ਅਮਰੀਕਾ ਦੇ ਜਾਰਜੀਆ ਤੋਂ ਜਿੱਤੇ ਜੋਤ ਸਿੰਘ, ‘ਮੈਂ ਚਾਹੁੰਦਾ, ਨੌਜਵਾਨ ਸਿੱਖ ਸਮਝਣ ਕਿ ਆਪਣੀ ਪਛਾਣ 'ਤੇ ਮਾਣ ਕਰਕੇ ਵੀ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਦੇ'

ਜੋਤ ਸਿੰਘ
ਤਸਵੀਰ ਕੈਪਸ਼ਨ, ਜੋਤ ਸਿੰਘ ਅਮਰੀਕਾ ਦੇ ਜਾਰਜੀਆ ਸੂਬੇ ਦੀ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਬਣੇ ਹਨ
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਦੇ ਜਾਰਜੀਆ ਸੂਬੇ ਦੀਆਂ ਹਾਲੀਆ ਚੋਣਾਂ ਵਿੱਚ ਜੋਤ ਸਿੰਘ ਦਾ ਨਾਮ ਖ਼ਾਸ ਚਰਚਾ ਵਿੱਚ ਰਿਹਾ। ਉਹ ਜਾਰਜੀਆ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਬਣੇ ਹਨ।

ਇਸ ਜਿੱਤ ਨੂੰ ਸਿਰਫ਼ ਇੱਕ ਚੋਣ ਨਤੀਜੇ ਵਜੋਂ ਨਹੀਂ, ਸਗੋਂ ਅਮਰੀਕਾ ਵਿੱਚ ਵਧ ਰਹੀ ਦੱਖਣੀ ਏਸ਼ੀਆਈ ਨੁਮਾਇੰਦਗੀ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ।

ਜੋਤ ਸਿੰਘ ਨੇ ਜਾਰਜੀਆ ਵਿਧਾਨ ਸਭਾ ਦੀ ਡਿਸਟ੍ਰਿਕਟ 97 ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ਵਿੱਚ ਗਵਿਨੇਟ ਕਾਊਂਟੀ ਦੇ ਨਾਰਕਰਾਸ, ਡੁਲੂਥ, ਪੀਚਟ੍ਰੀ ਕਾਰਨਰਜ਼ ਅਤੇ ਬਰਕਲੇ ਲੇਕ ਵਰਗੇ ਇਲਾਕੇ ਸ਼ਾਮਲ ਹਨ।

ਉਨ੍ਹਾਂ ਦਾ ਪਾਲਣ-ਪੋਸ਼ਣ ਜਾਰਜੀਆ ਦੇ ਨਾਰਕਰਾਸ ਸ਼ਹਿਰ ਵਿੱਚ ਹੋਇਆ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਬਜ਼ੁਰਗ ਭਾਰਤ ਆ ਵਸੇ।

ਉਨ੍ਹਾਂ ਦੇ ਪਿਤਾ ਦਾ ਪਰਿਵਾਰ ਦਿੱਲੀ ਅਤੇ ਮਾਤਾ ਦਾ ਪਰਿਵਾਰ ਮੁੰਬਈ ਤੋਂ ਹੈ ਅਤੇ ਪਰਿਵਾਰ ਹਰ ਸਾਲ ਪੰਜਾਬ ਵੀ ਆਉਂਦਾ ਰਿਹਾ ਹੈ।

ਜੋਤ ਸਿੰਘ
ਤਸਵੀਰ ਕੈਪਸ਼ਨ, ਜੋਤ ਸਿੰਘ ਨੇ ਜਾਰਜੀਆ ਵਿਧਾਨ ਸਭਾ ਦੇ ਡਿਸਟ੍ਰਿਕਟ 97 ਤੋਂ ਚੋਣ ਜਿੱਤੀ ਹੈ

ਕਈ ਦਹਾਕੇ ਪਹਿਲਾਂ ਉਨ੍ਹਾਂ ਦੇ ਮਾਪੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਅਮਰੀਕਾ ਗਏ ਸਨ। ਜੋਤ ਨੇ ਗਵਿਨੇਟ ਕਾਊਂਟੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਯੇਲ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ।

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਮਾਜਿਕ ਕੰਮ, ਨਾਗਰਿਕ ਅਧਿਕਾਰਾਂ ਨਾਲ ਸਬੰਧਤ ਸਰਗਰਮੀਆਂ ਅਤੇ ਡੈਮੋਕ੍ਰੈਟਿਕ ਚੋਣ ਮੁਹਿੰਮਾਂ ਨਾਲ ਜੁੜੇ ਰਹੇ।

ਉਹ ਅਕਸਰ ਕਹਿੰਦੇ ਹਨ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ, ਖ਼ਾਸ ਕਰਕੇ "ਸੇਵਾ" ਅਤੇ "ਸਰਬੱਤ ਦਾ ਭਲਾ", ਉਨ੍ਹਾਂ ਦੇ ਜਨਤਕ ਜੀਵਨ ਦੀ ਨੀਂਹ ਹਨ।

ਉਨ੍ਹਾਂ ਦੀ ਚੋਣ ਮੁਹਿੰਮ ਦਾ ਕੇਂਦਰ ਮਹਿੰਗੀ ਹੋ ਰਹੀ ਰਿਹਾਇਸ਼, ਸਿਹਤ ਸੇਵਾਵਾਂ, ਸਰਕਾਰੀ ਸਕੂਲਾਂ, ਛੋਟੇ ਕਾਰੋਬਾਰਾਂ ਅਤੇ ਪਰਵਾਸੀ ਭਾਈਚਾਰਿਆਂ ਦੇ ਮੁੱਦੇ ਰਹੇ।

ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਦੌਰਾਨ ਜੋਤ ਸਿੰਘ ਨੇ ਆਪਣੀ ਜਿੱਤ, ਸਿੱਖ ਪਛਾਣ, ਪਰਵਾਸੀ ਪਰਿਵਾਰ ਦੇ ਤਜਰਬਿਆਂ ਅਤੇ ਆਪਣੇ ਸਿਆਸੀ ਟੀਚਿਆਂ ਬਾਰੇ ਗੱਲ ਕੀਤੀ ਜਿਸ ਨੂੰ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

ਜੋਤ ਸਿੰਘ
ਤਸਵੀਰ ਕੈਪਸ਼ਨ, ਜੋਤ ਸਿੰਘ ਨੇ ਗਵਿਨੇਟ ਕਾਊਂਟੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕੀਤੀ ਅਤੇ ਯੇਲ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ

ਸਵਾਲ: ਤੁਹਾਡੀ ਚੋਣ ਮੁਹਿੰਮ ਦੇ ਪਿੱਛੇ ਸਭ ਤੋਂ ਵੱਡੇ ਮੁੱਦੇ ਕੀ ਸਨ? ਦਫ਼ਤਰ ਸੰਭਾਲਣ ਤੋਂ ਬਾਅਦ ਤੁਹਾਡੀਆਂ ਤਰਜੀਹਾਂ ਕੀ ਹੋਣਗੀਆਂ?

ਜੋਤ ਸਿੰਘ: ਘਰਾਂ ਦੀਆਂ ਵਧਦੀਆਂ ਕੀਮਤਾਂ, ਪ੍ਰਾਪਰਟੀ ਟੈਕਸ, ਚੰਗੀਆਂ ਸਿਹਤ ਸੇਵਾਵਾਂ ਅਤੇ ਬੱਚਿਆਂ ਲਈ ਵਧੀਆ ਸਰਕਾਰੀ ਸਕੂਲ ਲੋਕਾਂ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਹਨ।

ਮੇਰਾ ਪਰਿਵਾਰ ਕਈ ਸਾਲ ਬੇਸਮੈਂਟ ਅਪਾਰਟਮੈਂਟਾਂ ਅਤੇ ਛੋਟੇ ਘਰਾਂ ਵਿੱਚ ਰਿਹਾ ਹੈ। ਮੈਂ ਜਾਣਦਾ ਹਾਂ ਕਿ ਸਿਹਤ ਬੀਮੇ ਅਤੇ ਘਰ ਦੇ ਖਰਚਿਆਂ ਦੀ ਚਿੰਤਾ ਕੀ ਹੁੰਦੀ ਹੈ।

ਜਦੋਂ ਮੈਂ ਅਹੁਦਾ ਸੰਭਾਲਾਂਗਾ ਤਾਂ ਮੇਰੀ ਕੋਸ਼ਿਸ਼ ਹੋਵੇਗੀ ਕਿ ਗਵਿਨੇਟ ਵਿੱਚ ਰਹਿਣਾ ਲੋਕਾਂ ਲਈ ਹੋਰ ਕਿਫਾਇਤੀ ਬਣੇ।

ਮੈਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ, ਮਾਨਸਿਕ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗਾ। ਮੇਰੀ ਕੋਸ਼ਿਸ਼ ਇਹ ਵੀ ਹੋਵੇਗੀ ਕਿ ਸਰਕਾਰ ਆਮ ਕੰਮਕਾਜੀ ਪਰਿਵਾਰਾਂ ਲਈ ਵੱਧ ਚੰਗੇ ਤਰੀਕੇ ਨਾਲ ਕੰਮ ਕਰੇ।

ਸਵਾਲ: ਇੱਕ ਸਿੱਖ ਅਤੇ ਭਾਰਤੀ-ਅਮਰੀਕੀ ਉਮੀਦਵਾਰ ਵਜੋਂ ਇਹ ਜਿੱਤ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਜੋਤ ਸਿੰਘ: ਇਹ ਜਿੱਤ ਮੇਰੇ ਲਈ ਬਹੁਤ ਖ਼ਾਸ ਹੈ। ਮੇਰੇ ਮਾਤਾ-ਪਿਤਾ ਬਹੁਤ ਮਿਹਨਤ ਅਤੇ ਕੁਰਬਾਨੀਆਂ ਕੀਤੀਆਂ ਤਾਂ ਜੋ ਮੈਨੂੰ ਅਤੇ ਮੇਰੀ ਭੈਣ ਨੂੰ ਉਹ ਮੌਕੇ ਮਿਲ ਸਕਣ ਜੋ ਉਨ੍ਹਾਂ ਨੂੰ ਨਹੀਂ ਮਿਲੇ।

ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਸਾਡੇ ਪਿਛੋਕੜ ਵਾਲੇ ਲੋਕ ਸਿਆਸਤ ਜਾਂ ਚੁਣੇ ਹੋਏ ਅਹੁਦਿਆਂ 'ਤੇ ਬਹੁਤ ਘੱਟ ਨਜ਼ਰ ਆਉਂਦੇ ਸਨ। ਇਸ ਲਈ ਮੇਰੇ ਲਈ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਭਾਈਚਾਰੇ ਦੀ ਆਵਾਜ਼ ਵੀ ਉਨ੍ਹਾਂ ਥਾਵਾਂ ਤੱਕ ਪਹੁੰਚ ਸਕਦੀ ਹੈ ਜਿੱਥੇ ਅਹਿਮ ਫ਼ੈਸਲੇ ਲਏ ਜਾਂਦੇ ਹਨ।

ਸਿੱਖ ਧਰਮ 'ਸੇਵਾ' ਅਤੇ 'ਸਰਬੱਤ ਦਾ ਭਲਾ' ਦੀ ਸਿੱਖਿਆ ਦਿੰਦਾ ਹੈ। ਇਹ ਸਿਰਫ਼ ਸ਼ਬਦ ਨਹੀਂ ਹਨ, ਸਗੋਂ ਮੇਰੀ ਸੋਚ ਅਤੇ ਕੰਮ ਕਰਨ ਦਾ ਤਰੀਕਾ ਹਨ।

ਮੈਂ ਚਾਹੁੰਦਾ ਹਾਂ ਕਿ ਨੌਜਵਾਨ ਸਿੱਖ ਅਤੇ ਦੱਖਣੀ ਏਸ਼ੀਆਈ ਬੱਚੇ ਇਹ ਮਹਿਸੂਸ ਕਰਨ ਕਿ ਉਹ ਆਪਣੀ ਪਛਾਣ ਅਤੇ ਵਿਰਾਸਤ 'ਤੇ ਮਾਣ ਕਰਦਿਆਂ ਵੀ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਦੇ ਹਨ।

ਨਾਲ ਹੀ, ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਡਿਸਟ੍ਰਿਕਟ 97 ਦੇ ਹਰ ਵੋਟਰ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ ਅਤੇ ਮੈਂ ਸਭ ਲੋਕਾਂ ਲਈ ਕੰਮ ਕਰਾਂਗਾ।

ਜੋਤ ਸਿੰਘ
ਤਸਵੀਰ ਕੈਪਸ਼ਨ, ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਮਾਜਿਕ ਕੰਮਾਂ, ਨਾਗਰਿਕ ਅਧਿਕਾਰਾਂ ਅਤੇ ਡੈਮੋਕ੍ਰੈਟਿਕ ਚੋਣ ਮੁਹਿੰਮਾਂ ਨਾਲ ਜੁੜੇ ਰਹੇ

ਸਵਾਲ: ਤੁਹਾਡੇ ਮਾਪੇ ਪਰਵਾਸੀ ਸਨ। ਉਨ੍ਹਾਂ ਦੇ ਸੰਘਰਸ਼ ਅਤੇ ਤਜਰਬਿਆਂ ਨੇ ਤੁਹਾਡੀ ਸੋਚ ਅਤੇ ਸਮਾਜਸੇਵਾ ਦੇ ਰਾਹ ਨੂੰ ਕਿਵੇਂ ਪ੍ਰਭਾਵਿਤ ਕੀਤਾ?

ਜੋਤ ਸਿੰਘ: ਮੇਰੇ ਮਾਪੇ ਇੱਕ ਚੰਗੇ ਭਵਿੱਖ ਦੀ ਉਮੀਦ ਨਾਲ ਅਮਰੀਕਾ ਆਏ ਸਨ। ਮੈਂ ਉਨ੍ਹਾਂ ਨੂੰ ਸਾਲਾਂ ਤੱਕ ਸਖ਼ਤ ਮਿਹਨਤ ਕਰਦੇ ਦੇਖਿਆ ਹੈ।

ਇਸ ਤਜਰਬੇ ਨੇ ਮੈਨੂੰ ਸਿਖਾਇਆ ਕਿ ਮੌਕੇ ਕਿੰਨੇ ਮਹੱਤਵਪੂਰਨ ਹੁੰਦੇ ਹਨ। ਮੈਨੂੰ ਚੰਗੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਅਤੇ ਇਸ ਨਾਲ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ।

ਪਰ ਮੈਂ ਇਹ ਵੀ ਦੇਖਿਆ ਕਿ ਜਦੋਂ ਘਰਾਂ ਦਾ ਖਰਚਾ ਵੱਧ ਜਾਂਦਾ ਹੈ ਜਾਂ ਸਿਹਤ ਸੇਵਾਵਾਂ ਮਹਿੰਗੀਆਂ ਹੋ ਜਾਂਦੀਆਂ ਹਨ ਤਾਂ ਪਰਿਵਾਰਾਂ ਲਈ ਕਿੰਨੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ।

ਇਸੇ ਲਈ ਮੈਂ ਲੋਕਾਂ ਨਾਲ ਜੁੜਿਆ ਅਤੇ ਕਮਿਊਨਿਟੀ ਲਈ ਕੰਮ ਕਰਨਾ ਸ਼ੁਰੂ ਕੀਤਾ।

ਮੇਰੇ ਲਈ ਸਮਾਜਸੇਵਾ ਦਾ ਮਤਲਬ ਹੈ ਉਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਜਿਨ੍ਹਾਂ ਦੀ ਨੁਮਾਇੰਦਗੀ ਤੁਸੀਂ ਕਰਦੇ ਹੋ।

ਸਵਾਲ: ਜਾਰਜੀਆ ਵਿੱਚ ਰਹਿੰਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਕੀ ਹਨ?

ਜੋਤ ਸਿੰਘ: ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਜਿਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਹਨ, ਉਹ ਜ਼ਿਆਦਾਤਰ ਹੋਰ ਪਰਿਵਾਰਾਂ ਵਰਗੇ ਹੀ ਹਨ।

ਵਧਦੀ ਮਹਿੰਗਾਈ, ਛੋਟੇ ਕਾਰੋਬਾਰ ਚਲਾਉਣ ਦੀਆਂ ਮੁਸ਼ਕਲਾਂ, ਬੱਚਿਆਂ ਲਈ ਚੰਗੀ ਪੜ੍ਹਾਈ ਅਤੇ ਆਪਣੇ ਇਲਾਕੇ ਵਿੱਚ ਸੁਰੱਖਿਆ ਮੁੱਖ ਚਿੰਤਾਵਾਂ ਹਨ।

ਇਸ ਦੇ ਨਾਲ ਕਈ ਪਰਵਾਸੀ ਪਰਿਵਾਰ ਇਮੀਗ੍ਰੇਸ਼ਨ ਨਾਲ ਜੁੜੀਆਂ ਨੀਤੀਆਂ ਨੂੰ ਲੈ ਕੇ ਵੀ ਚਿੰਤਤ ਹਨ।

ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਲੋਕਾਂ ਦੀ ਗੱਲ ਸੁਣਾਂ ਅਤੇ ਉਨ੍ਹਾਂ ਲਈ ਅਜਿਹੇ ਹੱਲ ਲੱਭਾਂ ਜੋ ਜ਼ਿੰਦਗੀ ਨੂੰ ਬਿਹਤਰ ਬਣਾਉਣ। ਇਸ ਵਿੱਚ ਕਿਫਾਇਤੀ ਘਰ, ਬਿਹਤਰ ਸਿੱਖਿਆ ਅਤੇ ਸਿਹਤ ਸੇਵਾਵਾਂ ਅਤੇ ਪਰਵਾਸੀ ਪਰਿਵਾਰਾਂ ਨਾਲ ਸਨਮਾਨ ਭਰਿਆ ਵਿਵਹਾਰ ਸ਼ਾਮਲ ਹੈ।

ਗਵਿਨੇਟ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ ਅਤੇ ਮੇਰੇ ਖ਼ਿਆਲ ਵਿੱਚ ਸਰਕਾਰ ਦੀਆਂ ਨੀਤੀਆਂ ਵਿੱਚ ਵੀ ਇਹ ਗੱਲ ਨਜ਼ਰ ਆਉਣੀ ਚਾਹੀਦੀ ਹੈ।

ਜੋਤ ਸਿੰਘ

ਸਵਾਲ: ਅਮਰੀਕਾ ਦੀਆਂ ਮੌਜੂਦਾ ਇਮੀਗ੍ਰੇਸ਼ਨ ਨੀਤੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ?

ਜੋਤ ਸਿੰਘ:ਮੇਰਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਨਾਲ ਜੁੜੇ ਨਿਯਮ ਸਪੱਸ਼ਟ, ਨਿਰਪੱਖ ਅਤੇ ਇੱਜ਼ਤ ਨਾਲ ਪੇਸ਼ ਆਉਣ ਵਾਲੇ ਹੋਣੇ ਚਾਹੀਦੇ ਹਨ।

ਵਿਦੇਸ਼ੀ ਵਿਦਿਆਰਥੀ ਇੱਥੇ ਪੜ੍ਹਨ ਅਤੇ ਅੱਗੇ ਵਧਣ ਲਈ ਆਉਂਦੇ ਹਨ। ਹੁਨਰਮੰਦ ਲੋਕ ਅਰਥਵਿਵਸਥਾ ਅਤੇ ਨਵੇਂ ਕੰਮਾਂ ਵਿੱਚ ਯੋਗਦਾਨ ਪਾਉਂਦੇ ਹਨ। ਪਰਵਾਸੀ ਪਰਿਵਾਰ ਕਾਰੋਬਾਰ ਖੜ੍ਹੇ ਕਰਦੇ ਹਨ ਅਤੇ ਆਪਣੇ ਭਾਈਚਾਰੇ ਦਾ ਹਿੱਸਾ ਬਣਦੇ ਹਨ।

ਮੇਰੇ ਖਿਆਲ ਵਿੱਚ ਅਜਿਹੀਆਂ ਨੀਤੀਆਂ ਠੀਕ ਨਹੀਂ ਹਨ ਜੋ ਲੋਕਾਂ ਵਿੱਚ ਡਰ ਜਾਂ ਚਿੰਤਾ ਪੈਦਾ ਕਰਨ। ਇਸ ਨਾਲ ਪਰਿਵਾਰਾਂ ਅਤੇ ਸਮਾਜ ਦੋਵਾਂ ਨੂੰ ਨੁਕਸਾਨ ਹੁੰਦਾ ਹੈ।

ਸਾਨੂੰ ਅਜਿਹੀ ਪ੍ਰਣਾਲੀ ਦੀ ਲੋੜ ਹੈ ਜਿਸ ਵਿੱਚ ਨਿਯਮ ਸਾਫ਼ ਹੋਣ ਅਤੇ ਲੋਕਾਂ ਦੇ ਯੋਗਦਾਨ ਦੀ ਕਦਰ ਕੀਤੀ ਜਾਵੇ।

ਭਾਵੇਂ ਇਮੀਗ੍ਰੇਸ਼ਨ ਕਾਨੂੰਨ ਬਣਾਉਣਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸੂਬਾਈ ਆਗੂ ਵੀ ਆਪਣੀ ਆਵਾਜ਼ ਉਠਾ ਸਕਦੇ ਹਨ। ਜਾਰਜੀਆ ਵਿੱਚ ਮੇਰੀ ਕੋਸ਼ਿਸ਼ ਹੋਵੇਗੀ ਕਿ ਪਰਵਾਸੀ ਪਰਿਵਾਰਾਂ ਨੂੰ ਸਿੱਖਿਆ, ਸੇਵਾਵਾਂ ਅਤੇ ਮੌਕਿਆਂ ਤੱਕ ਬਰਾਬਰ ਪਹੁੰਚ ਮਿਲੇ ਅਤੇ ਉਨ੍ਹਾਂ ਨਾਲ ਬਾਹਰਲਿਆਂ ਵਾਂਗ ਵਿਵਹਾਰ ਨਾ ਕੀਤਾ ਜਾਵੇ।

ਸਵਾਲ: ਅਮਰੀਕਾ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਅਤੇ ਨੌਜਵਾਨਾਂ ਲਈ ਤੁਹਾਡਾ ਕੀ ਸੁਨੇਹਾ ਹੈ?

ਜੋਤ ਸਿੰਘ: ਮੈਂ ਉਨ੍ਹਾਂ ਪੰਜਾਬੀ ਅਤੇ ਭਾਰਤੀ ਪਰਿਵਾਰਾਂ ਦੀ ਮਿਹਨਤ ਨੂੰ ਸਲਾਮ ਕਰਦਾ ਹਾਂ ਜੋ ਦੁਕਾਨਾਂ, ਰੈਸਟੋਰੈਂਟਾਂ ਅਤੇ ਹੋਰ ਛੋਟੇ ਕਾਰੋਬਾਰ ਚਲਾਉਂਦੇ ਹਨ। ਉਹ ਆਪਣੇ ਪਰਿਵਾਰਾਂ ਦੇ ਨਾਲ-ਨਾਲ ਹੋਰ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ।

ਨੌਜਵਾਨਾਂ ਲਈ ਮੇਰਾ ਸੁਨੇਹਾ ਹੈ ਕਿ ਉਹ ਅੱਗੇ ਵਧਣ ਲਈ ਕਿਸੇ ਹੋਰ ਦੀ ਉਡੀਕ ਨਾ ਕਰਨ। ਆਪਣੇ ਇਲਾਕੇ ਵਿੱਚ ਕੰਮ ਕਰੋ, ਲੋਕਾਂ ਦੀ ਮਦਦ ਕਰੋ, ਸਵਾਲ ਪੁੱਛੋ ਅਤੇ ਨਵੇਂ ਤਜਰਬਿਆਂ ਤੋਂ ਸਿੱਖੋ।

ਮੈਂ ਵੀ ਯੇਲ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਕਮਿਊਨਿਟੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਤਜਰਬੇ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੇਰਾ ਮੰਨਣਾ ਹੈ ਕਿ ਤੁਹਾਡਾ ਪਿਛੋਕੜ ਤੁਹਾਡੀ ਤਾਕਤ ਹੈ ਅਤੇ ਹਰ ਕਿਸੇ ਲਈ ਅੱਗੇ ਵਧਣ ਦੇ ਮੌਕੇ ਹਨ।

ਜੋਤ ਸਿੰਘ
ਤਸਵੀਰ ਕੈਪਸ਼ਨ, ਉਨ੍ਹਾਂ ਦੀ ਸੋਚ ਅਤੇ ਜਨਤਕ ਜੀਵਨ ਦੀ ਨੀਂਹ ਸਿੱਖ ਧਰਮ ਦੀਆਂ ਸਿੱਖਿਆਵਾਂ 'ਸੇਵਾ' ਅਤੇ 'ਸਰਬੱਤ ਦਾ ਭਲਾ' ਹਨ

ਸਵਾਲ: ਕੀ ਤੁਹਾਡਾ ਪੰਜਾਬ ਨਾਲ ਨਾਤਾ ਹੈ ਅਤੇ ਤੁਸੀਂ ਪੰਜਾਬ ਆਉਂਦੇ ਰਹੇ ਹੋ ?

ਜੋਤ ਸਿੰਘ: ਮੇਰਾ ਪਰਿਵਾਰਕ ਨਾਤਾ ਪੰਜਾਬ ਨਾਲ ਜੁੜਿਆ ਹੋਇਆ ਹੈ ਅਤੇ ਮੈਂ ਲਗਭਗ ਹਰ ਸਾਲ ਭਾਰਤ ਅਤੇ ਪੰਜਾਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦਾ ਰਿਹਾ ਹਾਂ।

ਦੇਸ਼ ਦੀ ਵੰਡ ਤੋਂ ਪਹਿਲਾਂ ਸਾਡੇ ਬਜ਼ੁਰਗ ਉਸ ਇਲਾਕੇ ਵਿੱਚ ਰਹਿੰਦੇ ਸਨ ਜੋ ਹੁਣ ਪਾਕਿਸਤਾਨ ਵਿੱਚ ਹੈ।

ਦੇਸ਼ ਦੀ ਵੰਡ ਤੋਂ ਬਾਅਦ ਮੇਰੀ ਮਾਂ ਦਾ ਪਰਿਵਾਰ ਮੁੰਬਈ ਵਿੱਚ ਆ ਵੱਸਿਆ, ਜਦਕਿ ਮੇਰੇ ਪਿਤਾ ਦਾ ਪਰਿਵਾਰ ਦਿੱਲੀ ਵਿੱਚ ਰਹਿਣ ਲੱਗਾ ।

ਮੇਰਾ ਸਿੱਖ ਧਰਮ ਅਤੇ ਮੇਰੇ ਪਰਿਵਾਰ ਦੀ ਕਹਾਣੀ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਸੇਵਾ, ਨਿਮਰਤਾ ਅਤੇ ਹਰ ਕਿਸੇ ਦੇ ਭਲੇ ਬਾਰੇ ਸੋਚਣ ਦੀ ਸਿੱਖ ਮੈਨੂੰ ਆਪਣੇ ਪਰਿਵਾਰ ਅਤੇ ਧਰਮ ਤੋਂ ਮਿਲੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)