ਪੰਜਾਬ ਚੋਣਾਂ: ਰਾਹੁਲ ਗਾਂਧੀ ਨੇ ਕਿਹਾ, ਮੂਸੇਵਾਲਾ ਚੋਂ ਪੰਜਾਬ ਦੀ ਆਵਾਜ਼ ਆਉਂਦੀ ਸੀ, ਨਾਲ ਬੋਲੇ ਪੰਜਾਬ ਦੀ ਸਰਕਾਰ ਪੰਜਾਬ ਤੋਂ ਹੀ ਚੱਲਦੀ ਹੈ, ਦਿੱਲੀ ਤੋਂ ਨਹੀਂ’

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਕਾਂਗਰਸ ਦੀ ਇਨਸਾਫ਼ ਰੈਲੀ ਚੱਲ ਰਹੀ ਹੈ, ਜਿੱਥੇ ਰਾਹੁਲ ਗਾਂਧੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਣ ਲਈ ਪਹੁੰਚੇ ਹਨ।

ਉਨ੍ਹਾਂ ਦੇ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਰੈਲੀ ਵਿੱਚ ਪਹੁੰਚੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇੱਕੋ ਮੰਚ 'ਤੇ ਮੌਜੂਦ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ, ਤਾਂ ਜੋ ਸੂਬੇ ਦੇ ਹਾਲਾਤ ਸੁਧਾਰੇ ਜਾ ਸਕਣ।

ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਬਾਰੇ ਕੀ ਕਿਹਾ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸਟੇਜ 'ਤੇ ਆਪਣੇ ਨਾਲ ਬਿਠਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।

ਰਾਹੁਲ ਗਾਂਧੀ ਨੇ ਕਿਹਾ, "ਸਿੱਧੂ ਮੂਸੇਵਾਲਾ ਦੇ ਪਿਤਾ ਦੇ ਆਉਣ ਤੋਂ ਬਾਅਦ ਮੈਂ ਆਪਣੇ ਭਾਸ਼ਣ ਦੀ ਯੋਜਨਾ ਬਦਲ ਰਿਹਾ ਹਾਂ।"

ਰਾਹੁਲ ਗਾਂਧੀ ਨੇ ਕਿਹਾ, "ਕੁਝ ਸਾਲ ਪਹਿਲਾਂ ਮੈਂ ਇਨ੍ਹਾਂ ਦੇ ਬੇਟੇ ਨੂੰ ਮਿਲਿਆ ਸੀ। ਉਸ ਵੇਲੇ ਮੈਂ ਸਿੱਧੂ ਮੂਸੇਵਾਲਾ ਨੂੰ ਜਾਣਦਾ ਨਹੀਂ ਸੀ। ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਪ੍ਰਭਾਵਸ਼ਾਲੀ ਲੜਕਾ ਸੀ। ਕਮਰੇ ਵਿੱਚ ਆਇਆ ਤਾਂ ਉਸ ਦੇ ਸਰੀਰ 'ਤੇ ਟੈਟੂ ਬਣੇ ਹੋਏ ਸਨ। ਉਸ ਵੇਲੇ ਮੈਂ ਉਸ ਦੇ ਗੀਤ ਨਹੀਂ ਸੁਣੇ ਸਨ। ਮੈਨੂੰ ਦੱਸਿਆ ਗਿਆ ਸੀ ਕਿ ਉਹ ਚੰਗਾ ਲੜਕਾ ਹੈ, ਸੰਗੀਤਕਾਰ ਹੈ ਅਤੇ ਕਾਂਗਰਸ ਪਾਰਟੀ ਵਿੱਚ ਆਉਣਾ ਚਾਹੁੰਦਾ ਹੈ।"

"ਜਦੋਂ ਮੇਰੀ ਮੀਟਿੰਗ ਹੋ ਰਹੀ ਸੀ ਤਾਂ ਮੇਰੇ ਦਿਮਾਗ਼ ਵਿੱਚ ਪਤਾ ਨਹੀਂ ਕਿਉਂ ਇਹ ਗੱਲ ਆਈ ਕਿ ਉਹ ਇੱਕ ਖ਼ਤਰਨਾਕ ਥਾਂ 'ਤੇ ਆ ਰਿਹਾ ਹੈ। ਉਹ ਗਾਇਕ ਹੈ ਅਤੇ ਸਿਆਸਤ ਵਿੱਚ ਆ ਰਿਹਾ ਹੈ। ਉਹ ਸਿਆਸਤ ਨੂੰ ਇੰਨਾ ਸਮਝਦਾ ਨਹੀਂ ਹੈ।"

"ਮੈਨੂੰ ਲੱਗਿਆ ਕਿ ਮੈਨੂੰ ਉਸ ਦੀ ਸਿਆਸੀ ਸੁਰੱਖਿਆ ਕਰਨੀ ਚਾਹੀਦੀ ਹੈ। ਮੇਰੀ ਉਸ ਨਾਲ ਗੱਲਬਾਤ ਹੋਈ। ਉਸ ਨੂੰ ਧਮਕੀਆਂ ਆਈਆਂ। ਸ਼ਾਇਦ ਪੰਜਾਬ ਦਾ ਸਭ ਤੋਂ ਹੁਨਰਮੰਦ ਸੰਗੀਤਕਾਰ, ਜੋ ਇੱਕ ਦਿਨ ਸਿਆਸਤ ਵਿੱਚ ਬਹੁਤ ਕੰਮ ਕਰ ਸਕਦਾ ਸੀ, ਕਿਉਂਕਿ ਉਸ ਦੀ ਗਾਇਕੀ ਵਿੱਚ ਪੰਜਾਬ ਦੀ ਗੱਲ ਆਉਂਦੀ ਸੀ।"

"ਫਿਰ ਇੱਕ ਦਿਨ ਮੈਂ ਦੇਖਿਆ ਕਿ ਸਭ ਦੇ ਸਾਹਮਣੇ ਉਸ ਦੀ ਸੁਰੱਖਿਆ ਹਟਾਈ ਜਾਂਦੀ ਹੈ। ਦਿਨ-ਦਿਹਾੜੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਘਰ ਗਿਆ ਸੀ ਤਾਂ ਬਲਕੌਰ ਸਿੰਘ ਨੇ ਕਿਹਾ ਸੀ, 'ਪਿਤਾ ਮਰਦਾ ਹੈ, ਮਾਤਾ ਮਰਦੀ ਹੈ ਤਾਂ ਦੁੱਖ ਹੁੰਦਾ ਹੈ, ਪਰ ਜਿਸ ਪਿਤਾ ਨੂੰ ਆਪਣੇ ਬੇਟੇ ਦੀ ਮੌਤ ਦੇਖਣੀ ਪੈਂਦੀ ਹੈ, ਉਸ ਤੋਂ ਵੱਡਾ ਦਰਦ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ।'"

ਰਾਹੁਲ ਗਾਂਧੀ ਨੇ ਕਿਹਾ, "ਜੋ ਇਨ੍ਹਾਂ ਦੇ ਬੇਟੇ ਨਾਲ ਹੋਇਆ, ਉਹ ਪੰਜਾਬ ਵਿੱਚ ਫੈਸ਼ਨ ਬਣ ਗਿਆ ਹੈ।"

‘ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲਦੀ, ਦਿੱਲੀ ਤੋਂ ਨਹੀਂ’

ਰਾਹੁਲ ਗਾਂਧੀ ਨੇ ਕਿਹਾ, "ਬਹੁਤ ਸਾਲ ਪਹਿਲਾਂ ਮੈਂ ਕਿਹਾ ਸੀ ਕਿ ਪੰਜਾਬ ਵਿੱਚ ਨਸ਼ਾ ਫੈਲ ਰਿਹਾ ਹੈ, ਪਰ ਵਿਰੋਧੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਬਾਰੇ ਨਹੀਂ ਪਤਾ, ਪੰਜਾਬ ਵਿੱਚ ਨਸ਼ਾ ਨਹੀਂ ਫੈਲ ਰਿਹਾ। ਜਾਂ ਤਾਂ ਸੂਬੇ ਵਿੱਚ ਇੰਡਸਟਰੀ ਅਤੇ ਖੇਤੀਬਾੜੀ ਹੋਵੇਗੀ, ਨਹੀਂ ਤਾਂ ਨਸ਼ਾ ਹੋਵੇਗਾ, ਗੈਂਗਸਟਰਵਾਦ ਹੋਵੇਗਾ ਅਤੇ ਸ਼ਰੇਆਮ ਗੋਲੀਆਂ ਚੱਲਣਗੀਆਂ।"

"ਪੰਜਾਬ ਵਿੱਚ ਨਸ਼ਾ, ਚਿੱਟਾ ਅਤੇ ਮੈਡੀਕਲ ਡਰੱਗਜ਼ ਸਭ ਤੋਂ ਵੱਡੇ ਮਸਲੇ ਹਨ। ਤੁਸੀਂ ਆਮ ਆਦਮੀ ਪਾਰਟੀ 'ਤੇ ਭਰੋਸਾ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਨਸ਼ਾ ਖ਼ਤਮ ਕਰ ਦੇਣਗੇ। ਪਰ ਉਹ ਅਜਿਹਾ ਨਹੀਂ ਕਰ ਸਕੇ।"

ਰਾਹੁਲ ਗਾਂਧੀ ਨੇ ਕਿਹਾ, "ਤਿੰਨ ਸਾਲਾਂ ਅੰਦਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੈਂ ਪੁੱਛਦਾ ਹਾਂ ਕਿ ਅਡਾਨੀ ਦੇ ਪੋਰਟ ਤੋਂ ਹਜ਼ਾਰਾਂ ਕਿਲੋ ਡਰੱਗਜ਼ ਮਿਲਣ ਦੇ ਮਾਮਲੇ ਦਾ ਕੀ ਹੋਇਆ?"

"ਕਾਂਗਰਸ ਦੀ ਸਰਕਾਰ ਵੇਲੇ ਨਾ ਪੰਜਾਬ ਦੀ ਸਰਕਾਰ ਦੇਸ਼ ਦਾ ਗ੍ਰਹਿ ਮੰਤਰੀ ਚਲਾਉਂਦਾ ਹੈ ਅਤੇ ਨਾ ਹੀ ਦਿੱਲੀ ਦਾ ਸਾਬਕਾ ਮੁੱਖ ਮੰਤਰੀ। ਤੁਹਾਡਾ ਤਜਰਬਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲਦੀ ਹੈ, ਦਿੱਲੀ ਤੋਂ ਨਹੀਂ।"

ਰਾਜਾ ਵੜਿੰਗ, ਚਰਨਜੀਤ ਚੰਨੀ ਤੇ ਖੜਗੇ ਕੀ ਬੋਲੇ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਸਾਧੇ।

ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਰੋਕਣਾ ਕਾਂਗਰਸ ਦੀ ਪਹਿਲ ਰਹੇਗੀ।

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਅੱਜ ਅਸੀਂ ਇੱਥੋਂ ਆਗਾਜ਼ ਕੀਤਾ ਹੈ ਕਿ ਪੰਜ ਸਾਲ ਪਹਿਲਾਂ ਬਣੀ ਝੂਠ ਦੀ ਸਰਕਾਰ ਨੇ ਜਨਤਾ ਨੂੰ ਧੋਖਾ ਦਿੱਤਾ।"

"ਹੁਣ ਅਗਲੇ ਸਾਲ ਫਰਵਰੀ ਵਿੱਚ ਚੋਣਾਂ ਹੋਣਗੀਆਂ। ਜਿਸ ਪਾਰਟੀ ਨੂੰ ਪਿਛਲੀ ਵਾਰ ਇੰਨਾ ਵੱਡਾ ਬਹੁਮਤ ਮਿਲਿਆ ਸੀ, ਅਸੀਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚੋਂ ਜੜ੍ਹੋਂ ਪੁੱਟ ਦੇਵਾਂਗੇ ਅਤੇ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ।"

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਵੀਂ ਸ਼ੁਰੂਆਤ ਚਾਹੁੰਦੇ ਹਨ। ਨਫ਼ਰਤ ਦੀ ਸਿਆਸਤ ਕਰਨ ਵਾਲਿਆਂ ਨੂੰ ਹਟਾ ਕੇ ਕਾਂਗਰਸ ਦਾ ਸ਼ਾਸਨ ਲਿਆਉਣਾ ਹੋਵੇਗਾ।

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਅੱਜ ਮੈਂ ਇਹ ਬੇਨਤੀ ਕਰਨ ਆਇਆ ਹਾਂ ਕਿ ਜੇ ਅਸੀਂ ਪੰਜਾਬ ਜਿੱਤਾਂਗੇ ਤਾਂ ਸਾਰਾ ਭਾਰਤ ਜਿੱਤਾਂਗੇ। ਇਹ ਮੇਰਾ ਦਾਅਵਾ ਹੈ। ਜਿੱਤ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਜਿੱਤ ਲਈ ਸਾਨੂੰ ਮਿਲ ਕੇ ਰਹਿਣ ਦੀ ਲੋੜ ਹੈ।"

ਖੜਗੇ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਐੱਸਆਈਆਰ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਘੇਰਿਆ।

ਉਨ੍ਹਾਂ ਕਿਹਾ, "ਮੈਂ ਵਾਅਦਾ ਕਰਦਾ ਹਾਂ ਕਿ ਡਾ. ਮਨਮੋਹਨ ਸਿੰਘ ਦਾ ਸੁਪਨਾ ਪੂਰਾ ਕਰਾਂਗੇ। ਕਮੀਆਂ ਨੂੰ ਦੂਰ ਕਰਾਂਗੇ।"

ਸੰਬੋਧਨ ਦੇ ਅੰਤ ਵਿੱਚ ਖੜਗੇ ਨੇ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ, ਗੈਂਗਸਟਰ ਰਾਜ ਖ਼ਤਮ ਕਰਾਂਗੇ, ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਵਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਦਲਿਤਾਂ ਅਤੇ ਕਮਜ਼ੋਰ ਵਰਗਾਂ ਨੂੰ ਮਜ਼ਬੂਤ ਕਰਾਂਗੇ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਾ ਅੰਤ ਕਰਾਂਗੇ ਅਤੇ ਪੰਜਾਬ ਦਾ ਭਵਿੱਖ ਪੰਜਾਬੀ ਤੈਅ ਕਰਨਗੇ।

ਜਾਣਕਾਰੀ ਮੁਤਾਬਕ, ਇਸ ਦੌਰਾਨ ਰਾਹੁਲ ਗਾਂਧੀ ਸੰਗਰੂਰ ਦੇ ਪਿੰਡ ਤੂਰ ਬਣਜਾਰਾ ਵਿਖੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲਣ ਜਾ ਸਕਦੇ ਹਨ।

ਦਲਜੀਤ ਸਿੰਘ ਦੇ ਸਸਕਾਰ ਬਾਰੇ ਹਾਈ ਕੋਰਟ ਨੇ ਹੁਣ ਕੀ ਹੁਕਮ ਦਿੱਤਾ?

ਉਧਰ, ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ, ਯਾਨੀ 3 ਨਵੰਬਰ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਉਸ ਦਾ ਸਸਕਾਰ ਜੱਦੀ ਪਿੰਡ ਵਿੱਚ ਕਰਨ ਦੇ ਹੁਕਮ ਦਿੱਤੇ ਹਨ।

ਹਾਈ ਕੋਰਟ ਨੇ ਕਿਹਾ ਹੈ ਕਿ ਸਸਕਾਰ ਪੁਲਿਸ ਸੁਰੱਖਿਆ ਹੇਠ ਹੋਵੇਗਾ ਅਤੇ ਮ੍ਰਿਤਕ ਦੇਹ ਨੂੰ ਪੂਰੇ ਮਾਣ-ਸਨਮਾਨ ਨਾਲ ਪੰਜਾਬ ਪੁਲਿਸ ਅਤੇ ਯੂਟੀ ਪੁਲਿਸ ਦੇ ਕਾਫ਼ਲੇ ਨਾਲ ਲਾ ਕੇ ਜਾਣ।

ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦਿਆਂ ਕਿਸੇ ਵੀ ਸਿਆਸੀ ਆਗੂ ਜਾਂ ਜਥੇਬੰਦੀ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਦਲਜੀਤ ਸਿੰਘ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਇੱਥੋਂ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ, ਪਰ ਅੱਜ ਇਨ੍ਹਾਂ ਹੁਕਮਾਂ ਵਿੱਚ ਸੋਧ ਕੀਤੀ ਗਈ ਹੈ।

ਦਲਜੀਤ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਸੀਬੀਆਈ ਜਾਂਚ ਕਰਵਾਉਣ, ਪੀਜੀਆਈ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਪਰਿਵਾਰ 27 ਅਕਤੂਬਰ ਨੂੰ ਰੋਸ ਵਜੋਂ ਮ੍ਰਿਤਕ ਦੇਹ ਨੂੰ ਮਾਨਸਾ ਵਿੱਚ ਚੱਲ ਰਹੇ ਧਰਨੇ 'ਤੇ ਲੈ ਕੇ ਜਾ ਰਿਹਾ ਸੀ।

ਇਸੇ ਦੌਰਾਨ ਪੁਲਿਸ ਨੇ ਰਾਮਦਿੱਤੇਵਾਲਾ ਚੌਕ ਵਿਖੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰਿਵਾਰ ਨੇ ਪੁਲਿਸ 'ਤੇ ਬਿਨਾਂ ਸਹਿਮਤੀ ਅਤੇ ਜਾਣਕਾਰੀ ਦਿੱਤੇ ਪੋਸਟਮਾਰਟਮ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ।

ਪਰਵਿੰਦਰ ਝੋਟਾ ਦੇ ਪਰਿਵਾਰ ਦਾ ਅਗਲਾ ਕਦਮ ਕੀ ?

ਉਧਰ, ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਪਣੇ ਇਸ ਦੌਰੇ ਦੌਰਾਨ ਰਾਹੁਲ ਗਾਂਧੀ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਮਾਨਸਾ ਵਿੱਚ ਲੱਗੇ ਧਰਨੇ ਵਿੱਚ ਵੀ ਜਾ ਸਕਦੇ ਹਨ।

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਰਾਹੁਲ ਗਾਂਧੀ ਨੂੰ ਉੱਥੇ ਨਾ ਆਉਣ ਦੀ ਨਸੀਹਤ ਦਿੱਤੀ ਸੀ। ਉਨ੍ਹਾਂ ਕਿਹਾ ਸੀ, "ਮੇਰਾ ਰਾਹੁਲ ਗਾਂਧੀ ਨਾਲ ਕਿਸੇ ਕਿਸਮ ਦਾ ਚੰਗਾ ਜਾਂ ਮਾੜਾ ਸਬੰਧ ਨਹੀਂ ਹੈ। ਪਰ ਮੇਰੀ ਬੇਨਤੀ ਹੈ ਕਿ ਸਾਡੇ 'ਤੇ ਭਾਵੇਂ ਦੁੱਖ ਹੈ, ਪਰ ਇੰਦਰਾ ਗਾਂਧੀ ਦੇ ਪਰਿਵਾਰ ਵਿੱਚੋਂ ਕੋਈ ਵੀ ਸਾਡੇ ਕੋਲ ਨਾ ਆਵੇ।"

ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅਤੇ ਇਨਸਾਫ਼ ਕਮੇਟੀ ਧਰਨੇ 'ਤੇ ਡਟੇ ਹੋਏ ਹਨ। ਕਰੀਬ ਤਿੰਨ ਹਫ਼ਤੁਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਹ ਸਸਕਾਰ ਕਰਨ ਲਈ ਰਾਜ਼ੀ ਨਹੀਂ ਹੋਏ ਹਨ।

ਉਨ੍ਹਾਂ ਨੇ ਪੰਜ ਨਵੰਬਰ, ਭਾਵ ਆਉਣ ਵਾਲੇ ਕੱਲ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਸੀਬੀਆਈ ਦੀ ਟੀਮ ਅੱਜ ਮਾਨਸਾ ਵਿੱਚ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਮੁਲਜ਼ਮ ਦੇ ਢਾਹੇ ਗਏ ਮੈਡੀਕਲ ਸਟੋਰ ਦਾ ਮਲਬਾ ਚੁਕਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਇਸ ਦੇ ਨਾਲ ਹੀ ਦੁਕਾਨ ਢਾਹੁਣ ਦੇ ਮਾਮਲੇ ਵਿੱਚ ਮਾਨਸਾ ਦੇ ਸਿਟੀ-2 ਥਾਣੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ।

ਮੈਡੀਕਲ ਸਟੋਰ ਵਿੱਚ ਭੰਨ-ਤੋੜ ਅਤੇ ਅੱਗ ਲਗਾਉਣ ਦੇ ਮਾਮਲੇ ਵਿੱਚ 1,000 ਤੋਂ 1,200 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਖ਼ੁਦ ਨੂੰ ਨਸ਼ਾ ਵਿਰੋਧੀ ਕਾਰਕੁਨ ਦੱਸਣ ਵਾਲੇ ਪਰਮਿੰਦਰ ਸਿੰਘ ਝੋਟਾ ਦਾ 13 ਅਕਤੂਬਰ ਨੂੰ ਮਾਨਸਾ ਦੇ ਬਾਜ਼ਾਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਚਲਾਉਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਉਦੋਂ ਤੋਂ ਉਸ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ ਅਤੇ ਪਰਿਵਾਰ ਤੇ ਸਮਰਥਕ ਧਰਨੇ 'ਤੇ ਬੈਠੇ ਹਨ।

ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਮੁੜ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਸਮੇਤ ਕਈ ਵੱਡੀਆਂ ਹਸਤੀਆਂ ਲਗਾਤਾਰ ਧਰਨੇ ਵਿੱਚ ਪਹੁੰਚ ਰਹੀਆਂ ਹਨ। ਇਸੇ ਕਰਕੇ ਰਾਹੁਲ ਗਾਂਧੀ ਦੇ ਵੀ ਇਸ ਧਰਨੇ ਵਿੱਚ ਪਹੁੰਚਣ ਦੀ ਚਰਚਾ ਹੋ ਰਹੀ ਸੀ, ਪਰ ਫ਼ਿਲਹਾਲ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)