ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਮਿਲਾਵਟੀ ਖੋਏ ਨਾਲ ਬਣੀ ਮਠਿਆਈ ਖਾਣ ਦੇ ਕੀ ਖ਼ਤਰੇ ਹਨ, ਕਿਵੇਂ ਪਤਾ ਲਾਇਆ ਜਾ ਸਕਦਾ ਹੈ ਕਿ ਮਿਲਾਵਟ ਹੋਈ ਹੈ?
- ਲੇਖਕ, ਸ਼ੁਭਾਂਗੀ ਮਿਸ਼ਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਦੀਵਾਲੀ ਮੌਕੇ ਮਠਿਆਈ ਖ਼ਰੀਦਦੇ ਸਮੇਂ ਸਿਰਫ਼ ਉਸ ਵਿੱਚ ਮੌਜੂਦ ਕੈਲੋਰੀਜ਼ ਬਾਰੇ ਹੀ ਨਹੀਂ, ਸਗੋਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕਿਤੇ ਉਸ ਵਿੱਚ ਮਿਲਾਵਟ ਤਾਂ ਨਹੀਂ ਹੈ? ਉਸ ਵਿੱਚ ਵਰਤਿਆ ਗਿਆ ਖੋਆ ਅਤੇ ਘਿਓ ਅਸਲੀ ਹੈ ਜਾਂ ਨਹੀਂ?
ਦੀਵਾਲੀ ਦੌਰਾਨ ਮਠਿਆਈਆਂ ਅਤੇ ਨਮਕੀਨ ਦੀ ਮੰਗ ਵਿੱਚ ਭਾਰੀ ਵਾਧਾ ਹੁੰਦਾ ਹੈ। ਇਸ ਦੌਰਾਨ ਅਸਲੀ ਅਤੇ ਮਿਲਾਵਟੀ ਉਤਪਾਦਾਂ ਵਿਚਕਾਰ ਫ਼ਰਕ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।
ਤਿੰਨ ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਖ਼ੁਦ ਤੁਰਕਮਾਨ ਗੇਟ ਪਹੁੰਚੇ ਅਤੇ ਉੱਥੇ ਮਿਲਾਵਟੀ ਖੋਆ ਜ਼ਬਤ ਕਰਨ ਦੀ ਕਾਰਵਾਈ ਕੀਤੀ।
ਉਨ੍ਹਾਂ ਨੇ ਇਸ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਲਿਖਿਆ, "ਤਿਉਹਾਰਾਂ ਦੌਰਾਨ ਅਤੇ ਪੂਰੇ ਸਾਲ ਦਿੱਲੀ ਵਿੱਚ ਛਾਪੇਮਾਰੀ ਤੇਜ਼ ਕੀਤੀ ਜਾਵੇਗੀ। ਮਿਲਾਵਟ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰਹੇਗੀ।"
ਨਾ ਸਿਰਫ ਦਿੱਲੀ ਸਗੋਂ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਮਿਲਾਵਟੀ ਮਠਿਆਈਆਂ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਇਹ ਕੇਸ ਹੋਰ ਵਧ ਜਾਂਦੇ ਹਨ।
ਖ਼ਬਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, "ਦਿੱਲੀ ਦੇ ਖੁਰਾਕ ਸੁਰੱਖਿਆ ਵਿਭਾਗ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਬਾਜ਼ਾਰਾਂ ਵਿੱਚੋਂ 4,000 ਕਿਲੋ ਤੋਂ ਵੱਧ ਖਾਣ-ਪੀਣ ਦੀਆਂ ਵਸਤਾਂ ਨਸ਼ਟ ਕੀਤੀਆਂ।''
''ਇਨ੍ਹਾਂ ਵਿੱਚ ਖੋਆ, ਘਿਓ, ਪਨੀਰ ਅਤੇ ਮਠਿਆਈਆਂ ਸ਼ਾਮਿਲ ਸਨ। ਵਿਭਾਗ ਵੱਲੋਂ ਜਾਂਚੇ ਗਏ 290 ਨਮੂਨਿਆਂ ਵਿੱਚੋਂ 85 ਅਸੁਰੱਖਿਅਤ ਜਾਂ ਤੈਅ ਮਾਪਦੰਡਾਂ ਤੋਂ ਹੇਠਲੇ ਪੱਧਰ ਦੇ ਪਾਏ ਗਏ।"
ਹੁਣ ਸਵਾਲ ਇਹ ਹੈ ਕਿ ਤਿਉਹਾਰਾਂ ਦੌਰਾਨ ਮਿਲਾਵਟੀ ਮਠਿਆਈਆਂ ਦੀ ਵਿੱਕਰੀ ਕਿਉਂ ਵਧ ਜਾਂਦੀ ਹੈ? ਇਨ੍ਹਾਂ ਦੀ ਪਛਾਣ ਕਿਵੇਂ ਕਰੀਏ? ਅਤੇ ਇਨ੍ਹਾਂ ਨੂੰ ਖਾਣ ਨਾਲ ਸਾਡੀ ਸਿਹਤ 'ਤੇ ਕੀ ਮਾੜਾ ਅਸਰ ਪੈ ਸਕਦਾ ਹੈ? ਆਓ, ਸਮਝਦੇ ਹਾਂ।
ਤਿਉਹਾਰਾਂ ਵਿੱਚ ਮਿਲਾਵਟ ਕਿਉਂ ਵਧ ਜਾਂਦੀ ਹੈ?
ਸਤੰਬਰ 2026 ਵਿੱਚ ਐੱਫਐੱਸਐੱਸਏਆਈ ਨੇ 'ਸਪੈਸ਼ਲ ਫੈਸਟੀਵ ਡਰਾਈਵ' ਨੂੰ ਲੈ ਕੇ ਇੱਕ ਸਰਕੂਲਰ ਜਾਰੀ ਕੀਤਾ ਸੀ।
ਇਸ ਵਿੱਚ ਕਿਹਾ ਗਿਆ ਸੀ ਕਿ ਨਰਾਤਿਆਂ ਅਤੇ ਦੀਵਾਲੀ ਤੋਂ ਪਹਿਲਾਂ ਮਠਿਆਈਆਂ, ਤੇਲ, ਪਨੀਰ ਅਤੇ ਖੋਏ ਵਰਗੀਆਂ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ।
ਇਸ ਦੌਰਾਨ ਬਾਜ਼ਾਰ ਵਿੱਚ ਮਿਲਾਵਟੀ, ਨਕਲੀ ਅਤੇ ਅਸੁਰੱਖਿਅਤ ਖੁਰਾਕੀ ਉਤਪਾਦਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਐੱਫਐੱਸਐੱਸਏਆਈ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਨਿਗਰਾਨੀ ਅਤੇ ਜਾਂਚ ਵਧਾਉਣ ਲਈ ਕਿਹਾ ਸੀ।
ਸਰਕੂਲਰ ਵਿੱਚ ਕਿਹਾ ਗਿਆ ਸੀ, "ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਤਿਉਹਾਰਾਂ ਦੌਰਾਨ ਆਪਣੇ-ਆਪਣੇ ਇਲਾਕਿਆਂ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਦਾ ਨਿਰੀਖਣ ਕਰਨ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਇਕੱਠੇ ਕਰਨ। ਇਨ੍ਹਾਂ ਮੁਹਿੰਮਾਂ ਦੌਰਾਨ ਉਨ੍ਹਾਂ ਇਲਾਕਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿੱਥੇ ਮਿਲਾਵਟ ਦੀ ਸੰਭਾਵਨਾ ਵੱਧ ਹੈ ਅਤੇ ਜਿਨ੍ਹਾਂ ਦੀ ਸੰਵੇਦਨਸ਼ੀਲ ਥਾਵਾਂ ਵਜੋਂ ਨਿਸ਼ਾਨਦੇਹੀ ਕੀਤੀ ਗਈ ਹੈ।"
ਅਖ਼ਬਾਰ 'ਮਿੰਟ' ਦੀ ਇੱਕ ਰਿਪੋਰਟ ਮੁਤਾਬਕ, ਭਾਰਤ ਵਿੱਚ ਸੰਗਠਿਤ ਮਠਿਆਈ ਨਿਰਮਾਤਾਵਾਂ ਦੀ ਕੁੱਲ ਸਾਲਾਨਾ ਵਿੱਕਰੀ ਦਾ ਲਗਭਗ 35 ਫ਼ੀਸਦੀ ਕਾਰੋਬਾਰ ਤਿਉਹਾਰਾਂ ਦੇ ਮੌਸਮ ਦੌਰਾਨ ਹੁੰਦਾ ਹੈ।
ਮਿਲਾਵਟੀ ਖੋਏ ਤੋਂ ਬਣੀਆਂ ਮਠਿਆਈਆਂ ਨਾਲ ਕੀ ਨੁਕਸਾਨ ਹੁੰਦਾ ਹੈ?
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਗੈਸਟਰੋਐਂਟਰੋਲੋਜਿਸਟ ਡਾ. ਅਨਿਲ ਅਰੋੜਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਤਿਉਹਾਰਾਂ ਦੇ ਸਮੇਂ ਮੰਗ ਇੰਨੀ ਵਧ ਜਾਂਦੀ ਹੈ ਕਿ ਕਈ ਵਾਰ ਸਪਲਾਈ ਉਸ ਮੰਗ ਨੂੰ ਪੂਰਾ ਨਹੀਂ ਕਰ ਪਾਉਂਦੀ। ਅਜਿਹੇ ਵਿੱਚ ਬਾਜ਼ਾਰ ਵਿੱਚ ਮਿਲਾਵਟੀ ਸਾਮਾਨ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।"
ਅਸੀਂ ਇਸ ਬਾਰੇ ਮਠਿਆਈ ਅਤੇ ਨਮਕੀਨ ਨਿਰਮਾਤਾਵਾਂ ਦੇ ਸੰਗਠਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਦਿੱਲੀ ਦੀ ਮੋਰੀ ਗੇਟ ਮੰਡੀ ਦੇ ਖੋਆ ਮਾਵਾ ਵਪਾਰ ਸੰਘ ਦੇ ਮੁਖੀ ਰਾਕੇਸ਼ ਤੋਮਰ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਮਿਲਾਵਟੀ ਮਠਿਆਈਆਂ ਦੀ ਜ਼ਬਤੀ ਤੋਂ ਬਾਅਦ ਮੰਡੀ ਦੇ ਕਾਰੋਬਾਰ 'ਤੇ ਅਸਰ ਪਿਆ ਹੈ।
ਉਨ੍ਹਾਂ ਕਿਹਾ, "ਇਸ ਸਾਲ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਘੱਟੋ-ਘੱਟ 40 ਫ਼ੀਸਦੀ ਦੀ ਗਿਰਾਵਟ ਆਈ ਹੈ। ਵੱਡੇ ਉਦਯੋਗਾਂ ਦੀਆਂ ਕੰਪਨੀਆਂ ਦਾ ਸਾਮਾਨ ਵਿਕਵਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਅਸੀਂ ਦਿੱਲੀ ਦੇ ਛੋਟੇ ਕਾਰੋਬਾਰੀ ਹਾਂ ਅਤੇ ਸਾਡੇ ਖੋਏ ਵਿੱਚ ਕੋਈ ਮਿਲਾਵਟ ਨਹੀਂ ਹੈ। ਸਾਡਾ ਸਾਮਾਨ ਜ਼ਬਤ ਕਰਦੇ ਸਮੇਂ ਸਾਨੂੰ ਇਸ ਦਾ ਕਾਰਨ ਵੀ ਨਹੀਂ ਦੱਸਿਆ ਜਾਂਦਾ।"
ਅਸੀਂ ਇਨ੍ਹਾਂ ਇਲਜ਼ਾਮਾਂ 'ਤੇ ਦਿੱਲੀ ਦੇ ਖੁਰਾਕ ਸੁਰੱਖਿਆ ਕਮਿਸ਼ਨਰ ਤੋਂ ਈਮੇਲ ਰਾਹੀਂ ਜਵਾਬ ਮੰਗਿਆ, ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਦਾ ਜਵਾਬ ਮਿਲਦੇ ਹੀ ਇਸ ਰਿਪੋਰਟ ਵਿੱਚ ਸਸ਼ਾਮਿਲ ਕੀਤਾ ਜਾਵੇਗਾ।
ਸਰਕਾਰ ਕੀ ਕਰਦੀ ਹੈ?
ਐੱਫਐੱਸਐੱਸਏਆਈ, ਤਿਉਹਾਰਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਰੋਕਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਸਲਾਹ ਦਿੰਦਾ ਹੈ।
ਇਸ ਤਹਿਤ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ, ਗੋਦਾਮਾਂ ਅਤੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੀਆਂ ਇਕਾਈਆਂ ਦਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਜਾਂਚ ਲਈ ਨਮੂਨੇ ਲਏ ਜਾਂਦੇ ਹਨ।
ਇਸ ਤੋਂ ਇਲਾਵਾ, ਐੱਫਐੱਸਐੱਸਏਆਈ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 'ਫੂਡ ਸੇਫਟੀ ਆਨ ਵ੍ਹੀਲਜ਼' ਨਾਂ ਦੀਆਂ ਮੋਬਾਈਲ ਖੁਰਾਕ ਜਾਂਚ ਪ੍ਰਯੋਗਸ਼ਾਲਾਵਾਂ ਨੂੰ ਪ੍ਰਮੁੱਖ ਬਾਜ਼ਾਰਾਂ ਵਿੱਚ ਤਾਇਨਾਤ ਕਰਨ ਲਈ ਕਿਹਾ ਹੈ।
ਇਨ੍ਹਾਂ ਰਾਹੀਂ ਖਾਣ-ਪੀਣ ਦੀਆਂ ਵਸਤਾਂ ਦੀ ਮੌਕੇ 'ਤੇ ਮੁੱਢਲੀ ਜਾਂਚ ਕੀਤੀ ਜਾ ਸਕਦੀ ਹੈ। ਹਾਲਾਂਕਿ, ਹਰ ਤਰ੍ਹਾਂ ਦੀ ਮਿਲਾਵਟ ਦੀ ਪੁਸ਼ਟੀ ਲਈ ਪ੍ਰਯੋਗਸ਼ਾਲਾ ਵਿੱਚ ਵਿਸਤ੍ਰਿਤ ਜਾਂਚ ਜ਼ਰੂਰੀ ਹੁੰਦੀ ਹੈ।
ਜੇਕਰ ਕੋਈ ਦੁਕਾਨਦਾਰ ਜਾਂ ਨਿਰਮਾਤਾ ਮਿਲਾਵਟੀ ਜਾਂ ਅਸੁਰੱਖਿਅਤ ਖਾਣ-ਪੀਣ ਦੀਆਂ ਵਸਤਾਂ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸ ਵਿਰੁੱਧ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਵਿੱਚ ਜੁਰਮਾਨਾ ਲਗਾਉਣ, ਲਾਇਸੈਂਸ ਮੁਅੱਤਲ ਜਾਂ ਰੱਦ ਕਰਨ ਅਤੇ ਗੰਭੀਰ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਤੱਕ ਦੀ ਵਿਵਸਥਾ ਹੈ।
ਮਾਰਚ 2026 ਵਿੱਚ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ ਬੀ.ਐੱਲ. ਵਰਮਾ ਨੇ ਲੋਕ ਸਭਾ ਨੂੰ ਦੱਸਿਆ ਸੀ ਕਿ ਵਿੱਤੀ ਸਾਲ 2024-25 ਦੌਰਾਨ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤਹਿਤ ਕੁੱਲ 12,057 ਕਾਨੂੰਨੀ ਮਾਮਲੇ ਸ਼ੁਰੂ ਕੀਤੇ ਗਏ।
ਇਸੇ ਮਿਆਦ ਦੌਰਾਨ 8,636 ਸਿਵਲ ਮਾਮਲਿਆਂ ਵਿੱਚ ਜੁਰਮਾਨਾ ਲਗਾਇਆ ਗਿਆ। ਸਿਵਲ ਮਾਮਲਿਆਂ ਵਿੱਚ ਕੁੱਲ ਲਗਭਗ 36.43 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਦਕਿ 179 ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਹੋਈ ਅਤੇ ਲਗਭਗ 28.23 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਦੌਰਾਨ ਜੇਕਰ ਕੋਈ ਨਮੂਨਾ ਤੈਅ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ, ਤਾਂ ਗੜਬੜ ਦੀ ਗੰਭੀਰਤਾ ਦੇ ਹਿਸਾਬ ਨਾਲ ਸਬੰਧਤ ਕਾਰੋਬਾਰੀ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।
ਮਿਲਾਵਟੀ ਜਾਂ ਅਸੁਰੱਖਿਅਤ ਖਾਣ-ਪੀਣ ਦੀਆਂ ਵਸਤਾਂ ਦੀ ਵਿੱਕਰੀ ਦੀ ਸ਼ਿਕਾਇਤ ਖਪਤਕਾਰ ਐੱਫਐੱਸਐੱਸਏਆਈ ਦੇ 'ਫੂਡ ਸੇਫਟੀ ਕਨੈਕਟ' ਐਪ ਅਤੇ ਆਨਲਾਈਨ ਸ਼ਿਕਾਇਤ ਪ੍ਰਣਾਲੀ ਰਾਹੀਂ ਵੀ ਕਰ ਸਕਦੇ ਹਨ।
ਸਿਹਤ ਨੂੰ ਕਿੰਨਾ ਨੁਕਸਾਨ ਹੁੰਦਾ ਹੈ?
ਮਿਲਾਵਟੀ ਖਾਣਾ ਖਾਣ ਨਾਲ ਸਿਹਤ 'ਤੇ ਕਈ ਤਰ੍ਹਾਂ ਦੇ ਮਾੜੇ ਅਸਰ ਪੈ ਸਕਦੇ ਹਨ। ਇਹ ਅਸਰ ਥੋੜ੍ਹੇ ਸਮੇਂ ਲਈ ਵੀ ਹੋ ਸਕਦੇ ਹਨ ਅਤੇ ਲੰਬੇ ਸਮੇਂ ਬਾਅਦ ਵੀ ਦਿਖਾਈ ਦੇ ਸਕਦੇ ਹਨ।
ਸਰ ਗੰਗਾ ਰਾਮ ਹਸਪਤਾਲ ਦੇ ਡਾ. ਅਨਿਲ ਅਰੋੜਾ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਬਾਜ਼ਾਰ ਵਿੱਚ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਵੱਡੀ ਮਾਤਰਾ ਵਿੱਚ ਉਪਲੱਬਧ ਹੁੰਦੀਆਂ ਹਨ।
ਉਨ੍ਹਾਂ ਮੁਤਾਬਕ, "ਮਿਲਾਵਟੀ ਮਠਿਆਈ ਜਾਂ ਨਮਕੀਨ ਖਾਣ ਦਾ ਸਭ ਤੋਂ ਗੰਭੀਰ ਅਸਰ ਪਾਚਨ ਤੰਤਰ 'ਤੇ ਪੈ ਸਕਦਾ ਹੈ। ਜੇਕਰ ਖਾਣੇ ਵਿੱਚ ਅਜਿਹੇ ਰਸਾਇਣ ਮਿਲੇ ਹੋਣ, ਜਿਨ੍ਹਾਂ ਨਾਲ ਪੇਟ ਵਿੱਚ ਸੋਜ ਹੋ ਸਕਦੀ ਹੈ ਜਾਂ ਤੇਜ਼ਾਬ ਦਾ ਉਤਪਾਦਨ ਵਧ ਸਕਦਾ ਹੈ, ਤਾਂ ਤੁਹਾਨੂੰ ਮਤਲੀ, ਪੇਟ ਵਿੱਚ ਦਰਦ, ਉਲਟੀਆਂ ਜਾਂ ਮਰੋੜਾਂ ਪੈ ਸਕਦੀਆਂ ਹਨ। ਦੂਸ਼ਿਤ ਖਾਣਾ ਅੰਤੜੀਆਂ ਤੱਕ ਪਹੁੰਚ ਕੇ ਇਨਫੈਕਸ਼ਨ ਵੀ ਪੈਦਾ ਕਰ ਸਕਦਾ ਹੈ।"
ਉਨ੍ਹਾਂ ਇਹ ਵੀ ਦੱਸਿਆ ਕਿ ਲੰਬੇ ਸਮੇਂ ਤੱਕ ਵੱਡੀ ਮਾਤਰਾ ਵਿੱਚ ਅਜਿਹੀਆਂ ਖਾਣ-ਪੀਣ ਦੀਆਂ ਵਸਤਾਂ ਖਾਣ ਨਾਲ ਉਨ੍ਹਾਂ ਵਿੱਚ ਮੌਜੂਦ ਕੁਝ ਰਸਾਇਣ ਸਰੀਰ ਵਿੱਚ ਜਮ੍ਹਾਂ ਹੋ ਸਕਦੇ ਹਨ। ਇਨ੍ਹਾਂ ਦਾ ਨੁਕਸਾਨ ਸ਼ੁਰੂਆਤ ਵਿੱਚ ਦਿਖਾਈ ਨਹੀਂ ਦਿੰਦਾ, ਪਰ ਸਮੇਂ ਦੇ ਨਾਲ ਇਹ ਸਰੀਰ ਦੀਆਂ ਮੈਟਾਬੋਲਿਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਉਹ ਕਹਿੰਦੇ ਹਨ, "ਇਹ ਚੀਜ਼ਾਂ ਖ਼ਾਸ ਤੌਰ 'ਤੇ ਲਿਵਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਨਾਲ ਸਰੀਰ ਵਿੱਚ ਕਾਰਬੋਹਾਈਡ੍ਰੇਟ, ਗਲੂਕੋਜ਼ ਅਤੇ ਫੈਟ ਦਾ ਮੈਟਾਬੋਲਿਜ਼ਮ ਵਿਗੜ ਸਕਦਾ ਹੈ। ਜੇਕਰ ਭਾਰੀ ਧਾਤਾਂ ਦਿਲ, ਦਿਮਾਗ਼ ਅਤੇ ਗੁਰਦਿਆਂ ਵਰਗੇ ਅੰਗਾਂ ਵਿੱਚ ਜਮ੍ਹਾਂ ਹੋ ਜਾਣ, ਤਾਂ ਹੈਵੀ ਮੈਟਲ ਪੌਇਜ਼ਨਿੰਗ ਹੋ ਸਕਦੀ ਹੈ। ਇਸ ਨਾਲ ਹੌਲੀ-ਹੌਲੀ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।"
ਐੱਫਐੱਸਐੱਸਏਆਈ ਨੇ ਖਪਤਕਾਰਾਂ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਮਿਲਾਵਟ ਦੀ ਮੁੱਢਲੀ ਪਛਾਣ ਦੇ ਤਰੀਕੇ ਦੱਸੇ ਗਏ ਹਨ।
ਐੱਫਐੱਸਐੱਸਏਆਈ ਦੀ 'ਡਿਟੈਕਟ ਅਡਲਟਰੇਸ਼ਨ ਵਿਦ ਰੈਪਿਡ ਟੈਸਟ' ਹੈਂਡਬੁੱਕ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ, ਤੇਲ, ਘਿਓ, ਮਸਾਲਿਆਂ ਅਤੇ ਅਨਾਜ ਸਮੇਤ ਕਈ ਖਾਣ-ਪੀਣ ਦੀਆਂ ਵਸਤਾਂ ਵਿੱਚ ਆਮ ਮਿਲਾਵਟ ਦੀ ਪਛਾਣ ਲਈ ਘਰ ਵਿੱਚ ਕੀਤੇ ਜਾ ਸਕਣ ਵਾਲੇ 50 ਤੋਂ ਵੱਧ ਟੈਸਟ ਦੱਸੇ ਗਏ ਹਨ।
ਹਾਲਾਂਕਿ, ਡਾ. ਅਰੋੜਾ ਦਾ ਕਹਿਣਾ ਹੈ ਕਿ ਇਹ ਤਰੀਕੇ ਅਮਲੀ ਤੌਰ 'ਤੇ ਹਮੇਸ਼ਾ ਕਾਰਗਰ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ, "ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਕੋਈ ਵੀ ਦਵਾਈ ਜਾਂ ਖੁਰਾਕੀ ਪਦਾਰਥ, ਜੋ ਕਿਸੇ ਵੀ ਨੁੱਕੜ 'ਤੇ ਵਿਕ ਰਿਹਾ ਹੈ, ਉਹ ਪ੍ਰਮਾਣਿਤ ਅਤੇ ਸ਼ੁੱਧ ਹੋਣਾ ਚਾਹੀਦਾ ਹੈ। ਇੱਕ ਆਮ ਖਪਤਕਾਰ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਹਰ ਉਤਪਾਦ ਦੀ ਜਾਂਚ ਕਰਦਾ ਰਹੇ। ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਖੁਰਾਕ ਅਥਾਰਿਟੀ ਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ