ਏਸ਼ੀਅਨ ਮੈਡਲ ਜੇਤੂ ਹਰਮਿਲਨ ਬੈਂਸ ਰੋਡੀਜ਼ ਵਿੱਚ ਕਿਉਂ ਪਹੁੰਚੀ, ਆਪਣੇ ਫੈਸਲੇ ਪਿੱਛੇ ਇਹ ਕਾਰਨ ਦੱਸਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਏਸ਼ੀਅਨ ਗੇਮਜ਼ ਮੈਡਲ ਜੇਤੂ ਦੌੜਾਕ ਹਰਮਿਲਨ ਬੈਂਸ ਰਿਐਲਿਟੀ ਸ਼ੋਅ ਰੋਅਡੀਜ਼ ਵਿੱਚ ਪ੍ਰਤੀਯੋਗੀ ਵਜੋਂ ਸ਼ਾਮਲ ਹੋਏ ਹਨ।

ਸਾਲ 2003 ਵਿੱਚ ਸ਼ੁਰੂ ਹੋਇਆ ਇਹ ਸ਼ੋਅ ਆਪਣੇ 20 ਸੀਜ਼ਨ ਪੂਰੇ ਕਰ ਚੁੱਕਿਆ ਹੈ। ਇਸ ਸ਼ੋਅ ਵਿੱਚ ਪ੍ਰਤੀਯੋਗੀ ਵੱਖ-ਵੱਖ ਗੈਂਗਜ਼ ਦੇ ਵਿੱਚ ਸ਼ਾਮਲ ਹੁੰਦੇ ਹਨ ਅਤੇ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਚੁਣੌਤੀਪੂਰਨ ਟੀਚੇ ਪੂਰੇ ਕਰਦੇ ਹਨ।

ਰੋਡੀਜ਼ ਵਿੱਚ ਐਂਟਰੀ ਮਗਰੋਂ ਹਰਮਿਲਨ ਬੈਂਸ ਗੁਰਬਾਣੀ ਜੱਜ ਦੀ ਗੈਂਗ ਵਿੱਚ ਸ਼ਾਮਲ ਹੋਏ ਹਨ।

ਇੱਕ ਖਿਡਾਰੀ ਵਜੋਂ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ ਪਰ ਸਕ੍ਰੀਨ ਉੱਤੇ ਇਹ ਉਨ੍ਹਾਂ ਦਾ ਨਵਾਂ ਅੰਦਾਜ਼ ਸੀ।

ਆਪਣੇ ਇਸ ਕਦਮ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ, "ਮੈਂ ਸਮਝਦੀ ਹਾਂ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇੱਕ ਕੌਮਾਂਤਰੀ ਖਿਡਾਰੀ ਹੋਣ ਦੇ ਨਾਤੇ ਮੈਨੂੰ ਆਪਣੀ ਪਛਾਣ ਇੱਕ ਖ਼ਾਸ ਦਾਇਰੇ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ ਅਤੇ ਮੈਂ ਉਨ੍ਹਾਂ ਦੀ ਇਸ ਸੋਚ ਦਾ ਸਤਿਕਾਰ ਕਰਦੀ ਹਾਂ।"

"ਪਰ ਇੱਕ ਖਿਡਾਰੀ ਹੋਣ ਦਾ ਇਹ ਮਤਲਬ ਨਹੀਂ ਕਿ ਮੈਨੂੰ ਆਪਣੇ ਆਪ ਨੂੰ ਸਿਰਫ਼ ਇੱਕ ਹੀ ਰਾਹ ਤੱਕ ਸੀਮਤ ਕਰ ਲੈਣਾ ਚਾਹੀਦਾ ਹੈ। ਮੇਰੀਆਂ ਪ੍ਰਾਪਤੀਆਂ ਮੇਰੀਆਂ ਹਨ, ਮੇਰਾ ਸਫ਼ਰ ਮੇਰਾ ਹੈ ਅਤੇ ਮੇਰੇ ਫ਼ੈਸਲੇ ਲੈਣ ਦਾ ਹੱਕ ਵੀ ਮੇਰਾ ਹੈ।"

ਆਪਣੀ ਪੋਸਟ ਵਿੱਚ ਉਨ੍ਹਾਂ ਨੇ ਅੱਗੇ ਲਿਖਿਆ, "ਮੈਨੂੰ ਪਤਾ ਹੈ ਕਿ ਮੈਂ ਕੌਣ ਹਾਂ, ਮੈਂ ਕੀ ਹਾਸਲ ਕੀਤਾ ਹੈ ਅਤੇ ਮੇਰੇ ਅੰਦਰ ਕਿੰਨੀ ਸਮਰੱਥਾ ਹੈ। ਮੈਨੂੰ ਆਪਣੀ ਕਾਬਲੀਅਤ ਨੂੰ ਹੋਰ ਨਿਖਾਰਨ ਅਤੇ ਪਰਖਣ ਲਈ ਕਿਸੇ ਦੀ ਮਨਜ਼ੂਰੀ ਦੀ ਲੋੜ ਨਹੀਂ। ਮੈਂ ਕਿਸੇ ਇੱਕ ਪਛਾਣ ਦੇ ਦਾਇਰੇ ਵਿੱਚ ਫਿੱਟ ਹੋਣ ਲਈ ਇੱਥੇ ਨਹੀਂ ਹਾਂ। ਮੈਂ ਤਾਂ ਇਹ ਜਾਣਨ ਦੇ ਸਫ਼ਰ 'ਤੇ ਹਾਂ ਕਿ ਮੇਰੀਆਂ ਸੰਭਾਵਨਾਵਾਂ ਦੀ ਕੋਈ ਹੱਦ ਹੈ ਵੀ ਜਾਂ ਨਹੀਂ।"

'ਕੁਈਨ' ਵਜੋਂ ਜਾਣੇ ਜਾਂਦੇ ਹਰਮਿਲਨ ਬੈਂਸ ਨੇ ਸਾਲ 2023 ਵਿੱਚ ਚੀਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

ਉਹ ਸਾਲ 2024 ਵਿੱਚ 1500 ਮੀਟਰ ਵਿੱਚ ਏਸ਼ੀਅਨ ਇੰਡੋਰ ਚੈਂਪੀਅਨ ਬਣੇ ਸਨ।

ਆਪਣੀ ਸੱਟ ਦੇ ਕਰਕੇ ਉਹ 2024 ਪੈਰਿਸ ਓਲੰਪਿਕਸ ਨਹੀਂ ਜਾ ਸਕੇ ਸਨ, ਪੀਟੀਆਈ ਮੁਤਾਬਕ ਇਸ ਮਗਰੋਂ ਉਨ੍ਹਾਂ ਨੇ ਮਾਡਲਿੰਗ ਜਿਹੇ ਹੋਰ ਖੇਤਰਾਂ ਵਿੱਚ ਕਰੀਅਰ ਦੇਖਣ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ।

ਹਰਮਿਲਨ ਆਪਣੀਆਂ ਇੰਸਟਾਗ੍ਰਾਮ ਪੋਸਟਾਂ ਅਤੇ ਮੀਡੀਆ ਇੰਟਰਵਿਊਜ਼ ਵਿੱਚ ਸਮਾਜਿਕ ਵਿਸ਼ਿਆਂ ਬਾਰੇ ਵੀ ਆਪਣੇ ਵਿਚਾਰ ਬੇਬਾਕੀ ਨਾਲ ਰੱਖਦੇ ਹਨ।

ਉਹ ਪੰਜਾਬੀ ਗਾਣੇ ਦੀ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੇ ਹਨ।

ਸਾਲ 2023 ਵਿੱਚ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਵੱਲੋਂ ਉਨ੍ਹਾਂ ਦੇ ਸੰਘਰਸ਼ ਬਾਰੇ ਕੀਤੀ ਗਈ ਰਿਪੋਰਟ ਵਿੱਚ ਉਨ੍ਹਾਂ ਬਾਰੇ ਇਹ ਖ਼ਾਸ ਗੱਲਾਂ ਹਨ।

ਮੂਸੇਆਲਾ ਦੇ ਗੀਤਾਂ ਦੀ ਸ਼ੌਕੀਨ ਹਰਮਿਲਨ

ਹਰਮਿਲਨ ਬੈਂਸ ਨੇ ਬੀਬੀਸੀਨੂੰ ਦੱਸਿਆ ਸੀ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਊਰਜਾ ਮਿਲਦੀ ਹੈ ਅਤੇ ਇਸ ਕਰ ਕੇ ਉਹ ਆਪਣੇ ਵਰਕ ਆਊਟ ਸਮੇਂ ਉਨ੍ਹਾਂ ਦੇ ਹੀ ਗਾਣੇ ਸੁਣਦੇ ਹਨ।

ਹਰਮਿਲਨ ਨੇ ਕਿਹਾ ਸੀ , ''ਪੰਜਾਬ ਦੇ ਜ਼ਿਆਦਾਤਰ ਖਿਡਾਰੀ ਸਿੱਧੂ ਨੂੰ ਹੀ ਸੁਣਦੇ ਹਨ ਅਤੇ ਇਸ ਦਾ ਕਾਰਨ ਉਨ੍ਹਾਂ ਦੇ ਗੀਤਾਂ ਦੇ ਬੋਲ ਅਤੇ ਉਸ ਤੋਂ ਮਿਲਦੀ ਐਨਰਜੀ ਹੈ।''

ਹਰਮਿਲਨ ਦਾ ਸਬੰਧ ਪੰਜਾਬ ਦੇ ਮਾਹਿਲਪੁਰ ਨਾਲ ਹੈ।

ਹਰਮਿਲਨ ਨੂੰ ਅਥਲੈਟਿਕਸ ਵਿਰਾਸਤ ਵਿੱਚ ਮਿਲੀ ਹੈ, ਉਨ੍ਹਾਂ ਦੀ ਮਾਂ ਮਾਧੁਰੀ ਸਕਸੈਨਾ ਅਤੇ ਪਿਤਾ ਅਮਨਦੀਪ ਸਿੰਘ ਬੈਂਸ ਦੋਵੇਂ ਆਪਣੇ ਸਮੇਂ ਦੇ ਦੌੜਾਕ ਰਹੇ ਹਨ।

ਹਰਮਿਲਨ ਦੀ ਮਾਂ ਮਾਧੁਰੀ ਸਕਸੈਨਾ ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਦੇ 800 ਮੀਟਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ ਅਤੇ ਠੀਕ 21 ਸਾਲ ਬਾਅਦ ਉਨ੍ਹਾਂ ਦੀ ਧੀ ਨੇ ਵੀ ਇਸੇ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ।

ਘੁੰਗਰਾਲੇ ਵਾਲ ਅਤੇ ਆਪਣੇ ਸਟਾਈਲ ਲਈ ਜਾਣੇ ਜਾਂਦੇ ਹਰਮਿਲਨ ਬੈਂਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਅਥਲੈਟਿਕਸ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ ਸਗੋਂ ਉਹ ਤਾਂ ਟੈਨਿਸ ਦੀ ਖਿਡਾਰਨ ਬਣਨਾ ਚਾਹੁੰਦੇ ਸੀ।

ਪਰ ਬਚਪਨ ਵਿੱਚ ਮਾਂ ਮਾਧੁਰੀ ਦੇ ਨਾਲ ਗਰਾਊਂਡ ਵਿੱਚ ਜਾਣ ਕਰ ਕੇ ਉਨ੍ਹਾਂ ਦੀ ਦਿਲਚਸਪੀ ਇਸ ਵਿੱਚ ਵੱਧ ਗਈ।

ਹਰਮਿਲਨ ਦੱਸਦੇ ਹਨ ਕਿ ਜੋ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ ਉਸ ਪਿੱਛੇ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ।

ਏਸ਼ੀਅਨ ਖੇਡਾਂ ਤੋਂ ਪਹਿਲਾਂ ਉਨ੍ਹਾਂ ਦੇ ਸੱਟ ਲੱਗਣੀ ਅਤੇ ਫਿਰ ਉਸ ਤੋਂ ਉੱਭਰਨਾ ਅਤੇ ਮੈਦਾਨ ਵਿਚ ਵਾਪਸੀ ਕਰਨੀ ਉਨ੍ਹਾਂ ਲਈ ਬਹੁਤ ਔਖੀ ਸੀ

ਹਰਮਿਲਨ ਨੇ ਦੱਸਿਆ ਸੀ, ''ਮੈਂ ਆਪਣੀ ਤਿਆਰੀ ਇੰਗਲੈਂਡ ਵਿੱਚ ਕੀਤੀ ਅਤੇ ਆਪਣੇ ਜ਼ਿੱਦੀ ਸੁਭਾਅ ਕਾਰਨ ਜੋ ਸੋਚਿਆ ਸੀ, ਉਹ ਕਰ ਕੇ ਦਿਖਾਇਆ।''

ਹਰਮਿਲਨ ਦੀ ਮਾਂ ਅਰਜੁਨ ਐਵਾਰਡੀ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆਸੀ ਕਿ ਧੀ ਦੀ ਕਾਮਯਾਬੀ ਨੇ 21 ਸਾਲ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਸਨ।

ਉਨ੍ਹਾਂ ਨੇ ਦੱਸਿਆ ਸੀ, ''ਜਦੋਂ 2002 ਵਿੱਚ ਮੈਡਲ ਜਿੱਤ ਕੇ ਵਾਪਸ ਮਾਹਿਲਪੁਰ ਪਰਤੀ ਸੀ ਤਾਂ ਭਰਵਾਂ ਸਵਾਗਤ ਹੋਇਆ ਸੀ। ਜਿਸ ਜੀਪ ਵਿੱਚ ਸਵਾਰ ਸੀ ਉਸ ਵਿੱਚ ਬਾਲੜੀ ਹਰਮਿਲਨ ਵੀ ਬੈਠੀ ਸੀ ਅਤੇ ਬੱਚੀ ਹੋਣ ਕਰ ਕੇ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਪਰ 21 ਸਾਲ ਬਾਅਦ ਹਰਮਿਲਨ ਨੇ ਪਰਿਵਾਰ ਅਤੇ ਦੇਸ਼ ਨੂੰ ਫਿਰ ਤੋਂ ਉਹ ਖ਼ੁਸ਼ੀਆਂ ਦਿੱਤੀਆਂ ਜਿਸ ਦਾ ਆਨੰਦ ਉਨ੍ਹਾਂ ਨੇ ਮਾਣਿਆ ਸੀ।''

ਸੋਸ਼ਲ ਮੀਡੀਆ ਦੀ 'ਕੁਈਨ' ਹਰਮਿਲਨ

ਹਰਮਿਲਨ ਜਿੱਥੇ ਇੱਕ ਚੰਗੀ ਅਥਲੀਟ ਹਨ ਉੱਥੇ ਹੀ ਉਨ੍ਹਾਂ ਨੂੰ ਮਾਡਲਿੰਗ ਦਾ ਵੀ ਬਹੁਤ ਸ਼ੌਂਕ ਹੈ।

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਪਹਿਚਾਣ 'ਕੁਵੀਨ' ਦੇ ਤੌਰ ਉੱਤੇ ਹੈ।

ਹਰਮਿਲਨ ਨੇ ਬੀਬੀਸੀ ਨੂੰ ਦੱਸਿਆ ਸੀ, ''ਮੈਨੂੰ ਮਾਡਲਿੰਗ ਪਸੰਦ ਹੈ ਅਤੇ ਭਵਿੱਖ ਵਿੱਚ ਆਪਣਾ ਇਹ ਸ਼ੌਕ ਵੀ ਪੂਰਾ ਕਰਾਂਗੀ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)