ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਇੱਥੇ ਔਰਤਾਂ ਨੂੰ ਗੁਪਤ ਅੰਗ ਦੀ ਸਿਹਤ ਲਈ ਐਲਰਜੀ ਦੀ ਦਵਾਈ ਦੀ ਵਰਤੋਂ ਦੇ ਵਾਇਰਲ ਰੁਝਾਨ ਬਾਰੇ ਚਿਤਾਵਨੀ ਦਿੱਤੀ ਗਈ ਹੈ
- ਲੇਖਕ, ਵਾਈਕਲਿਫ਼ ਮੁਈਆ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਸੋਸ਼ਲ ਮੀਡੀਆ 'ਤੇ ਸੰਭਾਵੀ ਤੌਰ 'ਤੇ ਖ਼ਤਰਨਾਕ ਡਾਕਟਰੀ ਸਲਾਹ ਫੈਲਣ ਤੋਂ ਬਾਅਦ ਕੀਨੀਆ ਦੇ ਫਾਰਮਾਸਿਸਟਾਂ ਨੇ ਔਰਤਾਂ ਨੂੰ ਯੋਨੀ ਨੂੰ ਤੰਗ ਕਰਨ ਦੀ ਕੋਸ਼ਿਸ਼ ਵਿੱਚ ਐਲਰਜੀ ਦੀਆਂ ਗੋਲੀਆਂ ਯੋਨੀ ਵਿੱਚ ਪਾਉਣ ਤੋਂ ਸਾਵਧਾਨ ਕੀਤਾ ਹੈ।
ਇਹ ਚਿਤਾਵਨੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਦੀ ਭਰਮਾਰ ਤੋਂ ਬਾਅਦ ਆਈ ਹੈ, ਜਿਨ੍ਹਾਂ ਵਿੱਚ ਐਲਰਜੀ ਦੇ ਇਲਾਜ ਲਈ ਵਰਤੀ ਜਾਣ ਵਾਲੀ ਆਮ ਤੌਰ 'ਤੇ ਉਪਲਬਧ ਮੂੰਹ ਰਾਹੀਂ ਖਾਧੀ ਜਾਣ ਵਾਲੀ ਐਂਟੀਹਿਸਟਾਮਿਨ ਦਵਾਈ ਸੈਟੀਰੀਜ਼ਿਨ ਨੂੰ ਯੋਨੀ ਤੰਗ ਕਰਨ ਦਾ ਇੱਕ ਤਰੀਕਾ ਦੱਸਿਆ ਜਾ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਜਿਨਸੀ ਆਨੰਦ ਵਧਦਾ ਹੈ।
ਹਾਲਾਂਕਿ, ਐਂਟੀਹਿਸਟਾਮਿਨ ਦਵਾਈਆਂ ਦੇ ਮਾੜੇ ਪ੍ਰਭਾਵ ਵਜੋਂ ਕਈ ਵਾਰ ਖੁਸ਼ਕੀ ਹੋ ਸਕਦੀ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਯੋਨੀ ਦੀਆਂ ਮਾਸਪੇਸ਼ੀਆਂ ਮਜ਼ਬੂਤ ਨਹੀਂ ਹੁੰਦੀਆਂ।
ਕੀਨੀਆ ਦੀ ਫਾਰਮਾਸਿਊਟੀਕਲ ਸੁਸਾਇਟੀ (ਪੀਐੱਸਕੇ) ਨੇ ਕਿਹਾ, "ਖੁਸ਼ਕੀ ਦਾ ਮਤਲਬ ਤੰਗਪਣ ਨਹੀਂ ਹੈ... ਸਗੋਂ ਇਸ ਨਾਲ ਰਗੜ, ਬੇਅਰਾਮੀ ਅਤੇ ਟਿਸ਼ੂਆਂ ਨੂੰ ਸੱਟ ਲੱਗਣ ਦਾ ਖ਼ਤਰਾ ਵਧ ਸਕਦਾ ਹੈ।"
ਇਸ ਨੇ ਅੱਗੇ ਕਿਹਾ, "ਮੂੰਹ ਰਾਹੀਂ ਖਾਣ ਵਾਲੀਆਂ ਗੋਲੀਆਂ ਨੂੰ ਯੋਨੀ ਵਿੱਚ ਪਾਉਣਾ ਸੁਰੱਖਿਅਤ ਨਹੀਂ ਹੈ। ਸੈਟੀਰੀਜ਼ਿਨ ਦੀਆਂ ਗੋਲੀਆਂ ਨਿਗਲਣ ਲਈ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਮੌਜੂਦ ਤੱਤਾਂ ਦੀ ਨਾਜ਼ੁਕ ਯੋਨੀ ਟਿਸ਼ੂਆਂ 'ਤੇ ਵਰਤੋਂ ਲਈ ਜਾਂਚ ਨਹੀਂ ਕੀਤੀ ਗਈ ਹੈ।"
ਸੈਟੀਰੀਜ਼ਿਨ ਦੀ ਵਰਤੋਂ
ਸੈਟੀਰੀਜ਼ਿਨ ਦੀ ਵਰਤੋਂ ਆਮ ਤੌਰ 'ਤੇ ਛਿੱਕਾਂ ਆਉਣ, ਨੱਕ ਵਗਣ, ਅੱਖਾਂ ਵਿੱਚ ਖੁਜਲੀ ਅਤੇ ਚਮੜੀ 'ਤੇ ਛਪਾਕੀ ਸਮੇਤ ਐਲਰਜੀ ਕਾਰਨ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ।
ਇਹ ਵਿਵਾਦ ਇਸ ਹਫ਼ਤੇ ਦੇ ਸ਼ੁਰੂ ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਟਿਕਟੌਕ 'ਤੇ ਅਜਿਹੀਆਂ ਪੋਸਟਾਂ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਸੈਟੀਰੀਜ਼ਿਨ ਯੋਨੀ ਦੀ ਨਮੀ ਘਟਾ ਸਕਦੀ ਹੈ ਅਤੇ ਜਿਨਸੀ ਸਬੰਧਾਂ ਦੌਰਾਨ ਯੋਨੀ ਦੇ ਤੰਗ ਹੋਣ ਦਾ ਅਹਿਸਾਸ ਪੈਦਾ ਕਰ ਸਕਦੀ ਹੈ।
ਇਸ ਨਾਲ ਵਿਆਪਕ ਬਹਿਸ ਛਿੜ ਗਈ। ਕੁਝ ਸੋਸ਼ਲ ਮੀਡੀਆ ਯੂਜਰਸ ਇਸ ਤਰੀਕੇ ਨੂੰ ਉਤਸ਼ਾਹਿਤ ਕਰ ਰਹੇ ਹਨ, ਜਦਕਿ ਹੋਰਾਂ ਨੇ ਇਸ ਦੀ ਸੁਰੱਖਿਆ 'ਤੇ ਸਵਾਲ ਉਠਾਏ ਹਨ।
ਸਥਾਨਕ ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਕਿ ਇਸ ਦਵਾਈ ਦੀ ਕੀਮਤ ਵਧ ਗਈ ਹੈ ਅਤੇ ਖ਼ਾਸ ਕਰਕੇ ਰਾਜਧਾਨੀ ਨੈਰੋਬੀ ਦੀਆਂ ਕੁਝ ਫਾਰਮੇਸੀਆਂ ਵਿੱਚ ਇਸ ਦੀ ਮੰਗ ਵਧੀ ਹੈ।
ਕੀਨੀਆ ਵਿੱਚ ਫਾਰਮਾਸਿਸਟਾਂ ਦੀ ਨੁਮਾਇੰਦਗੀ ਕਰਨ ਵਾਲੀ ਪੇਸ਼ੇਵਰ ਸੰਸਥਾ ਫਾਰਮਾਸਿਊਟੀਕਲ ਸੁਸਾਇਟੀ ਆਫ ਕੀਨੀਆ (ਪੀਐੱਸਕੇ) ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, "ਸੈਟੀਰੀਜ਼ਿਨ ਐਲਰਜੀ ਦੀ ਦਵਾਈ ਹੈ, ਜਿਸ ਨੂੰ ਮੂੰਹ ਰਾਹੀਂ ਲਿਆ ਜਾਂਦਾ ਹੈ। ਇਸ ਨੂੰ ਕਿਸੇ ਹੋਰ ਮਕਸਦ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਇਸ ਦੀ ਜਾਂਚ ਕੀਤੀ ਗਈ ਹੈ। ਖ਼ਾਸ ਤੌਰ 'ਤੇ ਯੋਨੀ ਵਿੱਚ ਵਰਤੋਂ ਲਈ ਤਾਂ ਬਿਲਕੁਲ ਵੀ ਨਹੀਂ।"
ਸਲਾਹ ਦਿੱਤੀ, "ਜੇਕਰ ਤੁਸੀਂ ਪਹਿਲਾਂ ਹੀ ਇਸ ਦੀ ਵਰਤੋਂ ਕਰ ਚੁੱਕੇ ਹੋ ਤਾਂ ਇਸ ਨੂੰ ਬੰਦ ਕਰ ਦਿਓ। ਜੇਕਰ ਤੁਹਾਨੂੰ ਦਰਦ, ਖੂਨ ਵਗਣ, ਜਲਣ, ਖੁਜਲੀ, ਅਸਾਧਾਰਨ ਰਿਸਾਅ ਜਾਂ ਬੁਖ਼ਾਰ ਦੀ ਸਮੱਸਿਆ ਹੈ ਤਾਂ ਡਾਕਟਰ ਨੂੰ ਮਿਲੋ।"
ਸੁਸਾਇਟੀ ਨੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਕੰਟੈਂਟ ਕ੍ਰਿਏਟਰਾਂ ਨੂੰ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ। ਇਸ ਦਾ ਕਹਿਣਾ ਹੈ ਕਿ ਬਿਨਾਂ ਪੁਸ਼ਟੀ ਕੀਤੇ ਦਾਅਵੇ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।
ਇਹ ਚਿਤਾਵਨੀ ਕੀਨੀਆ ਦੇ ਸਿਹਤ ਮੰਤਰਾਲੇ ਵੱਲੋਂ ਇਸ ਰੁਝਾਨ 'ਤੇ ਚਿੰਤਾ ਪ੍ਰਗਟਾਉਣ ਤੋਂ ਇੱਕ ਦਿਨ ਬਾਅਦ ਆਈ ਹੈ।
ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਓਮਾ ਓਲੁਗਾ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਕੁਝ ਵਰਤੋਂਕਾਰ ਮਾਹਰਾਂ ਦੀ ਡਾਕਟਰੀ ਸਲਾਹ ਨੂੰ ਮਜ਼ਾਕ ਵਜੋਂ ਲੈਂਦੇ ਦਿਖਾਈ ਦੇ ਰਹੇ ਹਨ ਅਤੇ ਇਸ ਦੇ ਸੰਭਾਵੀ ਨਤੀਜਿਆਂ ਬਾਰੇ ਵਿਚਾਰ ਨਹੀਂ ਕਰ ਰਹੇ।
ਉਨ੍ਹਾਂ ਸੁਝਾਅ ਦਿੱਤਾ ਕਿ ਦਵਾਈਆਂ ਦੀ ਵੰਡ ਅਤੇ ਖ਼ਰੀਦ 'ਤੇ ਨਜ਼ਰ ਰੱਖਣ ਲਈ ਅਧਿਕਾਰੀ ਇੱਕ ਪ੍ਰਣਾਲੀ ਸ਼ੁਰੂ ਕਰ ਸਕਦੇ ਹਨ, ਜਿਸ ਨਾਲ ਦਵਾਈਆਂ ਦੀ ਸੰਭਾਵੀ ਗ਼ਲਤ ਵਰਤੋਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ।
ਹਾਲਾਂਕਿ, ਅਜਿਹੀ ਪਹਿਲ ਬਾਰੇ ਅਜੇ ਤੱਕ ਕੋਈ ਰਸਮੀ ਫ਼ੈਸਲਾ ਨਹੀਂ ਲਿਆ ਗਿਆ ਹੈ।
ਪੀਐੱਸਕੇ ਨੇ ਕਿਹਾ ਕਿ ਉਸ ਨੂੰ ਸੈਟੀਰੀਜ਼ਿਨ ਦੀ ਵਧੀ ਹੋਈ ਮੰਗ, ਕੀਮਤਾਂ ਵਿੱਚ ਵਾਧੇ ਅਤੇ ਕੁਝ ਫਾਰਮੇਸੀਆਂ ਵਿੱਚ ਇਸ ਦੀ ਕਮੀ ਸਬੰਧੀ ਰਿਪੋਰਟਾਂ ਬਾਰੇ ਜਾਣਕਾਰੀ ਹੈ।
ਸੁਸਾਇਟੀ ਨੇ ਦਵਾਈ ਵਿਕਰੇਤਾਵਾਂ ਨੂੰ ਇਸ ਰੁਝਾਨ ਦਾ ਫ਼ਾਇਦਾ ਨਾ ਉਠਾਉਣ ਦੀ ਅਪੀਲ ਕੀਤੀ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਲੋਕਾਂ ਨੂੰ ਅਸਲ ਵਿੱਚ ਐਲਰਜੀ ਦੇ ਇਲਾਜ ਲਈ ਇਸ ਦਵਾਈ ਦੀ ਲੋੜ ਹੈ, ਉਨ੍ਹਾਂ ਨੂੰ ਇਹ ਦਵਾਈ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਇਸ ਨੇ ਆਪਣੇ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਾਣਬੁਝ ਕੇ ਅਜਿਹੀਆਂ ਦਵਾਈਆਂ ਨਾ ਦੇਣ, ਜਿਨ੍ਹਾਂ ਦੀ ਗ਼ਲਤ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਕਿਸੇ ਦਵਾਈ ਦੀ ਗ਼ਲਤ ਵਰਤੋਂ ਹੋ ਚੁੱਕੀ ਹੈ ਤਾਂ ਉਸ ਦੇ ਮਾੜੇ ਪ੍ਰਭਾਵਾਂ ਬਾਰੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।
ਪੀਐੱਸਕੇ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਆਨਲਾਈਨ ਫੈਲਣ ਵਾਲੇ ਬਿਨਾਂ ਪੁਸ਼ਟੀ ਕੀਤੇ ਰੁਝਾਨਾਂ ਨੂੰ ਕਦੇ ਵੀ ਮਾਹਿਰਾਂ ਦੀ ਸਲਾਹ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ।
"ਕਿਸੇ ਵੀ ਦਵਾਈ ਦੀ ਉਸ ਮਕਸਦ ਲਈ ਵਰਤੋਂ ਕਰਨ ਤੋਂ ਪਹਿਲਾਂ ਫਾਰਮਾਸਿਸਟ ਦੀ ਸਲਾਹ ਲਓ, ਜਿਸ ਲਈ ਉਹ ਦਵਾਈ ਬਣਾਈ ਨਹੀਂ ਗਈ। ਡਾਕਟਰੀ ਸਲਾਹ ਲਈ ਸੋਸ਼ਲ ਮੀਡੀਆ 'ਤੇ ਭਰੋਸਾ ਨਾ ਕਰੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ