ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਇਸ ਵੇਲੇ ਕੀ ਹੈ ਮਾਹੌਲ, ਵਿਦਿਆਰਥੀਆਂ ਦੀਆਂ ਕੀ ਹਨ ਮੰਗਾਂ, ਸਰਕਾਰ ਨੇ ਕਿਹਾ ਐੱਸਆਈਟੀ ਕਰੇਗੀ ਜਾਂਚ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 13 ਮਿੰਟ

ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਇਸ ਵੇਲੇ ਮਾਹੌਲ ਕਾਬੂ ਵਿੱਚ ਹੈ। ਜ਼ਿਆਦਾਤਰ ਵਿਦਿਆਰਥੀ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਹਨ। ਮੌਕੇ ਉੱਤੇ ਭਾਰੀ ਸੁਰੱਖਿਆ ਬਲ ਤੈਨਾਤ ਹੈ।

ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਐੱਸਆਈਟੀ ਵੱਲੋਂ ਕਰਵਾਏ ਜਾਣ ਦਾ ਐਲਾਨ ਕੀਤਾ ਹੈ।

ਮੌਕੇ ਉੱਤੇ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ, ਬੀਤੀ ਰਾਤ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਤਿੱਖਾ ਹੋ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਲਾਠੀਚਾਰਜ ਵੀ ਕੀਤਾ।

ਐੱਲਪੀਯੂ ਵੱਲੋਂ ਜਾਰੀ ਬਿਆਨ ਵਿੱਚ ਕੀ ਕਿਹਾ ਗਿਆ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਹੁਣ ਸਥਿਤੀ ਆਮ ਅਤੇ ਸੁਰੱਖਿਅਤ ਹੈ।

ਉਨ੍ਹਾਂ ਮੁਤਾਬਕ ਕੈਂਪਸ ਵਿੱਚ ਪੈਦਾ ਹੋਈ ਅਸ਼ਾਂਤੀ ਬਾਹਰੀ ਲੋਕਾਂ ਦੇ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਕਾਰਨ ਹੋਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਯੂਨੀਵਰਸਿਟੀ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੇ ਬੇਬੁਨਿਆਦ ਅਤੇ ਝੂਠੇ ਦਾਅਵਿਆਂ ਦਾ ਖੰਡਨ ਕਰਦਿਆਂ ਲੋਕਾਂ ਨੂੰ ਸਿਰਫ਼ ਪ੍ਰਮਾਣਿਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।

ਡਾ. ਸੰਧੂ ਕਿਹਾ, "ਤਣਾਅ ਦੌਰਾਨ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਸਬੰਧੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।"

ਉਸ ਦੇ ਨਾਲ ਹੀ ਡਾ. ਸੰਧੂ ਨੇ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਝੂਠੇ ਦਾਅਵਿਆਂ ਦਾ ਖੰਡਨ ਕਰਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ, "ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਭਵਿੱਖ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੈ।"

ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ ਪੁਲਿਸ ਦਾ ਤਾਜ਼ਾ ਬਿਆਨ

ਐੱਲਪੀਯੂ ਮਾਮਲੇ ਨੂੰ ਲੈ ਕੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਕਮੇਟੀ ਅਤੇ ਸਿਵਲ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ, "ਵਿਦਿਆਰਥੀਆਂ ਨੇ ਲੌਜਿਸਟਿਕਸ ਅਤੇ ਹੋਸਟਲ ਸਹੂਲਤਾਂ ਨਾਲ ਜੁੜੀਆਂ ਮੰਗਾਂ ਰੱਖੀਆਂ ਅਤੇ ਜਾਣਕਾਰੀ ਵਿਦਿਆਰਥੀਆਂ ਤੱਕ ਸਹੀ ਤਰੀਕੇ ਨਾਲ ਨਾ ਪਹੁੰਚਣ ਦੀ ਗੱਲ ਵੀ ਕਹੀ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਨਿਯਮਿਤ ਮੀਟਿੰਗਾਂ ਕਰਨ 'ਤੇ ਸਹਿਮਤੀ ਬਣੀ ਹੈ।"

"ਇਸ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਐੱਸਆਈਟੀ ਬਣਾਈ ਜਾ ਚੁੱਕੀ ਹੈ ਅਤੇ ਵਿਦਿਆਰਥੀਆਂ ਦੀ ਪੰਜ ਮੈਂਬਰੀ ਕਮੇਟੀ ਐੱਸਆਈਟੀ ਦੇ ਸੰਪਰਕ ਵਿੱਚ ਰਹੇਗੀ ਤੇ ਜਾਂਚ ਦੀ ਪ੍ਰਗਤੀ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਲਵੇਗੀ।"

ਨਵੀਨ ਸਿੰਗਲਾ ਨੇ ਦੱਸਿਆ ਕਿ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।

ਉਨ੍ਹਾਂ ਕਿਹਾ, "ਪੁਲਿਸ ਦੀ ਟੀਮ ਇਸ ਮਾਮਲੇ 'ਤੇ ਕੰਮ ਕਰ ਰਹੀ ਹੈ ਅਤੇ ਪੀੜਤ ਦੀ ਪਛਾਣ ਸਬੰਧੀ ਵੀ ਜਾਂਚ ਜਾਰੀ ਹੈ।"

ਡੀਆਈਜੀ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ।

ਬਲਤੇਜ ਪੰਨੂ ਨੇ ਕੀ ਕਿਹਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਪ੍ਰੈੱਸ ਕਾਨਫੰਰਸ ਕਰ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਐੱਸਆਈਟੀ ਕਰੇਗੀ।

ਬਲਤੇਜ ਪੰਨੂ ਨੇ ਕਿਹਾ, "ਪੰਜਾਬ ਪੁਲਿਸ ਨੇ ਐੱਲਪੀਯੂ ਅਤੇ ਚਿਤਕਾਰਾ ਯੂਨੀਵਰਸਿਟੀ ਨਾਲ ਜੁੜੇ ਮਾਮਲਿਆਂ ਨੂੰ ਪੇਸ਼ੇਵਰ ਤਰੀਕੇ ਨਾਲ ਹੈਂਡਲ ਕੀਤਾ ਹੈ। ਪੁਲਿਸ ਵੱਲੋਂ ਨਾ ਤਾਂ ਪਾਇਲਟ ਗੰਨ ਅਤੇ ਨਾ ਹੀ ਕਿੱਲਾਂ ਵਾਲੀਆਂ ਡਾਂਗਾਂ ਦੀ ਵਰਤੋਂ ਕੀਤੀ ਗਈ।"

"ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਸੀ। ਯੂਨੀਵਰਸਿਟੀ ਵਿੱਚ ਹੁਣ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਘਟਨਾ ਦੀ ਜਾਂਚ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਹੈ। ਭੰਨ-ਤੋੜ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।"

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਿਨ੍ਹਾਂ ਤੱਥਾਂ ਦੇ ਵੀਡੀਓ ਅਤੇ ਦਾਅਵੇ ਸਰਕੂਲੇਟ ਕੀਤੇ ਜਾ ਰਹੇ ਹਨ। ਸਰਕਾਰ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਲਈ ਸੁਰੱਖਿਅਤ ਸੂਬਾ ਮੰਨਿਆ ਜਾਂਦਾ ਹੈ ਅਤੇ ਇਸੇ ਕਰਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਨਰਸਿੰਗ ਕਾਲਜਾਂ ਵਿੱਚ ਪੜ੍ਹਦੇ ਹਨ।

ਭਾਜਪਾ ਨੇ ਚੁੱਕੇ ਸਵਾਲ

ਉੱਧਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਐੱਲਪੀਯੂ ਵਿੱਚ ਹੋਈਆਂ ਘਟਨਾਵਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।

ਉਨ੍ਹਾਂ ਸਵਾਲ ਚੁੱਕਿਆ ਕਿ ਜੇ ਸਰਕਾਰ ਦੀ ਮਨਸ਼ਾ ਹੁੰਦੀ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਉਨ੍ਹਾਂ ਇਹ ਵੀ ਪੁੱਛਿਆ ਕਿ ਬਾਹਰੋਂ ਲੋਕ ਯੂਨੀਵਰਸਿਟੀ ਦੇ ਅੰਦਰ ਕਿਵੇਂ ਦਾਖ਼ਲ ਹੋਏ।

ਐਤਵਾਰ ਦੀ ਰਾਤ ਕੀ ਹੋਇਆ ਸੀ

ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਸੜਕ ਤੋਂ ਹਟਾ ਕੇ ਯੂਨੀਵਰਸਿਟੀ ਕੈਂਪਸ ਵਿੱਚ ਵਾਪਸ ਭੇਜਣ ਦੀ ਕੋਸ਼ਿਸ਼ ਦੌਰਾਨ, ਆਸ-ਪਾਸ ਖੜ੍ਹੇ ਮੋਟਰਸਾਈਕਲਾਂ ਅਤੇ ਚਾਰ ਪਹੀਆ ਵਾਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ।

ਖਬਰ ਏਜੰਸੀ ਏਐੱਨਆਈ ਮੁਤਾਬਕ, ਐੱਸਐੱਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਸੀ ਕਿ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਵੱਜੀਆਂ ਅਤੇ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਦਬਾ ਦਿੱਤਾ ਹੈ ਅਤੇ ਇਸੇ ਮੁੱਦੇ ਨੂੰ ਲੈਕੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ।

ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ - ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ''26-27 ਦੀ ਦਰਮਿਆਨੀ ਰਾਤ 'ਚ ਐੱਲਪੀਯੂ ਕੈਂਪਸ 'ਚ ਇੱਕ ਘਟਨਾ ਨੂੰ ਲੈਕੇ ਅਫਵਾਹਾਂ ਫੈਲੀਆਂ। ਉਸ ਤੋਂ ਬਾਅਦ ਬੱਚੇ ਬਾਹਰ ਆ ਗਏ, ਤੋੜ-ਭੰਨ ਹੋਈ ਅਤੇ ਕੁਝ ਚੀਜ਼ਾਂ ਨੂੰ ਅੱਗ ਵੀ ਲਗਾਈ ਗਈ।''

''ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ, ਰਾਤ ਡੇਢ ਵਜੇ ਸਾਰੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲ ਕੀਤੀ।''

''ਪੁਲਿਸ ਨੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਵਿਚਕਾਰ ਇੱਕ ਪੁੱਲ ਵਾਂਗ ਕੰਮ ਕੀਤਾ ਅਤੇ ਗੱਲਬਾਤ ਕਰਵਾਈ ਹੈ ਅਤੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ।''

''ਵਿਦਿਆਰਥੀਆਂ ਨਾਲ ਗੱਲਬਾਤ ਕਰਕੇ, ਜਿਹੜੀ ਘਟਨਾ ਵਾਪਰੀ ਉਸ ਬਾਰੇ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ ਇੱਕ ਐੱਸਆਈਟੀ ਬਣਾਈ ਗਈ ਹੈ, ਜਿਹੜੀ ਗਹਿਰੀ ਜਾਂਚ ਕਰੇਗੀ।''

''ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਲਈ ਵਿਦਿਆਰਥੀਆਂ ਦੇ ਜਿਹੜੇ ਹੋਰ ਮੁੱਦੇ ਸਨ, ਉਨ੍ਹਾਂ ਨੂੰ ਵੀ ਸੁਲਝਾ ਦਿੱਤਾ ਸੀ। ਅੱਜ 10 ਵਜੇ ਇੱਕ ਹੋਰ ਮੀਟਿੰਗ ਰੱਖੀ ਗਈ ਹੈ।''

''ਕੱਲ੍ਹ ਰਾਤ ਇੱਹ ਹੋਰ ਘਟਨਾ ਹੋਈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਦੀਆਂ ਗੱਡੀਆਂ 'ਤੇ ਪਥਰਾਅ ਹੋਇਆ।''

''ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਵੀ ਭੰਨਤੋੜ ਕੀਤੀ, ਅਸੀਂ ਉਸਦੀ ਵੀ ਜਾਂਚ ਕਰ ਰਹੇ ਹਾਂ।''

ਉਨ੍ਹਾਂ ਕਿਹਾ, ''ਮੇਰੀ ਬੇਨਤੀ ਹੈ ਕਿ ਅਫਵਾਹਾਂ ਨੂੰ ਹਵਾ ਨਾ ਦਿੱਤੀ ਜਾਵੇ।''

ਮੀਡੀਆ ਵੱਲੋਂ ਇਹ ਪੁੱਛੇ ਜਾਣ 'ਤੇ ਕੀ ਇਸ ਵਿੱਚ ਬਾਹਰੀ ਤੱਤਾਂ ਦੀ ਵੀ ਸ਼ਮੂਲੀਅਤ ਹੈ, ਡੀਜੀਪੀ ਨੇ ਕਿਹਾ, ''ਹਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਵੇਗੀ, ਜਿਸ ਕਿਸੇ ਨੇ ਵੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ, ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ।''

'ਅਸੀਂ ਬੱਸ ਜਿੱਥੇ ਵੀ ਹੋ ਸਕੇ ਭੱਜ ਰਹੇ ਹਾਂ, ਇੱਥੇ ਰਹਿਣ ਦਾ ਮਨ ਨਹੀਂ'

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਆਰਿਆ ਨਾਮ ਦੀ ਇੱਕ ਵਿਦਿਆਰਥਣ ਨੇ ਕਿਹਾ, ''ਮੈਂ ਹਾਸਟਲ 'ਚ ਸੀ, ਕੱਲ੍ਹ ਰਾਤ ਕਾਫੀ ਕੁਝ ਹੋਇਆ ਹਾਸਟਲਾਂ 'ਚ, ਬੱਚੇ ਸੁਰੱਖਿਅਤ ਨਹੀਂ ਸਨ ਅਤੇ ਹੁਣ ਜਾ ਕੇ ਹਾਲਾਤ ਕੁਝ ਠੀਕ ਹਨ ਤਾਂ ਅਸੀਂ ਬੱਸ ਜਿੱਥੇ ਵੀ ਹੋ ਸਕੇ ਭੱਜ ਰਹੇ ਹਾਂ ਕਿਉਂਕਿ ਇੱਥੇ ਰਹਿਣ ਦਾ ਮਨ ਨਹੀਂ ਹੈ।''

''ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਭੈੜੀ ਸਥਿਤੀ ਹੈ। ਸਾਡੇ ਮਾਪੇ ਵੀ ਚਾਹੁੰਦੇ ਹਨ ਕਿ ਬਸ ਅਸੀਂ ਇੱਥੋਂ ਨਿਕਲੀਏ ਇੱਕ ਵਾਰ।''

''ਪ੍ਰਦਰਸ਼ਨ ਤਾਂ ਚਾਲੂ ਹੀ ਸੀ, ਫਿਰ ਸਾਨੂੰ ਕਰੀਬ ਰਾਤ 8 ਵਜੇ ਸਾਨੂੰ ਕਿਹਾ ਗਿਆ ਕਿ ਕਮਰਿਆਂ 'ਚ ਹੀ ਰਹੋ, ਅੰਦਰ ਲਾਕ ਲਗਾ ਲਵੋ। ਅਸੀਂ ਚਾਕੂ ਅਤੇ ਕੈਂਚੀਆਂ ਲੈਕੇ ਬੈਠੇ ਸੀ ਕਿ ਉਹ (ਬਾਹਰੋਂ ਆਏ ਲੋਕ) ਹਮਲੇ ਕਰਨਗੇ। ਸਾਡੇ ਦਰਵਾਜ਼ੇ ਖੜਕਾਏ ਜਾ ਰਹੇ ਸਨ। ਅਸੀਂ ਬਸ ਸੋਚ ਰਹੇ ਸੀ ਕਿ ਕਿਵੇਂ ਵੀ ਇਹ ਰਾਤ ਲੰਘ ਜਾਵੇ ਅਤੇ ਅਸੀਂ ਇਥੋਂ ਨਿੱਕਲ ਜਾਈਏ।''

ਉਨ੍ਹਾਂ ਨੇ ਕਿਹਾ, ''ਸ਼ਨੀਵਾਰ ਨੂੰ ਅਜਿਹਾ ਕੁਝ ਨਹੀਂ ਸੀ, ਬੱਚੇ ਇੱਧਰ-ਉੱਧਰ ਆ ਜਾ ਰਹੇ ਸਨ ਪਰ ਕੋਈ ਬਾਹਰਲਾ ਬੰਦਾ ਨਹੀਂ ਸੀ। ਬਾਅਦ 'ਚ ਬਾਹਰਲੇ ਲੋਕ ਆਏ ਪਰ ਉਨ੍ਹਾਂ ਦਾ ਹੋਸਟਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।''

ਉਨ੍ਹਾਂ ਕਿਹਾ ਕਿ ਕੁਝ ਘੰਟਿਆਂ ਬਾਅਦ ਪੁਲਿਸ ਆਈ ਤੇ ਸਾਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਗਿਆ, ਪਰ ਫਿਲਹਾਲ ਅਸੀਂ ਬਸ ਘਰ ਜਾਣਾ ਚਾਹੁੰਦੇ ਹਾਂ।

'ਸਾਡੇ ਮਾਪੇ ਤਾਂ ਡਰੇ ਹੋਏ ਹਨ'

ਇੱਕ ਹੋਰ ਵਿਦਿਆਰਥੀ ਪਵਨ ਨੇ ਕਿਹਾ, ''ਸਾਡੇ ਮਾਪੇ ਤਾਂ ਡਰੇ ਹੋਏ ਹਨ। ਕਹਿ ਰਹੇ ਨੇ ਤੁੰਰਤ ਘਰੇ ਆ ਜਾਓ। ਜਹਾਜ਼ ਦੀਆਂ ਟਿਕਟਾਂ ਵੀ ਮਹਿੰਗੀਆਂ ਹੋ ਗਈਆਂ ਹਨ।''

ਉਨ੍ਹਾਂ ਕਿਹਾ, ਜਦੋਂ ਯੂਨੀਵਰਸਿਟੀ 'ਚ ਪ੍ਰਦਰਸ਼ਨ ਸ਼ੁਰੂ ਹੋਇਆ, ਬੱਚੇ ਮੇਨ ਗੇਟ 'ਤੇ ਪਹੁੰਚੇ ਤਾਂ ਬਾਹਰ ਦੇ ਲੋਕ ਆ ਗਏ।''

''ਅਸੀਂ ਤਾਂ ਕਾਫੀ ਡਰ ਗਏ ਸੀ। ਬਹੁਤ ਸਾਰੇ ਲੋਕ ਮਾਸਕ ਪਾਕੇ ਅੰਦਰ ਆ ਵੜੇ ਸਨ। ਇਹ ਤਾਂ ਪੂਰਾ ਜੰਗ ਦਾ ਮੈਦਾਨ ਬਣ ਗਿਆ।''

ਵਿਦਿਆਰਥੀ ਅਨਿਕੇਤ ਸਿੰਘ ਕਹਿੰਦੇ ਹਨ, ''ਕੱਲ੍ਹ ਬਾਹਰੋਂ ਲੋਕਾਂ ਨੇ ਆਕੇ ਬਹੁਤ ਤੋੜਫੋੜ ਮਚਾਈ। ਉਹ ਕੁੜੀਆਂ ਦੇ ਹਾਸਟਲ 'ਚ ਵੜ ਗਏ ਤੇ ਦਰਵਾਜ਼ੇ ਖੜਕਾ ਕੇ ਕਹਿ ਰਹੇ ਸਨ ਕਿ 'ਅਸੀਂ ਪੁਲਿਸ ਹਾਂ', ਤਾਂ ਜੋ ਕੁੜੀਆਂ ਦਰਵਾਜ਼ੇ ਖੋਲ੍ਹ ਦੇਣ।''

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਹਾਲ ਹੀ ਵਿੱਚ ਉੱਠੇ ਮਾਮਲਿਆਂ ਦਾ ਨੋਟਿਸ ਲਿਆ ਹੈ।

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਗਿੱਲ ਦੁਆਰਾ ਸਾਂਝਾਂ ਕੀਤੀ ਗਈ ਐਕਸ ਪੋਸਟ ਮੁਤਾਬਕ, ਦੋਵੇਂ ਮਾਮਲਿਆਂ ਵਿੱਚ, '''ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001' ਤਹਿਤ ਕਮਿਸ਼ਨ ਵੱਲੋਂ ਵਿੱਚ ਖ਼ੁਦ ਨੋਟਿਸ ਲਿਆ ਗਿਆ ਹੈ।''

ਉਨ੍ਹਾਂ ਲਿਖਿਆ, ''ਅਸੀਂ ਪੂਰੇ ਮਾਮਲੇ ਬਾਰੇ ਵਿਸਥਾਰਪੂਰਵਕ ਸਪਸ਼ਟੀਕਰਨ, ਐੱਫਆਈਆਰਾਂ ਦੀਆਂ ਕਾਪੀਆਂ ਅਤੇ ਦੋਵਾਂ ਕੈਂਪਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਰਿਪੋਰਟਾਂ ਮੰਗੀਆਂ ਹਨ।''

ਉਨ੍ਹਾਂ ਅੱਗੇ ਲਿਖਿਆ, ''ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਹੈ। ਜਵਾਬਦੇਹੀ ਅਤੇ ਪਾਰਦਰਸ਼ਤਾ ਬਹੁਤ ਜ਼ਰੂਰੀ ਹਨ।''

ਬੀਤੀ ਰਾਤ ਯੂਨੀਵਰਸਿਟੀ 'ਚ ਕੀ-ਕੀ ਹੋਇਆ

  • ਪਿਛਲੀ ਰਾਤ ਅਤੇ ਦਿਨ ਭਰ ਚੱਲੇ ਹੰਗਾਮੇ ਤੋਂ ਬਾਅਦ ਕੱਲ੍ਹ ਰਾਤ ਵੀ ਐੱਲਪੀਯੂ ਦੇ ਵਿਦਿਆਰਥੀ ਪ੍ਰਦਰਸ਼ਨ ਕਰਦੇ ਰਹੇ ਅਤੇ ਇਹ ਪ੍ਰਦਰਸ਼ਨ ਹੋਰ ਤਿੱਖਾ ਹੋ ਗਿਆ।
  • ਪੁਲਿਸ ਵੱਲੋਂ ਸੜਕ ਖ਼ਾਲੀ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਹਾਲਾਤ ਹੋਰ ਤਣਾਅਪੂਰਨ ਹੋ ਗਏ।
  • ਇਸ ਦੌਰਾਨ ਨੇੜ-ਤੇੜੇ ਖੜ੍ਹੇ ਵਾਹਨਾਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ। ਕੁਝ ਵੀਡੀਓਜ਼ ਵਿੱਚ ਵਾਹਨਾਂ ਨੂੰ ਲੱਗੀ ਅੱਗ ਦੇਖੀ ਜਾ ਸਕਦੀ ਹੈ।
  • ਜਲੰਧਰ (ਦਿਹਾਤੀ) ਦੇ ਐੱਸਐੱਸਪੀ ਹਰਵਿੰਦਰ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਜਾਣਕਾਰੀ ਦਿੱਤੀ ਕਿ ਪੱਥਰਬਾਜ਼ੀ ਦੀ ਘਟਨਾ ਵੀ ਹੋਈ ਹੈ। ਕੁਝ ਪੁਲਿਸ ਵਾਲਿਆਂ ਦੇ ਸੱਟਾਂ ਵੀ ਵੱਜੀਆਂ ਹਨ।
  • ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਜਦੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਿੰਸਕ ਰੂਪ ਲੈ ਗਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਵੀ ਕੀਤਾ।
  • ਏਜੰਸੀ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਕਰਮਚਾਰੀ ਵਿਦਿਆਰਥੀਆਂ ਉੱਤੇ ਲਾਠੀਆਂ ਦਾ ਇਸਤੇਮਾਲ ਕਰ ਰਹੇ ਹਨ।
  • ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਸ ਸਾਰੇ ਹੰਗਾਮੇ ਵਿਚਕਾਰ ਕੁਝ ਬੱਚੇ ਆਪਣੇ-ਆਪਣੇ ਘਰਾਂ ਜਾਂ ਨੇੜੇ ਰਹਿੰਦੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ।
  • ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਮਾਨ ਅਤੇ ਬੈਗਾਂ ਦੇ ਨਾਲ ਦੇਖਿਆ ਗਿਆ।

ਬੀਤੀ ਰਾਤ ਦੇ ਹੰਗਾਮੇ ਬਾਰੇ ਪੁਲਿਸ ਨੇ ਕੀ ਦੱਸਿਆ

ਬੀਤੀ ਦੇਰ ਰਾਤ ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਖਬਰ ਏਜੰਸੀ ਏਐੱਨਆਈ ਨਾਲ ਕਰਦਿਆਂ ਕਿਹਾ, "ਸਭ ਤੋਂ ਪਹਿਲਾਂ, ਹੋਸਟਲਾਂ ਵਿੱਚ ਗੜਬੜੀ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹਾਂ ਸਨ। ਸਾਰੇ ਹੋਸਟਲਾਂ ਦੀ ਜਾਂਚ ਕਰ ਲਈ ਗਈ ਹੈ ਅਤੇ ਕੋਈ ਸਮੱਸਿਆ ਨਹੀਂ ਹੈ। ਆਵਾਜਾਈ ਵੀ ਮੁੜ ਬਹਾਲ ਹੋ ਗਈ ਹੈ ਅਤੇ ਸਥਿਤੀ ਨਾਰਮਲ ਹੈ।''

ਉਨ੍ਹਾਂ ਕਿਹਾ, ''ਹੋਰ ਮਾਮਲੇ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਹੱਲ ਕਰ ਲਏ ਜਾਣਗੇ। ਕੁੱਲ ਮਿਲਾ ਕੇ ਮਾਹੌਲ ਠੀਕ ਹੈ ਅਤੇ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੀ ਹੱਲ ਕਰ ਦਿੱਤਾ ਜਾਵੇਗਾ। ਕਿਰਪਾ ਕਰਕੇ ਪਰਿਵਾਰਾਂ ਨੂੰ ਦੱਸੋ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।"

ਮੀਡੀਆ ਵੱਲੋਂ ਇਹ ਪੁੱਛੇ ਜਾਣ 'ਤੇ ਜਿਸ ਗੱਲ ਕਰਕੇ ਧਰਨਾ ਲੱਗਿਆ ਸੀ, ਉਹ ਸੱਚ ਹੈ ਜਾਂ ਅਫਵਾਹ ਹੈ, ਪੁਲਿਸ ਕਮਿਸ਼ਨਰ ਨੇ ਕਿਹਾ, ''ਅਜੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ। ਇਸ ਵੇਲੇ ਸਭ ਤੋਂ ਜ਼ਰੂਰੀ ਸੀ ਕਿ ਸ਼ਾਂਤੀ ਭਾਲ ਹੋਵੇ, ਬੱਚਿਆਂ ਦੇ ਸਹਿਯੋਗ ਨਾਲ ਸ਼ਾਂਤੀ ਹੋ ਗਈ ਹੈ। ਹੋਸਟਲ ਸੁਰੱਖਿਅਤ ਹਨ।''

ਕੀ ਹੈ ਮਾਮਲਾ

ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ।

ਉਨ੍ਹਾਂ ਇਲਜ਼ਾਮ ਲਗਾਏ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਤੁਰੰਤ ਦਬਾਅ ਦਿੱਤਾ ਹੈ, ਜਿਸ ਕਾਰਨ ਇਸ ਬਾਰੇ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਕੁੜੀ ਕੌਣ ਹੈ। ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ।

ਇਸ ਮਾਮਲੇ ਵਿੱਚ ਯੂਨੀਵਰਸਿਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਸਭ ਅਫਵਾਹਾਂ ਹਨ ਅਤੇ ਯੂਨੀਵਰਸਿਟੀ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹਨ।

ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਕਿਸੇ ਕੁੜੀ ਨਾਲ ਬਲਾਤਕਾਰ ਹੋਣ ਸਬੰਧੀ ਕੋਈ ਰਿਪੋਰਟ ਜਾਂ ਐਪਲੀਕੇਸ਼ਨ ਨਹੀਂ ਆਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਕਹਿਣ ਮੁਤਾਬਕ ਜਾਂਚ ਲਈ ਤਿਆਰ ਹਨ ਪਰ ਪਹਿਲਾਂ ਇਹ ਤਾਂ ਦੱਸਿਆ ਜਾਵੇ ਕਿ ਕਿਸ ਨਾਲ, ਕਿੱਥੇ ਘਟਨਾ ਵਾਪਰੀ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਿਸ ਕੁੜੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ, ਉਹ ਗਾਇਬ ਹੈ। ਨਾਲ ਹੀ ਉਹ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਯੂਨੀਵਰਸਿਟੀ ਅਤੇ ਪੁਲਿਸ ਨੇ ਕੀ ਕਿਹਾ

ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਝੂਠੀ ਅਤੇ ਮਨਘੜਤ ਜਾਣਕਰੀ ਫੈਲਾਈ ਜਾ ਰਹੀ ਹੈ। ਇਹ ਸਭ ਯੂਨੀਵਰਸਿਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਬੀਤੇ ਦਿਨੀਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ''ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀਆਂ ਕੁਝ ਹੋਰ ਵੀ ਮੰਗਾਂ ਹਨ, ਜਿਨ੍ਹਾਂ ਬਾਰੇ 12 ਵਜੇ ਯੂਨੀਵਰਸਿਟੀ ਮੈਨੇਜਮੈਂਟ ਨਾਲ ਮੀਟਿੰਗ ਰੱਖੀ ਗਈ ਹੈ।''

''ਅਜੇ ਇਨ੍ਹਾਂ ਨੇ ਇਨਾਂ ਹੀ ਲਿਖਿਆ ਹੈ ਕਿ ਜੀ-3 ਹੋਸਟਲ ਵਿੱਚ ਇੱਕ ਕੁੜੀ ਰਹਿੰਦੀ ਸੀ, ਜਿਸ ਨਾਲ ਬਲਾਤਕਾਰ ਦੀ ਘਟਨਾ ਹੋਈ ਹੈ, ਕੁੜੀ ਦਾ ਨਾਮ ਅਜੇ ਨਹੀਂ ਪਤਾ ਲੱਗ ਸਕਿਆ ਹੈ। ਅਜੇ ਅਣਜਾਣ ਸਖਸ਼ ਦੇ ਨਾਮ 'ਤੇ ਹੀ ਐੱਫਆਈਰ ਦਰਜ ਕੀਤੀ ਗਈ ਹੈ।''

''ਸਾਇੰਟਿਫਿਕ ਢੰਗ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਦੌਰਾਨ ਵਿਦਿਆਰਥੀਆਂ ਦੇ ਲੀਡਰਜ਼ ਨੂੰ ਨਾਲ ਰੱਖਿਆ ਜਾਵੇਗਾ।''

ਸੂਬੇ ਦੀ ਸਿਆਸਤ ਗਰਮਾਈ

ਇਸ ਪੂਰੇ ਮਾਮਲੇ ਨੂੰ ਲੈਕੇ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ ਅਤੇ ਇਲਜ਼ਾਮਾਂ ਦੇ ਦੌਰ ਸ਼ੁਰੂ ਹੋ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ 'ਤੇ ਵਿਦਿਆਰਥੀਆਂ 'ਤੇ ਹੁੰਦੇ ਲਾਠੀਚਾਰਜ ਦਾ ਵੀਡੀਓ ਸਾਂਝਾ ਕਰਦਿਆਂ ਲਿਖ, ''ਭਗਵੰਤ ਮਾਨ ਨੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਨਾਕਾਮੀ ਦਿਖਾਈ ਹੈ। ਸਥਿਤੀ ਨੂੰ ਸਮੇਂ ਸਿਰ ਕਾਬੂ ਵਿੱਚ ਨਹੀਂ ਲਿਆਂਦਾ ਗਿਆ ਅਤੇ ਹੁਣ ਇਸ ਕਾਰਨ ਪੈਦਾ ਹੋਇਆ ਗੁੱਸਾ ਵਿਦਿਆਰਥੀਆਂ ਵੱਲ ਮੋੜਿਆ ਜਾ ਰਿਹਾ ਹੈ।''

ਉਨ੍ਹਾਂ ਲਿਖਿਆ, ''ਮੈਂ ਬੀਤੀ ਰਾਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 'ਆਪ' ਸਰਕਾਰ ਵੱਲੋਂ ਵਿਦਿਆਰਥੀਆਂ 'ਤੇ ਕਥਿਤ ਤੌਰ 'ਤੇ ਕੀਤੇ ਗਏ ਬਲ ਦੇ ਇਸਤੇਮਾਲ, ਜਿਸ ਵਿੱਚ ਲਾਠੀਚਾਰਜ ਦੀ ਰਿਪੋਰਟ ਵੀ ਸ਼ਾਮਿਲ ਹੈ, ਦੀ ਸਖ਼ਤ ਨਿੰਦਾ ਕਰਦਾ ਹਾਂ।''

ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਅਤੇ ਜ਼ਿੰਮੇਵਾਰ ਢੰਗ ਨਾਲ ਆਪਣੀ ਆਵਾਜ਼ ਉਠਾਉਣ ਤੇ ਕਾਨੂੰਨੀ ਤਰੀਕਿਆਂ ਰਾਹੀਂ ਜਵਾਬਦੇਹੀ ਦੀ ਮੰਗ ਕਰਨ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਬੀਤੀ ਰਾਤ ਹੋਈਆਂ ਘਟਨਾਵਾਂ ਦੇ ਵੀਡੀਓ ਸ਼ੇਅਰ ਕੀਤੇ ਅਤੇ ਪੰਜਾਬ ਸਰਕਾਰ ਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, ''ਐੱਲਪੀਯੂ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ।''

''ਜੇਕਰ ਵਿਦਿਆਰਥੀਆਂ ਦੇ ਮਨ ਵਿੱਚ ਕਿਸੇ ਘਟਨਾ ਬਾਰੇ ਗੰਭੀਰ ਸਵਾਲ ਜਾਂ ਚਿੰਤਾਵਾਂ ਹਨ, ਤਾਂ ਉਹ ਅਫਵਾਹਾਂ ਜਾਂ ਦਬਾਅ ਦੀ ਬਜਾਏ ਪਾਰਦਰਸ਼ੀ, ਨਿਰਪੱਖ ਅਤੇ ਸਮਾਂ-ਬੱਧ ਜਵਾਬਾਂ ਦੇ ਹੱਕਦਾਰ ਹਨ।''

''ਹਾਲੀਆ ਹਿੰਸਾ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਅਸਫਲਤਾ ਦਾ ਸਬੂਤ ਹੈ।''

ਉਨ੍ਹਾਂ ਇਲਜ਼ਾਮ ਲਗਾਏ ਕਿ 'ਆਪ' ਸਰਕਾਰ ਵੱਲੋਂ ਕਿਸੇ ਨੇ ਵੀ ਜਾਕੇ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਖੇਚਲ ਨਹੀਂ ਕੀਤੀ।

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ''ਜਾਣ ਬੁੱਝ ਕੇ ਢਿੱਲ ਵਰਤੀ ਗਈ ਹੈ।''

ਐਕਸ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਇਲਜ਼ਾਮ ਲਗਾਇਆ ਕਿ ''ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)