋਂ ਇੱਕ ਡਾਕਟਰ ਨੇ ਲੌਰਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੀ ਛੋਟੀ ਉਮਰ ਵਿੱਚ ਸ਼ੁਰੂ ਹੋਣ ਵਾਲੇ ਅਲਜ਼ਾਈਮਰ ਦੀ ਉਸੇ ਕਿਸਮ ਦਾ ਸ਼ਿਕਾਰ ਹੋਣ ਦੀ 50 ਫ਼ੀਸਦੀ ਸੰਭਾਵਨਾ ਹੈ, ਜਿਸ ਨੂੰ ਲੰਡਨ ਵੇਰੀਐਂਟ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, "ਮੇਰੇ ਦਿਮਾਗ ਵਿੱਚ ਸਿਰਫ਼ ਇਹੀ ਗੱਲ ਆਈ ਕਿ ਇਹ ਤਾਂ ਸਿੱਕਾ ਉਛਾਲਣ ਵਰਗੀ ਗੱਲ ਹੈ। ਉਸ ਸਮੇਂ ਮੈਂ ਆਪਣੇ ਪਿਤਾ ਦੀ ਬਿਮਾਰੀ ਅਤੇ ਉਨ੍ਹਾਂ ਨਾਲ ਜੋ ਕੁਝ ਵਾਪਰ ਰਿਹਾ ਸੀ, ਉਸ ਵਿੱਚ ਪੂਰੀ ਤਰ੍ਹਾਂ ਉਲਝੀ ਹੋਈ ਸੀ। ਮੈਂ ਇਸ ਗੱਲ ਨੂੰ ਆਪਣੇ ਮਨ ਦੇ ਕਿਸੇ ਡੂੰਘੇ ਕੋਨੇ ਵਿੱਚ ਦਬਾ ਦਿੱਤਾ।"

ਪਿਤਾ ਦੀ ਮੌਤ ਦਾ ਅਸਰ

ਲੌਰਾ ਦੇ ਪਿਤਾ ਦੀ 2009 ਵਿੱਚ ਮੌਤ ਹੋ ਗਈ, ਉਹ ਵੀ ਲੌਰਾ ਦੀ ਮਾਂ ਦੀ ਮੌਤ ਤੋਂ ਮਹਿਜ਼ ਇੱਕ ਸਾਲ ਬਾਅਦ।

ਉਹ ਕਹਿੰਦੇ ਹਨ, "ਅਚਾਨਕ ਮੇਰੇ ਅੰਦਰ ਇੱਥੋਂ ਕਿਤੇ ਦੂਰ ਚਲੇ ਜਾਣ ਦੀ ਤੀਬਰ ਇੱਛਾ ਪੈਦਾ ਹੋਈ।"

ਇਸ ਲਈ ਉਨ੍ਹਾਂ ਨੇ ਇਕੱਲਿਆਂ ਹੀ ਦੁਨੀਆ ਭਰ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਅਤੇ ਆਖ਼ਰਕਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਜਾ ਕੇ ਵੱਸ ਗਈ।

ਉੱਥੇ ਉਨ੍ਹਾਂ ਦੇ ਮਨ ਵਿੱਚ ਪਿਤਾ ਦੀ ਬਿਮਾਰੀ ਵਿਰਾਸਤ ਵਿੱਚ ਮਿਲਣ ਦੇ ਵਿਚਾਰ ਆਉਣ ਲੱਗੇ ਅਤੇ ਉਹ 2013 ਵਿੱਚ ਇੱਕ ਮਾਹਰ ਨੂੰ ਮਿਲਣ ਗਏ।

ਮਾਹਰ ਨੇ ਦਾਅਵਾ ਕੀਤਾ ਕਿ ਇੱਕ ਟੈਸਟ 99.999 ਫ਼ੀਸਦੀ ਯਕੀਨ ਨਾਲ ਇਹ ਨਿਰਧਾਰਤ ਕਰ ਸਕਦਾ ਹੈ ਕਿ ਕੀ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਸ਼ੁਰੂ ਹੋਣ ਵਾਲਾ ਡਿਮੈਂਸ਼ੀਆ ਹੋਵੇਗਾ ਜਾਂ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਜੇਕਰ ਉਸ ਦੇ ਅੰਦਰ ਇਹ ਜੀਨ ਹੋਇਆ, ਤਾਂ ਉਸ ਦੀ ਮਾਨਸਿਕ ਸਮਰੱਥਾ ਵਿੱਚ ਗਿਰਾਵਟ ਆਉਣ ਦੀ ਸੰਭਾਵਿਤ ਉਮਰ 46 ਤੋਂ 48 ਸਾਲ ਦੇ ਵਿਚਕਾਰ ਹੋਵੇਗੀ।

ਲੌਰਾ ਕਹਿੰਦੇ ਹਨ, "ਮੈਂ ਸਿਰਫ਼ ਇਹ ਸੋਚਿਆ ਕਿ ਮੈਂ ਹਾਲੇ ਉਸ ਉਮਰ ਤੱਕ ਨਹੀਂ ਪਹੁੰਚੀ। ਮੈਂ ਇਹ ਸਭ ਕੁਝ ਜਾਣਨਾ ਨਹੀਂ ਚਾਹੁੰਦੀ ਸੀ।"

ਭਵਿੱਖ ਲਈ ਟੈਸਟ ਕਰਵਾਉਣਾ

ਜਦੋਂ ਲੌਰਾ 30 ਸਾਲ ਦੇ ਹੋਏ, ਉਹ ਇਸ ਟੈਸਟ ਬਾਰੇ ਸੋਚਣ ਲੱਗੇ ਅਤੇ ਆਖ਼ਰਕਾਰ ਇਹ ਜਾਣਨ ਦਾ ਫ਼ੈਸਲਾ ਕਰ ਲਿਆ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਛੇ ਮਹੀਨਿਆਂ ਤੱਕ ਜੈਨੇਟਿਕ ਕਾਊਂਸਲਿੰਗ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ।

ਉਹ ਕਹਿੰਦੇ ਹਨ, "ਜ਼ਿੰਦਗੀ ਵਿੱਚ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ, ਜਦੋਂ ਤੁਹਾਨੂੰ ਆਪਣੇ ਭਵਿੱਖ ਬਾਰੇ ਪੱਕੇ ਤੌਰ 'ਤੇ ਕੁਝ ਪਤਾ ਲੱਗਦਾ ਹੈ ਅਤੇ ਅਜਿਹੀ ਜਾਣਕਾਰੀ ਨੂੰ ਸਮਝਣਾ ਤੇ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।"

ਟੈਸਟ ਦੇ ਨਤੀਜਿਆਂ ਦੇ ਆਉਣ ਲਈ ਛੇ ਹਫ਼ਤਿਆਂ ਦੀ ਉਡੀਕ ਤੋਂ ਬਾਅਦ, ਆਖਰਕਾਰ ਉਹ ਦਿਨ ਆ ਗਿਆ। ਲੌਰਾ ਨੂੰ ਉਸ ਦਿਨ ਬਹੁਤ ਘਬਰਾਹਟ ਸੀ।

ਉਨ੍ਹਾਂ ਨੇ ਡਾਕਟਰ ਨਾਲ ਮੁਲਾਕਾਤ ਤੋਂ ਬਾਅਦ ਇੱਕ ਦੋਸਤ ਨਾਲ ਦੁਪਹਿਰ ਦੇ ਖਾਣੇ ਲਈ ਮੇਜ਼ ਬੁੱਕ ਕਰਵਾਈ ਹੋਈ ਸੀ, ਪਰ ਉਹ ਟੈਸਟ ਦੇ ਨਤੀਜੇ ਜਾਣਨ ਲਈ ਇਕੱਲਿਆਂ ਹੀ ਅੰਦਰ ਗਏ।

ਉਹ ਕਹਿੰਦੇ ਹਨ, "ਮੈਂ ਕਿਹਾ, 'ਆਓ, ਸਪੱਸ਼ਟ ਗੱਲ ਕਰੀਏ।'

ਉਨ੍ਹਾਂ ਨੇ ਕਿਹਾ, 'ਸਾਨੂੰ ਬਹੁਤ ਅਫ਼ਸੋਸ ਹੈ, ਇਹ ਚੰਗੀ ਖ਼ਬਰ ਨਹੀਂ ਹੈ ਅਤੇ ਤੁਹਾਨੂੰ ਵੀ ਇਹ ਜੀਨ ਵਿਰਾਸਤ ਵਿੱਚ ਮਿਲਿਆ ਹੈ।'"

ਲੋਰਾ ਨੂੰ ਯਾਦ ਹੈ ਕਿ ਉਸ ਸਮੇਂ ਉਹ ਜਿਵੇਂ ਕਿਸੇ ਗਹਿਰੀ ਧੁੰਦ ਵਿੱਚ ਗੁਆਚ ਗਈ ਹੋਵੇ ਅਤੇ ਬਸ ਉੱਥੇ ਬੈਠੀ ਰਹਿ ਗਈ ਹੋਵੇ।

ਉਹ ਕਹਿੰਦੇ ਹਨ, "ਜਦੋਂ ਮੈਂ ਉਸ ਕਮਰੇ ਵਿੱਚੋਂ ਬਾਹਰ ਆਈ, ਤਾਂ ਮੇਰੀ ਦੋਸਤ ਫੁੱਟ-ਫੁੱਟ ਕੇ ਰੋਣ ਲੱਗ ਪਈ।"

ਪਰ ਲੌਰਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

"ਅਸੀਂ ਦੁਪਹਿਰ ਦਾ ਖਾਣਾ ਖਾਣ ਚਲੇ ਗਏ ਅਤੇ ਉਹ ਸਮਾਂ ਵੀ ਚੰਗਾ ਬੀਤਿਆ। ਮੈਨੂੰ ਨਹੀਂ ਪਤਾ ਕਿ ਉਸ ਵੇਲੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਸੀ ਜਾਂ ਨਹੀਂ।"

"ਹਕੀਕਤ ਬਾਅਦ ਵਿੱਚ ਸਾਹਮਣੇ ਆਈ। ਮੈਨੂੰ ਗੁੱਸਾ ਆਇਆ। ਮੈਨੂੰ ਲੱਗਾ ਕਿ ਇਹ ਬਹੁਤ ਬੇਇਨਸਾਫ਼ੀ ਸੀ। ਮੈਂ ਬਹੁਤ ਉਲਝਣ ਵਿੱਚ ਸੀ ਕਿ ਮੈਨੂੰ ਹੁਣ ਕਿਵੇਂ ਜੀਣਾ ਚਾਹੀਦਾ ਹੈ। ਕੋਈ ਅਜਿਹੀ ਜਾਣਕਾਰੀ ਨਾਲ ਕਿਵੇਂ ਜੀਉਂਦਾ ਹੈ?"

ਲੌਰਾ ਨੂੰ ਯੂਕੇ ਵਾਪਸ ਘਰ ਵਾਪਸ ਜਾਣ ਦਾ ਡਰ ਮਹਿਸੂਸ ਹੋਣ ਲੱਗਿਆ, ਖਾਸ ਕਰਕੇ ਕਿਉਂਕਿ ਉਨ੍ਹਾਂ ਦੀ ਭੈਣ ਗਰਭਵਤੀ ਸੀ। ਪਰ ਨਾਲ ਹੀ ਉਹ ਸੋਚ ਰਹੇ ਸਨ ਕਿ ਜਦੋਂ ਉਨ੍ਹਾਂ ਭੈਣ ਦੇ ਘਰ ਬੱਚਾ ਆਉਣ ਵਾਲਾ ਹੈ, ਤਾਂ ਉਹ ਦੁਨੀਆ ਦੇ ਦੂਜੇ ਪਾਸੇ ਕਿਉਂ ਰਹਿਣ?"

ਜ਼ਿੰਦਗੀ ਦਾ ਸਫ਼ਰ ਜਾਰੀ ਰੱਖਿਆ

ਹਾਲਾਂਕਿ, ਦੁਨੀਆ ਭਰ ਦੀ ਉਨ੍ਹਾਂ ਦੀ ਯਾਤਰਾ ਜਾਰੀ ਰਹੀ ਅਤੇ ਉਸ ਨੇ ਆਪਣੀ ਜਾਂਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਮੈਡੀਕਲ ਖੋਜ ਪ੍ਰੀਖਣਾਂ ਵਿੱਚ ਹਿੱਸਾ ਲਿਆ।

ਉਹ ਕਹਿੰਦੇ ਹਨ, "ਇੰਨੀ ਨਕਾਰਾਤਮਕ ਸਥਿਤੀ ਵਿੱਚੋਂ ਕੁਝ ਅਜਿਹਾ ਸਕਾਰਾਤਮਕ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਚੰਗੀ ਗੱਲ ਸੀ।"

ਲੌਰਾ ਹੁਣ 43 ਸਾਲ ਦੇ ਹਨ ਅਤੇ ਡਾਕਟਰਾਂ ਵੱਲੋਂ ਦੱਸੀ ਗਈ ਉਸ ਉਮਰ ਤੋਂ ਮਹਿਜ਼ ਤਿੰਨ ਸਾਲ ਦੂਰ ਹੈ, ਜਦੋਂ ਸ਼ਾਇਦ ਉਸ ਬਿਮਾਰੀ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਸਕਦੇ ਹਨ।

ਉਹ ਕਹਿੰਦੇ ਹਨ, "ਮੈਂ ਹਮੇਸ਼ਾ ਕਿਸੇ ਅਜਿਹੀ ਚੀਜ਼ ਦੀ ਉਡੀਕ ਕਰਦੀ ਰਹਿੰਦੀ ਹਾਂ, ਜੋ ਅਚਾਨਕ ਸਾਹਮਣੇ ਆਵੇਗੀ। ਮੇਰਾ ਖ਼ਿਆਲ ਹੈ ਕਿ ਇੱਕ ਦਿਨ ਮੇਰੀ ਮਾਨਸਿਕ ਸਮਰੱਥਾ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ, ਪਰ ਅਜਿਹਾ ਨਹੀਂ ਹੈ ਕਿ ਇਹ ਗੱਲ ਮੈਨੂੰ ਰਾਤ ਨੂੰ ਸੌਣ ਨਾ ਦੇਵੇ।"

"ਮੈਂ ਉਮੀਦ ਕਰਦੀ ਹਾਂ ਕਿ ਇਸ ਦੁਨੀਆਂ ਵਿੱਚ ਮੇਰੇ ਬਾਕੀ ਰਹਿੰਦੇ ਕੁਝ ਸਾਲ ਬਹੁਤ ਸ਼ਾਨਦਾਰ ਹੋਣ, ਮੈਂ ਸ਼ੈਂਪੇਨ ਪੀਂਦਿਆਂ ਅਤੇ ਸਮੁੰਦਰੀ ਭੋਜਨ ਖਾਂਦਿਆਂ ਸਮਾਂ ਬਿਤਾਉਣਾ ਚਾਹੁੰਦੀ ਹਾਂ, ਇਹ ਦੋਵੇਂ ਚੀਜ਼ਾਂ ਮੈਨੂੰ ਬਹੁਤ ਪਸੰਦ ਹਨ।"

ਉਹ ਆਪਣੀ ਜ਼ਿੰਦਗੀ ਵਿੱਚ ਮੌਜੂਦ ਲੋਕਾਂ ਲਈ ਸ਼ੁਕਰਗੁਜ਼ਾਰ ਹਨ ਅਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ। ਪਰ ਕਿਸੇ ਨਵੇਂ ਵਿਅਕਤੀ ਨੂੰ ਮਿਲਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਹੈ।

ਉਹ ਕਹਿੰਦੇ ਹਨ, "ਕੀ ਮੈਂ ਉਸ ਨੂੰ ਇਹ ਗੱਲ ਦੱਸਾਂ? ਕੀ ਨਾ ਦੱਸਾਂ? ਅਤੇ ਜੇ ਦੱਸਾਂ ਤਾਂ ਕਦੋਂ ਦੱਸਾਂ?"

"ਅਤੇ ਅਕਸਰ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸੀ ਹੈ, ਤਾਂ ਉਹ ਮੇਰਾ ਸਾਥ ਛੱਡ ਕੇ ਚਲਾ ਗਿਆ ਹੈ।"

ਹਾਲਾਂਕਿ, ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਆਪਣੇ ਤਜਰਬਿਆਂ ਨੇ ਉਨ੍ਹਾਂ ਦੀ ਇਸ ਧਾਰਨਾ ਨੂੰ ਗ਼ਲਤ ਸਾਬਤ ਕੀਤਾ ਹੈ।

ਉਹ ਕਹਿੰਦੇ ਹਨ, "ਮੈਨੂੰ ਇਹ ਅਹਿਸਾਸ ਕਰਵਾਇਆ ਗਿਆ ਹੈ ਕਿ ਇਸ ਬਿਮਾਰੀ ਦੀ ਸੰਭਾਵਨਾ ਹੋਣ ਦੇ ਬਾਵਜੂਦ ਵੀ ਮੈਨੂੰ ਪਿਆਰ ਕੀਤਾ ਜਾ ਸਕਦਾ ਹੈ। ਇਸ ਨਾਲ ਮੇਰਾ ਦਿਲ ਭਰ ਜਾਂਦਾ ਹੈ ਅਤੇ ਮੈਨੂੰ ਭਰੋਸਾ ਤੇ ਖ਼ੁਸ਼ੀ ਮਿਲਦੀ ਹੈ।"

ਲੌਰਾ ਕਹਿੰਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਭੋਲੇਪਣ ਵਿੱਚ ਇਹ ਮੰਨਿਆ ਸੀ ਕਿ ਉਹ ਇੱਕ ਦਿਨ ਮਾਂ ਜ਼ਰੂਰ ਬਣਨਗੇ।

"ਇਹ ਉਨ੍ਹਾਂ ਕੁਝ ਚੀਜ਼ਾਂ ਵਿੱਚੋਂ ਇੱਕ ਸੀ, ਜਿਨ੍ਹਾਂ ਬਾਰੇ ਮੈਂ ਕਦੇ ਸ਼ੱਕ ਨਹੀਂ ਕੀਤਾ ਸੀ ਕਿ ਮੈਂ ਇੱਕ ਚੰਗੀ ਮਾਂ ਬਣ ਸਕਾਂਗੀ ਅਤੇ ਮੈਂ ਮਾਂ ਬਣਨਾ ਚਾਹੁੰਦੀ ਸੀ। ਇਸ ਗੱਲ ਨੂੰ ਸਵੀਕਾਰ ਕਰਨਾ ਔਖਾ ਹੈ, ਪਰ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ।"

ਲੌਰਾ ਲਈ ਹੁਣ ਜ਼ਿੰਦਗੀ ਦਾ ਮਤਲਬ ਉਨ੍ਹਾਂ ਚੀਜ਼ਾਂ ਨਾਲ ਜੁੜਨਾ ਹੈ, ਜੋ ਉਨ੍ਹਾਂ ਨੂੰ ਖ਼ੁਸ਼ੀ ਦਿੰਦੀਆਂ ਹਨ।

ਉਹ ਕਹਿੰਦੇ ਹਨ, "ਹੁਣ ਗੱਲ ਵੱਡੇ-ਵੱਡੇ ਟੀਚੇ ਹਾਸਲ ਕਰਨ ਦੀ ਨਹੀਂ ਰਹੀ। ਅਜਿਹਾ ਨਹੀਂ ਹੈ ਕਿ ਮੈਂ ਗ੍ਰੈਂਡ ਕੈਨਿਯਨ ਦੇਖਣਾ ਚਾਹੁੰਦੀ ਹਾਂ, ਮੈਂ ਹੁਣ ਉਨ੍ਹਾਂ ਲੋਕਾਂ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਅਤੇ ਜਿਨ੍ਹਾਂ ਦੇ ਨਾਲ ਰਹਿ ਕੇ ਮੈਨੂੰ ਸੁਰੱਖਿਅਤ ਮਹਿਸੂਸ ਹੁੰਦਾ ਹੈ।"

"ਮੈਨੂੰ ਕੁਦਰਤ ਬਹੁਤ ਪਸੰਦ ਹੈ। ਮੈਨੂੰ ਖੁੱਲ੍ਹੀ ਹਵਾ ਵਿੱਚ ਰਹਿਣਾ ਚੰਗਾ ਲੱਗਦਾ ਹੈ। ਮੈਨੂੰ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬੇ ਰਹਿਣ ਦਾ ਬਹੁਤ ਸ਼ੌਕ ਹੈ। ਇਹ ਗੱਲ ਸੁਣਨ ਵਿੱਚ ਭਾਵੇਂ ਬਹੁਤ ਛੋਟੀ ਜਿਹੀ ਲੱਗੇ, ਪਰ ਮੇਰਾ ਮੰਨਣਾ ਹੈ ਕਿ ਅਸਲ ਵਿੱਚ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੀ ਸਭ ਤੋਂ ਵੱਡੀਆਂ ਹੁੰਦੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)