ਕੀ ਤੁਸੀਂ ਵੀ ਫਲਾਂ-ਸਬਜ਼ੀਆਂ ਦੇ ਛਿਲਕੇ ਸੁੱਟ ਦਿੰਦੇ ਹੋ ਪਰ ਇਸ ਦੇ ਫਾਇਦੇ ਜਾਣ ਕੇ ਸ਼ਾਇਦ ਅਜਿਹਾ ਨਹੀਂ ਕਰੋਗੇ

    • ਲੇਖਕ, ਮੀਸ਼ੇਲ ਰੋਬਰਟਸ
    • ਰੋਲ, ਡਿਜੀਟਲ ਹੈਲਥ ਐਡੀਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਯੂਕੇ ਦੇ ਖੋਜਕਾਰਾਂ ਮੁਤਾਬਕ ਫਲਾਂ ਅਤੇ ਸਬਜ਼ੀਆਂ ਦੇ ਛਿਲਕੇ ਅਤੇ ਡੰਡਲ ਖਾਣ ਨਾਲ ਸਿਹਤ ਨੂੰ ਅਜਿਹਾ ਫ਼ਾਇਦਾ ਮਿਲ ਸਕਦਾ ਹੈ, ਜਿਸ ਤੋਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਵਾਂਝੇ ਰਹਿ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਫਲਾਂ ਅਤੇ ਸਬਜ਼ੀਆਂ ਦੇ ਅਜਿਹੇ ਹਿੱਸੇ ਖੁਰਾਕੀ ਫਾਈਬਰ ਦਾ ਅਣਗੌਲਿਆ ਸਰੋਤ ਹਨ। ਇਸ ਲਈ ਉਹ ਲੋਕਾਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਹਰ ਹਿੱਸੇ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ। ਇਸ ਵਿੱਚ ਤਰਬੂਜ਼ ਦੇ ਛਿਲਕੇ, ਅਨਾਨਾਸ ਦਾ ਵਿਚਕਾਰਲਾ ਸਖ਼ਤ ਹਿੱਸਾ ਅਤੇ ਬਟਰ ਨਟ ਸਕੁਐਸ਼ ਦੇ ਬੀਜ ਵੀ ਸ਼ਾਮਿਲ ਹਨ।

ਜ਼ਿਆਦਾਤਰ ਨੌਜਵਾਨ ਲੋੜੀਂਦੀ ਮਾਤਰਾ ਵਿੱਚ ਫਾਈਬਰ ਨਹੀਂ ਲੈਂਦੇ। ਸਰਕਾਰੀ ਅੰਕੜਿਆਂ ਮੁਤਾਬਕ ਸਿਰਫ਼ 4 ਫ਼ੀਸਦੀ ਲੋਕ ਹੀ ਰੋਜ਼ਾਨਾ 30 ਗ੍ਰਾਮ ਫਾਈਬਰ ਲੈਣ ਦੀ ਸਿਫ਼ਾਰਸ਼ ਪੂਰੀ ਕਰਦੇ ਹਨ, ਜਦਕਿ ਫਾਈਬਰ ਦੇ ਪਾਚਨ ਤੰਤਰ ਦੀ ਸਿਹਤ ਲਈ ਫ਼ਾਇਦੇ ਪਹਿਲਾਂ ਹੀ ਜਾਣੇ ਜਾਂਦੇ ਹਨ।

ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ, ਲੰਬੇ ਸਮੇਂ ਤੱਕ ਪੇਟ ਭਰਿਆ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਸ ਦਾ ਸਬੰਧ ਦਿਲ ਦੀਆਂ ਬਿਮਾਰੀਆਂ ਅਤੇ ਅੰਤੜੀਆਂ ਦੇ ਕੈਂਸਰ ਦੇ ਘੱਟ ਖ਼ਤਰੇ ਨਾਲ ਵੀ ਹੈ।

ਫਲਾਂ-ਸਬਜ਼ੀਆਂ ਦੇ ਛਿਲਕੇ, ਬੀਜ ਅਤੇ ਡੰਡਲ ਵੀ ਖਾਓ

ਆਮ ਤੌਰ 'ਤੇ ਫਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਵਿੱਚ ਉਨ੍ਹਾਂ ਦੇ ਅੰਦਰਲੇ ਹਿੱਸੇ ਦੇ ਮੁਕਾਬਲੇ ਵੱਧ ਫਾਈਬਰ ਹੁੰਦਾ ਹੈ।

ਮਿਸਾਲ ਵਜੋਂ, ਕੀਵੀ ਫਲ ਨੂੰ ਛਿਲਕੇ ਸਮੇਤ ਖਾਣ ਨਾਲ ਇਸ ਨੂੰ ਬਿਨਾਂ ਛਿੱਲ ਕੇ ਖਾਣ ਦੇ ਮੁਕਾਬਲੇ 50 ਫ਼ੀਸਦੀ ਵੱਧ ਫਾਈਬਰ ਮਿਲਦਾ ਹੈ।

ਇਸ ਅਧਿਐਨ ਲਈ ਕਿੰਗਜ਼ ਕਾਲਜ ਲੰਡਨ ਦੇ ਵਿਗਿਆਨੀਆਂ ਨੇ 12 ਤਰ੍ਹਾਂ ਦੇ ਕੱਚੇ ਜਾਂ ਬਿਨਾਂ ਪਕਾਏ ਤਾਜ਼ੇ ਖਾਧ ਪਦਾਰਥਾਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਵਿੱਚ ਚੁਕੰਦਰ, ਸ਼ਿਮਲਾ ਮਿਰਚ, ਬਰੌਕਲੀ, ਬਟਰ ਨਟ ਸਕੁਐਸ਼, ਫੁੱਲਗੋਭੀ, ਸੈਲਰੀ ਰੂਟ, ਕਰਲੀ ਕੇਲ, ਸੌਂਫ, ਕੀਵੀ, ਲੀਕ (ਇੱਕ ਕਿਸਮ ਦਾ ਪਿਆਜ਼), ਅਨਾਨਾਸ ਅਤੇ ਤਰਬੂਜ਼ ਸ਼ਾਮਿਲ ਸਨ।

ਖੋਜਕਰਤਾਵਾਂ ਨੇ ਪਾਇਆ ਕਿ ਇਨ੍ਹਾਂ ਖਾਦ ਪਦਾਰਥਾਂ ਦੇ ਜਿਹੜੇ ਹਿੱਸਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ, ਉਨ੍ਹਾਂ ਵੱਲੋਂ ਵੱਧ ਫਾਈਬਰ ਹੁੰਦਾ ਹੈ।

ਮਿਸਾਲ ਵਜੋਂ:

  • ਤਰਬੂਜ਼ ਦੇ ਛਿਲਕੇ ਵਿੱਚ ਹਰ 100 ਗ੍ਰਾਮ ਪਿੱਛੇ 2.10 ਗ੍ਰਾਮ ਫਾਈਬਰ ਹੁੰਦਾ ਹੈ। ਇਹ ਮਾਤਰਾ ਲਗਭਗ ਹੋਲਮੀਲ ਬ੍ਰੈੱਡ ਦੀ ਇੱਕ ਸਲਾਈਸ ਵਿੱਚ ਮੌਜੂਦ ਫਾਈਬਰ ਦੇ ਬਰਾਬਰ ਹੈ।
  • ਬਟਰ ਨਟ ਸਕੁਐਸ਼ ਦੇ ਛਿਲਕੇ ਅਤੇ ਬੀਜਾਂ ਵਿੱਚ ਹਰ 100 ਗ੍ਰਾਮ ਪਿੱਛੇ 9.25 ਗ੍ਰਾਮ ਫਾਈਬਰ ਹੁੰਦਾ ਹੈ। ਇਹ ਲਗਭਗ ਇੱਕ ਕੌਲੀ ਬ੍ਰੈਨ ਫਲੇਕਸ ਵਿੱਚ ਮੌਜੂਦ ਫਾਈਬਰ ਦੇ ਬਰਾਬਰ ਹੈ।
  • ਅਨਾਨਾਸ ਦੇ ਛਿਲਕੇ ਅਤੇ ਵਿਚਕਾਰਲੇ ਹਿੱਸੇ ਵਿੱਚ ਇਸ ਦੇ ਗੁੱਦੇ ਦੇ ਮੁਕਾਬਲੇ ਪੰਜ ਗੁਣਾ ਵੱਧ ਫਾਈਬਰ ਹੁੰਦਾ ਹੈ।
  • ਬਰੌਕਲੀ ਦੀਆਂ ਡੰਡੀਆਂ ਵਿੱਚ ਵੀ ਫਾਈਬਰ ਹੁੰਦਾ ਹੈ, ਹਾਲਾਂਕਿ ਇਸ ਦੀ ਮਾਤਰਾ ਫੁੱਲਾਂ ਵਾਲੇ ਹਿੱਸੇ ਨਾਲੋਂ ਥੋੜ੍ਹੀ ਘੱਟ ਹੁੰਦੀ ਹੈ।

ਫਾਈਬਰ ਸਾਡੀਆਂ ਅੰਤੜੀਆਂ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ ਅਤੇ ਕਬਜ਼ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ।

ਇਸ ਪ੍ਰੋਜੈਕਟ ਦੀ ਮੁਖੀ ਡਾ. ਰੇਚਲ ਗਿਬਸਨ ਨੇ ਕਿਹਾ ਕਿ ਖੋਜ ਦੇ ਨਤੀਜੇ ਦੱਸਦੇ ਹਨ ਕਿ ਲੋਕ ਫਾਈਬਰ ਦੀ ਕਾਫ਼ੀ ਵੱਡੀ ਮਾਤਰਾ ਸੁੱਟ ਰਹੇ ਹਨ।

ਉਨ੍ਹਾਂ ਕਿਹਾ, "ਇਹ ਸਿਰਫ਼ ਪੌਸ਼ਟਿਕ ਤੱਤਾਂ ਦਾ ਨੁਕਸਾਨ ਨਹੀਂ ਹੈ, ਸਗੋਂ ਵਿੱਤੀ ਨੁਕਸਾਨ ਵੀ ਹੈ। ਅਸਲ ਵਿੱਚ ਤੁਸੀਂ ਉਸ ਚੀਜ਼ ਦਾ ਇੱਕ ਵੱਡਾ ਹਿੱਸਾ ਸੁੱਟ ਰਹੇ ਹੋ, ਜਿਸ ਲਈ ਤੁਸੀਂ ਪੈਸੇ ਖਰਚ ਕੀਤੇ ਹਨ।"

ਕੀ ਕੇਲੇ ਦੇ ਛਿਲਕੇ ਦੀ ਸਬਜ਼ੀ ਵੀ ਬਣ ਸਕਦੀ ਹੈ ?

ਕਿੰਗਜ਼ ਕਾਲਜ ਲੰਡਨ ਆਪਣੀ ਕੈਂਟੀਨ ਵਿੱਚ ਅਜਿਹੇ ਪ੍ਰਯੋਗ ਕਰ ਰਿਹਾ ਹੈ ਅਤੇ ਉੱਥੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਹਰ ਹਿੱਸੇ ਦੀ ਇਸਤੇਮਾਲ ਕਰਕੇ ਤਿਆਰ ਹੋਣ ਵਾਲਾ ਭੋਜਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਕੇਲੇ ਦੇ ਛਿਲਕੇ ਦੀ ਕਰੀ ਵੀ ਸ਼ਾਮਿਲ ਹੈ।

ਖੋਜਕਰਤਾਵਾਂ ਮੁਤਾਬਕ ਘਰ ਵਿੱਚ ਵੀ ਲੋਕ ਕੁਝ ਅਜਿਹੇ ਤਰੀਕੇ ਅਪਣਾ ਸਕਦੇ ਹਨ। ਜਿਵੇਂ ਕੀਵੀ ਨੂੰ ਛਿਲਕੇ ਸਮੇਤ ਖਾਣਾ, ਬਰੌਕਲੀ ਦੀਆਂ ਡੰਡੀਆਂ ਨੂੰ ਸਟਰ-ਫਰਾਈ ਕਰਨਾ ਜਾਂ ਸ਼ਿਮਲਾ ਮਿਰਚ ਦੇ ਬੀਜਾਂ ਨੂੰ ਖਾਣੇ ਵਿੱਚ ਮਿਲਾਉਣਾ।

ਹਾਲਾਂਕਿ ਖਾਣਾ ਪਕਾਉਣ ਨਾਲ ਫਾਈਬਰ ਦੀ ਮਾਤਰਾ ਬਦਲ ਸਕਦੀ ਹੈ, ਪਰ ਆਮ ਤੌਰ 'ਤੇ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ।

ਭਾਫ਼ ਨਾਲ ਪਕਾਉਣਾ, ਮਾਈਕ੍ਰੋਵੇਵ ਵਿੱਚ ਗਰਮ ਕਰਨਾ ਜਾਂ ਥੋੜ੍ਹੇ ਸਮੇਂ ਲਈ ਤੇਜ਼ ਅੱਗ 'ਤੇ ਭੁੰਨਣਾ ਪੌਸ਼ਟਿਕ ਤੱਤਾਂ ਨੂੰ ਸਭ ਤੋਂ ਵੱਧ ਸੁਰੱਖਿਅਤ ਰੱਖਣ ਵਾਲੇ ਤਰੀਕਿਆਂ ਵਿੱਚ ਸ਼ਾਮਿਲ ਹੈ।

ਗਿਬਸਨ ਨੇ ਕਿਹਾ, "ਇਹ ਕੋਈ ਸੰਪੂਰਨਤਾ ਦੀ ਗੱਲ ਨਹੀਂ ਹੈ ਅਤੇ ਨਾ ਹੀ ਲੋਕਾਂ ਨੂੰ ਅਜਿਹਾ ਖਾਣਾ ਖਾਣ ਲਈ ਮਜਬੂਰ ਕਰਨ ਦੀ ਗੱਲ ਹੈ, ਜੋ ਉਨ੍ਹਾਂ ਨੂੰ ਸੁਆਦ ਨਾ ਲੱਗੇ। ਸਗੋਂ ਇਹ ਉਨ੍ਹਾਂ ਹਿੱਸਿਆਂ ਦੀ ਪੌਸ਼ਟਿਕ ਮਹੱਤਤਾ ਨੂੰ ਸਮਝਣ ਦੀ ਗੱਲ ਹੈ, ਜਿਨ੍ਹਾਂ ਨੂੰ ਅਸੀਂ ਸੁੱਟਣ ਦੇ ਆਦੀ ਹੋ ਚੁੱਕੇ ਹਾਂ।"

ਉਹ ਮੰਨਦੇ ਹਨ ਕਿ ਕੁਝ ਲੋਕਾਂ ਨੂੰ ਅਜਿਹਾ ਖਾਣਾ ਅਪਣਾਉਣ ਵਿੱਚ ਝਿਜਕ ਹੋ ਸਕਦੀ ਹੈ।

ਕੈਂਟੀਨ ਵਿੱਚ ਕੀਤੇ ਗਏ ਪ੍ਰਯੋਗ ਦੌਰਾਨ ਵੀ ਕੁਝ ਲੋਕਾਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਸੀ।

ਨੌਂ ਹਫ਼ਤਿਆਂ ਦੇ ਇਸ ਪ੍ਰਯੋਗ ਦੌਰਾਨ ਯੂਨੀਵਰਸਿਟੀ ਦੇ ਰੋਜ਼ਾਨਾ ਗਰਮ ਖਾਣੇ ਦੇ ਕੁੱਲ ਆਰਡਰਾਂ ਵਿੱਚੋਂ ਇੱਕ ਤਿਹਾਈ ਅਜਿਹੇ ਖਾਣਿਆਂ ਦੇ ਸਨ, ਜਿਨ੍ਹਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਹਰ ਹਿੱਸੇ ਦੀ ਵਰਤੋਂ ਕੀਤੀ ਗਈ ਸੀ।

ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਇਹ ਨਵੇਂ ਖਾਣੇ ਚੁਣੇ, ਉਨ੍ਹਾਂ ਵੱਲੋਂ ਆਪਣੀ ਪਲੇਟ ਵਿੱਚ ਪੂਰਾ ਖਾਣਾ ਖ਼ਤਮ ਕਰਨ ਦੀ ਸੰਭਾਵਨਾ ਰਵਾਇਤੀ ਖਾਣਾ ਖਾਣ ਵਾਲਿਆਂ ਦੇ ਮੁਕਾਬਲੇ ਘੱਟ ਸੀ।

ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੀ ਡਾਇਟੀਸ਼ੀਅਨ ਕਰਸਟਨ ਜੈਕਸਨ, ਜੋ ਇਰੀਟੇਬਲ ਬਾਊਲ ਸਿੰਡਰੋਮ (ਆਈਬੀਐੱਸ) ਦੇ ਮਾਹਿਰ ਹਨ, ਦਾ ਕਹਿਣਾ ਹੈ ਕਿ ਇਹ ਤਰੀਕੇ ਲਾਭਦਾਇਕ ਹਨ, ਬਸ਼ਰਤੇ ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਤਾ ਜਾਵੇ।

ਉਨ੍ਹਾਂ ਨੇ ਅਨਾਨਾਸ ਦੇ ਵਿਚਕਾਰਲੇ ਹਿੱਸੇ ਨੂੰ ਸਮੂਦੀ ਵਿੱਚ ਮਿਲਾਉਣ ਦਾ ਸੁਝਾਅ ਦਿੱਤਾ ਹੈ, ਪਰ ਉਨ੍ਹਾਂ ਮੁਤਾਬਕ ਇਸ ਦੇ ਸਖ਼ਤ ਛਿਲਕੇ ਖਾਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਕੁਝ ਸਬਜ਼ੀਆਂ ਦੀਆਂ ਡੰਡੀਆਂ ਨੂੰ ਖਾਣਯੋਗ ਅਤੇ ਸੁਆਦੀ ਬਣਾਉਣ ਲਈ ਪਕਾਉਣ ਜਾਂ ਬਾਰੀਕ ਕੱਟਣ ਦੀ ਲੋੜ ਹੋ ਸਕਦੀ ਹੈ।

ਉਨ੍ਹਾਂ ਕਿਹਾ, "ਜੇਕਰ ਬਰੌਕਲੀ ਦੇ ਡੰਡਲ ਤੁਸੀਂ ਡਿਨਰ ਦੇ ਸਮੇਂ ਇਸਤੇਮਾਲ ਨਹੀਂ ਕਰ ਰਹੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਵੇ। ਇਸ ਨੂੰ ਕੱਟ ਕੇ ਫ੍ਰੀਜ਼ ਕਰ ਲਓ ਅਤੇ ਕਿਸੇ ਹੋਰ ਦਿਨ ਸੂਪ ਜਾਂ ਸਟਰ-ਫਰਾਈ ਵਿੱਚ ਵਰਤ ਲਓ।"

ਉਹ ਸਲਾਹ ਦਿੰਦੇ ਹਨ ਕਿ ਖੁਰਾਕ ਵਿੱਚ ਫਾਈਬਰ ਦੀ ਮਾਤਰਾ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈ, ਤਾਂ ਜੋ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਮੁਤਾਬਕ ਆਈਬੀਐੱਸ ਤੋਂ ਪੀੜਤ ਲੋਕਾਂ ਲਈ ਫਾਈਬਰ ਦੀ ਵੱਧ ਮਾਤਰਾ ਨੂੰ ਹਜ਼ਮ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਬ੍ਰਿਟਿਸ਼ ਨਿਊਟ੍ਰੀਸ਼ਨ ਫਾਊਂਡੇਸ਼ਨ ਨੇ ਕੁਝ ਚੀਜ਼ਾਂ ਤੋਂ ਪੂਰੀ ਤਰ੍ਹਾਂ ਬਚਣ ਦੀ ਸਲਾਹ ਦਿੱਤੀ ਹੈ।

ਹਰੇ ਰੰਗ ਦੇ ਆਲੂਆਂ ਅਤੇ ਰੂਬਰਬ ਦੇ ਪੱਤਿਆਂ ਵਿੱਚ ਜ਼ਹਿਰੀਲੇ ਤੱਤ ਹੁੰਦੇ ਹਨ। ਇਸ ਤੋਂ ਇਲਾਵਾ, ਸਖ਼ਤ ਡੰਡਲ ਅਤੇ ਬੀਜ ਛੋਟੇ ਬੱਚਿਆਂ ਲਈ ਢੁੱਕਵੇਂ ਨਹੀਂ ਹੋ ਸਕਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)