ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਆਪ' ਵਿਧਾਇਕਾ ਤੇ ਕਾਂਗਰਸੀ ਆਗੂ ਦੇ ਟਿਕਾਣਿਆਂ 'ਤੇ ਰੇਡ ਮਗਰੋਂ ਈਡੀ ਨੇ ਕੀ ਦੱਸਿਆ, ਅਮਨਦੀਪ ਕੌਰ ਤੇ ਸੁੰਦਰ ਸ਼ਾਮ ਅਰੋੜਾ ਨੇ ਕਿਹੜੇ ਇਲਜ਼ਾਮ ਲਾਏ
ਪੰਜਾਬ ਵਿੱਚ ਲੰਘੇ ਦਿਨੀਂ ਈਡੀ ਵੱਲੋਂ ਕੀਤੀ ਛਾਪੇਮਾਰੀ ਮਗਰੋਂ ਸ਼ੁੱਕਰਵਾਰ 6 ਨਵੰਬਰ ਨੂੰ ਏਜੰਸੀ ਨੇ ਆਪਣਾ ਬਿਆਨ ਜਾਰੀ ਕੀਤਾ ਹੈ।
ਦਰਅਸਲ ਦੋ ਦਿਨ ਪਹਿਲਾਂ ਕੇਂਦਰੀ ਏਜੰਸੀ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਸਣੇ ਕੁਝ ਟਿਕਾਣਿਆਂ ਉੱਪਰ ਛਾਪੇਮਾਰੀ ਕੀਤੀ ਗਈ ਸੀ।
ਇਸ ਦੌਰਾਨ 'ਆਪ' ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਇਸੇ ਤਰ੍ਹਾਂ 2 ਤੇ 3 ਨਵੰਬਰ ਨੂੰ ਈਡੀ ਨੇ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਉਨ੍ਹਾਂ ਦੇ ਪੁੱਤਰ ਅਤੇ ਸਾਥੀਆਂ ਦੇ ਟਿਕਾਣਿਆਂ ਉੱਪਰ ਵੀ ਛਾਪੇਮਾਰੀ ਕੀਤੀ ਗਈ।
ਈਡੀ ਨੇ ਕੀ ਦੱਸਿਆ?
ਪੰਜਾਬ ਵਿੱਚ ਲੰਘੇ ਦਿਨੀਂ ਈਡੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ 6 ਨਵੰਬਰ ਨੂੰ ਉਨ੍ਹਾਂ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ।
ਈਡੀ ਨੇ ਐਕਸ ਉੱਪਰ ਜਾਣਕਾਰੀ ਦਿੰਦਿਆਂ ਲਿਖਿਆ, "ਈਡੀ ਚੰਡੀਗੜ੍ਹ ਨੇ 04.11.2026 ਨੂੰ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਰਿਵਾਰ ਅਤੇ ਸਹਿਯੋਗੀਆਂ ਨਾਲ ਸਬੰਧਤ 7 ਥਾਵਾਂ 'ਤੇ ਪੀਐੱਮਐੱਲਏ, 2002 ਤਹਿਤ ਤਲਾਸ਼ੀ ਲਈ। ਇਹ ਕਾਰਵਾਈ ਜ਼ਮੀਨੀ ਰਿਕਾਰਡਾਂ ਵਿੱਚ ਹੇਰਾਫੇਰੀ ਅਤੇ ਗਲਤ ਢੰਗ ਨਾਲ ਮੁਆਵਜ਼ੇ ਦੀ ਵੰਡ ਨਾਲ ਜੁੜੇ ਮਾਮਲੇ ਵਿੱਚ ਕੀਤੀ ਗਈ।
''ਉਨ੍ਹਾਂ ਦੇ ਹਸਪਤਾਲ-ਕਮ-ਨਸ਼ਾ ਮੁਕਤੀ ਕੇਂਦਰ ਅਤੇ ਹੋਰ ਥਾਵਾਂ 'ਤੇ ਕੀਤੀ ਗਈ ਇਸ ਰੇਡ ਦੌਰਾਨ ਇਤਰਾਜ਼ਯੋਗ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਣ ਅਤੇ ਅਜਿਹੇ ਸਬੂਤ ਬਰਾਮਦ ਹੋਏ ਹਨ, ਜੋ ਬੇਨਾਮੀ ਜਾਇਦਾਦ ਹਾਸਲ ਕਰਨ ਵੱਲ ਇਸ਼ਾਰਾ ਕਰਦੇ ਹਨ।"
ਇਸੇ ਤਰ੍ਹਾਂ ਈਡੀ ਨੇ ਸੁੰਦਰ ਸ਼ਾਮ ਅਰੋੜਾ 'ਤੇ ਕੀਤੀ ਕਾਰਵਾਈ ਬਾਰੇ ਦੱਸਿਆ, "ਈਡੀ ਜਲੰਧਰ ਨੇ 2-3 ਨਵੰਬਰ, 2026 ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ 14 ਥਾਵਾਂ 'ਤੇ ਪੀਐੱਮਐੱਲਏ, 2002 ਤਹਿਤ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਕੀਤੀ ਗਈ।''
''ਇਸ ਤਲਾਸ਼ੀ ਦੌਰਾਨ ਮੋਬਾਈਲ ਫੋਨ, ਇਤਰਾਜ਼ਯੋਗ ਦਸਤਾਵੇਜ਼, ਜਾਇਦਾਦ ਨਾਲ ਸਬੰਧਤ ਕਾਗਜ਼ਾਤ, ਪੀਐੱਸਆਈਈਸੀ ਪਲਾਟ ਨਾਲ ਜੁੜੇ ਰਿਕਾਰਡ ਅਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ, ਬੈਂਕ ਲਾਕਰਾਂ ਨੂੰ ਫ੍ਰੀਜ਼ ਵੀ ਕਰ ਲਿਆ ਗਿਆ।"
'ਆਪ' ਵਿਧਾਇਕਾ ਨੇ ਕੀ ਕਿਹਾ
ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ਉੱਤੇ ਕਈ ਘੰਟੇ ਚੱਲੀ ਈਡੀ ਦੀ ਰੇਡ ਤੋਂ ਬਾਅਦ ਉਨ੍ਹਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ।
ਅਮਨਦੀਪ ਕੌਰ ਅਰੋੜਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ।
ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਚੋਣਾਂ ਲਈ ਟਿਕਟ ਵੀ ਦਿੱਤੀ ਗਈ ਹੈ।
4 ਨਵੰਬਰ ਨੂੰ ਸ਼ੁਰੂ ਹੋਈ ਰੇਡ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਆਗੂਆਂ ਵੱਲੋਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਸੀ।
ਅਮਨਦੀਪ ਕੌਰ ਅਰੋੜਾ ਨੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਰੇਡ ਦੌਰਾਨ ਲਾਲਚ ਦਿੱਤੇ ਗਏ।
ਅਮਨਦੀਪ ਕੌਰ ਅਰੋੜਾ ਨੇ ਕਿਹਾ, "ਸਵੇਰੇ ਸਾਢੇ 5 ਵਜੇ ਮੈਂ ਆਪਣੇ ਬੱਚਿਆਂ ਦੇ ਨਾਲ ਸੋ ਰਹੀ ਸੀ ਅਤੇ ਮੇਰੇ ਘਰ ਈਡੀ ਦੀ ਟੀਮ ਆਈ। ਉੱਧਰ ਮੇਰੇ ਬੱਚੇ ਤਕਰੀਬਨ ਚਾਲੀ ਬਿਆਲੀ ਘੰਟੇ ਘਰ ਦੇ ਅੰਦਰ ਰਹੇ। ਮੈਨੂੰ ਇੱਥੇ ਘਰ ਦੇ ਅੰਦਰ ਰੱਖਿਆ ਗਿਆ। ਕੁਝ ਵੀ ਨਹੀਂ ਮਿਲਿਆ ਸਾਡੇ ਫਲੈਟ 'ਚੋਂ, ਰੇਡ ਹੋਈ ਸਰਚ ਹੋਈ ਕੁਝ ਨਹੀਂ ਮਿਲਿਆ। ਮੇਰੇ ਘਰ ਰੇਡ ਹੋਈ ਉੱਥੇ ਵੀ ਕੁਝ ਨਹੀਂ ਮਿਲਿਆ। ਫਿਰ ਮੇਰੇ ਪ੍ਰਾਈਵੇਟ ਹਸਪਤਾਲ ਵੀ ਰੇਡ ਕੀਤੀ ਗਈ। ਉਥੋਂ ਵੀ ਕੁਝ ਨਹੀਂ ਮਿਲਿਆ। ਮੇਰੇ 'ਤੇ ਦਬਾਅ ਪਾਉਣ ਲਈ ਰੇਡ ਕੀਤੀ ਗਈ ਹੈ।"
ਸੁੰਦਰ ਸ਼ਾਮ ਅਰੋੜਾ ਨੇ ਕੀ ਕਿਹਾ
ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਨੇ ਈਡੀ ਦੀ ਕਾਰਵਾਈ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ, "ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ ਏਜੰਸੀਆਂ ਆਪਣਾ ਕੰਮ ਕਰਦੀਆਂ ਹਨ ਪਰ ਅਸੀਂ ਬਿਲਕੁਲ ਸਾਫ ਸੁਥਰੇ ਹਾਂ। ਉਨ੍ਹਾਂ ਨੇ ਦੋ ਦਿਨ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ ਨਾ ਕੋਈ ਕਾਗਜ਼, ਨਾ ਕੋਈ ਪੈਸਾ, ਇੱਕ ਵੀ ਚੀਜ਼ ਸਾਡੇ ਘਰੋਂ ਨਹੀਂ ਮਿਲੀ। ਇੱਕ ਵੀ ਚੀਜ਼ ਸਾਡੇ ਘਰੋਂ ਨਹੀਂ ਲੈ ਕੇ ਗਏ।''
''ਜਿੰਨੇ ਮਰਜ਼ੀ ਟੈਸਟ ਲੈ ਲੈਣ ਮੈਂ ਘਬਰਾਉਣ ਵਾਲਾ ਨਹੀਂ। ਇਹ ਏਜੰਸੀਆਂ ਮੈਨੂੰ ਨੀਵਾਂ ਨਹੀਂ ਕਰ ਸਕਦੀਆਂ। ਜਿੰਨੀਆਂ ਮਰਜ਼ੀ ਏਜੰਸੀਆਂ ਆ ਜਾਣ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਰਹਿਣਾ। ਮੇਰੇ 'ਤੇ ਤਿੰਨ-ਤਿੰਨ ਰੇਡਾਂ ਹੋਈਆਂ ਹਨ ਪਰ ਮੈਂ ਨਹੀਂ ਟੁੱਟਦਾ।"
ਪਹਿਲਾਂ ਵੀ ਹੋਈਆਂ ਈਡੀ ਦੀਆਂ ਰੇਡਾਂ
ਤਾਜ਼ਾ ਛਾਪੇਮਾਰੀਆਂ ਤੋਂ ਪਹਿਲਾਂ ਵੀ ਈਡੀ ਵੱਲੋਂ ਪੰਜਾਬ ਦੇ ਵੱਡੇ ਲੀਡਰਾਂ ਉੱਪਰ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਮਈ ਮਹੀਨੇ ਵਿੱਚ ਚੰਡੀਗੜ੍ਹ ਅਤੇ ਮੋਹਾਲੀ 'ਚ ਇੱਕ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।
ਕੇਂਦਰੀ ਏਜੰਸੀ ਨੇ ਤਲਾਸ਼ੀ ਤੋਂ ਬਾਅਦ ਜਾਰੀ ਕੀਤੇ ਆਪਣੇ ਬਿਆਨ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਸੀ।
ਹਾਲਾਂਕਿ ਅਮਨ ਅਰੋੜਾ ਨੇ ਉਸ ਸਮੇਂ ਕਿਹਾ ਸੀ ਕਿ ਉਹ ਇਨ੍ਹਾਂ ਝੂਠੇ ਪ੍ਰੋਪੇਗੰਡਿਆਂ ਨਾਲ ਝੁਕਣ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਈਡੀ ਦੀਆਂ ਰੇਡਾਂ ਜਿਨ੍ਹਾਂ ਉੱਤੇ ਹੋ ਰਹੀਆਂ ਹਨ, ਉਨ੍ਹਾਂ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਈਡੀ ਨੇ ਇਲਜ਼ਾਮ ਲਗਾਇਆ ਸੀ ਕਿ ਕਾਰਵਾਈ ਦੌਰਾਨ ਜਿਨ੍ਹਾਂ ਬਿਲਡਰਾਂ ਉੱਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ, ਉਨ੍ਹਾਂ ਵਿੱਚੋਂ ਇੱਕ, 'ਮੈਸਰਜ਼ ਧੀਰ ਕੰਸਟਰਕਸ਼ਨ' ਦੇ ਗੌਰਵ ਧੀਰ ਸੀਨੀਅਰ 'ਆਪ' ਨੇਤਾ ਅਮਨ ਅਰੋੜਾ ਦੇ "ਨਜ਼ਦੀਕੀ ਸਾਥੀ" ਸੀ।
ਈਡੀ ਦੇ ਅਨੁਸਾਰ, ਰੀਅਲ ਅਸਟੇਟ ਲੈਣ-ਦੇਣ ਅਤੇ ਪ੍ਰੋਜੈਕਟ ਟ੍ਰਾਂਸਫਰ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਤਲਾਸ਼ੀ ਲਈ ਗਈ ਸੀ।
ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸੰਜੀਵ ਅਰੋੜਾ ਖਿਲਾਫ ਈਡੀ ਦੀ ਕਾਰਵਾਈ 'ਤੇ ਸੀਐੱਮ ਮਾਨ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉਪਰ ਗੰਭੀਰ ਇਲਜ਼ਾਮ ਲਗਾਏ ਸਨ।
ਸੰਜੀਵ ਅਰੋੜਾ ਹਾਲੇ ਵੀ ਜੇਲ੍ਹ ਵਿੱਚ ਬੰਦ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ