ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਸਾਡਾ ਇੱਕ ਚਿਰਾਗ ਸੀ ਉਹ ਵੀ ਬੁੱਝ ਗਿਆ, ਹੁਣ ਅਸੀਂ ਕੀਹਦੇ ਸਹਾਰੇ ਜੀਵਾਂਗੇ', ਫ਼ਾਜ਼ਿਲਕਾ ਵਿੱਚ ਨਾਬਾਲਗ਼ ਦੀ ਮੌਤ ਦਾ ਕੀ ਹੈ ਮਾਮਲਾ
ਚੇਤਾਵਨੀ- ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
"ਸਾਡੇ ਕੋਲ 80 ਕਿੱਲੇ ਸਨ, ਹੁਣ 6-7 ਰਹਿ ਗਏ, ਪਹਿਲਾਂ ਪਤੀ ਦੀ ਮੌਤ ਹੋਈ ਹੁਣ ਨਸ਼ੇ ਕਰਕੇ ਪੁੱਤਰ ਦੀ ਵੀ ਮੌਤ ਹੋ ਗਈ।"
ਇਹ ਦਾਅਵਾ ਹੈ ਫ਼ਾਜ਼ਿਲਕਾ ਦੇ ਪਿੰਡ ਘੱਟਿਆ ਵਾਲੀ ਵਿੱਚ ਰਹਿੰਦੇ ਹਰਪ੍ਰੀਤ ਕੌਰ ਦਾ।
ਹਰਪ੍ਰੀਤ ਕੌਰ ਕਹਿੰਦੇ ਹਨ ਕਿ ਨਸ਼ੇ ਨੇ ਉਨ੍ਹਾਂ ਦਾ ਘਰ ਸੁੰਨਾ ਕਰ ਦਿੱਤਾ ਹੈ।
"ਸਾਡਾ ਇੱਕ ਚਿਰਾਗ ਸੀ ਉਹ ਵੀ ਬੁੱਝ ਗਿਆ, ਹੁਣ ਅਸੀਂ ਕੀਹਦੇ ਸਹਾਰੇ ਜੀਵਾਂਗੇ। ਸਾਡਾ ਕੋਈ ਸਹਾਰਾ ਨਹੀਂ ਰਹਿ ਗਿਆ, ਸਾਡੇ ਦਿਲ ਵਿੱਚ ਵੜ ਕੇ ਕੋਈ ਦੇਖ ਨਹੀਂ ਸਕਦਾ ਕਿ ਅਸੀਂ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ।"
ਦਰਅਸਲ 28 ਅਕਤੂਬਰ ਨੂੰ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ।
ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਜ਼ਬਰਦਸਤੀ ਨਸ਼ਾ ਕਰਵਾਏ ਜਾਣ ਕਰਕੇ ਇਸ ਨਾਬਾਲਗ ਦੀ ਮੌਤ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਕੇ ਗਿਰਫ਼ਤਾਰੀਆਂ ਕੀਤੀਆਂ ਹਨ, ਮੌਤ ਦੇ ਕਾਰਨਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਪੋਸਟ-ਮਾਰਟਮ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਮੁਜ਼ਾਹਰਾ
ਨਾਬਾਲਗ ਦੀ ਮੌਤ ਦੇ ਰੋਸ ਵਜੋਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਧਰਨਾ ਲਾ ਕੇ ਇਲਜ਼ਾਮ ਲਗਾਇਆ ਸੀ ਕਿ ਕੁਝ ਨੌਜਵਾਨਾਂ ਨੇ ਉਸ ਨੂੰ ਨਸ਼ੇ ਦਾ ਟੀਕਾ ਲਗਾਇਆ।
ਉਨ੍ਹਾਂ ਵੱਲੋਂ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਨੂੰ ਲੈ ਕੇ ਇਲਜ਼ਾਮ ਲਾਏ ਸਨ।
ਪਿੰਡ ਵਾਸੀਆਂ ਅਤੇ ਜਥੇਬੰਦੀਆਂ ਨਾਲ ਜੁੜੇ ਕਾਰਕੁੰਨਾਂ ਨੇ ਧਰਨਾ ਲਗਾਇਆ ਜਿਸ ਵਿੱਚ ਕਾਫੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਨਸ਼ੇ ਖ਼ਿਲਾਫ਼ ਭਾਸ਼ਣ ਦਿੱਤੇ।
ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਉੱਤੇ ਨਸ਼ੇ ਦੀ ਵਿਕਰੀ ਨੂੰ ਲੈ ਕੇ ਸਵਾਲ ਚੁੱਕੇ ਸਨ।
ਇਹ ਧਰਨਾ ਕਰੀਬ 2 ਦਿਨ ਚੱਲਿਆ, ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਸਸਕਾਰ ਲਈ ਦਬਾਅ ਬਣਾਇਆ ਜਾ ਰਿਹਾ ਸੀ ਪਰ ਲੋਕ ਨਸ਼ਾ ਵੇਚਣ ਵਾਲਿਆਂ ਉੱਤੇ ਕਾਰਵਾਈ ਲਈ ਅੜੇ ਰਹੇ।
ਪਿੰਡ ਦੇ ਹੀ ਵਸਨੀਕ ਜਸਵੀਰ ਸਿੰਘ ਨੇ ਕਿਹਾ, "ਅਸੀਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਯਕੀਨੀ ਬਣਾਈ ਜਾਵੇ।"
ਮ੍ਰਿਤਕ ਨੌਜਵਾਨ ਦੇ ਨਾਨਾ ਹਰਜੀਤ ਸਿੰਘ ਨੇ ਦੱਸਿਆ, "ਉਸ ਨੇ ਪੜ੍ਹਾਈ ਛੱਡ ਦਿੱਤੀ ਸੀ ਅਤੇ ਕੁਝ ਮਹੀਨਿਆਂ ਤੋਂ ਨਸ਼ਾ ਕਰਦਾ ਸੀ, ਚਾਰ-ਪੰਜ ਮਹੀਨਿਆਂ ਤੋਂ ਉਸ ਨੇ ਨਸ਼ਾ ਛੱਡਿਆ ਹੋਇਆ ਸੀ, ਨਸ਼ਾ ਛੁਡਾਊ ਕੇਂਦਰ ਤੋਂ ਆਉਣ ਤੋਂ ਬਾਅਦ ਦਵਾਈ ਲੈ ਰਿਹਾ ਸੀ।"
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਜ਼ਬਦਰਦਸਤੀ ਨਸ਼ਾ ਦਿੱਤਾ ਗਿਆ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ।
ਉਨ੍ਹਾਂ ਦਾ ਦਾਅਵਾ ਹੈ ਕਿ ਮ੍ਰਿਤਕ ਨਾਬਾਲਗ ਦੇ ਪਿਤਾ ਦੀ ਵੀ ਨਸ਼ੇ ਕਰਕੇ ਹੀ ਮੌਤ ਹੋਈ ਸੀ।
ਉਨ੍ਹਾਂ ਨੇ ਦੱਸਿਆ ਕਿ ਇਹ ਪਰਿਵਾਰ ਰੱਜਿਆ-ਪੁੱਜਿਆ ਸੀ ਅਤੇ ਕਰੀਬ 80 ਕਿੱਲੇ ਜ਼ਮੀਨ ਦੇ ਮਾਲਕ ਸਨ। ਹੁਣ ਇਸ ਪਰਿਵਾਰ ਵਿੱਚ ਮ੍ਰਿਤਕ ਦੀ ਮਾਂ ਅਤੇ ਦਾਦੀ ਹੀ ਬਚੇ ਹਨ।
'ਸਾਡਾ ਇੱਕ ਚਿਰਾਗ ਸੀ ਉਹ ਵੀ ਬੁੱਝ ਗਿਆ'
ਨਾਬਾਲਗ ਦੀ ਮਾਂ ਹਰਪ੍ਰੀਤ ਕੌਰ ਨੇ ਕਿਹਾ, "ਸਾਨੂੰ ਇਨਸਾਫ਼ ਦਿੱਤਾ ਜਾਵੇ, ਮੇਰੇ ਪਤੀ ਦੀ ਮੌਤ ਡੇਢ ਸਾਲ ਪਹਿਲਾਂ ਨਸ਼ੇ ਕਰਕੇ ਹੋ ਗਈ ਸੀ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ।"
"ਹੁਣ ਪਿੱਛੇ ਮੈਂ ਅਤੇ ਮੇਰੀ ਸੱਸ ਹੀ ਰਹਿ ਗਏ ਹਾਂ, ਸਾਡਾ ਘਰ ਵਿੱਚ ਕੀ ਰਹਿ ਗਿਆ, ਅਸੀਂ 80 ਕਿੱਲਿਆਂ ਦੇ ਮਾਲਕ ਸੀ ਸਾਡਾ ਘਰ ਸਾਰਾ ਬਰਬਾਦ ਹੋ ਗਿਆ, ਹੁਣ ਸਾਡੇ ਕੋਲ 6-7 ਕਿੱਲੇ ਰਹਿ ਗਏ, ਸਾਰੇ ਨਸ਼ੇ ਵਿੱਚ ਹੀ ਚਲੇ ਗਏ।"
"ਸਾਡਾ ਇੱਕ ਚਿਰਾਗ ਸੀ ਉਹ ਵੀ ਬੁੱਝ ਗਿਆ, ਹੁਣ ਅਸੀਂ ਕੀਹਦੇ ਸਹਾਰੇ ਜੀਵਾਂਗੇ। ਸਾਡਾ ਕੋਈ ਸਹਾਰਾ ਨਹੀਂ ਰਹਿ ਗਿਆ, ਸਾਡੇ ਦਿਲ ਵਿੱਚ ਵੜ ਕੇ ਕੋਈ ਦੇਖ ਨਹੀਂ ਸਕਦਾ ਕਿ ਅਸੀਂ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ।"
ਉਨ੍ਹਾਂ ਨੇ ਕਸੂਰਵਾਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ।
ਪੁਲਿਸ ਨੇ ਕੀ ਕਾਰਵਾਈ ਕੀਤੀ
ਅਰਨੀਵਾਲਾ ਥਾਣੇ ਦੇ ਐੱਸਐੱਚਓ ਪਰਮਜੀਤ ਸਿੰਘ ਨੇ ਕਿਹਾ ਕਿ ਘੱਟਿਆ ਵਾਲੀ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ 103 ਬੀਐੱਨਐੱਸ ਤਹਿਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋ ਜਣਿਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਨਾਬਾਲਗ ਦੀ ਮੌਤ ਦੇ ਕਾਰਨ ਬਾਰੇ ਸਵਾਲ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪੋਸਟਮਾਰਟ ਤੋਂ ਬਾਅਦ ਪਤਾ ਲੱਗੇਗਾ।
ਪੰਜਾਬ ਵਿੱਚ ਨਸ਼ੇ ਦਾ ਮੁੱਦਾ ਅਤੇ ਦੋ ਦੇਹਾਂ ਦਾ ਸਸਕਾਰ
ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਪੰਜਾਬ ਦੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਦਾ ਮਸਲਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ 'ਇਨਸਾਫ਼ ਦਾ ਸੰਘਰਸ਼' ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਨਾਲ ਵੀ ਜੁੜ ਗਿਆ ਹੈ। ਦੋਵਾਂ ਪਰਿਵਾਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਮਾਮਲੇ ਨੂੰ ਲੈ ਕੇ ਮਾਨਸਾ ਦੇ ਤਿੰਨ ਕੋਣੀ ਚੌਕ ਵਿੱਚ ਇਨਸਾਫ਼ ਕਮੇਟੀ ਦੀ ਅਗਵਾਈ ਹੇਠ ਧਰਨਾ ਜਾਰੀ ਹੈ। ਇੱਕ ਪਾਸੇ ਪਰਿਵਾਰ ਮ੍ਰਿਤਕਾਂ ਦੇ ਸਸਕਾਰ ਲਈ ਸਹਿਮਤ ਨਹੀਂ ਹਨ, ਦੂਜੇ ਪਾਸੇ ਸਰਕਾਰ ਉਨ੍ਹਾਂ ਨੂੰ ਮਨਾਉਣ ਅਤੇ ਮਾਮਲੇ ਦਾ ਹੱਲ ਕੱਢਣ ਲਈ ਕੋਸ਼ਿਸ਼ਾਂ ਕਰ ਰਹੀ ਹੈ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੁਲਿਸ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ 20 ਮਹੀਨਿਆਂ ਵਿੱਚ ਹੁਣ ਤੱਕ 90,091 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ