ਸਰਦੀਆਂ 'ਚ ਫਲੂ ਕਿੰਨਾ ਖ਼ਤਰਨਾਕ, ਕਿਸ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਅਤੇ ਇਸ ਦੇ ਮਾੜੇ ਪ੍ਰਭਾਵ ਕੀ ਹਨ?

ਤਸਵੀਰ ਸਰੋਤ, Getty Images
- ਲੇਖਕ, ਖਗੇਸ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਸਰਦੀਆਂ ਆਉਂਦਿਆਂ ਹੀ ਸਾਹ ਨਾਲ ਜੁੜੀਆਂ ਬਿਮਾਰੀਆਂ ਦੇ ਮਾਮਲੇ ਵਧਣ ਲੱਗਦੇ ਹਨ। ਪਰ ਬਹੁਤ ਸਾਰੇ ਲੋਕ ਆਮ ਸਰਦੀ-ਜ਼ੁਕਾਮ ਅਤੇ ਇਨਫਲੂਐਂਜ਼ਾ ਯਾਨੀ ਫਲੂ ਨੂੰ ਇੱਕੋ ਬਿਮਾਰੀ ਸਮਝ ਲੈਂਦੇ ਹਨ।
ਡਾਕਟਰਾਂ ਮੁਤਾਬਕ ਇੱਥੋਂ ਹੀ ਮੁਸ਼ਕਲ ਵਧ ਸਕਦੀ ਹੈ, ਕਿਉਂਕਿ ਇਨਫਲੂਐਂਜ਼ਾ ਕੁਝ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦਾ ਹੈ। ਲਾਪਰਵਾਹੀ ਵਰਤਣ ਦੀ ਸੂਰਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਨੌਬਤ ਵੀ ਆ ਸਕਦੀ ਹੈ।
ਇਸ ਤੋਂ ਬਚਾਅ ਲਈ ਫਲੂ ਦੀਆਂ ਕਈ ਤਰ੍ਹਾਂ ਦੀਆਂ ਵੈਕਸੀਨਜ਼ ਉਪਲੱਬਧ ਹਨ। ਫੇਫੜਿਆਂ ਦੀਆਂ ਬਿਮਾਰੀਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਫਲੂ ਹੋਣ ਦੀ ਸੂਰਤ ਵਿੱਚ ਵੈਕਸੀਨ ਬਿਮਾਰੀ ਦੇ ਗੰਭੀਰ ਹੋਣ ਅਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਖ਼ਤਰੇ ਨੂੰ ਘਟਾ ਸਕਦੀ ਹੈ।
ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਮੁਤਾਬਕ, ਇਨਫਲੂਐਂਜ਼ਾ ਦੀ ਵੈਕਸੀਨ ਫਲੂ ਅਤੇ ਇਸ ਕਾਰਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਅ ਕਰਦੀ ਹੈ।
ਕੀ ਵੈਕਸੀਨ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਚਾ ਸਕਦੀ ਹੈ!

ਤਸਵੀਰ ਸਰੋਤ, Getty Images
ਭਾਰਤ ਵਿੱਚ ਫਲੂ ਦੀ ਵੈਕਸੀਨ ਬਾਰੇ ਜਾਗਰੂਕਤਾ ਹੌਲੀ-ਹੌਲੀ ਵਧ ਰਹੀ ਹੈ। ਵਿਸ਼ਾਖਾਪਟਨਮ ਦੇ ਫੇਫੜਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਸੁਰੇਂਦਰ ਦੱਸਦੇ ਹਨ ਕਿ ਇਹ ਵੈਕਸੀਨ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਲਗਾਈ ਜਾਂਦੀ ਹੈ, ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਪੈਣ ਦਾ ਖ਼ਤਰਾ ਵੱਧ ਹੁੰਦਾ ਹੈ।
ਇਨ੍ਹਾਂ ਵਿੱਚ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਛੋਟੇ ਬੱਚੇ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ, ਦਮਾ ਜਾਂ ਡਾਇਬਟੀਜ਼ ਵਰਗੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕ ਸ਼ਾਮਲ ਹਨ।
ਬ੍ਰਿਟੇਨ ਅਤੇ ਅਮਰੀਕਾ ਵਿੱਚ ਵੀ ਅਜਿਹੇ ਕੁਝ ਵਰਗਾਂ ਦੇ ਲੋਕਾਂ ਨੂੰ ਸਰਕਾਰ ਵੱਲੋਂ ਮੁਫ਼ਤ ਫਲੂ ਦੀ ਵੈਕਸੀਨ ਲਗਾਈ ਜਾਂਦੀ ਹੈ।
ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਮੁਤਾਬਕ, ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਪ੍ਰੈਕਟਿਸਿਜ਼ ਹਰ ਫਲੂ ਸੀਜ਼ਨ ਲਈ ਵੈਕਸੀਨ ਸਬੰਧੀ ਸਿਫ਼ਾਰਸ਼ਾਂ ਜਾਰੀ ਕਰਦੀ ਹੈ।
ਯੂਕੇ ਹੈਲਥ ਸਕਿਓਰਿਟੀ ਏਜੰਸੀ ਵਿੱਚ ਸਿਹਤ ਸੁਰੱਖਿਆ ਸਲਾਹਕਾਰ ਡਾਕਟਰ ਫਿਓਨਾ ਨੀਲੀ ਨੇ ਬੀਬੀਸੀ ਨੂੰ ਦੱਸਿਆ, "ਛੋਟੇ ਬੱਚਿਆਂ ਤੋਂ ਇਲਾਵਾ ਦਮਾ, ਫੇਫੜਿਆਂ ਦੀਆਂ ਹੋਰ ਬਿਮਾਰੀਆਂ ਅਤੇ ਦਿਲ, ਜਿਗਰ ਜਾਂ ਗੁਰਦਿਆਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵਿੱਚ ਫਲੂ ਕਾਰਨ ਹੋਰ ਸਿਹਤ ਸਮੱਸਿਆਵਾਂ ਪੈਦਾ ਹੋਣ ਅਤੇ ਹਸਪਤਾਲ ਵਿੱਚ ਦਾਖ਼ਲ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।"

ਕਿਹੜੇ ਲੋਕਾਂ ਨੂੰ ਮੁਫ਼ਤ ਫਲੂ ਦੀ ਵੈਕਸੀਨ ਮਿਲਦੀ ਹੈ?
ਬ੍ਰਿਟੇਨ ਵਿੱਚ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਲੂ ਦੀ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਉੱਥੇ ਵਿਦਿਆਰਥੀਆਂ, ਗਰਭਵਤੀ ਔਰਤਾਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਈ ਜਾਂਦੀ ਹੈ।
ਭਾਰਤ ਵਿੱਚ ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ਉੱਤੇ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਪੈਂਟਾਵੈਲੈਂਟ ਵੈਕਸੀਨ ਮੁਫ਼ਤ ਲਗਾਈ ਜਾਂਦੀ ਹੈ।
ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ, ਇਹ ਵੈਕਸੀਨ ਛੇ ਹਫ਼ਤਿਆਂ ਤੋਂ ਲੈ ਕੇ ਇੱਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਲਗਾਈ ਜਾਂਦੀ ਹੈ।
ਪੈਂਟਾਵੈਲੈਂਟ ਵੈਕਸੀਨ ਬੱਚਿਆਂ ਨੂੰ ਪੰਜ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ।
ਇਨ੍ਹਾਂ ਵਿੱਚ ਡਿਪਥੀਰੀਆ, ਪਰਟੂਸਿਸ ਯਾਨੀ ਕਾਲੀ ਖੰਘ, ਟੈਟਨਸ, ਹੈਪੇਟਾਈਟਸ ਬੀ ਅਤੇ ਹੀਮੋਫਿਲਸ ਇਨਫਲੂਐਂਜ਼ਾ ਟਾਈਪ ਬੀ (ਹਿਬ) ਸ਼ਾਮਲ ਹਨ।
ਸਰਕਾਰ ਮੁਤਾਬਕ, ਇਨ੍ਹਾਂ ਬਿਮਾਰੀਆਂ ਕਾਰਨ ਨਿਮੋਨੀਆ, ਮੈਨਿਨਜਾਈਟਿਸ, ਜਿਗਰ ਦਾ ਕੰਮ ਕਰਨਾ ਬੰਦ ਹੋਣ ਅਤੇ ਸਾਹ ਲੈਣ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਖ਼ਤਰਾ ਰਹਿੰਦਾ ਹੈ। ਕੁਝ ਮਾਮਲਿਆਂ ਵਿੱਚ ਇਹ ਬਿਮਾਰੀਆਂ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ।
ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਵੱਧ ਹੁੰਦਾ ਹੈ। ਇਸੇ ਲਈ ਸਰਕਾਰ ਨਿਰਧਾਰਿਤ ਸਮੇਂ ਅਨੁਸਾਰ ਬੱਚਿਆਂ ਨੂੰ ਵੈਕਸੀਨ ਲਗਵਾਉਣ ਦੀ ਸਲਾਹ ਦਿੰਦੀ ਹੈ।
ਬਦਲਦੇ ਫਲੂ ਵਾਇਰਸ 'ਤੇ ਵੈਕਸੀਨ ਕਿਵੇਂ ਅਸਰ ਕਰਦੀ ਹੈ?

ਤਸਵੀਰ ਸਰੋਤ, Getty Images
ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਫਲੂ ਦੀ ਵੈਕਸੀਨ ਵਾਇਰਸ ਦੇ ਨਵੇਂ ਰੂਪਾਂ 'ਤੇ ਵੀ ਅਸਰਦਾਰ ਹੁੰਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਫਲੂ ਵਾਇਰਸ ਦਾ ਰੂਪ ਬਦਲਦਾ ਰਹਿੰਦਾ ਹੈ। ਇਨ੍ਹਾਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸੁਝਾਵਾਂ ਮੁਤਾਬਕ ਵੈਕਸੀਨ ਵਿੱਚ ਵੀ ਬਦਲਾਅ ਕੀਤੇ ਜਾਂਦੇ ਹਨ।
ਇਨਫਲੂਐਂਜ਼ਾ ਵਾਇਰਸ ਲਗਾਤਾਰ ਬਦਲਦੇ ਰਹਿੰਦੇ ਹਨ। ਇਸ ਲਈ ਮਾਹਰਾਂ ਨੂੰ ਪਹਿਲਾਂ ਹੀ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਆਉਣ ਵਾਲੇ ਮੌਸਮ ਵਿੱਚ ਵਾਇਰਸ ਦਾ ਕਿਹੜਾ ਰੂਪ ਫੈਲ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਫਰਵਰੀ 2026 ਵਿੱਚ ਇਸ ਸਬੰਧੀ ਇੱਕ ਅਹਿਮ ਐਲਾਨ ਕੀਤਾ ਸੀ। ਸੰਗਠਨ ਨੇ 2026-27 ਦੇ ਫਲੂ ਸੀਜ਼ਨ ਲਈ ਵੈਕਸੀਨ ਦੀ ਸੂਚੀ ਜਾਰੀ ਕੀਤੀ ਸੀ।
ਫਲੂ ਵਾਇਰਸ ਵਿੱਚ ਲਗਾਤਾਰ ਹੋਣ ਵਾਲੀਆਂ ਤਬਦੀਲੀਆਂ ਕਾਰਨ ਵਿਸ਼ਵ ਸਿਹਤ ਸੰਗਠਨ ਸਾਲ ਵਿੱਚ ਦੋ ਵਾਰ ਵੈਕਸੀਨ ਦੀ ਸੂਚੀ ਦੀ ਸਮੀਖਿਆ ਕਰਦਾ ਹੈ।
ਦੁਨੀਆ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਲਈ ਵੱਖ-ਵੱਖ ਵੈਕਸੀਨਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ।
ਫਲੂ ਦੀ ਵੈਕਸੀਨ ਨਾਲ ਕਿੰਨਾ ਫ਼ਾਇਦਾ ਹੁੰਦਾ ਹੈ?
ਡਾਕਟਰ ਸੁਰੇਂਦਰ ਮੁਤਾਬਕ, ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਮੀਂਹ ਅਤੇ ਸਰਦੀਆਂ ਦਾ ਮੌਸਮ ਮੁਸ਼ਕਲਾਂ ਭਰਿਆ ਹੋ ਸਕਦਾ ਹੈ।
ਅਜਿਹੇ ਲੋਕਾਂ ਨੂੰ ਇਨਫਲੂਐਂਜ਼ਾ ਹੋਣ 'ਤੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਅਜਿਹੀ ਸਥਿਤੀ ਤੋਂ ਬਚਾਉਣ ਲਈ ਡਾਕਟਰ ਵੈਕਸੀਨ ਲਗਵਾਉਣ ਦੀ ਸਲਾਹ ਦਿੰਦੇ ਹਨ।
ਹਾਲਾਂਕਿ, ਇਹ ਵੈਕਸੀਨ ਆਮ ਜ਼ੁਕਾਮ ਅਤੇ ਸਰਦੀ ਤੋਂ ਬਚਾਅ ਨਹੀਂ ਕਰਦੀ।
ਡਾਕਟਰ ਸੁਰੇਂਦਰ ਕਹਿੰਦੇ ਹਨ, "ਦਮੇ ਵਰਗੀ ਲੰਬੇ ਸਮੇਂ ਤੋਂ ਚੱਲ ਰਹੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਇਨਫਲੂਐਂਜ਼ਾ ਹੋਣ 'ਤੇ ਉਨ੍ਹਾਂ ਦੀ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ।"
"ਇਸ ਤੋਂ ਬਾਅਦ ਨਿਮੋਨੀਆ ਹੋ ਸਕਦਾ ਹੈ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਨੌਬਤ ਆ ਸਕਦੀ ਹੈ। ਫਲੂ ਦੀ ਵੈਕਸੀਨ ਅਜਿਹੀ ਸਥਿਤੀ ਤੋਂ ਬਚਣ ਲਈ ਪਹਿਲਾਂ ਹੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।"
"ਛੋਟੇ ਬੱਚਿਆਂ ਵਿੱਚ ਵੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ। ਇਹ ਵੈਕਸੀਨ ਉਨ੍ਹਾਂ ਨੂੰ ਵੀ ਚੰਗੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।"
ਉਹ ਕਹਿੰਦੇ ਹਨ, "ਇਨਫਲੂਐਂਜ਼ਾ ਤੋਂ ਬਚਾਅ ਲਈ ਅਸੀਂ ਫਲੂ ਦੀ ਵੈਕਸੀਨ ਲਗਵਾਉਣ ਦੀ ਸਲਾਹ ਦਿੰਦੇ ਹਾਂ। ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵੈਕਸੀਨ 100 ਫ਼ੀਸਦੀ ਸੁਰੱਖਿਆ ਪ੍ਰਦਾਨ ਕਰੇਗੀ। ਇਹ ਵੀ ਦੂਜੀਆਂ ਵੈਕਸੀਨਾਂ ਵਾਂਗ ਹੀ ਕੰਮ ਕਰਦੀ ਹੈ।"
ਉਨ੍ਹਾਂ ਮੁਤਾਬਕ, ਵੈਕਸੀਨ ਲਗਵਾਉਣ ਨਾਲ ਇਨਫਲੂਐਂਜ਼ਾ ਕਾਰਨ ਹੋਣ ਵਾਲੇ ਤੇਜ਼ ਬੁਖ਼ਾਰ, ਨਿਮੋਨੀਆ ਅਤੇ ਫੇਫੜਿਆਂ ਦੀ ਲਾਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਸਕਦਾ ਹੈ।
ਇਸ ਨਾਲ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਵੀ ਖ਼ਤਰਾ ਘੱਟ ਹੋ ਸਕਦਾ ਹੈ।
ਡਾਕਟਰ ਸੁਰੇਂਦਰ ਕਹਿੰਦੇ ਹਨ, "ਠੰਢਾ ਮੌਸਮ ਵਾਇਰਸ ਨੂੰ ਫ਼ੈਲਣ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਬਿਮਾਰੀ ਦਾ ਖ਼ਤਰਾ ਵੱਧ ਹੁੰਦਾ ਹੈ, ਉਹ ਪਹਿਲਾਂ ਹੀ ਫਲੂ ਦੀ ਵੈਕਸੀਨ ਲਗਵਾ ਕੇ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹਨ।"
ਫਲੂ ਦੀ ਵੈਕਸੀਨ ਬਾਰੇ ਹੋਈ ਖੋਜ ਕੀ ਕਹਿੰਦੀ ਹੈ?
ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਏ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਖੋਜ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੇ ਫਲੂ ਦੀ ਵੈਕਸੀਨ ਲਗਵਾਈ ਸੀ, ਉਨ੍ਹਾਂ ਵਿੱਚ ਬਿਮਾਰੀ ਦੀ ਗੰਭੀਰਤਾ ਘੱਟ ਸੀ।
ਸੀਡੀਸੀ ਨੇ ਇਸ ਨਾਲ ਸਬੰਧਤ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਹੈ।
ਸੰਸਥਾ ਮੁਤਾਬਕ, ਸਾਲ 2018 ਤੋਂ ਇਕੱਠੇ ਕੀਤੇ ਗਏ ਅੰਕੜਿਆਂ ਵਿੱਚ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਮੌਤ ਅਤੇ ਆਈਸੀਯੂ ਵਿੱਚ ਦਾਖ਼ਲ ਹੋਣ ਦੇ ਮਾਮਲਿਆਂ ਵਿੱਚ 50 ਫ਼ੀਸਦੀ ਤੱਕ ਦੀ ਕਮੀ ਦੇਖੀ ਗਈ।
ਕੀ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੁਰੱਖਿਆ ਮਿਲਦੀ ਹੈ?

ਤਸਵੀਰ ਸਰੋਤ, Getty Images
ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਮੁਤਾਬਕ, ਗਰਭ ਅਵਸਥਾ ਦੌਰਾਨ ਫਲੂ ਦੀ ਵੈਕਸੀਨ ਲਗਵਾਉਣ ਨਾਲ ਔਰਤ ਨੂੰ ਬੱਚੇ ਦੇ ਜਨਮ ਤੋਂ ਬਾਅਦ ਵੀ ਫਲੂ ਤੋਂ ਸੁਰੱਖਿਆ ਮਿਲ ਸਕਦੀ ਹੈ।
ਇਸ ਦੇ ਨਾਲ ਹੀ, ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਕੁਝ ਮਹੀਨਿਆਂ ਤੱਕ ਉਸ ਨੂੰ ਵੀ ਫਲੂ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।
ਕੀ ਫਲੂ ਦੀ ਵੈਕਸੀਨ ਦੇ ਕੋਈ ਮਾੜੇ ਪ੍ਰਭਾਵ ਵੀ ਹੁੰਦੇ ਹਨ?
ਅਮਰੀਕਾ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਫਲੂ ਦੀ ਵੈਕਸੀਨ ਲਗਵਾਉਣ ਤੋਂ ਬਾਅਦ ਆਮ ਤੌਰ 'ਤੇ ਮਾਮੂਲੀ ਮਾੜੇ ਪ੍ਰਭਾਵ ਹੀ ਦੇਖਣ ਨੂੰ ਮਿਲਦੇ ਹਨ।
ਟੀਕਾ ਲਗਾਉਣ ਵਾਲੀ ਥਾਂ 'ਤੇ ਦਰਦ ਹੋ ਸਕਦਾ ਹੈ ਜਾਂ ਸੋਜ ਹੋ ਸਕਦੀ ਹੈ। ਕੁਝ ਲੋਕਾਂ ਨੂੰ ਹਲਕਾ ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ, ਜੀਅ ਕੱਚਾ ਹੋਣਾ ਜਾਂ ਥਕਾਵਟ ਵੀ ਮਹਿਸੂਸ ਹੋ ਸਕਦੀ ਹੈ।
ਸੀਡੀਸੀ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਹੈ ਕਿ ਫਲੂ ਦੀ ਵੈਕਸੀਨ ਲਗਵਾਉਣ ਤੋਂ ਬਾਅਦ ਗਿਲੀਅਨ-ਬੈਰੇ ਸਿੰਡਰੋਮ ਨਾਂ ਦੀ ਇੱਕ ਦੁਰਲੱਭ ਬਿਮਾਰੀ ਹੋਣ ਦਾ ਖ਼ਤਰਾ ਮਾਮੂਲੀ ਤੌਰ 'ਤੇ ਵਧ ਸਕਦਾ ਹੈ। ਇਹ ਨਸਾਂ ਨਾਲ ਸਬੰਧਤ ਬਿਮਾਰੀ ਹੈ।
ਸੀਡੀਸੀ ਮੁਤਾਬਕ, "ਵੈਕਸੀਨ ਕਾਰਨ ਗੰਭੀਰ ਐਲਰਜੀ, ਸਿਹਤ ਸਬੰਧੀ ਕੋਈ ਹੋਰ ਗੰਭੀਰ ਸਮੱਸਿਆ ਜਾਂ ਮੌਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।"
"ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਫਲੂ ਦੀ ਵੈਕਸੀਨ ਕਾਰਨ ਉਨ੍ਹਾਂ ਨੂੰ ਕੋਈ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਡਾਕਟਰ ਨਾਲ ਸੰਪਰਕ ਕਰਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।"
ਵੈਕਸੀਨ ਲਗਵਾਉਣ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਇੰਟਰਵੈਂਸ਼ਨਲ ਪਲਮੋਨੋਲੋਜਿਸਟ ਯਾਨੀ ਫੇਫੜਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਗੁੱਤਾ ਲੋਕੇਸ਼ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਜ਼ਿਆਦਾਤਰ ਲੋਕ ਆਪਣੇ ਰੋਜ਼ਾਨਾ ਦੇ ਕੰਮ ਆਮ ਵਾਂਗ ਕਰ ਸਕਦੇ ਹਨ।
ਟੀਕਾ ਲਗਾਉਣ ਵਾਲੀ ਥਾਂ 'ਤੇ ਥੋੜ੍ਹਾ ਦਰਦ ਹੋ ਸਕਦਾ ਹੈ। ਸਰੀਰ ਵਿੱਚ ਹਲਕੀ ਥਕਾਵਟ ਜਾਂ ਮਾਮੂਲੀ ਬੁਖ਼ਾਰ ਵੀ ਹੋ ਸਕਦਾ ਹੈ, ਪਰ ਇਹ ਸਮੱਸਿਆਵਾਂ ਆਮ ਤੌਰ 'ਤੇ ਆਪਣੇ ਆਪ ਠੀਕ ਹੋ ਜਾਂਦੀਆਂ ਹਨ।
ਡਾਕਟਰ ਲੋਕੇਸ਼ ਮੁਤਾਬਕ, ਪੂਰਾ ਆਰਾਮ ਕਰਨ ਅਤੇ ਵੱਧ ਮਾਤਰਾ ਵਿੱਚ ਤਰਲ ਪਦਾਰਥ ਲੈਣ ਨਾਲ ਰਾਹਤ ਮਿਲ ਸਕਦੀ ਹੈ।
ਉਨ੍ਹਾਂ ਨੇ ਫਲੂ ਦੀ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਉੱਠਣ ਵਾਲੇ ਕੁਝ ਆਮ ਸਵਾਲਾਂ ਦੇ ਜਵਾਬ ਵੀ ਦਿੱਤੇ।
ਕੀ ਫਲੂ ਦੀ ਵੈਕਸੀਨ ਆਮ ਸਰਦੀ-ਜ਼ੁਕਾਮ ਤੋਂ ਵੀ ਬਚਾਉਂਦੀ ਹੈ?
ਨਹੀਂ। ਆਮ ਸਰਦੀ-ਜ਼ੁਕਾਮ ਕਈ ਹੋਰ ਤਰ੍ਹਾਂ ਦੇ ਵਾਇਰਸਾਂ ਕਾਰਨ ਹੁੰਦਾ ਹੈ। ਇਸ ਲਈ ਫਲੂ ਦੀ ਵੈਕਸੀਨ ਇਸ ਤੋਂ ਬਚਾਅ ਨਹੀਂ ਕਰਦੀ।
ਕੀ ਫਲੂ ਦੀ ਵੈਕਸੀਨ ਸਿਰਫ਼ ਟੀਕੇ ਦੇ ਰੂਪ ਵਿੱਚ ਹੀ ਉਪਲਬਧ ਹੈ?
ਫਲੂ ਦੀ ਵੈਕਸੀਨ ਆਮ ਤੌਰ 'ਤੇ ਟੀਕੇ ਦੇ ਰੂਪ ਵਿੱਚ ਲਗਾਈ ਜਾਂਦੀ ਹੈ।
ਹਾਲਾਂਕਿ, ਕੁਝ ਦੇਸ਼ਾਂ ਵਿੱਚ ਇੱਕ ਖ਼ਾਸ ਉਮਰ ਵਰਗ ਦੇ ਲੋਕਾਂ ਲਈ ਨੱਕ ਰਾਹੀਂ ਸਪਰੇਅ ਕੀਤੀ ਜਾਣ ਵਾਲੀ ਵੈਕਸੀਨ ਵੀ ਉਪਲੱਬਧ ਹੈ।
ਪੋਲੀਓ ਦੀ ਵੈਕਸੀਨ ਵਾਂਗ ਫਲੂ ਦੀ ਵੈਕਸੀਨ ਆਮ ਤੌਰ 'ਤੇ ਮੂੰਹ ਰਾਹੀਂ ਬੂੰਦਾਂ ਦੇ ਰੂਪ ਵਿੱਚ ਨਹੀਂ ਦਿੱਤੀ ਜਾਂਦੀ।
ਫਲੂ ਦੀ ਵੈਕਸੀਨ ਕਦੋਂ ਲਗਵਾਉਣੀ ਚਾਹੀਦੀ ਹੈ?
ਫਲੂ ਦਾ ਫੈਲਾਅ ਵਧਣ ਤੋਂ ਪਹਿਲਾਂ ਵੈਕਸੀਨ ਲਗਵਾਉਣਾ ਬਿਹਤਰ ਹੁੰਦਾ ਹੈ।
ਹਾਲਾਂਕਿ, ਫਲੂ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਵੀ ਵੈਕਸੀਨ ਲਗਵਾਉਣ ਨਾਲ ਉਸ ਸੀਜ਼ਨ ਦੌਰਾਨ ਬਿਮਾਰੀ ਤੋਂ ਸੁਰੱਖਿਆ ਮਿਲ ਸਕਦੀ ਹੈ।
ਵੈਕਸੀਨ ਨਾਲ ਮਿਲਣ ਵਾਲੀ ਸੁਰੱਖਿਆ ਕਿੰਨੇ ਸਮੇਂ ਤੱਕ ਰਹਿੰਦੀ ਹੈ?
ਵੈਕਸੀਨ ਲਗਵਾਉਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਸਰੀਰ ਵਿੱਚ ਫਲੂ ਵਿਰੁੱਧ ਤੱਤ ਵਿਕਸਿਤ ਹੋ ਜਾਂਦੇ ਹਨ।
ਪਰ ਸਮਾਂ ਬੀਤਣ ਦੇ ਨਾਲ ਇਹ ਸੁਰੱਖਿਆ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਫੈਲਣ ਵਾਲੇ ਫਲੂ ਵਾਇਰਸ ਦਾ ਰੂਪ ਵੀ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ।
ਇਸੇ ਲਈ ਆਮ ਤੌਰ 'ਤੇ ਹਰ ਸਾਲ ਫਲੂ ਦੀ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































