ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਅਮਰੀਕਾ: ਮਿਡਟਰਮ ਚੋਣਾਂ ’ਚ ਡੈਮੋਕ੍ਰੈਟਸ ਵੱਡੀ ਜਿੱਤ ਵੱਲ ਵਧਦੇ ਹੋਏ, ਜਾਣੋ ਟਰੰਪ ਲਈ ਇਨ੍ਹਾਂ ਨਤੀਜਿਆਂ ਦਾ ਕੀ ਮਤਲਬ
ਡੈਮੋਕ੍ਰੈਟਸ ਨੂੰ ਹੁਣ ਸੈਨੇਟ ਅਤੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼, ਦੋਵਾਂ ਵਿੱਚ ਬਹੁਮਤ ਹਾਸਲ ਕਰਦੇ ਹੋਏ ਦੇਖਿਆ ਜਾ ਰਿਹਾ ਹੈ।
ਇਸ ਦਾ ਮਤਲਬ ਹੈ ਕਿ ਜਨਵਰੀ ਆਉਂਦੇ ਹੀ ਉਹ ਮੁੜ ਕਾਂਗਰਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲੈਣਗੇ। ਕਾਂਗਰਸ ਸਰਕਾਰ ਦੀ ਇਹ ਉਹ ਸ਼ਾਖਾ ਹੈ ਜੋ ਦੇਸ਼ ਦੇ ਕਾਨੂੰਨ ਪਾਸ ਕਰਨ ਲਈ ਜ਼ਿੰਮੇਵਾਰ ਹੈ।
ਕਾਂਗਰਸ ਦੇ ਦੋਵੇਂ ਸਦਨਾਂ ਦਾ ਕੰਟਰੋਲ ਇਸ ਸਮੇਂ ਟਰੰਪ ਦੀ ਰਿਪਬਲਿਕਨ ਪਾਰਟੀ ਕੋਲ ਹੈ, ਜਿਸ ਕੋਲ ਬਹੁਮਤ ਹੈ।
ਪਰ ਜਦੋਂ ਡੈਮੋਕ੍ਰੈਟਸ ਮੁੜ ਕਾਂਗਰਸ ਦਾ ਕੰਟਰੋਲ ਸੰਭਾਲਣਗੇ, ਤਾਂ ਉਹ ਆਸਾਨੀ ਨਾਲ ਕਾਨੂੰਨ ਪਾਸ ਕਰ ਸਕਣਗੇ ਅਤੇ ਰਾਸ਼ਟਰਪਤੀ ਦੇ ਏਜੰਡੇ ਨੂੰ ਚੁਣੌਤੀ ਦੇ ਸਕਣਗੇ। ਉਹ ਰਾਸ਼ਟਰਪਤੀ ਦੇ ਪ੍ਰਸ਼ਾਸਨ ਦੇ ਮੈਂਬਰਾਂ ਵਿਰੁੱਧ ਜਾਂਚ ਵੀ ਸ਼ੁਰੂ ਕਰ ਸਕਣਗੇ।
ਇਹ ਇੱਕ ਵੱਡਾ ਬਦਲਾਅ ਹੈ ਅਤੇ ਇਹ ਉਹ ਜਿੱਤ ਹੈ ਜਿਸ ਦੀ ਡੈਮੋਕ੍ਰੈਟਸ ਉਮੀਦ ਕਰ ਰਹੇ ਸਨ, ਕਿਉਂਕਿ ਟਰੰਪ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੇ ਆਖਰੀ ਦੋ ਸਾਲ ਸ਼ੁਰੂ ਹੋਣ ਜਾ ਰਹੇ ਹਨ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਮਿਡਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਕਰਾਰੀ ਹਾਰ ਦੇ ਨਤੀਜਿਆਂ 'ਤੇ ਆਪਣੀ ਪ੍ਰਤੀਕਿਰਿਆ ਦੇਣ ਲਈ ਫੌਕਸ ਨਿਊਜ਼ ਨੂੰ ਫੋਨ ਕੀਤਾ। ਉਨ੍ਹਾਂ ਮੰਨਿਆ ਕਿ ਡੈਮੋਕ੍ਰੈਟਸ ਨੇ "ਚੰਗਾ ਕੰਮ ਕੀਤਾ"।
ਉਨ੍ਹਾਂ ਨੇ ਹੋਸਟ ਬ੍ਰੈਟ ਬੇਅਰ ਨੂੰ ਦੱਸਿਆ ਕਿ ਹਵਾ ਵਿੱਚ ਇੱਕ "ਮਾਹੌਲ" ਸੀ ਅਤੇ ਨਤੀਜਿਆਂ 'ਤੇ ਹੈਰਾਨੀ ਪ੍ਰਗਟਾਈ।
ਟਰੰਪ ਨੇ ਕਿਹਾ, "ਸਾਡੀਆਂ ਰੈਲੀਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਮੈਂ ਥੋੜ੍ਹਾ ਹੈਰਾਨ ਹਾਂ।"
ਨਰਮ ਰੁਖ ਅਪਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਡੈਮੋਕ੍ਰੈਟਸ ਨਾਲ ਕੰਮ ਕਰਨ ਲਈ ਉਨ੍ਹਾਂ ਕੋਲ "ਕਈ ਮੁੱਦੇ" ਹਨ।
ਉਨ੍ਹਾਂ ਨੇ ਮਿਡਟਰਮ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਆਪਣੀ ਕੈਬਨਿਟ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੋਂ ਇਨਕਾਰ ਕੀਤਾ।
ਇਸ ਸਮੇਂ ਹਾਊਸ ਦੀ ਸਥਿਤੀ ਕੀ ਹੈ?
ਸੀਬੀਐੱਸ ਦੇ ਅਨੁਮਾਨਾਂ ਮੁਤਾਬਕ, ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਡੈਮੋਕ੍ਰੈਟਸ ਘੱਟੋ-ਘੱਟ 239 ਸੀਟਾਂ ਜਿੱਤਣਗੇ ਅਤੇ ਰਿਪਬਲਿਕਨ ਘੱਟੋ-ਘੱਟ 161 ਸੀਟਾਂ ਜਿੱਤਣਗੇ।
ਅਮਰੀਕੀ ਹਾਊਸ ਵਿੱਚ ਕੁੱਲ 435 ਸੀਟਾਂ ਹਨ। ਅਜੇ ਵੀ ਕਈ ਸੀਟਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਬਾਕੀ ਹੈ, ਖ਼ਾਸ ਤੌਰ 'ਤੇ ਕੈਲੀਫੋਰਨੀਆ ਅਤੇ ਟੈਕਸਸ ਵਿੱਚ, ਜਿੱਥੇ ਕਈ ਹੋਰ ਸੀਟਾਂ ਹਨ।
ਮੇਨ ਅਤੇ ਅਲਾਸਕਾ ਵਰਗੀਆਂ ਥਾਵਾਂ 'ਤੇ ਵੀ ਵੋਟਾਂ ਦੀ ਗਿਣਤੀ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।
ਮਿਡਟਰਮ ਚੋਣਾਂ ਕੀ ਹਨ?
ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੇ ਵਿਚਕਾਰ ਹੁੰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਮਿਡਟਰਮ ਕਿਹਾ ਜਾਂਦਾ ਹੈ।
ਅਮਰੀਕੀ ਕਾਂਗਰਸ ਦੇ ਦੋ ਹਿੱਸੇ ਹਨ, ਪਹਿਲਾ ਹਾਊਸ ਆਫ਼ ਰਿਪ੍ਰੀਜੈਂਟੇਟਿਵਜ਼ ਅਤੇ ਦੂਜਾ ਸੈਨੇਟ ਹੈ।
ਕਾਂਗਰਸ ਦੇ ਜ਼ਰੂਰੀ ਕੰਮਾਂ ਵਿੱਚੋਂ ਇੱਕ ਕੰਮ ਸੰਘੀ ਕਾਨੂੰਨ ਬਣਾਉਣਾ ਅਤੇ ਪਾਸ ਕਰਨਾ ਹੈ, ਜੋ ਕਿ ਦੇਸ਼ ਭਰ ਵਿੱਚ ਲਾਗੂ ਹੋਣ ਵਾਲੇ ਕਾਨੂੰਨ ਹਨ।
ਮਿਡਟਰਮ ਚੋਣਾਂ ਦੇ ਨਤੀਜੇ ਇਹ ਤੈਅ ਕਰਨਗੇ ਕਿ ਟਰੰਪ ਦੀ ਪਾਰਟੀ ਜਾਂ ਵਿਰੋਧੀ ਡੈਮੋਕਰੇਟਸ ਅਮਰੀਕੀ ਕਾਂਗਰਸ, ਯਾਨੀ ਕਿ ਉੱਥੋਂ ਦੀ ਸੰਸਦ ਨੂੰ ਕੰਟਰੋਲ ਕਰਨਗੇ।
ਇਨ੍ਹਾਂ ਨਤੀਜਿਆਂ ਨੂੰ ਇਸ ਗੱਲ ਦਾ ਮਾਪ ਵੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਲੋਕ ਰਾਸ਼ਟਰਪਤੀ ਟਰੰਪ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਤੋਂ ਕਿੰਨੇ ਕੁ ਖੁਸ਼ ਹਨ।
ਕਿਸ ਨੂੰ ਚੁਣਿਆ ਜਾ ਰਿਹਾ ਹੈ?
ਇਹ ਚੋਣ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰੀਜੈਂਟੇਟਿਵਜ਼ ਦੇ ਸਾਰੇ 435 ਮੈਂਬਰਾਂ ਦੀ ਚੋਣ ਕਰੇਗੀ। ਸਦਨ ਦੇ ਮੈਂਬਰ ਦੋ ਸਾਲਾਂ ਦੀ ਮਿਆਦ ਲਈ ਸੇਵਾਵਾਂ ਨਿਭਾਉਂਦੇ ਹਨ। ਸਰਕਾਰ ਵੱਲੋਂ ਕੋਈ ਵੀ ਪ੍ਰਸਤਾਵਿਤ ਕਾਨੂੰਨ ਆਮ ਤੌਰ 'ਤੇ ਇਸ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਬਹਿਸ ਕੀਤੀ ਜਾਂਦੀ ਹੈ।
ਮੌਜੂਦਾ ਸਦਨ ਵਿੱਚ, ਰਿਪਬਲਿਕਨਜ਼ ਕੋਲ 435 ਵਿੱਚੋਂ 219 ਸੀਟਾਂ ਹਨ, ਜਦੋਂ ਕਿ ਡੈਮੋਕਰੇਟਸ ਕੋਲ 214 ਹਨ। ਇਸ ਵੇਲੇ ਦੋ ਸੀਟਾਂ ਖਾਲੀ ਹਨ।
ਜਦੋਂ ਕਿ ਸੈਨੇਟ, ਉਪਰਲੇ ਸਦਨ ਦੀਆਂ 100 ਸੀਟਾਂ ਵਿੱਚੋਂ 35 ਸੀਟਾਂ ਲਈ ਚੋਣਾਂ ਹੋਣਗੀਆਂ। ਚੁਣੇ ਹੋਏ ਸੈਨੇਟਰ ਛੇ ਸਾਲਾਂ ਦੇ ਕਾਰਜਕਾਲ ਲਈ ਸੇਵਾਵਾਂ ਨਿਭਾਉਣਗੇ। ਉਹ ਹੇਠਲੇ ਸਦਨ ਤੋਂ ਪ੍ਰਸਤਾਵਿਤ ਕਾਨੂੰਨ ਨੂੰ ਮਨਜ਼ੂਰੀ ਦਿੰਦੇ ਹਨ ਜਾਂ ਰੋਕਦੇ ਹਨ।
ਉੱਚ ਸਦਨ ਦੀਆਂ 100 ਸੀਟਾਂ ਵਿੱਚੋਂ 53 ਰਿਪਬਲਿਕਨਾਂ ਕੋਲ ਹਨ, ਜਦੋਂ ਕਿ ਡੈਮੋਕਰੇਟਸ ਕੋਲ 45 ਹਨ। ਡੈਮੋਕਰੇਟਿਕ ਪਾਰਟੀ ਨੂੰ ਦੋ ਆਜ਼ਾਦ ਸੈਨੇਟਰਾਂ ਦਾ ਸਮਰਥਨ ਵੀ ਪ੍ਰਾਪਤ ਹੈ।
3 ਨਵੰਬਰ ਨੂੰ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੋਟਰਾਂ ਨੇ ਸੂਬਾ-ਪੱਧਰੀ ਸਿਆਸਤਦਾਨਾਂ ਦੀ ਚੋਣ ਲਈ ਵੋਟਿੰਗ ਕੀਤੀ।
ਇਨ੍ਹਾਂ ਸੂਬਿਆਂ ਵਿੱਚੋਂ ਕੈਲੀਫੋਰਨੀਆ, ਫਲੋਰੀਡਾ, ਜਾਰਜੀਆ ਅਤੇ ਮਿਸ਼ੀਗਨ ਵਿੱਚ ਹੋਈਆਂ ਗਵਰਨਰ ਚੋਣਾਂ ਦੀ ਸਭ ਤੋਂ ਵੱਧ ਚਰਚਾ ਹੈ।
ਮਿਡਟਰਮ ਚੋਣਾਂ ਦੇ ਮੁੱਖ ਮੁੱਦੇ ਕੀ ਹਨ?
ਵੱਡੀ ਗਿਣਤੀ ਵੋਟਰ ਅਮਰੀਕੀ ਅਰਥਵਿਵਸਥਾ ਨੂੰ ਲੈ ਕੇ ਚਿੰਤਤ ਹਨ, ਕਿਉਂਕਿ ਜਨਸੰਖਿਆ ਦਾ ਵੱਡਾ ਹਿੱਸਾ ਬਾਲਣ, ਕਰਿਆਨੇ, ਰਿਹਾਇਸ਼ ਅਤੇ ਸਿਹਤ ਸੰਭਾਲ ਦੀਆਂ ਕੀਮਤਾਂ ਨਾਲ ਜੂਝ ਰਹੇ ਹਨ।
ਮੁਦਰਾਸਫੀਤੀ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਨਿਰਧਾਰਤ ਪੱਧਰ ਤੋਂ ਉੱਪਰ ਬਣੀ ਹੋਈ ਹੈ, ਅੰਸ਼ਕ ਤੌਰ 'ਤੇ ਇਸ ਦਾ ਕਾਰਨ ਫਰਵਰੀ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਨਾਲ ਸ਼ੁਰੂ ਹੋਈ ਜੰਗ ਮੰਨਿਆ ਜਾ ਰਿਹਾ ਹੈ।
ਡੈਮੋਕ੍ਰੇਟਸ ਦਾ ਤਰਕ ਹੈ ਕਿ ਟਰੰਪ ਦੇ ਵਪਾਰਕ ਟੈਰਿਫ ਪ੍ਰੋਗਰਾਮ ਨੇ ਅਮਰੀਕੀਆਂ ਲਈ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ।
ਇਮੀਗ੍ਰੇਸ਼ਨ ਇੱਕ ਹੋਰ ਮੁੱਖ ਮੁੱਦਾ ਹੈ। ਰਿਪਬਲਿਕਨਾਂ ਦਾ ਕਹਿਣਾ ਹੈ ਕਿ ਟਰੰਪ ਨੇ 2024 ਵਿੱਚ ਸਰਹੱਦ ਨੂੰ ਸਖ਼ਤ ਕਰਕੇ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਵਿਆਪਕ ਅਤੇ ਅਕਸਰ ਵਿਵਾਦਪੂਰਨ ਕਾਰਵਾਈ ਸ਼ੁਰੂ ਕਰਕੇ ਇੱਕ ਵੱਡਾ ਚੋਣ ਵਾਅਦਾ ਪੂਰਾ ਕੀਤਾ ਹੈ।
ਹਾਲ ਹੀ ਦੇ ਹਫ਼ਤਿਆਂ ਵਿੱਚ ਏਆਈ ਬਾਰੇ ਚਿੰਤਾਵਾਂ ਤੇਜ਼ੀ ਨਾਲ ਵਧੀਆਂ ਹਨ।
ਦੋਵਾਂ ਪਾਰਟੀਆਂ ਦੇ ਸੀਨੀਅਰ ਸਿਆਸਤਦਾਨ ਇਸਨੂੰ ਨਿਯਮਤ ਕਰਨ ਦੀ ਜ਼ਰੂਰਤ 'ਤੇ ਸਹਿਮਤ ਹੋਏ ਹਨ। ਇਹ ਆਗੂ ਆਪਣੇ ਆਪ ਨੂੰ ਟਰੰਪ ਦੇ ਵਿਰੋਧ ਵਿੱਚ ਖੜ੍ਹਾ ਕਰ ਰਹੇ ਹਨ, ਜਿਨ੍ਹਾਂ ਨੇ ਤਕਨਾਲੋਜੀ ਦੇ ਵਿਕਾਸ ਨੂੰ ਨਿਯੰਤਰਿਤ ਕਰਨ ਲਈ ਕਾਨੂੰਨਾਂ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ।
ਇਮੀਗ੍ਰੇਸ਼ਨ ਅਤੇ ਵੀਜ਼ਾ ਮੁੱਦੇ
ਅਮਰੀਕੀ ਨੌਕਰੀਆਂ ਸੁਰੱਖਿਅਤ ਕਰਨ ਲਈ ਬਣਾਈਆਂ ਗਈਆਂ ਨੀਤੀਆਂ ਦਾ ਸਿੱਧਾ ਅਸਲ ਭਾਰਤੀ ਤਕਨਾਲੋਜੀ, ਉਦਯੋਗ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ 'ਤੇ ਪੈ ਰਿਹਾ ਹੈ।
ਵੱਡੀ ਗਿਣਤੀ ਭਾਰਤੀ ਤਕਨੀਕੀ ਪੇਸ਼ੇਵਰ ਐੱਚ-1ਬੀ ਵੀਜ਼ਾ ਦੇ ਆਧਾਰ ਉੱਤੇ ਅਮਰੀਕਾ ਵਿੱਚ ਰਹਿ ਰਹੇ ਹਨ। ਸਖ਼ਤ ਅਰਜ਼ੀ ਜਾਂਚ ਪ੍ਰਕਿਰਿਆ, ਅਰਜ਼ੀਆਂ ਰੱਦ ਹੋਣ ਦੀਆਂ ਵੱਧਦੀਆਂ ਦਰਾਂ ਅਤੇ ਫੀਸਾਂ ਵਧਾਉਣ ਜਾਂ ਵਾਧੂ ਖਰਚੇ ਲਗਾਉਣ ਦੇ ਪ੍ਰਸਤਾਵਾਂ ਨੇ ਟੀਸੀਐੱਸ, ਇੰਨਫ਼ੋਸਿਸ ਅਤੇ ਵਿਪਰੋ ਵਰਗੀਆਂ ਪ੍ਰਮੁੱਖ ਭਾਰਤੀ ਆਈਟੀ ਕੰਪਨੀਆਂ ਨੂੰ ਪ੍ਰਭਾਵਿਤ ਕੀਤਾ ਹੈ।
ਟਰੰਪ ਕਾਰਜਕਾਲ ਵਿੱਚ ਬਗੈਰ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਅਤੇ ਬਹੁਤ ਸਾਰੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਹ ਅਮਰੀਕਾ ਸਰਕਾਰ ਦਾ ਇੱਕ ਅਜਿਹਾ ਕਦਮ ਜਿਸਦੀ ਭਾਰਤ ਵਿੱਚ ਵਿਆਪਕ ਆਲੋਚਨਾ ਹੋਈ।
ਦੂਜਾ ਮੁੱਦਾ ਰੂਸ ਨਾਲ ਵਪਾਰ ਦਾ ਹੈ। ਭਾਰਤ ਪੈਟਰੋਲੀਅਮ ਅਤੇ ਊਰਜਾ ਦੀ ਸਪਲਾਈ ਚੇਨ ਵਿੱਚ ਆਪਣੇ ਹਿੱਤਾਂ ਦੀ ਰਾਖੀ ਚਾਹੁੰਦਾ ਹੈ ਅਤੇ ਇਹ ਅਮਰੀਕੀ ਵਿਦੇਸ਼ ਨੀਤੀ ਨਾਲ ਟਕਰਾਅ ਰਿਹਾ ਹੈ।
ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਦਾ ਰਿਹਾ ਹੈ ਅਤੇ ਅਮਰੀਕਾ ਵਾਰ-ਵਾਰ ਉਸ 'ਤੇ ਦਬਾਅ ਪਾਉਂਦਾ ਰਿਹਾ ਹੈ।
ਅਮਰੀਕੀ ਸਰਕਾਰ ਵੱਲੋਂ ਰੂਸੀ ਊਰਜਾ ਖਰੀਦਣ ਵਾਲੇ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)