ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਲਿਆਂਦੀ ਗਈ, ਚੰਡੀਗੜ੍ਹ ਪਹੁੰਚੇ ਝੋਟਾ ਦੇ ਪਿਤਾ ਨੇ ਕੀ ਕੀਤੀ ਮੰਗ
ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਦੀ ਰਿਹਾਈ ਤੋਂ ਬਾਅਦ ਦੇਰ ਰਾਤ ਤਕਰੀਬਨ 11.45 ਵਜੇ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ ਨੂੰ ਸੀਬੀਆਈ ਦੀ ਟੀਮ ਦੀ ਨਿਗਰਾਨੀ ਵਿੱਚ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਚੰਡੀਗੜ੍ਹ ਵਿੱਚ 6 ਨਵੰਬਰ ਭਾਵ ਅੱਜ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇਹ ਚੰਡੀਗੜ੍ਹ ਭੇਜਣ ਵੇਲੇ ਦੌਰਾਨ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਸਣੇ, ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ, ਉਨ੍ਹਾਂ ਦੀ ਐਂਟੀ ਡਰੱਗ ਟਾਸਕ ਟੀਮ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ।
ਪਰਵਿੰਦਰ ਝੋਟੇ ਦੇ ਪਿਤਾ ਦੀ ਮੌਜੂਦਗੀ ਦੇ ਵਿੱਚ ਪਹਿਲਾਂ ਮੋਰਚੇ ਦੇ ਅੱਗੇ ਪਰਵਿੰਦਰ ਝੋਟੇ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਅਰਦਾਸ ਕੀਤੀ ਗਈ।
ਇਸ ਦੌਰਾਨ ਭੀਮ ਸਿੰਘ ਨੇ ਮੁੜ ਤੋਂ ਸਰਕਾਰ ਅੱਗੇ ਅਪੀਲ ਕੀਤੀ ਕਿ ਪਰਵਿੰਦਰ ਦੇ ਸਸਕਾਰ ਤੋਂ ਪਹਿਲਾਂ ਮਾਨਸਾ ਦੇ ਐਸਐਸਪੀ ਦਾ ਤਬਾਦਲਾ ਕੀਤਾ ਜਾਵੇ।
ਇਸ ਤੋਂ ਪਹਿਲਾਂ, ਲੰਘੇ ਦਿਨੀਂ ਦਲਜੀਤ ਸਿੰਘ ਦਾ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਦੇ ਜ਼ੱਦੀ ਪਿੰਡ ਭੰਮੇ ਕਲਾਂ ਵਿੱਚ ਸਖ਼ਤ ਸੁਰੱਖਿਆ ਹੇਠ ਸਸਕਾਰ ਹੋ ਚੁੱਕਿਆ ਹੈ, ਜਦਕਿ ਲੰਘੇ ਕੱਲ੍ਹ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਨਾਭਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ।
ਦੋਵਾਂ ਆਗੂਆਂ ਦੀ ਰਿਹਾਈ ਤੋਂ ਬਾਅਦ ਹੁਣ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ 6 ਨਵੰਬਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਕੀਤਾ ਜਾਵੇਗਾ। ਇਸ ਲਈ ਸੀਬੀਆਈ ਵੱਲੋਂ ਸੀਨੀਅਰ ਡਾਕਟਰਾਂ ਦੀ ਟੀਮ ਦਾ ਪ੍ਰਬੰਧ ਕੀਤਾ ਗਿਆ ਹੈ। ਦੋਵਾਂ ਆਗੂਆਂ ਦੀ ਰਿਹਾਈ ਦੇ ਹੁਕਮ ਮਾਨਸਾ ਦੀ ਅਦਾਲਤ ਨੇ ਜਾਰੀ ਕੀਤੇ ਸਨ।
ਬੀਤੇ ਦਿਨੀਂ ਝੋਟਾ ਇਨਸਾਫ਼ ਮੋਰਚੇ ਅਤੇ ਸਰਕਾਰ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।
ਰਿਹਾਈ ਮਗਰੋ ਸਿਧਾਣਾ ਅਤੇ ਸ਼ੇਰੋਂ ਕੀ ਬੋਲੇ
ਰਿਹਾਈ ਮਗਰੋਂ ਮੋਹਨਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਕਜੁੱਟਤਾ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ ਅਤੇ ਨੌਜਵਾਨਾਂ ਦੀ ਰਿਹਾਈ ਲੋਕਾਂ ਦੇ ਸਾਂਝੇ ਸੰਘਰਸ਼ ਦੀ ਜਿੱਤ ਹੈ।
ਉਨ੍ਹਾਂ ਕਿਹਾ, "ਪਰਚਿਆਂ ਅਤੇ ਜੇਲ੍ਹਾਂ ਰਾਹੀਂ ਪੰਜਾਬ ਦੀ ਸੰਘਰਸ਼ਸ਼ੀਲ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ।"
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਮਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੂੰ ਰੋਲਣ ਅਤੇ ਉਸ ਦੇ ਪਰਿਵਾਰ ਦੇ ਕਿਰਦਾਰ 'ਤੇ ਸਵਾਲ ਚੁੱਕਣ ਤੋਂ ਗੁਰੇਜ਼ ਕੀਤਾ ਜਾਵੇ।
ਪਰਿਵੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਦੇ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ, "ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਸਰਕਾਰ ਜਬਰ ਨਾਲ ਲੋਕਾਂ ਦੀ ਆਵਾਜ਼ ਬੰਦ ਨਹੀਂ ਕਰ ਸਕਦੀ। ਪੰਜਾਬ ਦੇ ਹੱਕਾਂ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ ਅਤੇ ਪਰਮਿੰਦਰ ਸਿੰਘ ਝੋਟੇ ਦੀ ਸੋਚ ਨੂੰ ਜਿਉਂਦਾ ਰੱਖਿਆ ਜਾਵੇਗਾ।"
ਸਮਾਜਿਕ ਕਾਰਕੁਨ ਲੱਖਾ ਸਿੰਘ ਸਿਧਾਣਾ ਨੇ ਕਿਹਾ, "ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦੇਵੇ ਕਿ ਉਹ ਪੰਜਾਬ ਨੂੰ ਦਬਾ ਲਵੇਗੀ। ਇਹ ਬਹੁਤ ਵੱਡੀ ਗ਼ਲਤਫ਼ਹਿਮੀ ਹੈ। ਪੰਜਾਬ ਦੇ ਰਾਹ ਵਿੱਚ ਤੁਹਾਨੂੰ ਬਹਾਦਰ ਲੋਕ ਮਿਲਣਗੇ। ਤੁਸੀਂ ਕਿੰਨੇ ਕੁ ਪਰਚੇ ਦਰਜ ਕਰੋਗੇ ਅਤੇ ਕਿੰਨੇ ਕੁ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰੋਗੇ? ਪੰਜਾਬ ਵਿੱਚੋਂ ਇਹ ਸੋਚ ਖ਼ਤਮ ਨਹੀਂ ਹੋਣੀ। ਇਹ ਸੋਚ ਲਗਾਤਾਰ ਵਧਦੀ ਰਹੇਗੀ।"
ਐਕਸ਼ਨ ਕਮੇਟੀ ਅਤੇ ਸਰਕਾਰ ਨੇ ਕੀ ਕਿਹਾ
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਕਰੀਬ ਪੰਜ ਘੰਟੇ ਮੀਟਿੰਗ ਚੱਲੀ।
ਸਮਝੌਤੇ ਮਗਰੋਂ ਐਕਸ਼ਨ ਕਮੇਟੀ ਦੇ ਮੈਂਬਰ ਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ 'ਸਾਨੂੰ ਉਮੀਦ ਹੈ ਜਿਹੜੇ ਐਲਾਨ ਹੋਏ ਹਨ, ਉਹ ਛੇਤੀ ਪੂਰੇ ਕੀਤੇ ਜਾਣਗੇ। ਸਾਡੇ ਦੋ ਸਾਥੀ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ, ਉਨ੍ਹਾਂ ਦੇ ਪਰਚੇ ਰੱਦ ਕਰਨ ਲਈ 5 ਨਵੰਬਰ ਨੂੰ ਇਹ ਮੂਵ ਕਰਨਗੇ। ਉਨ੍ਹਾਂ ਦੀ ਰਿਹੈ ਤੱਕ ਇਹ ਧਰਨਾ ਸ਼ਾਂਤਮਈ ਢੰਗ ਨਾਲ ਚੱਲੇਗਾ। ਉਨ੍ਹਾਂ ਦੀ ਰਿਹਾਈ ਹੁੰਦੇ ਹੀ (ਪਰਵਿੰਦਰ ਸਿੰਘ ਝੋਟੇ) ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦੇਵਾਂਗੇ।''
ਇਸ ਦੌਰਾਨ ਮੌਕੇ 'ਤੇ ਮੌਜੂਦ ਤੇ ਸਰਕਾਰੀ ਪੱਖ ਵੱਲੋਂ ਮੀਂਟਿੰਗ 'ਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ''ਇੱਕ ਬਾਪ ਦਾ ਜਵਾਨ ਪੁੱਤ ਗਿਆ ਹੈ, ਆਪਾਂ ਜਿੰਨਾਂ ਜ਼ਿਆਦਾ ਇਸਨੂੰ ਕੁਰੇਦਾਂਗੇ, ਓਨਾ ਜ਼ਿਆਦਾ ਉਨ੍ਹਾਂ ਦਾ ਦੁੱਖ ਵਧੇਗਾ। ਇੰਨਾ ਵੱਡਾ ਮੋਰਚਾ ਸੀ, ਸਰਕਾਰ ਖੁਦ ਤੁਹਾਡੇ ਕੋਲ ਆਕੇ ਹਾਜ਼ਿਰ ਹੈ।''
ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਰਿਹਾਈ, ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ।
ਉਧਰ ਇਸ ਮੀਟਿੰਗ ਵਿੱਚ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰ ਨੂੰ ਵੀ ਮੁਆਵਜ਼ੇ ਅਤੇ ਨੌਕਰੀ ਦਾ ਭਰੋਸਾ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਕਿਹਾ, ''ਇਹ ਦੋਵੇਂ ਮੰਤਰੀ ਸੱਚੇ ਹਨ, ਇਨ੍ਹਾਂ ਨੇ ਕਹਿ ਦਿੱਤਾ ਕਿ ਸਾਡੇ ਕੋਲੋਂ ਨਸ਼ਾ ਬੰਦ ਨਹੀਂ ਹੋਇਆ। ਮੈਨੂੰ ਇਨ੍ਹਾਂ ਦੋ ਮੰਤਰੀਆਂ 'ਤੇ ਉਮੀਦ ਸੀ ਅਤੇ ਇਹ ਆਏ।''
13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਰਵਿੰਦਰ ਸਿੰਘ ਦੇ ਪਿਤਾ ਨੇ ਕੀ ਕਿਹਾ
4 ਨਵੰਬਰ ਦੇ ਘਟਨਾਕ੍ਰਮ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪਰਿਵਾਰ ਨੇ ਕੋਈ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ''ਇਹ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਹੋਈ ਐਕਸ਼ਨ ਕਮੇਟੀ ਹੈ। ਕਾਫੀ ਸਾਥੀ ਨੇ ਪੁਰਾਣੇ, ਘੁਲਾਟੀਏ ਨੇ ਉਹ। ਜੋ ਵੀ ਲੰਮੇ-ਚੌੜੇ ਵਿਚਾਰ ਕਰਕੇ ਫੈਸਲਾ ਲਿਆ ਹੈ, ਇਹ ਫੈਸਲਾ ਐਕਸ਼ਨ ਕਮੇਟੀ ਦਾ ਹੈ।''
ਸੀਐੱਮ ਹਾਊਸ ਦਾ ਘੇਰਾਓ ਰੱਦ ਹੋਣ ਮਗਰੋਂ ਕੀ ਬੋਲੇ ਅੰਮ੍ਰਿਤਪਾਲ ਸਿੰਘ ਦੇ ਪਿਤਾ
ਮੋਰਚੇ ਅਤੇ ਸਰਕਾਰ ਵਿਚਕਾਰ ਸਹਿਮਤੀ ਬਣਨ ਤੋਂ ਪਹਿਲਾਂ ਝੋਟਾ ਕਤਲ ਕੇਸ ਅਤੇ ਹੋਰ ਮਾਮਲਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਸਹਿਮਤੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ।
ਇਸ ਬਾਰੇ ਗੱਲ ਕਰਦਿਆਂ 'ਵਾਰਿਸ ਪੰਜਾਬ ਦੇ' ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ''ਇਸ ਘਿਰਾਓ ਲਈ ਕੁਝ ਸੰਗਤਾਂ ਪਹਿਲਾਂ ਹੀ ਇੱਥੇ ਪਹੁੰਚ ਚੁੱਕੀਆਂ ਸਨ ਅਤੇ ਕੁਝ ਘਰਾਂ ਤੋਂ ਨਿੱਕਲ ਚੁੱਕੇ ਸਨ। ਅਸੀਂ ਜਿੰਨਾ ਹੋ ਸਕੇ ਸਭ ਨੂੰ ਵਾਪਸ ਜਾਣ ਦੀ ਬੇਨਤੀ ਕਰ ਦਿੱਤੀ ਸੀ ਅਤੇ ਜੋ ਪਹੁੰਚ ਚੁੱਕੇ ਹਨ ਉਨ੍ਹਾਂ ਦੇ ਵੀ ਧੰਨਵਾਦੀ ਹਾਂ।''
ਉਨ੍ਹਾਂ ਕਿਹਾ, ''ਅਜੇ ਵੀ ਸਾਡੀ ਲੜਾਈ ਖਤਮ ਨਹੀਂ ਹੋਈ ਕਿਉਂਕਿ ਜਿਹੜੀਆਂ ਮੰਗਾਂ ਸਨ, ਉਨ੍ਹਾਂ 'ਤੇ ਪੂਰਾ ਗੌਰ ਨਹੀਂ ਕੀਤਾ ਜਾ ਰਿਹਾ। ਫਿਰ ਵੀ ਅਸੀਂ ਐਕਸ਼ਨ ਕੇਮਟੀ ਅਤੇ ਉਨ੍ਹਾਂ (ਪਰਵਿੰਦਰ ਸਿੰਘ) ਦੇ ਪਰਿਵਾਰ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ। ਅਤੇ ਚਾਹੁੰਦੇ ਹਾਂ ਕਿ ਜਿਹੜੇ ਨੌਜਵਾਨ ਅੰਦਰ ਹਨ, ਉਨ੍ਹਾਂ ਦੀ ਬਿਨਾਂ ਸ਼ਰਤ ਰਿਹੈ ਹੋਵੇ। ਸਾਡੀ ਐਕਸ਼ਨ ਕਮੇਟੀ ਅਤੇ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਜਿੰਨਾ ਚਿਰ ਰਿਹਾਈ ਨਹੀਂ ਹੁੰਦੀ, ਓਨਾ ਚਿਰ ਅਗਲੀ ਕਾਰਵਾਈ ਨਾ ਕੀਤੀ ਜਾਵੇ।''
ਦਲਜੀਤ ਦਾ ਹੋਇਆ ਸਸਕਾਰ
ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਦੀ ਰਿਪੋਰਟ ਮੁਤਾਬਕ, ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦਾ ਸਖ਼ਤ ਸੁਰੱਖਿਆ ਹੇਠ 5 ਨਵੰਬਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪਹਿਲਾਂ ਚੰਡੀਗੜ੍ਹ ਵਿੱਚ ਅੰਤਿਮ ਸੰਸਕਾਰ ਕਰਨ ਦੀ ਗੱਲ ਸੀ, ਪਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਰਿਵਾਰ ਉੱਥੇ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਗਈ ਸੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਈਕੋਰਟ ਵਿੱਚ ਰਿੱਟ ਪਾਈ ਸੀ, ਉਹ ਇਸ ਸਮੇਂ ਉੱਥੇ ਮੌਜੂਦ ਨਹੀਂ ਹਨ। ਪਰਿਵਾਰ ਵੱਲੋਂ ਸਿਰਫ਼ ਇਹ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਦਲਜੀਤ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਸੀਬੀਆਈ ਜਾਂਚ ਕਰਵਾਉਣ, ਪੀਜੀਆਈ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਪਰਿਵਾਰ 27 ਅਕਤੂਬਰ ਨੂੰ ਰੋਸ ਵਜੋਂ ਮ੍ਰਿਤਕ ਦੇਹ ਨੂੰ ਮਾਨਸਾ ਵਿੱਚ ਚੱਲ ਰਹੇ ਧਰਨੇ 'ਤੇ ਲੈ ਕੇ ਜਾ ਰਿਹਾ ਸੀ।
ਇਸੇ ਦੌਰਾਨ ਪੁਲਿਸ ਨੇ ਰਾਮਦਿੱਤੇਵਾਲਾ ਚੌਕ ਵਿਖੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰਿਵਾਰ ਨੇ ਪੁਲਿਸ 'ਤੇ ਬਿਨਾਂ ਸਹਿਮਤੀ ਅਤੇ ਜਾਣਕਾਰੀ ਦਿੱਤੇ ਪੋਸਟਮਾਰਟਮ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ। ਜਦੋਂਕਿ ਪੁਲਿਸ ਨੇ ਕਿਹਾ ਸੀ ਕਿ ਸਭ ਕਾਨੂੰਨ ਮੁਤਾਬਕ ਕੀਤਾ ਗਿਆ ਹੈ।
ਪਿੰਡ ਭੰਮੇ ਕਲਾਂ 'ਚ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤੈਨਾਤ ਕੀਤੀ ਗਈ ਸੀ
ਦਲਜੀਤ ਦੇ ਸਸਕਾਰ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ, ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਪਿੰਡ ਭੰਮੇ ਕਲਾਂ ਵਿਖੇ ਭਾਰੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਪਹੁੰਚ ਹੁੱਕੇ ਹਨ। ਇਹ ਸਾਰੇ ਇੰਤਜ਼ਾਮ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ