ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਇਜ਼ਰਾਈਲ ਵਿੱਚ ਨਵੀਂ ਸਰਕਾਰ ਬਣਾਉਣ ਦਾ ਜ਼ਿੰਮਾ ਚੁੱਕਣ ਵਾਲੇ ਗਾਦੀ ਆਇਜ਼ਨਕੋਟ ਸਾਹਮਣੇ ਇਹ ਅੱਠ ਚੁਣੌਤੀਆਂ ਹਨ
ਇਜ਼ਰਾਈਲੀ ਫ਼ੌਜ ਦੇ ਸਾਬਕਾ ਮੁਖੀ ਗਾਦੀ ਆਇਜ਼ਨਕੋਟ ਨੇ ਬਿਨਯਾਮਿਨ ਨੇਤਨਯਾਹੂ ਨੂੰ ਵੱਡੀ ਚੁਣੌਤੀ ਦਿੱਤੀ ਹੈ। ਨੇਤਨਯਾਹੂ ਪਿਛਲੇ ਕਰੀਬ ਤਿੰਨ ਦਹਾਕਿਆਂ ਦੌਰਾਨ ਜ਼ਿਆਦਾਤਰ ਸਮਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਹੇ ਹਨ।
ਇਜ਼ਰਾਈਲ ਦੀ 120 ਮੈਂਬਰੀ ਸੰਸਦ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 61 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਆਇਜ਼ਨਕੋਟ ਨੂੰ ਛੇ ਸਿਆਸੀ ਪਾਰਟੀਆਂ ਦੇ ਕੁੱਲ 67 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ।
ਇਜ਼ਰਾਈਲ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਕੋਸ਼ਿਸ਼ਾਂ ਦਰਮਿਆਨ ਅਰਬ ਸਿਆਸੀ ਪਾਰਟੀਆਂ ਨੇ ਸਾਬਕਾ ਫੌਜ ਮੁਖੀ ਗਾਦੀ ਆਇਜ਼ਨਕੋਟ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ।
ਗਾਦੀ ਆਇਜ਼ਨਕੋਟ ਕੋਲ ਹੁਣ ਨਵੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨ ਲਈ 28 ਦਿਨ ਹੋਣਗੇ। ਇਸ ਮਿਆਦ ਵਿੱਚ 14 ਦਿਨਾਂ ਦਾ ਸੰਭਾਵੀ ਵਾਧਾ ਵੀ ਸ਼ਾਮਲ ਹੈ।
ਆਇਜ਼ਨਕੋਟ ਇਜ਼ਰਾਈਲੀ ਫ਼ੌਜ ਦੇ ਸਾਬਕਾ ਮੁਖੀ ਹਨ ਅਤੇ ਉਨ੍ਹਾਂ ਨੇ ਸਾਲ 2022 ਵਿੱਚ ਸਿਆਸਤ ਵਿੱਚ ਕਦਮ ਰੱਖਿਆ ਸੀ।
7 ਅਕਤੂਬਰ, 2023 ਨੂੰ ਹਮਾਸ ਵੱਲੋਂ ਇਸਰਾਈਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਉਹ ਨੇਤਨਯਾਹੂ ਦੀ ਜੰਗੀ ਕੈਬਨਿਟ ਵਿੱਚ ਵੀ ਸ਼ਾਮਲ ਹੋਏ ਸਨ। ਹਾਲਾਂਕਿ, ਬਾਅਦ ਵਿੱਚ ਉਹ ਨੇਤਨਯਾਹੂ ਦੇ ਆਲੋਚਕ ਬਣ ਗਏ।
ਉਹ ਨੈਸ਼ਨਲ ਯੂਨਿਟੀ ਪਾਰਟੀ ਵੱਲੋਂ ਇਜ਼ਰਾਈਲ ਸੰਸਦ ਦੇ ਮੈਂਬਰ ਬਣੇ ਸਨ। ਬਾਅਦ ਵਿੱਚ ਉਨ੍ਹਾਂ ਨੇ ਇਹ ਪਾਰਟੀ ਛੱਡ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਨਾਲ ਉਨ੍ਹਾਂ ਦੇ ਵਿਚਾਰਧਾਰਕ ਮਤਭੇਦ ਸਨ।
ਪਿਛਲੇ ਸਾਲ ਵਿਰੋਧੀ ਧਿਰ ਦੇ ਹੋਰ ਪ੍ਰਮੁੱਖ ਆਗੂਆਂ ਤੋਂ ਵੱਖ ਹੋ ਕੇ ਉਨ੍ਹਾਂ ਨੇ ਆਪਣੀ ਮੱਧਮਾਰਗੀ ਪਾਰਟੀ 'ਯਾਸ਼ਰ' ਬਣਾਈ। 'ਯਾਸ਼ਰ' ਦਾ ਅਰਥ ਹੈ 'ਸਿੱਧਾ' ਜਾਂ 'ਇਮਾਨਦਾਰ'।
ਗਾਜ਼ਾ ਜੰਗ ਵਿੱਚ ਆਪਣੇ ਪੁੱਤਰ ਅਤੇ ਦੋ ਭਤੀਜਿਆਂ ਨੂੰ ਗੁਆਉਣ ਵਾਲੇ ਆਇਜ਼ਨਕੋਟ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਫ਼ੌਜੀ ਪਿਛੋਕੜ 'ਤੇ ਜ਼ੋਰ ਦਿੱਤਾ ਸੀ।
ਪਰ ਚੋਣਾਂ ਦੌਰਾਨ ਜਿਨ੍ਹਾਂ ਮੁੱਦਿਆਂ ਨੂੰ ਉਨ੍ਹਾਂ ਨੇ ਉਠਾਇਆ ਸੀ, ਉਨ੍ਹਾਂ ਵਿੱਚੋਂ ਕਈ ਹੁਣ ਉਨ੍ਹਾਂ ਦੇ ਸਾਹਮਣੇ ਚੁਣੌਤੀ ਬਣ ਸਕਦੇ ਹਨ। ਉਨ੍ਹਾਂ ਸਾਹਮਣੇ ਆਉਣ ਵਾਲੀਆਂ ਕੁਝ ਸੰਭਾਵੀ ਚੁਣੌਤੀਆਂ 'ਤੇ ਨਜ਼ਰ ਮਾਰਦੇ ਹਾਂ।
1. ਗੱਠਜੋੜ ਦੀ ਸਰਕਾਰ
ਇਜ਼ਰਾਈਲ ਵਿੱਚ ਹੋਈਆਂ ਚੋਣਾਂ ਵਿੱਚ ਕਾਰਜਕਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੱਜੇ ਪੱਖੀ ਲਿਕੁਡ ਪਾਰਟੀ ਅਤੇ ਉਸ ਦੇ ਕੱਟੜ ਸੱਜੇ ਪੱਖੀ ਤੇ ਕੱਟੜ ਰੂੜੀਵਾਦੀ ਯਹੂਦੀ ਭਾਈਵਾਲਾਂ ਨੇ 120 ਮੈਂਬਰੀ ਸੰਸਦ ਵਿੱਚ 53 ਸੀਟਾਂ ਜਿੱਤੀਆਂ ਹਨ।
ਜਦਕਿ ਆਇਜ਼ਨਕੋਟ ਦੀ ਮੱਧਮਾਰਗੀ ਯਾਸ਼ਰ ਪਾਰਟੀ ਅਤੇ ਉਨ੍ਹਾਂ ਦੇ ਗੱਠਜੋੜ ਦੀਆਂ ਤਿੰਨ ਹੋਰ ਯਹੂਦੀ ਵਿਰੋਧੀ ਪਾਰਟੀਆਂ ਨੂੰ 48 ਸੀਟਾਂ ਮਿਲੀਆਂ ਹਨ।
ਇਸ ਤਰ੍ਹਾਂ ਸਰਕਾਰ ਚਲਾਉਣ ਲਈ ਆਇਜ਼ਨਕੋਟ ਨੂੰ ਅਰਬ ਪਾਰਟੀਆਂ ਦੇ ਸਮਰਥਨ ਦੀ ਲੋੜ ਹੋਵੇਗੀ। ਇਜ਼ਰਾਈਲ ਦੇ ਸਿਆਸੀ ਹਾਲਾਤ ਵਿੱਚ ਅਜਿਹੀ ਸਰਕਾਰ ਚਲਾਉਣੀ ਸੌਖੀ ਨਹੀਂ ਹੋਵੇਗੀ, ਜੋ ਅਰਬ ਪਾਰਟੀਆਂ ਦੇ ਸਮਰਥਨ 'ਤੇ ਟਿਕੀ ਹੋਵੇ। ਇਸ ਦਾ ਕਾਰਨ ਇਹ ਹੈ ਕਿ ਅਰਬ ਪਾਰਟੀਆਂ ਉਨ੍ਹਾਂ ਦੇ ਕਈ ਵਾਅਦਿਆਂ ਅਤੇ ਪੁਰਾਣੇ ਰੁਖ਼ 'ਤੇ ਰੋਕ ਲਗਾ ਸਕਦੀਆਂ ਹਨ।
ਦੂਜੇ ਪਾਸੇ, ਆਇਜ਼ਨਕੋਟ ਸਿਆਸਤ ਵਿੱਚ ਨਵੇਂ ਹਨ ਅਤੇ ਗੁੰਝਲਦਾਰ ਸਿਆਸੀ ਹਾਲਾਤ ਦਾ ਹੱਲ ਲੱਭਣਾ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ।
2. ਇਜ਼ਰਾਈਲ ਦੀ ਸੁਰੱਖਿਆ
ਬਤੌਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਕਸਰ ਖ਼ੁਦ ਨੂੰ ਦੇਸ਼ ਦੇ ਰਖਵਾਲੇ ਵਜੋਂ ਪੇਸ਼ ਕਰਦੇ ਰਹੇ ਹਨ।
ਨੇਤਨਯਾਹੂ ਹਮੇਸ਼ਾ ਈਰਾਨ ਨੂੰ ਯਹੂਦੀ ਸ਼ਾਸਨ (ਇਜ਼ਰਾਈਲ) ਲਈ ਸਭ ਤੋਂ ਵੱਡਾ ਖ਼ਤਰਾ ਦੱਸਦੇ ਰਹੇ ਹਨ।
28 ਫਰਵਰੀ, 2026 ਨੂੰ ਇਜ਼ਰਾਈਲ ਅਤੇ ਅਮਰੀਕਾ ਨੇ ਮਿਲ ਕੇ ਈਰਾਨ 'ਤੇ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ ਮੱਧ ਪੂਰਬ ਦੇ ਹਾਲਾਤ ਵਿਗੜ ਗਏ ਹਨ ਅਤੇ ਇਸ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਹੋ ਗਈ ਹੈ।
ਇਸ ਸੰਘਰਸ਼ ਵਿੱਚ ਹੁਣ ਤੱਕ ਅਮਰੀਕਾ ਅਤੇ ਈਰਾਨ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਅਜਿਹੇ ਵਿੱਚ ਇਜ਼ਰਾਈਲ ਸਾਹਮਣੇ ਉਹ ਕਥਿਤ ਖ਼ਤਰਾ ਅਜੇ ਵੀ ਬਰਕਰਾਰ ਹੈ, ਜਿਸ ਦਾ ਜ਼ਿਕਰ ਨੇਤਨਯਾਹੂ ਕਰਦੇ ਰਹੇ ਹਨ।
ਆਇਜ਼ਨਕੋਟ ਸਾਹਮਣੇ ਈਰਾਨ ਦੇ ਮੁੱਦੇ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਹੋਵੇਗੀ।
ਰਾਸ਼ਟਰਪਤੀ ਹਰਜ਼ੋਗ ਦੇ ਫ਼ੈਸਲੇ ਦੇ ਐਲਾਨ ਤੋਂ ਇੱਕ ਘੰਟਾ ਪਹਿਲਾਂ ਕਾਰਜਕਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਸੀ ਕਿ 'ਵਿਰੋਧੀ ਪਾਰਟੀਆਂ ਅਤੇ ਅਰਬ ਪਾਰਟੀਆਂ ਵਿਚਾਲੇ ਸੰਭਾਵੀ ਗੱਠਜੋੜ ਦੇਸ਼ ਦੇ ਪਤਨ ਦਾ ਕਾਰਨ ਬਣੇਗਾ।'
ਬੀਬੀਸੀ ਫ਼ਾਰਸੀ ਮੁਤਾਬਕ, ਨੇਤਨਯਾਹੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਇਸਲਾਮਵਾਦੀਆਂ ਨਾਲ ਜੁੜੀ ਅਜਿਹੀ ਸਰਕਾਰ ਇਜ਼ਰਾਈਲ ਨੂੰ ਅੰਦਰੋਂ ਹੀ ਟੁਕੜੇ-ਟੁਕੜੇ ਕਰ ਦੇਵੇਗੀ, ਜਿਵੇਂ ਕਿ ਯੂਰਪੀ ਦੇਸ਼ਾਂ ਵਿੱਚ ਹੋ ਰਿਹਾ ਹੈ। ਇਸ ਨਾਲ ਇਸ ਤੋਂ ਵੀ ਬਦਤਰ ਹਾਲਾਤ ਪੈਦਾ ਹੋ ਸਕਦੇ ਹਨ।"
ਯਾਨੀ ਸੰਭਾਵੀ ਸਰਕਾਰ ਬਣਨ ਤੋਂ ਪਹਿਲਾਂ ਹੀ ਨੇਤਨਯਾਹੂ ਨੇ ਇਜ਼ਰਾਈਲ ਦੇ ਭਵਿੱਖ ਨੂੰ ਲੈ ਕੇ ਲੋਕਾਂ ਨੂੰ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ।
3. ਅਮਰੀਕਾ ਦੀਆਂ ਮਿਡਟਰਮ ਚੋਣਾਂ ਦਾ ਅਸਰ
ਅਮਰੀਕਾ ਵਿੱਚ ਹੋਈਆਂ ਮਿਡਟਰਮ ਚੋਣਾਂ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਹਾਰ ਦਾ ਅਸਰ ਇਜ਼ਰਾਈਲ 'ਤੇ ਵੀ ਪੈ ਸਕਦਾ ਹੈ।
ਇਨ੍ਹਾਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਆਪਣਾ ਬਹੁਮਤ ਗੁਆ ਚੁੱਕੀ ਹੈ।
ਕਈ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਪਾਰਟੀ ਦੇ ਇਸ ਮਾੜੇ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਕਾਰਨ ਈਰਾਨ ਜੰਗ ਰਹੀ ਹੈ।
ਈਰਾਨ ਵੀ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਅਮਰੀਕਾ ਇਜ਼ਰਾਈਲ ਲਈ ਈਰਾਨ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਦਾ ਬੋਝ ਅਮਰੀਕੀਆਂ 'ਤੇ ਪਾਇਆ ਜਾ ਰਿਹਾ ਹੈ।
ਚੋਣਾਂ ਤੋਂ ਬਾਅਦ ਬਦਲੇ ਹੋਏ ਹਾਲਾਤ ਵਿੱਚ ਜੇਕਰ ਅਮਰੀਕਾ ਈਰਾਨ ਜੰਗ ਬਾਰੇ ਆਪਣੇ ਰੁਖ਼ ਵਿੱਚ ਬਦਲਾਅ ਕਰਦਾ ਹੈ ਤਾਂ ਇਸ ਨਾਲ ਇਜ਼ਰਾਈਲ ਵਿੱਚ ਸੁਰੱਖਿਆ ਦੀ ਭਾਵਨਾ ਪ੍ਰਭਾਵਿਤ ਹੋ ਸਕਦੀ ਹੈ।
ਇਸ ਤਰ੍ਹਾਂ ਨਾ ਸਿਰਫ਼ ਇਜ਼ਰਾਈਲ ਦੇ ਸਿਆਸੀ ਸਮੀਕਰਨ, ਸਗੋਂ ਉਸ ਤੋਂ ਸੈਂਕੜੇ ਕਿਲੋਮੀਟਰ ਦੂਰ ਸਥਿਤ ਅਮਰੀਕਾ ਦੇ ਕਦਮ ਵੀ ਆਇਜ਼ਨਕੋਟ ਲਈ ਚੁਣੌਤੀ ਬਣ ਸਕਦੇ ਹਨ।
4. ਨੇਤਨਯਾਹੂ ਨਾਲ ਮੁਕਾਬਲਾ
ਹਾਲ ਹੀ ਦੇ ਸਾਲਾਂ ਵਿੱਚ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਘਿਰੇ ਰਹੇ ਹਨ। ਉਹ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।
7 ਅਕਤੂਬਰ, 2023 ਦੇ ਹਮਲਿਆਂ ਨਾਲ ਨਜਿੱਠਣ ਦੇ ਉਨ੍ਹਾਂ ਦੇ ਤਰੀਕੇ ਦੀ ਵੀ ਆਲੋਚਨਾ ਹੋਈ ਹੈ। ਇਸ ਤੋਂ ਇਲਾਵਾ, ਨਿਆਂਪਾਲਿਕਾ ਵਿੱਚ ਵੱਡੇ ਬਦਲਾਅ ਕਰਨ ਦੀ ਉਨ੍ਹਾਂ ਦੀ ਵਿਵਾਦਤ ਯੋਜਨਾ ਕਾਰਨ ਦੇਸ਼ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।
ਪਰ ਨੇਤਨਯਾਹੂ ਇਜ਼ਰਾਈਲ ਦੀ ਸਿਆਸਤ ਦੇ ਇੱਕ ਮਾਹਰ ਖਿਡਾਰੀ ਹਨ ਅਤੇ ਉਹ ਆਇਜ਼ਨਕੋਟ ਲਈ ਚੁਣੌਤੀ ਬਣੇ ਰਹਿਣਗੇ।
ਰਾਸ਼ਟਰਪਤੀ ਹਰਜ਼ੋਗ ਦੇ ਫ਼ੈਸਲੇ ਦੇ ਐਲਾਨ ਤੋਂ ਇੱਕ ਘੰਟਾ ਪਹਿਲਾਂ ਕਾਰਜਕਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਸੀ ਕਿ 'ਵਿਰੋਧੀ ਪਾਰਟੀਆਂ ਅਤੇ ਅਰਬ ਪਾਰਟੀਆਂ ਵਿਚਾਲੇ ਸੰਭਾਵੀ ਗੱਠਜੋੜ ਦੇਸ਼ ਦੇ ਪਤਨ ਦਾ ਕਾਰਨ ਬਣੇਗਾ।'
ਬੀਬੀਸੀ ਫ਼ਾਰਸੀ ਮੁਤਾਬਕ, ਨੇਤਨਯਾਹੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਇਸਲਾਮਵਾਦੀਆਂ ਨਾਲ ਜੁੜੀ ਅਜਿਹੀ ਸਰਕਾਰ ਇਜ਼ਰਾਈਲ ਨੂੰ ਅੰਦਰੋਂ ਹੀ ਟੁਕੜੇ-ਟੁਕੜੇ ਕਰ ਦੇਵੇਗੀ, ਜਿਵੇਂ ਕਿ ਯੂਰਪੀ ਦੇਸ਼ਾਂ ਵਿੱਚ ਹੋ ਰਿਹਾ ਹੈ। ਇਸ ਨਾਲ ਇਸ ਤੋਂ ਵੀ ਬਦਤਰ ਹਾਲਾਤ ਪੈਦਾ ਹੋ ਸਕਦੇ ਹਨ।"
ਯਾਨੀ ਸੰਭਾਵੀ ਸਰਕਾਰ ਬਣਨ ਤੋਂ ਪਹਿਲਾਂ ਹੀ ਨੇਤਨਯਾਹੂ ਨੇ ਇਜ਼ਰਾਈਲ ਦੇ ਭਵਿੱਖ ਨੂੰ ਲੈ ਕੇ ਲੋਕਾਂ ਨੂੰ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ।
5. ਦੁਨੀਆ ਨਾਲ ਇਜ਼ਰਾਈਲ ਦੇ ਸਬੰਧ
ਬੈਂਜਾਮਿਨ ਨੇਤਨਯਾਹੂ ਦੇ ਕਾਰਜਕਾਲ ਦੌਰਾਨ 7 ਅਕਤੂਬਰ, 2023 ਨੂੰ ਇਜ਼ਰਾਈਲੀ ਇਲਾਕਿਆਂ ਵਿੱਚ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੱਡੀ ਫ਼ੌਜੀ ਕਾਰਵਾਈ ਕੀਤੀ ਹੈ।
ਇਸ ਦੌਰਾਨ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਵੀ ਮਾਰੇ ਗਏ ਹਨ।
ਇਜ਼ਰਾਈਲ ਦੀ ਫ਼ੌਜੀ ਕਾਰਵਾਈ ਦੀ ਦੁਨੀਆ ਦੇ ਕਈ ਦੇਸ਼ਾਂ ਨੇ ਆਲੋਚਨਾ ਕੀਤੀ ਹੈ ਅਤੇ ਕਈ ਦੇਸ਼ਾਂ ਨਾਲ ਉਸ ਦੇ ਸਬੰਧ ਵੀ ਵਿਗੜੇ ਹਨ।
ਇਜ਼ਰਾਈਲ ਨੂੰ ਇਨ੍ਹਾਂ ਸਬੰਧਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਜੇਕਰ ਆਇਜ਼ਨਕੋਟ ਇਸ ਦਿਸ਼ਾ ਵਿੱਚ ਅੱਗੇ ਵਧਦੇ ਹਨ ਤਾਂ ਉਨ੍ਹਾਂ ਨੂੰ ਕਈ ਅਜਿਹੀਆਂ ਨੀਤੀਆਂ ਅਪਣਾਉਣੀਆਂ ਪੈ ਸਕਦੀਆਂ ਹਨ, ਜੋ ਦੇਸ਼ ਦੀ ਸੱਜੇ ਪੱਖੀ ਸਿਆਸਤ ਨੂੰ ਨਾਰਾਜ਼ ਕਰ ਸਕਦੀਆਂ ਹਨ।
6. ਅਰਬ ਪਾਰਟੀਆਂ ਦੀਆਂ ਉਮੀਦਾਂ
ਜੇਕਰ ਅਰਬ ਪਾਰਟੀਆਂ ਨੇ ਉਨ੍ਹਾਂ ਦੀ ਸਰਕਾਰ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ ਤਾਂ ਇਜ਼ਰਾਈਲ ਵਿੱਚ ਰਹਿਣ ਵਾਲੇ ਅਰਬ ਨਾਗਰਿਕਾਂ ਦੇ ਹੱਕਾਂ ਅਤੇ ਉਨ੍ਹਾਂ ਦੇ ਆਪਣੇ ਮੁੱਦਿਆਂ ਨੂੰ ਲੈ ਕੇ ਇਨ੍ਹਾਂ ਪਾਰਟੀਆਂ ਦੀਆਂ ਕੁਝ ਉਮੀਦਾਂ ਵੀ ਹੋ ਸਕਦੀਆਂ ਹਨ।
ਇਨ੍ਹਾਂ ਵਿੱਚ ਅਰਬ ਪਾਰਟੀਆਂ ਦੇ ਇਲਾਕਿਆਂ ਵਿੱਚ ਨਵੇਂ ਘਰਾਂ ਦੀ ਉਸਾਰੀ ਨੂੰ ਸੌਖਾ ਬਣਾਉਣਾ, ਅਰਬ ਬਹੁਗਿਣਤੀ ਵਾਲੇ ਕਸਬਿਆਂ ਵਿੱਚ ਸੁਰੱਖਿਆ ਅਤੇ ਹੋਰ ਸਹੂਲਤਾਂ ਲਈ ਬਜਟ ਦੀ ਮੰਗ ਵੀ ਸ਼ਾਮਲ ਹੋ ਸਕਦੀ ਹੈ।
ਈਰਾਨ ਨਾਲ ਜੰਗ ਅਤੇ ਲਿਬਨਾਨ ਦੇ ਹਿਜ਼ਬੁੱਲਾ ਨਾਲ ਲਗਾਤਾਰ ਜਾਰੀ ਸੰਘਰਸ਼ ਦਰਮਿਆਨ ਇਜ਼ਰਾਈਲ ਲਈ ਕਿਸੇ ਨਵੀਂ ਯੋਜਨਾ ਅਤੇ ਬਜਟ 'ਤੇ ਕੰਮ ਕਰਨਾ ਆਸਾਨ ਨਹੀਂ ਹੋਵੇਗਾ।
7. ਗਾਜ਼ਾ ਵਿੱਚ ਇਜ਼ਰਾਈਲ ਦੀ ਫ਼ੌਜੀ ਮੁਹਿੰਮ
ਆਇਜ਼ਨਕੋਟ ਦੇ ਰੁਖ਼ ਤੋਂ ਲੱਗਦਾ ਹੈ ਕਿ ਫਲਸਤੀਨ, ਗਾਜ਼ਾ, ਵੈਸਟ ਬੈਂਕ ਅਤੇ ਹਮਾਸ ਵਰਗੇ ਮੁੱਦਿਆਂ ਨਾਲ ਜੁੜੀਆਂ ਨੀਤੀਆਂ ਦੇ ਮਾਮਲੇ ਵਿੱਚ ਉਹ ਨੇਤਨਯਾਹੂ ਤੋਂ ਬਹੁਤੇ ਵੱਖਰੇ ਨਹੀਂ ਹਨ।
ਪਰ ਅਰਬ ਪਾਰਟੀਆਂ ਦੀ ਮੰਗ ਹੋ ਸਕਦੀ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਫ਼ੌਜੀ ਮੁਹਿੰਮ ਰੋਕੀ ਜਾਵੇ। ਜੇਕਰ ਆਇਜ਼ਨਕੋਟ ਹਮਾਸ ਜਾਂ ਗਾਜ਼ਾ ਨੂੰ ਲੈ ਕੇ ਕੋਈ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ ਦੀਆਂ ਹੋਰ ਸੱਜੇ ਪੱਖੀ ਸਹਿਯੋਗੀ ਪਾਰਟੀਆਂ ਇਸ ਦੇ ਵਿਰੋਧ ਵਿੱਚ ਖੜ੍ਹੀਆਂ ਹੋ ਸਕਦੀਆਂ ਹਨ।
ਦੂਜੇ ਪਾਸੇ, ਆਇਜ਼ਨਕੋਟ ਦੇ ਅਜਿਹੇ ਕਿਸੇ ਵੀ ਕਦਮ ਨਾਲ ਹੀ ਨੇਤਨਯਾਹੂ ਸਰਗਰਮ ਹੋ ਸਕਦੇ ਹਨ ਅਤੇ ਆਇਜ਼ਨਕੋਟ ਦੀ ਸਰਕਾਰ ਲਈ ਖ਼ਤਰਾ ਪੈਦਾ ਹੋ ਸਕਦਾ ਹੈ।
8. ਅਤਿ-ਰੂੜੀਵਾਦੀ ਯਹੂਦੀ ਪਾਰਟੀਆਂ ਨਾਲ ਤਾਲਮੇਲ
ਅਤਿ-ਰੂੜੀਵਾਦੀ ਯਹੂਦੀ ਪਾਰਟੀਆਂ ਇਸ ਗੱਲ 'ਤੇ ਅੜ ਸਕਦੀਆਂ ਹਨ ਕਿ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਤੋਂ ਛੋਟ ਦਿੱਤੀ ਜਾਵੇ, ਜਦਕਿ ਆਇਜ਼ਨਕੋਟ ਦੀਆਂ ਇਸ ਮੁੱਦੇ ਨੂੰ ਲੈ ਕੇ ਆਪਣੀਆਂ ਨੀਤੀਆਂ ਵੱਖਰੀਆਂ ਹਨ।
ਉਹ ਇਜ਼ਰਾਈਲ ਦੀ ਸੁਰੱਖਿਆ ਲਈ ਚਾਹੁੰਦੇ ਹਨ ਕਿ ਹਰ ਵਰਗ ਦੇ ਲੋਕ ਫ਼ੌਜ ਵਿੱਚ ਆਪਣਾ ਯੋਗਦਾਨ ਪਾਉਣ।
ਬੀਬੀਸੀ ਦੇ ਸੇਬੇਸਟੀਅਨ ਐਸ਼ਰ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ ਦਿਨੀਂ ਇਸ ਮੁੱਦੇ ਨੂੰ ਲੈ ਕੇ ਇਜ਼ਰਾਈਲ ਦੀਆਂ ਸੜਕਾਂ 'ਤੇ ਵੀ ਤਿੱਖੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਸ ਦੌਰਾਨ ਪ੍ਰਦਰਸ਼ਨਕਾਰੀ ਇਜ਼ਰਾਈਲੀ ਸੁਰੱਖਿਆ ਬਲਾਂ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ 'ਨਾਜ਼ੀ' ਕਹਿੰਦੇ ਦੇਖੇ ਗਏ।
ਚਿੱਟੀਆਂ ਕਮੀਜ਼ਾਂ, ਕਾਲੀਆਂ ਫੈਡੋਰਾ ਟੋਪੀਆਂ ਅਤੇ ਲੰਮੇ ਕਾਲੇ ਕੋਟ ਪਹਿਨੇ ਸੈਂਕੜੇ ਅਤਿ-ਰੂੜੀਵਾਦੀ ਯਹੂਦੀ ਇਜ਼ਰਾਈਲੀ ਫ਼ੌਜੀ ਪੁਲਿਸ ਦੇ ਸਾਹਮਣੇ ਖੜ੍ਹੇ ਸਨ।
ਵਿਵਾਦ ਦੀ ਸ਼ੁਰੂਆਤ ਯੇਰੂਸ਼ਲਮ ਅਤੇ ਤੇਲ ਅਵੀਵ ਵਿਚਾਲੇ ਸਥਿਤ ਮੋਦੀਨ ਸ਼ਹਿਰ ਦੀ ਇੱਕ ਇਮਾਰਤ ਤੋਂ ਹੋਈ। ਇੱਥੇ ਇੱਕ ਨੌਜਵਾਨ ਅਤਿ-ਰੂੜੀਵਾਦੀ ਯਹੂਦੀ (ਹਰੇਦੀ) ਰਹਿੰਦਾ ਹੈ। ਉਸ ਨੇ ਇਜ਼ਰਾਈਲ ਦੇ ਨਿਯਮਾਂ ਮੁਤਾਬਕ ਲਾਜ਼ਮੀ ਫ਼ੌਜੀ ਸੇਵਾ ਲਈ ਹਾਜ਼ਰ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਇਸੇ ਸਿਲਸਿਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ